ਦੇਸੀ ਮੁਰਗੇ ਪਾਲ ਕੇ ਕਿਵੇਂ ਮੁਨਾਫ਼ਾ ਕਮਾ ਰਿਹਾ ਮੁਹਾਲੀ ਦਾ ਇਹ ਕਿਸਾਨ, ਮੁਰਗੇ ਪਾਲਣ ਵਿੱਚ ਕਿੰਨੀ ਲਾਗਤ ਆਉਂਦੀ ਹੈ

    • ਲੇਖਕ, ਸੁਖਵਿੰਦਰ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਮੋਹਾਲੀ ਜ਼ਿਲ੍ਹੇ ਦੇ ਵਸਨੀਕ ਗੁਰਦੀਪ ਸਿੰਘ ਕਦੇ ਏਸੀ ਰਿਪੇਅਰ ਦਾ ਕੰਮ ਕਰਦੇ ਸਨ ਪਰ ਇਹ ਉਨ੍ਹਾਂ ਦੀ ਖਾਹਿਸ਼ ਸੀ ਕਿ ਉਹ ਪਸ਼ੂ ਪਾਲਣ ਦਾ ਕਿੱਤਾ ਸ਼ੁਰੂ ਕਰਨ।

ਇਸ ਵੱਲ ਜਦੋਂ ਉਨ੍ਹਾਂ ਨੇ ਸਾਲ 2018 ਵਿੱਚ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਨੂੰ ਘਾਟਾ ਝੱਲਣਾ ਪਿਆ।

ਗੁਰਦੀਪ ਸਿੰਘ ਨੇ ਸੂਰ ਪਾਲਣੇ ਸ਼ੁਰੂ ਕੀਤੇ ਸਨ ਪਰ ਉਸ ਵੇਲੇ ਸੂਰਾਂ ਵਿੱਚ ਸਵਾਈਨ ਫਲੂ ਦੀ ਬਿਮਾਰੀ ਫੈਲਣ ਕਾਰਨ ਉਹ ਇਹ ਕੰਮ ਅੱਗੇ ਨਾ ਤੋਰ ਸਕੇ।

ਪਰ ਸ਼ੁਰੂਆਤ ਵਿੱਚ ਹੀ ਮਿਲੀ ਇਸ ਅਸਫ਼ਲਤਾ ਦੇ ਬਾਵਜੂਦ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਸਾਲ 2022 ਵਿੱਚ ਮੁਰਗੀ ਪਾਲਣ ਦਾ ਧੰਦਾ ਸ਼ੁਰੂ ਕੀਤਾ।

ਉਨ੍ਹਾਂ ਦਾ ਤਿੰਨ ਹਜ਼ਾਰ ਵਰਗ ਫੁੱਟ ਵਿੱਚ ਬਣਿਆ ਪੌਲਟਰੀ ਫਾਰਮ ਕੁਰਾਲੀ ਨੇੜੇ ਪੈਂਦੇ ਪਿੰਡ ਸਹੋੜਾ ਵਿੱਚ ਸਥਿਤ ਹੈ, ਇਸ ਦਾ ਨਾਂ ਜੀਐੱਸ ਪੌਲਟਰੀ ਫਾਰਮ ਹੈ।

ਉਨ੍ਹਾਂ ਦੇ ਪੌਲਟਰੀ ਫਾਰਮ ਦੀ ਖਾਸੀਅਤ ਇਹ ਹੈ ਕਿ ਉਹ ਮੁੱਖ ਤੌਰ ’ਤੇ ਦੇਸੀ ਨਸਲ ਦੇ ਮੁਰਗੇ-ਮੁਰਗੀਆਂ ਪਾਲਦੇ ਹਨ।

ਬਜ਼ਾਰ ਵਿੱਚ ਮੁੱਖ ਤੌਰ ਉੱਤੇ ਵਿਕਦਾ ਬ੍ਰਾਇਲਰ ਚਿਕਨ ਜਿੱਥੇ 40 ਦਿਨਾਂ ਵਿੱਚ ਹੀ ਵੇਚਣ ਯੋਗ ਹੋ ਜਾਂਦਾ ਹੈ ਉੱਥੇ ਉਨ੍ਹਾਂ ਦੇ ਫਾਰਮ ਵਿੱਚ ਪਲ਼ੇ ਮੁਰਗੇ ਉਹ 6 ਮਹੀਨਿਆਂ ਬਾਅਦ ਵੇਚਦੇ ਹਨ।

ਉਹ ਦੱਸਦੇ ਹਨ ਕਿ ਜਿੱਥੇ ਬ੍ਰਾਇਲਰ ਵਿੱਚ ਬਜ਼ਾਰ ਰੇਟ ਤੈਅ ਕਰਦਾ ਹੈ ਅਤੇ ਇਸ ਵਿੱਚ ਬਿਮਾਰੀ ਦੀ ਸੰਭਾਵਨਾ ਵੀ ਵੱਧ ਹੈ।

ਉਹ ਦੱਸਦੇ ਹਨ ਕਿ ਉਨ੍ਹਾਂ ਨੇ ਪੌਲਟਰੀ ਫਾਰਮ ਵਿੱਚ ਦੇਸੀ ਨਸਲ ਦੇ ਮੁਰਗੇ ਮੁਰਗੀਆਂ ਖੁੱਲ੍ਹੇ ਰੱਖੇ ਜਾਂਦੇ ਹਨ।

ਦੁਕਾਨਦਾਰ ਤੋਂ ਕਿਸਾਨ ਕਿਵੇਂ ਬਣੇ

ਗੁਰਦੀਪ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀ ਚੰਡੀਗੜ੍ਹ ਵਿੱਚ ਏਅਰ ਕੰਡੀਸ਼ਨਰ ਵੇਚਣ ਅਤੇ ਮੁਰੰਮਤ ਕਰਨ ਦੀ ਦੁਕਾਨ ਹੈ, ਪਰ ਉਹ ਕੁਝ ਲੀਕ ਤੋਂ ਹੱਟਕੇ ਕਰਨਾ ਚਾਹੁੰਦੇ ਸਨ।

ਇਸ ਲਈ ਜਦੋਂ 2018 ਵਿੱਚ ਉਨ੍ਹਾਂ ਦੇ ਪੁੱਤਰ ਨੇ ਐੱਮਬੀਏ ਦੀ ਪੜ੍ਹਾਈ ਪੂਰੀ ਕੀਤੀ ਤਾਂ ਉਨ੍ਹਾਂ ਨੇ ਦੁਕਾਨ ਸੰਭਾਲ ਕੇ 2018 ਵਿੱਚ ਪਸ਼ੂ ਪਾਲਣ ਦਾ ਕਿੱਤਾ ਸ਼ੁਰੂ ਕੀਤਾ।

ਖੇਤੀਬਾੜੀ ਨਾਲ ਜੁੜੇ ਕਿੱਤੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਵੱਡਾ ਅਤੇ ਪਹਿਲਾ ਸਵਾਲ ਮੰਡੀਕਰਨ ਦਾ ਹੁੰਦਾ ਹੈ।

ਇਸ ਲਈ ਕਿਸਾਨ ਦੀ ਵਸਤੂ ਦਾ ਭਾਅ, ਖ਼ਰੀਦ, ਵੇਚ ਅਤੇ ਮੁਨਾਫ਼ਾ ਸਭ ਕੁਝ ਮੰਡੀ ਉੱਤੇ ਹੀ ਨਿਰਭਰ ਰਹਿੰਦਾ ਹੈ ਪਰ ਇਸ ਦੇ ਉਲਟ ਗੁਰਦੀਪ ਸਿੰਘ ਇਹ ਸਭ ਕੁਝ ਖ਼ੁਦ ਤੈਅ ਕਰਦੇ ਹਨ।

ਉਨ੍ਹਾਂ ਨੂੰ ਆਪਣੀ ਦੇਸੀ ਮੁਰਗ਼ੀ, ਮੁਰਗ਼ੇ ਅਤੇ ਆਂਡੇ ਵੇਚਣ ਲਈ ਮੰਡੀਆਂ ਦੇ ਗੇੜੇ ਨਹੀਂ ਮਾਰਨੇ ਪੈਂਦੇ ਬਲਕਿ ਉਨ੍ਹਾਂ ਦੇ ਪੌਲਟਰੀ ਫਾਰਮ 'ਤੇ ਗਾਹਕਾਂ ਆਪ ਆਉਂਦੇ ਹਨ।

ਇਸ ਕਰਕੇ ਉਹ ਆਪਣੀ ਮਰਜ਼ੀ ਮੁਤਾਬਕ ਰੇਟ ਤੈਅ ਕਰਦੇ ਹਨ। ਬਜ਼ਾਰ ਵਿੱਚ ਉਪਲਬਧ ਆਂਡਿਆਂ ਅਤੇ ਮੁਰਗੇ-ਮੁਰਗੀਆਂ ਤੋਂ ਅਲੱਗ ਉਹ ਆਪਣੇ ਫਾਰਮ ਉੱਤੇ ਦੇਸੀ ਮੁਰਗੇ-ਮੁਰਗੀਆਂ ਹੀ ਪਾਲਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਵੱਧ ਤਰਜੀਹ ਮਿਲਦੀ ਹੈ।

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਉਤਪਾਦਾਂ ਦੀ ਮੰਗ ਵੀ ਵੱਧ ਰਹੀ ਹੈ।

ਕਿੰਨਾ ਮੁਨਾਫ਼ਾ ਹੁੰਦਾ ਹੈ

ਗੁਰਦੀਪ ਦੱਸਦੇ ਹਨ ਕਿ ਪੌਲਟਰੀ ਫਾਰਮ ਤੋਂ ਉਨ੍ਹਾਂ ਨੂੰ ਆਏ ਸਾਲ ਕਰੀਬ 9 ਲੱਖ ਰੁਪਏ ਸਾਲ ਦਾ ਮੁਨਾਫ਼ਾ ਹੁੰਦਾ ਹੈ।

ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਮੰਡੀਕਰਨ ਨਾ ਹੋਣ ਜਾਂ ਵਾਜਬ ਰੇਟ ਨਾ ਮਿਲਣ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਉਹ ਦੱਸਦੇ ਹਨ, “ਪੌਲਟਰੀ ਫਾਰਮ ਵਿੱਚ ਦੇਸੀ ਮੁਰਗ਼ੀ ਪਾਲਨ ਦੇ ਕੰਮ ਵਿੱਚ ਤੁਹਾਡਾ ਆਪਣਾ ਮਰਜ਼ੀ ਦਾ ਰੇਟ ਹੈ, ਤੁਸੀਂ ਚਾਹੋ ਤਾਂ ਮੁਰਗ਼ਾ 700 ਦਾ ਵੇਚ ਲਵੋ ਜਾਂ 1000 ਦਾ ਵੇਚੋ, ਪਰ ਇਸ ਦੇ ਉਲਟ ਬ੍ਰਾਇਲਰ ਮੁਰਗ਼ੀ ਦਾ ਕੰਮ ਬਜ਼ਾਰ 'ਤੇ ਹੀ ਨਿਰਭਰ ਰਹਿੰਦਾ ਹੈ, ਜੋ ਮੰਡੀ ਦਾ ਰੇਟ ਹੋਵੇਗਾ, ਉਹੀ ਤੁਹਾਨੂੰ ਮਿਲੇਗਾ’।”

ਇਹ ਔਰਗੈਨਿਕ ਆਂਡੇ ਅਤੇ ਦੇਸੀ ਮੁਰਗੇ ਦੀ ਖਰੀਦ ਲਈ ਜਾਣਿਆ ਜਾਂਦਾ ਹੈ ਇਸ ਕੰਮ ਵਿੱਚ ਚੰਗੀ ਮੰਗ ਲਈ ਉਸ ਨੂੰ ਟਰਾਈਸਿਟੀ ਮੋਹਾਲੀ, ਚੰਡੀਗੜ੍ਹ ਅਤੇ ਪੰਚਕੁਲਾ ਦਾ ਉਨ੍ਹਾਂ ਨੂੰ ਚੰਗਾ ਫ਼ਾਇਦਾ ਮਿਲਦਾ ਹੈ।

100 ਤੋਂ 1000 ਮੁਰਗੀਆਂ ਤੱਕ ਕਿਵੇਂ ਪਹੁੰਚੇ

ਗੁਰਦੀਪ ਸਿੰਘ ਨੇ 100 ਮੁਰਗੀਆਂ ਨਾਲ ਕੰਮ ਸ਼ੁਰੂ ਕੀਤਾ ਸੀ ਤੇ ਬੜੀ ਜਲਦੀ ਹੀ 1000 ਤੱਕ ਪਹੁੰਚ ਗਏ.. ਉਨ੍ਹਾਂ ਦਾ ਟੀਚਾ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਦੀ ਗਿਣਤੀ 3,000 ਤੱਕ ਲੈ ਕੇ ਜਾਣਗੇ।

ਉਹ ਦੱਸਦੇ ਹਨ ਕਿ ਆਮ ਤੌਰ ਉੱਤੇ ਸਰਦੀਆਂ ਵਿੱਚ ਮੁਰਗੀਆਂ ਦੀ ਮੰਗ ਵੱਧ ਹੁੰਦੀ ਹੈ.. ਉਨ੍ਹਾਂ ਦੇ ਦੇ ਗਾਹਕ ਸਰਦੀਆਂ ਵਿੱਚ ਵੀ ਹਨ।

ਗੁਰਦੀਪ ਦੱਸਦੇ ਹਨ ਕਿ 1000 ਬਰਡ ਦੇ ਇੱਕ ਲਾਟ ਵਿੱਚੋਂ 3 ਲੱਖ ਕਮਾਈ ਹੁੰਦੀ ਹੈ।

ਉਹ ਕਹਿੰਦੇ ਹਨ ਕਿ ਉਹ ਦੇਸੀ ਮੁਰਗ਼ੀ ਦਾ ਆਂਡਾ 15 ਰੁਪਏ ਤੱਕ ਵੇਚਦੇ ਹਨ ਅਤੇ ਮੁਰਗ਼ਾ ਸੱਤ ਸੌ ਤੋਂ ਲੈ ਕੇ ਇੱਕ ਹਜ਼ਾਰ ਰੁਪਏ ਤੱਕ ਵੇਚ ਦਿੰਦੇ ਹਨ।

ਆਂਡੇ ਲੈਣ ਤੋਂ ਬਾਅਦ ਮੁਰਗ਼ੀ ਨੂੰ 400 ਰੁਪਏ ਤੋਂ ਉੱਪਰ ਵੇਚਦਾ ਹੈ। ਇਸ ਤੋਂ ਇਲਾਵਾ ਪਿੰਡਾਂ ਵਿੱਚ ਚੂਚਿਆਂ ਨੂੰ ਵੇਚਣ ਵਾਲਿਆਂ ਨੂੰ ਉਹ ਮਹੀਨੇ ਦਾ ਚੂਚਾ 50-60 ਰੁਪਏ ਵਿੱਚ ਵੇਚਦੇ ਹਨ।

ਇੱਕ ਬਰਡ ਦੀ ਸਿਰਫ 150 ਰੁਪਏ ਲਾਗਤ

ਗੁਰਦੀਪ ਸਿੰਘ ਆਪਣੇ ਫਾਰਮ ਵਿੱਚ ਦੇਸੀ ਮੁਰਗ਼ੀਆਂ ਵਿੱਚ ਆਂਡੇ ਦੇਣ ਵਾਲੀ ਖ਼ਾਸ ਕਿਸਮ ਆਰਆਈਆਰ ਬਰੀਡ ਪਾਲਦੇ ਹਨ। ਇਹ ਉਹ ਕਰਨਾਲ ਦੀ ਇੱਕ ਹੈਚਰੀ ਤੋਂ ਖਰੀਦਦੇ ਹਨ।

ਉਹ ਇੱਕ ਦਿਨ ਦਾ ਚੂਚਾ 35 ਰੁਪਏ ਵਿੱਚ ਖਰੀਦਕੇ ਆਪਣੇ ਫਾਰਮ ਵਿੱਚ ਲਿਆਉਂਦੇ ਹਨ। ਇਸ ਵਿੱਚ ਮੁਰਗ਼ੇ ਤੇ ਮੁਰਗ਼ੀ ਦੋਵੇਂ ਹੀ ਹੁੰਦੇ ਹਨ। ਇਨ੍ਹਾਂ ਨੂੰ ਉਹ ਆਪਣੇ ਪੋਲਟਰੀ ਫਾਰਮ ਵਿਖੇ ਛੇ ਮਹੀਨੇ ਪਾਲਦੇ ਹਨ।

ਉਹ ਦੱਸਦੇ ਹਨ ਕਿ ਦੇਸੀ ਕਿਸਮ ਦੇ ਮੁਰਗੇ-ਮੁਰਗੀਆਂ ਬ੍ਰਾਇਲਰ ਦੇ ਮੁਕਾਬਲੇ ਵਾਤਾਵਰਣ ਨੂੰ ਆਸਾਨੀ ਨਾਲ ਝੱਲ ਸਕਦੇ ਹਨ ਅਤੇ ਇਨ੍ਹਾਂ ਨੂੰ ਬਿਮਾਰੀ ਵੀ ਬਹੁਤ ਹੀ ਘੱਟ ਹੁੰਦੀ ਹੈ ਅਤੇ ਖੁੱਲ੍ਹੇ ਅਸਮਾਨ ਵਿੱਚ ਪਲ ਜਾਂਦੇ ਹਨ।

ਗੁਰਦੀਪ ਸਿੰਘ ਆਪਣੇ ਪੌਲਟਰੀ ਫਾਰਮ ਵਿੱਚ ਬਜ਼ਾਰੋਂ ਲਿਆਂਦੀ ਫੀਡ ਨਹੀਂ ਵਰਤਦੇ। ਉਹ ਮੱਕੀ, ਜੌਂ, ਬਾਜਰਾ ਰਲਾ ਕੇ ਇਹ ਫੀਡ ਤਿਆਰ ਕਰਦੇ ਹਨ ਜਿਸ ਵਿੱਚ ਉਹ ਸਬਜ਼ੀਆਂ ਵੀ ਵਰਤਦੇ ਹਨ।

ਇਸ ਦੇ ਨਾਲ ਹੀ ਉਹ ਹੋਟਲਾਂ-ਢਾਬਿਆਂ ਵਾਲਾ ਬਚਿਆ ਖੁਚਿਆ ਖਾਣਾ ਵੀ ਪਾਉਂਦੇ ਹਨ।

ਉਹ ਪੰਛੀਆਂ ਨੂੰ ਕੈਦ ਨਹੀਂ ਕਰਦੇ ਬਲਕਿ ਪੂਰਾ ਖੱਲ੍ਹੇ ਆਸਮਾਨ ਵਾਲਾ ਮਾਹੌਲ ਦਿੰਦੇ ਹਨ। ਉਹ ਬਿਨਾਂ ਕਿਸੇ ਘੁਟਣ ਦੇ ਮਾਹੌਲ ਤੋਂ ਆਸਮਾਨ ਹੇਠ ਹੀ ਚੋਗ਼ਾ ਚੁਗਦੀਆਂ ਹਨ।

ਉਹ ਦੱਸਦੇ ਹਨ ਕਿ ਲੇਬਰ ਅਤੇ ਬਿਜਲੀ ਦਾ ਬਿੱਲ ਮਿਲਾ ਕੇ ਇੱਕ ਬਰਡ ਉੱਤੇ ਉਨ੍ਹਾਂ ਦੀ ਕੁਲ ਲਾਗਤ 150 ਰੁਪਏ ਆਉਂਦੀ ਹੈ।

ਬੇਰੁਜ਼ਗਾਰਾਂ ਅਤੇ ਕਿਸਾਨਾਂ ਲਈ ਲਾਹੇਵੰਦ ਕਿੱਤਾ

ਗੁਰਦੀਪ ਸਿੰਘ ਦੱਸਦੇ ਹਨ ਕਿ ਇਸ ਕਿੱਤੇ ਨੂੰ ਕੋਈ ਵੀ ਘਰ ਬੈਠੇ ਹੀ ਥੋੜੇ ਜਿਹੇ ਬਰਡ ਪਾਲ ਕੇ ਸ਼ੁਰੂ ਕਰ ਸਕਦਾ ਹੈ।

ਉਹ ਕਹਿੰਦੇ ਹਨ ਕਿ ਬੇਰੁਜ਼ਗਾਰਾਂ ਲਈ ਇਹ ਕਿੱਤਾ ਵਰਦਾਨ ਬਣ ਸਕਦਾ ਹੈ। ਉਹ ਘਰ ਬੈਠੇ ਹੀ ਵੀਹ-ਪੱਚੀ ਹਜ਼ਾਰ ਮਹੀਨੇ ਦਾ ਕਮਾ ਸਕਦੇ ਹਨ।

ਗੁਰਦੀਪ ਸਿੰਘ ਦੱਸਦੇ ਹਨ ਕਿ ਇਹ ਕਿੱਤਾ 50-100 ਬਰਡ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ, ਮੰਡੀ ਦੀ ਫ਼ਿਕਰ ਨਹੀਂ, ਬਲਕਿ ਜਿੰਨੀ ਮਿਹਨਤ ਕਰੋਗੇ, ਉੱਨੀ ਹੀ ਕਮਾਈ ਕਰੋਗੇ।

ਪਸ਼ੂ ਪਾਲਕ ਅਤੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਬੜੀ ਆਸਾਨੀ ਨਾਲ ਦੇਸੀ ਮੁਰਗ਼ੀ ਪਾਲ ਸਕਦੇ ਹਨ। ਉਨ੍ਹਾਂ ਨੂੰ ਮੁਨਾਫ਼ਾ ਵੀ ਜ਼ਿਆਦਾ ਹੋਵੇਗਾ।

ਮੁਰਗ਼ੀ ਦੀ ਖਾਦ ਮਿੱਟੀ ਦੀ ਉਪਜਾਊ ਸ਼ਕਤੀ ਲਈ ਫ਼ਾਇਦੇਮੰਦ ਹੈ। ਉਹ ਇਸ ਨੂੰ ਆਪਣੇ ਖੇਤ ਵਿੱਚ ਵਰਤ ਸਕਦੇ ਹਨ ਜਾਂ ਫੇਰ ਇਸ ਨੂੰ ਬਾਜ਼ਾਰ ਵਿੱਚ ਵੀ ਵੇਚ ਸਕਦੇ ਹਨ।

ਇਸ ਕਿੱਤੇ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਪਸ਼ੂ ਪਾਲਨ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਕਿੱਤੇ ਵਿੱਚ ਵਿਭਾਗ ਦਾ ਸਿਖਲਾਈ ਤੇ ਸਬਸਿਡੀ ਦਾ ਵੀ ਪ੍ਰੋਗਰਾਮ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)