ਮੂੰਹ ਵਿੱਚ ਇੱਕ ਖ਼ਾਸ ਤਰੀਕੇ ਦਾ ਬੈਕਟੀਰੀਆ ਕਿਵੇਂ ਤੁਹਾਨੂੰ ਬਿਮਾਰੀ ਤੋਂ ਬਚਾ ਸਕਦਾ ਹੈ

    • ਲੇਖਕ, ਅੰਨਾ ਵਾਰਲੇ
    • ਰੋਲ, ਬੀਬੀਸੀ ਪੱਤਰਕਾਰ

ਕਿਸੇ ਵੀ ਵਿਅਕਤੀ ਦਾ ਮੂੰਹ ਹੁਣ ਉਸ ਦੇ ਦਿਮਾਗ਼ ਦੀ ਸਿਹਤ ਬਾਰੇ ਵੀ ਦੱਸ ਸਕਦਾ ਹੈ।

ਮਾਹਰਾਂ ਨੇ ਮੂੰਹ ਵਿੱਚ ਕੁਝ ਅਜਿਹੇ ਬੈਕਟੀਰੀਆ ਦੇਖੇ ਹਨ, ਜੋ ਵਧਦੀ ਉਮਰ ਦੇ ਨਾਲ ਦਿਮਾਗ਼ ਵਿੱਚ ਹੋ ਰਹੇ ਬਦਲਾਅ ਦਾ ਕਾਰਨ ਹੋ ਸਕਦੇ ਹਨ।

ਐਕਸੈਟਰ ਯੂਨੀਵਰਸਿਟੀ ਨੇ ਆਪਣੇ ਖੋਜ ਵਿੱਚ ਦੇਖਿਆ ਹੈ ਕਿ ਕੁਝ ਅਜਿਹੇ ਬੈਕਟੀਰੀਆ ਹਨ, ਜਿਨ੍ਹਾਂ ਦਾ ਸਬੰਧ ਬਿਹਤਰ ਯਾਦਦਾਸ਼ਤ ਅਤੇ ਚੇਤਨਾ ਨਾਲ ਹੈ, ਜਦਕਿ ਹੋਰ ਕਮਜ਼ੋਰ ਦਿਮਾਗ਼ ਅਤੇ ਅਲਜ਼ਾਈਮਰ ਰੋਗ ਨਾਲ ਜੁੜੇ ਹਨ।

ਖੋਜ ਪੱਤਰ ਦੀ ਮੁੱਖ ਲੇਖਿਕਾ ਡਾ. ਜੋਆਨਾ ਐੱਲ ਹਿਊਰੈਕਸ ਕਹਿੰਦੇ ਹਨ, "ਅਸੀਂ ਅਲਜ਼ਾਈਮਰ ਜੀਨ ਬਾਰੇ ਤੁਹਾਨੂੰ ਇਸ ਸਮੱਸਿਆ ਨਾਲ ਘਿਰਨ ਜਾਂ ਇਸ ਦੀ ਜਾਂਚ ਲਈ ਡਾਕਟਰ ਕੋਲ ਜਾਣ ਤੋਂ ਪਹਿਲਾਂ ਦੱਸ ਸਕਦੇ ਹਨ।"

ਫਿਲਹਾਲ ਅਜੇ ਇਹ ਖੋਜ ਸ਼ੁਰੂਆਤੀ ਦੌਰ ਵਿੱਚ ਹੈ ਪਰ ਇਸ ਸਟੱਡੀ ਦੀ ਅਗਵਾਈ ਕਰਨ ਵਾਲੇ ਇੱਕ ਅਹਿਮ ਪੜਤਾਲ ਵਿੱਚ ਲੱਗੇ ਹੋਏ ਹਨ।

ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਨਾਈਟ੍ਰੋਜਨ ਨਾਲ ਭਰੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਵਰਗੇ ਸਿਹਤਮੰਦ ਖਾਦ ਪਦਾਰਥਾਂ ਨਾਲ ਬੈਕਟੀਰੀਆ ਦੀ ਤਾਦਾਦ ਵਧਾ ਕੇ ਦਿਮਾਗ਼ ਦੀ ਸਿਹਤ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ।

ਨਾਈਟ੍ਰੋਜਨ ਕਿਉਂ ਹੈ ਦਿਮਾਗ਼ ਲਈ ਚੰਗਾ

ਇਸ ਸਟੱਡੀ ਦੀ ਸਹਿ-ਲੇਖਿਕਾ ਪ੍ਰੋਫੈਸਰ ਐੱਨ ਕਾਰਬੇਟ ਕਹਿੰਦੇ ਹਨ, "ਸਾਡੀ ਖੋਜ ਦੇ ਮਾਅਨੇ ਬਹੁਤ ਹੀ ਡੂੰਘੇ ਹਨ।"

"ਕੁਝ ਬੈਕਟੀਰੀਆ ਦਿਮਾਗ਼ੀ ਕੰਮ ਵਿੱਚ ਸਹਾਇਕ ਹਨ ਅਤੇ ਕੁਝ ਨਹੀਂ। ਅਜਿਹੇ ਵਿੱਚ ਉਪਚਾਰ ਵਜੋਂ ਬੈਕਟੀਰੀਆ ਵਿੱਚ ਬਦਲਾਅ ਕਰ ਕੇ ਮੂੰਹ ਰਾਹੀਂ ਹੀ ਡਿਮੈਂਸ਼ੀਆ ਨੂੰ ਵੀ ਰੋਕਿਆ ਜਾ ਸਕਦਾ ਹੈ।"

ਉਹ ਦੱਸਦੇ ਹਨ, "ਇਹ ਖਾਣੇ ਵਿੱਚ ਬਦਲਾਅ, ਪ੍ਰੋਬਾਓਟਿਕਸ, ਮੂੰਹ ਦੀ ਸਾਫ਼-ਸਫਾਈ ਅਤੇ ਟਾਰਗੇਟੇਡ ਇਲਾਜ ਰਾਹੀਂ ਸੰਭਵ ਹਨ।"

ਇਸ ਖੋਜ ਵਿੱਚ 50 ਸਾਲ ਤੋਂ ਵੱਧ ਉਮਰ ਦੇ 115 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੀ ਦਿਮਾਗ਼ੀ ਹਾਲਤ ਦਾ ਪਰੀਖਣ ਪਹਿਲਾਂ ਹੀ ਇੱਕ ਹੋਰ ਪ੍ਰੋਜੈਕਟ ਲਈ ਕੀਤਾ ਗਿਆ ਸੀ।

ਖੋਜਕਾਰਾਂ ਨੇ ਉਨ੍ਹਾਂ ਨੂੰ ਦੋ ਸਮੂਹਾਂ ਵਿੱਚ ਵੰਡਿਆ। ਇੱਕ ਸਮੂਹ ਵਿੱਚ ਉਹ ਲੋਕ ਸ਼ਾਮਲ ਸਨ ਜਿਨ੍ਹਾਂ ਨੂੰ ਕੋਈ ਮਾਨਸਿਕ ਸਮੱਸਿਆ ਨਹੀਂ ਸੀ ਜਦਕਿ ਦੂਜੇ ਸਮੂਹ ਵਿੱਚ ਉਹ ਲੋਕ ਸ਼ਾਮਲ ਸਨ ਜਿਨ੍ਹਾਂ ਨੂੰ ਹਲਕੀਆਂ ਮਾਨਸਿਕ ਸਮੱਸਿਆਵਾਂ ਸਨ।

ਦੋਵਾਂ ਸਮੂਹਾਂ ਦੇ ਲੋਕਾਂ ਤੋਂ ਚੂਲੀਆਂ (ਗਾਰਗਲ) ਦੇ ਨਮੂਨੇ ਲਏ ਗਏ ਸਨ। ਇਸ ਤੋਂ ਬਾਅਦ ਇਸ ਵਿੱਚ ਪਾਏ ਜਾਣ ਵਾਲੇ ਬੈਕਟੀਰੀਆ ਦਾ ਅਧਿਐਨ ਕੀਤਾ ਗਿਆ।

ਯੂਨੀਵਰਸਿਟੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਮੂੰਹ ਵਿੱਚ ਨਾਈਸੀਰੀਆ ਅਤੇ ਹੇਮੋਫਿਲਸ ਸਮੂਹ ਦੇ ਬੈਕਟੀਰੀਆ ਦੀ ਗਿਣਤੀ ਜ਼ਿਆਦਾ ਸੀ, ਉਨ੍ਹਾਂ ਦੀ ਯਾਦਦਾਸ਼ਤ, ਸੁਚੇਤਤਾ ਅਤੇ ਗੁੰਝਲਦਾਰ ਕੰਮ ਕਰਨ ਦੀ ਸਮਰੱਥਾ ਬਿਹਤਰ ਸੀ।

ਉਹ ਆਖਦੇ ਹਨ ਕਿ ਜਿਨ੍ਹਾਂ ਨੂੰ ਯਾਦਦਾਸ਼ਤ ਦੀ ਸਮੱਸਿਆ ਸੀ ਉਨ੍ਹਾਂ ਵਿੱਚ ਪੋਰਫਿਰੋਮੋਨਸ ਬੈਕਟੀਰੀਆ ਜ਼ਿਆਦਾ ਪਾਇਆ ਗਿਆ।

ਬੈਕਟੀਰੀਆ ਸਮੂਹ ਪ੍ਰੀਵੋਟੇਲਾ ਕਮ ਨਾਈਟ੍ਰੋਜਨ ਨਾਲ ਜੁੜਿਆ ਹੋਇਆ ਹੈ। ਇਹ ਅਲਜ਼ਾਈਮਰ ਰੋਗ ਨਾਲ ਪੀੜਤ ਲੋਕਾਂ ਵਿੱਚ ਆਮ ਤੌਰ ʼਤੇ ਪਾਇਆ ਜਾਂਦਾ ਹੈ।

ਖਾਣ ਦੀਆਂ ਇਹ ਚੀਜ਼ਾਂ ਅਲਜ਼ਾਈਮਰ ਤੋਂ ਬਚਾ ਸਕਦੀਆਂ ਹਨ

ਡਾ. ਐੱਲ ਹਿਊਰੈਕਸ ਕਹਿੰਦੇ ਹਨ, "ਅਜਿਹੇ ਵਿੱਚ ਅਸੀਂ ਲੋਕਾਂ ਨੂੰ ਚਕੁੰਦਰ, ਪਾਲਕ, ਹਰੀ ਪੱਤੇਦਾਰ ਸਬਜ਼ੀਆਂ, ਢੇਰ ਸਾਰਾ ਸਲਾਦ ਖਾਣ ਅਤੇ ਅਲਕੋਹਲ ਤੇ ਜ਼ਿਆਦਾ ਚੀਨੀ ਵਾਲਾ ਖਾਣਾ ਘੱਟ ਕਰਨ ਦੀ ਸਲਾਹ ਦੇਣਗੇ।"

ਹਰੀਆਂ ਪੱਤੇਦਾਰ ਸਬਜ਼ੀਆਂ ਨਾਈਟ੍ਰੋਜਨ ਦਾ ਸਭ ਤੋਂ ਵੱਡਾ ਕੁਦਰਤੀ ਸਰੋਤ ਹਨ।

ਯੂਨੀਵਰਸਿਟੀ ਵਿੱਚ ਰਿਸਰਚ ਅਤੇ ਇੰਪੈਕਟਸ ਦੀ ਪ੍ਰੋ ਵਾਈਸ ਚਾਂਸਲਰ ਪ੍ਰੋਫੈਸਰ ਐਨੀ ਵਾਨਹਾਤਾਲੋ ਕਹਿੰਦੇ ਹਨ, "ਭਵਿੱਖ ਵਿੱਚ ਜਦੋਂ ਕੋਈ ਮਰੀਜ਼ ਜਨਰਲ ਪ੍ਰੈਕਟੀਸਨਰ ਦੇ ਕੋਲ ਆਉਣਗੇ ਤਾਂ ਉਨ੍ਹਾਂ ਦੇ ਮੂੰਹ ਦੇ ਸੈਂਪਲ ਲਏ ਜਾ ਸਕਦੇ ਹਨ ਤਾਂ ਜੋ ਇਸ ਨੂੰ ਪ੍ਰੋਸੈਸ ਕਰ ਕੇ ਇਹ ਸੰਕੇਤ ਦੇ ਸਕਣ ਕਿ ਕੀ ਉਨ੍ਹਾਂ ਸਾਹਮਣੇ ਡਿਮੈਂਸ਼ੀਆ ਅਤੇ ਅਲਜ਼ਾਈਮਰ ਦਾ ਜੋਖ਼ਮ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)