You’re viewing a text-only version of this website that uses less data. View the main version of the website including all images and videos.
ਫੇਸਬੁੱਕ ਨੇ 20 ਸਾਲਾਂ ਦੌਰਾਨ ਕੀ ਬਦਲਿਆ ਤੇ ਅਗਲੇ 20 ਸਾਲ ਲਈ ਕੀ ਹੈ ਯੋਜਨਾ
ਉੱਪਰਲੀ ਤਸਵੀਰ ਦੇਖੋ, ਫੇਸਬੁੱਕ ਉਦੋਂ ਅਜਿਹੀ ਹੀ ਦਿਖਦੀ ਸੀ ਅਤੇ ਉਸ ਵੇਲੇ ਇਸ ਦਾ ਨਾਮ ‘ਦਿ ਫੇਸਬੁੱਕ’ ਸੀ।
ਇਹ 20 ਸਾਲ ਪੁਰਾਣੀ ਗੱਲ ਹੈ ਜਦੋਂ ਮਾਰਕ ਜ਼ਕਰਬਰਗ ਨੇ ਆਪਣੇ ਕੁਝ ਦੋਸਤਾਂ ਨਾਲ ਇਸ ਨੂੰ ਲਾਂਚ ਕੀਤਾ ਸੀ।
ਦੁਨੀਆ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਉਸ ਸਮੇਂ ਤੋਂ ਹੁਣ ਤੱਕ ਦਰਜਨਾਂ ਵਾਰੀ ਮੁੜ ਡਿਜ਼ਾਇਨ ਕੀਤਾ ਜਾ ਚੁੱਕਾ ਹੈ।
ਪਰ ਇਸ ਦਾ ਮਕਸਦ ਉਹੀ ਹੈ।
ਲੋਕਾਂ ਨੂੰ ਇੰਟਰਨੈੱਟ ਰਾਹੀਂ ਇੱਕ ਦੂਜੇ ਨਾਲ ਜੋੜਨਾ ਯਾਨਿ ਉਨ੍ਹਾਂ ਵਿਚਾਲੇ ਸੰਪਰਕ ਬਣਾਉਣਾ ਅਤੇ ਮਸ਼ਹੂਰੀ ਦੇ ਜ਼ਰੀਏ ਪੈਸਿਆਂ ਦਾ ਪਹਾੜ ਖੜ੍ਹਾ ਕਰਨਾ।
ਫੇਸਬੁੱਕ ਦੀ ਸ਼ੁਰੂਆਤ ਨੂੰ 20 ਸਾਲ ਹੋ ਗਏ ਹਨ।
ਆਓ, ਫੇਸਬੁੱਕ ਨਾਲ ਜੁੜੀਆਂ ਉਨ੍ਹਾਂ ਚਾਰ ਅਹਿਮ ਗੱਲਾਂ ਉੱਤੇ ਨਜ਼ਰ ਮਾਰਦੇ ਹਾਂ, ਜਿਨ੍ਹਾਂ ਦੇ ਜ਼ਰੀਏ ਇਸ ਨੇ ਦੁਨੀਆ ਨੂੰ ਬਦਲ ਦਿੱਤਾ।
ਫੇਸਬੁੱਕ ਨੇ ਬਦਲੀ ਸੋਸ਼ਲ ਮੀਡੀਆ ਦੀ ਖੇਡ
ਫੇਸਬੁੱਕ ਦੀ ਸ਼ੁਰੂਆਤ ਤੋਂ ਪਹਿਲਾਂ ‘ਮਾਈਸਪੇਸ’ ਜਿਹੇ ਸੋਸ਼ਲ ਨੈੱਟਵਰਕ ਮੌਜੂਦ ਸੀ ਪਰ ਮਾਰਕ ਜ਼ਕਰਬਰਗ ਨੇ ਸਾਲ 2004 ਵਿੱਚ ਲਾਂਚ ਹੋਣ ਦੇ ਨਾਲ ਹੀ ਰਫ਼ਤਾਰ ਫੜ ਲਈ ਅਤੇ ਸਾਬਿਤ ਕੀਤਾ ਕਿ ਇਸ ਕਿਸਮ ਦੀ ਆਨਲਾਈਨ ਸਾਈਟ ਕਿਸ ਤਰੀਕੇ ਦਬਦਬਾ ਬਣਾ ਸਕਦੀ ਹੈ।
ਇੱਕ ਸਾਲ ਤੋਂ ਘੱਟ ਸਮੇਂ ਵਿੱਚ ਫੇਸਬੁੱਕ ਦੇ 10 ਲੱਖ ਯੂਜ਼ਰਜ਼ ਸਨ।
ਚਾਰ ਸਾਲਾਂ ਦੇ ਅੰਦਰ ਇਸ ਨੇ ਮਾਈਸਪੇਸ ਨੂੰ ਪਿੱਛੇ ਛੱਡ ਦਿੱਤਾ।
ਇਸ ਤਰੱਕੀ ਦੇ ਪਿੱਛੇ, ਫੇਸਬੁੱਕ ਦੀਆਂ ਕਈ ਖੂਬੀਆਂ ਦੀ ਭੂਮਿਕਾ ਸੀ ਜਿਵੇਂ ਕਿ ਕਿਸੇ ਪੋਸਟ ਵਿੱਚ ਲੋਕਾਂ ਨੂੰ ਟੈਗ ਕਰਨ ਦੀ ਸਹੂਲਤ ਦੇਣਾ।
ਰਾਤ ਨੂੰ ਬਾਹਰ ਘੁੰਮਣ ਜਾਣ ਵੇਲੇ ਡਿਜੀਟਲ ਕੈਮਰਾ ਨਾਲ ਹੋਣਾ, ਸਾਰੀਆਂ ਤਸਵੀਰਾਂ ਵਿੱਚ ਆਪਣੇ ਦੋਸਤਾਂ ਨੂੰ ‘ਟੈਗ ਕਰਨਾ’ 2000 ਦੇ ਦਹਾਕੇ ਦੇ ਆਖ਼ਰੀ ਸਾਲਾਂ ਵਿੱਚ ਨੌਜਵਾਨਾਂ ਦੀ ਜ਼ਿੰਦਗੀ ਦਾ ਹਿੱਸਾ ਸੀ।
ਸ਼ੁਰੂਆਤੀ ਯੂਜ਼ਰਜ਼ ਨੂੰ ਲਗਾਤਾਰ ਆਪਣੀ ਸੋਸ਼ਲ ਮੀਡੀਆ ਫੀਡ ਬਦਲਣਾ ਵੀ ਚੰਗਾ ਲੱਗਦਾ ਸੀ।
ਸਾਲ 2012 ਦੇ ਆਉਂਦੇ-ਆਉਂਦੇ ਫੇਸਬੁੱਕ ਦੇ ਇੱਕ ਅਰਬ ਤੋਂ ਵੱਧ ਯੂਜ਼ਰਜ਼ ਹੋ ਚੁੱਕੇ ਸਨ।
ਸਾਲ 2021 ਦੇ ਆਖ਼ਰੀ ਮਹੀਨਿਆਂ ਵਿੱਚ ਪਹਿਲੀ ਵਾਰੀ ਫੇਸਬੁੱਕ ਦੇ ਐਕਟਿਵ ਯੂਜ਼ਰਜ਼ ਦੀ ਗਿਣਤੀ 1.92 ਅਰਬ ਤੱਕ ਡਿੱਗ ਗਈ।
ਪਰ ਇਹ ਨਿਘਾਰ ਥੋੜੇ ਸਮੇਂ ਲਈ ਹੀ ਸੀ ਫੇਸਬੁੱਕ ਲਗਾਤਾਰ ਅੱਗੇ ਵੱਧਦੀ ਜਾ ਰਹੀ ਹੈ।
ਜਿਹੜੇ ਦੇਸ ਇੰਟਰਨੈਟ ਕਨੈਕਟਿਵਿਟੀ ਦੇ ਮਾਮਲੇ ਵਿੱਚ ਪੱਛੜੇ ਹੋਏ ਹਨ, ਫੇਸਬੁੱਕ ਨੇ ਉੱਥੇ ਵੀ ਆਪਣਾ ਅਧਾਰ ਵਧਾਇਆ ਅਤੇ ਮੁਫ਼ਤ ਇੰਟਰਨੈੱਟ ਦੀ ਪੇਸ਼ਕਸ਼ ਦਿੱਤੀ।
ਇਹ ਕੰਪਨੀ ਫੇਸਬੁੱਕ ਯੂਜ਼ਰਜ਼ ਦੀ ਗਿਣਤੀ ਲਗਾਤਾਰ ਵਧਾਉਣ ਵਿੱਚ ਕਾਮਯਾਬ ਰਹੀ।
ਸਾਲ 2023 ਦੇ ਅੰਤ ਵਿੱਚ ਫੇਸਬੁੱਕ ਨੇ ਜਾਣਕਾਰੀ ਦਿੱਤੀ ਕਿ ਉਸ ਕੋਲ ਦੋ ਅਰਬ ਤੋਂ ਵੱਧ ਅਜਿਹੇ ਯੂਜ਼ਰਜ਼ ਹਨ ਜਿਹੜੇ ਹਰ ਦਿਨ ਇਸ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦੇ ਹਨ।
ਇਹ ਤੱਥ ਹੈ ਕਿ ਨੌਜਵਾਨਾਂ ਵਿੱਚ ਫੇਸਬੁੱਕ ਪਹਿਲਾਂ ਵਾਂਗ ਹੁਣ ਇੰਨੀ ਮਕਬੂਲ ਨਹੀਂ ਰਹੀ ਪਰ ਫਿਰ ਵੀ ਇਹ ਦੁਨੀਆਂ ਦੀ ਸਭ ਤੋਂ ਵੱਧ ਮਕਬੂਲ ਸੋਸ਼ਲ ਨੈਟਵਰਕ ਵੈੱਬਸਾਈਟ ਹੈ। ਇਸ ਨੇ ਆਨਲਾਈਨ ਸੋਸ਼ਲ ਐਕਟੀਵਿਟੀ ਦੇ ਨਵੇਂ ਯੁਗ ਦਾ ਦਰਵਾਜ਼ਾ ਖੋਲ੍ਹਿਆ ਹੈ।
ਕੁਝ ਲੋਕ ਫੇਸਬੁੱਕ ਅਤੇ ਇਸ ਨਾਲ ਮੁਕਾਬਲਾ ਕਰ ਰਹੇ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਲੋਕਾਂ ਵਿੱਚ ਸੰਪਰਕ ਨੂੰ ਮਜ਼ਬੂਤ ਬਣਾਉਣ ਵਾਲੇ ਔਜ਼ਾਰ ਦੇ ਰੂਪ ਵਿੱਚ ਵੀ ਦੇਖਦੇ ਹਨ।
ਕੁਝ ਲੋਕ ਇਨ੍ਹਾਂ ਨੂੰ ਆਦਤ ਦਾ ਸ਼ਿਕਾਰ ਬਣਾਉਣ ਵਾਲੇ ਬਰਬਾਦੀ ਦਾ ਏਜੰਟ ਮੰਨਦੇ ਹਨ।
ਨਿੱਜੀ ਡੇਟਾ ਕੀਮਤੀ ਬਣਾਇਆ ਪਰ ਨਿੱਜਤਾ 'ਚ ਦਖ਼ਲ
ਫੇਸਬੁੱਕ ਨੇ ਸਾਬਿਤ ਕੀਤਾ ਕਿ ਸਾਡੀ ਪਸੰਦ ਅਤੇ ਨਾਪਸੰਦ ਦੀ ਜਾਣਕਾਰੀ ਇਕੱਠੀ ਕਰਨਾ ਬਹੁਤ ਫਾਇਦੇ ਦੀ ਗੱਲ ਹੈ।
ਇਨ੍ਹੀ ਦਿਨੀਂ, ਫੇਸਬੁੱਕ ਦੀ ਪੈਰੇਂਟ ਕੰਪਨੀ ਮੈਟਾ, ਐਡਵਰਟਾਇਜ਼ਿੰਗ ਜਾਇੰਟ, ਯਾਨਿ ਇਸ਼ਤਿਹਾਰਾਂ ਦੀ ਦੁਨੀਆ ਦੇ ਸਰਤਾਜ ਜਿਹੀ ਹੈਸੀਅਤ ਰੱਖਦੀ ਹੈ।
ਮੈਟਾ ਅਤੇ ਗੂਗਲ ਜਿਹੀਆਂ ਕੰਪਨੀਆਂ ਦੁਨੀਆ ਭਰ ਵਿੱਚ ਇਸ਼ਤਿਹਾਰ ਉੱਤੇ ਖਰਚ ਹੋਣ ਵਾਲੀ ਰਕਮ ਦਾ ਸਭ ਤੋਂ ਵੱਡਾ ਹਿੱਸਾ ਹਾਸਲ ਕਰਦੀਆਂ ਹਨ।
ਮੈਟਾ ਨੇ ਦੱਸਿਆ ਕਿ 2023 ਦੀ ਤੀਜੀ ਤਿਮਾਹੀ ਵਿੱਚ 34 ਅਰਬ ਡਾਲਰ ਯਾਨਿ ਕਰੀਬ 28 ਖ਼ਰਬ ਅਤੇ 25 ਅਰਬ ਤੋਂ ਵੱਧ ਰੁਪਏ ਕਮਾਏ।
ਇਸ ਵਿੱਚੋਂ 11.5 ਅਰਬ ਡਾਲਰ ਯਾਨਿ ਕਰੀਬ 9 ਖ਼ਰਬ 55 ਅਰਬ ਰੁਪਏ ਵੱਧ ਮੁਨਾਫ਼ਾ ਸੀ।
ਕਮਾਈ ਦਾ ਵਧੇਰੇ ਹਿੱਸਾ ਟਾਰਗਿਟਿਡ ਐਡ ਸਰਵਿਸਜ਼ ਜ਼ਰੀਏ ਆਇਆ ਸੀ।
ਪਰ ਫੇਸਬੁੱਕ ਨੇ ਇਹ ਵੀ ਦਿਖਾਇਆ ਹੈ ਕਿ ਡੇਟਾ ਇਕੱਠਾ ਕਰਨ ਦੀ ਕਿਸ ਤਰੀਕੇ ਦੁਰਵਰਤੋਂ ਹੋ ਸਕਦੀ ਹੈ।
ਮੇਟਾ ਉੱਤੇ ਨਿੱਜੀ ਡੇਟਾ ਦੀ ਸਹੀ ਤਰੀਕੇ ਨਾਲ ਵਰਤੋਂ ਨਾ ਕਰਨ ਲਈ ਕਈ ਵਾਰੀ ਜੁਰਮਾਨਾ ਲੱਗ ਚੁੱਕਾ ਹੈ।
ਜਨਤਕ ਤੌਰ ਉੱਤੇ ਜਿਸ ਮਾਮਲੇ ਵਿੱਚ ਸਭ ਤੋਂ ਵੱਧ ਚਰਚਾ ਮਿਲੀ ਉਹ ਸਾਲ 2014 ਦਾ ਕੈਂਬ੍ਰਿਜ ਐਨਾਲਿਟਿਕਾ ਸਕੈਂਡਲ ਸੀ।
ਫੇਸਬੁੱਕ ਇਸ ਮਾਮਲੇ ਵਿੱਚ ਸਮਝੋਤੇ ਦੇ ਲਈ 72 ਕਰੋੜ ਡਾਲਰ ਤੋਂ ਵੱਧ ਰਕਮ ਮੋੜਨ ਲਈ ਤਿਆਰ ਹੋ ਗਿਆ।
ਸਾਲ 2022 ਵਿੱਚ ਫੇਸਬੁੱਕ ਨੇ ਯੂਰਪੀਅਨ ਯੂਨੀਅਨ ਦੇ ਵੱਲੋਂ ਲਾਇਆ ਗਿਆ 2650 ਲੱਖ ਯੂਰੋ ਦਾ ਜੁਰਮਾਨਾ ਭਰਿਆ। ਇਹ ਜੁਰਮਾਨਾ ਫੇਸਬੁੱਕ ਦੀ ਸਾਈਟ ਤੋਂ ਨਿੱਜੀ ਡੇਟਾ ਕੱਢਣ ਦੇ ਕਰਕੇ ਲਾਇਆ ਗਿਆ ਸੀ।
ਬੀਤੇ ਸਾਲ ਇਸ ਕੰਪਨੀ ਉੱਤੇ ਆਇਰਿਸ਼ ਡੇਟਾ ਪ੍ਰੋਟੈਕਸ਼ਨ ਕਮਿਸ਼ਨ ਨੇ ਰਿਕਾਰਡ 1.2 ਅਰਬ ਯੂਰੋ ਦਾ ਜੁਰਮਾਨਾ ਲਗਾਇਆ।
ਇਹ ਜੁਰਮਾਨਾ ਯੂਰਪ ਦੇ ਯੂਜ਼ਰਜ਼ ਦੇ ਡੇਟਾ ਨੂੰ ਅਧਿਕਾਰ ਖੇਤਰ ਤੋਂ ਬਾਹਰ ਟ੍ਰਾਂਸਫ਼ਰ ਕਰਨ ਦੇ ਲਈ ਲਗਾਇਆ ਗਿਆ ਸੀ।
ਫੇਸਬੁੱਕ ਨੇ ਜੁਰਮਾਨੇ ਦੇ ਖ਼ਿਲਾਫ਼ ਅਪੀਲ ਕੀਤੀ ਹੈ।
ਫੇਸਬੁੱਕ ਨੇ ਕੀਤਾ ਇੰਟਰਨੈੱਟ ਦਾ ਸਿਆਸੀਕਰਨ
ਫੇਸਬੁੱਕ ਟਾਰਗਿਟਿਡ ਇਸ਼ਤਿਹਾਰ ਦੀ ਸੁਵਿਧਾ ਦਿੰਦਾ ਹੈ। ਇਸ ਨਾਲ ਦੁਨੀਆਂ ਭਰ ਵਿੱਚ ਇਹ ਚੋਣਾਂ ਦੇ ਪ੍ਰਚਾਰ ਦਾ ਮੁੱਖ ਪਲੇਟਫਾਰਮ ਬਣ ਗਿਆ।
ਮਿਸਾਲ ਦੇ ਵਜੋਂ ਸਾਲ 2020 ਵਿੱਚ ਜਦੋਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਸਿਰਫ਼ ਪੰਜ ਮਹੀਨੇ ਬਾਕੀ ਸਨ। ਉਦੋਂ ਤੱਤਕਾਲੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੀਮ ਨੇ ਫੇਸਬੁਕ ਇਸ਼ਤਿਹਾਰ ਉੱਤੇ 400 ਲੱਖ ਡਾਲਰ ਤੋਂ ਵੱਧ ਰਕਮ ਖਰਚ ਕੀਤੀ।
ਇਹ ਅੰਕੜਾ ‘ਸਟੈਟਿਸਟਾ ਰਿਸਰਚ’ ਨੇ ਜਾਰੀ ਕੀਤਾ ਹੈ।
ਫੇਸਬੁੱਕ ਦੀ ਭੂਮਿਕਾ ਜ਼ਮੀਨੀ ਪੱਧਰ ਦੀ ਸਿਆਸਤ ਨੂੰ ਬਦਲਣ ਵਿੱਚ ਵੀ ਰਹੀ ਹੈ।
ਇਹ ਸਮੂਹਾਂ ਨੂੰ ਇਕੱਠਾ ਹੋਣ। ਮੁਹਿੰਮ ਚਲਾਉਣ ਅਤੇ ਸੰਸਾਰ ਪੱਧਰ ਉੱਤੇ ਕਦਮ ਚੁੱਕਣ ਨਾਲ ਜੁੜੀਆਂ ਯੋਜਨਾਵਾਂ ਬਣਾਉਣ ਦੀ ਸਹੂਲਤ ਦਿੰਦਾ ਹੈ।
‘ਅਰਬ ਸਪਰਿੰਗ’ ਯਾਨਿ ਅਰਬ ਕ੍ਰਾਂਤੀ ਦੇ ਦੌਰਾਨ ਵਿਰੋਧ ਪ੍ਰਦਰਸ਼ਨ ਕਰਵਾਉਣ ਅਤੇ ਜ਼ਮੀਨ ਉੱਤੇ ਹੋ ਰਹੀਆਂ ਘਟਨਾਵਾਂ ਦੀ ਖ਼ਬਰ ਪ੍ਰਸਾਰਤ ਕਰਨ ਵਿੱਚ ਫੇਸਬੁੱਕ ਅਤੇ ਟਵਿੱਟਰ ਦੀ ਭੂਮਿਕਾ ਅਹਿਮ ਮੰਨੀ ਗਈ ਹੈ।
ਫਿਰ ਕੁਝ ਨਤੀਜਿਆਂ ਨੂੰ ਲੈ ਕੇ ਫੇਸਬੁੱਕ ਦੀ ਸਿਆਸੀ ਵਰਤੋ ਦਾ ਵਿਰੋਧ ਵੀ ਹੁੰਦਾ ਹੈ, ਮਨੁੱਖੀ ਅਧਿਕਾਰਾਂ ਉੱਤੇ ਅਸਰ ਵੀ ਇਸ ਵਿੱਚ ਸ਼ਾਮਲ ਹੈ।
ਸਾਲ 2018 ਵਿੱਚ ਫੇਸਬੁੱਕ ਨੇ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਸਹਿਮਤੀ ਜ਼ਾਹਿਰ ਕੀਤੀ ਸੀ। ਇਸ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਮਿਆਮਾਰ ਵਿੱਚ ਰੋਹਿੰਗੀਆ ਲੋਕਾਂ ਦੇ ਖ਼ਿਲਾਫ਼ ‘ਹਿੰਸਾ ਨੂੰ ਉਕਸਾਉਣ’ ਦੇ ਸਮੇਂ ਫੇਸਬੁੱਕ ਯੂਜ਼ਰਜ਼ ਨੂੰ ਆਪਣਾ ਪਲੇਟਫਾਰਮ ਵਰਤਣ ਤੋਂ ਰੋਕਣ ਵਿੱਚ ਨਾਕਾਮ ਰਿਹਾ।
ਫੇਸਬੁੱਕ ਜ਼ਰੀਏ ਮੈਟਾ ਦਾ ਦਬਦਬਾ
ਫੇਸਬੁੱਕ ਦੀ ਬੇਸ਼ੁਮਾਰ ਕਾਮਯਾਬੀ ਦੇ ਜ਼ਰੀਏ ਮਾਰਕ ਜ਼ਕਰਬਰਗ ਨੇ ਸੋਸ਼ਲ ਨੈੱਟਵਰਕ ਬਣਾਇਆ ਅਤੇ ਤਕਨੀਕੀ ਸਾਮਰਾਜ ਖੜ੍ਹਾ ਕਰ ਲਿਆ। ਯੂਜ਼ਰਜ਼ ਦੀ ਗਿਣਤੀ ਅਤੇ ਇਸ ਦੇ ਜ਼ਰੀਏ ਮਿਲੀ ਤਾਕਤ ਨੂੰ ਮਿਣਿਆ ਨਹੀਂ ਜਾ ਸਕਦਾ।
ਉੱਭਰਦੀਆਂ ਕੰਪਨੀਆਂ ਜਿਵੇਂ ਵੱਟਸਐਪ, ਇੰਸਟਾਗ੍ਰਾਮ ਅਤੇ ਆਕੁਲਸ ਨੂੰ ਫੇਸਬੁੱਕ ਨੇ ਖਰੀਦ ਲਿਆ। ਇਸ ਨੂੰ ਫੇਸਬੁੱਕ ਦੇ ਤਹਿਤ ਲਿਆਂਦਾ ਗਿਆ ਅਤੇ ਬਾਅਦ ਵਿੱਚ ਸਾਲ 2022 ਵਿੱਚ ਇਸ ਕੰਪਨੀ ਦਾ ਨਾਮ ਮੈਟਾ ਕਰ ਦਿੱਤਾ ਗਿਆ।
ਮੈਟਾ ਦਾ ਕਹਿਣਾ ਹੈ ਕਿ ਅੱਜ ਤਿੰਨ ਅਰਬ ਤੋਂ ਵੱਧ ਲੋਕ ਹਰ ਦਿਨ ਉਸ ਦੇ ਘੱਟੋ ਘੱਟ ਇਕ ਪ੍ਰੌਡਟਕਟ ਦੀ ਵਰਤੋ ਕਰਦੇ ਹਨ।
ਮੈਟਾ ਜਦੋਂ ਆਪਣੇ ਮੁਕਾਬਲੇ ਵਿੱਚ ਚੱਲ ਰਹੀ ਕੰਪਨੀ ਨਹੀਂ ਖਰੀਦ ਸਕਦਾ ਤਾਂ ਕਈ ਵਾਰ ਉਨ੍ਹਾਂ ਉੱਤੇ ਆਪਣੀ ਨਕਲ ਕਰਨ ਦਾ ਇਲਜ਼ਾਮ ਲਾਉਂਦਾ ਹੈ, ਤਾਂ ਕਿ ਉਹ ਆਪਣਾ ਦਬਦਬਾ ਬਣਾ ਕੇ ਰੱਖੇ।
ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ‘ਡਿਸਅਪੀਅਰਿੰਗ ਸਟੋਰੀਜ਼’ ਦਾ ਫੀਚਰ ਸਨੈਪਚੈਟ ਦੇ ਮੁਖ ਫੀਚਰ ਦੇ ਵਾਂਗ ਹੀ ਹੈ।
ਇੰਸਟਾਗ੍ਰਾਮ ਰੀਲਜ਼ ਮੈਟਾ ਦੇ ਵੱਲੋਂ ਵੀਡੀਓ ਸ਼ੇਅਰਿੰਗ ਐਪ ਟਿਕਟੌਕ ਦਾ ਜਵਾਬ ਹੈ। ਮੈਟਾ ਦਾ ਥਰੈੱਡਜ਼ ਸੋਸ਼ਲ ਪਲੇਟਫਾਰਮ ਐਕਸ(ਪਹਿਲਾਂ ਟਵਿੱਟਰ) ਦਾ ਬਦਲ ਵਿਕਸਤ ਕਰਨ ਦੀ ਕੋਸ਼ਿਸ਼ ਹੈ।
ਹੁਣ ਰਣਨੀਤੀ ਦੀ ਭੂਮਿਕਾ ਕਿਤੇ ਵੱਧ ਅਹਿਮ ਹੋ ਗਈ ਹੈ। ਇਸ ਦਾ ਕਾਰਨ ਵੱਧਦਾ ਮੁਕਾਬਲਾ ਅਤੇ ਨਿਗਰਾਨੀ ਰੱਖਣ ਵਾਲੀਆਂ ਸੰਸਥਾਵਾਂ ਦੀ ਵਧਦੀ ਸਖ਼ਤੀ ਹੈ।
ਸਾਲ 2022 ਵਿੱਚ ਮੈਟਾ ਘਾਟਾ ਸਹਿ ਕੇ ਵੀ ਜੀਆਈਐਫ਼ ਬਣਾਉਣ ਵਾਲੀ ਕੰਪਨੀ ਜਿਫੀ ਨੂੰ ਵੇਚਣ ਉੱਤੇ ਮਜਬੂਰ ਹੋ ਗਈ।
ਬ੍ਰਿਟੇਨ ਦੇ ਨਜ਼ਰਸਾਨੀ ਰੱਖਣ ਵਾਲੇ ਮਹਿਕਮੇ ਨੇ ਇਸ ਦੇ ਲੋੜ ਤੋਂ ਵੱਧ ਦਬਦਬੇ ਦੇ ਡਰ ਨਾਲ ਇਸ ਦੀ ਸੇਵਾਵਾਂ ਉੱਤੇ ਮਾਲਕੀ ਰੱਖਣ ਤੋਂ ਰੋਕ ਦਿੱਤਾ।
ਅਗਲੇ 20 ਸਾਲਾਂ ਵਿੱਚ ਕੀ ਹੋਵੇਗਾ?
ਫੇਸਬੁੱਕ ਦਾ ਉਭਾਰ ਅਤੇ ਇਸ ਦਾ ਲਗਾਤਾਰ ਦਬਦਬਾ ਬਣਾ ਕੇ ਰੱਖਣਾ ਮਾਰਕ ਜ਼ਕਰਬਰਗ ਦੀ ਸਮਰੱਥਾ ਦਿਖਾਉਂਦਾ ਹੈ ਜੋ ਇਸੇ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ।
ਪਰ ਅਗਲੇ 20 ਸਾਲਾਂ ਦੇ ਦੌਰਾਨ ਇਸ ਨੂੰ ਸਭ ਤੋਂ ਵੱਧ ਮਕਬੂਲ ਸੌਸ਼ਲ ਮੀਡੀਆ ਨੈਟਵਰਕ ਬਣਾ ਕੇ ਰੱਖਣਾ ਪਹਾੜ ਜਿੱਡੀ ਚੁਣੌਤੀ ਸਾਬਤ ਹੋ ਸਕਦੀ ਹੈ। ਮੈਟਾ ਹੁਣ ਮੈਟਾਵਰਸ ਦੇ ਆਇਡੀਆ ਦੇ ਆਲੇ-ਦੁਆਲੇ ਬਿਜਨਸ ਮਾਡਲ ਖੜ੍ਹਾ ਕਰਨ ਦੀ ਪੁਰਜ਼ੋਰ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ।
ਉਹ ਐਪਲ ਜਿਹੀਆਂ ਕੰਪਨੀਆਂ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਹੈ।
ਮੈਟਾ ਦੇ ਲਈ ਆਰਟੀਫੀਸ਼ਿਅਲ ਇੰਟੈਲੀਜੈਂਸ ਵੀ ਸਭ ਤੋਂ ਪਹਿਲੀ ਤਰਜੀਹ ਹੈ।
ਹੁਣ ਜਦੋਂ ਕੰਪਨੀ ਫੇਸਬੁੱਕ ਦੀਆਂ ਜੜਾਂ ਨਾਲੋਂ ਟੁੱਟਦੀ ਜਾ ਰਹੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਦੁਨੀਆਂ ਭਰ ਵਿੱਚ ਮੌਜੂਦ ਇਸ ਸੋਸ਼ਲ ਨੈਟਵਰਕ ਸਾਈਟ ਦਾ ਭਵਿੱਖ ਕਿਹੋ ਜਿਹਾ ਹੋਵੇਗਾ