ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਛੱਤਰਪਤੀ ਕਤਲ ਕੇਸ 'ਚ ਵੀਡੀਓ ਕਾਨਫਰੰਸਿੰਗ ਰਾਹੀ ਹੋਣਗੇ ਪੇਸ਼

    • ਲੇਖਕ, ਪ੍ਰਭੂ ਦਿਆਲ
    • ਰੋਲ, ਬੀਬੀਸੀ ਪੰਜਾਬੀ ਲਈ

''ਉਸ ਦਿਨ ਕਰਵਾ ਚੌਥ ਸੀ। ਮੇਰੀ ਮਾਂ ਨੂੰ ਅਚਾਨਕ ਮੇਰੇ ਨਾਨਕੇ ਪਿੰਡ ਕਿਸੇ ਦੀ ਮੌਤ 'ਤੇ ਸੋਗ ਕਰਨ ਲਈ ਜਾਣਾ ਪੈ ਗਿਆ।''

''ਮੇਰੇ ਪਿਤਾ ਰਾਮ ਚੰਦਰ ਛਤਰਪਤੀ ਅਕਸਰ ਅਖ਼ਬਾਰ ਦਾ ਕੰਮ ਨਿਬੇੜ ਕੇ ਸ਼ਾਮ ਨੂੰ ਲੇਟ ਘਰ ਆਉਂਦੇ ਸਨ। ਮੇਰੀ ਮਾਂ ਦੇ ਘਰੋਂ ਜਾਣ ਕਾਰਨ ਉਸ ਦਿਨ ਮੇਰੀ ਛੋਟੀ ਭੈਣ ਤੇ ਭਰਾ ਅਰੀਦਮਨ ਨੇ ਮੈਨੂੰ ਘਰ ਛੇਤੀ ਆਉਣ ਲਈ ਕਿਹਾ ਤਾਂ ਮੈਂ ਛੇਤੀ ਘਰ ਆ ਗਿਆ ਸੀ।''

''ਮੇਰੇ ਪਿਤਾ ਵੀ ਉਸ ਦਿਨ ਕਰਵਾ ਚੌਥ ਦਾ ਦਿਨ ਹੋਣ ਕਾਰਨ ਛੇਤੀ ਘਰ ਆ ਗਏ ਸਨ।''

24 ਅਕਤੂਬਰ 2002 ਦੇ ਦਿਨ ਦੀ ਘਟਨਾ ਨੂੰ ਯਾਦ ਕਰਦਿਆਂ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਭਾਵੁਕ ਹੋ ਜਾਂਦੇ ਹਨ।

ਉਨ੍ਹਾਂ ਅੱਗੇ ਕਿਹਾ, ''ਮੇਰੇ ਪਿਤਾ ਮੋਟਰਸਾਈਕਲ ਵਿਹੜੇ ਵਿੱਚ ਖੜ੍ਹਾ ਕਰਕੇ ਅੰਦਰ ਵੜੇ ਹੀ ਸਨ ਕਿ ਕਿਸੇ ਨੇ ਉਨ੍ਹਾਂ ਦਾ ਨਾਂ ਲੈ ਕੇ ਅਵਾਜ਼ ਮਾਰੀ ਅਤੇ ਬਾਹਰ ਆਉਣ ਲਈ ਸੱਦਿਆ।''

''ਜਿਵੇਂ ਹੀ ਮੇਰੇ ਪਿਤਾ ਬਾਹਰ ਨਿਕਲੇ, ਅਚਾਨਕ ਬਾਹਰ ਸਕੂਟਰ 'ਤੇ ਆਏ ਦੋ ਨੌਜਵਾਨਾਂ 'ਚੋਂ ਇਕ ਨੇ ਦੂਜੇ ਨੂੰ ਕਿਹਾ 'ਮਾਰ ਗੋਲੀ' ਤੇ ਉਸ ਨੇ ਮੇਰੇ ਪਿਤਾ ਉੱਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ।''

''ਅਸੀਂ ਤਿੰਨੇ ਭੈਣ ਭਰਾ ਜਿੰਨੀ ਦੇਰ ਨੂੰ ਸਮਝ ਪਾਉਂਦੇ, ਇਸ ਤੋਂ ਪਹਿਲਾਂ ਉਹ ਦੋਵੇਂ ਨੌਜਵਾਨ ਗੋਲੀਆਂ ਮਾਰ ਕੇ ਭੱਜ ਤੁਰੇ।''

ਇਹ ਵੀ ਪੜ੍ਹੋ:

ਰਾਮ ਚੰਦਰ ਛਤਰਪਤੀ ਹਰਿਆਣਾ ਦੇ ਸਿਰਸਾ ਤੋਂ ਛਪਦੇ 'ਪੂਰਾ ਸੱਚ' ਅਖ਼ਬਾਰ ਦੇ ਸੰਪਾਦਕ ਸਨ, ਜਿੰਨ੍ਹਾਂ ਦਾ 2002 ਵਿਚ ਕਤਲ ਕਰ ਦਿੱਤਾ ਗਿਆ ਸੀ।

ਛਤਰਪਤੀ ਕਤਲ ਮਾਮਲੇ ਵਿਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੇ ਕੁਝ ਪ੍ਰੇਮੀ ਨਾਮਜ਼ਦ ਹੋਏ ਅਤੇ 11 ਜਨਵਰੀ ਨੂੰ ਇਸ ਕੇਸ ਦਾ ਫ਼ੈਸਲਾ ਆਉਣਾ ਹੈ।

ਅੰਸ਼ੁਲ ਨੇ ਅੱਗੇ ਕਿਹਾ, ''ਅਸੀਂ ਤਿੰਨਾਂ ਨੇ ਰੌਲਾ ਪਾਇਆ ਤੇ ਆਪਣੇ ਪਿਤਾ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਉਹ ਗਲੀ 'ਚੋਂ ਉੱਠ ਕੇ ਘਰ ਦੇ ਮੇਨ ਗੇਟ ਨੇੜੇ ਆਏ ਪਰ ਫਿਰ ਡਿੱਗ ਗਏ।''

ਵਾਰਦਾਤ ਮੌਕੇ ਫੜਿਆ ਗਿਆ ਇੱਕ ਮੁਲਜ਼ਮ

ਅੰਸ਼ੁਲ ਦੱਸਦੇ ਹਨ, ''ਸਾਡਾ ਰੌਲਾ ਸੁਣ ਕੇ ਗੋਲੀ ਮਾਰ ਕੇ ਭੱਜੇ ਇੱਕ ਨੌਜਵਾਨ ਨੂੰ ਸਾਡੇ ਘਰ ਤੋਂ ਥੋੜੀ ਦੂਰ ਪੈਂਦੀ ਪੁਲਿਸ ਚੌਕੀ 'ਚ ਤਾਇਨਾਤ ਪੁਲੀਸ ਮੁਲਾਜ਼ਮ ਨੇ ਕਾਬੂ ਕਰ ਲਿਆ, ਜਿਸ ਦੀ ਬਾਅਦ ਵਿੱਚ ਪੁਲਿਸ ਨੇ ਸ਼ਨਾਖਤ ਵੀ ਕੀਤੀ।''

''ਹੁਣ ਤੱਕ ਲੋਕ ਵੀ ਇਕੱਠਾ ਹੋ ਗਏ ਸਨ। ਅਸੀਂ ਗੁਆਂਢੀਆਂ ਦੀ ਕਾਰ ਮੰਗ ਕੇ ਆਪਣੇ ਪਿਤਾ ਨੂੰ ਸਰਕਾਰੀ ਹਸਪਤਾਲ ਲੈ ਗਏ। ਮੇਰੇ ਪਿਤਾ ਨੂੰ ਗੋਲੀ ਮਾਰੇ ਜਾਣ ਦੀ ਖ਼ਬਰ ਅੱਗ ਵਾਂਗ ਫੈਲ ਗਈ ਤੇ ਰਿਸ਼ਤੇਦਾਰ ਅਤੇ ਹੋਰ ਲੋਕ ਸਰਕਾਰੀ ਹਸਪਤਾਲ ਵਿੱਚ ਇਕੱਠੇ ਹੋ ਗਏ।''

''ਪਿਤਾ ਦੀ ਤਬੀਅਤ ਕਾਫੀ ਖ਼ਰਾਬ ਸੀ ਤੇ ਸਾਨੂੰ ਰੋਹਤਕ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ।''

''ਉੱਥੇ ਉਨ੍ਹਾਂ ਦੀ ਸਿਹਤ ਵਿੱਚ ਕੁਝ ਸੁਧਾਰ ਵੀ ਹੋਇਆ ਪਰ ਫੇਰ ਉਨ੍ਹਾਂ ਦੀ ਤਬੀਅਤ ਜ਼ਿਆਦਾ ਵਿਗੜ ਗਈ ਤੇ ਅਸੀਂ ਉਨ੍ਹਾਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਲੈ ਗਏ, ਜਿਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ।''

ਅੰਸ਼ੁਲ ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਬਿਆਨ ਦੇਣ ਦੇ ਕਾਬਿਲ ਸਨ ਪਰ ਪੁਲਿਸ ਨੇ ਉਨ੍ਹਾਂ ਦੇ ਬਿਆਨਾਂ ਨੂੰ ਮੈਜਿਸਟਰੇਟ ਸਾਹਮਣੇ ਦਰਜ ਨਹੀਂ ਕਰਵਾਇਆ।

ਉਨ੍ਹਾਂ ਅੱਗੇ ਕਿਹਾ, ''ਸਾਡੇ 'ਤੇ ਕਈ ਰਾਜਸੀ ਆਗੂਆਂ ਤੇ ਹੋਰਾਂ ਦਾ ਦਬਾਅ ਸੀ ਕਿ ਅਸੀਂ ਇਸ ਮਾਮਲੇ ਤੋਂ ਪਿੱਛੇ ਹਟ ਜਾਈਏ।''

''ਸਾਡੇ ਲਈ ਇੱਕ ਵੱਡੀ ਤਾਕਤ ਨਾਲ ਲੜਨਾ ਬਹੁਤ ਔਖਾ ਸੀ। ਜਿਸ ਸਮੇਂ ਮੇਰੇ ਪਿਤਾ 'ਤੇ ਹਮਲਾ ਹੋਇਆ ਤਾਂ ਮੇਰੀ ਉਮਰ ਮਹਿਜ 22 ਸਾਲ ਸੀ ਤੇ ਮੈਂ ਬੀ.ਏ. ਪਹਿਲੇ ਵਰ੍ਹੇ ਦਾ ਵਿਦਿਆਰਥੀ ਸੀ।''

ਅੰਸ਼ੁਲ ਦੀ ਇੱਕ ਵੱਡੀ ਭੈਣ, ਇੱਕ ਛੋਟੀ ਭੈਣ ਅਤੇ ਭਰਾ ਹਨ। ''ਅਸੀਂ ਇਕ ਵੱਡੀ ਤਾਕਤ ਦੇ ਸਾਹਮਣੇ ਆਪਣੇ ਪਰਿਵਾਰ ਦੀ ਜਾਨ ਜੋਖ਼ਮ ਵਿੱਚ ਪਾ ਕੇ ਸੰਘਰਸ਼ ਕੀਤਾ ਹੈ ਤੇ ਹੁਣ ਸਾਨੂੰ ਆਸ ਬੱਝੀ ਹੈ ਕੇ ਸਾਨੂੰ ਨਿਆਂ ਮਿਲੇਗਾ।''

ਜਨੂੰਨੀ ਪੱਤਰਕਾਰ ਸਨ ਛੱਤਰਪਤੀ

ਅੰਸ਼ੁਲ ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਕਿਹਾ, ''ਮੇਰੇ ਪਿਤਾ ਨੂੰ ਲਿਖਣ ਦਾ ਸ਼ੌਕ ਸੀ। ਉਹ ਜੰਨੂਨੀ ਪੱਤਰਕਾਰ ਸਨ। ਕਾਲਜ 'ਚ ਪੜ੍ਹਦੇ ਸਮੇਂ ਹੀ ਉਨ੍ਹਾਂ ਨੇ ਲਿਖਣਾ ਸ਼ੁਰੂ ਕਰ ਦਿੱਤਾ ਸੀ।

ਉਨ੍ਹਾਂ ਨੇ ਐਲ.ਐਲ.ਬੀ. ਤੱਕ ਦੀ ਸਿੱਖਿਆ ਪ੍ਰਾਪਤ ਕੀਤੀ ਤੇ ਉਹ ਕੋਰਟ ਵਿੱਚ ਕੁਝ ਸਮਾਂ ਵਕਾਲਤ ਵੀ ਕਰਦੇ ਰਹੇ ਸਨ।''

''ਉਨ੍ਹਾਂ ਵੱਲੋਂ ਲਿਖੀ ਗਈ ਖ਼ਬਰ ਵਿੱਚ ਅਖ਼ਬਾਰ ਦੇ ਛਪਣ ਵੇਲੇ ਕੀਤੀ ਜਾਂਦੀ ਕੱਟ-ਵੱਢ ਤੋਂ ਉਹ ਖੁਸ਼ ਨਹੀਂ ਹੁੰਦੇ ਸੀ। ਇਸ ਲਈ ਉਨ੍ਹਾਂ ਨੇ ਆਪਣਾ ਅਖ਼ਬਾਰ ਕੱਢਣ ਦਾ ਫੈਸਲਾ ਲਿਆ।''

ਇਹ ਵੀ ਪੜ੍ਹੋ:

'ਪੂਰਾ ਸੱਚ' ਅਖ਼ਬਾਰ ਦੀ ਸਥਾਪਨਾ

ਸਿਰਸਾ ਤੋਂ ਸ਼ਾਮ ਵੇਲੇ ਛਪਣ ਵਾਲੇ 'ਪੂਰਾ ਸੱਚ' ਅਖ਼ਬਾਰ ਦਾ ਪਹਿਲਾ ਅੰਕ 2 ਫਰਵਰੀ, 2000 ਨੂੰ ਪ੍ਰਕਾਸ਼ਿਤ ਹੋਇਆ ਸੀ।

ਅੰਸ਼ੁਲ ਛਤਰਪਤੀ ਨੇ ਦੱਸਿਆ ਕਿ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਦਾ ਸੱਚ ਉਜਾਗਰ ਕਰਨ ਲਈ ਉਨ੍ਹਾਂ ਦੇ ਪਿਤਾ ਨੇ ਜੱਦੋਜਹਿਦ ਕੀਤੀ ਸੀ। ਇਸੇ ਲਈ ਉਨ੍ਹਾਂ ਨੇ ਕਈ ਰਾਜਸੀ ਆਗੂਆਂ ਖ਼ਿਲਾਫ਼ ਬੇਝਿਝਜਕ ਹੋ ਕੇ ਖ਼ਬਰਾਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀਆਂ ਸਨ।

ਅੰਸ਼ੁਲ ਛਤਰਪਤੀ ਮੁਤਾਬਕ ਮਈ 2002 ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 'ਤੇ ਸਰੀਰਕ ਸ਼ੋਸ਼ਣ ਦਾ ਦੋਸ਼ ਲਾਉਂਦੇ ਹੋਏ ਡੇਰੇ ਦੀ ਇਕ ਸਾਧਵੀ ਨੇ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਇੱਕ ਗੁਮਨਾਮ ਪੱਤਰ ਭੇਜਿਆ ਸੀ।

ਇਸ ਦੀ ਕਾਪੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਵੀ ਭੇਜੀ ਗਈ ਸੀ।

ਡੇਰੇ ਦੀ ਸਾਧਵੀ ਵੱਲੋਂ ਪ੍ਰਧਾਨ ਮੰਤਰੀ ਤੇ ਹੋਰਾਂ ਨੂੰ ਭੇਜੀ ਗਈ ਇਸ ਚਿੱਠੀ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਨੇ 30 ਮਈ 2002 ਨੂੰ 'ਧਰਮ ਦੇ ਨਾਂ 'ਤੇ ਕੀਤੇ ਜਾ ਰਹੇ ਹਨ ਸਾਧਵੀਆਂ ਦੇ ਜੀਵਨ ਬਰਬਾਦ' ਨਾਂ ਹੇਠ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ ਸੀ।

ਅਸ਼ੁੰਲ ਦਾਅਵਾ ਕਰਦੇ ਹਨ ਕਿ ਇਸ ਤੋਂ ਪਹਿਲਾਂ ਵੀ ਡੇਰੇ ਦੀਆਂ ਗਤੀਵਿਧੀਆਂ ਦੀਆਂ ਖ਼ਬਰਾਂ 'ਪੂਰਾ ਸੱਚ' ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਸਨ।

ਅੰਸ਼ੁਲ ਦਾ ਇਲਜ਼ਾਮ ਹੈ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਡੇਰੇ ਦੇ ਕੁਝ ਸ਼ਰਧਾਲੂ ਤੇ ਡੇਰਾ ਮੁਖੀ ਲਗਾਤਾਰ ਧਮਕੀਆਂ ਦੇ ਰਹੇ ਸਨ ਤੇ ਛਤਰਪਤੀ ਖ਼ਿਲਾਫ਼ ਝੂਠੇ ਪਰਚੇ ਵੀ ਦਰਜ ਕਰਵਾਏ ਗਏ।

ਉਨ੍ਹਾਂ ਨੇ ਕਿਹਾ, ''ਜਦੋਂ ਮੇਰੇ ਪਿਤਾ ਇਨ੍ਹਾਂ ਧਮਕੀਆਂ ਤੇ ਝੂਠੇ ਪਰਚੇ ਤੋਂ ਨਹੀਂ ਡਰੇ ਤਾਂ ਆਖ਼ਰ 24 ਅਕਤੂਬਰ ਨੂੰ ਉਨ੍ਹਾਂ ਉੱਤੇ ਜਾਨ ਲੇਵਾ ਹਮਲਾ ਕਰਵਾਇਆ ਗਿਆ।''

ਛਤਰਪਤੀ ਕੇਸ ਦੀ ਤਰਤੀਬ

  • 21 ਨਵੰਬਰ 2002 'ਚ ਅਪੋਲੋ ਹਸਪਤਾਲ ਵਿੱਚ ਇਲਾਜ ਦੌਰਾਨ ਰਾਮ ਚੰਦਰ ਛਤਰਪਤੀ ਦੀ ਮੌਤ ਹੋ ਗਈ।
  • 25 ਅਕਤੂਬਰ 2002 ਨੂੰ ਘਟਨਾ ਦੇ ਵਿਰੋਧ ਵਿੱਚ ਸਿਰਸਾ ਬੰਦ ਰਿਹਾ। ਮੀਡੀਆ ਕਰਮੀਆਂ ਵੱਲੋਂ ਕਈ ਥਾਵਾਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਗਏ।
  • ਦਸੰਬਰ 2002 ਨੂੰ ਛਤਰਪਤੀ ਪਰਿਵਾਰ ਨੇ ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟ ਹੋ ਕੇ ਮੁੱਖ ਮੰਤਰੀ ਤੋਂ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਏ ਜਾਣ ਦੀ ਮੰਗ ਕੀਤੀ। ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਤੇ ਸਾਜਿਸ਼ਕਰਤਾ ਨੂੰ ਪੁਲੀਸ ਬਚਾ ਰਹੀ ਹੈ।
  • ਜਨਵਰੀ 2003 ਵਿੱਚ ਪੱਤਰਕਾਰ ਰਾਮ ਚੰਦਰ ਦੇ ਪੁੱਤਰ ਅੰਸ਼ੁਲ ਛਤਰਪਦੀ ਨੇ ਹਾਈ ਕੋਰਟ ਵਿੱਚ ਰਿਟ ਦਾਇਰ ਕਰਕੇ ਛਤਰਪਤੀ ਮਾਮਲੇ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। ਪਟੀਸ਼ਨ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 'ਤੇ ਕਤਲ ਕਰਵਾਉਣ ਦੇ ਦੋਸ਼ ਲਾਏ ਗਏ। ਹਾਈ ਕੋਰਟ ਨੇ ਪੱਤਰਕਾਰ ਛਤਰਪਤੀ ਅਤੇ ਰਣਜੀਤ ਕਤਲ ਮਾਮਲਿਆਂ ਦੀ ਸੁਣਵਾਈ ਇੱਕਠੀ ਕਰਦੇ ਹੋਏ 10 ਨਵੰਬਰ 2003 ਨੂੰ ਸੀ.ਬੀ.ਆਈ. ਨੂੰ ਐਫ.ਆਈ.ਆਰ. ਦਰਜ ਕਰਕੇ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ।
  • ਦਸੰਬਰ 2003 ਵਿੱਚ ਸੀ.ਬੀ.ਆਈ. ਨੇ ਪੱਤਰਕਾਰ ਰਾਮ ਚੰਦਰ ਛਤਰਪਤੀ ਅਤੇ ਰਣਜੀਤ ਕਤਲ ਕਾਂਡ ਦੀ ਜਾਂਚ ਸ਼ੁਰੂ ਕੀਤੀ। ਰਣਜੀਤ ਸਿੰਘ ਡੇਰਾ ਪ੍ਰੇਮੀ ਸੀ, ਜਿਸ ਦਾ 2002 ਵਿਚ ਕਤਲ ਹੋ ਗਿਆ ਸੀ, ਉਸ ਦੇ ਕਤਲ ਦਾ ਦੋਸ਼ ਵੀ ਡੇਰੇ ਉੱਤੇ ਲੱਗਿਆ ਸੀ।
  • ਦਸੰਬਰ 2003 ਵਿੱਚ ਡੇਰੇ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੀ.ਬੀ.ਆਈ. ਜਾਂਚ 'ਤੇ ਰੋਕ ਲਾਏ ਜਾਣ ਦੀ ਮੰਗ ਕੀਤੀ। ਸੁਪਰੀਮ ਕੋਰਟ ਨੇ ਉਕਤ ਪਟੀਸ਼ਨ 'ਤੇ ਜਾਂਚ ਨੂੰ ਸਟੇਅ ਕਰ ਦਿੱਤਾ।
  • ਨਵੰਬਰ 2004 ਵਿੱਚ ਦੂਜੀ ਧਿਰ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਡੇਰੇ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤੀ ਤੇ ਸੀ.ਬੀ.ਆਈ. ਦੀ ਜਾਂਚ ਜਾਰੀ ਰੱਖਣ ਦੇ ਆਦੇਸ਼ ਦਿੱਤੇ।
  • ਸੀ.ਬੀ.ਆਈ. ਨੇ ਦੁਬਾਰਾ ਦੋਵਾਂ ਮਾਮਲਿਆਂ (ਰਣਜੀਤ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ) ਦੀ ਜਾਂਚ ਸ਼ੁਰੂ ਕਰਕੇ ਡੇਰਾ ਮੁਖੀ ਸਮੇਤ ਕਈ ਹੋਰ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ। ਜਾਂਚ ਦੇ ਖਿਲਾਫ਼ ਡੇਰੇ ਦੇ ਪ੍ਰੇਮੀਆਂ ਵੱਲੋਂ ਸੀ.ਬੀ.ਆਈ. ਅਧਿਕਾਰੀਆਂ ਦੇ ਖ਼ਿਲਾਫ਼ ਚੰਡੀਗੜ੍ਹ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਗਿਆ।
  • ਡੇਰੇ ਦੀਆਂ ਸਾਧਵੀਆਂ ਵੱਲੋਂ ਡੇਰਾ ਮੁਖੀ ਤੇ ਲਾਏ ਗਏ ਦੋਸ਼ਾਂ ਨੂੰ ਸੀ.ਬੀ.ਆਈ. ਪੰਚਕੂਲਾ ਅਦਾਲਤ ਨੇ ਸਹੀ ਕਰਾਰ ਦਿੰਦੇ ਹੋਏ 25 ਅਗਸਤ 2017 ਨੂੰ ਡੇਰਾ ਮੁਖੀ ਗੁਰਮੀਤ ਰਾਮ ਰਾਹੀਮ ਨੂੰ ਦੋਸ਼ੀ ਕਰਾਰ ਦਿੱਤਾ।
  • 28 ਅਗਸਤ 2017 ਨੂੰ ਡੇਰਾ ਮੁਖੀ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦਸ-ਦਸ ਸਾਲ ਦੀ ਕੈਦ ਸਜ਼ਾ ਸੁਣਾਈ ਗਈ। ਡੇਰਾ ਮੁਖੀ ਹੁਣ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।
  • ਪੱਤਰਕਾਰ ਰਾਮ ਚੰਦਰ ਛਤਰਪਤੀ ਮਾਮਲੇ ਵਿੱਚ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ 11 ਜਨਵਰੀ 2019 ਦੀ ਪੇਸ਼ੀ ਪਾਈ ਗਈ ਹੈ। ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀ ਪੇਸ਼ ਹੋਣਗੇ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)