ਤਰਨਤਾਰਨ ਦਾ ਇਹ ਕਿਸਾਨ ਕਰ ਰਿਹਾ ਏਆਈ ਦੀ ਵਰਤੋਂ, ਇਸ ਨਾਲ ਗਾਵਾਂ ਦੇ ਬੀਮਾਰ ਹੋਣ ਤੋਂ ਲੈ ਕੇ ਪ੍ਰਜਨਨ ਤੱਕ ਦੀ ਮਿਲ ਰਹੀ ਜਾਣਕਾਰੀ

    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

“ਹੁਣ ਮੈਨੂੰ ਪਸ਼ੂਆਂ ਦੇ ਇਲਾਜ ਉੱਤੇ ਬਹੁਤਾ ਖਰਚਾ ਨਹੀਂ ਕਰਨਾ ਪੈਂਦਾ। ਪਹਿਲਾਂ ਮੇਰੇ ਮੁਨਾਫੇ ਦਾ ਵੱਡਾ ਹਿੱਸਾ ਪਸ਼ੂਆਂ ਦੀਆਂ ਬਿਮਾਰੀਆਂ ਦੇ ਇਲਾਜ ‘ਤੇ ਖਰਚ ਹੋ ਜਾਂਦਾ ਸੀ ਪਰ ਹੁਣ ਦੁੱਧ ਦੇ ਉਤਪਾਦਨ ਵਿੱਚ ਵੀ ਵਾਧਾ ਹੋਇਆ ਹੈ ਅਤੇ ਮੇਰਾ ਮੁਨਾਫਾ ਵੀ ਅੱਗੇ ਨਾਲੋਂ ਕਾਫੀ ਵੱਧ ਗਿਆ ਹੈ।”

ਤਰਨਤਾਰਨ ਦੇ ਹਰਪ੍ਰੀਤ ਸਿੰਘ ਸੋਹਲ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਪਸ਼ੂ ਪਾਲਣ ਦੇ ਕਿੱਤੇ ਵਿੱਚ ਵਰਤ ਕੇ ਇਹ ਨਤੀਜਾ ਕੱਢਿਆ ਹੈ।

ਉਹਨਾਂ ਨੇ ਮਨਸੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਨੂੰ ਅਪਣਾ ਕੇ ਪਸ਼ੂ ਪਾਲਣ ਦੇ ਖੇਤਰ ਵਿੱਚ ਨਵੀਂ ਪਿਰਤ ਪਾਈ ਹੈ।

ਏਆਈ ਡਿਵਾਈਸ ਇੱਕ ਬੈਲਟ ਜਾਂ ਪਟੇ ਵਾਂਗ ਹਨ ਜੋ ਗਾਵਾਂ ਦੇ ਗਲ਼ ਵਿੱਚ ਜਾਂ ਪੈਰਾਂ ਉੱਤੇ ਲਗਾਏ ਜਾਂਦੇ ਹਨ। ਇਹ ਹਮੇਸ਼ਾ ਗਾਵਾਂ ਦੇ ਸਰੀਰ ਨਾਲ ਚਿਪਕੇ ਰਹਿੰਦੇ ਹਨ।

ਕਿਸਾਨ ਹਰਪ੍ਰੀਤ ਸਿੰਘ ਸੋਹਲ ਮੁਤਾਬਕ ਪਸ਼ੂ ਪਾਲਣ ਕਿੱਤੇ ਵਿੱਚ ਮਨਸੂਈ ਬੁੱਧੀ ਯਾਨਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਅਪਣਾਉਣ ਤੋਂ ਬਾਅਦ ਉਨ੍ਹਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਈ ਹੈ।

ਦੁੱਧ ਉਤਪਾਦਨ ਤੇ ਆਪਣੇ ਮੁਨਾਫੇ 'ਚ ਵਾਧਾ

ਹਰਪ੍ਰੀਤ ਕੋਲ ਇਸ ਸਮੇਂ 145 ਗਾਵਾਂ ਹਨ ਅਤੇ ਉਨ੍ਹਾਂ ਦੇ ਫਾਰਮ ’ਤੇ ਰੋਜ਼ਾਨਾ 12.5 ਕਵਿੰਟਲ ਦੁੱਧ ਦਾ ਉਤਪਾਦਨ ਹੁੰਦਾ ਹੈ। ਇਨ੍ਹਾਂ ਗਾਵਾਂ ਦੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਨ ਲਈ ਹਰਪ੍ਰੀਤ ਏਆਈ ਦੀ ਵਰਤੋਂ ਕਰਦੇ ਹਨ।

ਹਰਪ੍ਰੀਤ ਕਹਿੰਦੇ ਹਨ, "ਗਾਵਾਂ ਨੂੰ ਵਧੇਰੇ ਦੁੱਧ ਦੇਣ ਲਈ ਉਨ੍ਹਾਂ ਦਾ ਸਿਹਤਮੰਦ ਰਹਿਣਾ ਅਤੇ ਆਰਾਮਦਾਇਕ ਮਾਹੌਲ ਵਿੱਚ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਮਨਸੂਈ ਬੁੱਧੀ ਗਾਵਾਂ ਦੀ ਬੇਹਤਰ ਦੇਖਭਾਲ ਕਰਨ, ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਣ ਅਤੇ ਸੁਭਾਅ ਨੂੰ ਜਾਨਣ ਵਿੱਚ ਸਹਾਇਤਾ ਕਰਦੀ ਹੈ। ਇਸੇ ਕਰਕੇ ਗਾਵਾਂ ਦੇ ਦੁੱਧ ਦਾ ਉਤਪਾਦਨ 20% ਵੱਧ ਗਿਆ ਹੈ।”

ਇਸ ਤੋਂ ਇਲਾਵਾ ਹਰਪ੍ਰੀਤ ਨੇ ਆਧੁਨਿਕ ਮਿਲਕਿੰਗ ਪਾਰਲਰ ਵੀ ਲਗਾਇਆ ਹੋਇਆ ਹੈ ਅਤੇ ਪਸ਼ੂਆਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਵੀ ਆਟੋਮੈਟਿਕ ਮਸ਼ੀਨ ਵੀ ਲਗਾਈ ਹੋਈ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ ਕਿਵੇਂ ਮਦਦ ਕਰਦੀ ਹੈ

ਇਹ ਤਕਨੀਕ ਹਰਪ੍ਰੀਤ ਨੂੰ ਗਾਵਾਂ ਦੇ ਪ੍ਰਜਨਨ ਦੇ ਸਮੇਂ, ਉਨ੍ਹਾਂ ਦੇ ਚਾਰਾ ਘੱਟ ਜਾਂ ਨਾ ਖਾਣ ਬਾਰੇ, ਗਾਵਾਂ ਦੇ ਉੱਠਣ ਜਾਂ ਬੈਠਣ ਦੇ ਸਮੇਂ ਬਾਰੇ, ਉੱਠਣ ਜਾਂ ਬੈਠਣ ਦੇ ਢੰਗ, ਚਾਰਾ ਨਿਗਲਣ ਅਤੇ ਚਬਾਉਣ ਦੇ ਸਮੇਂ ਅਤੇ ਢੰਗ, ਗਰਮ ਜਾਂ ਸਰਦ ਮੌਸਮ ਦੇ ਉਨ੍ਹਾਂ ਉੱਤੇ ਪ੍ਰਭਾਵ ਨੂੰ ਰਿਕਾਰਡ ਕਰਦੀ ਹੈ।

ਇਸ ਉਪਰੰਤ ਮਨਸੂਈ ਗਿਆਨ ਇੱਕ ਪੈਟਰਨ ਦੀ ਪਛਾਣ ਕਰਦਾ ਹੈ ਅਤੇ ਜਦੋਂ ਹੀ ਇਸ ਪੈਟਰਨ ਜਾਂ ਪਸ਼ੂਆਂ ਦੀਆਂ ਗਤੀਵਿਧੀਆਂ ਜਾਂ ਰੋਜ਼ਾਨਾਂ ਦੀਆਂ ਕਿਰਿਆਵਾਂ ਵਿੱਚ ਕੋਈ ਤਬਦੀਲੀ ਆਉਂਦੀ ਹੈ ਤਾਂ ਉਹ ਤੁਰੰਤ ਕਿਸਾਨ ਨੂੰ ਅਗਾਹ ਕਰ ਦਿੰਦੀ ਹੈ।

ਹਰਪ੍ਰੀਤ ਨੇ ਦੱਸਿਆ ਕਿ ਕੁਝ ਛੇ ਮਹੀਨੇ ਪਹਿਲਾਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ) ਦੇ ਮਾਹਿਰਾਂ ਦੀ ਸਲਾਹ 'ਤੇ ਉਨ੍ਹਾਂ ਨੇ ਇਸ ਤਕਨੀਕ ਨੂੰ ਅਪਣਾ ਕੇ ਆਪਣੇ 100 ਪਸ਼ੂਆਂ ਨੂੰ ਸੈਂਸਰਾਂ ਨਾਲ ਲੈਸ ਕੀਤਾ ਸੀ।

ਪਸ਼ੂਆਂ ਦੇ ਇਲਾਜ ਉੱਤੇ ਹੁੰਦਾ ਖਰਚਾ ਕਿਵੇਂ ਬਚਾਇਆ

ਹਰਪ੍ਰੀਤ ਸਿੰਘ ਦਾਅਵਾ ਕਰਦੇ ਹਨ ਦੁੱਧ ਦਾ ਉਤਪਾਦਨ ਵੱਧਣ ਤੋਂ ਇਲਾਵਾ ਪਸ਼ੂਆਂ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਦਵਾਈਆਂ ਦੀ ਲਾਗਤ ਘੱਟ ਗਈ ਹੈ।

ਉਹ ਦੱਸਦੇ ਹਨ, “ਜਦੋਂ ਮੇਰੀ ਕਿਸੇ ਗਾਂ ਦੇ ਖਾਣ ਅਤੇ ਉੱਠਣ-ਬੈਠਣ ਦੀ ਆਦਤ ਜਾਂ ਉਨ੍ਹਾਂ ਦੇ ਸੁਭਾਅ ਜਾਂ ਰੋਜ਼ਾਨਾਂ ਦੀਆਂ ਆਦਤਾਂ ਵਿੱਚ ਕੋਈ ਤਬਦੀਲੀ ਆਉਂਦੀ ਹੈ ਤਾਂ ਮੇਰੇ ਮੋਬਾਈਲ 'ਤੇ ਇੱਕ ਸੂਚਨਾ ਮਿਲਦੀ ਹੈ।"

"ਸੂਚਨਾ ਮਿਲਣ ਉਪਰੰਤ ਮੈਂ ਸੰਬੰਧਿਤ ਗਾਂ ਉੱਤੇ ਵਿਸ਼ੇਸ਼ ਧਿਆਨ ਦਿੰਦਾ ਹਾਂ ਅਤੇ ਇਹ ਯਕੀਨੀ ਬਣਾਉਂਦਾ ਹਾਂ ਕਿ ਉਹ ਬਿਮਾਰ ਨਾ ਹੋਵੇ।”

ਉਹ ਅੱਗੇ ਦੱਸਦੇ ਹਨ, “ਹੁਣ ਪਿਛਲੇ ਛੇ ਮਹੀਨਿਆਂ ਤੋਂ ਗਾਵਾਂ ਦੀ ਬਿਮਾਰੀ ਦੇ ਇਲਾਜ ਉੱਤੇ ਹੁੰਦੇ ਖ਼ਰਚੇ ਬਹੁਤ ਘੱਟ ਗਏ ਹਨ ਕਿਉਂਕਿ ਮੇਰੀਆਂ ਗਾਵਾਂ ਹੁਣ ਜਲਦੀ ਬਿਮਾਰ ਨਹੀਂ ਹੁੰਦੀਆਂ।"

"ਪਹਿਲਾਂ ਜਦੋਂ ਮੇਰੀਆਂ ਗਾਵਾਂ ਬਿਮਾਰ ਹੁੰਦੀਆਂ ਸਨ, ਮੈਨੂੰ ਕਾਫੀ ਲੇਟ ਪਤਾ ਲੱਗਦਾ ਸੀ ਕਿਉਂਕਿ ਇਹ ਇਕੱਲੀ-ਇਕੱਲੀ ਗਾਂ ਉੱਤੇ ਨਜ਼ਰ ਰੱਖਣਾ ਸੰਭਵ ਨਹੀਂ ਸੀ। ਹੁਣ ਮੈਂ ਏਆਈ ਦੀ ਮਦਦ ਨਾਲ ਇੱਕ-ਇੱਕ ਗਾਂ ਉੱਤੇ ਨਜ਼ਰ ਰੱਖਦਾ ਹਾਂ ਅਤੇ ਉਨ੍ਹਾਂ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਰਿਕਾਰਡ ਵੀ ਕਰਦਾ ਹਾਂ।"

"ਇਹ ਜਾਣਕਾਰੀ ਮੈਨੂੰ ਲੋੜ ਪੈਣ 'ਤੇ ਆਪਣੇ ਪਸ਼ੂਆਂ ਨੂੰ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਵਿੱਚ ਮਦਦ ਕਰਦੀ ਹੈ।”

ਮਿਲਕਿੰਗ ਪਾਰਲਰ

ਏਆਈ ਦੀ ਵਰਤੋਂ ਤੋਂ ਇਲਾਵਾ ਉਨ੍ਹਾਂ ਨੇ ਇੱਕ ਡੇਅਰੀ ਪਾਰਲਰ ਵੀ ਸਥਾਪਤ ਕੀਤਾ ਹੋਇਆ ਹੈ।

ਇਸ ਪਾਰਲਰ ਵਿੱਚ ਗਾਵਾਂ ਦਾ ਦੁੱਧ ਚੋਣ ਤੋਂ ਲੈ ਕੇ ਦੁੱਧ ਸਟੋਰ ਕਰਨ ਤੱਕ ਦੀਆਂ ਸਾਰੀ ਗਤੀਵਿਧੀਆਂ ਬਿਨਾਂ ਕਿਸੇ ਮਨੁੱਖੀ ਦਖ਼ਲ ਦੇ ਨੇਪਰੇ ਚੜ੍ਹਾਈਆਂ ਜਾਂਦੀਆਂ ਹਨ।

ਹਰਪ੍ਰੀਤ ਮੁਤਾਬਕ, “ਇਸ ਪਾਰਲਰ ਵਿੱਚ ਇੱਕੋ ਸਮੇਂ ਛੇ ਗਾਵਾਂ ਨੂੰ ਚੋਇਆ ਜਾ ਸਕਦਾ ਹੈ। ਸਿਰਫ਼ ਗਾਵਾਂ ਨੂੰ ਦੁੱਧ ਚੋਣ ਵਾਲੀ ਮਸ਼ੀਨ ਲਗਾਉਣ ਲਈ ਹੀ ਮਨੁੱਖੀ ਦਖ਼ਲ ਦੀ ਲੋੜ ਪੈਂਦੀ ਹੈ।"

"ਇਸ ਮਗਰੋਂ ਦੁੱਧ ਬਿਨਾਂ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆਏ, ਕੰਟੇਨਰ ਵਿੱਚ ਪਹੁੰਚ ਜਾਂਦਾ ਹੈ। ਜਿੱਥੇ ਇਸ ਨੂੰ ਸਾਡੇ ਤੋਂ ਖਰੀਦਣ ਵਾਲੀ ਕੰਪਨੀ ਤੱਕ ਪਹੁੰਚਾਇਆ ਜਾਂਦਾ ਹੈ।"

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿੱਚ ਪਸਾਰ ਸਿੱਖਿਆ ਦੇ ਵਧੀਕ ਡਾਇਰੈਕਟਰ ਡਾ. ਪਰਮਿੰਦਰ ਚਾਵਲਾ ਨੇ ਜਾਣਕਾਰੀ ਦਿੱਤੀ ਕਿ ਏਆਈ ਡਿਵਾਈਸ ਗਾਵਾਂ ਦੀਆਂ ਸਾਰੀਆਂ ਗਤੀਵਿਧੀਆਂ ਰਿਕਾਰਡ ਕਰਦੇ ਹਨ।

ਇਨ੍ਹਾਂ ਗਤੀਵਿਧੀਆਂ ਵਿੱਚ ਤਬਦੀਲੀ ਇੱਕ ਸੰਕੇਤ ਹੁੰਦਾ ਹੈ।

ਉਨ੍ਹਾਂ ਨੇ ਉਦਾਹਰਨ ਦਿੰਦਿਆਂ ਨੇ ਦੱਸਿਆ, “ਜੇਕਰ ਇੱਕ ਗਾਂ ਆਪਣੇ ਰੋਜ਼ਾਨਾ ਦੀ ਆਦਤ ਨਾਲੋਂ ਵੱਧ ਤੁਰਦੀ ਹੈ ਤਾਂ ਇਸਦਾ ਮਤਲਬ ਇਹ ਹੈ ਕਿ ਉਹ ਗਰਭ ਧਾਰਨ ਕਰਨ ਲਈ ਤਿਆਰ ਹੈ।"

"ਜੇਕਰ ਗਾਂ ਦੇ ਰਿਊਮੀਨੇਸ਼ਨ, ਜਿਸਨੂੰ ਆਮ ਭਾਸ਼ਾ ਵਿੱਚ ਗਾਲ੍ਹਾ ਕਰਨਾ ਕਿਹਾ ਜਾਂਦਾ ਹੈ, ਵਿੱਚ ਕੋਈ ਤਬਦੀਲੀ ਆਈ ਹੈ ਤਾਂ ਇਸਦਾ ਮਤਲਬ ਉਸ ਦੇ ਮੈਹਦੇ ਵਿੱਚ ਕੋਈ ਸਮੱਸਿਆ ਹੈ। ਅਜਿਹੇ ਕਈ ਸੰਕੇਤ ਹਨ ਜਿਨਾਂ ਨੂੰ ਏਆਈ ਰਿਕਾਰਡ ਕਰਕੇ ਕਿਸਾਨ ਨੂੰ ਸੂਚਿਤ ਕਰਦੀ ਹੈ ਅਤੇ ਕਿਸਾਨ ਸੰਬੰਧਿਤ ਗਾਂ ਵੱਲ ਵਿਸ਼ੇਸ਼ ਧਿਆਨ ਦਿੰਦਾ ਹੈ।”

ਉਨ੍ਹਾਂ ਨੇ ਇਹ ਵੀ ਸਲਾਹ ਦਿੱਤੀ ਕਿ 50 ਤੋਂ ਵੱਧ ਗਾਵਾਂ ਪਾਲਣ ਵਾਲੇ ਕਿਸਾਨ ਜ਼ਰੂਰ ਇਸ ਤਕਨੀਕ ਨੂੰ ਅਪਣਾਉਣ।

‘ਮੁੱਖ ਮੰਤਰੀ ਪੁਰਸਕਾਰ’ ਨਾਲ ਸਨਮਾਨ

ਹਰਪ੍ਰੀਤ ਸਿੰਘ ਸੋਹਲ ਉਨ੍ਹਾਂ ਤਿੰਨ ਅਗਾਂਹਵਧੂ ਕਿਸਾਨਾਂ ਵਿੱਚ ਸ਼ਾਮਿਲ ਹਨ, ਜਿਨਾਂ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ ਪਸ਼ੂ ਪਾਲਣ ਕਿੱਤਿਆਂ ਵਿੱਚ ਨਿਵੇਕਲੀ ਕਾਰਗੁਜ਼ਾਰੀ ਦਿਖਾਉਣ ਜਾਂ ਨਿਵੇਕਲੇ ਢੰਗ ਵਰਤਨ ਕਰਕੇ ‘ਮੁੱਖ ਮੰਤਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ।

ਡਾ. ਪਰਕਾਸ਼ ਸਿੰਘ ਬਰਾੜ, ਵੈਟਰਨਰੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਨੇ ਪੁਰਸਕਾਰਾਂ ਬਾਰੇ ਦੱਸਦਿਆਂ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਉਤਸਾਹਿਤ ਕਰਨ ਲਈ ਪੰਜਾਬ ਦੇ ਸਮੂਹ ਕਿਸਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।

ਪ੍ਰਾਪਤ ਹੋਈਆਂ ਅਰਜ਼ੀਆਂ ਦੀ ਮੁਢਲੀ ਜਾਂਚ ਪੜਤਾਲ ਤੋਂ ਬਾਅਦ ਯੂਨੀਵਰਸਿਟੀ ਦੇ ਮਾਹਿਰਾਂ ਦੀ ਟੀਮ ਨੇ ਵੱਖ ਵੱਖ ਫਾਰਮਾਂ ਦਾ ਦੌਰਾ ਕੀਤਾ ਅਤੇ ਪਸ਼ੂ ਪਾਲਕਾਂ ਵੱਲੋਂ ਅਪਣਾਈਆਂ ਜਾਣ ਵਾਲੀਆਂ ਨਵੇਕਲੀਆਂ ਤੇ ਆਪਣੇ ਤੌਰ `ਤੇ ਵਿਕਸਿਤ ਤਕਨੀਕਾਂ ਦਾ ਬਾਰੀਕੀ ਨਾਲ ਮੁਆਇਨਾ ਕਰਨ ਉਪਰੰਤ ਸਫ਼ਲ ਕਿਸਾਨ ਦੀ ਇਸ ਪੁਰਸਕਾਰ ਵਾਸਤੇ ਚੋਣ ਕੀਤੀ ਜਾਂਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)