ਸਿਹਤ: ਸੰਭੋਗ ਦੌਰਾਨ ਕਈ ਔਰਤਾਂ ਨੂੰ ਸੁੱਖ ਹਾਸਲ ਨਾ ਹੋਣ ਦੇ 8 ਕਾਰਨ, ਸਮੱਸਿਆ ਨਾਲ ਕਿਵੇਂ ਨਜਿੱਠਿਆ ਜਾਵੇ

ਬਹੁਤ ਸਾਰੇ ਲੋਕ ਜਿਨ੍ਹਾਂ ਵਿੱਚ ਸੈਕਸੋਲੋਜੀ ਦੇ ਮਾਹਰ ਡਾਕਟਰ ਅਤੇ ਸਾਇੰਸਦਾਨ ਵੀ ਸ਼ਾਮਲ ਹਨ, ਉਨ੍ਹਾਂ ਲਈ ਸੰਭੋਗ ਦੌਰਾਨ ਔਰਤਾਂ ਦਾ ਚਰਮ-ਸੁੱਖ ਨੂੰ ਪਹੁੰਚਣਾ ਇੱਕ ਰਹੱਸ ਬਣਿਆ ਹੋਇਆ ਹੈ।

ਔਰਤਾਂ ਵੱਲੋਂ ਮਾਣੇ ਜਾਂਦੇ ਸੁੱਖ ਦੇ ਇਸ ਤੀਬਰ ਭਾਵ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ।

ਹਾਲਾਂਕਿ, ਇਹ ਚਰਮ-ਸੁੱਖ ਸਾਰੀਆਂ ਔਰਤਾਂ ਦੇ ਹਿੱਸੇ ਨਹੀਂ ਆਉਂਦਾ ਅਤੇ ਕਈ ਇਹ ਮੰਨਦੀਆਂ ਵੀ ਹਨ ਕਿ ਉਨ੍ਹਾਂ ਨੇ ਕਦੇ ਵੀ ਇਹ ਮਹਿਸੂਸ ਨਹੀਂ ਕੀਤਾ।

ਚਰਮ-ਸੁੱਖ ਨੂੰ ਸਰੀਰਕ, ਮਨੋਵਿਗਿਆਨਕ, ਭਾਵਨਾਤਮਿਕ ਅਤੇ ਹਾਰਮੋਨ ਸਮੇਤ ਕਈ ਕਾਰਕ ਪ੍ਰਭਾਵਿਤ ਕਰਦੇ ਹਨ।

ਬੀਬੀਸੀ ਮੁੰਡੋ ਨੇ ਉਨ੍ਹਾਂ ਅੱਠ ਕਾਰਨਾਂ ਦੀ ਜਾਂਚ ਕੀਤੀ ਜੋ ਔਰਤਾਂ ਦੇ ਚਰਮ-ਸੁੱਖ ਤੱਕ ਪਹੁੰਚਣ ਤੋਂ ਰੋਕਦੇ ਹਨ।

ਅਤੀਤ ਦੇ ਕੌੜੇ ਤਜ਼ਰਬੇ

ਜੇ ਕਿਸੇ ਔਰਤ ਨੂੰ ਅਤੀਤ ਵਿੱਚ ਕੋਈ ਅਜਿਹਾ ਬੁਰਾ ਅਨੁਭਵ ਹੈ ਜਿਸ ਕਾਰਨ ਉਸ ਤੋਂ ਜਿਣਸੀ ਸੰਬੰਧਾਂ ਵਿੱਚ ਖੁੱਲ੍ਹਿਆ ਨਹੀਂ ਜਾ ਰਿਹਾ। ਇਸ ਦਸ਼ਾ ਵਿੱਚ ਸੁਝਾਅ ਦਿੱਤਾ ਜਾਂਦਾ ਹੈ ਕਿ ਉਸ ਨੂੰ ਆਪਣੇ ਸਾਥੀ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ ਕਿ ਉਸ ਨੂੰ ਸਮਝਣ ਅਤੇ ਸਹਾਰੇ ਦੀ ਲੋੜ ਹੈ।

ਹਾਲਾਂਕਿ, ਜੇ ਤੁਸੀਂ ਆਪਣੇ ਸਾਥੀ ਨਾਲ ਅਜਿਹਾ ਨਹੀਂ ਕਰ ਸਕਦੇ ਜਾਂ ਕਰਨਾ ਨਹੀਂ ਚਾਹੁੰਦੇ ਤਾਂ ਤੁਹਾਨੂੰ ਪੇਸ਼ੇਵਰ ਸਹਾਇਤਾ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਤੁਸੀਂ ਸਦਮੇ ਨਾਲ ਮੁਕਾਬਲਾ ਕਰ ਸਕਦੇ ਹੋ ਅਤੇ ਆਪਣੀ ਤੰਦਰੁਸਤੀ ਨੂੰ ਹਾਸਲ ਕਰ ਸਕਦੇ ਹੋ।

ਇਹ ਅਹਿਮ ਹੈ ਕਿ ਕੋਈ ਔਰਤ ਇਸ ਬਾਰੇ ਗੱਲ ਕਰ ਸਕੇ ਅਤੇ ਉਸ ਨੂੰ ਲੋੜ ਪੈਣ ਉੱਤੇ ਪੇਸ਼ੇਵਰ ਸਹਾਇਤਾ ਵੀ ਮਿਲ ਸਕੇ।

ਮੈਡਰਿਡ ਇੰਸਟੀਚਿਊਟ ਆਫ ਸਾਈਕੋਲੋਜੀ ਐਂਡ ਸੈਕਸੋਲੋਜੀ ਦੇ ਕਲੀਨੀਕਲ ਨਿਰਦੇਸ਼ਕ ਹੈਕਟਰ ਗਲਵਾਨ ਨੇ ਬੀਬੀਸੀ ਮੁੰਡੋ ਨੂੰ ਦੱਸਿਆ, “ਇਸ ਤਰ੍ਹਾਂ ਦੀ ਸਥਿਤੀ ਵਿੱਚ ਤੁਹਾਨੂੰ ਬਹੁਤ ਸਾਰਾ ਨਿੱਜੀ ਕੰਮ ਕਰਨਾ ਪੈਂਦਾ ਹੈ। ਇਹ ਬਹੁਤ ਨਾਜ਼ੁਕ ਹੈ ਕਿਉਂਕਿ ਹੋ ਸਕਦਾ ਹੈ ਜਿਸ ਸਥਿਤੀ ਵਿੱਚੋਂ ਉਹ ਗੁਜ਼ਰੀ ਹੋਵੇ, ਉਸ ਕਾਰਨ ਉਸ ਨੂੰ ਬਹੁਤ ਜ਼ਿਆਦਾ ਸ਼ਰਮ ਜਾਂ ਡਰ ਮਹਿਸੂਸ ਹੋ ਰਿਹਾ ਹੋਵੇ। ਕਈ ਸਥਿਤੀਆਂ ਵਿੱਚ ਉਸ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ।”

“ਅਜਿਹੀਆਂ ਔਰਤਾਂ ਵੀ ਹਨ ਜੋ (ਸਦਮੇ ਕਾਰਨ) ਹਸਤ ਮੈਥੁਨ ਨਹੀਂ ਕਰਦੀਆਂ ਜਾਂ ਆਪਣੀ ਕਾਮੁਕ ਇੱਛਾ ਦਾ ਮੂਲੋਂ ਹੀ ਦਮਨ ਕਰ ਦਿੰਦੀਆਂ ਹਨ।”

ਮਨੋਵਿਗਿਆਨੀ ਮੁਤਾਬਕ “ਸਾਨੂੰ ਉਨ੍ਹਾਂ ਨੂੰ ਆਪਣੀ ਕਾਮੁਕਤਾ ਨਾਲ ਨਵੇਂ ਸਿਰਿਓਂ ਮਿਲਾਉਣਾ ਪਵੇਗਾ। ਕਾਮੁਕ ਪਹਿਲੂ ਨੂੰ ਪਾਸੇ ਰੱਖ ਕੇ ਪਹਿਲਾਂ ਤਾਂ ਉਨ੍ਹਾਂ ਨੂੰ ਆਪਣੇ ਸਰੀਰ ਨੂੰ ਛੂਹਣ ਵਿੱਚ ਸਹਿਜ ਹੋਣਾ ਚਾਹੀਦਾ ਹੈ। ਹੌਲੀ-ਹੌਲੀ ਉਹ ਖੁਦ ਨੂੰ ਖੁਸ਼ੀ ਦੇਣੀ ਸ਼ੁਰੂ ਕਰ ਸਕਦੀਆਂ ਹਨ। ਜਦੋਂ ਇਹ ਹੋ ਜਾਵੇ ਤਾਂ ਜੋੜੇ ਨੂੰ ਨੇੜੇ ਲਿਆਉਣਾ ਚਾਹੀਦਾ ਹੈ।”

ਇਹ ਉਸੇ ਉੱਪਰ ਛੱਡ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਆਪਣੇ ਅਨੁਭਵ ਬਾਰੇ ਕਦੋਂ ਅਤੇ ਕਿੰਨੀ ਜਾਣਕਾਰੀ ਕਿਸੇ ਹੋਰ ਨਾਲ ਸਾਂਝੀ ਕਰਨੀ ਚਾਹੁੰਦੀ ਹੈ।

“ਜਦੋਂ ਕੋਈ ਔਰਤ ਇਸ ਮੁਕਾਮ ਉੱਪਰ ਪਹੁੰਚ ਜਾਵੇ ਅਤੇ ਉਸ ਨੂੰ ਜੋ ਬੀਤਿਆ ਉਸ ਬਾਰੇ ਦੱਸਣ ਵਿੱਚ ਸ਼ਰਮ ਮਹਿਸੂਸ ਹੋਵੇ ਤਾਂ ਉਸ ਨੂੰ ਆਪਣੇ ਸਾਥੀ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਉਹ ਬਹੁਤੇ ਵੇਰਵੇ ਨਾ ਦਿੰਦੇ ਹੋਏ ਇਸ ਸਮੱਸਿਆ ਨੂੰ ਆਪਣੇ ਪੱਧਰ ਉੱਤੇ ਨਜਿੱਠਣਾ ਚਾਹੇਗੀ। ਇਸ ਤੋਂ ਬਾਅਦ ਇਸ ਸਮੱਸਿਆ ਉੱਪਰ ਥੈਰਿਪਿਸਟ ਦੇ ਨਾਲ ਮਿਲ ਕੇ ਨਿੱਜਤਾ ਨਾਲ ਕੰਮ ਕੀਤਾ ਜਾਣਾ ਚਾਹੀਦਾ ਹੈ।”

ਮਨੋਵਿਗਿਆਨੀ ਮੁਤਾਬਕ, “ਆਦਰਸ਼ ਸਥਿਤੀ ਹੋਵੇਗੀ ਕਿ ਉਹ ਆਪਣੀ ਸੈਕਸ਼ੂਅਨ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਆਪਣੇ ਸਾਥੀ ਨਾਲ ਇਸ ਬਾਰੇ ਖੁੱਲ੍ਹ ਕੇ ਗੱਲ ਕਰ ਸਕੇ। ਬਜਾਇ ਇਸਦੇ ਕਿ ਉਹ ਬਿਲਕੁਲ ਵੀ ਸੈਕਸ ਨਾ ਕਰੇ।”

ਕਾਹਲੀ ਅਤੇ ਤਣਾਅ

ਹਾਲਾਂਕਿ ਹੈਕਟਰ ਗਲਵਾਨ ਆਪਣੀ ਪੇਸ਼ੇਵਰ ਜ਼ਿੰਦਗੀ ਵਿੱਚ ਉਨ੍ਹਾਂ ਔਰਤਾਂ ਨੂੰ ਵੀ ਮਿਲੇ ਹਨ ਜੋ ਸ਼ਰਮ ਜਾਂ ਆਪਣੇ ਰੂੜੀਵਾਦੀ ਪਾਲਣ-ਪੋਸ਼ਣ ਸੈਕਸ ਪ੍ਰਤੀ ਪਾਪਬੋਧ ਰੱਖਦੀਆਂ ਹਨ ਅਤੇ ਉਨ੍ਹਾਂ ਤੋਂ ਚਰਮ-ਸੁੱਖ ਤੱਕ ਨਹੀਂ ਪਹੁੰਚਿਆ ਜਾਂਦਾ। ਉਹ ਦੱਸਦੇ ਹਨ ਕਿ ਅਜਿਹੀਆਂ ਔਰਤਾਂ ਦੀ ਸੰਖਿਆ ਬਹੁਤ ਥੋੜ੍ਹੀ ਹੈ।

ਇੱਕ ਆਮ ਕਾਰਕ ਜੋ ਉਨ੍ਹਾਂ ਨੇ ਆਪਣੇ ਮਰੀਜ਼ਾਂ ਵਿੱਚ ਦੇਖਿਆ ਹੈ ਕਿ ਉਹ ਸੰਭੋਗ ਵਿੱਚ ਆਉਣ ਤੋਂ ਪਹਿਲਾਂ ਤਣਾਅ ਵਿੱਚ ਹੁੰਦੇ ਹਨ।

ਉਹ ਕਹਿੰਦੇ ਹਨ,“ਸਰੀਰ ਦੇ ਸੌਖਿਆਂ ਚਰਮ-ਸੁੱਖ ਤੱਕ ਪਹੁੰਚਣ ਲਈ ਜ਼ਰੂਰੀ ਹੈ ਕਿ ਠੀਕ-ਠਾਕ ਪੱਧਰ ਦੀ ਸ਼ਾਂਤੀ ਤੇ ਸਹਿਜ ਹੋਵੇ।”

“ਕੁਝ ਤਣਾਅ ਅਤੇ ਥਕਾਨ ਦੇ ਬਾਵਜੂਦ ਸਰੀਰ ਇੱਛਾ ਅਤੇ ਆਵੇਗ ਨੂੰ ਮਹਿਸੂਸ ਕਰ ਸਕਦਾ ਹੈ (ਚਰਮ-ਸੁੱਖ ਤੋਂ ਪਹਿਲਾਂ ਦੇ ਪੜਾਅ ਹਨ।) ਪਰ ਚਰਮ ਸੁੱਖ ਤੱਕ ਪਹੁੰਚਣ ਲਈ ਸਾਡਾ ਸ਼ਾਂਤ-ਸਹਿਜ ਹੋਣਾ ਜ਼ਰੂਰੀ ਹੈ।”

ਹੁਣ ਜਦੋਂ ਦੌੜ-ਭੱਜ ਵਾਲੀ ਜ਼ਿੰਦਗੀ ਵਿੱਚ ਜਿੱਥੇ ਹਮੇਸ਼ਾ ਅੱਗਾ ਦੌੜ ਪਿੱਛਾ ਚੌੜ ਲੱਗਿਆ ਰਹਿੰਦਾ ਹੈ ਉੱਥੇ ਤਣਾਅ ਵੀ ਜ਼ਿੰਦਗੀ ਦਾ ਇੱਕ ਹਿੱਸਾ ਹੈ।

ਅਜਿਹੀਆਂ ਸਥਿਤੀਆਂ ਵਿੱਚ ਕੁਝ ਔਰਤਾਂ ਚਰਮ-ਸੁੱਖ ਦਾ ਸਵਾਂਗ ਕਰਦੀਆਂ ਹਨ। ਉਹ ਅਜਿਹਾ ਇਸ ਲਈ ਕਰਦੀਆਂ ਹਨ ਤਾਂ ਜੋ ਸੰਭੋਗ ਕਿਰਿਆ ਬਹੁਤ ਲੰਬੀ ਨਾ ਚੱਲੇ ਅਤੇ ਦੂਜਾ ਉਨ੍ਹਾਂ ਦੇ ਸਾਥੀ ਨੂੰ ਬੁਰਾ ਨਾ ਲੱਗੇ।

ਮਨੋਵਿਗਿਆਨੀ ਗਲਵਾਨ ਅਜਿਹਾ ਨਾ ਕਰਨ ਦੀ ਸਲਾਹ ਦਿੰਦੇ ਹਨ। ਸਥਿਤੀ ਵਿੱਚ ਸੁਧਾਰ ਕਰਨ ਲਈ ਮੁੱਦੇ ਬਾਰੇ ਗੱਲ ਕੀਤੀ ਜਾਣੀ ਚਾਹੀਦੀ ਹੈ।

ਚੁੱਪ ਰਹਿਣਾ

ਪਹਿਲਾਂ ਤਾਂ ਸਾਨੂੰ ਇੱਥੋਂ ਸ਼ੁਰੂ ਕਰਨਾ ਚਾਹੀਦਾ ਹੈ ਕਿ ਸੰਭੋਗ ਦੌਰਾਨ ਕੋਈ ਵੀ ਜੋੜੀਦਾਰ ਦੂਜਾ ਕੀ ਮਹਿਸੂਸ ਕਰ ਰਿਹਾ ਹੈ, ਇਸਦਾ ਅੰਦਾਜ਼ਾ ਨਹੀਂ ਲਾ ਸਕਦਾ।

ਬੇਸ਼ੱਕ, ਤੁਸੀਂ ਇਸ਼ਾਰੇ ਅਤੇ ਅਵਾਜ਼ਾਂ ਤੋਂ ਜਾਣ ਸਕਦੇ ਹੋ ਪਰ ਸਹੀ ਇਹੀ ਹੋਵੇਗਾ ਕਿ ਤੁਸੀਂ ਸਾਹਮਣੇ ਵਾਲੇ ਨੂੰ ਇਸ ਬਾਰੇ ਦੱਸੋ।

“ਬਹੁਤ ਸਾਰੇ ਲੋਕਾਂ ਨੂੰ ਸੰਭੋਗ ਦੌਰਾਨ ਆਪਣੇ ਸਾਥੀ ਨੂੰ ਕੁਝ ਬਦਲਾਅ ਕਰਨ, ਕੁੱਝ ਉੱਪਰ ਥੱਲੇ ਕਰਨ ਸੰਬੰਧੀ ਹਦਾਇਤਾਂ ਦੇਣ ਵਿੱਚ ਮੁਸ਼ਕਿਲ ਆਉਂਦੀ ਹੈ।”

“ਗੱਲਬਾਤ ਦੌਰਾਨ ਸਾਨੂੰ ਉਹ ਔਰਤਾਂ ਮਿਲ ਜਾਂਦੀਆਂ ਹਨ ਜੋ ਦੱਸਦੀਆਂ ਹਨ ਕਿ ਜਦੋਂ ਉਹ ਚਰਮ-ਸੁੱਖ ਨੂੰ ਪਹੁੰਚਣ ਵਾਲੀਆਂ ਹੁੰਦੀਆਂ ਹਨ ਤਾਂ ਸਾਥੀ ਲੈਅ ਬਦਲ ਦਿੰਦਾ ਹੈ ਜਾਂ ਮੈਥੁਨ ਬੰਦ ਕਰ ਦਿੰਦਾ ਹੈ। ਜਦਕਿ ਮੈਂ ਉਸ ਨੂੰ ਅਜਿਹਾ ਕੁਝ ਨਹੀਂ ਕਿਹਾ ਹੁੰਦਾ।”

ਇਸੇ ਲਈ ਮਾਹਰ ਦਾ ਕਹਿਣਾ ਹੈ ਕਿ ਸੈਕਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਹੀ ਨਹੀਂ ਸਗੋਂ ਇਸਦੇ ਦੌਰਾਨ ਵੀ ਆਮ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ।

ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਾਥੀ ਅੰਦਾਜ਼ਾ ਨਹੀਂ ਲਾ ਸਕਦਾ ਉਹ ਚਰਮ-ਸੁੱਖ ਮਹਿਸੂਸ ਕਰ ਰਹੇ ਹਨ ਜਾਂ ਚਰਮ-ਸੁੱਖ ਹਾਸਲ ਕਰਨ ਲਈ ਉਨ੍ਹਾਂ ਨੂੰ ਕੀ ਚਾਹੀਦਾ ਹੈ।

ਇੱਕ ਹੋਰ ਕਾਰਕ ਜੋ ਗਲਵਾਨ ਦੀ ਟੀਮ ਨੇ ਦੇਖਿਆ ਹੈ ਕਿ ਪੁਰਸ਼ ਸਾਥੀਆਂ ਵਿੱਚ ਸ਼ੀਗਰ ਪਤਨ ਜਾਂ ਪ੍ਰੀਮੈਚਿਓਰ ਇਜੈਕੂਲੇਸ਼ਨ ਦੀ ਸਮੱਸਿਆ।

“ਕਈ ਵਾਰ ਕੋਈ ਔਰਤ ਇਕੱਲੀ ਆਉਂਦੀ ਹੈ ਕਿਉਂਕਿ ਉਹ ਆਪਣੇ ਪੁਰਸ਼ ਸਾਥੀ ਨੂੰ ਦੁੱਖ ਨਹੀਂ ਪਹੁੰਚਾਉਣਾ ਚਾਹੁੰਦੀ। ਉਹ ਸਾਨੂੰ ਨਿੱਜਤਾ ਵਿੱਚ ਦੱਸਦੀ ਹੈ ਕਿ ਜੋੜਾ ਬਹੁਤ ਥੋੜ੍ਹਾ ਸਮਾਂ ਸਰਗਰਮ ਰਹਿੰਦਾ ਹੈ ਅਤੇ ਉਸ ਤੋਂ ਚਰਮ-ਸੁੱਖ ਤੱਕ ਨੂੰ ਪਹੁੰਚਿਆ ਜਾਂਦਾ। ਚੰਗੀ ਗੱਲ ਇਹ ਹੈ ਕਿ ਸ਼ੀਗਰ ਪਤਨ ਦੀ ਸਥਿਤੀ ਦੂਜੀਆਂ ਸਮੱਸਿਆਵਾਂ ਦੇ ਮੁਕਾਬਲੇ ਜ਼ਿਆਦ ਸਰਲ ਹੈ।”

ਸਿਫ਼ਾਰਿਸ਼ ਇਹ ਕੀਤੀ ਜਾਂਦੀ ਹੈ ਕਿ ਔਰਤ ਆਪਣੇ ਸਾਥੀ ਨਾਲ ਗੱਲ ਕਰੇ।

ਇਸ ਤਰ੍ਹਾਂ ਗੱਲ ਨਾ ਕਰੋ ਕਿ ਜਿਵੇਂ ਤੁਸੀਂ ਸ਼ਿਕਾਇਤ ਕਰ ਰਹੇ ਹੋ ਜਾਂ ਆਲੋਚਨਾ ਕਰ ਰਹੇ ਹੋ। ਸਗੋਂ ਇਸ ਤਰ੍ਹਾਂ ਕਰੋ ਕਿ ਤੁਸੀਂ ਸੁਧਾਰ ਕਰਨਾ ਚਾਹੁੰਦੇ ਹੋ।

ਸੈਕਸ ਦੇ ਮਾਮਲੇ ਵਿੱਚ ਔਰਤਾਂ ਅਤੇ ਮਰਦਾਂ ਦੋਵਾਂ ਦੀਆਂ ਆਪੋ-ਆਪਣੀਆਂ ਮੰਗਾਂ ਹੁੰਦੀਆਂ ਹਨ। ਇਸ ਲਈ ਆਪਣੀ ਗੱਲ ਕਿਵੇਂ ਰੱਖਣੀ ਹੈ ਇਹ ਦੱਸਣਾ ਸਿੱਖਣਾ ਚਾਹੀਦਾ ਹੈ।

ਮਾੜੀ ਜਾਂ ਨਾਕਾਫ਼ੀ ਉਤੇਜਨਾ

ਉਤੇਜਨਾ ਦੇ ਮਾਮਲੇ ਵਿੱਚ ਗਾਲਵਨ ਮੁਤਾਬਕ ਪਿਛਲੇ ਸਾਲਾਂ ਦੌਰਾਨ ਵਿਰੋਧ-ਲਿੰਗੀ ਜੋੜਿਆਂ ਵਿੱਚ ਸੁਧਾਰ ਆਇਆ ਹੈ। ਉਤੇਜਨਾ ਲਈ ਉਹ ਸਮਾਂ ਰੱਖਦੇ ਹਨ।

ਦਹਾਕੇ ਪਹਿਲਾਂ ਸਿਰਫ਼ ਮਰਦ ਹੀ ਫੌਰੀ ਤੌਰ ਉੱਤੇ ਆਪਣਾ ਸੁੱਖ ਲੈਣਾ ਚਾਹੁੰਦਾ ਸੀ ਪਰ ਇਹ ਧਾਰਨਾ ਬਦਲੀ ਹੈ।

ਸਮੱਸਿਆ ਸਮੇਂ ਵਿਚ ਨਹੀਂ ਹੈ ਕਿ ਤਿਆਰੀ ਉੱਪਰ ਕਿੰਨਾ ਸਮਾਂ ਲਾਇਆ ਗਿਆ ਸਗੋਂ ਸਮੱਸਿਆ ਗੱਲਬਾਤ ਜਾਂ ਸੰਚਾਰ ਵਿੱਚ ਹੈ।

ਮਾਹਰਾਂ ਮੁਤਾਬਕ ਲੈਜ਼ਬੀਅਨ ਜੋੜਿਆਂ ਵਿੱਚ ਗੱਲਬਾਤ ਜ਼ਿਆਦਾ ਹੁੰਦੀ ਹੈ।

ਗੱਲਬਾਤ ਦੌਰਾਨ ਪਤਾ ਲਗਦਾ ਹੈ ਕਿ ਔਰਤ ਅਤੇ ਮਰਦ ਦੋਵੇਂ ਹੀ ਆਪਣੇ ਸਾਥੀ ਨੂੰ ਚੰਗੀ ਤਰ੍ਹਾਂ ਛੁਹੰਦੇ ਨਹੀਂ ਹਨ। ਇਸ ਦਾ ਕਾਰਨ ਇਹ ਹੈ ਕਿ ਦੋਵੇਂ ਆਪਣੇ ਸਾਥੀ ਦੀ ਅੰਦਰੂਨੀ ਭਾਵਨਾ ਨੂੰ ਸਮਝ ਨਹੀਂ ਪਾਉਂਦੇ।

ਇਸ ਵਿੱਚ ਔਰਤ ਨੂੰ ਆਪਣੇ ਸਾਥੀ (ਪੁਰਸ਼ ਜਾਂ ਔਰਤ) ਦੱਸਣਾ ਚਾਹੀਦਾ ਹੈ ਕਿ ਉਹ ਕੀ, ਕਿਵੇਂ ਅਤੇ ਕਿਸ ਗਤੀ ਨਾਲ ਅਤੇ ਕਿੱਥੇ ਚਾਹੁੰਦੀ ਹੈ।

“ਕਈ ਵਾਰ ਔਰਤਾਂ ਸਾਨੂੰ ਦੱਸਦੀਆਂ ਹਨ ਕਿ ਉਨ੍ਹਾਂ ਦੇ ਸਾਥੀ ਨੂੰ ਕਲਿਟਰਸ ਨੂੰ ਛੁਹਣਾ ਨਹੀਂ ਆਉਂਦਾ ਅਤੇ ਕਦੇ-ਕਦੇ ਤਾਂ ਉਨ੍ਹਾਂ ਨੂੰ ਨੁਕਸਾਨ ਵੀ ਹੋ ਜਾਂਦਾ ਹੈ। ਜਦੋਂ ਪੁੱਛੋ ਕਿ ਕੀ ਤੁਸੀਂ ਇਸ ਬਾਰੇ ਆਪਣੇ ਸਾਥੀ ਨਾਲ ਗੱਲ ਕੀਤੀ ਤਾਂ ਉਹ ਕਹਿੰਦੀਆਂ ਹਨ ਕਿ ਆਪਣੇ ਸਾਥੀ ਨੂੰ ਦੁਖੀ ਨਾ ਕਰਨ ਜਾਂ ਸ਼ਰਮ ਕਰਕੇ ਅਜਿਹਾ ਨਹੀਂ ਕੀਤਾ।”

ਹਸਤ ਮੈਥੁਨ (ਨਾ ਸਿਰਫ਼ ਮੈਥੁਨ ਤੋਂ ਪਹਿਲਾਂ ਸਗੋਂ ਉਸ ਤੋਂ ਪਹਿਲਾਂ ਵੀ ਯੋਨੀ ਨੂੰ ਤਰ ਕਰਨ ਲਈ ਅਤੇ ਉਸ ਤੋਂ ਬਾਅਦ ਵੀ) ਕਈ ਔਰਤਾਂ ਲਈ ਆਪਣੇ-ਆਪ ਵਿੱਚ ਅਹਿਮ ਹੋ ਸਕਦਾ ਹੈ।

“ਕੁਝ ਔਰਤਾਂ ਪਹਿਲਾਂ ਆਪਣੇ ਸਾਥੀ ਨੂੰ (ਮੈਥੁਨ ਰਾਹੀਂ) ਉਤੇਜਿਤ ਕਰਨਾ ਚਾਹੁੰਦੀਆਂ ਹਨ ਅਤੇ ਫਿਰ ਆਪ ਚਰਮ-ਸੁੱਖ ਤੱਕ ਪਹੁੰਚਣੀਆਂ ਚਾਹੁੰਦੀਆਂ ਹਨ। ਕੋਈ ਵੀ ਤਰੀਕਾ ਕਾਰਗਰ ਹੋ ਸਕਦਾ ਹੈ।”

ਕਾਮ ਇੱਛਾ ਨਾ ਹੋਣਾ

ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਮੁਤਾਬਕ ਉਮਰ ਦੇ ਵੱਖ-ਵੱਖ ਪੜਾਵਾਂ ਵਿੱਚ ਔਰਤਾਂ ਵਿੱਚ ਕਾਮ ਇੱਛਾ ਦੀ ਕਮੀ ਹੋ ਸਕਦੀ ਹੈ।

ਮਿਸਾਲ ਵਜੋਂ ਗਰਭ ਅਵਸਥਾ ਜਾਂ ਬੱਚੇ ਦੇ ਜਨਮ ਤੋਂ ਬਾਅਦ ਅਤੇ ਮਾਹਵਾਰੀ ਬੰਦ ਹੋਣ ਦੇ ਤਣਾਅਪੂਰਨ ਸਮੇਂ ਦੌਰਾਨ।

ਬੋਝਲ ਮਨੋਵਿਗਿਆਨਕ ਸਦਮਾ, ਕੁਝ ਖਾਸ ਕਿਸਮ ਦੀਆਂ ਦਵਾਈਆਂ, ਅਤੇ ਹਾਰਮੋਨਾਂ ਵਿੱਚ ਆਏ ਵਿਗਾੜ। ਇਹ ਸਾਰੇ ਸੈਕਸ ਕਰਨ ਅਤੇ ਫਿਰ ਆਰਗੈਜ਼ਮ ਤੱਕ ਪਹੁੰਚਣ ਵਿੱਚ ਦਖਲ ਦੇ ਸਕਦੇ ਹਨ।

ਐੱਨਐੱਚਐੱਸ ਮੁਤਾਬਕ ਕਿਸੇ ਔਰਤ ਵਿੱਚ ਟੈਸਟੈਸਟਰੋਨ ਦੀ ਕਮੀ ਹੋਣ ਕਾਰਨ ਵੀ ਕਾਮ ਇੱਛਾ ਵਿੱਚ ਕਮੀ ਆ ਸਕਦੀ ਹੈ।

ਟੈਸਟੈਸਟਰੋਨ ਓਵਰੀਆਂ ਅਤੇ ਏਡਰਨਿਲ ਗ੍ਰੰਥੀਆਂ ਵਿੱਚੋਂ ਰਿਸਦਾ ਹੈ। ਜੇ ਇਹ ਗ੍ਰੰਥੀਆਂ ਸਹੀ ਕੰਮ ਨਾ ਕਰਨ ਤਾਂ ਵੀ ਟੈਸਟੈਸਟਰੋਨ ਦੇ ਪੱਧਰ ਵਿੱਚ ਕਮੀ ਆ ਸਕਦੀ ਹੈ।

ਇਸ ਲਈ ਐਂਡੋਕਰਿਨੌਲੋਜੀਕਲ (ਅੰਤਰ-ਨਿਕਾਸੀ) ਸਮੱਸਿਆਵਾਂ ਦੀ ਸਮੇਂ-ਸਮੇਂ ਉੱਪਰ ਜਾਂਚ ਕਰਵਾਉਂਦੇ ਰਹਿਣਾ ਬਹੁਤ ਜ਼ਰੂਰੀ ਹੈ।

ਜੇ ਸਮੱਸਿਆ ਹਾਰਮੋਨ ਜਿਵੇਂ ਟੈਸਟੈਸਟਰੋਨ ਜਾਂ ਈਸਟਰੋਜਨ ਦੀ ਕਮੀ ਕਾਰਨ ਹੋਵੇ ਤਾਂ ਤੁਹਾਡਾ ਡਾਕਟਰ ਤੁਹਾਨੂੰ ਹਾਰਮੋਨ ਰਿਪਲੇਸਮੈਂਟ ਥੈਰਿਪੀ ਦੀ ਸਿਫ਼ਾਰਿਸ਼ ਕਰ ਸਕਦਾ ਹੈ।

ਆਪਣੇ ਆਪ ਤੋਂ ਜ਼ਿਆਦਾ ਦੀ ਮੰਗ ਕਰਨਾ

ਜਿਹੜੇ ਸੈਕਸੌਲੋਜਿਸਟਾਂ ਨਾਲ ਬੀਬੀਸੀ ਮੁੰਡੋ ਨੇ ਗੱਲਬਾਤ ਕੀਤੀ ਉਨ੍ਹਾਂ ਨੇ ਦੱਸਿਆ ਕਿ ਮਰੀਜ਼ਾਂ ਦੀ ਜਾਣਕਾਰੀ ਦੇ ਵਿਸ਼ਲੇਸ਼ਣ ਤੋਂ ਉਨ੍ਹਾਂ ਨੂੰ ਸ਼ਖਸ਼ੀਅਤ ਸੰਬੰਧੀ ਕੁਝ ਖਸਲਤਾਂ ਮਿਲੀਆਂ ਹਨ ਕਿ ਲੋਕ ਕੰਟਰੋਲ ਕਰਨ ਵਾਲੇ, ਬਹੁਤ ਭਰੇ ਹੋਏ ਅਤੇ ਸਰਬ-ਉੱਤਮ ਵਾਦੀ ਹੁੰਦੇ ਹਨ।

ਜਦੋਂ ਕਿਸੇ ਵਿਅਕਤੀ ਜਿਸ ਨੂੰ ਚਰਮ-ਸੁੱਖ ਦੀ ਆਦਤ ਹੈ ਉਹ ਕਿਸੇ ਮੌਕੇ ਇਸ ਤੱਕ ਨਾ ਪਹੁੰਚੇ ਤਾਂ— ਉਹ ਆਪਣੇ-ਆਪ ਨੂੰ ਦੇਖਣ ਲਗਦੇ ਹਨ ਕਿ ਕੀ ਉਹ ਚਰਮ-ਸੁੱਖ ਤੱਕ ਪਹੁੰਚ ਸਕਦੇ ਹਨ ਜਾਂ ਨਹੀਂ। ਆਪਣੀ ਕਾਰਗੁਜ਼ਾਰੀ ਬਾਰੇ ਬਹੁਤ ਜ਼ਿਆਦਾ ਧਿਆਨ ਕਾਰਨ ਉਨ੍ਹਾਂ ਦਾ ਚਰਮ-ਸੁੱਖ ਤੱਕ ਪਹੁੰਚਣਾ ਅਸੰਭਵ ਹੋ ਜਾਂਦਾ ਹੈ।

ਇੱਥੇ ਸ਼ਾਂਤ ਹੋਣਾ ਅਤੇ ਅਨੰਦ ਲੈਣਾ ਇੱਕ ਵਾਰ ਫਿਰ ਅਹਿਮ ਹੋ ਜਾਂਦੇ ਹਨ।

ਸੈਕਸ ਦੌਰਾਨ ਦਰਦ

ਗਾਇਨੀਕੌਲੋਜੀ ਦੇ ਖੇਤਰ ਵਿੱਚ ਵੀ ਕੁਝ ਅਜਿਹੇ ਕਾਰਨ ਹਨ ਜਿਨ੍ਹਾਂ ਕਾਰਨ ਔਰਤਾਂ ਨੂੰ ਚਰਮ-ਸੁੱਖ ਤੱਕ ਪਹੁੰਚਣ ਤੋਂ ਰੁਕਾਵਟ ਪੈਂਦੀ ਹੈ।

ਇਨ੍ਹਾਂ ਵਿੱਚੋਂ ਇੱਕ ਵਜਾਇਨਸਮਸ ਹੈ। ਐੱਨਐੱਚਐੱਸ ਮੁਤਾਬਕ ਇਸ ਵਿੱਚ ਯੋਨੀ ਦੀਆਂ ਮਾਸਪੇਸ਼ੀਆਂ ਆਪਣੇ-ਆਪ ਹੀ ਖਿੱਚੀਆਂ ਜਾਂਦੀਆਂ ਹਨ। ਇਸ ਕਾਰਨ ਮੈਥੁਨ ਜਾਂ ਤਾਂ ਹੋ ਹੀ ਨਹੀਂ ਪਾਉਂਦਾ ਜਾਂ ਇਸ ਵਿੱਚ ਬਹੁਤ ਦਰਦ ਹੁੰਦਾ ਹੈ।

ਐੱਨਐੱਚਐੱਸ ਮੁਤਾਬਕ ਵਜਾਇਨਸਮਸ ਉਦੋਂ ਹੋ ਸਕਦਾ ਹੈ ਜੇ ਔਰਤ ਮੈਥੁਨ ਨੂੰ ਦਰਦ ਜਾ ਕਿਸੇ ਬੁਰਾਈ ਨਾਲ ਜੋੜ ਕੇ ਦੇਖਦੀ ਹੈ ਜਾਂ ਉਹ ਨੂੰ ਜਣੇਪੇ ਸਮੇਂ ਵਜਾਇਨਲ ਟਰੌਮਾ ਹੋਇਆ ਹੈ।

ਗਲਵਾਨ ਦੱਸਦੇ ਹਨ ਕਿ ਇੱਕ ਹੋਰ ਬੀਮਾਰੀ ਡਿਸਪੈਰੁਨੀਆ ਹੈ, ਇਸ ਵਿੱਚ ਔਰਤ ਨੂੰ ਮੈਥੁਨ ਤੋਂ ਪਹਿਲਾਂ, ਇਸ ਦੇ ਦੌਰਾਨ ਜਾਂ ਬਾਅਦ ਵਿੱਚ ਯੋਨੀ ਵਿੱਚ ਬਹੁਤ ਤੇਜ਼ ਦਰਦ ਮਹਿਸੂਸ ਹੁੰਦਾ ਹੈ।

ਉਨ੍ਹਾਂ ਦੀ ਰਾਇ ਵਿੱਚ ਇਹ ਲੱਛਣ ਔਰਤਾਂ ਵਿੱਚ ਵਜਾਇਨਸਮਸ ਦੇ ਮੁਕਾਬਲੇ ਜ਼ਿਆਦਾ ਆਮ ਹੈ।

ਇਹ ਸਰੀਰਕ ਸਮੱਸਿਆਵਾਂ ਜਾਂ ਕਿਲੇ ਲਾਗ ਕਾਰਨ ਹੋ ਸਕਦਾ ਹੈ ਅਤੇ ਇਸਦਾ ਇਲਾਜ ਜ਼ਰੂਰੀ ਹੈ। ਜਦੋਂ ਇੱਕ ਵਾਰ ਦਿਮਾਗ ਨੇ ਦਰਦ ਅਤੇ ਕਾਮੁਕਤਾ ਦਰਮਿਆਨ ਕੋਈ ਸੰਬੰਧ ਜੋੜ ਲਿਆ ਤਾਂ ਇਸਦਾ ਕਾਮ ਇੱਛਾ ਉੱਪਰ ਅਸਰ ਜ਼ਰੂਰ ਪਵੇਗਾ। ਇਸ ਲਈ ਮੈਥੁਨ ਤੋਂ ਬਚਿਆ ਜਾਵੇਗਾ।

ਇਸ ਲਈ ਜ਼ਰੂਰੀ ਹੈ ਕਿ ਯੋਨੀ ਦੀ ਲਾਗ ਅਤੇ ਸੁੱਕੇਪਣ ਦੀ ਸੂਰਤ ਵਿੱਚ ਤੁਸੀਂ ਡਾਕਟਰ ਨੂੰ ਮਿਲੋਂ। (ਕਿਉਂਕਿ) ਇਸਦੇ ਨਤੀਜੇ ਸੰਭੋਗ ਤੋਂ ਇਲਾਵਾ ਵੀ ਹੋ ਸਕਦੇ ਹਨ।

ਐੱਨਐੱਚਐੱਸ ਮੁਤਾਬਕ “ਮਾਹਵਾਰੀ ਬੰਦ ਹੋਣ (ਮੀਨੋਪੌਜ਼) ਤੋਂ ਬਾਅਦ ਯੋਨੀ ਖੁਸ਼ਕ ਹੋ ਜਾਣ ਕਾਰਨ ਦਰਦ ਹੋਣਾ ਆਮ ਹੈ।“

ਮਾਹਰ ਦਾ ਕਹਿਣਾ ਹੈ ਕਿ ਇਸਦਾ “ਕਿਸੇ ਔਰਤ ਦੀ ਕਾਮ ਇੱਛਾ ਉੱਪਰ ਅਸਰ ਪੈ ਸਕਦਾ ਹੈ ਪਰ ਅਜਿਹੀਆਂ ਮਲ੍ਹਮਾਂ ਹਨ ਜੋ ਇਸ ਸੰਬੰਧ ਵਿੱਚ ਮਦਦਗਾਰ ਹੋ ਸਕਦੀਆਂ ਹਨ।”

ਰਿਸ਼ਤੇ ਨਾਲ ਜੁੜੀਆਂ ਲੁਕਵੀਆਂ ਸਮੱਸਿਆਵਾਂ

ਇੱਕ ਸਮੱਸਿਆ ਜਿਸਦਾ ਮਾਹਰ ਜ਼ਿਕਰ ਕਰਦੇ ਹਨ ਉਸ ਦਾ ਸੰਬੰਧ ਖੁਦ ਰਿਸ਼ਤੇ ਨਾਲ ਜੁੜਿਆ ਹੋਇਆ ਹੈ।

ਕਈ ਵਾਰ ਜੋੜੇ ਔਰਤ ਵਿੱਚ ਚਰਮ-ਸੁੱਖ ਦੀ ਅਣਹੋਂਦ ਦੀ ਸਮੱਸਿਆ ਲੈ ਕੇ ਸਾਡੇ ਕੋਲ ਆਉਂਦੇ ਹਨ। ਜਾਂਚ ਦੌਰਾਨ ਸਾਨੂੰ ਸਮੱਸਿਆ ਰਿਸ਼ਤੇ ਵਿੱਚ ਮਿਲਦੀ ਹੈ।

ਇਸ ਸਥਿਤੀ ਵਿੱਚ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਉੱਤੇ ਧਿਆਨ ਦੇਣ ਲਈ ਸੁਝਾਅ ਦਿੱਤਾ ਜਾਂਦਾ ਹੈ। ਇਹ ਸਮੱਸਿਆਵਾਂ ਜੋ ਕਿ ਨਾ ਸਿਰਫ਼ ਸੈਕਸ ਲਾਈਫ਼ ਸਗੋਂ ਜੋੜੇ ਦੀ ਸਮੁੱਚੀ ਜ਼ਿੰਦਗੀ ਨੂੰ ਹੀ ਪ੍ਰਭਾਵਿਤ ਕਰ ਰਹੀਆਂ ਹੁੰਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)