ਥ੍ਰੈਡਜ਼ ਐਪ : ਟਵਿੱਟਰ ਤੇ ਇਲੋਨ ਮਸਕ ਨੂੰ ‘ਟੱਕਰ’ ਦੇਣ ਲਈ ਆਈ ਮੈਟਾ ਦੀ ਨਵੀਂ ਐਪ, ਪਰ ਇਸ ਨਾਲ ਜੁੜਿਆ ਹੈ ਇਹ ਖ਼ਤਰਾ

ਤਕਨੀਕੀ ਦੂਨੀਆਂ ਦੇ ਦੋ ਦਿੱਗਜ਼ ਹੁਣ ਆਰ-ਪਾਰ ਦੀ ਲੜਾਈ ਦੇ ਮੂਡ ’ਚ ਲੱਗ ਰਹੇ ਹਨ। ਮਾਮਲਾ ਟਵਿੱਟਰ ਦੇ ਮਾਲਕ ਈਲੋਨ ਮਸਕ ਅਤੇ ਮੈਟਾ ( ਫੇਸਬੁੱਕ) ਦੇ ਬੌਸ ਮਾਰਕ ਜ਼ਕਰਬਰਗ ਨਾਲ ਜੁੜਿਆ ਹੋਇਆ ਹੈ।

ਦਰਅਸਲ, ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਪੇਰੇਂਟ ਕੰਪਨੀ ਮੈਟਾ ਹੁਣ ਟਵਿੱਟਰ ਵਰਗਾ ਹੀ ਇੱਕ ਐਪ ਲਾਂਚ ਕਰਨ ਜਾ ਰਹੀ ਹੈ, ਜਿਸ ਦਾ ਨਾਮ ਹੋਵੇਗਾ ਥ੍ਰੈਡਜ਼।

ਇਹ ਐਪ 6 ਜੁਲਾਈ ਤੋਂ ਪਲੇ ਸਟੋਰ 'ਤੇ ਉਪਲੱਬਧ ਹੈ, ਜਿੱਥੋਂ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ। ਐਪਲ ਸਟੋਰ ਤੇ ਤਾਂ ਇਹ ਐਪ ਪਹਿਲਾਂ ਹੀ ਲਿਸਟ ਹੋ ਗਿਆ ਸੀ, ਜਿਸ ਨਾਲ ਲਿਖਿਆ ਹੋਇਆ ਆ ਰਿਹਾ ਸੀ ਕੰਮਿਗ ਸੂਨ।

6 ਜੁਲਾਈ ਤੋਂ ਇਹ ਐਪਲ ਐਪ ਸਟੋਰ ਵੀ ਡਾਊਨਲੋਡ ਲਈ ਉਪਲੱਭਧ ਹੈ।

ਕੀ ਹੈ ਇਹ ਐਪ ਤੇ ਇਸ ਬਾਰੇ ਹੁਣ ਤੱਕ ਕੀ ਪਤਾ

ਇਹ ਨਵੀਂ ਐਪ ਤੁਹਾਡੇ ਇੰਸਟਾਗ੍ਰਾਮ ਅਕਾਊਂਟ ਨਾਲ ਲਿੰਕ ਹੋਵੇਗੀ। ਮੈਟਾ ਵੱਲੋਂ ਜਾਰੀ ਕੀਤੀਆਂ ਗਈ ਤਸਵੀਰਾਂ ਮੁਤਾਬਕ, ਇਸ ਐਪ ਦਾ ਡੈਸ਼ਬੋਰਡ ਟਵਿੱਟਰ ਨਾਲ ਕਾਫੀ ਮਿਲਦਾ-ਜੁਲਦਾ ਲੱਗਦਾ ਹੈ।

ਮੈਟਾ ਇਸ ਨੂੰ "text based conversation app" ਦੱਸ ਰਿਹਾ ਹੈ, ਜਿਸ ਦਾ ਮਤਲਬ ਇਹ ਅਜਿਹੀ ਐਪ ਜਿਸ 'ਤੇ ਟੈਕਸਟ ਲਿਖ ਕੇ ਗੱਲਬਾਤ ਕੀਤੀ ਜਾ ਸਕੇਗੀ।

ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ, ਮੈਟਾ ਦੇ ਥ੍ਰੈਡਜ਼ ਐਪ ਇੱਕ ਮੁਫ਼ਤ ਸਰਵਿਸ ਹੋਵੇਗੀ ਅਤੇ ਇਸ ਗੱਲ ਦੀ ਕੋਈ ਸੀਮਾ ਨਹੀਂ ਹੋਵੇਗੀ ਕਿ ਤੁਸੀਂ ਇੱਕ ਦਿਨ ’ਚ ਕਿੰਨੀਆਂ ਪੋਸਟਾਂ ਪੜ੍ਹ ਸਕਦੇ ਹੋ।

ਥ੍ਰੈਡਜ਼ ਉਪਭੋਗਤਾਵਾਂ ਨੂੰ 500 ਅੱਖਰਾਂ ਤੱਕ ਦੀ ਪੋਸਟ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਇਸ ਵਿੱਚ ਟਵਿੱਟਰ ਵਰਗੀਆਂ ਹੋਰ ਕਈ ਵਿਸ਼ੇਸ਼ਤਾਵਾਂ ਹਨ।

ਹਾਲਾਂਕਿ, ਥ੍ਰੈਡਜ਼ ਇੱਕ ਵੱਖਰੀ ਐਪ ਹੋਵੇਗੀ, ਪਰ ਉਪਭੋਗਤਾ ਆਪਣੇ ਇੰਸਟਾਗ੍ਰਾਮ ਅਕਾਊਂਟ ਨਾਲ ਇਸ 'ਚ ਲੌਗਇਨ ਕਰ ਸਕਣਗੇ। ਉਨ੍ਹਾਂ ਦਾ ਇੰਸਟਾਗ੍ਰਾਮ ਯੂਜ਼ਰਨੇਮ ਇੱਥੇ ਵੀ ਜਾਰੀ ਰਹੇਗਾ, ਪਰ ਜੇ ਉਹ ਚਾਹੁਣ ਤਾਂ ਮਰਜ਼ੀ ਅਨੁਸਾਰ ਇਸ ਵਿੱਚ ਬਦਲਾਅ ਕਰ ਸਕਦੇ ਹਨ।

ਐਪ ਸਟੋਰ 'ਤੇ ਦਿੱਤੀ ਇਸ ਦੇ ਵੇਰਵੇ 'ਚ ਲਿਖਿਆ ਹੈ ਕਿ ‘ਥ੍ਰੈਡਜ਼ ’ਤੇ ਵੱਖ-ਵੱਖ ਕਮਿਊਨੀਟੀਜ਼ ਇਕੱਠੀਆਂ ਹੋਣਗੀਆਂ। ਅੱਜ ਕੀ ਹੋ ਰਿਹਾ ਹੈ, ਇਸ 'ਤੇ ਵਿਚਾਰ ਵਟਾਂਦਰਾ ਕਰਨਗੀਆਂ ਅਤੇ ਨਾਲ ਹੀ ਜਾਣਨਗੀਆਂ ਕਿ ਕੱਲ ਕੀ ਟਰੈਂਡ ਕਰ ਸਕਦਾ ਹੈ।’

ਐਪ ਨਾਲ ਜੁੜੇ ਜੋ ਸਕ੍ਰੀਨਗ੍ਰੈਬਸ ਐਪ ਸਟੋਰ ’ਤੇ ਦਿਖਾਏ ਗਏ ਹਨ, ਉਹ ਟਵਿੱਟਰ ਨਾਲ ਕਾਫੀ ਮਿਲਦੇ-ਜੁਲਦੇ ਹਨ।

ਮੈਟਾ ਨੇ ਆਪਣੀ ਇਸ ਨਵੀਂ ਐਪ ਨੂੰ "ਸ਼ੁਰੂਆਤੀ ਸੰਸਕਰਣ" ਕਿਹਾ ਹੈ, ਜਿਸ ਵਿੱਚ ਆਉਂਦਾ ਵਾਲੇ ਸਮੇਂ 'ਚ ਹੋਰ ਫ਼ੀਚਰ ਜੋੜੇ ਜਾਣਗੇ।

ਥ੍ਰੈਡਸ ਕਿਵੇਂ ਕੰਮ ਕਰੇਗੀ

ਸਾਨੂੰ ਦੱਸਿਆ ਗਿਆ ਹੈ ਕਿ ਥ੍ਰੈਡਜ਼ 'ਤੇ ਪੋਸਟਾਂ ਨੂੰ ਦੋ ਐਪਜ਼ ਵਿਚਕਾਰ "ਆਸਾਨੀ ਨਾਲ" ਸਾਂਝਾ ਕੀਤਾ ਜਾ ਸਕਦਾ ਹੈ ਅਤੇ ਇਸ ਵਿੱਚ ਪੰਜ ਮਿੰਟ ਤੱਕ ਦੇ ਵੀਡੀਓ, ਲਿੰਕ ਅਤੇ ਫੋਟੋਆਂ ਸ਼ਾਮਲ ਹੋ ਸਕਦੇ ਹਨ।

ਉਪਭੋਗਤਾਵਾਂ ਕੋਲ ਪੋਸਟਾਂ ਦੀ ਇੱਕ ਫੀਡ ਹੋਵੇਗੀ, ਜਿਸ ਨੂੰ ਮੈਟਾ ਨੇ "ਥ੍ਰੈਡਜ਼" ਨਾਮ ਦਿੱਤਾ ਹੈ। ਇਸ ਫੀਡ ਵਿੱਚ ਉਪਭੋਗਤਾਂ ਨੂੰ ਹੋਰ ਲੋਕਾਂ ਦੀਆਂ ਪੋਸਟਾਂ ਅਤੇ ਕੰਟੈਂਟ ਨਜ਼ਰ ਆਵੇਗਾ।

ਉਪਭੋਗਤਾ ਆਪਣੀ ਮਰਜ਼ੀ ਮੁਤਾਬਕ ਇਹ ਸੈਟਿੰਗ ਕਰ ਸਕਦੇ ਹਨ ਕਿ ਉਨ੍ਹਾਂ ਦੀਆਂ ਪੋਸਟਾਂ ਕੌਣ-ਕੌਣ ਦੇਖ ਸਕਦਾ ਹੈ। ਇਸ ਦੇ ਨਾਲ ਹੀ ਉਹ ਆਪਣੀਆਂ ਪੋਸਟਾਂ 'ਤੇ ਆਉਣ ਵਾਲੇ ਕੁਮੈਂਟਸ, ਜਿਨ੍ਹਾਂ ਵਿੱਚ ਇਤਰਾਜ਼ਯੋਗ ਸ਼ਬਦਾਂ ਸ਼ਮਲ ਹੋਣ, ਨੂੰ ਫਿਲਟਰ ਕਰ ਸਕਦੇ ਹਨ।

ਹੋਰ ਪ੍ਰੋਫਾਈਲਾਂ ਨੂੰ ਅਨਫਾਲੋ ਕਰਨਾ, ਬਲੌਕ ਕਰਨਾ, ਪਾਬੰਦੀ ਲਗਾਉਣਾ ਜਾਂ ਰਿਪੋਰਟ ਕਰਨਾ ਵੀ ਸੰਭਵ ਹੋਵੇਗਾ।

ਉਪਭੋਗਤਾਵਾਂ ਦੁਆਰਾ ਇੰਸਟਾਗ੍ਰਾਮ 'ਤੇ ਬਲੌਕ ਕੀਤੇ ਗਏ ਅਕਾਊਂਟਸ ਨੂੰ ਥ੍ਰੈਡਜ਼ 'ਤੇ ਆਪਣੇ ਆਪ ਬਲੌਕ ਕਰ ਦਿੱਤਾ ਜਾਵੇਗਾ।

ਥ੍ਰੈਡਜ਼ ਤੁਹਾਡੇ ਫੋਨ ਦਾ ਡੇਟਾ ਵੀ ਇਕੱਠਾ ਕਰੇਗਾ, ਜਿਵੇਂ ਕਿ ਲੋਕੇਸ਼ਨ ਡੇਟਾ, ਤੁਹਾਡੀ ਪਰਚੇਜ਼ ਹਿਸਟਰੀ ਅਤੇ ਬ੍ਰਾਊਜ਼ਿੰਗ ਹਿਸਟਰੀ ਆਦਿ।

ਟਵਿੱਟਰ ਨੇ ਹਾਲ 'ਚ ਕੀਤੇ ਕਈ ਐਲਾਨ

ਦੂਜੇ ਪਾਸੇ, ਟਵਿੱਟਰ ਨੇ ਹਾਲ ਹੀ 'ਚ ਕਈ ਐਲਾਨ ਕੀਤੇ ਹਨ।

ਜਿਵੇਂ ਕਿ ਉਸ ਦਾ ਨਵਾਂ ਡੈਸ਼ਬੋਰਡ ਟਵੀਟਡੈਕ ਪੇਡ ਹੋ ਜਾਵੇਗਾ। ਟਵੀਟਡੈਕ, ਟਵਿੱਟਰ ਦਾ ਅਜਿਹਾ ਪਲੇਟਫਾਰਮ ਹੈ, ਜਿੱਥੇ ਤੁਸੀਂ ਇੱਕੋ ਵੇਲ਼ੇ ਇੱਕ ਤੋਂ ਜ਼ਿਆਦਾ ਪ੍ਰੋਫ਼ਾਈਲ ਇੱਕੋ ਪੇਜ 'ਤੇ ਖੋਲ੍ਹ ਸਕਦੇ ਹੋ ਅਤੇ ਉਨ੍ਹਾਂ ਦੇ ਟਵੀਟ ਦੇਖ ਸਕਦੇ ਹੋ।

ਇਸ ਤੋਂ ਇਲਾਵਾ ਇੱਕ ਯੂਜ਼ਰ ਇੱਕ ਦਿਨ ’ਚ ਕਿੰਨੇ ਟਵੀਟ ਵੇਖ ਸਕਦਾ ਹੈ, ਟਵਿੱਟਰ ਨੇ ਇਸ ਦੀ ਸੀਮਾ ਨਿਰਧਾਰਿਤ ਕਰ ਦਿੱਤੀ ਹੈ।

ਮਾਹਰ ਮੰਨਦੇ ਹਨ ਕਿ ਟਵੀਟ ਦੀ ਸੀਮਾ ਤੈਅ ਕਰਨ ਵਰਗੇ ਐਲਾਨ ਮੇਟਾ ਦੇ ਥ੍ਰੈਡਜ਼ ਨੂੰ ਫਾਇਦਾ ਪਹੁੰਚਾ ਸਕਦੇ ਹਨ।

  • ਮੈਟਾ ਨੇ ਆਪਣੀ ਨਵੀਂ ਐਪ ਥ੍ਰੈਡਸ ਬਾਜ਼ਾਰ ਵਿੱਚ ਉਤਾਰ ਦਿੱਤੀ ਹੈ, ਜੋ ਕਿ ਬਿਲਕੁਲ ਟਵਿੱਟਰ ਵਾਂਗ ਕੰਮ ਕਰਦੀ ਹੈ
  • ਇਹ ਐਪ ਇੰਸਟਾਗ੍ਰਾਮ ਅਕਾਊਂਟ ਨਾਲ ਹੀ ਜੁੜੀ ਹੈ ਅਤੇ ਉਪਭੋਗਤਾ ਆਪਣੀ ਉਸੇ ਪ੍ਰੋਫ਼ਾਈਲ ਨਾਲ ਲਾਗਇਨ ਕਰ ਸਕਦੇ ਹਨ
  • ਇਹ ਇੱਕ ਟੈਕਸਟ ਬੇਸਡ ਐਪ ਹੈ, ਜਿੱਥੇ ਟੈਕਸਟ, ਵੀਡੀਓ, ਫੋਟੋਆਂ ਆਦਿ ਪੋਸਟ ਕੀਤੇ ਜਾ ਸਕਦੇ ਹਨ
  • ਥ੍ਰੈਡਸ ਉਪਭੋਗਤਾਵਾਂ ਨੂੰ 500 ਅੱਖਰਾਂ ਤੱਕ ਦੀ ਪੋਸਟ ਕਰਨ ਦੀ ਇਜਾਜ਼ਤ ਦਿੰਦੀ ਹੈ
  • ਇਹ ਐਪ 6 ਜੁਲਾਈ ਤੋਂ ਪਲੇ ਸਟੋਰ ਅਤੇ ਐਪਲ ਐਪ ਸਟੋਰ 'ਤੇ ਉਪਲੱਬਧ ਹੈ

ਕੀ ਟਵਿੱਟਰ ਨੂੰ ਟੱਕਰ ਦੇਵੇਗਾ ਥ੍ਰੈਡਜ਼

ਟਵਿੱਟਰ ਨਾਲ ਮਿਲਦੀਆਂ ਜੁਲਦੀਆਂ ਕਈ ਐਪਸ ਬਾਜ਼ਾਰ 'ਚ ਪਹਿਲਾਂ ਹੀ ਆ ਚੁੱਕੀਆਂ ਹਨ, ਜਿਵੇਂ ਕਿ ਡੌਨਲਡ ਟਰੰਪ ਦੀ ਟਰੁੱਥ ਸੋਸ਼ਲ ਐਪ, ਮਾਸਟਡੌਨ ਐਪ ਜਾਂ ਭਾਰਤ ’ਚ ਚੱਲ ਰਹੀ ਕੂ ਐਪ।

ਇਸੇ ਤਰ੍ਹਾਂ ਬਲੂਸਕਾਏ ਐਪ ਵੀ ਹੈ, ਜਿਸ ਨੇ ਹਾਲ ਹੀ 'ਚ ਦਾਅਵਾ ਕੀਤਾ ਹੈ ਕਿ ਜਦੋਂ ਦਾ ਮਸਕ ਨੇ ਐਲਾਨ ਕੀਤਾ ਹੈ ਕਿ ਯੂਜ਼ਰ ਇੱਕ ਦਿਨ 'ਚ ਸੀਮਿਤ ਟਵੀਟਸ ਹੀ ਦੇਖ ਪਾਉਣਗੇ, ਤਾਂ ਉਨ੍ਹਾਂ ਦੀ ਐਪ 'ਤੇ ਟ੍ਰੈਫਿਕ ਕਾਫੀ ਵਧ ਗਿਆ ਹੈ।

ਹਾਲਾਂਕਿ, ਇਹ ਜ਼ਰੂਰ ਮੰਨਿਆ ਜਾ ਰਿਹਾ ਹੈ ਕਿ ਥ੍ਰੈਡਜ਼ ਐਪ ਟਵਿੱਟਰ ਨੂੰ ਹੁਣ ਤੱਕ ਦਾ ਸਭ ਤੋਂ ਸਖ਼ਤ ਮੁਕਾਬਲਾ ਦੇਵੇਗੀ।

ਇਹ ਪੁੱਛੇ ਜਾਣ 'ਤੇ ਕਿ ਕੀ ਥ੍ਰੈਡਜ਼ "ਟਵਿੱਟਰ ਤੋਂ ਵੀ ਵੱਡੀ" ਐਪ ਹੋਵੇਗੀ, ਜ਼ੁਕਰਬਰਗ ਨੇ ਕਿਹਾ, "ਇਸ ਵਿੱਚ ਕੁਝ ਸਮਾਂ ਲੱਗੇਗਾ, ਪਰ ਮੈਨੂੰ ਲੱਗਦਾ ਹੈ ਕਿ ਇਸ ਨਾਲ 1 ਬਿਲੀਅਨ ਤੋਂ ਵੀ ਵੱਧ ਲੋਕ ਜੁੜਨਗੇ।''

ਉਨ੍ਹਾਂ ਕਿਹਾ, "ਟਵਿੱਟਰ ਨੂੰ ਅਜਿਹਾ ਕਰਨ ਦਾ ਮੌਕਾ ਮਿਲਿਆ, ਪਰ ਉਨ੍ਹਾਂ ਨੇ ਇਸ ਦਾ ਫਾਇਦਾ ਨਹੀਂ ਚੁੱਕਿਆ। ਉਮੀਦ ਹੈ ਕਿ ਅਸੀਂ ਕਰਾਂਗੇ।"

ਪਰ ਥ੍ਰੈਡਜ਼ ਟਵਿੱਟਰ ਨੂੰ ਮੁਕਾਬਲਾ ਦੇਵੇਗੀ ਕਿਵੇਂ

ਦੂਜੇ ਪਾਸੇ ਮਾਰਕ ਜ਼ਕਰਬਰਗ ਬਾਰੇ ਕਿਹਾ ਜਾਂਦਾ ਕਿ ਉਹ ਦੂਜੀ ਕੰਪਨੀਆਂ ਦੇ ਆਈਡਿਆ ਨੂੰ ਬਖੂਬੀ ਕਾਪੀ ਕਰਨ 'ਚ ਮਾਹਰ ਹਨ, ਜਿਵੇਂ ਕਿ ਮੈਟਾ ਰੀਲਜ਼ ਟਿਕਟੌਕ ਦੀ ਹੀ ਕਾਪੀ ਦੱਸੀਆਂ ਜਾਂਦੀਆਂ ਹਨ ਅਤੇ ਇੰਸਟਾਗ੍ਰਾਮ ਸਟੋਰੀਜ਼ ਸਨੈਪਚੈਟ ਦੀ ਕਾਪੀ।

ਤੱਥ ਇਹ ਵੀ ਹੈ ਕਿ ਮੈਟਾ ਕੋਲ ਟਵਿੱਟਰ ਨਾਲ ਮੁਕਾਬਲਾ ਕਰਨ ਦੀ ਤਾਕਤ ਵੀ ਹੈ।

ਥ੍ਰੈਡਜ਼ ਇੰਸਟਗ੍ਰਾਮ ਪਲੈਟਫਾਰਮ ਦਾ ਹੀ ਹਿੱਸਾ ਹੋਵੇਗੀ। ਇਸ ਨਾਲ ਸ਼ੁਰੂਆਤ 'ਚ ਹੀ ਇਹ ਮਿਲੀਅਨਜ਼ ਅਕਾਊਂਟਸ ਨਾਲ ਜੁੜ ਜਾਵੇਗੀ। ਇਸ ਦਾ ਮਤਲਬ ਇਹ ਹੈ ਕਿ ਥ੍ਰੈਡਜ਼ ਨੂੰ ਬਾਕੀ ਕੌਂਪੀਟੀਟਰਜ਼ ਵਾਂਗ ਜ਼ੀਰੋ ਤੋਂ ਸ਼ੁਰੂਆਤ ਕਰਨ ਦੀ ਲੋੜ ਨਹੀਂ ਹੈ।

ਇੰਸਟਾਗ੍ਰਾਮ ਕਮਿਊਨਿਟੀ ਕਾਫੀ ਵੱਡੀ ਹੈ। ਮੈਟਾ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਦੋ ਬਿਲੀਅਨ ਦੇ ਕਰੀਬ ਉਪਭੋਗਤਾ ਹਨ ਜਦਕਿ ਟਵਿੱਟਰ ਕੋਲ 300 ਮਿਲੀਅਨ ਦੇ ਕਰੀਬ ਉਪਭੋਗਤਾ ਹਨ।

ਮੰਨਿਆ ਜਾ ਰਿਹਾ ਹੈ ਕਿ ਜੇਕਰ ਮੈਟਾ ਦੇ 25 ਫ਼ੀਸਦ ਉਪਭੋਗਤਾ ਵੀ ਇਸ ਐਪ ਨੂੰ ਡਾਊਨਲੋਡ ਕਰ ਲੈਣ ਤਾਂ ਇਹ ਟਵਿੱਟਰ ਲਈ ਵੱਡਾ ਖਤਰਾ ਹੋ ਸਕਦਾ ਹੈ।

ਮਾਰਕ ਜ਼ਕਰਬਰਗ ਦਾ ਵੀ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੇ ਉਪਭੋਗਤਾਵਾਂ ਨੂੰ ਟਵਿੱਟਰ ਦਾ ਇੱਕ ਚੰਗਾ ਅਤੇ ਸੱਚਾ ਬਦਲ ਮਿਲ ਸਕਦਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਟਵਿੱਟਰ ਵਿੱਚ ਹਾਲ ਹੀ ਦੇ ਬਦਲਾਅ ਤੋਂ ਨਾਖੁਸ਼ ਉਪਭੋਗਤਾ ਥ੍ਰੈਡਜ਼ ਵੱਲ ਆਕਰਸ਼ਿਤ ਹੋ ਸਕਦੇ ਹਨ।

ਇੱਕ ਪੋਸਟ ਵਿੱਚ, ਮਾਰਕ ਜ਼ੁਕਰਬਰਗ ਨੇ ਵੀ ਕਿਹਾ ਕਿ ਪਲੇਟਫਾਰਮ ਨੂੰ "ਦੋਸਤਾਨਾ... ਰੱਖਣਾ ਅੰਤ ਵਿੱਚ ਇਸ ਦੀ ਸਫਲਤਾ ਦੀ ਕੁੰਜੀ ਬਣੇਗਾ।''

ਇਨ੍ਹਾਂ ਗੱਲਾਂ ਨੂੰ ਲੈ ਕੇ ਹੋ ਰਹੀ ਆਲੋਚਨਾ

ਹਾਲਾਂਕਿ, ਕੁਝ ਗੱਲਾਂ ਨੂੰ ਲੈ ਕੇ ਇਸ ਨਵੀਂ ਐਪ ਦੀ ਆਲੋਚਨਾ ਵੀ ਹੋ ਰਹੀ ਹੈ।

ਐਪਲ ਐਪ ਸਟੋਰ ਦੇ ਅਨੁਸਾਰ, ਵਿਰੋਧੀਆਂ ਨੇ ਐਪ ਦੁਆਰਾ ਵਰਤੇ ਜਾਣ ਵਾਲੇ ਡੇਟਾ ਦੀ ਮਾਤਰਾ ਦੀ ਆਲੋਚਨਾ ਕੀਤੀ ਹੈ, ਜਿਸ ਵਿੱਚ ਸਿਹਤ, ਵਿੱਤੀ ਅਤੇ ਬ੍ਰਾਊਜ਼ਿੰਗ ਡੇਟਾ ਸ਼ਾਮਲ ਹੋ ਸਕਦਾ ਹੈ ਜੋ ਉਪਭੋਗਤਾਵਾਂ ਦੀ ਪਛਾਣ ਨਾਲ ਜੁੜਿਆ ਹੋਇਆ ਹੈ।

ਪਿਛਲੇ ਸਮੇਂ ਵਿੱਚ ਮੈਟਾ ਵ੍ਹਿਸਲਬਲੋਅਰ ਫ੍ਰਾਂਸਿਸ ਹਾਉਗੇਨ ਨੇ ਕੰਪਨੀ 'ਤੇ ਜੋ ਇਲਜ਼ਾਮ ਲਗਾਏ ਸਨ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਕੰਪਨੀ "ਸੁਰੱਖਿਆ ਨਾਲੋਂ ਮੁਨਾਫਾ" ਨੂੰ ਪਹਿਲ ਦਿੰਦੀ ਹੈ, ਉਸ ਦਾ ਅਸਰ ਵੀ ਦੇਖਣ ਨੂੰ ਮਿਲ ਸਕਦਾ ਹੈ।

ਇਸ ਤੋਂ ਇਲਾਵਾਂ ਕੰਪਨੀ ਨਾਲ ਜੁੜਿਆ ਇੱਕ ਘੁਟਾਲਾ ਵੀ ਸਾਹਮਣੇ ਆਇਆ ਸੀ, ਕਿ ਕੰਪਨੀ ਨੇ ਤੀਜੀਆਂ ਧਿਰਾਂ ਨੂੰ ਫੇਸਬੁੱਕ ਉਪਭੋਗਤਾਵਾਂ ਦੇ ਨਿੱਜੀ ਡੇਟਾ ਤੱਕ ਪਹੁੰਚ ਕਰਨ ਦੀ ਇਜਾਜ਼ਤ ਦਿੱਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)