ਟਵਿੱਟਰ ਦੇ ਸਾਬਕਾ ਸੀਈਓ ਦਾ ਦਾਅਵਾ- ਭਾਰਤ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਟਵਿੱਟਰ ਬੰਦ ਕਰਨ ਦੀ ਦਿੱਤੀ ਸੀ ਧਮਕੀ, ਸਰਕਾਰ ਨੇ ਦਿੱਤਾ ਜਵਾਬ

ਟਵਿੱਟਰ ਦੇ ਸੰਸਥਾਪਕ ਅਤੇ ਸਾਬਕਾ ਸੀਈਓ ਜੈਕ ਡੋਰਸੀ ਨੇ ਇੱਕ ਇੰਟਰਵਿਊ ਵਿੱਚ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਕਿਸਾਨ ਅੰਦੋਲਨ ਦੌਰਾਨ ਸਰਕਾਰ ਨੇ ਉਨ੍ਹਾਂ ਨੂੰ ਟਵਿੱਟਰ ਬੰਦ ਕਰਨ ਦੀ ਧਮਕੀ ਦਿੱਤੀ ਸੀ।

ਜੈਕ ਡੋਰਸੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸਰਕਾਰ ਦੀ ਆਲੋਚਨਾ ਕਰਨ ਵਾਲੇ ਕਈ ਭਾਰਤੀ ਪੱਤਰਕਾਰਾਂ ਦੇ ਅਕਾਊਂਟ ਬੰਦ ਕਰਨ ਲਈ ਕਿਹਾ ਗਿਆ ਸੀ।

ਭਾਰਤ ਸਰਕਰ ਨੇ ਜੈਕ ਡੋਰਸੀ ਦੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕਰ ਦਿੱਤਾ ਹੈ।

ਕੇਂਦਰੀ ਮੰਤਰੀ ਰਾਜਵੀ ਚੰਦਰਸ਼ੇਖਰ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਭਾਰਤ 'ਚ ਨਾ ਤਾਂ ਟਵਿੱਟਰ ਦੇ ਦਫ਼ਤਰ 'ਤੇ ਛਾਪਾ ਮਾਰਿਆ ਗਿਆ ਸੀ ਅਤੇ ਨਾ ਹੀ ਕਿਸੇ ਨੂੰ ਜੇਲ ਭੇਜਿਆ ਗਿਆ ਸੀ।

ਜੈਕ ਡੋਰਸੀ ਦੇ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਦੇਸ਼ 'ਚ ਲੋਕ ਪ੍ਰਗਟਾਵੇ ਦੀ ਆਜ਼ਾਦੀ ਅਤੇ ਸਰਕਾਰ ਦੇ ਰਵੱਈਏ 'ਤੇ ਵੀ ਸਵਾਲ ਚੁੱਕ ਰਹੇ ਹਨ।

ਜੈਕ ਡੋਰਸੀ ਦਾ ਦਾਅਵਾ

ਜੈਕ ਡੋਰਸੀ ਨੇ ਸੋਮਵਾਰ ਨੂੰ ਇੱਕ ਯੂਟਿਊਬ ਚੈਨਲ, ਬ੍ਰੇਕਿੰਗ ਪੁਆਇੰਟ ਨੂੰ ਦਿੱਤੇ ਇੰਟਰਵਿਊ 'ਚ ਇਹ ਦਾਅਵਾ ਕੀਤਾ ਹੈ।

ਉਨ੍ਹਾਂ ਨੇ ਇਹ ਸਭ ਉਦੋਂ ਕਿਹਾ ਜਦੋਂ ਡੋਰਸੀ ਨੂੰ 'ਸ਼ਕਤੀਸ਼ਾਲੀ ਲੋਕਾਂ' ਦੀਆਂ ਮੰਗਾਂ ਸਬੰਧੀ ਇੱਕ ਸਵਾਲ ਪੁੱਛਿਆ ਗਿਆ। ਹਾਲਾਂਕਿ, ਇਸ ਸਵਾਲ ਵਿੱਚ ਭਾਰਤ ਦਾ ਨਾਂ ਵੀ ਨਹੀਂ ਲਿਆ ਗਿਆ ਸੀ।

ਇਸ ਦੇ ਜਵਾਬ ਵਿੱਚ ਡੋਰਸੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਨੇ ਟਵਿੱਟਰ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਸੀ।

ਜੈਕ ਡੋਰਸੀ ਨੂੰ ਪੁੱਛਿਆ ਗਿਆ ਸੀ- "ਦੁਨੀਆਂ ਭਰ ਦੇ ਤਾਕਤਵਰ ਲੋਕ ਤੁਹਾਡੇ ਕੋਲ ਆਉਂਦੇ ਹਨ ਅਤੇ ਕਈ ਤਰ੍ਹਾਂ ਦੀਆਂ ਮੰਗਾਂ ਕਰਦੇ ਹਨ, ਤੁਸੀਂ ਨੈਤਿਕ ਸਿਧਾਂਤਾਂ ਵਾਲੇ ਵਿਅਕਤੀ ਹੋ, ਤੁਸੀਂ ਇਨ੍ਹਾਂ ਸਥਿਤੀਆਂ ਵਿੱਚੋਂ ਕਿਵੇਂ ਨਿਕਲਦੇ ਹੋ?"

ਇਸ ਸਵਾਲ ਦੇ ਜਵਾਬ ਵਿੱਚ ਡੋਰਸੀ ਨੇ ਕਿਹਾ, "ਮਿਸਾਲ ਵਜੋਂ ਭਾਰਤ ਇੱਕ ਅਜਿਹਾ ਦੇਸ਼ ਹੈ, ਜਿੱਥੋਂ ਕਿਸਾਨ ਅੰਦੋਲਨ ਦੌਰਾਨ ਕਈ ਮੰਗਾਂ ਸਾਡੇ ਕੋਲ ਆ ਰਹੀਆਂ ਸਨ। ਕੁਝ ਖ਼ਾਸ ਪੱਤਰਕਾਰ ਸਰਕਾਰ ਦੀ ਆਲੋਚਨਾ ਕਰ ਰਹੇ ਸਨ, ਉਨ੍ਹਾਂ ਬਾਰੇ।''

''ਇੱਕ ਤਰ੍ਹਾਂ ਨਾਲ ਸਾਨੂੰ ਕਿਹਾ ਗਿਆ ਕਿ ਅਸੀਂ ਭਾਰਤ ਵਿੱਚ ਟਵਿੱਟਰ ਨੂੰ ਬੰਦ ਕਰ ਦੇਵਾਂਗੇ, ਭਾਰਤ ਸਾਡੇ ਲਈ ਇੱਕ ਵੱਡਾ ਬਾਜ਼ਾਰ ਹੈ। ਤੁਹਾਡੇ ਮੁਲਾਜ਼ਮਾਂ ਦੇ ਘਰਾਂ 'ਤੇ ਛਾਪੇ ਮਾਰ ਦੇਵਾਂਗੇ, ਜੋ ਕਿ ਉਨ੍ਹਾਂ ਨੇ ਕੀਤਾ।''

''ਜੇਕਰ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤਾਂ ਅਸੀਂ ਤੁਹਾਡੇ ਦਫ਼ਤਰ ਬੰਦ ਕਰ ਦੇਵਾਂਗੇ। ਇਹ ਭਾਰਤ ਵਿੱਚ ਹੋ ਰਿਹਾ ਸੀ, ਜੋ ਇੱਕ ਲੋਕਤੰਤਰੀ ਦੇਸ਼ ਹੈ।"

ਭਾਰਤ ਨੇ ਜੈਕ ਡੋਰਸੀ ਨੂੰ ਦਿੱਤਾ ਜਵਾਬ

ਭਾਰਤ ਸਰਕਾਰ ਨੇ ਜੈਕ ਡੋਰਸੀ ਦੇ ਇਲਜ਼ਾਮਾਂ ਨੂੰ ਖਾਰਿਜ ਕਰ ਦਿੱਤਾ ਹੈ। ਭਾਰਤ ਦੇ ਇਲੈਕਟ੍ਰੋਨਿਕਸ ਅਤੇ ਤਕਨੀਕ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਟਵਿੱਟਰ 'ਤੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਇਹ ਟਵਿੱਟਰ ਦੇ ਇਤਿਹਾਸ ਵਿੱਚ ਇੱਕ ਸ਼ੱਕੀ ਦੌਰ ਨੂੰ ਸਾਫ ਕਰਨ ਦੀ ਕੋਸ਼ਿਸ਼ ਹੈ।

ਉਨ੍ਹਾਂ ਕਿਹਾ ਕਿ ਜੈਕ ਡੋਰਸੀ ਦੀ ਅਗਵਾਈ 'ਚ ਟਵਿੱਟਰ ਅਤੇ ਉਨ੍ਹਾਂ ਦੀ ਟੀਮ ਲਗਾਤਾਰ ਭਾਰਤੀ ਨਿਯਮਾਂ ਦੀ ਉਲੰਘਣਾ ਕਰ ਰਹੀ ਸੀ।

ਉਨ੍ਹਾਂ ਕਿਹਾ ਕਿ ਤੱਥ ਇਹ ਹੈ ਕਿ ਸਾਲ 2020 ਤੋਂ 2022 ਦਰਮਿਆਨ ਉਨ੍ਹਾਂ ਨੇ ਲਗਾਤਾਰ ਭਾਰਤ ਦੇ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ। ਟਵਿੱਟਰ ਨੇ ਅੰਤ ਵਿੱਚ ਜੂਨ 2022 ਵਿੱਚ ਕਾਨੂੰਨਾਂ ਦੀ ਪਾਲਣਾ ਕੀਤੀ।

ਚੰਦਰਸ਼ੇਖਰ ਨੇ ਕਿਹਾ ਕਿ ਨਾ ਤਾਂ ਕੋਈ ਜੇਲ੍ਹ ਗਿਆ ਸੀ ਅਤੇ ਨਾ ਹੀ ਟਵਿੱਟਰ ਬੰਦ ਹੋਇਆ ਸੀ।

ਕੇਂਦਰੀ ਮੰਤਰੀ ਅਨੁਸਾਰ, “ਟਵਿੱਟਰ ਨੇ ਅਜਿਹਾ ਵਿਵਹਾਰ ਕੀਤਾ ਜਿਵੇਂ ਭਾਰਤ ਦੇ ਕਾਨੂੰਨ ਇਸ 'ਤੇ ਲਾਗੂ ਹੀ ਨਹੀਂ ਹੁੰਦੇ। ਭਾਰਤ ਇੱਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਹੈ ਅਤੇ ਇਸ ਨੂੰ ਇਹ ਯਕੀਨੀ ਬਣਾਉਣ ਦਾ ਅਧਿਕਾਰ ਹੈ ਕਿ ਭਾਰਤ ਵਿੱਚ ਕੰਮ ਕਰ ਰਹੀਆਂ ਸਾਰੀਆਂ ਕੰਪਨੀਆਂ ਭਾਰਤੀ ਕਾਨੂੰਨਾਂ ਦੀ ਪਾਲਣਾ ਕਰਨ।”

ਕਿਸਾਨ ਅੰਦੋਲਨ ਦੇ ਸਮੇਂ ਦਾ ਹਵਾਲਾ ਦਿੰਦੇ ਹੋਏ, ਰਾਜੀਵ ਚੰਦਰਸ਼ੇਖਰ ਨੇ ਕਿਹਾ, “ਜਨਵਰੀ 2021 ਦੇ ਪ੍ਰਦਰਸ਼ਨਾਂ ਦੌਰਾਨ, ਬਹੁਤ ਸਾਰੀਆਂ ਗੁੰਮਰਾਹਕੁੰਨ ਜਾਣਕਾਰੀਆਂ ਸਨ ਅਤੇ ਇੱਥੋਂ ਤੱਕ ਕਿ ਕਤਲੇਆਮ ਦੀਆਂ ਰਿਪੋਰਟਾਂ ਵੀ ਆ ਰਹੀਆਂ ਸਨ ਜੋ ਪੂਰੀ ਤਰ੍ਹਾਂ ਫਰਜ਼ੀ ਸਨ।''

''ਭਾਰਤ ਸਰਕਾਰ ਅਜਿਹੀ ਜਾਣਕਾਰੀ ਨੂੰ ਪਲੇਟਫਾਰਮ ਤੋਂ ਹਟਾਉਣ ਲਈ ਪਾਬੰਦ ਸੀ ਕਿਉਂਕਿ ਅਜਿਹੀਆਂ ਝੂਠੀਆਂ ਖ਼ਬਰਾਂ ਸਥਿਤੀ ਨੂੰ ਹੋਰ ਵਿਗਾੜ ਸਕਦੀਆਂ ਸਨ।''

ਰਾਜੀਵ ਚੰਦਰਸ਼ੇਖਰ ਨੇ ਟਵਿੱਟਰ 'ਤੇ ਪੱਖਪਾਤੀ ਰਵੱਈਆ ਅਪਣਾਉਣ ਦਾ ਇਲਜ਼ਾਮ ਲਗਾਉਂਦੇ ਹੋਏ, ਅਮਰੀਕਾ ਦੀਆਂ ਘਟਨਾਵਾਂ ਦਾ ਵੀ ਹਵਾਲਾ ਦਿੱਤਾ।

ਉਨ੍ਹਾਂ ਕਿਹਾ, "ਜੈਕ ਦੇ ਸਮੇਂ 'ਚ ਟਵਿਟਰ ਦਾ ਪੱਖਪਾਤੀ ਰਵੱਈਆ ਇਸ ਪੱਧਰ 'ਤੇ ਸੀ ਕਿ ਉਨ੍ਹਾਂ ਨੂੰ ਭਾਰਤ 'ਚ ਤਾਂ ਗੁੰਮਰਾਹਕੁੰਨ ਜਾਣਕਾਰੀਆਂ ਹਟਾਉਣ 'ਚ ਦਿੱਕਤ ਸੀ, ਪਰ ਜਦੋਂ ਅਮਰੀਕਾ 'ਚ ਅਜਿਹਾ ਹੀ ਘਟਨਾਕ੍ਰਮ ਹੋਇਆ ਤਾਂ ਉਨ੍ਹਾਂ ਨੇ ਖੁਦ ਹੀ ਅਜਿਹਾ ਕੀਤਾ ਸੀ।"

ਕੇਂਦਰੀ ਮੰਤਰੀ ਨੇ ਕਿਹਾ, ਭਾਰਤ ਵਿੱਚ ਕਿਸੇ 'ਤੇ ਵੀ ਕੋਈ ਛਾਪਾ ਨਹੀਂ ਮਾਰਿਆ ਗਿਆ ਅਤੇ ਨਾ ਹੀ ਕਿਸੇ ਨੂੰ ਜੇਲ੍ਹ ਭੇਜਿਆ ਗਿਆ ਸੀ। ਸਾਡਾ ਉਦੇਸ਼ ਸਿਰਫ਼ ਭਾਰਤੀ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਸੀ।

ਇਲੋਨ ਮਸਕ ਬਾਰੇ ਡੋਰਸੀ ਨੇ ਕੀ ਕਿਹਾ?

ਇਸ ਇੰਟਰਵਿਊ ਵਿੱਚ ਜੈਕ ਡੋਰਸੀ ਨੇ ਟਵਿੱਟਰ ਦੇ ਮੌਜੂਦਾ ਮਾਲਕ ਇਲੋਨ ਮਸਕ ਬਾਰੇ ਵੀ ਗੱਲ ਕੀਤੀ।

ਉਨ੍ਹਾਂ ਨੇ ਮਸਕ ਦੇ ਕਈ ਕਦਮਾਂ ਨੂੰ 'ਕਾਫ਼ੀ ਲਾਪਰਵਾਹ' ਕਿਹਾ।

ਡੋਰਸੀ ਨੇ ਦੱਸਿਆ ਕਿ ਉਨ੍ਹਾਂ ਨੇ ਮਸਕ ਨੂੰ ਕਈ ਵਾਰ ਟਵਿੱਟਰ ਦੇ ਬੋਰਡ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਪਿਛਲੇ ਸਾਲ ਮਸਕ ਬੋਰਡ 'ਚ ਸ਼ਾਮਲ ਹੋ ਗਏ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਟਵਿੱਟਰ ਨੂੰ ਖਰੀਦਣ ਦਾ ਪ੍ਰਸਤਾਵ ਰੱਖਿਆ।

ਉਨ੍ਹਾਂ ਕਿਹਾ, “ਇਲੋਨ ਸਾਡੇ ਨੰਬਰ ਇੱਕ ਉਪਭੋਗਤਾ ਸਨ। ਉਹ ਨੰਬਰ ਇੱਕ ਗਾਹਕ ਵੀ ਸਨ.. ਉਹ ਸਾਡੇ ਪਲੇਟਫਾਰਮ ਨੂੰ ਡੂੰਘਾਈ ਨਾਲ ਸਮਝਦੇ ਸਨ। ਉਹ ਇੱਕ ਟੈਕਨਾਲੋਜਿਸਟ ਹਨ ਅਤੇ ਟੈਕਨਾਲੋਜੀ ਬਣਾਉਂਦੇ ਹਨ।"

ਹਾਲਾਂਕਿ ਮਸਕ ਟਵਿੱਟਰ ਨੂੰ ਖਰੀਦਣ ਦਾ ਪ੍ਰਸਤਾਵ ਦੇ ਕੇ ਪਿੱਛੇ ਹਟ ਗਏ ਅਤੇ ਟਵਿੱਟਰ ਨੂੰ ਮੁਕੱਦਮਾ ਕਰਨਾ ਪਿਆ ਸੀ। ਇਸ ਤੋਂ ਬਾਅਦ ਮਸਕ ਨੇ ਟਵਿੱਟਰ ਨੂੰ ਖਰੀਦ ਲਿਆ ਸੀ।

  • ਟਵਿੱਟਰ ਸੰਸਥਾਪਕ ਜੈਕ ਡੋਰਸੀ ਦਾ ਦਾਅਵਾ, ਕਿਸਾਨ ਅੰਦੋਲਨ ਵੇਲੇ ਭਾਰਤ ਸਰਕਾਰ ਨੇ ਟਵਿੱਟਰ ਨੂੰ ਬੰਦ ਕਰਨ ਦੀ ਧਮਕੀ ਦਿੱਤੀ
  • ਡੋਰਸੀ ਮੁਤਾਬਕ, ਸਰਕਾਰ ਨੇ ਆਲੋਚਨਾ ਕਰਨ ਵਾਲੇ ਪੱਤਰਕਾਰਾਂ ਦੇ ਖਾਤੇ ਬੰਦ ਕਰਨ ਲਈ ਕਿਹਾ ਸੀ
  • ਡੋਰਸੀ ਦਾ ਕਹਿਣਾ ਹੈ ਕਿ ਸਰਕਾਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਗੱਲ ਨਾ ਮੰਨੀ ਗਈ ਤਾਂ ਸਾਡੇ ਕਰਮਚਾਰੀਆਂ 'ਤੇ ਛਾਪੇ ਪੈਣਗੇ
  • ਭਾਰਤ ਸਰਕਾਰ ਨੇ ਜੈਕ ਡੋਰਸੀ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਿਜ ਕੀਤਾ
  • ਸਰਕਾਰ ਦਾ ਕਹਿਣਾ ਹੈ ਕਿ ਟਵਿੱਟਰ ਨੇ 2020-22 ਵਿਚਕਾਰ ਭਾਰਤੀ ਨਿਯਮਾਂ ਦੀ ਉਲੰਘਣਾ ਕੀਤੀ ਹੈ
  • ਸਰਕਾਰ ਮੁਤਾਬਕ, ਨਾ ਤਾਂ ਟਵਿੱਟਰ ਨੂੰ ਬੰਦ ਕੀਤਾ ਗਿਆ ਅਤੇ ਨਾ ਹੀ ਕਿਸੇ 'ਤੇ ਛਾਪੇ ਮਾਰੇ ਗਏ ਸਨ

ਸਮੱਗਰੀ ਨੂੰ ਹਟਾਉਣ ਦੀ ਮੰਗ ਵਿੱਚ ਭਾਰਤ ਪਹਿਲੇ ਨੰਬਰ 'ਤੇ

ਅਪ੍ਰੈਲ ਵਿੱਚ ਜਾਰੀ ਹੋਈ ਟਵਿੱਟਰ ਦੀ ਪਾਰਦਰਸ਼ਤਾ ਰਿਪੋਰਟ ਦੇ ਅਨੁਸਾਰ, ਭਾਰਤ ਟਵਿੱਟਰ ਤੋਂ ਸਮੱਗਰੀ ਨੂੰ ਹਟਾਉਣ ਦੀ ਮੰਗ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਸਭ ਤੋਂ ਅੱਗੇ ਹੈ।

ਰਿਪੋਰਟ ਅਨੁਸਾਰ, 1 ਜਨਵਰੀ, 2022 ਤੋਂ 30 ਜੂਨ, 2022 ਦੇ ਵਿਚਕਾਰ, ਦੁਨੀਆਂ ਭਰ ਦੀਆਂ ਸਰਕਾਰਾਂ ਨੇ ਸਮੱਗਰੀ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਟਵਿੱਟਰ ਨੂੰ 53,000 ਕਾਨੂੰਨੀ ਨੋਟਿਸ ਭੇਜੇ।

ਟਵਿੱਟਰ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ 'ਚ 6,586,109 ਕੰਟੈਂਟ ਸਮੱਗਰੀਆਂ 'ਤੇ ਕਾਰਵਾਈ ਕਰਨ ਲਈ ਕਿਹਾ ਗਿਆ ਸੀ, ਜਿਨ੍ਹਾਂ 'ਚੋਂ ਟਵਿੱਟਰ ਨੇ 5,096,272 ਖਾਤਿਆਂ 'ਤੇ ਕਾਰਵਾਈ ਕੀਤੀ, ਜਦਕਿ 1,618,855 ਖਾਤਿਆਂ ਨੂੰ ਟਵਿੱਟਰ ਨਿਯਮਾਂ ਦੀ ਉਲੰਘਣਾ ਕਰਕੇ ਸਸਪੈਂਡ ਕਰ ਦਿੱਤਾ ਗਿਆ।

ਟਵਿੱਟਰ ਨੂੰ 85 ਤੋਂ ਵੱਧ ਦੇਸ਼ਾਂ ਦੀਆਂ ਸਰਕਾਰਾਂ ਤੋਂ ਉਪਭੋਗਤਾ ਡੇਟਾ ਪ੍ਰਾਪਤ ਕਰਨ ਲਈ 16,000 ਤੋਂ ਵੱਧ ਮੰਗਾਂ ਭੇਜੀਆਂ।

ਟਵਿੱਟਰ ਦੇ ਅਨੁਸਾਰ, ਇਹ ਮੰਗ ਕਰਨ ਵਾਲੇ ਚੋਟੀ ਦੇ ਦੇਸ਼ ਹਨ - ਭਾਰਤ, ਅਮਰੀਕਾ, ਫਰਾਂਸ, ਜਾਪਾਨ ਅਤੇ ਜਰਮਨੀ।

ਸੋਸ਼ਲ ਮੀਡੀਆ 'ਤੇ ਸਵਾਲ

ਜੈਕ ਡੋਰਸੀ ਦੇ ਇਸ ਇੰਟਰਵਿਊ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਵਾਲ ਵੀ ਉੱਠ ਰਹੇ ਹਨ।

ਯੂਥ ਕਾਂਗਰਸ ਆਗੂ ਸ਼੍ਰੀਨਿਵਾਸ ਬੀਵੀ ਨੇ ਜੈਕ ਦਾ ਵੀਡੀਓ ਸਾਂਝਾ ਕਰਦੇ ਹੋਏ ਇੱਕ ਟਵੀਟ ਵਿੱਚ ਕਿਹਾ, "ਮਦਰ ਆਫ਼ ਡੈਮੋਕਰੇਸੀ - ਅਨਫਿਲਟਰਡ"

ਪੱਤਰਕਾਰ ਰਾਣਾ ਅਯੂਬ ਨੇ ਜੈਕ ਡੋਰਸੀ ਦੇ ਇਲਜ਼ਾਮਾਂ ਨੂੰ 'ਘਾਤਕ' ਦੱਸਿਆ ਹੈ।

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਜੈਕ ਡੋਰਸੀ ਦੇ ਬਿਆਨ ਨੂੰ ਟਵਿੱਟਰ 'ਤੇ ਸਾਂਝਾ ਕਰਦਿਆਂ ਲਿਖਿਆ, "ਭਾਰਤ ਸਰਕਾਰ ਨੇ ਟਵਿੱਟਰ ਨੂੰ ਕਿਸਾਨ ਅੰਦੋਲਨ ਅਤੇ ਸਰਕਾਰ ਦੇ ਆਲੋਚਕਾਂ ਨੂੰ ਬਲੈਕ ਆਊਟ ਕਰਨ ਲਈ ਕਿਹਾ।"

ਕਾਂਗਰਸ ਆਗੂ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਦਫਤਰ ਨਾਲ ਜੁੜੇ ਗੌਰਵ ਪਾਂਧੀ ਨੇ ਇੱਕ ਟਵੀਟ ਵਿੱਚ ਕਿਹਾ, "ਇਹ ਇਸ ਗੱਲ ਦਾ ਇੱਕ ਹੋਰ ਸਪਸ਼ਟ ਸੰਦੇਸ਼ ਹੈ ਕਿ ਮੋਦੀ ਅਤੇ ਸ਼ਾਹ ਪ੍ਰਗਟਾਵੇ ਦੀ ਆਜ਼ਾਦੀ ਤੋਂ ਕਿੰਨੇ ਡਰਦੇ ਹਨ।"

ਕਿਸਾਨ ਅੰਦੋਲਨ ਅਤੇ ਟਵਿੱਟਰ

ਭਾਰਤ ਵਿੱਚ ਕਿਸਾਨਾਂ ਨੇ ਮੋਦੀ ਸਰਕਾਰ ਦੇ ਕਿਸਾਨਾਂ ਨਾਲ ਸਬੰਧਤ ਤਿੰਨ ਕਾਨੂੰਨਾਂ ਖ਼ਿਲਾਫ਼ ਲੰਬਾ ਅੰਦੋਲਨ ਕੀਤਾ ਅਤੇ ਆਖਰਕਾਰ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਪਏ।

ਇਸ ਦੌਰਾਨ ਕਿਸਾਨ ਦਿੱਲੀ ਨੂੰ ਬਾਕੀ ਸੂਬਿਆਂ ਨਾਲ ਜੋੜਨ ਵਾਲੀਆਂ ਸਰਹੱਦਾਂ 'ਤੇ ਡਟੇ ਹੋਏ ਸਨ।

ਅਗਸਤ 2020 ਵਿੱਚ, ਕਿਸਾਨਾਂ ਨੇ ਇਨ੍ਹਾਂ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਸ਼ੁਰੂ ਕੀਤੇ ਅਤੇ ਨਵੰਬਰ 2020 ਵਿੱਚ, ਉਨ੍ਹਾਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਮੋਰਚੇ ਲਗਾਏ ਸਨ।

ਟਵਿੱਟਰ ਨੇ ਫਰਵਰੀ 2021 'ਚ ਭਾਰਤ ਸਰਕਾਰ ਦੀ ਮੰਗ 'ਤੇ ਕਿਸਾਨ ਅੰਦੋਲਨ ਨਾਲ ਜੁੜੇ ਕਈ ਅਹਿਮ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ।

ਉਸ ਸਮੇਂ ਇਨ੍ਹਾਂ ਖਾਤਿਆਂ 'ਤੇ ਪਾਬੰਦੀ ਲਗਾਏ ਜਾਣ ਬਾਰੇ ਦੱਸਦੇ ਹੋਏ ਟਵਿੱਟਰ ਨੇ ਕਿਹਾ ਸੀ, "ਕਾਨੂੰਨੀ ਨਿਯਮਾਂ ਕਾਰਨ, ਭਾਰਤ ਵਿੱਚ ਤੁਹਾਡੇ ਖਾਤੇ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ।"

ਇਨ੍ਹਾਂ ਵਿੱਚ ਕਿਸਾਨ ਅੰਦੋਲਨ ਦੇ ਅਧਿਕਾਰਤ ਖਾਤੇ ਸਮੇਤ ਕਈ ਪ੍ਰਭਾਵਸ਼ਾਲੀ ਖਾਤੇ ਸ਼ਾਮਲ ਸਨ।

ਟਵਿੱਟਰ ਦਾ ਭਾਰਤ ਸਰਕਾਰ ਨਾਲ ਟਕਰਾਅ

ਕਿਸਾਨ ਅੰਦੋਲਨ ਦੌਰਾਨ ਖਾਤਿਆਂ 'ਤੇ ਪਾਬੰਦੀ ਲਗਾਉਣ ਦੌਰਾਨ ਟਵਿੱਟਰ ਅਤੇ ਭਾਰਤ ਸਰਕਾਰ ਵਿਚਾਲੇ ਟਕਰਾਅ ਦੀਆਂ ਖ਼ਬਰਾਂ ਵੀ ਆਈਆਂ ਸਨ।

ਭਾਰਤ ਦੇ ਤਤਕਾਲੀ ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਫਰਵਰੀ 2021 ਵਿੱਚ ਟਵਿੱਟਰ 'ਤੇ ਦੋਹਰੇ ਮਾਪਦੰਡ ਅਪਣਾਉਣ ਦਾ ਇਲਜ਼ਾਮ ਲਗਾਇਆ ਸੀ।

ਰਾਜ ਸਭਾ 'ਚ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਸੀ, "ਕੈਪੀਟਲ ਹਿੱਲ ਦੀ ਘਟਨਾ ਤੋਂ ਬਾਅਦ ਟਵਿੱਟਰ ਵੱਲੋਂ ਕੀਤੀ ਗਈ ਕਾਰਵਾਈ ਦਾ ਸਮਰਥਨ ਕਰਦੇ ਹਾਂ। ਹੈਰਾਨੀ ਦੀ ਗੱਲ ਹੈ ਕਿ ਲਾਲ ਕਿਲੇ ਦੀ ਹਿੰਸਾ 'ਤੇ ਉਨ੍ਹਾਂ ਦਾ ਸਟੈਂਡ ਵੱਖਰਾ ਹੈ।"

ਜੂਨ 2021 ਵਿੱਚ ਰਵੀ ਸ਼ੰਕਰ ਪ੍ਰਸਾਦ ਦਾ ਟਵਿੱਟਰ ਅਕਾਊਂਟ ਵੀ ਦੋ ਘੰਟਿਆਂ ਲਈ ਬਲੌਕ ਕਰ ਦਿੱਤਾ ਗਿਆ ਸੀ। ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਸਾਦ ਨੇ ਕਿਹਾ ਸੀ, "ਇੰਝ ਲੱਗਦਾ ਹੈ ਕਿ ਮੈਂ ਟਵਿੱਟਰ ਦੀਆਂ ਮਨਮਾਨੀਆਂ ਅਤੇ ਇਕਪਾਸੜ ਹਰਕਤਾਂ ਨੂੰ ਲੈ ਕੇ ਮੈਂ ਜੋ ਬਿਆਨ ਦਿੱਤੇ, ਖਾਸ ਤੌਰ 'ਤੇ ਟੀਵੀ ਚੈਨਲਾਂ 'ਤੇ ਮੇਰੀ ਇੰਟਰਵਿਊ ਦੀਆਂ ਕਲਿੱਪਾਂ ਨੂੰ ਸਾਂਝਾ ਕਰਨ ਅਤੇ ਇਸ ਦੇ ਜ਼ੋਰਦਾਰ ਪ੍ਰਭਾਵ ਨੂੰ ਲੈ ਕੇ, ਉਨ੍ਹਾਂ ਨੂੰ ਤਕਲੀਫ਼ ਹੋਈ ਹੈ।"

"ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਟਵਿੱਟਰ ਕਿਉਂ ਇੰਟਰਮੀਡੀਅਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਰਿਹਾ ਹੈ। ਕਿਉਂਕਿ ਜੇਕਰ ਟਵਿੱਟਰ ਇਸ ਦੀ ਪਾਲਣਾ ਕਰਦਾ ਹੈ, ਤਾਂ ਇਹ ਕਿਸੇ ਵਿਅਕਤੀ ਨੂੰ ਉਸ ਦੇ ਖਾਤੇ ਨੂੰ ਚਲਾਉਣ ਤੋਂ ਇਕਪਾਸੜ ਤੌਰ 'ਤੇ ਨਹੀਂ ਰੋਕ ਸਕੇਗਾ। ਇਹ ਗੱਲ ਉਨ੍ਹਾਂ ਦੇ ਏਜੰਡੇ ਨੂੰ ਸੂਟ ਨਹੀਂ ਕਰਦੀ।''

ਪ੍ਰਸਾਦ ਨੇ ਕਿਹਾ ਸੀ, “ਟਵਿੱਟਰ ਦੀ ਕਾਰਵਾਈ ਤੋਂ ਸੰਕੇਤ ਮਿਲਦੇ ਹਨ ਕਿ ਉਹ ਪ੍ਰਗਟਾਵੇ ਦੀ ਆਜ਼ਾਦੀ ਦੀ ਅਗਵਾਈ ਕਰਨ ਵਾਲੇ ਨਹੀਂ ਹਨ, ਜਿਵੇਂ ਕਿ ਉਹ ਦਾਅਵਾ ਕਰਦੇ ਹਨ।''

''ਪਰ ਉਨ੍ਹਾਂ ਦੀ ਦਿਲਚਸਪੀ ਸਿਰਫ ਆਪਣਾ ਏਜੰਡਾ ਚਲਾਉਣ ਵਿੱਚ ਹੈ... ਇਸੇ ਧਮਕੀ ਨਾਲ ਕਿ ਜੇਕਰ ਤੁਸੀਂ ਉਨ੍ਹਾਂ ਦੀ ਗੱਲ ਨਹੀਂ ਮੰਨੀ, ਤਾਂ ਉਹ ਤੁਹਾਨੂੰ ਆਪਣੇ ਪਲੇਟਫਾਰਮ ਤੋਂ ਇੱਕਤਰਫਾ ਤੌਰ 'ਤੇ ਹਟਾ ਦੇਣਗੇ।''

ਗਣਤੰਤਰ ਦਿਵਸ ਵਾਲੇ ਦਿਨ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ 'ਟਰੈਕਟਰ ਪਰੇਡ' ਕੀਤੀ ਸੀ, ਜਿਸ ਦੌਰਾਨ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ 'ਚ ਹਿੰਸਕ ਘਟਨਾਵਾਂ ਦੇਖਣ ਨੂੰ ਮਿਲੀਆਂ ਸਨ।

ਪਰ ਸਭ ਤੋਂ ਜ਼ਿਆਦਾ ਚਰਚਾ ਲਾਲ ਕਿਲੇ 'ਤੇ ਹੋਈ ਹਿੰਸਾ ਦੀ ਰਹੀ, ਜਿਸ ਤੋਂ ਬਾਅਦ ਸਰਕਾਰ ਨੇ ਟਵਿੱਟਰ ਨੂੰ ਕਰੀਬ 1100 ਅਕਾਊਂਟ ਬਲੌਕ ਕਰਨ ਦੇ ਨਿਰਦੇਸ਼ ਦਿੱਤੇ ਸਨ।

ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ 'ਚੋਂ ਜ਼ਿਆਦਾਤਰ ਅਕਾਊਂਟ ਖਾਲਿਸਤਾਨ ਸਮਰਥਕਾਂ ਦੇ ਹਨ ਜਾਂ ਕੁਝ ਅਜਿਹੇ ਲੋਕਾਂ ਦੇ ਹਨ, ਜੋ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਜਾਂ 26 ਜਨਵਰੀ ਨੂੰ ਹੋਈ ਹਿੰਸਾ ਬਾਰੇ ਝੂਠੀਆਂ ਖਬਰਾਂ ਅਤੇ ਸੂਚਨਾਵਾਂ ਫੈਲਾ ਰਹੇ ਸਨ।

ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ, ਟਵਿੱਟਰ ਨੇ ਕੁਝ ਖਾਤਿਆਂ ਨੂੰ ਬਲੌਕ ਕਰ ਦਿੱਤਾ, ਪਰ ਬਾਅਦ ਵਿੱਚ ਇਸ ਨੇ ਉਨ੍ਹਾਂ ਵਿੱਚੋਂ ਕਈ ਖਾਤਿਆਂ ਨੂੰ ਬਹਾਲ ਕਰ ਦਿੱਤਾ।

ਉਸ ਵੇਲੇ ਟਵਿੱਟਰ ਦੁਆਰਾ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਸੀ ਕਿ ਇਸ ਨੇ ਮੀਡੀਆ ਨਾਲ ਜੁੜੇ ਲੋਕਾਂ, ਪੱਤਰਕਾਰਾਂ, ਸਮਾਜ ਸੇਵਕਾਂ ਅਤੇ ਸਿਆਸਤਦਾਨਾਂ ਦੇ ਖਾਤਿਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਹੈ।

ਟਵਿੱਟਰ ਨੇ ਕਿਹਾ ਸੀ, "ਅਸੀਂ ਪ੍ਰਗਟਾਵੇ ਦੀ ਆਜ਼ਾਦੀ ਦੀ ਵਕਾਲਤ ਕਰਦੇ ਰਹਾਂਗੇ ਅਤੇ ਅਸੀਂ ਭਾਰਤੀ ਕਾਨੂੰਨ ਮੁਤਾਬਕ ਇਸ ਦਾ ਕੋਈ ਰਸਤਾ ਵੀ ਲੱਭ ਰਹੇ ਹਾਂ।"

ਜਦੋਂ ਟਵਿੱਟਰ ਇੰਡੀਆ ਦੇ ਦਫ਼ਤਰ ਪਹੁੰਚੀ ਦਿੱਲੀ ਪੁਲਿਸ

ਦਿੱਲੀ ਪੁਲਿਸ ਦੀ ਇੱਕ ਟੀਮ 24 ਮਈ 2021 ਦੀ ਸ਼ਾਮ ਨੂੰ "ਟੂਲਕਿੱਟ ਮੈਨੀਪੁਲੇਸ਼ਨ ਮੀਡੀਆ" ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਟਵਿੱਟਰ ਇੰਡੀਆ ਦੇ ਗੁਰੂਗ੍ਰਾਮ ਦਫ਼ਤਰ ਪਹੁੰਚੀ ਸੀ।

ਉਸੇ ਦਿਨ ਦੁਪਹਿਰ ਨੂੰ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਸ ਮਾਮਲੇ ਵਿੱਚ ਟਵਿੱਟਰ ਇੰਡੀਆ ਨੂੰ ਇੱਕ ਨੋਟਿਸ ਭੇਜਿਆ ਸੀ।

ਟੂਲਕਿੱਟ ਨਾਲ ਜੁੜਿਆ ਮਾਮਲਾ ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਦੇ ਇਲਜ਼ਾਮ ਨਾਲ ਸਬੰਧਿਤ ਸੀ।ਸੰਬਿਤ ਪਾਤਰਾ ਨੇ ਕਾਂਗਰਸ 'ਤੇ ਟੂਲਕਿੱਟ ਇਸਤੇਮਾਲ ਕਰਕੇ ਭਾਜਪਾ ਅਤੇ ਦੇਸ਼ ਦੇ ਅਕਸ ਨੂੰ ਖਰਾਬ ਕਰਨ ਦਾ ਇਲਜ਼ਾਮ ਲਗਾਇਆ ਸੀ।

18 ਮਈ ਨੂੰ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਅਤੇ ਭਾਜਪਾ ਦੇ ਜਨਰਲ ਸਕੱਤਰ ਬੀਐਲ ਸੰਤੋਸ਼ ਨੇ ਚਾਰ-ਚਾਰ ਪੰਨਿਆਂ ਦੇ ਦੋ ਵੱਖਰੇ-ਵਖਦੇ ਦਸਤਾਵੇਜ਼ਾਂ ਦੇ ਸਕਰੀਨ ਸ਼ਾਟ ਟਵੀਟ ਕੀਤੇ ਸਨ।

ਇਨ੍ਹਾਂ ਵਿੱਚੋਂ ਇੱਕ ਦਸਤਾਵੇਜ਼ ਕੋਵਿਡ-19 ਬਾਰੇ ਸੀ ਅਤੇ ਦੂਜਾ ਸੈਂਟਰਲ ਵਿਸਟਾ ਪ੍ਰੋਜੈਕਟ ਬਾਰੇ।

ਇਨ੍ਹਾਂ ਟਵੀਟਸ 'ਚ ਦਾਅਵਾ ਕੀਤਾ ਗਿਆ ਸੀ ਕਿ ਇਹ ਕਾਂਗਰਸ ਦੀ ਟੂਲਕਿੱਟ ਹੈ ਅਤੇ ਕਾਂਗਰਸ ਨੇ ਦੇਸ਼ 'ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਮੋਦੀ ਸਰਕਾਰ ਨੂੰ ਬਦਨਾਮ ਕਰਨ ਲਈ ਇਹ ਟੂਲਕਿੱਟ ਤਿਆਰ ਕੀਤੀ ਹੈ।

ਇਸ ਤੋਂ ਪਹਿਲਾਂ ਕਿਸਾਨ ਅੰਦੋਲਨ ਦੌਰਾਨ ਵੀ ਕਾਰਕੁਨਾਂ 'ਤੇ ਟੂਲਕਿੱਟ ਦੀ ਵਰਤੋਂ ਕਰਨ ਅਤੇ ਟਵਿੱਟਰ ਰਾਹੀਂ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਦੇ ਇਲਜ਼ਾਮ ਲਗਾਏ ਗਏ ਸਨ।

ਅਮਰੀਕੀ ਪੌਪ ਗਾਇਕ ਰਿਹਾਨਾ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ। ਉਸ ਵੇਲੇ ਰਿਹਾਨਾ ਦੇ ਟਵੀਟ ਨੂੰ ਵੀ ਕਥਿਤ ਟੂਲਕਿੱਟ ਦਾ ਹਿੱਸਾ ਕਿਹਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)