ਈਲੋਨ ਮਸਕ: ਘਾਟੇ ਵਿੱਚ ਚੱਲ ਰਹੀ ਟੈਸਲਾ ਨੂੰ ਕਿਵੇਂ ਬਣਾਇਆ ਖ਼ਰਬਾਂ ਦੀ ਕੰਪਨੀ, ਕੀ ਗੁਜਰਾਤ ਵਿੱਚ ਵੀ ਲੱਗੇਗਾ ਪਲਾਂਟ

    • ਲੇਖਕ, ਜੈਦੀਪ ਵਸੰਤ
    • ਰੋਲ, ਬੀਬੀਸੀ ਪੱਤਰਕਾਰ

ਸਾਲ 2003 ਵਿੱਚ ਈਲੋਨ ਮਸਕ ਨੇ ਇੱਕ ਕਾਰਾਂ ਬਣਾਉਣ ਵਾਲੀ ਕੰਪਨੀ ਟੈਸਲਾ ਵਿੱਚ ਨਿਵੇਸ਼ ਕੀਤਾ।

ਸਾਲ 2008 ਵਿੱਚ ਜਦੋਂ ਕੰਪਨੀ ਦੀਵਾਲੀਏਪਣ ਦੇ ਕੰਢੇ ਉੱਤੇ ਖੜ੍ਹੀ ਸੀ ਉਸ ਵੇਲੇ ਕੰਪਨੀ ਦੀ ਵਾਗਡੋਰ ਮਸਕ ਨੇ ਆਪਣੇ ਹੱਥ ਲੈ ਲਈ।

ਉਨ੍ਹਾਂ ਦੀ ਅਗਵਾਈ ਵਿੱਚ ਕੰਪਨੀ ਨੇ ਸਾਲ 2008 ਦੀ ਇਤਿਹਾਸਕ ਆਰਥਿਕ ਮੰਦੀ ਦਾ ਸਾਹਮਣਾ ਕੀਤਾ।

ਟੈਸਲਾ ਲਗਾਤਾਰ 13 ਸਾਲ ਕੋਈ ਮੁਨਾਫ਼ਾ ਨਹੀਂ ਕਮਾ ਸਕੀ।

ਕੰਪਨੀ ਨੇ ਸਾਲ 2021 ਵਿੱਚ ਪਹਿਲੀ ਵਾਰ 6.9 ਕਰੋੜ ਡਾਲਰ ਦਾ ਮੁਨਾਫ਼ਾ ਕਮਾਇਆ।

ਇਸ ਉਭਾਰ ਦਾ ਕੰਪਨੀ ਦੇ ਸ਼ੇਅਰਾਂ ਉੱਤੇ ਵੀ ਚੰਗਾ ਅਸਰ ਪਿਆ ਅਤੇ ਕੰਪਨੀ ‘ਟ੍ਰਿਲੀਅਨ ਡਾਲਰ ਕਲੱਬ’ ਵਿੱਚ ਸ਼ਾਮਲ ਹੋ ਗਈ।

ਇਸ ਮਗਰੋਂ ਮਸਕ ਦੇ ਇੱਕ ਫੈਸਲੇ ਕਾਰਨ ਕੰਪਨੀ ਇਸ ਗਰੁੱਪ ਵਿੱਚੋਂ ਬਾਹਰ ਹੋ ਗਈ।

ਫਿਲਹਾਲ ਕੰਪਨੀ ਆਪਣੇ ਚਿਰਾਂ ਤੋਂ ਉਡੀਕੇ ਜਾ ਰਹੇ ਆਪਣੇ ਕਿਫ਼ਾਇਤੀ ਮਾਡਲ ਉੱਪਰ ਟੇਕ ਰੱਖ ਰਹੀ ਹੈ। ਕੰਪਨੀ ਨੂੰ ਉਮੀਦ ਹੈ ਕਿ ਇਸ ਮਾਡਲ ਦੀ ਵਾਧੂ ਵਿਕਰੀ ਹੋਵੇਗੀ।

ਮਸਕ ਚਾਹੁੰਦੇ ਹਨ ਕਿ ਭਾਰਤ ਵਿਦੇਸ਼ੀ ਕਾਰ ਕੰਪਨੀ ਟੈਸਲਾ ਲਈ ਆਪਣੇ ਟੈਕਸਾਂ ਵਿੱਚ ਕਟੌਤੀ ਕਰੇ। ਹਾਲਾਂਕਿ ਮੋਦੀ ਸਰਕਾਰ ਨੇ ਇਸ ਮੁੱਦੇ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਬਾਰੇ ‘ਵਾਈਬਰੈਂਟ ਗੁਜਰਾਤ ਗਲੋਬਨ ਸਮਿੱਟ’ ਦੌਰਾਨ ਕੋਈ ਸਮਝੌਤਾ ਹੋਣ ਦੀ ਉਮੀਦ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੰਪਨੀ ਨੂੰ ਸੰਨਾਦ ਇਲਾਕੇ ਨੇੜੇ ਜ਼ਮੀਨ ਦਿੱਤੀ ਜਾਵੇਗੀ।

ਗੁਜਰਾਤ ਸਰਕਾਰ ਨੇ ਇਸ ਬਾਰੇ ਸਕਰਾਤਮਕਤਾ ਦਾ ਪ੍ਰਗਟਾਅ ਕੀਤਾ ਹੈ।

ਮੋਦੀ ਅਤੇ ਮਸਕ ਦੀ ਪਿਛਲੇ ਸਾਲ ਹੋਈ ਬੈਠਕ ਦੌਰਾਨ ਵੀ ਦੋਵਾਂ ਨੇ ਭਾਰਤ ਵਿੱਚ ਵੱਡਾ ਨਿਵੇਸ਼ ਕੀਤੇ ਜਾਣ ਦੇ ਸੰਕੇਤ ਦਿੱਤੇ ਸਨ।

ਇੱਕ ਕੰਪਨੀ ਪੰਜ ਲੋਕ

ਅਮਰੀਕਾ ਵਿੱਚ ਫੋਰਡ ਸਾਲ 1956 ਵਿੱਚ ਸਟਾਕ ਮਾਰਕਿਟ ਉੱਤੇ ਆਈ ਸੀ ਅਤੇ ਕਰਿਸਲਰ ਆਖਰੀ ਸਫ਼ਲ ਕਾਰ ਉਤਪਾਦਕ ਸੀ।

ਆਟੋਮੋਬਾਈਲ ਦੀ ਦੁਨੀਆਂ ਵਿੱਚ ਕਿਹਾ ਜਾਂਦਾ ਹੈ ਕਿ ‘ਇੰਜਣਾਂ ਵਿੱਚ ਸੁਧਾਰ ਕਰਨਾ ਤਾਂ ਸੁਖਾਲਾ ਹੈ ਪਰ ਦਰਵਾਜ਼ੇ ਬਦਲਣੇ ਮੁਸ਼ਕਲ ਹਨ’।

ਅਜਿਹੇ ਹਾਲਾਤ ਦੌਰਾਨ ਜਨਰਲ ਮੋਟਰ ਅਤੇ ਫੋਰਡ ਵਰਗੀਆਂ ਕੰਪਨੀਆਂ ਨੇ ਬਿਜਲੀ ਵਾਲੀਆਂ ਕਾਰਾਂ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਉਮੀਦ ਮੁਤਾਬਕ ਸਫ਼ਲਤਾ ਨਹੀਂ ਮਿਲ ਸਕੀ। ਇਸ ਸਥਿਤੀ ਨੂੰ ਦੋ ਬੰਦਿਆਂ ਨੇ ਬਦਲਿਆ।

ਮਾਰਟਿਨ ਏਬਰਹਾਰਡ ਅਤੇ ਮਾਰਕ ਟੁਰਪਨਿੰਗ ਨੇ ਰੌਕਿਟਬੁੱਕ ਸਾਲ 1998 ਵਿੱਚ ਕੱਢੀ। ਇਸ ਨੂੰ ਐਮੇਜ਼ੋਨ ਦੀ ਕਿੰਡਲ ਜੋ ਕਿ ਈ-ਕਿਤਾਬਾਂ ਪੜ੍ਹਨ ਲਈ ਵਰਤੀ ਜਾਣ ਵਾਲੀ ਸਲੇਟ ਹੈ, ਦਾ ਸ਼ੁਰੂਆਤੀ ਰੂਪ ਕਹਿ ਸਕਦੇ ਹਾਂ।

ਇਹ ਉਹੀ ਸਮਾਂ ਸੀ ਜਦੋਂ ਅਮਰੀਕਾ ਵਿੱਚ ਆਈਟੀ ਅਤੇ ਡਾਟ ਕਾਮ ਕੰਪਨੀਆਂ ਦੀ ਗੁੱਡੀ ਅਸਮਾਨੀ ਚੜ੍ਹ ਰਹੀ ਸੀ। ਨਵੀਆਂ ਕੰਪਨੀਆਂ ਬਜ਼ਾਰ ਵਿੱਚ ਆ ਕੇ ਪੁਰਾਣੀਆਂ ਕੰਪਨੀਆਂ ਨੂੰ ਚੁਣੌਤੀ ਦੇ ਰਹੀਆਂ ਸਨ।

ਪੁਰਾਣੀਆਂ ਕੰਪਨੀਆਂ ਨੇ ਖੋਜ ਅਤੇ ਤਕਨੀਕੀ ਵਿਕਾਸ ਅਤੇ ਕੰਪਨੀਆਂ ਖ਼ਰੀਦ ਕੇ ਜਾਂ ਆਪਣੇ ਵਿੱਚ ਰਲਾ ਕੇ ਮੁਕਾਬਲੇ ਵਿੱਚ ਬਣੇ ਰਹਿਣ ਦੀ ਵਾਹ ਲਾਈ।

ਦੋ ਸਾਲਾਂ ਵਿੱਚ ਹੀ ਜੈਮਸਟਰ-ਟੀਵੀ ਗਾਈਡ ਇੰਟਰਨੈਸ਼ਨਲ ਨੇ ਕੰਪਨੀ ਨੂੰ 18.7 ਮਿਲੀਅਨ ਡਾਲਰ ਵਿੱਚ ਖ਼ਰੀਦ ਲਿਆ।

ਦੋਵੇਂ ਜਣੇ ਆਪਣੀ ਉਮਰ ਦੇ ਤੀਜੇ ਦਹਾਕਿਆਂ ਵਿੱਚ ਸਨ ਅਤੇ ਦੋਵਾਂ ਕੋਲ ਹੀ ਖੁੱਲ੍ਹਾ ਪੈਸਾ ਸੀ ਕਿ ਉਹ ਅਰਾਮ ਕਰ ਸਕਦੇ ਸਨ।

ਮਾਰਟਿਨ ਨੇ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਬਣਾਉਣ ਵਾਲੀ ਕੰਪਨੀ ਏਸੀ ਪਰੋਪਲਸ਼ਨ ਵਿੱਚ ਨਿਵੇਸ਼ ਵੀ ਕੀਤਾ ਅਤੇ ਉਨ੍ਹਾਂ ਨੂੰ ਸਲਾਹ ਵੀ ਦਿੱਤੀ।

ਹਾਲਾਂਕਿ ਕੰਪਨੀ ਨੇ ਆਪਣਾ ਟੀ-ਜ਼ੈਰੋ ਮਾਡਲ ਮਾਰਟਿਨ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਕੰਪਨੀ ਆਪਣਾ ਮਾਡਲ ਬਜ਼ਾਰ ਵਿੱਚ ਵੀ ਉਤਾਰਨਾ ਨਹੀਂ ਚਾਹੁੰਦੀ ਸੀ।

ਅਜਿਹੀਆਂ ਸਥਿਤੀਆਂ ਵਿੱਚ ਮਾਰਟਿਨ ਨੇ ਆਪਣੇ ਪੁਰਾਣੇ ਮਿੱਤਰ ਮਾਰਕ ਨਾਲ ਮਿਲ ਕੇ ਇੱਕ ਨਵੀਂ ਕਾਰ ਨਿਰਮਾਤਾ ਕੰਪਨੀ ਸ਼ੁਰੂ ਕਰਨ ਦਾ ਮਨ ਬਣਾਇਆ।

ਉਨ੍ਹਾਂ ਦਾ ਸੁਫ਼ਨਾ ਟੈਸਲਾ ਦੇ ਰੂਪ ਵਿੱਚ ਸਾਲ 2003 ਵਿੱਚ ਪੂਰਾ ਹੋਇਆ। ਇਹ ਨਾਮ ਰੱਖ ਕੇ ਉਹ ਖੋਜੀ ਨਿਕੋਲ ਟੈਸਲਾ ਨੂੰ ਸ਼ਰਧਾਂਜਲੀ ਵੀ ਭੇਂਟ ਕਰਨੀ ਚਾਹੁੰਦੇ ਸਨ।

ਉਪਰੋਕਤ ਸਾਰੇ ਵੇਰਵੇ ਅਮਰੀਕੀ ਪੱਤਰਕਾਰ ਐਸ਼ਲੀ ਵੈਨਸ ਨੇ ਆਪਣੀ ਕਿਤਾਬ, “ਈਲੋਨ ਮਸਕ: ਟੈਸਲਾ, ਸਪੇਸ-ਐਕਸ ਐਂਡ ਦਿ ਕੁਐਸਟ ਫਾਰ ਦਿ ਫੈਂਟੈਸਟਿਕ ਫਿਊਚਰ” ਦੇ ਸੱਤਵੇਂ ਪਾਠ ਵਿੱਚ ਦਿੱਤੇ ਹਨ।

ਤਕਨੀਕ ਦੀ ਪਰਖ

ਕਾਰ ਦੀ ਬੈਟਰੀ ਵਿੱਚ ਬਿਜਲੀ ਸਟੋਰ ਕਰਨ ਲਈ ਲੀਥੀਅਮ ਸੈਲਾਂ ਦੀ ਇੱਕ ਲੜੀ ਵਰਤੀ ਜਾਂਦੀ ਹੈ।

ਪਹਿਲਾਂ ਲੈਡ ਅਤੇ ਤੇਜ਼ਾਬ ਅਧਾਰਿਤ ਬੈਟਰੀਆਂ ਹੁੰਦੀਆਂ ਸਨ। ਜਿਨ੍ਹਾਂ ਕਾਰਨ ਕਈ ਦਹਾਕਿਆਂ ਤੱਕ ਇਲੈਕਟ੍ਰਿਕ ਕਾਰਾਂ ਵਿੱਚ ਬਹੁਤਾ ਵਿਕਾਸ ਨਹੀਂ ਹੋ ਸਕਿਆ।

ਲੈਡ ਅਤੇ ਤੇਜ਼ਾਬ ਵਾਲੀਆਂ ਬੈਟਰੀਆਂ ਨਾਲ ਜੇ ਕਾਰ ਚਲਾਉਣੀ ਹੋਵੇ ਤਾਂ ਕਾਰ ਵਿੱਚ ਬਹੁਤ ਸਾਰੀ ਥਾਂ ਤਾਂ ਇਹ ਬੈਟਰੀਆਂ ਹੀ ਘੇਰ ਲੈਂਦੀਆਂ ਸਨ ਅਤੇ ਕਾਰ ਭਾਰੀ ਵੀ ਹੋ ਜਾਂਦੀ ਸੀ।

ਇਹ ਬੈਟਰੀਆਂ ਖ਼ਤਰਨਾਕ ਵੀ ਸਨ। ਇਹ ਬੈਟਰੀਆਂ ਗੋਲਫ਼ ਦੇ ਮੈਦਾਨਾਂ ਵਿੱਚ ਜਾਂ ਥੋੜ੍ਹੀ ਦੂਰੀ ਦੇ ਸਫਰ ਲਈ ਤਾਂ ਠੀਕ ਸਨ ਪਰ ਲੰਬੀ ਦੂਰੀ ਤੱਕ ਚੱਲਣ ਵਾਲੀਆਂ ਕਾਰਾਂ ਲਈ ਢੁਕਵੀਆਂ ਨਹੀਂ ਸਨ।

ਇਹ ਉਹ ਸਮਾਂ ਸੀ ਜਦੋਂ ਮੋਬਾਈਲ ਅਤੇ ਲੈਪਟਾਪ ਵੀ ਬਜ਼ਾਰ ਵਿੱਚ ਅਵਤਾਰ ਲੈ ਰਹੇ ਸਨ। ਲੀਥੀਅਮ-ਆਇਨ ਬੈਟਰੀਆਂ ਕੈਮਰਿਆਂ, ਟਾਰਚਾਂ ਵਰਗੇ ਉਪਕਰਣਾਂ ਵਿੱਚ ਵੀ ਵਰਤੀਆਂ ਜਾਣ ਲੱਗੀਆਂ ਸਨ।

ਨਵੀਂ ਬੈਟਰੀ ਹਲਕੀ ਸੀ, ਇਸਦੀ ਬਿਜਲੀ ਭੰਡਾਰਣ ਸਮਰੱਥਾ ਵੀ ਜ਼ਿਆਦਾ ਸੀ ਅਤੇ ਸੁਰੱਖਿਅਤ ਵੀ ਸੀ। ਆਉਣ ਵਾਲੇ ਸਾਲਾਂ ਦੌਰਾਨ ਇਨ੍ਹਾਂ ਬੈਟਰੀਆਂ ਦੀ ਬਿਜਲੀ ਭੰਡਾਰਣ ਦੀ ਸਮਰੱਥਾ ਵਿੱਚ ਵੀ ਨਿਰੰਤਰ ਸੁਧਾਰ ਹੁੰਦਾ ਰਿਹਾ।

ਵੈਨਸ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਮਾਰਟਿਨ ਅਤੇ ਮਾਰਕ ਨੇ ਇਆਨ ਰਾਈਟ ਨੂੰ ਆਪਣੇ ਨਾਲ ਮਿਲਾਇਆ ਅਤੇ ਅੱਗੇ ਵਧੇ।

ਟੈਸਲਾ ਨੇ ਆਪਣੀਆਂ ਕਾਰਾਂ ਵਿੱਚ ਲੀਥੀਅਮ ਆਇਨ ਬੈਟਰੀਆਂ ਵਰਤਣ ਦਾ ਫੈਸਲਾ ਕੀਤਾ। ਉਨ੍ਹਾਂ ਤੋਂ ਪਹਿਲਾਂ ਕਿਸੇ ਨੇ ਅਜਿਹਾ ਪ੍ਰਯੋਗ ਨਹੀਂ ਕੀਤਾ ਸੀ।

ਏਸੀ ਮੋਟਰਜ਼ ਨੇ ਆਪਣੀ ਟੀ-ਜ਼ੈਰੋ ਕਾਰ ਦਾ ਪ੍ਰੋਟੋ-ਟਾਈਪ ਨਿਵੇਸ਼ਕਾਂ, ਪਰਿਵਾਰ ਵਾਲਿਆਂ, ਦੋਸਤਾਂ ਅਤੇ ਹੋਰ ਲੋਕਾਂ ਨੂੰ ਸ਼ੁਰੂਆਤੀ ਨਿਵੇਸ਼ ਖਿੱਚਣ ਦੇ ਮੰਤਵ ਨਾਲ ਦਿਖਾਉਣ ਲਈ ਇਨ੍ਹਾਂ ਨੂੰ ਉਧਾਰਾ ਦਿੱਤਾ। ਇੰਨਾ ਕਾਫ਼ੀ ਨਹੀਂ ਸੀ।

ਇਸੇ ਦੌਰਾਨ ਈਲੋਨ ਮਸਕ ਦਾ ਨਾਮ ਮਾਰਕ ਅਤੇ ਮਾਰਟਿਨ ਦੇ ਦਿਮਾਗ ਨਾਲ ਚੱਲ ਰਿਹਾ ਸੀ। ਮਸਕ ਉਸ ਸਮੇਂ ਸਪੇਸ-ਐਕਸ ਕੰਪਨੀ ਨਾਲ ਜੁੜੇ ਹੋਏ ਸਨ ਅਤੇ ਸ਼ੁੱਕਰ ਗ੍ਰਹਿ ਉੱਤੇ ਚੂਹੇ ਭੇਜਣ ਦੀ ਤਿਆਰੀ ਕਰ ਰਹੇ ਸਨ।

ਈਲੋਨ ਮਸਕ ਦੀ ਸਖ਼ਤ ਮਿਹਨਤ

ਸਾਲ 2010 ਵਿੱਚ ਟੈਸਲਾ ਨੇ ਸ਼ੇਅਰ ਮਾਰਕਿਟ ਵਿੱਚ ਆਈ ਅਤੇ ਆਪਣਾ 'ਆਈਪੀਓ' ਕੱਢਿਆ।

ਉਸ ਤੋਂ ਬਾਅਦ ਬਿਜਲੀ ਵਾਲੇ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਜਿਵੇਂ ਵਿਨਫਾਸਟ ਅਤੇ ਰਿਵੀਅਨ ਨੇ ਵੀ ਅਮਰੀਕੀ ਸ਼ੇਅਰ ਮਾਰਕਿਟ ਵਿੱਚ ਐਂਟਰੀ ਕੀਤੀ।

ਅਠਾਰਾਂ ਸਾਲ ਦੀ ਉਮਰ ਤੋਂ ਪਹਿਲਾਂ ਈਲੋਨ ਮਸਕ ਕੈਨੇਡਾ ਚਲੇ ਗਏ ਸਨ, ਜਿੱਥੇ ਉਨ੍ਹਾਂ ਨੇ ਛੋਟੀਆਂ-ਮੋਟੀਆਂ ਨੌਕਰੀਆਂ ਕੀਤੀਆਂ।

ਸਾਲ 1995 ਵਿੱਚ ਉਨ੍ਹਾਂ ਨੇ ਜ਼ਿਪ2 ਕੰਪਨੀ ਦੀ ਸ਼ੁਰੂਆਤ ਕੀਤੀ। ਇਹ ਗੂਗਲ ਨਕਸ਼ਿਆਂ ਅਤੇ ਕਲਾਸੀਫਾਈਡ ਇਸ਼ਤਿਹਾਰਾਂ ਦਾ ਮੇਲ ਸੀ।

ਸਾਲ 1999 ਵਿੱਚ ਕੰਪਿਊਟਰ ਨਿਰਮਾਤਾ ਕੰਪਨੀ ਕੰਪੈਕ ਨੇ ਉਨ੍ਹਾਂ ਦੀ ਇਹ ਕੰਪਨੀ 30 ਕਰੋੜ ਡਾਲਰ ਵਿੱਚ ਖ਼ਰੀਦ ਲਈ।

ਫਿਰ ਕੰਪਨੀ ਨੇ ਕਿਸੇ ਨਾਲ ਮਿਲ ਕੇ ਇੱਕ ਆਨ ਲਾਈਨ ਬੈਂਕ ਐਕਸ.ਕਾਮ ਦੀ ਸ਼ੁਰੂਆਤ ਕੀਤੀ। ਅੱਗੇ ਜਾ ਕੇ ਇਸ ਵੈਬਸਾਈਟ ਦੇ ਡੋਮੇਨ ਨੇ ਵੀ ਮਸਕ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਸੀ।

ਸਾਲ 2000 ਦੌਰਾਨ ਕੰਪਨੀ ਦਾ ਆਪਣੀ ਮੁਕਾਬਲੇਦਾਰ ਕੰਪਨੀ ਪੇਪਲ ਵਿੱਚ ਰਲੇਵਾਂ ਹੋ ਗਿਆ। ਦੋ ਸਾਲ ਬਾਅਦ ਈ-ਬੇ ਨੇ ਇਸ ਕੰਪਨੀ ਨੂੰ 14 ਲੱਖ ਡਾਲਰ ਵਿੱਚ ਖ਼ਰੀਦ ਲਿਆ।

ਇਹ ਉਹ ਸਮਾਂ ਸੀ ਜਦੋਂ ਹਰਕੇ ਨਿਵੇਸ਼ਕ ਸਿਲੀਕਾਨ ਵੈਲੀ ਵਿੱਚ ਆਪਣੇ ਪੈਸਾ ਲਗਾਉਣਾ ਚਾਹੁੰਦਾ ਸੀ। ਮਸਕ ਵਰਗੇ ਮੋਢੀ ਜਿਨ੍ਹਾਂ ਨੇ ਆਪਣੀਆਂ ਆਈਟੀ ਜਾਂ ਡਾਟ ਕਾਮ ਕੰਪਨੀਆਂ ਵੇਚ ਦਿੱਤੀਆਂ ਸਨ, ਉਹ ਵੀ ਦੋਬਾਰਾ ਤੋਂ ਇਸ ਖੇਤਰ ਵਿੱਚ ਪੈਸਾ ਲਾ ਰਹੇ ਸਨ।

ਫਿਰ ਮਸਕ ਨੇ 2002 ਵਿੱਚ ਸਪੇਸ-ਐਕਸ ਕੰਪਨੀ ਦੀ ਸ਼ੁਰੂਆਤ ਕੀਤੀ। ਮਸਕ ਨੇ ਇਹ ਕੰਪਨੀ ਨਿੱਜੀ ਖੇਤਰ ਵਿੱਚ ਪੁਲਾੜੀ ਵਾਹਨ ਅਤੇ ਰਾਕਟ ਬਣਾਉਣ ਲਈ ਸ਼ੁਰੂ ਕੀਤੀ ਸੀ। ਇਸ ਤਰ੍ਹਾਂ ਉਹ ਪੁਲਾੜ ਖੇਤਰ ਵਿੱਚੋਂ ਨਾਸਾ ਦੀ ਇਜਾਰੇਦਾਰੀ ਖ਼ਤਮ ਕਰਨਾ ਚਾਹੁੰਦੇ ਸਨ।

ਸਾਲ 2004 ਵਿੱਚ ਮਸਕ ਇੱਕ ਨਿਵੇਸ਼ਕ ਵਜੋਂ ਟੈਸਲਾ ਨਾਲ ਜੁੜੇ। ਉਨ੍ਹਾਂ ਨੂੰ ਕੰਪਨੀ ਦਾ ਚੇਅਰਮੈਨ ਅਤੇ ਮੋਢੀ ਤੈਅ ਕੀਤਾ ਗਿਆ।

ਮਸਕ ਆਪਣੇ ਨਾਲ ਜੈਫਰੀ ਸਟਰਾਬਲ ਨੂੰ ਕੰਪਨੀ ਵਿੱਚ ਲੈ ਕੇ ਆਏ ਜੋ ਬਿਜਲ ਕਾਰਾਂ ਡਿਜ਼ਾਈਨ ਕਰਨ ਲਈ ਇੱਕ ਉੱਘਾ ਨਾਮ ਸਨ।

ਹੁਣ ਟੈਸਲਾ ਕੰਪਨੀਆਂ ਦੀ ਕਮਾਂਡ ਪੰਜ ਜਣਿਆਂ ਦੇ ਹੱਥਾਂ ਵਿੱਚ ਸੀ— ਇਸ ਦੇ ਸਹਿ-ਸੰਸਥਾਪਕ ਮਾਰਟਿਨ, ਮਾਰਕ ਅਤੇ ਇਆਨ, ਮਸਕ ਅਤੇ ਜੈਫਰੀ।

ਮਸਕ ਨੇ ਸਟਾਰਲਿੰਕ, ਆਰਟੀਫਿਸ਼ੀਅਲ ਇੰਟੈਲੀਜੈਂਸ, ਸੂਪਰਫਾਸਟ ਹਾਈਪਰਲੂਪ, ਮਨੁੱਖਾਂ ਵਰਗੇ ਰੋਬੋਟ ਅਤੇ ਸੈਟਲਾਈਟ ਇੰਟਰਨੈੱਟ ਵਿੱਚ ਵੀ ਪੈਸਾ ਲਗਾਉਣਾ ਜਾਰੀ ਰੱਖਿਆ।

ਇੱਕ ਸਮੇਂ ਉੱਤੇ ਉਨ੍ਹਾਂ ਨੇ ਚੈਟ-ਜੀਪੀਟੀ ਵਿੱਚ ਵੀ ਨਿਵੇਸ਼ ਕੀਤਾ। ਉਹ ਕੰਪਨੀ ਦੇ ਬੋਰਡ ਮੈਂਬਰ ਵੀ ਰਹੇ। ਹਾਲਾਂਕਿ ਹਾਈਪਰਲੂਪ ਪ੍ਰੋਜੈਕਟ ਸਾਲ 2023 ਵਿੱਚ ਬੰਦ ਕਰ ਦਿੱਤਾ ਗਿਆ।

ਟੈਸਲਾ ਦਾ ਵਪਾਰਕ ਮਾਡਲ

ਈਲੋਨ ਮਸਕ ਗਿਆਰਾਂ ਬੱਚਿਆਂ ਦੇ ਪਿਤਾ ਅਤੇ ਤਿੰਨ ਘਰਵਾਲੀਆਂ ਦੇ ਪਤੀ ਹਨ।

ਸਾਲ 1970 ਤੋਂ ਡਿਟਰੋਇਟ ਸ਼ਹਿਰ ਵਿਚਲੀਆਂ ਕੰਪਨੀਆਂ ਨੂੰ ਅਮਰੀਕਾ ਵਿੱਚ ਕਾਰ ਨਿਰਮਾਣ ਦਾ ਧੁਰਾ ਸਮਝਿਆ ਜਾਂਦਾ ਸੀ। ਇਨ੍ਹਾਂ ਕੰਪਨੀਆਂ ਨੇ ਕਾਰਾਂ ਦੇ ਵੱਡੇ-ਛੋਟੇ ਪੁਰਜ਼ੇ ਹੋਰ ਕੰਪਨੀਆਂ ਤੋਂ ਬਣਵਾਉਣੇ ਸ਼ੁਰੂ ਕਰ ਦਿੱਤੇ।

ਇਸ ਦਾ ਮਤਲਬ ਹੋਇਆ ਕਿ ਕਾਰਾਂ ਦੇ ਸ਼ੀਸ਼ੇ, ਵਾਈਪਰ, ਸੀਟਾਂ, ਵਾਈਪਰਾਂ ਦੀ ਮੋਟਰ ਵਰਗੇ ਸੈਂਕੜੇ ਪੁਰਜ਼ੇ ਕਈ ਵੱਖ-ਵੱਖ ਕੰਪਨੀਆਂ ਬਣਾਉਣ ਲੱਗ ਪਈਆਂ।

ਕੰਪਨੀਆਂ ਦੂਜੀਆਂ ਕੰਪਨੀਆਂ ਤੋਂ ਆਰਡਰ ਉੱਤੇ ਬਹੁਤ ਸਾਰੇ ਕਲਪੁਰਜ਼ੇ ਬਣਵਾਉਂਦੀਆਂ ਸਨ। ਜਦਕਿ ਚੈਸੀਆਂ ਨੂੰ ਜੋੜਨਾ, ਰੰਗ ਕਰਨਾ ਅਤੇ ਕਾਰਾਂ ਦੀ ਡਿਜਾਈਨਿੰਗ ਵਰਗੇ ਕੰਮ ਇਹ ਕੰਪਨੀਆਂ ਆਪ ਕਰਦੀਆਂ ਸਨ। ਅੱਜ ਵੀ ਅਜਿਹਾ ਹੀ ਹੋ ਰਿਹਾ ਹੈ।

ਕਾਰ ਵਿਕਣ ਤੋਂ ਬਾਅਦ ਕਾਰ ਦੀ ਸਰਵਿਸਸ ਡੀਲਰ ਮੁਹੱਈਆ ਕਰਵਾਉਂਦਾ ਹੈ। ਇਸ ਤਰ੍ਹਾਂ ਇੱਕ ਵੱਡੀ ਕਾਰ ਕੰਪਨੀ ਦੇ ਦੁਆਲੇ ਇਹ ਈਕੋ-ਸਿਸਟਮ ਵਿਕਸਿਤ ਹੋ ਜਾਂਦਾ ਹੈ।

ਮਾਰਟਿਨ ਅਤੇ ਮਾਰਕ ਨੇ ਸ਼ੁਰੂ ਤੋਂ ਹੀ ਮਹਿਸੂਸ ਕਰ ਲਿਆ ਸੀ ਕਿ ਉਨ੍ਹਾਂ ਦੀ ਕੰਪਨੀ ਇਸ ਤਾਣੇ-ਬਾਣੇ ਵਿੱਚ ਫਿੱਟ ਨਹੀਂ ਬੈਠੇਗੀ।

ਇਸ ਤੋਂ ਇਲਾਵਾ ਕਾਰ ਦੇ ਕਲਪੁਰਜ਼ੇ ਬਣਾਉਣ ਲਈ ਕੰਪਨੀਆਂ ਨੂੰ ਪਹੁੰਚ ਕਰਨਾ ਅਤੇ ਫਿਰ ਵੇਚਣ ਲਈ ਡੀਲਰਾਂ ਨੂੰ ਮਨਾਉਣਾ ਵੀ ਸੌਖਾ ਕੰਮ ਨਹੀਂ ਹੋਵੇਗਾ।

ਇਸ ਤੋਂ ਇਲਾਵਾ ਅਜਿਹਾ ਕਰਨ ਦੀ ਸੂਰਤ ਵਿੱਚ ਸਾਰਾ ਕੰਮ ਉਪਲਬਧ ਪੁਰਜ਼ਿਆਂ ਅਤੇ ਤਕਨੀਕ ਉੱਪਰ ਨਿਰਭਰ ਰਹਿ ਕੇ ਹੀ ਕਰਨਾ ਪਵੇਗਾ ਅਤੇ ਨਵੇਂ ਤਕਨੀਕੀ ਵਿਕਾਸ ਦੀ ਸੰਭਾਵਨਾ ਖਤਮ ਹੋ ਜਾਵੇਗੀ।

ਇਸ ਤੋਂ ਬਾਅਦ ਟੈਸਲਾ ਨੇ ਖ਼ੁਦ ਆਪਣੀਆਂ ਕਾਰਾਂ ਸਿੱਧੀਆਂ ਗਾਹਕਾਂ ਨੂੰ ਵੇਚਣ ਦਾ ਫ਼ੈਸਲਾ ਕੀਤਾ। ਇਸ ਲਈ ਕੰਪਨੀ ਨੇ ਆਪਣੇ ਸ਼ੋ-ਰੂਮ ਖੋਲ੍ਹੇ।

ਇਲੈਕਟ੍ਰਿਕ ਕਾਰਾਂ ਨੂੰ ਰਵਾਇਤੀ ਪੈਟਰੋਲ ਅਤੇ ਡੀਜ਼ਲ ਕਾਰਾਂ ਦੇ ਮੁਕਾਬਲੇ ਥੋੜ੍ਹੇ ਵਾਧੂ ਪੁਰਜ਼ਿਆਂ (ਸਪੇਅਰ ਪਾਰਟਸ) ਦੀ ਲੋੜ ਪੈਂਦੀ ਹੈ। ਇਸ ਲਈ ਕੰਪਨੀ ਨੇ ਪੁਰਜ਼ੇ ਵੀ ਖ਼ੁਦ ਹੀ ਬਣਾਉਣ ਅਤੇ ਕਾਰ ਵਿਕਣ ਤੋਂ ਬਾਅਦ ਸਰਵਿਸ ਵੀ ਖੁਦ ਹੀ ਮੁਹੱਈਆ ਕਰਾਉਣ ਦਾ ਨਿਰਣਾ ਵੀ ਲਿਆ।

ਮਸਕ ਨੇ ਕਾਰ ਦਾ ਫਰੇਮਵਰਕ ਤਿਆਰ ਕਰਨ ਅਤੇ ਡਿਜ਼ਾਈਨ ਕਰਨ ਲਈ ਬ੍ਰਿਟੇਨ ਦੀ ਲੋਟਸ ਕੰਪਨੀ ਨਾਲ ਸੰਪਰਕ ਕੀਤਾ। ਇਹ ਕੰਪਨੀ ਸਪੋਰਟਸ ਕਾਰਾਂ ਡਿਜ਼ਾਈਨ ਕਰਦੀ ਸੀ ਅਤੇ ਇਸ ਦਾ ਇੱਕ ਸਲਾਹਕਾਰੀ ਵਿੰਗ ਵੀ ਸੀ।

ਦੂਜੇ ਪਾਸੇ ਟੈਸਲਾ ਨੇ ਆਪਣਾ ਧਿਆਨ ਲੀਥੀਅਮ ਆਇਨ ਬੈਟਰੀਆਂ ਦੀ ਕੁਸ਼ਲਤਾ ਸੁਧਾਰਨ ਵੱਲ ਕੇਂਦਰਿਤ ਕੀਤਾ। ਕੰਪਨੀ ਨੇ ਬੈਟਰੀਆਂ ਦੇ ਅੱਗ ਫੜਨ ਤੋਂ ਰੋਕਣ ਬਾਰੇ ਵੀ ਖੋਜ ਕਾਰਜ ਕੀਤਾ।

ਮਾਰਟਿਨ ਅਤੇ ਮਸਕ ਕਈ ਮਾਮਲਿਆਂ ਵਿੱਚ ਇੱਕ ਦੂਜੇ ਦੇ ਆਹਮੋ-ਸਾਹਮਣੇ ਵੀ ਹੋ ਜਾਂਦੇ ਸਨ। ਹਾਲਾਂਕਿ ਹੱਲ ਦੋਵਾਂ ਦਰਮਿਆਨ ਚਰਚਾ ਤੋਂ ਮਗਰੋਂ ਹੀ ਕੱਢਿਆ ਜਾਂਦਾ ਸੀ।

ਕੰਪਨੀ ਲਈ ਵੱਡੀ ਗਿਣਤੀ ਵਿੱਚ ਕਾਰਾਂ ਦਾ ਨਿਰਮਾਣ ਸ਼ੁਰੂ ਕਰ ਸਕਣਾ ਸੰਭਵ ਨਹੀਂ ਸੀ। ਸ਼ੁਰੂਆਤੀ ਸਾਲਾਂ ਵਿੱਚ ਕੰਪਨੀ ਨੇ ਇੱਕ ਵਧੇਰੇ ਤਾਕਤਵਰ ਸਪੋਰਟਸ ਕਾਰ ਤਿਆਰ ਕਰਨ ਦਾ ਮਨ ਬਣਾਇਆ ਜੋ ਅਮੀਰ ਗਾਹਕਾਂ ਨੂੰ ਆਪਣੇ ਵੱਲ ਖਿੱਚ ਸਕੇ।

ਇਸ ਕਾਰ ਦਾ ਮੁੱਲ ਅਤੇ ਮੁਨਾਫਾ ਦੋਵੇਂ ਵੱਧ ਸਨ। ਨਤੀਜੇ ਵਜੋਂ ਕੰਪਨੀ ਨੇ ਰੋਡਸਟਰ ਨਾਮ ਦਾ ਮਾਡਲ ਬਜ਼ਾਰ ਵਿੱਚ ਉਤਾਰਿਆ।

ਮਾਰਟਿਨ ਬਨਾਮ ਮਸਕ

ਜੁਲਾਈ 2006 ਵਿੱਚ ਕੰਪਨੀ ਨੇ ਰੋਡਸਟਰ ਮਾਡਲ ਅਮਰੀਕਾ ਦੇ ਸੈਂਟਾ ਮੋਨਿਕਾ ਵਿੱਚ ਲਾਂਚ ਕੀਤਾ। ਕਾਰ ਹਾਲੀਵੁੱਡ, ਸਿਆਸਤ, ਪੱਤਰਕਾਰਾਂ ਅਤੇ ਟੀਵੀ ਦੀਆਂ ਨਾਮੀ ਹਸਤੀਆਂ ਦੇ ਸਨਮੁੱਖ ਲਾਂਚ ਕੀਤੀ ਗਈ।

ਇਸ ਤੋਂ ਇਲਾਵਾ ਟੈਸਲਾ ਦੇ ਡਰਾਈਵਰਾਂ ਨੇ ਮਹਿਮਾਨਾਂ ਨੂੰ ਨਵੀਂ ਕਾਰ ਵਿੱਚ ਝੂਟੇ ਵੀ ਦਵਾਏ।

ਮਾਰਟਿਨ, ਮਸਕ ਅਤੇ ਹੋਰ ਲੋਕਾਂ ਨੇ ਆਪਣੇ ਵਿਚਾਰ ਉੱਥੇ ਮੌਜੂਦ ਲੋਕਾਂ ਦੇ ਸਾਹਮਣੇ ਰੱਖੇ। ਲੋਕ ਰੋਡਸਟਰ ਦੀ ਗਤੀ, ਬਣਤਰ, ਮਾਈਲੇਜ ਅਤੇ ਚਾਰਜਿੰਗ ਵਰਗੀਆਂ ਖੂਬੀਆਂ ਤੋਂ ਆਕਰਸ਼ਿਤ ਹੋਏ।

ਇਹ ਵਾਤਾਵਰਣ ਪ੍ਰਤੀ ਚੇਤੰਨ ਹੋਣ ਦਾ ਵੀ ਇੱਕ ਚਿੰਨ੍ਹ ਬਣ ਗਈ ਸੀ।

ਕੰਪਨੀ ਨੇ ਸਿਗਨੇਚਰ ਮਾਡਲ ਇੱਕ ਲੱਖ ਡਾਲਰ ਵਿੱਚ 100 ਗਾਹਕਾਂ ਨੂੰ ਦੇਣ ਦੀ ਪੇਸ਼ਕਸ਼ ਕੀਤੀ। ਸਾਲ 2008 ਵਿੱਚ ਕੰਪਨੀ ਨੇ ਕਾਰ ਪਹੁੰਚਾਉਣੀ ਸੀ।

ਮੀਡੀਆ ਵਿੱਚ ਟੈਸਲਾ ਦੇ ਮਾਡਲ ਦੀ ਚਰਚਾ ਸੀ।

ਮੀਡੀਆ ਵਿੱਚ ਸਿਰਫ਼ ਮਾਰਟਿਨ ਦੀ ਚਰਚਾ ਹੋਈ। ਉਨ੍ਹਾਂ ਨੇ ਉਸੇ ਦਿਨ ਕਈ ਇੰਟਰਵਿਊ ਦਿੱਤੇ। ਦੂਜੇ ਪਾਸੇ ਮਸਕ ਬਾਰੇ ਇੰਨੀ ਚਰਚਾ ਨਹੀਂ ਹੋਈ।

ਮਸਕ ਦਾ ਜ਼ਿਕਰ ਮਹਿਜ਼ ਇੱਕ ਨਿਵੇਸ਼ਕ ਵਜੋਂ ਹੀ ਕੀਤਾ ਗਿਆ। ਮਸਕ ਇਸ ਗੱਲ ਦਾ ਬੁਰਾ ਮਨਾ ਗਏ। ਉਨ੍ਹਾਂ ਨੇ ਇੱਕ ਈਮੇਲ ਜ਼ਰੀਏ ਆਪਣੀ ਨਾਖੁਸ਼ੀ ਜਤਾਈ।

ਫਿਰ ਮਸਕ ਨੇ ਰੋਡਸਟਰ ਕਾਰ ਦੇ ਮਾਡਲ ਵਿੱਚ ਬਹੁਤ ਸਾਰੇ ਬਦਲਾਅ ਸੁਝਾਏ।

ਇਨ੍ਹਾਂ ਸੁਝਾਵਾਂ ਨੂੰ ਅਮਲ ਵਿੱਚ ਲਿਆਉਂਦਿਆਂ- ਕਰਦਿਆਂ ਕਾਰਾਂ ਨੂੰ ਗਾਹਕਾਂ ਤੱਕ ਪਹੁੰਚਾਉਣ ਵਿੱਚ ਦੇਰੀ ਹੋ ਗਈ। ਮਸਕ ਦੀ ਜ਼ਿੱਦ ਸੀ ਕਿ ਉਨ੍ਹਾਂ ਦੇ ਸੁਝਾਏ ਬਦਲਾਅ ਕੀਤੇ ਬਿਨਾਂ ਕਾਰਾਂ ਗਾਹਕਾਂ ਨੂੰ ਨਹੀਂ ਦਿੱਤੀਆਂ ਜਾਣਗੀਆਂ।

ਇਹ ਮਤਭੇਦ ਇੰਨਾ ਵਧ ਗਿਆ ਕਿ ਬੋਰਡ ਨੇ ਮਾਰਟਿਨ ਨੂੰ ਉਸੇ ਕੰਪਨੀ ਵਿੱਚੋਂ ਕੱਢ ਦਿੱਤਾ ਜਿਸ ਦਾ ਉਨ੍ਹਾਂ ਨੇ ਮੁੱਢ ਬੰਨ੍ਹਿਆ ਸੀ।

ਹੁਣ ਮਸਕ ਕੰਪਨੀ ਦੇ ਮੁੱਖ ਕਾਰਜ ਸਾਧਕ ਅਧਿਕਾਰੀ ਬਣੇ ਅਤੇ ਪਹਿਲੀ ਝੱਟੇ ਹੀ ਉਨ੍ਹਾਂ ਨੇ ਕੰਪਨੀ ਦੇ 25 ਫ਼ੀਸਦੀ ਮੁਲਾਜ਼ਮਾਂ ਨੂੰ ਘਰ ਭੇਜ ਦਿੱਤਾ।

ਮਸਕ ਦਾ ਕਹਿਣਾ ਸੀ ਕਿ ਸਪੇਸ-ਐਕਸ ਅਤੇ ਟੈਸਲਾ ਦੇ ਟਿਕੇ ਰਹਿਣ ਦੀ ਸੰਭਾਵਨਾ ਸਿਰਫ਼ 10 ਫ਼ੀਸਦੀ ਸੀ। ਉਨ੍ਹਾਂ ਨੂੰ ਈ-ਬੇ ਨਾਲ ਸੌਦੇ ਤੋਂ 180 ਮਿਲੀਅਨ ਡਾਲਰ ਮਿਲੇ ਸਨ।

ਜਦਕਿ ਉਨ੍ਹਾਂ ਨੇ ਦੋਵਾਂ ਕੰਪਨੀਆਂ ਵਿੱਚ 900 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਸੀ ਅਤੇ ਖ਼ਰਚੇ ਬਹੁਤ ਵਧੇ ਸਨ।

ਸਾਲ 2008 ਵਿੱਚ ਸਪੇਸ-ਐਕਸ ਦਾ ਫੈਲਕਨ-1 ਰਾਕੇਟ ਲਗਾਤਾਰ ਤੀਜੀ ਕੋਸ਼ਿਸ਼ ਵਿੱਚ ਵੀ ਨਾਕਾਮ ਰਿਹਾ। ਟੈਸਲਾ ਕ੍ਰਿਸਮਿਸ ਤੋਂ ਮਹਿਜ਼ ਦੋ ਦਿਨ ਪਹਿਲਾਂ ਦੀਵਾਲੀਆ ਹੋਣ ਵਾਲੀ ਸੀ।

ਉਹ ਸਿਰਫ਼ 400 ਮਿਲੀਅਨ ਡਾਲਰ ਦਾ ਹੀ ਬੰਦੋਬਸਤ ਕਰ ਸਕੇ ਸਨ।

“ਜੇ ਮੈਂ ਇੱਕ ਕੰਪਨੀ ਵਿੱਚ ਪੈਸੇ ਲਾਏ ਹੁੰਦੇ ਤਾਂ ਦੂਜੀ ਨਿਸ਼ਚਿਤ ਹੀ ਡੁੱਬ ਗਈ ਹੁੰਦੀ। (ਪਰ) ਦੋਵੇਂ ਹੀ ਮੇਰੇ ਬੱਚਿਆਂ ਵਰਗੀਆਂ ਸਨ। ਇਸ ਲਈ ਮੈਂ ਦੋਵਾਂ ਵਿੱਚ ਨਿਵੇਸ਼ ਕਰਨ ਦਾ ਫੈਸਲਾ ਕੀਤਾ ਅਤੇ ਦੋਵੇਂ ਹੀ ਸਫ਼ਲ ਰਹੀਆਂ ਹਨ।“

ਕਈ ਸਾਲਾਂ ਬਾਅਦ ਮਾਰਕ ਐਸ਼ਲੀ ਨੇ ਈਲੋਨ ਨਾਲ ਹੋਏ ਕਿਸੇ ਮਤਭੇਦ ਬਾਰੇ ਕਿਹਾ ਕਿ ਉਨ੍ਹਾਂ ਨੇ ਮਸਕ ਨਾਲੋਂ ਬਹੁਤ ਕੁੱਝ ਵੱਖਰਾ ਕੀਤਾ ਹੁੰਦਾ।

ਜਦਕਿ ਸਾਲ 2009 ਵਿੱਚ ਆਪਣੇ ਅਤੇ ਮਸਕ ਦਰਮਿਆਨ ਹੋਏ ਸਮਝੌਤੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਹੁਣ ਉਹ ਉਸ ਮਤਭੇਦ ਬਾਰੇ ਜਨਤਕ ਰੂਪ ਵਿੱਚ ਬਹੁਤਾ ਕੁਝ ਕਹਿ ਨਹੀਂ ਸਕਦੇ।

ਭਾਰਤ ਵਿੱਚ ਟੈਸਲਾ ਦੇ ਆਉਣ ਦੀ ਕੀ ਸੰਭਾਵਨਾ

ਸਾਲ 2012 ਤੋਂ ਟੈਸਲਾ ਸਿਡਾਨ ਕਾਰਾਂ ਦੇ ਵਰਗ ਵਿੱਚ ਆਪਣਾ ਮਾਡਲ-ਐੱਸ ਬਣਾ ਰਹੀ ਹੈ ਜੋ ਕਿ ਆਮ ਗਾਹਕਾਂ ਲਈ ਹੈ।

ਸਾਲ 2009 ਵਿੱਚ ਮਸਕ ਸੋਸ਼ਲ ਮੀਡੀਆ ਨੈਟਵਰ ਟਵਿੱਟਰ ਉੱਪਰ ਸਰਗਰਮ ਹੋ ਗਏ।

ਟਵਿੱਟਰ ਰਾਹੀਂ ਉਨ੍ਹਾਂ ਨੇ ਟੈਸਲਾ ਬਾਰੇ ਲੋਕਾਂ ਨੂੰ ਜਾਣਕਾਰੀ ਵੰਡਣੀ ਸ਼ੁਰੂ ਕਰ ਦਿੱਤੀ। ਟਵਿੱਟਰ ਉੱਪਰ ਚੋਖੀ ਜਨਤਾ ਮਸਕ ਮਗਰ ਲੱਗ ਗਈ।

ਉਸ ਤੋਂ ਬਾਅਦ ਕੰਪਨੀ ਨੇ ਆਪਣੇ ਮਾਡਲ-3, ਮਾਡਲ-ਐਕਸ, ਮਾਡਲ-ਵਾਈ ਅਤੇ ਸਾਈਬਰ ਟਰੱਕ ਬਜ਼ਾਰ ਵਿੱਚ ਉਤਾਰੇ। ਕੰਪਨੀ ਨੇ ਕੁਝ ਹੱਦ ਤੱਕ ਆਪਣੇ-ਆਪ ਚੱਲਣ ਵਾਲੀਆਂ ਕਾਰਾਂ ਵੀ ਬਜ਼ਾਰ ਵਿੱਚ ਉਤਾਰੀਆਂ ਹਨ ਅਤੇ ਬੇ-ਡਰਾਈਵਰ ਕਾਰਾਂ ਦੇ ਪ੍ਰੀਖਣ ਵੱਲ ਵੀ ਵਧ ਰਹੀ ਹੈ।

ਕੰਪਨੀ ਨੇ ਚਾਰਜਿੰਗ ਸਟੇਸ਼ਨਾਂ ਵਿੱਚ ਵੀ ਆਪਣਾ ਕਾਰੋਬਾਰ ਵਧਾਇਆ ਹੈ। ਜਿੱਥੇ ਇਹ ਤੇਜ਼ ਚਾਰਜਿੰਗ ਅਤੇ ਸੂਰਜੀ ਊਰਜਾ ਨਾਲ ਚਾਰਜਿੰਗ ਦੀ ਸੁਵਿਧਾ ਵੀ ਦਿੰਦੀ ਹੈ। ਹਾਲਾਂਕਿ ਸਾਲ 2020 ਤੱਕ ਕੰਪਨੀ ਘਾਟੇ ਵਿੱਚ ਹੀ ਚੱਲ ਰਹੀ ਸੀ।

ਕੰਪਨੀ ਨੇ ਪਹਿਲੀ ਵਾਰ 2021 ਵਿੱਚ ਮੁਨਾਫਾ ਕਮਾਇਆ। ਉਸ ਤੋਂ ਪਹਿਲਾਂ ਹੀ ਕੰਪਨੀ ਦੇ ਸ਼ੇਅਰ ਆਤਿਸ਼ਬਾਜ਼ੀ ਵਾਂਗ ਚੜ੍ਹਨੇ ਸ਼ੁਰੂ ਹੋ ਗਏ ਸਨ। ਮਸਕ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਹੈਰਾਨੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੇ ਟਵੀਟ ਕਾਰਨ ਸ਼ੇਅਰ ਕੁਝ ਸਮੇਂ ਲਈ ਡਿੱਗੇ ਪਰ ਜਲਦੀ ਹੀ ਕੰਪਨੀ ਦੀ ਮਾਰਕਿਟ ਕੈਪਿਟਲਾਈਜ਼ੇਸ਼ਨ (ਕੰਪਨੀ ਦੇ ਸ਼ੇਅਰਾਂ ਦਾ ਕੁੱਲ ਮੁੱਲ) 100 ਮਿਲੀਅਨ ਡਾਲਰ ਤੱਕ ਪਹੁੰਚ ਗਈ।

ਅਮਰੀਕਾ ਵਿੱਚ ਟੈਸਲਾ ਤੋਂ ਇਲਾਵਾ, ਸਿਰਫ਼ ਐਪਲ, ਗੂਗਲ, ਐਮੇਜ਼ੋਨ, ਮਾਈਕ੍ਰੋਸਾਫ਼ਟ, ਫੇਸਬੁੱਕ ਅਤੇ ਚਿੱਪ ਨਿਰਮਾਤਾ ਨਵਿਡਿਆ ਹੀ ਟ੍ਰਿਲੀਅਨ ਡਾਲਰ ਕੰਪਨੀਆਂ ਹਨ।

ਹਾਲਾਂਕਿ ਏਵੀਆਈ ਮੈਟਾ ਜੋ ਕਿ ਫੇਸਬੁੱਕ, ਵੱਟਸਐਪ ਅਤੇ ਇੰਸਟਾਗ੍ਰਾਮ ਦੀ ਮਾਲਕ ਹੈ ਥੋੜ੍ਹੇ ਸਮੇਂ ਲਈ ਹੀ ਇਨ੍ਹਾਂ ਦਸ ਖਰਬੀਆਂ ਕੰਪਨੀਆਂ ਵਿੱਚ ਟਿਕੀ ਰਹਿ ਸਕੀ।

ਉਸ ਸਮੇਂ ਟੈਸਲਾ ਦੀ ਮਾਰਕਿਟ ਕੈਪਿਟਲਾਈਜ਼ੇਸ਼ਨ ਪੂਰੀ ਦੁਨੀਆਂ ਦੀਆਂ ਨੌਂ ਸਿਰਮੌਰ ਕਾਰ ਨਿਰਮਾਤਾ ਕੰਪਨੀਆਂ ਜਿਵੇਂ— ਫੋਰਡ, ਜਨਰਲ ਮੋਟਰ, ਫੌਕਸਵੈਗਨ, ਟੋਇਓਟ, ਦੀ ਕੁੱਲ ਮਾਰਕਿਟ ਕੈਪਿਟਲਾਈਜ਼ੇਸ਼ਨ ਤੋਂ ਜ਼ਿਆਦਾ ਸੀ।

ਜਦਕਿ ਟੈਸਲਾ ਨੇ ਉਨ੍ਹਾਂ ਦੇ ਮੁਕਾਬਲੇ ਸਿਰਫ ਇੱਕ ਫੀਸਦੀ ਕਾਰਾਂ ਦਾ ਹੀ ਉਤਪਾਦਨ ਕੀਤਾ ਸੀ। ਇਸੇ ਕਾਰਨ ਕਈ ਮਾਹਰਾਂ ਦਾ ਮੰਨਣਾ ਹੈ ਕਿ ਟੈਸਲਾ ਦੇ ਸ਼ੇਅਰ ਦਾ ਮੁੱਲ ਬੇਵਜ੍ਹਾ ਹੀ ਇੰਨਾ ਜ਼ਿਆਦਾ ਹੈ।

ਸਾਲ 2021 ਤੋਂ ਟੈਸਲਾ ਕੰਪਨੀ ਭਾਰਤ ਵਿੱਚ ਵੀ ਰਜਿਸਟਰਡ ਹੈ ਜਿੱਥੇ ਇਸ ਦਾ ਦਫ਼ਤਰੀ ਪਤਾ ਬੈਂਗਲੋਰ ਦਾ ਹੈ। ਹੁਣ ਸ਼ਾਇਦ ਕੰਪਨੀ ਸੰਨਾਦ ਵਿੱਚ ਆਪਣਾ ਪਲਾਂਟ ਲਾਵੇਗੀ।

ਸੰਨਾਦ ਨੂੰ ‘ਗੁਜਰਾਤ ਦੇ ਡਿਟਰੋਇਟ’ ਵਜੋਂ ਜਾਣਿਆ ਜਾਂਦਾ ਹੈ।

ਸਾਲ 2023 ਵਿੱਚ ਮਸਕ ਨੇ ਖ਼ੁਦ ਨੂੰ ‘ਮੋਦੀ-ਪ੍ਰਸ਼ੰਸਕ’ ਦੱਸਿਆ ਸੀ।

ਦੋਵਾਂ ਵਿੱਚ ਹਾਂਮੁਖੀ ਮਾਹੌਲ ਵਿੱਚ ਗੱਲਬਾਤ ਹੋਈ ਅਤੇ ਬੈਠਕ ਤੋਂ ਬਾਅਦ ਮਸਕ ਨੇ ਭਾਰਤ ਵਿੱਚ ਜਿੰਨਾ ਛੇਤੀ ਹੋ ਸਕੇ ਆਉਣ ਦੀ ਗੱਲ ਕਹੀ ਸੀ।

ਦੂਜੇ ਪਾਸੇ ਭਾਰਤ ਦੇ ਇਲੈਕਟ੍ਰਿਕ-ਵਾਹਨਾਂ ਦੇ ਵਰਗ ਵਿੱਚ ਦੇਸੀ ਕਾਰ ਨਿਰਮਾਤਾ ਕੰਪਨੀਆਂ ਟਾਟਾ ਅਤੇ ਮਾਰੂਤੀ ਨੇ ਆਪਣਾ ਦਬਦਬਾ ਬਣਾ ਲਿਆ ਹੈ। ਇਨ੍ਹਾਂ ਦੇ ਮੁਕਾਬਲੇ ਟੈਸਲਾ ਦੀਆਂ ਕਾਰਾਂ ਮਹਿੰਗੀਆਂ ਵੀ ਹਨ।

ਹਾਲਾਂਕਿ ਖਤਰਿਆਂ ਦੀ ਚਰਚਾ ਦੇ ਬਾਵਜੂਦ ਟੈਸਲਾ ਲਈ ਬਜ਼ਾਰ ਲਗਾਤਾਰ ਸੰਭਾਵਨਾਵਾਂ ਨਾਲ ਭਰਪੂਰ ਹੈ। ਕੰਪਨੀ ਨੇ ਸਾਲ 2023 ਲਈ 18 ਲੱਖ ਕਾਰਾਂ ਵੇਚਣ ਦਾ ਟੀਚਾ ਰੱਖਿਆ ਸੀ।

ਮਸਕ ਨੂੰ ਕੰਪਨੀ ਵੱਲੋਂ ਆਪਣੇ ਵਿਕਰੀ ਟੀਚੇ ਪੂਰੇ ਕਰਨ ਉੱਤੇ ਕੰਪਨੀ ਵਿੱਚ ਵਾਧੂ ਹਿੱਸੇਦਾਰੀ ਮਿਲਦੀ ਹੈ।

ਸੂਤਰਾਂ ਮੁਤਾਬਕ ਟੈਸਲਾ ਇੱਕ ਨਵੀਂ ਬੈਟਰੀ ਦਾ ਪ੍ਰੀਖਣ ਕਰ ਰਹੀ ਹੈ। ਇਸ ਨਵੀਂ ਬੈਟਰੀ ਦੇ ਸਦਕਾ ਕੰਪਨੀ ‘ਕੀਮਤਾਂ ਪ੍ਰਤੀ ਸੰਵੇਦਨਾਸ਼ੀਲ’ ਭਾਰਤੀ ਬਜ਼ਾਰ ਵਿੱਚ ਕੋਈ ਸਸਤੀ ਇਲੈਕਟ੍ਰਿਕ-ਕਾਰ ਉਤਾਰਨ ਵਿੱਚ ਕਾਮਯਾਬ ਹੋ ਸਕੇਗੀ।

ਇਸ ਤੋਂ ਇਲਾਵਾ ਈਲੋਨ ਮਸਕ ਦੀ ਭਾਰਤ ਦੇ ਸੌਰ ਊਰਜਾ ਖੇਤਰ ਵਿੱਚ ਵੀ ਦਿਲਚਸਪੀ ਹੈ। ਕੰਪਨੀ ਭਾਰਤ ਵਿੱਚ ਸੂਰਜੀ ਊਰਜਾ ਵਾਲੀਆਂ ਛੱਤਾਂ, ਕੰਧਾਂ ਅਤੇ ਬੈਟਰੀ ਸਟੋਰੇਜ ਦੇ ਖੇਤਰਾਂ ਨੂੰ ਵੀ ਆਪਣੇ ਸੰਭਾਵੀ ਬਜ਼ਾਰ ਵਜੋਂ ਦੇਖਦੀ ਹੈ।

ਈਲੋਨ ਮਸਕ ਟੈਸਲਾ ਦਾ ਚਿਹਰਾ ਹਨ। ਬਿਲਕੁਲ ਉਵੇਂ ਜਿਵੇਂ ਸਟੀਵ ਜੌਬਸ ਐਪਲ ਕੰਪਨੀ ਦਾ ਚਿਹਰਾ ਹਨ। ਉਨ੍ਹਾਂ ਨੇ ਹੀ ਕੰਪਨੀ ਦਾ ਉਤਪਾਦ ਸਾਈਬਰ-ਟਰੱਕ ਜਨਤਾ ਦੇ ਸਾਹਮਣੇ ਪੇਸ਼ ਕੀਤਾ ਸੀ।

ਜਦੋਂ ਕੰਪਨੀ ਨੇ ਫੈਸਲਾ ਲਿਆ ਕਿ ਉਹ ਇਨ੍ਹਾਂ ਕਾਰਾਂ ਦੀ ਕੀਮਤ ਬਿਟਕੁਆਇਨ, ਡੋੋਗੀ ਕੁਆਇਨ ਵਰਗੀਆਂ ਕ੍ਰਿਪਟੋ ਕਰੰਸੀਆਂ ਵਿੱਚ ਵੀ ਪ੍ਰਵਾਨ ਕਰੇਗੀ ਤਾਂ ਇਨ੍ਹਾਂ ਕਰੰਸੀਆਂ ਦੇ ਭਾਅ ਤੇਜ਼ੀ ਨਾਲ ਚੜ੍ਹ ਗਏ ਸਨ।

ਕੰਪਨੀ ਫਿਲਹਾਲ ਅਮਰੀਕਾ, ਜਰਮਨੀ ਅਤੇ ਚੀਨ ਵਿੱਚ ਕਾਰਾਂ ਤਿਆਰ ਕਰਦੀ ਹੈ।

ਸਾਲ 2022 ਵਿੱਚ ਮਸਕ ਨੇ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਣ ਦਾ ਫ਼ੈਸਲਾ ਲਿਆ। ਇਸ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ਦਾ ਮੁੱਲ ਡਿੱਗ ਗਿਆ।

ਸਾਲ 2028 ਵਿੱਚ ਮਸਕ ਨੂੰ ਇੱਕ ਕਾਨੂੰਨੀ ਅਧਿਕਾਰੀ ਦੇ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਅਜਿਹਾ ਉਨ੍ਹਾਂ ਵੱਲੋਂ ਟੈੱਸਲਾ ਨੂੰ ਪ੍ਰਾਈਵੇਟ ਕੀਤੇ ਜਾਣ ਬਾਰੇ ਕੀਤੇ ਗਏ ਟਵੀਟ ਤੋਂ ਬਾਅਦ ਕਿਹਾ ਗਿਆ। ਉਨ੍ਹਾਂ ਨੂੰ ਚੇਅਰਮੈਨ ਦਾ ਅਹੁਦਾ ਛੱਡਣਾ ਪਿਆ ਹਾਲਾਂਕਿ ਉਹ ਕੰਪਨੀ ਦੇ ਸੀਈਓ ਬਣੇ ਰਹੇ।

ਫੋਰਬਸ ਵੱਲੋਂ ਸਾਲ 2023 ਲਈ ਜਾਰੀ ਦੁਨੀਆਂ ਦੇ ਅਮੀਰਾਂ ਦੀ ਸੂਚੀ ਮੁਤਾਬਕ ਈਲੋਨ ਮਸਕ ਦੁਨੀਆਂ ਦੇ ਸਭ ਤੋਂ ਧਨੀ ਆਦਮੀ ਹਨ। ਉਨ੍ਹਾਂ ਦੀ ਸੰਪਤੀ 250 ਬਿਲੀਅਨ ਡਾਲਰ ਤੋਂ ਜ਼ਿਆਦਾ ਦੀ ਹੈ। ਉਨ੍ਹਾਂ ਦੀ ਟੈਸਲਾ ਕੰਪਨੀ ਦੇ ਸ਼ੇਅਰਾਂ ਅਤੇ ਆਪਸ਼ਨਸ ਵਿੱਚ 21 ਫ਼ੀਸਦੀ ਹਿੱਸੇਦਾਰੀ ਹੈ।

ਸਾਲ 2002 ਵਿੱਚ ਸ਼ੁਰੂ ਕੀਤੀ ਗਈ ਕੰਪਨੀ ਸਪੇਸ-ਐਕਸ ਦੀ ਮੌਜੂਦਾ ਵੈਲੂਏਸ਼ਨ ਅੰਦਾਜ਼ਨ 150 ਬਿਲੀਅਨ ਅਮਰੀਕੀ ਡਾਲਰ ਹੈ। ਪਿਛਲੇ ਚਾਰ ਸਾਲਾਂ ਦੌਰਾਨ ਕੰਪਨੀ ਦੀ ਵੈਲੂਏਸ਼ਨ ਵਿੱਚ ਪੰਜ ਗੁਣਾ ਵਾਧਾ ਹੋਇਆ ਹੈ।

ਟਵਿੱਟਰ ਵਿੱਚ ਈਲੋਨ ਮਸਕ ਦੀ ਹਿੱਸੇਦਾਰੀ ਲਗਭਗ 74 ਫ਼ੀਸਦੀ ਹੈ। ਉਨ੍ਹਾਂ ਨੇ ਟਵਿੱਟਰ ਨੂੰ ਖ਼ਰੀਦ ਕੇ ਐਕਸ.ਕਾਮ ਬਣਾ ਦਿੱਤਾ। ਇਸੇ ਡੋਮੇਨ ਕਾਰਨ ਹੀ ਉਹ ਟੈਸਲਾ ਅਤੇ ਸਪੇਸ-ਐਕਸ ਵਿੱਚ ਨਿਵੇਸ਼ ਕਰ ਸਕੇ ਸਨ।

ਇਸ ਤਰ੍ਹਾਂ ਮਸਕ ਲਈ ਸਮੇਂ ਦਾ ਪਹੀਆ ਪੂਰਾ ਗੇੜਾ ਖਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)