ਬਾਇਜੂਜ਼: ਸਾਲ ’ਚ ਕਰੋੜਾਂ ਡਾਲਰ ਕਮਾਉਣ ਤੋਂ ਲੈ ਕੇ ਮੁਲਾਜ਼ਮਾਂ ਦੀ ਪੀਐੱਫ਼ ਅਦਾਇਗੀ ਨਾ ਕਰ ਸਕਣ ਤੱਕ

    • ਲੇਖਕ, ਅੰਸ਼ੁਲ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਦੁਨੀਆਂ ਭਰ ਦੀਆਂ ਕੰਪਨੀਆਂ 'ਚ ਨਿਵੇਸ਼ ਕਰਨ ਵਾਲੇ ਗਰੁੱਪ 'ਪ੍ਰੋਸਸ' ਨੇ ਭਾਰਤ ਦੀ ਏਜੂਟੈਕ ਸਟਾਰਟ-ਅੱਪ ਕੰਪਨੀ ਬਾਇਜੂਜ਼ ਦੀ ਵੈਲੀਓਏਸ਼ਨ ਯਾਨੀ ਮੁੱਲ ਘਟਾ ਕੇ 5.1 ਅਰਬ ਡਾਲਰ ਕਰ ਦਿੱਤਾ ਹੈ। ਇਹ ਮੁੱਲ ਪਹਿਲਾਂ 22 ਅਰਬ ਡਾਲਰ ਸੀ।

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਅਜਿਹਾ ਨੀਦਰਲੈਂਡਜ਼ ਵਿੱਚ ਸੂਚੀਬੱਧ ਦੁਨੀਆਂ ਦੇ ਸਭ ਤੋਂ ਵੱਡੇ ਤਕਨਾਲੋਜੀ ਨਿਵੇਸ਼ਕ ‘ਪ੍ਰੋਸਸ’ ਵਲੋਂ ਕੀਤਾ ਗਿਆ ਹੈ।

ਅੰਕੜਿਆਂ ਦੀ ਗੱਲ ਕਰੀਏ ਤਾਂ ਇਹ ਗਿਰਾਵਟ 75 ਫ਼ੀਸਦੀ ਤੋਂ ਵੀ ਵੱਧ ਦੀ ਹੈ।

ਪ੍ਰੋਸਸ ਗਰੁੱਪ ਬਾਇਜੂਜ਼ ਦਾ ਸਭ ਤੋਂ ਵੱਡਾ ਨਿਵੇਸ਼ਕ ਹੈ। ਰਾਇਟਰਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 31 ਮਾਰਚ ਨੂੰ ਖ਼ਤਮ ਹੋਏ ਵਿੱਤੀ ਸਾਲ ਵਿੱਚ, ਪ੍ਰੋਸਸ ਨੇ ਬਾਇਜੂਜ਼ ਵਿੱਚ ਆਪਣੀ 9.6 ਪ੍ਰਤੀਸ਼ਤ ਹਿੱਸੇਦਾਰੀ ਦਾ ਮੁੱਲ ਘਟਾ ਕੇ 49.3 ਕਰੋੜ ਡਾਲਰ ਕਰ ਦਿੱਤਾ ਹੈ।

ਹਾਲ ਦੀ ਘੜੀ ਸਾਲ 2011 ਵਿੱਚ ਬਣੀ ਤੇ ਦੇਸ਼ ਵਿੱਚ ਲੌਕਡਾਊਨ ਦੌਰਾਨ ਤਰੱਕੀ ਦੀ ਰਫ਼ਤਾਰ ਫ਼ੜਨ ਵਾਲੀ, ਇਸ ਕੰਪਨੀ ਲਈ ਕਾਰੋਬਾਰ ਪੱਖੋਂ ਬਹੁਤਾ ਕੁਝ ਠੀਕ ਨਹੀਂ ਚੱਲ ਰਿਹਾ ਹੈ।

ਕੰਪਨੀ ਭਾਰਤ ਵਿੱਚ ਮੁਲਾਜ਼ਮਾਂ ਦੀ ਛਾਂਟੀ ਕਰ ਰਹੀ ਹੈ ਅਤੇ ਕਰਜ਼ੇ ਨੂੰ ਲੈ ਕੇ ਵਿਦੇਸ਼ ਵਿੱਚ ਕਾਨੂੰਨੀ ਲੜਾਈ ਲੜ ਰਹੀ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਅਜਿਹਾ ਕੰਪਨੀ ਵਲੋਂ ਆਪਣਾ ਧਿਆਨ ਗੁਣਵੱਤਾਂ ਦੀ ਬਜਾਇ ਮਹਿਜ਼ ਕਾਰੋਬਾਰ ’ਤੇ ਕੇਂਦਰਤ ਕਰਨ ਕਰਕੇ ਹੋਇਆ ਹੈ।

ਆਖ਼ਿਰ ਬਾਇਜੂਜ਼ ਦਾ ਮਾਮਲਾ ਹੈ ਕੀ?

ਕੁਝ ਦਿਨ ਪਹਿਲਾਂ, ਡੇਲਾਈਟ ਹਾਸਕਿਨਜ਼ ਐਂਡ ਸੇਲਸ ਨੇ ਬਾਇਜੂਜ਼ ਦੇ ਆਡੀਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਇਸੇ ਨੇ ਬਾਇਜੂਜ਼ ਦਾ 2025 ਤੱਕ ਆਡਿਟ ਯਾਨੀ ਲੇਖਾਜੋਖਾ ਕਰਨਾ ਸੀ।

ਡੇਲਾਈਟ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਉਨ੍ਹਾਂ ਨੇ ਕਿਹਾ ਕਿ ਅਸੀਂ ਕੰਪਨੀ ਦਾ ਆਡਿਟ ਨਹੀਂ ਕਰ ਸਕੇ ਕਿਉਂਕਿ ਉਨ੍ਹਾਂ ਨੂੰ ਸਾਲ 2021-22 ਲਈ ਵਿੱਤੀ ਸਟੇਟਮੈਂਟਾਂ ਨਹੀਂ ਮਿਲੀਆਂ ਸਨ।

ਡੇਲਾਈਟ ਹਾਸਕਿਨਜ਼ ਐਂਡ ਸੇਲਸ ਨੇ ਬਾਇਜੂਜ਼ ਨੂੰ ਲਿਖੇ ਪੱਤਰ ਵਿੱਚ ਕਿਹਾ, “ਸਾਨੂੰ ਅੱਜ ਤੱਕ ਆਡਿਟ ਬਾਰੇ ਕੋਈ ਟਿੱਪਣੀ ਨਹੀਂ ਮਿਲੀ ਹੈ।”

“ਇਸ ਦੇ ਚਲਦਿਆਂ ਆਡਿਟਿੰਗ ਮਿਆਰਾਂ ਦੇ ਅਧਾਰ ’ਤੇ ਆਡਿਟ ਦੀ ਯੋਜਨਾ ਬਣਾਉਣ, ਡਿਜ਼ਾਈਨ ਕਰਨ, ਪ੍ਰਦਰਸ਼ਨ ਕਰਨ ਅਤੇ ਪੂਰਾ ਕਰਨ ਦੀ ਸਾਡੀ ਯੋਗਤਾ 'ਤੇ ਖ਼ਾਸ ਪ੍ਰਭਾਵ ਪਵੇਗਾ। ਇਸ ਦੇ ਮੱਦੇਨਜ਼ਰ, ਅਸੀਂ ਫ਼ੌਰੀ ਪ੍ਰਭਾਵ ਨਾਲ ਕੰਪਨੀ ਦੇ ਕਾਨੂੰਨੀ ਆਡੀਟਰ ਵਜੋਂ ਆਪਣਾ ਅਸਤੀਫ਼ਾ ਦਿੰਦੇ ਹਾਂ।”

ਰਾਇਟਰਜ਼ ਮੁਤਾਬਕ, ਆਡੀਟਰ ਦੇ ਜਾਣ ਤੋਂ ਬਾਅਦ, ਕੰਪਨੀ ਨੇ ਨਿਵੇਸ਼ਕਾਂ ਨੂੰ ਕਿਹਾ ਹੈ ਕਿ ਉਹ ਇਸ ਸਾਲ ਸਤੰਬਰ ਮਹੀਨੇ ਵਿੱਚ ਆਪਣੀ 2022 ਦੀ ਕਮਾਈ ਅਤੇ ਦਸੰਬਰ ਤੱਕ 2023 ਦੀ ਕਮਾਈ ਦੇ ਵੇਰਵੇ ਸਾਂਝੇ ਕਰਨਗੇ।

ਫਿਲਹਾਲ ਕੰਪਨੀ ਨੂੰ ਨਵਾਂ ਆਡੀਟਰ ਮਿਲ ਗਿਆ ਹੈ। ਕੰਪਨੀ ਨੇ ਬੀਡੀਓ (ਐੱਮਐੱਸਕੇਏ ਐਂਡ ਅਸੋਸੀਏਟਸ) ਨੂੰ ਪੰਜ ਸਾਲਾਂ ਲਈ ਆਡੀਟਰ ਨਿਯੁਕਤ ਕੀਤਾ ਹੈ।

ਅਖਬਾਰ 'ਦਿ ਹਿੰਦੂ ਬਿਜ਼ਨਸ ਲਾਈਨ' ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਬਾਇਜੂਜ਼ ਦੇ ਕਈ ਸਾਬਕਾ ਕਰਮਚਾਰੀਆਂ ਨੇ ਕੰਪਨੀ 'ਤੇ ਈਪੀਐੱਫ਼ ਯਾਨੀ ਕਰਮਚਾਰੀ ਭਵਿੱਖੀ ਸਕੀਮ ਵਿੱਚ ਪੈਸੇ ਜਮ੍ਹਾ ਨਾ ਕਰਵਾਉਣ ਦੇ ਇਲਜ਼ਾਮ ਲਗਾਏ ਹਨ।

ਇਲਜ਼ਾਮ ਹਨ ਕਿ ਕੰਪਨੀ ਤਨਖਾਹ ਵਿੱਚੋਂ ਹਰ ਮਹੀਨੇ ਪੀਐੱਫ਼ ਕੱਟਦੀ ਰਹੀ ਸੀ ਪਰ ਉਹ ਇਹ ਰਕਮ ਕਰਮਚਾਰੀਆਂ ਦੇ ਈਪੀਐੱਫ਼ ਖਾਤੇ ਵਿੱਚ ਜਮ੍ਹਾਂ ਨਹੀਂ ਕਰਵਾ ਰਹੀ ਸੀ।

ਰਿਪੋਰਟ ਸਾਹਮਣੇ ਆਉਣ ਤੋਂ ਬਾਅਦ, ਬਾਇਜੂਜ਼ ਦੀ ਮੂਲ ਕੰਪਨੀ 'ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ' ਨੇ ਅਗਸਤ 2022 ਤੋਂ ਮਈ 2023 ਤੱਕ ਦੇ 10 ਮਹੀਨਿਆਂ ਦੇ ਬਣਦੇ ਈਪੀਐੱਫ਼ ਦਾ ਭੁਗਤਾਨ ਕਰ ਦਿੱਤਾ ਹੈ।

ਇਸ ਭੁਗਤਾਨ ਲਈ 123.1 ਕਰੋੜ ਰੁਪਏ ਜਮ੍ਹਾ ਕਰਵਾਏ ਗਏ ਸਨ ਜਦਕਿ ਕੰਪਨੀ ਨੇ ਬਾਕੀ 3.43 ਕਰੋੜ ਰੁਪਏ ਕੁਝ ਦਿਨਾਂ 'ਚ ਅਦਾ ਕਰਨ ਦੀ ਗੱਲ ਕਹੀ ਹੈ।

ਪਿਛਲੇ ਹਫ਼ਤੇ ਅੰਗਰੇਜ਼ੀ ਅਖ਼ਬਾਰ ‘ਦਿ ਇਕਨਾਮਿਕ ਟਾਈਮਜ਼’ ਦੀ ਰਿਪੋਰਟ ਵਿੱਚ ਇਹ ਪੁਸ਼ਟੀ ਕੀਤੀ ਗਈ ਕਿ ਕੰਪਨੀ ਦੇ ਬੋਰਡ ਤੋਂ ਤਿੰਨ ਡਾਇਰੈਕਟਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ।

ਰਿਪੋਰਟ ਵਿੱਚ ਲਿਖਿਆ ਗਿਆ ਸੀ ਕਿ ਪੀਕ ਐਕਸਵੀ ਪਾਰਟਨਰਜ਼ ਦੇ ਜੀਵੀ ਰਵੀ ਸ਼ੰਕਰ, ਚੈਨ ਜ਼ੁਕਰਬਰਗ ਦੇ ਵਿਵਿਅਨ ਵੂ ਅਤੇ ਪ੍ਰੋਸਸ ਦੇ ਰਸਲ ਡਰੈਸੇਨਸਟੌਕ ਨੇ ਬੋਰਡ ਤੋਂ ਅਸਤੀਫਾ ਦੇ ਦਿੱਤਾ ਹੈ।

ਹਾਲਾਂਕਿ ਬਾਇਜੂਜ਼ ਵਲੋਂ ਅਜਿਹੀਆਂ ਖ਼ਬਰਾਂ ਦਾ ਖੰਡਨ ਕੀਤਾ ਗਿਆ ਹੈ।

ਬਾਇਜੂਜ਼ ਨੇ ਕਿਹਾ, “ਬਾਇਜੂਜ਼ ਬੋਰਡ ਦੇ ਮੈਂਬਰਾਂ ਦੇ ਅਸਤੀਫ਼ੇ ਦੀ ਖ਼ਬਰ ਦੇਣ ਵਾਲੀਆਂ ਹਾਲ ਵਿੱਚ ਸਾਹਮਣੇ ਆਈਆਂ ਮੀਡੀਆ ਰਿਪੋਰਟਾਂ ਪੂਰੀ ਤਰ੍ਹਾਂ ਕਾਲਪਨਿਕ ਹਨ।”

“ਬਾਇਜੂਜ਼ ਇਨ੍ਹਾਂ ਦਾਅਵਿਆਂ ਦਾ ਸਖ਼ਤ ਖੰਡਨ ਕਰਦਾ ਹੈ ਅਤੇ ਮੀਡੀਆ ਅਦਾਰਿਆਂ ਨੂੰ ਗ਼ੈਰ-ਪ੍ਰਮਾਣਿਤ ਜਾਣਕਾਰੀ ਫ਼ੈਲਾਉਣ ਜਾਂ ਬੇਬੁਨਿਆਦ ਅਟਕਲਾਂ ਵਿੱਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਾ ਹੈ।”

ਦੱਸਿਆ ਜਾ ਰਿਹਾ ਹੈ ਕਿ ਬਾਇਜੂਜ਼ ਦੇ ਸੰਸਥਾਪਕ ਸ਼ੇਅਰਧਾਰਕਾਂ ਦੀ ਬਗ਼ਾਵਤ ਨੂੰ ਰੋਕਣ ਲਈ ਨਿਵੇਸ਼ਕਾਂ ਤੋਂ ਫੰਡ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਅਮਰੀਕੀ ਮੀਡੀਆ ਇੰਸਟੀਚਿਊਟ 'ਬਲੂਮਬਰਗ' ਦੀ ਰਿਪੋਰਟ ਮੁਤਾਬਕ ਬਾਇਜੂਜ਼ ਇੱਕ ਅਰਬ ਡਾਲਰ ਦੇ ਕਰੀਬ ਫੰਡ ਜੁਟਾਉਣ ਦੀ ਕੋਸ਼ਿਸ਼ 'ਚ ਨਵੇਂ ਸ਼ੇਅਰਧਾਰਕਾਂ ਨਾਲ ਆਖਰੀ ਦੌਰ ਦੀ ਗੱਲਬਾਤ ਤੱਕ ਪਹੁੰਚ ਚੁੱਕਿਆ ਹੈ।

ਕੰਪਨੀ ਦੀ ਕੋਸ਼ਿਸ਼ ਹੈ ਕਿ ਇਸ ਦੇ ਸੰਸਥਾਪਕ ਬਾਇਜੂ਼ ਰਵੀਂਦਰਨ ਦੇ ਕੰਪਨੀ ’ਤੇ ਕੰਟਰੋਲ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਕੁਝ ਨਿਵੇਸ਼ਕਾਂ ਨੂੰ ਰੋਕਿਆ ਜਾ ਸਕੇਗਾ।

ਅੰਗਰੇਜ਼ੀ ਅਖ਼ਬਾਰ ‘ਮਿੰਟ’ ਵਿੱਚ ਛਪੀ ਰਿਪੋਰਟ ਮੁਤਾਬਕ ਕੰਪਨੀ ਵਲੋਂ ਇਸ ਸਾਲ ਜੂਨ ਮਹੀਨੇ ਵਿੱਚ ਇੱਕ ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।

ਇਸ ਤੋਂ ਪਹਿਲਾਂ ਬਾਇਜੂਜ਼ ਨੇ ਪਿਛਲੇ ਸਾਲ ਤਿੰਨ ਹਜ਼ਾਰ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ। ਇਸ ਸਮੇਂ ਕੰਪਨੀ ਵਿੱਚ ਪੰਜਾਹ ਹਜ਼ਾਰ ਦੇ ਕਰੀਬ ਲੋਕ ਕੰਮ ਕਰ ਰਹੇ ਹਨ।

ਇਸ ਤੋਂ ਇਲਾਵਾ ਬਾਇਜੂਜ਼ ਅਮਰੀਕੀ ਅਦਾਲਤ 'ਚ ਕਾਨੂੰਨੀ ਲੜਾਈ ਵੀ ਲੜ ਰਿਹਾ ਹੈ।

ਅਮਰੀਕਾ ਵਿੱਚ, ਬਾਇਜੂਜ਼ ਨੇ 1.2 ਅਰਬ ਡਾਲਰ ਦੇ ਕਰਜ਼ੇ ਦੇ ਮਾਮਲੇ ਵਿੱਚ ਨਿਊਯਾਰਕ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕੀਤਾ ਹੈ।

ਕੰਪਨੀ ਨੇ ਇਹ ਕਰਜ਼ਾ ਮੋੜਨਾ ਸੀ, ਪਰ ਮੌਜੂਦਾ ਹਾਲਾਤ ਵਿੱਚ ਕੰਪਨੀ ਅਜਿਹੀ ਸਥਿਤੀ ਵਿੱਚ ਨਹੀਂ ਹੈ।

ਬਾਇਜੂ ਰਵੀਂਦਰਨ ਦਾ ਕਹਿਣਾ ਹੈ ਕਿ ਉਨ੍ਹਾਂ ਉੱਤੇ ਟਰਮ ਲੋਨ ਬੀ (ਟੀਐੱਲਬੀ) ਦੀ ਮੁੜ ਅਦਾਇਗੀ ਵਿੱਚ ਤੇਜ਼ੀ ਲਿਆਉਣ ਲਈ ਦਬਾਅ ਪਾਇਆ ਜਾ ਰਿਹਾ ਹੈ।

ਬਾਇਜੂਜ਼ ਦੀ ਤਰੱਕੀ ਦਾ ਦੌਰ

ਮਾਰਚ 2020 ਵਿੱਚ, ਭਾਰਤ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿਆਪੀ ਤਾਲਾਬੰਦੀ ਸੀ।

ਸਕੂਲਾਂ, ਕਾਲਜਾਂ ਤੋਂ ਲੈ ਕੇ ਦੁਕਾਨਾਂ ਅਤੇ ਦਫ਼ਤਰਾਂ ਤੱਕ ਸਭ ਕੁਝ ਬੰਦ ਸੀ। ਇਸ ਸਮੇਂ ਦੌਰਾਨ ਲੋਕਾਂ ਦੀ ਦੁਨੀਆਂ ਉਨ੍ਹਾਂ ਦੇ ਘਰ ਅਤੇ ਇੰਟਰਨੈੱਟ ਤੱਕ ਸੀਮਤ ਹੋ ਕੇ ਰਹਿ ਗਈ ਸੀ।

ਜਦੋਂ ਮਹਾਂਮਾਰੀ ਕਾਰਨ ਸਕੂਲ ਬੰਦ ਹੋ ਗਏ ਸਨ, ਤਾਂ ਬੱਚਿਆਂ ਨੇ ਆਨਲਾਈਨ ਏਜੂਟੈਕ ਕੰਪਨੀਆਂ ਵਿੱਚ ਦਾਖਲਾ ਲੈਣਾ ਸ਼ੁਰੂ ਕਰ ਦਿੱਤਾ ਤੇ ਇਸੇ ਦੌਰਾਨ ਅਚਾਨਕ ਬਾਇਜੂਜ਼ ਦਾ ਬਿਜ਼ਨਸ ਵੱਧਣ ਲੱਗਿਆ ਤੇ ਕੰਪਨੀ ਦੇ ਮੁਨਾਫ਼ੇ ਵਿੱਚ ਗਿਣਨਯੋਗ ਬਦਲਾਅ ਆਇਆ।

ਕੰਪਨੀ ਨੇ ਇੱਕ ਸਾਲ ਦੇ ਅੰਦਰ ਬਾਜ਼ਾਰ ਤੋਂ 10 ਹਜ਼ਾਰ ਲੱਖ ਡਾਲਰਾਂ ਤੋਂ ਵੱਧ ਪੈਸਾ ਕਮਾਇਆ।

ਇਸ ਪੈਸੇ ਨਾਲ, ਕੰਪਨੀ ਨੇ ਆਪਣੇ ਇੱਕ ਦਰਜਨ ਪ੍ਰਤੀਯੋਗੀਆਂ ਨੂੰ ਖ਼ਰੀਦ ਲਿਆ ਤੇ ਉਨ੍ਹਾਂ ਨੂੰ ਬਾਜ਼ਾਰ ਤੋਂ ਹਟਾ ਦਿੱਤਾ। ਇਸ ਵਿੱਚ ਆਕਾਸ਼ ਐਜੂਕੇਸ਼ਨਲ ਸਰਵਿਸਿਜ਼, ਗ੍ਰੇਟ ਲਰਨਿੰਗ ਅਤੇ ਵ੍ਹਾਈਟ ਹੈਟ ਜੂਨੀਅਰ ਵਰਗੀਆਂ ਕੰਪਨੀਆਂ ਸ਼ਾਮਲ ਹਨ।

ਅਜਿਹਾ ਕਰਦਿਆਂ ਹੀ ਕੰਪਨੀ ਇੱਕ 'ਅੰਬਰੈਲਾ ਹੋਲਡਿੰਗ ਕੰਪਨੀ' ਬਣ ਗਈ ਜੋ ਬੱਚਿਆਂ ਲਈ ਕੋਡਿੰਗ ਕਲਾਸਾਂ ਤੋਂ ਲੈ ਕੇ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਵਾਉਣ ਤੱਕ ਸਭ ਕੰਮ ਕਰਦੀ ਸੀ।

ਬਾਇਜੂਜ਼ ਨੇ ਇਸ਼ਤਿਹਾਰਬਾਜ਼ੀ 'ਤੇ ਖਰਚ ਕਰਨ ਵਿੱਚ ਕੋਈ ਝਿੱਜਕ ਨਹੀਂ ਦਿਖਾਈ।

ਕਿਸੇ ਸਮਾਂ ਤਾਂ ਅਜਿਹੀ ਸੀ ਜਦੋਂ ਸ਼ਾਇਦ ਬਾਇਜੂਜ਼ ਭਾਰਤ ਵਿੱਚ ਟੀਵੀ ਚੈਨਲਾਂ 'ਤੇ ਸਭ ਤੋਂ ਵੱਧ ਨਜ਼ਰ ਆਉਣ ਵਾਲਾ ਬ੍ਰਾਂਡ ਸੀ।

ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਕੰਪਨੀ ਦੇ ਬ੍ਰਾਂਡ ਅੰਬੈਸਡਰ ਹਨ ਤੇ ਅਦਾਕਾਰ ਰਿਤਿਕ ਰੋਸ਼ਨ ਬਾਇਜੂਜ਼ ਦੇ ਕੋਡਿੰਗ ਪਲੇਟਫਾਰਮ ਵ੍ਹਾਈਟ ਹੈਟ ਜੂਨੀਅਰ ਦੇ ਬ੍ਰਾਂਡ ਅੰਬੈਸਡਰ ਸਨ।

ਕੰਪਨੀ ਦੀ ਦੌੜ ਹੋਰ ਅੱਗੇ ਵੱਧੀ ਤੇ ਨਵੰਬਰ 2022 'ਚ ਜਦੋਂ ਕੰਪਨੀ ਵਿੱਚ ਕਰਮਚਾਰੀਆਂ ਦੀ ਛਾਂਟੀ ਹੋ ਰਹੀ ਸੀ ਉਸੇ ਦੌਰ ਵਿੱਚ ਕੰਪਨੀ ਨੇ ਮਸ਼ਹੂਰ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਨੂੰ ਆਪਣਾ ਗਲੋਬਲ ਬ੍ਰਾਂਡ ਅੰਬੈਸਡਰ ਬਣਾ ਦਿੱਤਾ।

ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ), ਆਈਸੀਸੀ ਅਤੇ ਫ਼ੀਫਾ ਨਾਲ ਵੀ ਬ੍ਰਾਂਡਿੰਗ ਦੀ ਸਾਂਝੇਦਾਰੀ ਕੀਤੀ ਸੀ।

ਬਾਇਜੂਜ਼ ਕਰੀਬ ਤਿੰਨ ਸਾਲਾਂ ਤੋਂ ਬੀਸੀਸੀਆਈ ਦੀ ਮੁੱਖ ਸਪਾਂਸਰ ਰਹੀ ਹੈ ਅਤੇ ਅਤੇ ਫ਼ੀਫਾ ਵਿਸ਼ਵ ਕੱਪ 2022 ਨੂੰ ਸਪਾਂਸਰ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਸੀ।

ਫ਼ਿਲਹਾਲ ਬਾਇਜੂਜ਼ ਨੇ ਇਨ੍ਹਾਂ ਤਿੰਨਾਂ ਸੰਸਥਾਵਾਂ ਨਾਲ ਆਪਣੀ ਬ੍ਰਾਂਡਿੰਗ ਭਾਈਵਾਲੀ ਖ਼ਤਮ ਕਰ ਦਿੱਤੀ ਹੈ।

ਗਾਹਕਾਂ ਤੇ ਕਰਮਚਾਰੀਆਂ ਨਾਲ ਮਾੜਾ ਰਵੱਈਆ

ਲਗਾਤਾਰ ਮੁਸ਼ਕਲਾਂ ਨਾਲ ਜੂਝ ਰਹੇ ਬਾਇਜੂਜ਼ ਬਾਰੇ ਪੱਤਰਕਾਰ ਅਤੇ ਖੋਜ ਕੰਪਨੀ ਮਾਰਨਿੰਗ ਕੰਟੈਕਸਟ ਦੇ ਸਹਿ-ਸੰਸਥਾਪਕ ਪ੍ਰਦੀਪ ਸਾਹਾ ਅਤੇ ਏਂਜਲ ਇਨਵੈਸਟਰ ਬਿਜ਼ਨਸ ਮਾਡਲ ਦੇ ਆਲੋਚਕ ਡਾਕਟਰ ਅਨਿਰੁਧ ਮਾਲਪਾਨੀ ਨੇ ਹੋਰ ਜਾਣਕਾਰੀ ਸਾਂਝੀ ਕੀਤੀ।

ਪ੍ਰਦੀਪ ਸਾਹਾ ਦਾ ਕਹਿਣਾ ਹੈ ਕਿ ਬਾਇਜੂਜ 'ਚ ਜੋ ਕੁਝ ਵੀ ਹੋ ਰਿਹਾ ਹੈ, ਉਹ ਅਚਾਨਕ ਨਹੀਂ ਹੋਇਆ।

ਉਹ ਕਹਿੰਦੇ ਹਨ, "ਇੱਕ ਆਮ ਧਾਰਨਾ ਹੈ ਕਿ ਬਾਇਜੂਜ਼ ਤੇਜ਼ੀ ਨਾਲ ਵਧਿਆ ਅਤੇ ਇਸ ਨੇ ਚੰਗਾ ਪ੍ਰਦਰਸ਼ਨ ਵੀ ਕੀਤਾ। ਪਰ ਅਸੀਂ ਯਕੀਨੀ ਤੌਰ ’ਤੇ ਨਹੀਂ ਕਹਿ ਸਕਦੇ ਕਿ ਅਜਿਹਾ ਹੀ ਹੋਇਆ ਸੀ।”

“ਹਾਂ, ਇਸ ਦੌਰਾਨ ਕੰਪਨੀ ਨੇ ਸਬਸਕ੍ਰਿਪਸ਼ਨਸ ਦੀ ਵਧਦੀ ਗਿਣਤੀ ਦਿਖਾ ਕੇ ਕਾਫ਼ੀ ਪੈਸਾ ਕਮਾਇਆ। ਇਕੱਠੇ ਕੀਤੇ ਪੈਸੇ ਤੋਂ ਇਲਾਵਾ ਹੋਰ ਕੋਈ ਸਬੂਤ ਨਹੀਂ ਹੈ ਕਿ ਕੰਪਨੀ ਨੇ ਕੋਰੋਨਾ ਮਹਾਂਮਾਰੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ।”

ਸਾਹਾ ਦੱਸਦੇ ਹਨ, “ਉਦਾਹਰਨ ਲਈ ਵਿੱਤੀ ਸਾਲ 2020-21 ਦੀ ਕਮਾਈ 'ਤੇ ਨਜ਼ਰ ਮਾਰੀਏ, ਤਾਂ ਪਤਾ ਲੱਗਦਾ ਹੈ ਕਿ ਕੰਪਨੀ ਦੇ ਮਾਲੀ ਹਾਲਾਤ ਸਥਿਰ ਰਹੇ ਤੇ ਘਾਟਾ 19 ਗੁਣਾ ਵਧਿਆ। ਬਾਇਜੂਜ਼ ਨਾਲ ਸਮੱਸਿਆ ਕੈਸ਼ ਫ਼ਲੌਅ, ਨਕਦੀ ਪ੍ਰਵਾਹ ਦੀ ਹੈ।"

ਬਾਇਜੂਜ਼ ਨੇ ਪਹਿਲਾਂ ਕਾਮਯਾਬੀ ਦੀ ਰਾਹ ਫ਼ੜੀ ਤਾਂ ਹੁਣ ਮੁਸ਼ਕਿਲਾਂ ਦੀ

  • ਲੌਕਡਾਉਨ ਦੌਰਾਨ ਭਾਰਤ ਵਿੱਚ ਬਾਇਜੂਜ਼ ਨੇ ਬਹੁਤ ਤੇਜ਼ੀ ਨਾਲ ਤਰੱਕੀ ਕੀਤੀ ਤੇ ਕਰੀਬ 12 ਐਜੂਟੈਕ ਕੰਪਨੀਆਂ ਆਪਣੇ ਵਿੱਚ ਰਲਾ ਲਈਆਂ।
  • ਹੁਣ ਕੰਪਨੀ ਦੀ ਆਰਥਿਕ ਸਥਿਤੀ ਲੀਹ ਤੋਂ ਲਹਿ ਰਹੀ ਹੈ। ਕੰਪਨੀ ਦੀ 22 ਅਰਬ ਡਾਲਰ ਦੀ ਵੈਲੀਓਏਸ਼ਨ ਘੱਟ ਕੇ 5.1 ਅਰਬ ਰਹਿ ਗਈ ਹੈ।
  • ਕੰਪਨੀ ਦੇ ਕਈ ਕਰਮਚਾਰੀਆਂ ਦਾ ਇਲਜ਼ਾਮ ਹੈ ਕਿ ਕੰਪਨੀ ਨੇ ਤਨਖ਼ਾਹ ਵਿੱਚੋਂ ਤਾਂ ਈਪੀਐੱਫ਼ ਦੇ ਪੈਸੇ ਕੱਟ ਲਏ ਪਰ ਉਨ੍ਹਾਂ ਦੇ ਖ਼ਾਤਿਆਂ ਵਿੱਚ ਜਮ੍ਹਾਂ ਨਹੀਂ ਕਰਵਾਏ।
  • ਕੰਪਨੀ ਦਾ ਆਡਿਟ ਕਰਨ ਵੀ ਫ਼ਰਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਲ 2021-22 ਲਈ ਵਿੱਤੀ ਸਟੇਟਮੈਂਟਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ ਸਨ।
  • ਮਾਹਰਾਂ ਦਾ ਮੰਨਣਾ ਹੈ ਕਿ ਕੰਪਨੀ ਦੇ ਤਰੱਕੀ ਦੀ ਪੌੜੀ ਤੋਂ ਸਰਕਣ ਦਾ ਕਾਰਨ ਗਾਹਕਾਂਵ ਤੇ ਆਪਣੇ ਕਰਮਚਾਰੀਆਂ ਨਾਲ ਰਵੱਈਆ ਹੈ।

ਸਾਹਾ ਕਹਿੰਦੇ ਹਨ, "ਇਹ ਆਪਣੇ ਟਰਮ ਲੋਨ ਬੀ ਦੇ ਰਿਣਦਾਤਾਵਾਂ ਦੇ ਨਾਲ ਕਾਨੂੰਨੀ ਲੜਾਈ ਵਿੱਚ ਉਲਝਿਆ ਹੋਇਆ ਹੈ ਅਤੇ ਕਾਰੋਬਾਰ ਦੀ ਰਫ਼ਤਾਰ ਸੁਸਤ ਹੋ ਗਈ ਹੈ।”

“ਜਦੋਂ ਤੱਕ ਕੰਪਨੀ ਆਪਣੇ ਵਿੱਤੀ ਸਾਲ 2022 ਅਤੇ 2023 ਦੀਆਂ ਰਿਪੋਰਟਾਂ ਦਾਇਰ ਨਹੀਂ ਕਰਦੀ, ਅਸੀਂ ਇਸਦੀ ਸਪੱਸ਼ਟ ਸਥਿਤੀ ਬਾਰੇ ਨਹੀਂ ਜਾਣ ਸਕਦੇ।''

ਦੂਜੇ ਪਾਸੇ ਡਾਕਟਰ ਅਨਿਰੁਧ ਮਾਲਪਾਨੀ ਦਾ ਕਹਿਣਾ ਹੈ ਕਿ ਗਾਹਕਾਂ ਅਤੇ ਕਰਮਚਾਰੀਆਂ ਨਾਲ ਦੁਰਵਿਵਹਾਰ ਕੰਪਨੀ ਦੇ ਸੰਕਟ ਦਾ ਵੱਡਾ ਕਾਰਨ ਹੈ।

ਡਾਕਟਰ ਅਨਿਰੁਧ ਕਹਿੰਦੇ ਹਨ, "ਬਾਇਜੂਜ਼ ਲਈ ਸ਼ੁਰੂ ਤੋਂ ਹੀ ਅਜਿਹਾ ਮਾਹੌਲ ਬਣ ਰਿਹਾ ਸੀ। ਉਨ੍ਹਾਂ ਨੇ ਲਗਾਤਾਰ ਬਜ਼ਾਰ ਤੋਂ ਪੈਸੇ ਚੁੱਕੇ ਤੇ ਜੇਕਰ ਕੰਪਨੀ ਕੋਲ ਪੈਸੇ ਨਾ ਹੁੰਦੇ ਤਾਂ ਇਹ ਸਭ ਬਹੁਤ ਪਹਿਲਾਂ ਹੀ ਸਾਹਮਣੇ ਆ ਜਾਣਾ ਸੀ।”

“ਹੁਣ ਹਾਲਾਤ ਇਹ ਹੈ ਕਿ ਕੰਪਨੀ ਵਲੋਂ ਗਾਹਕਾਂ ਨੂੰ ਪੈਸੇ ਵਾਪਸ ਨਹੀਂ ਕੀਤੇ ਗਏ ਅਤੇ ਮੁਲਾਜ਼ਮਾਂ ਤੋਂ ਮਸ਼ੀਨਾਂ ਵਾਂਗ ਕੰਮ ਲਿਆ ਗਿਆ।”

ਉਹ ਕਹਿੰਦੇ ਹਨ, “ਮੈਨੂੰ ਲੱਗਦਾ ਹੈ ਕਿ ਇਸ ਘਟਨਾ ਦੇ ਨਤੀਜੇ ਚੰਗੇ ਅਤੇ ਮਾੜੇ ਦੋਵੇਂ ਤਰ੍ਹਾਂ ਦੇ ਹੋਣਗੇ। ਮਾੜੀ ਗੱਲ ਇਹ ਹੈ ਕਿ ਇਹ ਇੱਕ ਵੱਡੇ ਐਜੂਟੈਕ ਸਟਾਰਟਅੱਪ ਦੀ ਦੁਖ਼ਦ ਕਹਾਣੀ ਬਣ ਗਈ ਹੈ। ਚੰਗੀ ਗੱਲ ਇਹ ਹੈ ਕਿ ਲੋਕ ਇਸ ਤੋਂ ਸਬਕ ਲੈਣਗੇ ਅਤੇ ਮੁੱਲਾਂਕਣ ਵੱਲ ਧਿਆਨ ਦੇਣ ਦੀ ਬਜਾਏ ਗੁਣ ਜਾਂ ਕੀਮਤ ਦੀ ਚੋਣ ਕਰਨਗੇ।”

ਬਾਇਜੂਜ ਹੱਥ ਕੀ ਹੈ?

ਬਾਇਜੂਜ਼ ਦੀ ਸਮੱਸਿਆ ਦਾ ਹੱਲ ਕੀ ਹੋ ਸਕਦਾ ਹੈ ਇਸ ਬਾਰੇ ਪ੍ਰਦੀਪ ਸਾਹਾ ਦਾ ਮੰਨਣਾ ਹੈ ਕਿ ਜੇਕਰ ਕੰਪਨੀ ਮੁਨਾਫ਼ਾ ਕਮਾਉਣ 'ਚ ਸਫ਼ਲ ਹੋ ਜਾਂਦੀ ਹੈ ਤਾਂ ਯਕੀਨੀ ਤੌਰ 'ਤੇ ਵਾਪਸੀ ਕਰੇਗੀ।

ਉਹ ਕਹਿੰਦੇ ਹਨ, “ਕੀ ਬਾਇਜੂਜ਼ ਆਪਣੀਆਂ ਮੁਸੀਬਤਾਂ ਤੋਂ ਬਾਹਰ ਨਿਕਲ ਸਕੇਗਾ ਜਾਂ ਨਹੀਂ, ਇਹ ਕਈ ਕਾਰਕਾਂ 'ਤੇ ਨਿਰਭਰ ਕਰਦਾ ਹੈ।”

“ਪਹਿਲਾ ਅਮਰੀਕਾ ਵਿੱਚ ਟਰਮ ਲੋਨ ਦੇ ਸੰਕਟ ਨੂੰ ਕਿਵੇਂ ਹੱਲ ਕਰ ਸਕਦੇ ਹਾਂ। ਦੂਜਾ, ਕੀ ਵੇਂਚਰ ਕੈਪੀਟਲ (ਵੀਸੀ) ਫੰਡ ਤੋਂ ਪੈਸਾ ਇਕੱਠਾ ਕਰ ਸਕਦਾ ਹੈ ਜਾਂ ਨਹੀਂ। ਤੀਜਾ, ਉਹ ਕਿੰਨੀ ਜਲਦੀ ਮੁਨਾਫ਼ਾ ਕਮਾਉਣ ਦੀ ਸਥਿਤੀ 'ਤੇ ਪਹੁੰਚ ਜਾਂਦੇ ਹਨ। ਸਭ ਤੋਂ ਅਹਿਮ ਇਹ ਹੈ ਕਿ ਉਹ ਆਕਾਸ਼ ਦਾ ਆਈਪੀਓ ਕਿੰਨੀ ਜਲਦੀ ਲਾ ਸਕਦੇ ਹਾਂ।”

ਡਾਕਟਰ ਅਨਿਰੁਧ ਮਾਲਪਾਨੀ ਦਾ ਕਹਿਣਾ ਹੈ ਕਿ ਇਹ ਚਾਹੇ ਬਾਇਜੂਜ਼ ਹੋਵੇ ਜਾਂ ਕੋਈ ਹੋਰ ਐਜੂਟੈੱਕ ਸਟਾਰਟਅੱਪ, ਜੇਕਰ ਉਹ ਆਪਣੇ ਨਿਵੇਸ਼ਕਾਂ ਦੀ ਬਜਾਇ ਗਾਹਕਾਂ ਨੂੰ ਪਹਿਲ ਦੇਣ ਤਾਂ ਯਕੀਨੀ ਤੌਰ 'ਤੇ ਸਫਲ ਹੋਣਗੇ।

ਡਾਕਟਰ ਅਨਿਰੁਧ ਕਹਿੰਦੇ ਹਨ, “ਜਿਵੇਂ ਕਿ ਕਿਹਾ ਜਾਂਦਾ ਹੈ, ਉਹ ਭਵਿੱਖ ਅਸੰਭਵ ਅਤੇ ਅਨਿਸ਼ਚਿਤ ਹੈ। ਬਾਇਜੂਜ਼ ਕੋਲ ਆਪਣਾ ਮੂਲ ਆਈਡੀਆ ਨਹੀਂ ਸੀ। ਬਾਇਜੂਜ਼ ਤੋਂ ਪਹਿਲਾਂ, ਅਨਅਕੈਡਮੀ ਇੱਕ ਸਥਾਪਿਤ ਬ੍ਰਾਂਡ ਸੀ।”

“ਇਸ ਸਮੇਂ ਭਾਰਤ ਵਿੱਚ ਸਿੱਖਿਆ ਪ੍ਰਣਾਲੀ ਪੈਸੇ ਕਮਾਉਣ ਦੀ ਮਸ਼ੀਨ ਬਣ ਗਈ ਹੈ। ਇਸ ਲਈ ਮੈਂ ਉਮੀਦ ਕਰਦਾ ਹਾਂ ਕਿ ਸੋਸ਼ਲ ਐਜੂਟੈੱਕ ਉੱਦਮਤਾ ਵਿੱਚ ਅਜੇ ਵੀ ਅੱਗੇ ਵਧਣ ਦੇ ਮੌਕੇ ਹਨ। ਹੋਰ ਐਜੂਟੈਕ ਕੰਪਨੀਆਂ ਇਸ ਦਿਸ਼ਾ ਵਿੱਚ ਸੋਚਣ ਤਾਂ ਬਿਹਤਰ ਹੋਵੇਗਾ।”

ਦੋਵੇਂ ਮਾਹਰ, ਪ੍ਰਦੀਪ ਸਾਹਾ ਅਤੇ ਅਨਿਰੁਧ ਮਾਲਪਾਨੀ, ਇੱਕ ਹੀ ਰਾਇ ਰੱਖਦੇ ਨਜ਼ਰ ਆਉਂਦੇ ਹਨ ਕਿ ਬਾਇਜੂਜ਼ ਨੂੰ ਇਸ ਸੰਕਟ ਵਿੱਚੋਂ ਬਾਹਰ ਨਿਕਲਣ ਲਈ ਨਿਵੇਸ਼ਕਾਂ ਦੇ ਨਾਲ-ਨਾਲ ਗਾਹਕਾਂ ਦਾ ਵਿਸ਼ਵਾਸ ਜਿੱਤਣਾ ਪਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)