ਅਮਰੀਕਾ ਚੋਣਾਂ: ਟਰੰਪ ਜਾਂ ਹੈਰਿਸ ’ਚੋਂ ਕਿਸ ਦੀ ਜਿੱਤ ਭਾਰਤ ਲਈ ਵਧੇਰੇ ਫਾਇਦੇਮੰਦ ? ਦਲੀਲਾਂ ਨਾਲ ਸਮਝੋ

ਅਮਰੀਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੋਨਾਲਡ ਟਰੰਪ ਪੈਨਸਿਲਵੇਨੀਆ ਵਿੱਚ ਇੱਕ ਰੈਲੀ ਦੌਰਾਨ ਕਮਲਾ ਹੈਰਿਸ ਦਾ ਇੱਕ ਵੀਡੀਓ ਕਲਿੱਪ ਦੇਖਦੇ ਹੋਏ।

ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦਾ ਅਖੀਰਲਾ ਦੌਰ ਚੱਲ ਰਿਹਾ ਹੈ। ਬਹੁਤ ਸਾਰੇ ਵਿਸ਼ਲੇਸ਼ਕ ਨਾਟਕੀ ਘਟਨਾਵਾਂ ਨਾਲ ਭਰੀ ਇਸ ਚੋਣ ਦਾ ਦੁਨੀਆ 'ਤੇ ਭਵਿੱਖ ਵਿੱਚ ਪ੍ਰਭਾਵ ਮੰਨ ਰਹੇ ਹਨ।

ਇਕ ਪਾਸੇ ਹਨ ਡੌਨਲਡ ਟਰੰਪ, ਜੋ ਇਕ ਵਾਰ ਚੋਣ ਜਿੱਤ ਚੁੱਕੇ ਹਨ ਅਤੇ ਇਕ ਵਾਰ ਹਾਰ ਚੁੱਕੇ ਹਨ, ਅਤੇ ਹੁਣ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਹਨ।

ਦੂਜਾ ਪਾਸੇ, ਜਦੋਂ ਚੋਣਾਂ ਜ਼ੋਰ ਫੜ ਰਹੀਆਂ ਸਨ ਤਾਂ ਡੈਮੋਕ੍ਰੇਟਿਕ ਪਾਰਟੀ ਵੱਲੋਂ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਉਮੀਦਵਾਰ ਸਨ ਪਰ ਸਿਹਤ ਨੂੰ ਲੈ ਕੇ ਖੜੇ ਹੋਏ ਸਵਾਲਾਂ ਵਿਚਕਾਰ ਉਨ੍ਹਾਂ ਆਪਣੀ ਦਾਅਵੇਦਾਰੀ ਤੋਂ ਹਟਣ ਦਾ ਫੈਸਲਾ ਕੀਤਾ।

ਹੁਣ ਡੈਮੋਕ੍ਰੇਟਿਕ ਪਾਰਟੀ ਵੱਲੋਂ ਭਾਰਤੀ ਮੂਲ ਦੇ ਕਮਲਾ ਹੈਰਿਸ ਚੋਣ ਮੈਦਾਨ ਵਿੱਚ ਹਨ।

ਬੀਬੀਸੀ ਪੰਜਾਬੀ ਦਾ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅਜਿਹੇ ਵਿੱਚ ਬੀਬੀਸੀ ਦੇ ਖ਼ਾਸ ਹਫ਼ਤਾਵਾਰੀ ਪ੍ਰੋਗਰਾਮ ‘ਦ ਲੈਂਸ’ ਵਿੱਚ ਚਰਚਾ ਹੋਈ ਕਿ ਆਖਿਰ ਚੋਣਾਂ ਦੇ ਮੌਜੂਦਾ ਹਾਲਾਤ ਕੀ ਹਨ?

ਕੌਣ ਉਮੀਦਵਾਰ ਭਾਰਤ ਦੇ ਨਜ਼ਰੀਏ ਤੋਂ ਬੇਹਤਰ ਸਾਬਿਤ ਹੋ ਸਕਦਾ ਹੈ? ਭਾਰਤ ਵਿੱਚ ਬੈਠੇ ਕਿਸੇ ਵਿਅਕਤੀ 'ਤੇ ਇਨ੍ਹਾਂ ਚੋਣਾਂ ਦਾ ਕੀ ਪ੍ਰਭਾਵ ਪਵੇਗਾ?

ਨਾਲ ਹੀ ਮੱਧ ਪੂਰਬੀ ਵਿੱਚ ਜਾਰੀ ਸੰਘਰਸ਼ ਦਾ ਇਨ੍ਹਾਂ ਚੋਣ ਨਤੀਜਿਆਂ 'ਤੇ ਕੀ ਅਸਰ ਹੋ ਸਕਦਾ ਹੈ ਅਤੇ ਉੱਥੇ ਰਹਿਣ ਵਾਲੇ ਭਾਰਤੀਆਂ ਦੇ ਲਈ ਇਨ੍ਹਾਂ ਚੋਣਾਂ ਦੇ ਕੀ ਮਾਇਨੇ ਹਨ?

ਚਰਚਾ ਲਈ ਕਲੈਕਟਿਵ ਨਿਊਜ਼ਰੂਮ ਦੇ ਡਾਇਰੈਕਟਰ ਆਫ ਜਰਨਲਿਜ਼ਮ ਮੁਕੇਸ਼ ਸ਼ਰਮਾ ਦੇ ਨਾਲ ਅਮਰੀਕਾ ਤੋਂ ਜੁੜੇ ਬੀਬੀਬੀ ਪੱਤਰਕਾਰ ਦਿਵਿਆ ਆਰਿਆ ਤੇ ਤਰਹਾਬ ਅਸਗਰ।

ਬ੍ਰਿਟੇਨ ਤੋਂ ਸੀਨੀਅਰ ਪੱਤਰਕਾਰ ਅਤੇ ਅੰਤਰਰਾਸ਼ਟਰੀ ਰਾਜਨੀਤੀ ’ਤੇ ਨਜ਼ਰ ਰੱਖਣ ਵਾਲੇ ਸ਼ਿਵਕਾਂਤ ਵੀ ਸ਼ਾਮਿਲ ਹੋਏ।

ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਭਾਰਤ ਤੋਂ ਜੁੜੇ ਸਾਬਕਾ ਕੂਟਨੀਤਿਕ ਸਕੰਦ ਤਾਇਲ, ਜੋ ਕਿ ਅਮਰੀਕਾ-ਭਾਰਤ ਸਬੰਧਾਂ ਦੇ ਮਾਹਿਰ ਹਨ।

ਅਮਰੀਕਾ ਦੀ ਚੋਣ ਪ੍ਰਕਿਰਿਆ: ਇਲੈਕਟ੍ਰੋਲ ਕਾਲਜ ਤੇ ਸਵਿੰਗ ਸਟੇਟ

ਅਮਰੀਕੀ ਚੋਣਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਚੋਣਾਂ ਵਿੱਚ ‘ਸਵਿੰਗ ਸਟੇਟਸ’ ਦਾ ਬਹੁਤ ਮਹੱਤਵ ਹੈ। ਇਹ ਉਹ ਸੂਬੇ ਹਨ, ਜਿੱਥੇ ਵੋਟਰਾਂ ਦੀਆਂ ਤਰਜੀਹਾਂ ਸਪੱਸ਼ਟ ਨਹੀਂ ਹਨ ਅਤੇ ਇਹ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਬੀਬੀਸੀ ਪੱਤਰਕਾਰ ਦਿਵਿਆ ਆਰਿਆ ਕਹਿੰਦੇ ਹਨ ਕਿ ਕੈਰਲੇਫੋਰਨੀਆ ਕੋਲ ਸਭ ਤੋਂ ਜ਼ਿਆਦਾ 54 ਇਲੈਕਟ੍ਰੋਲ ਵੋਟ ਹਨ ਅਤੇ ਅਲਾਸਕਾ ਕੋਲ ਮਹਿਜ਼ ਤਿੰਨ ਇਲੈਕਟ੍ਰੋਲ ਵੋਟ ਹਨ।

ਇਸ ਲਈ, ਕੈਲੇਫੋਰਨੀਆ ਅਤੇ ਅਲਾਸਕਾ ਦੇ ਵੋਟਰਾਂ ਦਾ ਪ੍ਰਭਾਵ ਚੋਣਾਂ 'ਤੇ ਅਲੱਗ-ਅਲੱਗ ਹੁੰਦਾ ਹੈ ਅਤੇ ਰਾਜਾਂ ਦੇ ਰਾਜਨੀਤਿਕ ਟ੍ਰੈਂਡ ਨੂੰ ਧਿਆਨ ਵਿੱਚ ਰੱਖਦੇ ਹੋਏ ਚੋਣਾਂ ਦੀ ਰਣਨੀਤੀ ਬਣਾਈ ਜਾਂਦੀ ਹੈ।

ਅਮਰੀਕੀ ਚੋਣਾਂ ਵਿੱਚ ‘ਸਵਿੰਗ ਸਟੇਟਸ’ ਦਾ ਬਹੁਤ ਮਹੱਤਵ ਹੈ। ਇਹ ਉਹ ਸੂਬੇ ਹਨ, ਜਿੱਥੇ ਵੋਟਰਾਂ ਦੀਆਂ ਤਰਜੀਹਾਂ ਸਪੱਸ਼ਟ ਨਹੀਂ ਹਨ ਅਤੇ ਇਹ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਇਸ ਬਾਰੇ ਦੱਸਦੇ ਹੋਏ ਦਿਵਿਆ ਆਰਿਆ ਦਾ ਕਹਿਣਾ ਹੈ, "ਮੰਨ ਲਓ ਕੈਲੀਫੋਰਨੀਆ ਡੈਮੋਕ੍ਰੇਟਿਕ ਪਾਰਟੀ ਵੱਲ ਝੁਕਾਅ ਵਾਲਾ ਸੂਬਾ ਹੈ, ਜਦੋਂ ਕਿ ਟੈਕਸਸ ਨੂੰ ਰਵਾਇਤੀ ਤੌਰ 'ਤੇ ਰਿਪਬਲਿਕਨ ਰਾਜ ਮੰਨਿਆ ਜਾਂਦਾ ਹੈ। ਇਸ ਲਈ ਇੱਕ ਤਰ੍ਹਾਂ ਨਾਲ ਚੋਣਾਂ ਦੌਰਾਨ ਇਨ੍ਹਾਂ ਸੂਬਿਆਂ ਦੀ ਮਹੱਤਤਾ ਥੋੜ੍ਹੀ ਘੱਟ ਜਾਂਦੀ ਹੈ।"

ਦੋਵਾਂ ਪਾਰਟੀਆਂ ਦੀਆਂ ਟੀਮਾਂ ਆਪਣਾ ਵੱਧ ਤੋਂ ਵੱਧ ਧਿਆਨ ਸਵਿੰਗ ਰਾਜਾਂ 'ਤੇ ਕੇਂਦਰਿਤ ਕਰਦੀਆਂ ਹਨ, ਕਿਉਂਕਿ ਇੱਥੋਂ ਦੇ ਵੋਟਰ ਹੀ ਤੈਅ ਕਰ ਸਕਦੇ ਹਨ ਕਿ ਚੋਣਾਂ 'ਚ ਕਿਸ ਦਾ ਪੱਲੜਾ ਭਾਰੀ ਹੋਵੇਗਾ।

ਦਿਵਿਆ ਦੱਸਦੇ ਹਨ, "ਇਸ ਚੋਣ ਵਿੱਚ ਛੇ ਵੱਡੇ ਸਵਿੰਗ ਸੂਬੇ ਹਨ- ਵਿਸਕਾਨਸਿਨ, ਨੇਵਾਡਾ, ਉੱਤਰੀ ਕੈਰੋਲੀਨਾ, ਐਰੀਜ਼ੋਨਾ, ਮਿਸ਼ੀਗਨ, ਅਤੇ ਪੈਨਸਿਲਵੇਨੀਆ।"

ਉਹ ਕਹਿੰਦੇ ਹਨ, "ਉਮੀਦਵਾਰਾਂ ਦਾ ਪੂਰਾ ਧਿਆਨ ਇਨ੍ਹਾਂ ਰਾਜਾਂ 'ਤੇ ਹੈ, ਕਿਉਂਕਿ ਇਨ੍ਹਾਂ ਦੇ ਨਤੀਜੇ ਇਹ ਤੈਅ ਕਰ ਸਕਦੇ ਹਨ ਕਿ ਅਗਲਾ ਰਾਸ਼ਟਰਪਤੀ ਕੌਣ ਬਣੇਗਾ।"

ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਦੋ ਪ੍ਰਮੁੱਖ ਪਾਰਟੀਆਂ ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ।

ਇੱਥੋਂ ਦੇ 50 ਸੂਬਿਆਂ ਵਿੱਚ ਕੁੱਲ 538 ਇਲੈਕਟੋਰਲ ਕਾਲਜ ਵੋਟਾਂ ਹਨ ਅਤੇ ਰਾਸ਼ਟਰਪਤੀ ਬਣਨ ਲਈ ਕਿਸੇ ਵੀ ਉਮੀਦਵਾਰ ਨੂੰ ਬਹੁਮਤ ਦਾ ਅੰਕੜਾ (270 ਜਾਂ ਇਸ ਤੋਂ ਵੱਧ) ਪਾਰ ਕਰਨਾ ਪੈਂਦਾ ਹੈ।

ਕੇਵਲ ਦੋ ਨੂੰ ਛੱਡ ਕੇ ਸਾਰੇ ਸੂਬਿਆਂ ਵਿੱਚ ਜੋ ਵੀ ਉਮੀਦਵਾਰ ਸਭ ਤੋਂ ਜ਼ਿਆਦਾ ਵੋਟ ਹਾਸਿਲ ਕਰਦਾ ਹੈ, ਉਸ ਨੂੰ ਹੀ ਇਲੈਕਟੋਰਲ ਕਾਲ ਦੇ ਸਾਰੇ ਵੋਟ ਦੇ ਦਿੱਤੇ ਜਾਂਦੇ ਹਨ।

ਪਿਛਲੀਆਂ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਇਡਨ ਨੂੰ 306 ਇਲੈਕਟੋਰਲ ਵੋਟਾਂ ਮਿਲੀਆਂ ਸਨ, ਜਦਕਿ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਨੂੰ 232 ਵੋਟਾਂ ਮਿਲੀਆਂ ਸਨ।

ਅਮਰੀਕਾ ਦੇ ਹਰ ਰਾਜ ਵਿੱਚ ਇਲੈਕਟੋਰਲ ਵੋਟਾਂ ਦੀ ਗਿਣਤੀ ਇੱਕੋ ਜਿਹੀ ਨਹੀਂ ਹੁੰਦੀ, ਜਿਸ ਨਾਲ ਵਿਅਕਤੀਗਤ ਵੋਟਾਂ ਦੀ ਮਹੱਤਤਾ ਬਦਲ ਜਾਂਦੀ ਹੈ।

ਇਸ ਬਾਰੇ ਸਮਝਾਉਂਦਿਆਂ ਅਮਰੀਕਾ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਦਿਵਿਆ ਆਰੀਆ ਦਾ ਕਹਿਣਾ ਹੈ, “ਇੱਥੇ ਜੋ ਵਿਅਕਤੀਗਤ ਵੋਟ ਹੈ, ਉਹ ਮੰਗੀ ਤਾਂ ਰਾਸ਼ਟਰਪਤੀ ਦੇ ਨਾਮ 'ਤੇ ਜਾਂਦਾ ਹੈ, ਪਰ ਹਰ ਵਿਅਕਤੀਗਤ ਵੋਟ ਦੀ ਅਹਮੀਅਤ ਇਕੋ ਜਿਹੀ ਨਹੀਂ ਹੈ, ਕਿਉਂਕਿ 50 ਰਾਜਾਂ ਦੇ ਕੋਲ ਇਕੋ ਜਿਹੇ ਵੋਟ ਨਹੀਂ ਹਨ।”

ਭਾਰਤ ਸਮੇਤ ਦੁਨੀਆ ਭਰ ਦੀ ਨਜ਼ਰ ਇਸ ਚੋਣ ’ਤੇ ਕਿਉਂ?

ਕਮਲਾ ਹੈਰਿਸ ਅਤੇ ਡੋਨਾਲਡ ਟਰੰਪ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਭਾਰਤ ਦੇ ਲਿਹਾਜ ਨਾਲ ਵੀ ਕਈ ਚੀਜ਼ਾਂ ਹਮੇਸ਼ਾ ਇਸ ਗੱਲ਼ 'ਤੇ ਟਿਕੀਆਂ ਹੁੰਦੀਆਂ ਹਨ ਕਿ ਅਮਰੀਕਾ ਦਾ ਭਾਰਤ ਦੇ ਲਈ ਰਵੀਇਆ ਕਿਹੋ ਜਿਹਾ ਹੈ?

ਅਮਰੀਕਾ ਦੇ ਚੋਣ ਨਤੀਜਿਆਂ ਦਾ ਭਾਰਤ ਸਮੇਤ ਦੁਨੀਆ 'ਤੇ ਅਸਰ ਪੈਂਦਾ ਹੈ। ਭਾਰਤ ਦੇ ਲਿਹਾਜ ਨਾਲ ਵੀ ਕਈ ਚੀਜ਼ਾਂ ਹਮੇਸ਼ਾ ਇਸ ਗੱਲ਼ 'ਤੇ ਟਿਕੀਆਂ ਹੁੰਦੀਆਂ ਹਨ ਕਿ ਅਮਰੀਕਾ ਦਾ ਭਾਰਤ ਦੇ ਲਈ ਰਵੀਇਆ ਕਿਹੋ ਜਿਹਾ ਹੈ?

ਇਸ ਤੇ ਸੀਨੀਅਰ ਪੱਤਰਕਾਰ ਅਤੇ ਅੰਤਰਰਾਸ਼ਟਰੀ ਰਾਜਨੀਤੀ ਦੇ ਜਾਣਕਾਰ ਸ਼ਿਵਕਾਂਤ ਕਹਿੰਦੇ ਹਨ, “ਅਮਰੀਕਾ ਭਾਵੇਂ ਹੀ ਇਸ ਸਮੇਂ ਓਨਾ ਸ਼ਕਤੀਸ਼ਾਲੀ ਨਾ ਰਿਹਾ ਹੋਵੇ, ਪਰ ਜਿੰਨੀਆਂ ਵੀ ਅੰਤਰਰਾਸ਼ਟਰੀ ਸੰਸਥਾਵਾਂ ਹਨ, ਉਨ੍ਹਾਂ ਵਿੱਚ ਅਮਰੀਕਾ ਦਾ ਦਬਦਬਾ ਅਜਿਹੇ ਵੀ ਬਾਕੀ ਹੈ।”

ਉਹ ਕਹਿੰਦੇ ਹਨ, “ ਭਾਰਤ ਜੋ ਬਹੁਤ ਲੰਬੇ ਸਮੇਂ ਤੋਂ ਇਹ ਕੋਸ਼ਿਸ਼ ਕਰ ਰਿਹਾ ਕਿ ਸੰਯੁਕਤ ਰਾਸ਼ਟਰ ਵਿੱਚ ਸੁਧਾਰ ਹੋਵੇ ਤਾਂ ਕਿ ਜੋ ਭਾਰਤ ਜਿਹੇ ਵੱਡੇ ਦੇਸ਼ ਹਨ, ਉਨ੍ਹਾਂ ਦੀ ਗੱਲ ਸਹੀ ਤਰੀਕੇ ਨਾਲ ਸੁਣੀ ਜਾ ਸਕੇ, ਤਾਂ ਜੋ ਉਨ੍ਹਾਂ ਨੂੰ ਉਚਿਤ ਪ੍ਰਤੀਨਿਧਤਾ ਮਿਲ ਸਕੇ। ਇਹ ਉਦੋਂ ਹੀ ਸੰਭਵ ਹੈ ਜਦੋਂ ਅਮਰੀਕੀ ਇਸ ਲਈ ਤਿਆਰ ਹੋਵੇਗਾ।”

ਸ਼ਿਵਕਾਂਤ ਦਾ ਮੰਨਣਾ ਹੈ ਕਿ ਜੇਕਰ ਅਮਰੀਕਾ ਤਿਆਰ ਵੀ ਹੋ ਜਾਵੇ ਤਾਂ ਇਸਦੇ ਬਾਵਜੂਦ ਵੱਡੀ ਸਮੱਸਿਆ ਆਉਣ ਵਾਲੀ ਹੈ।

ਉਨ੍ਹਾਂ ਕਿਹਾ, “ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਚਲਾਉਣ ਲਈ ਵੀ ਅਮਰੀਕਾ ਸਭ ਤੋਂ ਵੱਡਾ ਦਾਨੀ ਹੈ। ਅਮਰੀਕਾ ਵਿੱਚ ਜੋ ਵੀ ਫੈਸਲਾ ਹੁੰਦਾ ਹੈ, ਉਸਦਾ ਭਾਰਤ ਹੀ ਨਹੀਂ ਪੂਰੇ ਸੰਸਾਰ ਦੀ ਰਾਜਨੀਤੀ ’ਤੇ ਅਸਰ ਪੈਂਦਾ ਹੈ।”

ਉਹ ਕਹਿੰਦੇ ਹਨ, “ਭਾਵੇਂ ਇਹ ਵਪਾਰਿਕ, ਰਾਜਨੀਤਿਕ, ਕੂਟਨੀਤਿਕ, ਜਲਲਾਯੂ ਜਾਂ ਅੱਤਵਾਦ ਹੋਵੇ।”

ਉਨ੍ਹਾਂ ਕਿਹਾ,”ਜੀਵਨ ਦੇ ਹਰ ਪਹਿਲੂ ਨਾਲ ਜੁੜੇ ਜੋ ਮੁੱਦੇ ਹਨ ਉਨ੍ਹਾਂ ਨੂੰ ਅਮਰੀਕਾ ਦੇ ਲੋਕ ਜੋ ਫੈਸਲਾ ਲੈਂਦੇ ਹਨ ਉਹ ਪ੍ਰਭਾਵਿਤ ਕਰਦੇ ਹਨ, ਇਸ ਲਈ ਅਮਰੀਕਾ ਵਿੱਚ ਹੋਣ ਵਾਲੀਆਂ ਚੋਣਾਂ 'ਤੇ ਦੁਨੀਆ ਦੇ ਹਰ ਵਿਅਕਤੀ ਦੀ ਨਜ਼ਰ ਰਹਿੰਦੀ ਹੈ ਅਤੇ ਭਾਰਤ ਨੂੰ ਵੀ ਉਸਦੀ ਚਿੰਤਾ ਹੋਣੀ ਚਾਹੀਦੀ ਹੈ।”

ਕਿਸਦੀ ਜਿੱਤ ਨਾਲ ਭਾਰਤ ਨੂੰ ਜ਼ਿਆਦਾ ਫਾਇਦਾ ?

ਡੋਨਾਲਡ ਟਰੰਪ ਇਕ ਚੋਣਾਵੀ ਸਭਾ ਦੌਰਾਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸਾਬਕਾ ਡਿਪਲੋਮੈਟ ਸਕੰਦਾ ਤਾਇਲ ਦਾ ਮੰਨਣਾ ਹੈ ਕਿ ਅਮਰੀਕਾ ਵਿੱਚ ਕੋਈ ਵੀ ਰਾਸ਼ਟਰਪਤੀ ਹੋਵੇ, ਭਾਰਤ ਅਤੇ ਅਮਰੀਕਾ ਦੇ ਸਬੰਧ ਸਥਿਰ ਰਹਿਣਗੇ।

ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਦਾ ਇਤਿਹਾਸ ਹਾਲ ਦੇ ਸਾਲਾਂ ਵਿੱਚ ਕਾਫ਼ੀ ਸਕਾਰਾਤਮਕ ਰਿਹਾ ਹੈ। ਭਾਵੇਂ ਡੌਨਾਲਡ ਟਰੰਪ ਦਾ ਕਾਰਜਕਾਲ ਹੋਵੇ ਜਾਂ ਵਰਤਮਾਨ ਰਾਸ਼ਟਰਪਤੀ ਜੋਅ ਬਾਇਡਨ ਦਾ... ਭਾਰਤ ਨਾਲ ਸੰਬੰਧ ਲਗਾਤਾਰ ਮਜ਼ਬੂਤ ਬਣੇ ਰਹੇ ਹਨ।

ਸਾਬਕਾ ਡਿਪਲੋਮੈਟ ਸਕੰਦਾ ਤਾਇਲ ਦਾ ਮੰਨਣਾ ਹੈ ਕਿ ਅਮਰੀਕਾ ਵਿੱਚ ਕੋਈ ਵੀ ਰਾਸ਼ਟਰਪਤੀ ਹੋਵੇ, ਭਾਰਤ ਅਤੇ ਅਮਰੀਕਾ ਦੇ ਸਬੰਧ ਸਥਿਰ ਰਹਿਣਗੇ।

ਉਹ ਕਹਿੰਦੇ ਹਨ, ''ਭਾਰਤੀ ਪ੍ਰਸ਼ਾਸਨ ਦੇ ਨਜ਼ਰੀਏ ਤੋਂ ਦੇਖੀਏ ਤਾਂ ਦੋ-ਤਿੰਨ ਮੁੱਦੇ ਹਨ ਜੋ ਭਾਰਤ ਅਤੇ ਅਮਰੀਕਾ ਵਿਚਾਲੇ ਖਾਸ ਹਨ।''

''ਭਾਰਤ ਵਿੱਚ ਸਾਡੇ ਵਰਗੇ ਲੋਕ, ਜੋ ਸਰਕਾਰ ਤੋਂ ਬਾਹਰ ਹਨ,ਉਹਨਾਂ ਦਾ ਮੰਨਣਾ ਹੈ ਕਿ ਅਮਰੀਕਾ ਦੀ ਵਿਦੇਸ਼ ਨੀਤੀ ਇਸ ਵੇਲੇ ਰੂਸ ਨੂੰ ਚੀਨ ਦੀ ਗੋਦ ਵਿੱਚ ਧੱਕ ਰਹੀ ਹੈ ਅਤੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਸ਼ਾਇਦ ਰਾਸ਼ਟਰਪਤੀ ਟਰੰਪ ਇਸ ਬਾਰੇ ਮੁੜ ਵਿਚਾਰ ਕਰਨਗੇ।”

ਤਾਇਲ ਮੁਤਾਬਕ ਭਾਰਤ ਪੂਰੀ ਤਰ੍ਹਾਂ ਰੂਸ ਦੇ ਪੱਖ 'ਚ ਹੈ, ਜਦਕਿ ਮੌਜੂਦਾ ਅਮਰੀਕੀ ਪ੍ਰਸ਼ਾਸਨ ਅਜਿਹੀ ਸਥਿਤੀ ਨਹੀਂ ਚਾਹੁੰਦਾ। ਇਸ ਤੋਂ ਇਲਾਵਾ ਅਮਰੀਕਾ ਅਤੇ ਭਾਰਤ ਸਮੇਤ ਦੁਨੀਆ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਚੀਨ ਦੀ ਹੈ।

ਇਸ ਮੋਰਚੇ 'ਤੇ ਟਰੰਪ ਅਤੇ ਬਾਇਡਨ ਦੋਵਾਂ ਦੀਆਂ ਨੀਤੀਆਂ ਚੀਨ ਨੂੰ ਲੈ ਕੇ ਸਖ਼ਤ ਅਤੇ ਯਥਾਰਥਵਾਦੀ ਰਹੀਆਂ ਹਨ।

ਲੋਕਾਂ ਦਾ ਮੰਨਣਾ ਹੈ ਕਿ ਜੇਕਰ ਕਮਲਾ ਹੈਰਿਸ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਬਾਇਡਨ ਦੀ ਮੌਜੂਦਾ ਵਿਦੇਸ਼ ਨੀਤੀ ਜਾਰੀ ਰਹਿ ਸਕਦੀ ਹੈ।

ਸੀਨੀਅਰ ਪੱਤਰਕਾਰ ਅਤੇ ਅੰਤਰਰਾਸ਼ਟਰੀ ਰਾਜਨੀਤੀ ਦੇ ਮਾਹਿਰ ਸ਼ਿਵਕਾਂਤ ਦਾ ਕਹਿਣਾ ਹੈ ਕਿ ਰਿਪਬਲਿਕਨ ਪ੍ਰਸ਼ਾਸਨ ਨੀਤੀਗਤ ਪੱਧਰ 'ਤੇ ਭਾਰਤ ਲਈ ਬਿਹਤਰ ਸਾਬਤ ਹੁੰਦਾ ਆਇਆ ਹੈ।

ਉਹ ਕਹਿੰਦੇ ਹਨ, "ਇਤਿਹਾਸ ਬਣਾਉਣ ਵਾਲੇ ਸਾਰੇ ਵੱਡੇ ਸਮਝੌਤੇ ਰਿਪਬਲਿਕਨ ਪ੍ਰਸ਼ਾਸਨ ਦੇ ਦੌਰਾਨ ਹੋਏ ਹਨ, ਪਰ ਜੇਕਰ ਅਸੀਂ ਇਸ ਵਾਰ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਪੀਐਮ ਮੋਦੀ ਨਾਲ ਡੋਨਾਲਡ ਟਰੰਪ ਦਾ ਰਿਸ਼ਤਾ ਆਪਣੀ ਥਾਂ 'ਤੇ ਹੈ।"

ਸ਼ਿਵਕਾਂਤ ਕਹਿੰਦੇ ਹਨ, "ਹਾਲਾਂਕਿ, ਟਰੰਪ ਦੀ ਵਪਾਰ ਨੀਤੀ ਵਿੱਚ ਸੁਰੱਖਿਆਵਾਦ ਇੰਨਾ ਭਾਰੂ ਹੈ ਕਿ ਭਾਰਤ ਲਈ ਆਪਣੀਆਂ ਉਮੀਦਾਂ ਨੂੰ ਪੂਰਾ ਕਰਨਾ ਮੁਸ਼ਕਲ ਹੋ ਸਕਦਾ ਹੈ।"

ਉਹ ਕਹਿੰਦਾ ਹੈ, "ਭਾਰਤ ਨੂੰ ਹੁਣ ਜਿੰਨੀ ਜਲਦੀ ਹੋ ਸਕੇ ਅਤੇ ਜਿੰਨਾ ਸੰਭਵ ਹੋ ਸਕੇ ਵਿਦੇਸ਼ਾਂ ਵਿੱਚ ਆਪਣਾ ਸਮਾਨ ਵੇਚਣਾ ਪਵੇਗਾ ਤਾਂ ਹੀ ਭਾਰਤ ਤਰੱਕੀ ਕਰ ਸਕਦਾ ਹੈ।"

ਇਸ ਲਈ ਜੇਕਰ ਟਰੰਪ ਪ੍ਰਸ਼ਾਸਨ ਇਸ ਦੇ ਰਾਹ ਵਿਚ ਆਉਂਦਾ ਹੈ ਤਾਂ ਇਹ ਵੱਡੀ ਰੁਕਾਵਟ ਸਾਬਤ ਹੋ ਸਕਦਾ ਹੈ।

ਸ਼ਿਵਕਾਂਤ ਦਾ ਮੰਨਣਾ ਹੈ ਕਿ ਇਮੀਗ੍ਰੇਸ਼ਨ ਨੀਤੀ ਵਿੱਚ ਟਰੰਪ ਦੀ ਸਖ਼ਤੀ ਭਾਰਤ ਦੇ ਹਿੱਤਾਂ ਨੂੰ ਵੀ ਚੁਣੌਤੀ ਦਿੰਦੀ ਹੈ।

ਉਹ ਆਪਣੇ ਆਪ ਨੂੰ ਅਜਿਹੇ ਨੇਤਾ ਵਜੋਂ ਪੇਸ਼ ਕਰਦੇ ਹਨ ਜਿਸ ਤੋਂ ਦੂਜੇ ਦੇਸ਼ ਡਰਦੇ ਹਨ, ਪਰ ਉਸ ਦੀ ਅਨਿਸ਼ਚਿਤਤਾ ਭਰੋਸੇ ਦਾ ਮੁੱਦਾ ਵੀ ਉਠਾਉਂਦੀ ਹੈ।

ਉਹ ਕਹਿੰਦੇ ਹਨ, "ਜੇਕਰ ਤੁਸੀਂ ਅਣਪਛਾਤੇ ਹੋ ਤਾਂ ਤੁਹਾਡੇ ਨਾਲ ਕੋਈ ਸਮਝੌਤਾ ਜਾਂ ਕਿਸੇ ਨੀਤੀ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।"

ਉਨ੍ਹਾਂ ਕਿਹਾ, “ਦੂਜੇ ਪਾਸੇ, ਜੇਕਰ ਤੁਸੀਂ ਕਮਲਾ ਹੈਰਿਸ ਦੀ ਗੱਲ ਕਰਦੇ ਹੋ, ਤਾਂ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ, ਨੈਤਿਕ ਮਾਮਲਿਆਂ ਨੂੰ ਲੈ ਕੇ ਉਨ੍ਹਾਂ ਦੀਆਂ ਡੈਮੋਕਰੇਟਸ ਨੀਤੀਆਂ ਬਹੁਤ ਆਲੋਚਨਾਤਮਕ ਰਹੀਆਂ ਹਨ।"

ਉਹ ਕਹਿੰਦੇ ਹਨ, “ਭਾਰਤੀ ਸਰਕਾਰ ਦੇ ਲਈ ਅਤੇ ਕਈ ਵਾਰ ਭਾਰਤੀ ਕਾਰੋਬਾਰਾਂ ਦੇ ਲਈ ਦੋਵਾਂ ਵਿੱਚ ਸਮੱਸਿਆਵਾਂ ਹਨ, ਇਨ੍ਹਾਂ ਦੋਨਾਂ ਦੀਆਂ ਚੁਣੌਤੀਆਂ ਵੀ ਹਨ ਤੇ ਫਾਇਦੇ ਵੀ ਹਨ। ”

ਚੀਨ ਲਈ ਕੌਣ ਬਿਹਤਰ ਹੋਵੇਗਾ, ਇਸ 'ਤੇ ਤਾਇਲ ਦਾ ਕਹਿਣਾ ਹੈ ਕਿ ਚੀਨ ਨੂੰ ਲੈ ਕੇ ਅਮਰੀਕਾ ਦੀ ਨੀਤੀ 'ਚ ਜ਼ਿਆਦਾ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਹੈ, ਚਾਹੇ ਕੋਈ ਵੀ ਰਾਸ਼ਟਰਪਤੀ ਬਣੇ।

ਹਾਲਾਂਕਿ, ਟਰੰਪ ਅਚਾਨਕ ਫੈਸਲਿਆਂ ਲਈ ਜਾਣੇ ਜਾਂਦੇ ਹਨ ਅਤੇ ਜੇਕਰ ਉਹ ਚੀਨ ਨਾਲ ਸਮਝੌਤਾ ਕਰਦੇ ਹਨ ਤਾਂ ਉਹ ਦੂਜੇ ਦੇਸ਼ਾਂ ਦੇ ਹਿੱਤਾਂ ਦੀ ਬਲੀ ਦੇ ਸਕਦੇ ਹਨ।

ਉਹ ਕਹਿੰਦੇ ਹਨ, “ਟਰੰਪ ਦੀ ਸੰਭਾਵਿਤ ਵਾਪਸੀ ਚੀਨ ਲਈ ਚਿੰਤਾ ਦਾ ਵਿਸ਼ਾ ਹੈ।”

ਮਿਡਲ ਈਸਟ ਸੰਕਟ ਕਿੰਨਾ ਵੱਡਾ ਮੁੱਦਾ ?

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਵੀ ਇਜ਼ਰਾਈਲ-ਗਾਜ਼ਾ ਟਕਰਾਅ ਚਰਚਾ ਵਿੱਚ ਹੈ।

ਮਿਡਲ ਈਸਟ ਸੰਕਟ,ਖਾਸਕਰ ਇਜ਼ਰਾਈਲ-ਗਾਜ਼ਾ ਜੰਗ ਦੀ ਚਰਚਾ ਇਸ ਸਮੇਂ ਅਮਰੀਕੀ ਚੋਣਾਂ ਵਿੱਚ ਵੀ ਹੋ ਰਹੀ ਹੈ।

ਅਮਰੀਕੀ ਵੋਟਰਾਂ ਅਤੇ ਰਾਜਨੀਤਿਕ ਪਾਰਟੀਆਂ ਦੀ ਇਸ 'ਤੇ ਨਜ਼ਰ ਹੈ ਕਿਉਂਕਿ ਇਸ ਨਾਲ ਵਿਦੇਸ਼ ਨੀਤੀ ਅਤੇ ਦੇਸ਼ ਦੇ ਅੰਦਰੂਨੀ ਸਮਾਜਿਕ ਤਾਣੇ ਬਾਣੇ ਉਪਰ ਅਸਰ ਪੈ ਰਿਹਾ ਹੈ।

ਅਮਰੀਕਾ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਤਰਹਬ ਅਸਗਰ ਦੱਸਦੇ ਹਨ, “ ਇਹ ਸਿਰਫ਼ ਮੁੱਦਾ ਉਨ੍ਹਾਂ ਲੋਕਾਂ ਦੇ ਲ਼ਈ ਨਹੀਂ ਹੈ, ਜੋ ਅਮਰੀਕਾ ਵਿੱਚ ਇਕ ਪ੍ਰਵਾਸੀ ਦੀ ਤਰ੍ਹਾਂ ਆਏ ਅਤੇ ਹੁਣ ਨਾਗਰਿਕ ਬਣ ਕੇ ਵੋਟ ਦਾ ਅਧਿਕਾਰ ਰੱਖਦੇ ਹਨ।”

ਉਹ ਕਹਿੰਦੇ ਹਨ, “ਜ਼ਿਆਦਾਤਰ ਅਮਰੀਕੀ ਇਸ ਨੂੰ ਬਹੁਤ ਵੱਡੀ ਚਿੰਤਾ ਸਮਝਦੇ ਹਨ,ਕਿਉਂਕਿ ਜੋ ਮਿਡਲ ਈਸਟ ਵਿੱਚ ਯੁੱਧ ਹੈ ਉਸਦਾ ਸਿੱਧਾ ਅਸਰ ਉਨ੍ਹਾਂ ਦੀ ਆਪਣੀ ਅਰਥਵਿਵਸਥਾ ’ਤੇ ਪੈ ਰਿਹਾ ਹੈ।”

ਤਰਹਬ ਦਾ ਮੰਨਣਾ ਹੈ ਕਿ ਮਿਡਲ ਈਸਟ ਅਤੇ ਈਰਾਨ ਦੀ ਮੌਜੂਦਾ ਸਥਿਤੀ ਅਮਰੀਕੀ ਨੀਤੀ ਦੇ ਲਈ ਇਕ ਮਹੱਤਵਪੂਰਨ ਵਿਸ਼ਾ ਬਣੀ ਹੋਈ ਹੈ।

ਕਈ ਪਾਕਿਸਤਾਨੀ ਮੰਨਦੇ ਹਨ ਕਿ ਇਸ ਨਾਲ ਅਮਰੀਕਾ ਦੀ ਇਸ ਖੇਤਰ ਵਿੱਚ ਦਿਲਚਸਪੀ ਵੱਧ ਸਕਦੀ ਹੈ। ਜੇਕਰ ਕਮਲਾ ਹੈਰਿਸ ਵਾਈ੍ਹਟ ਹਾਊਸ ਵਿੱਚ ਆਉਂਦੇ ਹਨ, ਤਾਂ ਉਨ੍ਹਾਂ ਨਾਲ ਮੌਜੂਦਾ ਨੀਤੀਆਂ ਨੂੰ ਜਾਰੀ ਰੱਖਣ ਦੀ ਉਮੀਦ ਕੀਤੀ ਜਾ ਰਹੀ ਹੈ।

ਦੂਜੇ ਪਾਸੇ, ਜੇਕਰ ਡੋਨਾਲਡ ਟਰੰਪ ਸੱਤਾ ਵਿੱਚ ਪਰਤਦੇ ਹਨ ਤਾਂ ਕੁੱਝ ਅਚਾਨਕ ਫੈਸਲੇ ਵੀ ਦੇਖਣ ਨੂੰ ਮਿਲ ਸਕਦੇ ਹਨ।

ਹਾਲਾਂਕਿ, ਟਰੰਪ ਵਾਰ-ਵਾਰ ਇਹ ਵਾਅਦਾ ਕਰਦੇ ਰਹੇ ਨ ਕਿ ਉਹ ਅੰਤਰਰਾਸ਼ਟਰੀ ਮੁੱਦਿਆਂ, ਵਿਸ਼ੇਸ਼ਕਰ ਇਸ ਜੰਗ ਦਾ ਜਲਦ ਹੱਲ ਕੱਢਣ ਵੱਲ ਜ਼ੋਰ ਦੇਣਗੇ।

ਭਾਰਤੀ ਮੂਲ ਦੇ ਲੋਕ ਦੋਨਾਂ ਉਮੀਦਵਾਰਾਂ ਨੂੰ ਕਿਵੇਂ ਦੇਖ ਰਹੇ ?

ਕਮਲਾ ਹੈਰਿਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਕਮਲਾ ਹੈਰਿਸ ਭਾਰਤੀ ਮੂਲ ਦੇ ਹਨ।

ਅਮਰੀਕਾ ਵਿੱਚ ਆਗਾਮੀ ਚੋਣਾਂ ਦੌਰਾਨ ਇਮੀਗ੍ਰੇਸ਼ਨ ਅਤੇ ਵੀਜ਼ਾ ਨੀਤੀ ਇਕ ਵੱਡਾ ਮੁੱਦਾ ਬਣਿਆ ਹੋਇਆ ਹੈ।

ਬੀਬੀਸੀ ਪੱਤਰਕਾਰ ਦਿਵਿਆ ਆਰਿਆ ਨੇ ਕਈ ਅਮਰੀਕੀਆਂ ਨਾਲ ਗੱਲਬਾਤ ਤੋਂ ਬਾਅਦ ਪਤਾ ਕੀਤਾ ਕਿ ਕਮਲਾ ਹੈਰਿਸ ਦੇ ਭਾਰਤੀ ਮੂਲ ਦਾ ਹੋਣਾ ਭਾਰਤੀ ਵੋਟਰਾਂ ਦੇ ਲਈ ਇਕ ਖਾਸ ਸਬੰਧ ਬਣਾ ਰਿਹਾ ਹੈ।

ਦਿੱਵਿਆ ਦੱਸਦੇ ਹਨ ਕਿ, “ਜ਼ਮੀਨੀ ਪੱਧਰ 'ਤੇ ਕਈ ਛੋਟੀਆਂ-ਛੋਟੀਆਂ ਪਾਰਟੀਆਂ ਅਤੇ ਸੰਗਠਨ ਡੈਮੋਕ੍ਰੇਟਿਕ ਪਾਰਟੀ ਦੇ ਨਾਲ ਜੁੜਕੇ ਚੋਣ ਪ੍ਰਚਾਰ ਕਰ ਰਹੀਆਂ ਹਨ।”

ਉਹ ਕਹਿੰਦੇ ਹਨ, “ਪਰ, ਨਾਲ ਹੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਰਿਸ਼ਤਾ ਵੀ ਮਾਇਨੇ ਰੱਖਦਾ ਹੈ।

‘ਹਾਊਡੀ ਮੋਦੀ’ ਜਿਹੇ ਪ੍ਰੋਗਰਾਮ, ਜੋ ਟਰੰਪ ਦੇ ਕਾਰਜਕਾਲ ਦੌਰਾਨ ਟੈਕਸਸ ਵਿੱਚ ਹੋਇਆ ਸੀ, ਉਸਦੀ ਛਾਪ ਅੱਜ ਵੀ ਲੋਕਾਂ ਦੇ ਮਨ ਵਿੱਚ ਗਹਿਰੀ ਹੈ।

ਅਜਿਹੇ ਵਿੱਚ, ਦੋਨਾਂ ਉਮੀਦਵਾਰਾਂ ਦੀ ਸ਼ਖਸੀਅਤ ਇਸ ਚੋਣ ਵਿੱਚ ਮੁੱਦਿਆਂ ਜਿੰਨਾਂ ਹੀ ਮਹੱਤਵ ਰੱਖ ਰਹੀ ਹੈ।”

ਦਿੱਵਿਆ ਦੱਸਦੇ ਹਨ ਕਿ ਭਾਰਤੀ ਮੂਲ ਦੇ ਦੋ ਪ੍ਰਮੁੱਖ ਵਰਗ ਹਨ, ਇਕ ਜੋ ਅਸਥਾਈ ਐਚ-1ਬੀ ਵੀਜ਼ਾ 'ਤੇ ਹਨ ਅਤੇ ਦੂਜੇ ਜੋ ਅਮਰੀਕੀ ਨਾਗਰਿਕਤਾ ਹਾਸਿਲ ਕਰ ਚੁੱਕੇ ਹਨ।

ਨਾਗਰਿਕਤਾ ਪ੍ਰਾਪਤ ਲੋਕ ਹੀ ਵੋਟਿੰਗ ਕਰ ਸਕਦੇ ਹਨ, ਪਰ ਇਥੇ ਅਸਥਾਈ ਵੀਜ਼ਾ ਧਾਰਕਾਂ ਦੀ ਇਕ ਵੱਡੀ ਸੰਖਿਆ ਹੈ, ਜੋ 20-30 ਸਾਲਾਂ ਤੋਂ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਅਮਰੀਕਾ ਵਿੱਚ ਰਹਿ ਰਹੇ ਹਨ।

ਉਹ ਕਹਿੰਦੇ ਹਨ, “ਇਹ ਲੋਕ ਗੰਭੀਰਤਾ ਨਾਲ ਚੋਣ ਪ੍ਰਕਿਰਿਆ ਨਾਲ ਜੁੜੇ ਹੋਏ ਹਨ,ਪਰ ਉਨ੍ਹਾਂ ਕੋਲ ਵੋਟਿੰਗ ਦਾ ਅਧਿਕਾਰ ਨਹੀਂ ਹੈ,ਫਿਰ ਵੀ ਭਾਵੇਂ ਉਹ ਵੋਟਰ ਹੋਣ ਜਾਂ ਨਾ ਹੋਣ, ਫਿਰ ਵੀ ਉਨ੍ਹਾਂ ਲਈ ਕਾਨੂੰਨੀ ਇਮੀਗ੍ਰੇਸ਼ਨ ਇੱਕ ਮਹੱਤਵਪੂਰਨ ਮੁੱਦਾ ਹੈ।

ਇਸ 'ਤੇ ਟਰੰਪ ਦੀ ਨੀਤੀ ਵੀ ਇਕ ਵੱਡਾ ਮੁੱਦਾ ਬਣਕੇ ਉੱਭਰੀ ਹੈ। ਟਰੰਪ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਨਾ ਰੋਕਣ ਲਈ ਬਾਇਡਨ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਹੈ।

ਅਮਰੀਕਾ ਆਉਣ ਵਾਲੇ ਭਾਰਤੀਆਂ ਵਿੱਚ ਵੱਡੀ ਸੰਖਿਆ ਪੜ੍ਹੇ ਲਿਖੇ ਲੋਕਾਂ ਦੀ ਹੈ। ਫਿਰ ਵੀ ਹਾਲ ਹੀ ਦੇ ਸਾਲਾਂ ਵਿੱਚ ਗੈਰਕਾਨੂੰਨੀ ਇਮੀਗ੍ਰੇਸ਼ਨ ਵਿੱਚ ਵੀ ਵਾਧਾ ਦੇਖਿਆ ਗਿਆ ਹੈ ਕਿਉਂਕਿ ਕਾਨੂੰਨੀ ਰਸਤਾ ਕਾਫ਼ੀ ਮੁਸ਼ਕਿਲ ਹੈ।

ਬੀਬੀਸੀ ਪੱਤਰਕਾਰ ਤਰਹਬ ਅਸਗਰ ਇਸ ਸੰਦਰਭ ਵਿੱਚ ਕਹਿੰਦੇ ਹਨ,“ ਇਮੀਗ੍ਰੇਸ਼ਨ ਇਕ ਵੱਡੀ ਚਿੰਤਾ ਹੈ,ਖਾਸਕਰ ਪਾਕਿਸਤਾਨ,ਭਾਰਤ ਤੇ ਹੋਰ ਦੱਖਣੀ ਏਸ਼ੀਆਈ ਦੇਸ਼ਾਂ ਦੇ ਲੋਕਾਂ ਦੇ ਲਈ। ਉਹ ਧਿਆਨ ਦੇ ਰਹੇ ਹਨ ਕਿ ਜੇਕਰ ਡੋਨਾਲਡ ਟਰੰਪ ਆਉਂਦੇ ਹਨ ਤਾਂ ਇਮੀਗ੍ਰੇਸ਼ਨ ਪਰਕਿਰਿਆ ਵਿੱਚ ਕਾਫੀ ਔਖ ਆ ਸਕਦੀ ਹੈ।”

ਟਰੰਪ ਦੀ ਜਿੱਤ ਜਾਂ ਹਾਰ ਹੋਣ ’ਤੇ ਕੀ ਹੋ ਸਕਦਾ ਹੈ?

ਡੋਨਾਲਡ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਿਵਕਾਂਤ ਦਾ ਮੰਨਣਾ ਹੈ ਕਿ ਜੇਕਰ ਕਮਲਾ ਹੈਰਿਸ ਥੋੜ੍ਹੇ ਫਰਕ ਨਾਲ ਜਿੱਤ ਜਾਂਦੇ ਹਨ ਤਾਂ ਟਰੰਪ ਨਤੀਜਿਆਂ ਨੂੰ ਲਟਕਾਉਣ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਨ।

ਬੀਬੀਸੀ ਪੱਤਰਕਾਰ ਦਿੱਵਿਆ ਆਰਿਆ ਦੱਸਦੇ ਹਨ, “ਪਿਛਲੀ ਬਾਰ ਦੀ ਚੋਣ ਵਿੱਚ ਵੀ ਕਈ ਰਿਪਬਲੀਕਨ ਸਮੱਰਥਨ ਯੂ ਐਸ ਕੈਪੀਟਲ ਹਿੱਲ ਵਿੱਚ ਵੱਡੀ ਸੰਖਿਆ ’ਚ ਪਹੁੰਚੇ ਸਨ ਅਤੇ ਹਿੰਸਕ ਢੰਗ ਨਾਲ ਬਿਲਡਿੰਗ ਅੰਦਰ ਦਾਖਿਲ ਹੋ ਗਏ ਸੀ।''

ਉਹ ਕਹਿੰਦੇ ਹਨ, “ ਉਸਦਾ ਡਰ ਲੋਕਾਂ ਵਿੱਚ ਕਾਫ਼ੀ ਹੈ ਕਿ ਅਜਿਹਾ ਨਾ ਹੋਵੇ ਕਿ ਚੋਣਾਂ ਦੇ ਅਗਲੇ ਦਿਨ ਵੀ ਇਸ ਤਰ੍ਹਾਂ ਦੀ ਘਟਨਾ ਵਾਸ਼ਿੰਗਟਨ ਡੀਸੀ ਵਿੱਚ ਹੋਵੇ।”

ਸੀਨੀਅਰ ਪੱਤਰਕਾਰ ਸ਼ਿਵਕਾਂਤ ਕਹਿੰਦੇ ਹਨ ਕਿ ਅਜਿਹੀ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਨੋਂ ਧਿਰਾਂ ਨੇ ਤਿਆਰੀ ਕਰ ਰੱਖੀ ਹੈ।

ਟਰੰਪ ਨੇ ਆਪਣੇ ਵਕੀਲਾਂ ਦੀ ਟੀਮ ਬਣਾ ਲਈ ਹੈ ਅਤੇ ਸੁਰੱਖਿਆ ਕਾਰਨਾਂ ਕਰਕੇ ਪੋਲਿੰਗ ਬੂਥਾਂ ਤੇ ਵਰਕਰਾਂ ਦੀ ਵੀ ਸੁਰੱਖਿਆ ਕੀਤੀ ਗਈ ਹੈ।

ਉਨ੍ਹਾਂ ਦੱਸਿਆ , "ਕਈ ਰਾਜਾਂ 'ਚ ਕਰੀਬੀ ਮੁਕਾਬਲਾ ਹੈ। ਅਜਿਹੇ 'ਚ ਜੇਕਰ ਸਿਰਫ਼ 10-20 ਹਜ਼ਾਰ ਵੋਟਾਂ ਦਾ ਫਰਕ ਹੁੰਦਾ ਹੈ ਤਾਂ ਉਨ੍ਹਾਂ ਦੀ ਦੁਬਾਰਾ ਗਿਣਤੀ ਕਰਵਾਈ ਜਾਵੇਗੀ। ”

ਜੇਕਰ ਕਿਸੇ ਪੋਲਿੰਗ ਸਟੇਸ਼ਨ 'ਤੇ ਮਾਮੂਲੀ ਜਿਹਾ ਵੀ ਸ਼ੱਕ ਹੁੰਦਾ ਹੈ, ਤਾਂ ਗਿਣਤੀ ਦੁਬਾਰਾ ਹੋਵੇਗੀ ਅਤੇ ਉਸ ਤੋਂ ਬਾਅਦ ਕਾਨੂੰਨੀ ਚੁਣੌਤੀ ਦਿੱਤੀ ਜਾ ਸਕਦੀ ਹੈ।

ਸ਼ਿਵਕਾਂਤ ਦਾ ਮੰਨਣਾ ਹੈ ਕਿ ਜੇਕਰ ਕਮਲਾ ਹੈਰਿਸ ਥੋੜ੍ਹੇ ਫਰਕ ਨਾਲ ਜਿੱਤ ਜਾਂਦੇ ਹਨ ਤਾਂ ਟਰੰਪ ਨਤੀਜਿਆਂ ਨੂੰ ਲਟਕਾਉਣ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਨ।

ਉਹ ਕਹਿੰਦੇ ਹਨ, “ਚੋਣਾਂ ਨਾਲੋਂ ਜ਼ਿਆਦਾ ਇਸ ਦੇ ਨਤੀਜੇ ਅਤੇ ਉਸ ਤੋਂ ਬਾਅਦ ਸੱਤਾ ਦਾ ਤਬਾਦਲਾ ਜ਼ਿਆਦਾ ਦਿਲਚਸਪ ਹੋਵੇਗਾ। ਜੇਕਰ ਉਹ ਠੀਕ ਠਾਕ ਨਿੱਕਲ ਤਾਂ ਪੂਰੀ ਦੁਨੀਆ ਨੂੰ ਰਾਹਤ ਮਿਲੇਗੀ। ਪਰ ਜੇਕਰ ਮਾਮਲਾ ਫਸ ਗਿਆ ਤਾਂ ਇਹ ਪੂਰੀ ਦੁਨੀਆ ਦੇ ਲੋਕਤੰਤਰੀ ਭਵਿੱਖ ਦੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ।”

ਸਾਬਕਾ ਡਿਪਲੋਮੈਟ ਸਕੰਦ ਤਾਇਲ ਦਾ ਮੰਨਣਾ ਹੈ ਕਿ ਟਰੰਪ ਦੀ ਜਿੱਤ ਨਾਲ ਅਮਰੀਕੀ ਵਿਦੇਸ਼ ਨੀਤੀ ਵਿੱਚ ਵੱਡੇ ਬਦਲਾਅ ਸੰਭਵ ਹਨ। ਜੇਕਰ ਟਰੰਪ ਜਿੱਤ ਜਾਂਦੇ ਹਨ, ਤਾਂ ਉਹ ਜਲਵਾਯੂ ਤਬਦੀਲੀ ਅਤੇ ਪੈਰਿਸ ਸਮਝੌਤੇ ਤੋਂ ਪਿੱਛੇ ਹਟ ਸਕਦੇ ਹਨ।

ਉਹ ਰੂਸ-ਯੂਕਰੇਨ ਜੰਗ ਨੂੰ ਲੈ ਕੇ ਵੀ ਅਚਾਨਕ ਕਦਮ ਚੁੱਕ ਸਕਦੇ ਹਨ। ਸਕੰਦ ਦਾ ਕਹਿਣਾ ਹੈ, “ਟਰੰਪ ਸ਼ਾਇਦ ਇਜ਼ਰਾਈਲ ਨੂੰ ਬਿਲਕੁਲ ਖੁੱਲ੍ਹੀ ਛੋਟ ਦੇ ਦੇਣਗੇ ਕਿ ਉਹ ਜੋ ਚਾਰੇ ਕਰੇ। ਉੱਥੇ ਬਹੁਤ ਖੂਨ ਖਰਾਬਾ ਵੱਧ ਸਕਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਟਰੰਪ ਵਪਾਰ ਦੇ ਮਾਮਲੇ 'ਚ ਕਿਸੇ ਵੀ ਰਾਸ਼ਟਰੀ ਸਮੂਹ 'ਤੇ ਪਾਬੰਦੀਆਂ ਲਗਾ ਸਕਦੇ ਹਨ, ਜਿਸ ਨਾਲ ਵਿਸ਼ਵ ਰਾਜਨੀਤੀ 'ਚ ਅਸਥਿਰਤਾ ਦਾ ਮਾਹੌਲ ਪੈਦਾ ਹੋਵੇਗਾ।

ਉਹ ਕਹਿੰਦੇ ਹਨ, “ਜਿੰਨੇ ਦੇਸ਼ਾਂ ਵਿੱਚ ਲੋਕਤੰਤਰ ਹੈ ਉਨ੍ਹਾਂ ਲਈ ਇਹ ਬਹੁਤ ਖਾਸ ਹੈ ਕਿ ਇਸ ਵਾਰ ਜੋ ਵੀ ਨਤੀਜਾ ਹੋਵੇਗਾ,ਹਾਰਨ ਵਾਲਾ ਉਮੀਦਵਾਰ ਬਿਨਾਂ ਕਿਸੇ ਅਰਾਜਕਤਾ ਦੇ ਸਵੀਕਾਰ ਕਰ ਲਵੇ।”

ਉਨ੍ਹਾਂ ਕਿਹਾ, “ਕਿਉਂਕਿ ਅਮਰੀਕਾ ਜੋ ਪੂਰੀ ਦੁਨੀਆ ਨੂੰ ਲੋਕਤੰਤਰ ਦਾ ਅਤੇ ਜਮਹੂਰੀਅਤ ਦਾ ਉਪਦੇਸ਼ ਦਿੰਦਾ ਹੈ ਜੇਕਰ ਓਹੀ ਇਸ ਤਰ੍ਹਾਂ ਦਾ ਤਮਾਸ਼ਾ ਹੋਵੇਗਾ ਕਿ ਇਕ ਉਮੀਦਵਾਰ ਆਪਣੀ ਹਾਰ ਨੂੰ ਨਹੀਂ ਮੰਨ ਰਿਹਾ ਤਾਂ ਕਿਤੇ ਨਾ ਕਿਤੇ ਅਮਰੀਕਾ ਦੀ ਨੈਤਿਕਤਾ, ਜੋ ਇਕ ਸਥਾਨ ’ਤੇ ਹੈ, ਉਹ ਪੂਰੇ ਸੰਸਾਰ ਵਿੱਚ ਬਹੁਤ ਹੇਠਾਂ ਡਿੱਗ ਜਾਵੇਗੀ।”

ਅਜਿਹੇ 'ਚ ਅਮਰੀਕੀ ਚੋਣਾਂ ਦਾ ਇਹ ਦੌਰ ਨਾ ਸਿਰਫ ਦੇਸ਼ ਦੀ ਰਾਜਨੀਤੀ ਲਈ ਸਗੋਂ ਵਿਸ਼ਵ ਸਥਿਰਤਾ ਅਤੇ ਜਮਹੂਰੀ ਕਦਰਾਂ-ਕੀਮਤਾਂ ਲਈ ਵੀ ਫੈਸਲਾਕੁੰਨ ਸਮਾਂ ਹੋ ਸਕਦਾ ਹੈ।

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)