ਲੋਕ ਸਭਾ ਚੋਣਾਂ 2024: ਕੌਣ ਚੋਣਾਂ ਨਹੀਂ ਲੜ ਸਕਦਾ ਹੈ ਅਤੇ ਕੌਣ ਵੋਟ ਨਹੀਂ ਪਾ ਸਕਦਾ ਹੈ?

ਹੁਣ ਤੋਂ ਕੁਝ ਦਿਨਾਂ ਬਾਅਦ ਲੋਕ ਸਭਾ ਚੋਣਾਂ 2024 ਹੋਣ ਜਾ ਰਹੀਆਂ ਹਨ। ਭਾਰਤ ਦੀਆਂ ਆਮ ਚੋਣਾਂ ਵਿੱਚ ਕਰੋੜਾਂ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਨ। ਲੱਖਾਂ ਕਰਮਚਾਰੀ ਅਤੇ ਅਧਿਕਾਰੀ ਚੋਣ ਪ੍ਰਕਿਰਿਆ ਵਿਚ ਸ਼ਾਮਲ ਹਨ।

ਉੱਥੇ ਹੀ ਇਨ੍ਹਾਂ ਚੋਣਾਂ ਵਿੱਚ ਹਜ਼ਾਰਾਂ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਂਦੇ ਹਨ।

ਭਾਰਤੀ ਸੰਵਿਧਾਨ ਅਨੁਸਾਰ ਸਿਰਫ਼ ਉਹੀ ਲੋਕ ਆਮ ਚੋਣਾਂ ਵਿੱਚ ਵੋਟ ਪਾ ਸਕਦੇ ਹਨ ਜਿਨ੍ਹਾਂ ਦੇ ਨਾਮ ਵੋਟਿੰਗ ਸੂਚੀ ਵਿੱਚ ਹੁੰਦੇ ਹਨ, ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਨਾ ਤਾਂ ਵੋਟ ਪਾ ਸਕਦੇ ਹਨ ਅਤੇ ਨਾ ਹੀ ਚੋਣਾਂ ਵਿੱਚ ਖੜ੍ਹੇ ਹੋ ਸਕਦੇ ਹਨ।

ਆਓ ਜਾਣਦੇ ਹਾਂ ਭਾਰਤ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਕੌਣ ਵੋਟ ਪਾ ਸਕਦਾ ਹੈ, ਕੌਣ ਚੋਣ ਲੜ ਸਕਦਾ ਹੈ ਅਤੇ ਕੌਣ ਨਹੀਂ?

ਵੋਟ ਪਾਉਣ ਦਾ ਹੱਕ ਕਿਸ ਨੂੰ ਹੈ?

ਭਾਰਤ ਦਾ ਸੰਵਿਧਾਨ ਸਾਰੇ ਬਾਲਗਾਂ ਭਾਵ 18 ਸਾਲ ਦੀ ਉਮਰ ਦੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੰਦਾ ਹੈ। ਅਜਿਹੇ ਲੋਕਾਂ ਨੂੰ ਵੋਟ ਪਾਉਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ।

ਵੋਟ ਪਾਉਣ ਦਾ ਅਧਿਕਾਰ ਕੇਵਲ ਭਾਰਤੀ ਨਾਗਰਿਕਾਂ ਨੂੰ ਹੈ। ਯਾਨਿ ਜੋ ਵਿਅਕਤੀ ਭਾਰਤ ਦਾ ਨਾਗਰਿਕ ਨਹੀਂ ਹੈ ਉਹ ਵੋਟ ਨਹੀਂ ਪਾ ਸਕਦਾ।

ਇਸ ਦੇ ਨਾਲ ਹੀ ਜਿੰਨ੍ਹਾਂ ਦਾ ਨਾਮ ਵੋਟਰ ਸੂਚੀ ’ਚ ਸ਼ਾਮਲ ਨਹੀਂ ਹੈ, ਉਹ ਮਤਦਾਨ ਨਹੀਂ ਕਰ ਸਕਦੇ ਹਨ।

ਇਨ੍ਹਾਂ ਤੋਂ ਇਲਾਵਾ ਚੋਣ ਸਬੰਧੀ ਅਪਰਾਧ ਜਾਂ ਦੁਰਵਿਹਾਰ ਕਾਰਨ ਅਯੋਗ ਵਿਅਕਤੀ ਨਾ ਤਾਂ ਵੋਟਰ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾ ਸਕਦਾ ਹੈ ਅਤੇ ਨਾ ਹੀ ਵੋਟ ਪਾ ਸਕਦਾ ਹੈ।

ਜੇਕਰ ਕਿਸੇ ਵਿਅਕਤੀ ’ਤੇ ਕਿਸੇ ਵੀ ਤਰ੍ਹਾਂ ਦਾ ਇਲਜ਼ਾਮ ਸਿੱਧ ਹੋ ਜਾਂਦਾ ਹੈ ਅਤੇ ਉਹ ਸਜ਼ਾ ਕੱਟ ਰਿਹਾ ਹੈ ਤਾਂ ਉਹ ਵੋਟ ਨਹੀਂ ਪਾ ਸਕਦਾ ਹੈ।

ਅਜਿਹਾ ਵਿਅਕਤੀ ਜੋ ਕਿ ਐਨਆਰਆਈ ਭਾਵ ਪ੍ਰਵਾਸੀ ਭਾਰਤੀ ਹੈ ਅਤੇ ਉਸ ਨੇ ਦੂਜੇ ਦੇਸ਼ ਦੀ ਨਾਗਰਿਕਤਾ ਨਹੀਂ ਲਈ ਹੈ, ਉਸ ਨੂੰ ਵੋਟ ਪਾਉਣ ਦਾ ਅਧਿਕਾਰ ਹੈ, ਪਰ ਜੇਕਰ ਉਸ ਨੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲਈ ਹੈ ਤਾਂ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕਰ ਸਕਦਾ ਹੈ।

ਜਿਹੜੇ ਲੋਕ ਮਾਨਸਿਕ ਤੌਰ ’ਤੇ ਅਪਾਹਜ ਹਨ ਅਤੇ ਜਿੰਨ੍ਹਾਂ ਨੂੰ ਅਦਾਲਤ ਵੱਲੋਂ ਮਾਨਸਿਕ ਤੌਰ ’ਤੇ ਅਪਾਹਜ ਐਲਾਨਿਆ ਗਿਆ ਹੈ, ਉਨ੍ਹਾਂ ਨੂੰ ਵੀ ਵੋਟ ਪਛਾਣ ਪੱਤਰ ਜਾਰੀ ਨਹੀਂ ਕੀਤਾ ਜਾਂਦਾ ਹੈ।

ਇਸ ਦੇ ਨਾਲ ਹੀ, ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ, ਉਹ ਸਿਰਫ਼ ਚੋਣ ਕਮਿਸ਼ਨ ਦੁਆਰਾ ਨਿਰਧਾਰਤ ਪੋਲਿੰਗ ਕੇਂਦਰ ਵਿੱਚ ਹੀ ਆਪਣੀ ਵੋਟ ਪਾ ਸਕਦੇ ਹਨ। ਇਸ ਦੀ ਵਰਤੋਂ ਹੋਰ ਕੇਂਦਰਾਂ ਵਿੱਚ ਨਹੀਂ ਕੀਤੀ ਜਾ ਸਕਦੀ।

ਕੌਣ ਲੜ ਸਕਦਾ ਹੈ ਚੋਣ?

ਭਾਰਤੀ ਸੰਵਿਧਾਨ ਦੇ ਅਨੁਛੇਦ 84-ਏ ਮੁਤਾਬਕ, ਜਿਹੜਾ ਵਿਅਕਤੀ ਭਾਰਤ ਦਾ ਨਾਗਰਿਕ ਨਹੀਂ ਹੈ, ਉਹ ਚੋਣ ਲੜਨ ਦੇ ਅਧਿਕਾਰ ਤੋਂ ਵਾਂਝਾ ਹੈ।

ਲੋਕਸਭਾ ਅਤੇ ਵਿਧਾਨਸਭਾ ਚੋਣਾਂ ਲੜਨ ਲਈ ਘੱਟ ਤੋਂ ਘੱਟ 25 ਸਾਲ ਦੀ ਉਮਰ ਹੋਣੀ ਲਾਜ਼ਮੀ ਹੈ। ਇਸ ਤੋਂ ਘੱਟ ਉਮਰ ਦੇ ਵਿਅਕਤੀ ਚੋਣ ਨਹੀਂ ਲੜ ਸਕਦੇ ਹਨ।

ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 4 (ਡੀ) ਦੇ ਅਨੁਸਾਰ, ਜਿਸ ਵਿਅਕਤੀ ਦਾ ਨਾਮ ਸੰਸਦੀ ਖੇਤਰ ਦੀ ਵੋਟਰ ਸੂਚੀ ’ਚ ਨਹੀਂ ਹੈ, ਉਹ ਚੋਣ ਨਹੀਂ ਲੜ ਸਕਦਾ ਹੈ।

ਇਸ ਦੇ ਨਾਲ ਹੀ, ਜਿਸ ਵਿਅਕਤੀ ਨੂੰ ਕਿਸੇ ਵੀ ਮਾਮਲੇ ਵਿੱਚ ਦੋ ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਹੋਈ ਹੈ, ਉਹ ਚੋਣ ਨਹੀਂ ਲੜ ਸਕਦਾ।

ਵੋਟਰ ਸੂਚੀ ਵਿੱਚ ਆਪਣਾ ਨਾਮ ਕਿਵੇਂ ਦਰਜ ਕਰਵਾਇਆ ਜਾਵੇ?

ਭਾਰਤੀ ਨਾਗਰਿਕ ਜੋ ਵੋਟਰ ਸੂਚੀ ਵਿੱਚ ਸੋਧ ਦੇ ਸਾਲ 1 ਜਨਵਰੀ ਨੂੰ 18 ਸਾਲ ਦੀ ਉਮਰ ਪੂਰੀ ਕਰ ਰਿਹਾ ਹੈ, ਉਹ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਸਕਦਾ ਹੈ।

ਇਸ ਦੇ ਲਈ ਇਹ ਜ਼ਰੂਰੀ ਹੈ ਕਿ ਵਿਅਕਤੀ ਉਸ ਹਲਕੇ ਦਾ ਵਸਨੀਕ ਹੋਵੇ ਜਿੱਥੇ ਉਹ ਆਪਣਾ ਨਾਮ ਦਰਜ ਕਰਵਾਉਣਾ ਚਾਹੁੰਦਾ ਹੈ।

ਇਸ ਦੇ ਲਈ ਉਨ੍ਹਾਂ ਨੂੰ ਫਾਰਮ-6 ਭਰਨਾ ਹੋਵੇਗਾ। ਇਹ ਫਾਰਮ ਬੂਥ ਲੈਵਲ ਅਫਸਰ ਜਾਂ ਬੀਐੱਲਓ ਤੋਂ ਹਾਸਿਲ ਕੀਤਾ ਜਾ ਸਕਦਾ ਹੈ।

ਇਸ ਨੂੰ इसे https://voters.eci.gov.in/login 'ਤੇ ਜਾ ਕੇ ਆਨਲਾਈਨ ਵੀ ਭਰਿਆ ਜਾ ਸਕਦਾ ਹੈ। ਪ੍ਰਵਾਸੀ ਭਾਰਤੀਆਂ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਫਾਰਮ-6ਏ ਭਰਨਾ ਪੈਂਦਾ ਹੈ।

ਫਾਰਮ ਵਿੱਚ, ਤੁਹਾਨੂੰ ਹੋਰ ਜਾਣਕਾਰੀ ਦੇ ਨਾਲ-ਨਾਲ ਆਧਾਰ ਨੰਬਰ ਦੇਣਾ ਪੈਂਦਾ ਹੈ। ਹਾਲਾਂਕਿ, ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ, ਉਹ ਵੀ ਫਾਰਮ ਭਰ ਸਕਦੇ ਹਨ।

ਬਿਨੈਕਾਰ ਨੂੰ ਆਪਣੀ ਉਮਰ ਸਾਬਤ ਕਰਨ ਲਈ ਸਿੱਖਿਆ ਬੋਰਡ ਵੱਲੋਂ ਜਾਰੀ ਜਨਮ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, 10ਵੀਂ ਅਤੇ 12ਵੀਂ ਜਮਾਤ ਦੇ ਸਰਟੀਫਿਕੇਟ ਜਾਂ ਪਾਸਪੋਰਟ ਵਿੱਚੋਂ ਕਿਸੇ ਇੱਕ ਦੀ ਕਾਪੀ ਜਮ੍ਹਾਂ ਕਰਵਾਉਣੀ ਪਵੇਗੀ।

ਵੋਟਰ ਸੂਚੀ ਦੀ ਸੋਧ ਲਈ ਪੋਲਿੰਗ ਸਟੇਸ਼ਨਾਂ 'ਤੇ ਸਮੇਂ-ਸਮੇਂ 'ਤੇ ਕੈਂਪ ਲਗਾਏ ਜਾਂਦੇ ਹਨ, ਉੱਥੇ ਜਾ ਕੇ ਵੋਟਰ ਸੂਚੀ 'ਚ ਆਪਣਾ ਨਾਂ ਦਰਜ ਕਰਵਾਉਣ ਲਈ ਅਪਲਾਈ ਕੀਤਾ ਜਾ ਸਕਦਾ ਹੈ।

ਜੇਕਰ ਤੁਹਾਨੂੰ ਇਸ ਸਬੰਧ ਵਿੱਚ ਕਿਸੇ ਕਿਸਮ ਦੀ ਮਦਦ ਦੀ ਲੋੜ ਹੈ ਤਾਂ ਤੁਸੀਂ 1950 'ਤੇ ਕਾਲ ਕਰ ਸਕਦੇ ਹੋ।

ਜੇਕਰ ਤੁਹਾਡੀ ਜਾਣਕਾਰੀ ਵੋਟਰ ਸੂਚੀ ਵਿੱਚ ਗ਼ਲਤ ਦਰਜ ਕੀਤੀ ਗਈ ਹੈ, ਤਾਂ ਇਸ ਨੂੰ ਕਿਵੇਂ ਠੀਕ ਕਰਨਾ ਹੈ?

ਵੋਟਰ ਸੂਚੀ ਵਿੱਚ ਨਾਮ ਦਰਜ ਹੋਣ ਤੋਂ ਬਾਅਦ ਜੇਕਰ ਇਸ ਵਿੱਚ ਕੋਈ ਗ਼ਲਤੀ ਹੈ ਤਾਂ ਵੋਟਰ ਫਾਰਮ-8 ਭਰ ਕੇ ਉਸ ਨੂੰ ਠੀਕ ਕਰਵਾ ਸਕਦਾ ਹੈ।

ਵੋਟਰ ਫਾਰਮ-8 ਭਰ ਕੇ ਆਪਣੇ ਬਦਲੇ ਹੋਏ ਪਤੇ ਬਾਰੇ ਵੀ ਜਾਣਕਾਰੀ ਦੇ ਸਕਦਾ ਹੈ।

ਇਸ ਤੋਂ ਇਲਾਵਾ ਇਸ ਫਾਰਮ-8 ਰਾਹੀਂ ਵੋਟਰ ਆਈਡੀ ਕਾਰਡ ਵੀ ਬਦਲਿਆ ਜਾ ਸਕਦਾ ਹੈ। ਆਪਣੀ ਅਪੰਗਤਾ ਬਾਰੇ ਜਾਣਕਾਰੀ ਦੇਣ ਲਈ ਵੋਟਰ ਨੂੰ ਫਾਰਮ-8 ਹੀ ਭਰਨਾ ਹੋਵੇਗਾ।

ਜੋਤਹੀਣ ਵੋਟਰ ਵੋਟ ਕਿਵੇਂ ਪਾਉਂਦੇ ਹਨ?

ਅਪਾਹਜ ਵਿਅਕਤੀਆਂ ਦੇ ਅਧਿਕਾਰ ਐਕਟ 2016 ਦੀ ਧਾਰਾ 11 ਵਿਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਅਤੇ ਰਾਜ ਚੋਣ ਕਮਿਸ਼ਨ ਇਹ ਯਕੀਨੀ ਬਣਾਉਣਗੇ ਕਿ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਅਪਾਹਜ ਵਿਅਕਤੀਆਂ ਲਈ ਸਹੂਲਤਾਂ ਮੌਜੂਦ ਹੋਣ।

ਇਸ ਦੇ ਨਾਲ ਹੀ ਚੋਣ ਪ੍ਰਕਿਰਿਆ ਨਾਲ ਜੁੜੀ ਸਾਰੀ ਸਮੱਗਰੀ ਤੱਕ ਉਨ੍ਹਾਂ ਦੀ ਸੁਖਾਲੀ ਪਹੁੰਚ ਹੋਵੇ ਅਤੇ ਇਹ ਉਨ੍ਹਾਂ ਲਈ ਸਮਝਣ ਯੋਗ ਹੋਣੀ ਚਾਹੀਦੀ ਹੈ।

ਡਿਸਏਬਿਲਿਟੀਜ਼ ਐਕਟ ਦੇ ਤਹਿਤ 21 ਅਪਾਹਜਤਾਵਾਂ ਵਿੱਚ ਜੋਤਹੀਣਤਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਪੋਲਿੰਗ ਸਟੇਸ਼ਨ 'ਤੇ ਜੋਤਹੀਣ ਵੋਟਰਾਂ ਨੂੰ ਬ੍ਰੇਲ ਲਿਪੀ ਵਿੱਚ ਡਮੀ ਬੈਲੇਟ ਸ਼ੀਟਾਂ ਦਿੱਤੀਆਂ ਜਾਂਦੀਆਂ ਹਨ।

ਡਮੀ ਬੈਲੇਟ ਸ਼ੀਟ ਦਾ ਅਧਿਐਨ ਕਰਨ ਤੋਂ ਬਾਅਦ, ਜੋਤਹੀਣ ਵਿਅਕਤੀ ਨੂੰ ਆਪਣੀ ਵੋਟ ਪਾਉਣ ਲਈ ਵੋਟਿੰਗ ਡੱਬੇ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

ਅਜਿਹੇ ਵੋਟਰ ਡਮੀ ਬੈਲੇਟ ਸ਼ੀਟ ਨੂੰ ਪੜ੍ਹਨ ਤੋਂ ਬਾਅਦ ਈਵੀਐੱਮ 'ਤੇ ਬ੍ਰੇਲ ਲਿਪੀ ਵਿੱਚ ਦਰਜ ਵੇਰਵਿਆਂ ਅਤੇ ਆਪਣੀ ਪਸੰਦ ਦੇ ਉਮੀਦਵਾਰ ਦਾ ਸੀਰੀਅਲ ਨੰਬਰ ਪੜ੍ਹ ਕੇ ਆਪਣੀ ਵੋਟ ਪਾ ਸਕਦੇ ਹਨ।

ਪੋਲਿੰਗ ਸਟੇਸ਼ਨ 'ਤੇ, ਜੋਤਹੀਣ ਵਿਅਕਤੀਆਂ ਨੂੰ ਚੋਣ ਸੰਚਾਲਨ ਨਿਯਮ, 1961 ਦੇ ਨਿਯਮ 49 (ਐੱਨ) ਦੇ ਅਨੁਸਾਰ ਇੱਕ ਸਾਥੀ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਜੇਕਰ ਜੋਤਹੀਣ ਵੋਟਰ ਚਾਹੁਣ ਤਾਂ ਉਹ ਬੂਥ ਵਾਲੰਟੀਅਰ ਜਾਂ ਪ੍ਰੀਜ਼ਾਈਡਿੰਗ ਅਫ਼ਸਰ ਦੀ ਮਦਦ ਵੀ ਲੈ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)