ਪੰਜਾਬ ਹੜ੍ਹ: ਮੁੜ ਵਸੇਬੇ ਕਰਦੇ ਲੋਕਾਂ ਦਾ ਦਰਦ, 'ਨਾ ਮਕਾਨ, ਨਾ ਪਾਉਣ ਵਾਲਾ ਕੱਪੜਾ ਤੇ ਨਾ ਰਾਸ਼ਨ... ਹਾਲਾਤ ਬੇਹੱਦ ਚੁਣੌਤੀ ਭਰੇ ਹੋ ਗਏ ਸਨ'

ਤਸਵੀਰ ਸਰੋਤ, Gurpreet Chawla/BBC
- ਲੇਖਕ, ਗੁਰਪ੍ਰੀਤ ਸਿੰਘ ਚਾਵਲਾ
- ਰੋਲ, ਬੀਬੀਸੀ ਸਹਿਯੋਗੀ
"ਜਦੋਂ ਅਚਾਨਕ ਪਾਣੀ ਪਿੰਡ ਵਿੱਚ ਆਇਆ ਤਾਂ ਉਦੋਂ ਅਸੀਂ ਪਿਉ ਧੀ ਨੇ ਆਪਣੀ ਜਾਨ ਹੀ ਬਚਾਈ ਅਤੇ 5 ਦਿਨ ਤਾਂ ਦੋਵੇ ਨਿੱਖੜ ਗਏ, ਉਦੋਂ ਮਨ 'ਵਿੱਚ ਆਉਂਦਾ ਸੀ ਕੀ ਕਿਤੇ ਮੈ ਇਕੱਲਾ ਨਾ ਰੁੜ ਨਾ ਜਾਵਾ ਚੰਗਾ ਹੁੰਦਾ, ਦੋਵੇਂ ਇਕੱਠੇ ਹੁੰਦੇ ਤੇ ਇਕੱਠੇ ਰੁੜ ਜਾਂਦੇ।"
ਇਹ ਅਲਫਾਜ਼ ਹਨ ਪਿੰਡ ਸ਼ਾਹਪੁਰ ਅਫ਼ਗਾਨਾ ਦੇ ਰਹਿਣ ਵਾਲੇ ਸੁਰਤੀ ਕੁਮਾਰ ਦੇ, ਜੋ ਹੜ੍ਹ ਦੀ ਮਾਰ ਨਾਲ ਬੇਹੱਦ ਪ੍ਰਭਾਵਿਤ ਹਨ।
ਪੰਜਾਬ ਵਿੱਚ ਕਈ ਜ਼ਿਲ੍ਹਿਆਂ ਵਿੱਚ ਅਗਸਤ ਮਹੀਨੇ ਪਈ ਹੜ੍ਹ ਦੀ ਮਾਰ ਨੇ ਕਈ ਲੋਕਾਂ ਦੀਆਂ ਖੜੀਆਂ ਫ਼ਸਲਾਂ ਦਾ ਜਿੱਥੇ ਵੱਡਾ ਨੁਕਸਾਨ ਕੀਤਾ, ਉੱਥੇ ਹੀ ਬਹੁਤ ਸਾਰੇ ਪਿੰਡ ਅਜਿਹੇ ਵੀ ਸਨ ਜਿੱਥੇ ਲੋਕਾ ਦੇ ਘਰਾਂ ਦਾ ਸਾਮਾਨ ਤੇ ਇੱਥੋਂ ਤੱਕ ਕਿ ਕਈ ਘਰ ਵੀ ਇਸ ਹੜ੍ਹ ਦੀ ਮਾਰ ਹੇਠ ਆਏ ਹਨ।
ਜਿੱਥੇ ਕਈ ਘਰਾਂ ਦਾ ਸਾਮਾਨ ਰੁੜ੍ਹ ਗਿਆ ਉੱਥੇ ਹੀ ਕਈ ਲੋਕਾਂ ਦੇ ਸਿਰ ਤੋਂ ਛੱਤਾਂ ਵੀ ਚਲੀਆਂ ਗਈਆਂ ਸਨ।
ਅਜਿਹੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕਈ ਹੱਥ ਵੀ ਅੱਗੇ ਆਏ। ਇਨ੍ਹਾਂ ਵਿੱਚ ਪੰਜਾਬੀ ਗਾਇਕਾਂ ਅਤੇ ਹੋਰ ਕਈ ਸੰਸਥਾਵਾਂ ਨੇ ਪੱਕੀ ਛੱਤ ਦੇ ਨਾਲ ਮੁੜ ਵਸੇਬੇ ਦੇ ਪ੍ਰੋਜੈਕਟ ਸ਼ੁਰੂ ਕੀਤੇ ਹਨ, ਜਿਸ ਨਾਲ ਪੀੜਤ ਪਰਿਵਾਰਾਂ ਨੂੰ ਮੁੜ ਇੱਕ ਉਮੀਦ ਮਿਲੀ ਹੈ।
ਲੋਕ ਅਜੇ ਵੀ ਛੱਤਾਂ 'ਤੇ ਰਹਿਣ ਲਈ ਮਜਬੂਰ

ਤਸਵੀਰ ਸਰੋਤ, Gurpreet Chawla/BBC
ਸਰਹੱਦੀ ਇਲਾਕੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਅਫ਼ਗਾਨਾ ਜਿੱਥੇ ਅੱਜ ਵੀ ਕਈ ਪਰਿਵਾਰ ਖੁੱਲ੍ਹੇ ਅਸਮਾਨ ਹੇਠ ਤਰਪਾਲਾ ਲਗਾ ਰਹਿ ਰਹੇ ਹਨ।
ਸੂਰਤੀ ਕੁਮਾਰ ਦਾ ਕਹਿਣਾ ਹੈ ਕਿ ਪਾਣੀ ਆਉਣ ਤੋਂ ਬਾਅਦ ਹਾਲਾਤ ਬਹੁਤ ਮਾੜੇ ਹੋ ਗਏ ਸਨ ਤੇ ਕੋਈ ਆਸ ਹੀ ਨਹੀਂ ਬਚੀ ਸੀ। ਪਰ ਸਾਂਝ, ਗਲੋਬਲ ਸਿੱਖ ਅਤੇ ਯੰਗ ਇਨੋਵੇਟਿਵ ਫਾਰਮਰ ਗਰੁੱਪ ਵਰਗੀਆਂ ਸੰਸਥਾਵਾਂ ਨੇ ਬਹੁਤ ਮਦਦ ਕੀਤੀ ਹੈ।
ਉਹ ਦੱਸਦੇ ਹਨ, "ਉਨ੍ਹਾਂ ਨੇ ਬਹੁਤ ਸੇਵਾ ਕੀਤੀ। ਕਈ ਦਿਨ ਲੰਗਰ ਚੱਲਦੇ ਰਹੇ। ਸਾਨੂੰ ਘਰ ਮਿਲ ਗਿਆ।"
ਪਿੰਡ ਦੀ ਸਰਪੰਚ ਕਰਮਜੀਤ ਕੌਰ ਦਾ ਕਹਿਣਾ ਸੀ ਕਿ ਜਦੋਂ 26 ਅਗਸਤ ਨੂੰ ਪਿੰਡ ਵਿੱਚ ਹੜ੍ਹ ਦੇ ਹਾਲਾਤ ਬਣੇ ਤਾਂ ਹਰ ਕੋਈ ਆਪਣੀ ਜਾਨ ਬਚਾਉਣ ਲਈ ਘਰ ਦੀਆਂ ਛੱਤਾਂ 'ਤੇ ਚੜ੍ਹ ਗਏ।
ਉਨ੍ਹਾਂ ਨੇ ਕਿਹਾ, "ਹਰ ਇਨਸਾਨ ਦੀ ਮੁੱਖ ਲੋੜ 'ਰੋਟੀ, ਕੱਪੜਾ ਤੇ ਮਕਾਨ' ਹੈ ਅਤੇ ਇੱਥੇ ਲੋਕਾਂ ਕੋਲ ਕੁਝ ਰਿਹਾ ਹੀ ਨਹੀਂ ਸੀ, ਨਾ ਮਕਾਨ, ਨਾ ਪਾਉਣ ਵਾਲਾ ਕੱਪੜਾ ਤੇ ਨਾ ਰਾਸ਼ਨ। ਹਾਲਾਤ ਬੇਹੱਦ ਚੁਣੌਤੀ ਭਰੇ ਹੋ ਗਏ ਸਨ।"
"ਮੈਂ ਸਮਾਜਿਕ ਸੰਸਥਾਵਾਂ ਦਾ ਬਹੁਤ ਧੰਨਵਾਦ ਕਰਦੀ ਹਾਂ। ਉਨ੍ਹਾਂ ਨੇ ਪਹਿਲਾਂ ਲੋਕਾਂ ਨੂੰ ਪਸ਼ੂ ਦਿੱਤੇ ਤਾਂ ਜੋ ਉਨ੍ਹਾਂ ਦਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰ ਸਕਣ। ਜਿਨ੍ਹਾਂ ਦੇ ਮਕਾਨ ਟੁੱਟ ਗਏ ਉਨ੍ਹਾਂ ਦੀ ਬਾਂਹ ਫੜ੍ਹੀ। ਜੋ ਉਨ੍ਹਾਂ ਨੇ ਕਿਹਾ, ਉਨ੍ਹਾਂ ਨੇ ਕਰ ਦਿਖਾਇਆ।"
ਉਨ੍ਹਾਂ ਨੇ ਦੱਸਿਆ ਕਿ ਜਿੱਥੇ ਜਿਸ ਚੀਜ਼ ਦੀ ਲੋੜ ਸੀ, ਉੱਥੇ ਉਹ ਚੀਜ਼ ਪਹੁੰਚਾਈ ਗਈ ਅਤੇ ਕੰਮ ਜਲਦ ਤੋਂ ਜਲਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਤਸਵੀਰ ਸਰੋਤ, Gurpreet Chawla/BBC
ਇਸੇ ਪਿੰਡ ਦੀ ਰਹਿਣ ਵਾਲੀ ਸੀਮਾ ਦੱਸਦੇ ਹਨ ਕਿ ਹਾਲਾਤ ਬਹੁਤ ਮਾੜੇ ਸਨ। "ਅਸੀਂ ਆਪਣੀ ਜਾਨਾਂ ਬਚਾ ਕੇ ਛੱਤ ਉੱਤੇ ਰਹੇ। 10-15 ਦਿਨਾਂ ਤੱਕ ਅਸੀਂ ਛੱਤ 'ਤੇ ਰਹੇ। ਪਰ ਸਮਾਜ ਸੇਵੀ ਸੰਸਥਾ ਨੇ ਸਾਡੀ ਬਹੁਤ ਮਦਦ ਕੀਤੀ। ਸਾਡੇ ਘਰ ਬਣਾ ਕੇ ਦੇ ਰਹੇ ਹਨ।"
ਪਿੰਡ ਰਣਸੀਕੇ ਤਲਾ ਦੇ ਕਿਸਾਨ ਹਰਜੀਤ ਸਿੰਘ ਦੱਸਦੇ ਹਨ ਕਿ ਹਾਲਾਤ ਬਹੁਤ ਮਾੜੇ ਸਨ, ਪਤਾ ਹੀ ਨਹੀਂ ਸੀ ਕਿ ਪਾਣੀ ਵਧੇਗਾ ਜਾਂ ਘਟੇਗਾ। ਕੁਝ ਸਮਾਨ ਗਿੱਲਾ ਹੋ ਗਿਆ, ਕੁਝ ਬਚ ਗਿਆ। ਨੁਕਸਾਨ ਕਾਫੀ ਹੋਇਆ ਹੈ।
ਉਹ ਦੱਸਦੇ ਹਨ, "ਇਨ੍ਹਾਂ ਨੌਜਵਾਨਾਂ ਨੇ ਕਾਫੀ ਮਦਦ ਕੀਤੀ। ਖਾਦ, ਬੀਜ ਅਤੇ ਸਪ੍ਰੇਆਂ ਤੱਕ ਦੀ ਮਦਦ ਕੀਤੀ ਹੈ।"

ਤਸਵੀਰ ਸਰੋਤ, Gurpreet Chawla/BBC
ਇਸੇ ਹੀ ਪਿੰਡ ਦੇ ਮਹਿੰਦਰ ਸਿੰਘ ਦੱਸਦੇ ਹਨ, "ਉਨ੍ਹਾਂ ਦੋ ਭਰਾਵਾਂ ਦੀ 8 ਕਿੱਲੇ ਜ਼ਮੀਨ ਬਰਬਾਦ ਹੋ ਗਈ ਹੈ। ਪਰ ਇਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ। ਬੀਜ ਦਿੱਤੇ, ਪਹਿਲਾਂ ਰਾਸ਼ਨ-ਪਾਣੀ ਵੀ ਦਿੱਤਾ ਹੈ। ਹੁਣ ਤੱਕ ਸਾਡੀ ਮਦਦ ਕਰ ਰਹੇ ਹਨ।"
ਗਲੋਬਲ ਸਿੱਖ ਦੇ ਗਗਨਦੀਪ ਸਿੰਘ ਦੱਸਦੇ ਹਨ, "ਸਭ ਤੋਂ ਪਹਿਲਾਂ ਅਸੀਂ ਲੋਕਾਂ ਦਾ ਬਚਾਅ ਕੀਤਾ। ਜਿਨ੍ਹਾਂ ਲੋਕਾਂ ਦੇ ਘਰ ਢਹਿ ਗਏ ਸਨ ਤੇ ਜੋ ਆਰਥਿਕ ਪੱਖੋਂ ਕਮਜ਼ੋਰ ਸਨ, ਉਨ੍ਹਾਂ ਦਾ ਮੁਲਾਂਕਣ ਕਰ ਕੇ ਘਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅਸੀਂ ਗੁਰਦਾਸਪੁਰ ਇਲਾਕੇ ਦੇ 10 ਪਿੰਡਾਂ ਦੇ ਘਰਾਂ ਦਾ ਕੰਮ ਕਰ ਰਹੇ ਹਾਂ।"

ਤਸਵੀਰ ਸਰੋਤ, Gurpreet Chawla/BBC
ਖੇਤਾਂ ਦਾ ਬੀੜਾ ਚੁੱਕਿਆ

ਤਸਵੀਰ ਸਰੋਤ, Gurpreet Chawla/BBC
ਯੰਗ ਇਨੋਵੈਟਿਕ ਫਾਰਮਰ ਗਰੁੱਪ ਦੇ ਮੈਂਬਰ ਗੁਰਬਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ, "ਜਦੋਂ ਅਸੀਂ ਪਹਿਲੀ ਵਾਰ ਇੱਥੇ ਆਏ ਤਾਂ ਅਸੀਂ ਵੀ ਡਰ ਗਏ ਸੀ। ਪਹਿਲੇ 7 ਦਿਨ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਨ੍ਹਾਂ ਨਾਲ ਹੋ ਕੀ ਗਿਆ, ਖ਼ਾਸ ਕਰ ਕੇ ਜਿਹੜੇ ਕਿਸਾਨ ਡੇਰਿਆਂ 'ਤੇ ਰਹਿੰਦੇ ਹਨ।"
ਉਹ ਅੱਗੇ ਦੱਸਦੇ ਹਨ, "ਅਸੀਂ 26 ਅਗਸਤ ਨੂੰ ਇੱਥੇ ਰਾਹਤ ਲਈ ਦਾਖ਼ਲ ਹੋਏ ਅਤੇ 26 ਸਤੰਬਰ ਤੱਕ ਅਸੀਂ ਇਨ੍ਹਾਂ ਪੰਜਾਂ ਪਿੰਡਾਂ ਦੀ 1500 ਏਕੜ ਜ਼ਮੀਨ ਲੈ ਲਈ ਅਤੇ ਉਸ ਦਾ ਸੂਪਰ ਸੀਡਰ, ਤਵੀਆਂ ਅਤੇ ਬੇਲਿਆਂ ਦੀ ਮਦਦ ਨਾਲ ਪਰਾਲੀ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾਂ। ਠੀਕ 26 ਅਕਤੂਬਰ ਨੂੰ ਅਸੀਂ ਇਨ੍ਹਾਂ ਦੀ ਕਣਕ ਬਿਜਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਹੁਣ ਤੱਕ ਅਸੀਂ 550 ਏਕੜ ਜ਼ਮੀਨ 'ਤੇ ਕਣਕ ਬਿਜਾਈ ਕਰ ਚੁੱਕੇ ਹਾਂ।"
ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਵੱਲੋਂ ਹੜ੍ਹ ਦੇ ਪਾਣੀ ਨਾਲ ਆਏ ਨਦੀਨਾਂ ਨੂੰ ਰੋਕਣ ਲਈ ਛਿੜਕਾਅ ਵੀ ਕੀਤਾ ਜਾ ਰਿਹਾ ਹੈ ਅਤੇ ਜ਼ਮੀਨਾਂ ਦੀ ਉਪਜਾਊ ਸ਼ਕਤੀ ਲਈ ਲੋੜੀਂਦੇ ਤੱਤ ਵੀ ਜ਼ਮੀਨ ਵਿੱਚ ਪਾ ਰਹੇ ਹਨ।

ਤਸਵੀਰ ਸਰੋਤ, Gurpreet Chawla/BBC
ਉੱਧਰ ਹਰਪ੍ਰੀਤ ਸਿੰਘ ਭੱਟੀ ਦੱਸਦੇ ਹਨ, "ਯੰਗ ਇਨੋਵੈਟਿਕ ਫਾਰਮਰ ਗਰੁੱਪ ਨੇ ਪਿਛਲੇ 10-11 ਸਾਲਾਂ ਵਿੱਚ ਮਸ਼ੀਨਰੀ ਬੈਂਕ ਬਣਾਏ ਹੋਏ ਹਨ। ਗਰੁੱਪ ਪਹਿਲਾਂ ਤੋਂ ਹੀ ਕੁਝ ਇਲਾਕੇ ਵਿੱਚ ਝੋਨੇ ਦੀ ਬਿਜਾਈ ਕਰਦਾ ਸੀ। ਸਾਡਾ ਮੁੱਖ ਕੰਮ ਪਰਾਲੀ ਨੂੰ ਸੰਭਾਲਣ ਦਾ ਸੀ ਅਤੇ ਉਸ ਲਈ ਸਾਡੇ ਕੋਲ ਮਸ਼ੀਨਰੀ ਵੱਡੀ ਮਾਤਰਾ ਵਿੱਚ ਹੈ। ਇਨ੍ਹਾਂ ਪੰਜਾਂ ਪਿੰਡਾਂ ਵਿੱਚ ਜ਼ਮੀਨਾਂ ਦੀ ਬਿਜਾਈ ਦਾ ਇੱਕ ਪੈਸਾ ਵੀ ਨਹੀਂ ਲਿਆ ਜਾਵੇਗਾ।"
"ਸਾਨੂੰ ਸਾਬਕਾ ਆਈਏਐੱਸ ਕਾਨ੍ਹ ਸਿੰਘ ਪਨੂੰ ਦਾ ਵੀ ਪੂਰਾ ਸਹਿਯੋਗ ਮਿਲਿਆ ਅਤੇ ਉਨ੍ਹਾਂ ਨੇ ਕਿਹਾ ਕਿ ਤੁਸੀਂ ਇਲਾਕੇ ਵਿੱਚ ਕੰਮ ਕਰੋ, ਅਸੀਂ ਤੁਹਾਡੇ ਨਾਲ ਹਾਂ।"
ਪੰਜਾਬ ਮੰਡੀ ਬੋਰਡ ਦੇ ਨਿਗਰਾਨ ਇੰਜੀਨੀਅਰ ਬਲਦੇਵ ਸਿੰਘ ਦਾ ਕਹਿਣਾ ਹੈ, "26 ਅਗਸਤ ਨੂੰ ਜਦੋਂ ਪਾਣੀ ਆਇਆ ਤਾਂ ਗੁਰਦਾਸਪੁਰ ਦੇ ਡੀਸੀ ਨੇ ਮੈਨੂੰ ਬੁਲਾਇਆ ਸੀ ਅਤੇ ਪੁੱਛਿਆ ਸੀ ਕਿ ਆਪਾਂ ਤੁਰੰਤ ਕੀ ਕਰ ਸਕਦੇ ਹਾਂ। ਮੈਂ ਕਿਹਾ ਕਿ ਫਿਲਹਾਲ ਜੋ ਹਾਲਾਤ ਹਨ, ਤੁਰੰਤ ਕੁਝ ਨਹੀਂ ਹੋ ਸਕਦਾ। ਸਾਨੂੰ ਪਾਣੀ ਉਤਰਨ ਦਾ ਇੰਤਜ਼ਾਰ ਕਰਨਾ ਪੈਣਾ ਹੈ।"
"ਫਿਰ ਮੈਂ ਕਿਹਾ ਕਿ ਪਹਿਲਾਂ ਤਾਂ ਫਸੇ ਲੋਕਾਂ ਨੂੰ ਬਾਹਰ ਕੱਢਣਾ ਚਾਹੀਦਾ ਹੈ ਅਤੇ ਸਾਨੂੰ ਇਜਾਜ਼ਤ ਦਿਓ ਕਿ ਅਸੀਂ ਯੰਗ ਇਨੋਵੈਟਰ ਫਾਰਮਰ ਗਰੁੱਪ ਦੇ ਨਾਲ ਜਿੰਨਾਂ ਹੋ ਸਕੇ, ਫੀਲਡ ਵਿੱਚ ਕੰਮ ਕਰਨਾ ਸ਼ੁਰੂ ਕਰੀਏ। ਉਨ੍ਹਾਂ ਉਸੇ ਦਿਨ ਹੀ ਸਾਨੂੰ ਇਜਾਜ਼ਤ ਦੇ ਦਿੱਤੀ ਸੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













