ਟਰੰਪ ਵੱਲੋਂ ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਗਾਰਡ ਤੈਨਾਤ ਕਰਨ ਦਾ ਕੀ ਹੈ ਮਾਮਲਾ, ਜਾਣੋ ਕੀ ਹੈ ਇਹ ਫ਼ੋਰਸ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਵਾਸ਼ਿੰਗਟਨ ਡੀਸੀ ਸ਼ਹਿਰ ਵਿੱਚ ਫੌਜਾਂ ਤੈਨਾਤ ਕਰਨ ਅਤੇ ਇਸਦੀ ਪੁਲਿਸ ਫੋਰਸ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਤੋਂ ਇੱਕ ਦਿਨ ਬਾਅਦ ਯੂਐੱਸ ਨੈਸ਼ਨਲ ਗਾਰਡ ਦੇ ਜਵਾਨ ਵੀ ਸ਼ਹਿਰ ਦੀਆਂ ਸੜਕਾਂ 'ਤੇ ਦਿਖਾਈ ਦੇਣ ਲੱਗੇ ਹਨ। ਟਰੰਪ ਨੇ ਦਲੀਲ ਦਿੱਤੀ ਸੀ ਕਿ ਸ਼ਹਿਰ ਵਿੱਚ ਹਿੰਸਕ ਅਪਰਾਧ ਕਾਬੂ ਤੋਂ ਬਾਹਰ ਹੈ।

ਮੰਗਲਵਾਰ ਸ਼ਾਮ ਨੂੰ ਅਮਰੀਕੀ ਰਾਜਧਾਨੀ ਦੇ ਆਲੇ-ਦੁਆਲੇ ਸ਼ਹਿਰੀ ਕੇਂਦਰਾਂ ਅਤੇ ਸੈਰ-ਸਪਾਟਾ ਸਥਾਨਾਂ 'ਤੇ ਬਖ਼ਤਰਬੰਦ ਵਾਹਨ ਦੇਖੇ ਗਏ ਸਨ।

ਅਧਿਕਾਰੀਆਂ ਮੁਤਾਬਕ 800 ਨੈਸ਼ਨਲ ਗਾਰਡ ਫੌਜੀਆਂ ਦੇ ਨਾਲ-ਨਾਲ 500 ਸੰਘੀ ਕਾਨੂੰਨ ਲਾਗੂ ਕਰਨ ਵਾਲੇ ਏਜੰਟ ਤੈਨਾਤ ਕੀਤੇ ਜਾਣ ਦੀ ਉਮੀਦ ਹੈ।

ਅਲੋਚਣਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ

ਵਾਸ਼ਿੰਗਟਨ ਡੀਸੀ ਦੀ ਮੇਅਰ ਮੂਰੀਅਲ ਬਾਊਸਰ ਜੋ ਕਿ ਡੈਮੋਕ੍ਰੇਟ ਪਾਰਟੀ ਨਾਲ ਸਬੰਧ ਰੱਖਦੇ ਹਨ ਨੇ ਆਪਣੇ ਸ਼ਹਿਰ ਵਿੱਚ ਅਪਰਾਧ ਕੰਟਰੋਲ ਤੋਂ ਬਾਹਰ ਹੋਣ ਤੋਂ ਇਨਕਾਰ ਕੀਤਾ ਹੈ ਅਤੇ ਫੌਜ ਦੀ ਤੈਨਾਤੀ ਨੂੰ 'ਤਾਨਾਸ਼ਾਹੀ ਧੱਕਾ' ਕਰਾਰ ਦਿੱਤਾ ਹੈ।

ਰਿਪਬਲਿਕਨ ਟਰੰਪ ਨੇ ਦੋ ਹੋਰ ਡੈਮੋਕ੍ਰੇਟਿਕ-ਨਿਯੰਤਰਿਤ ਸ਼ਹਿਰਾਂ ਨਿਊਯਾਰਕ ਅਤੇ ਸ਼ਿਕਾਗੋ ਵਿੱਚ ਵੀ ਇਸੇ ਤਰ੍ਹਾਂ ਪੁਲਿਸ ਦੀ ਤੈਨਾਤੀ ਦੀ ਧਮਕੀ ਦਿੱਤੀ ਹੈ।

ਸੋਮਵਾਰ ਨੂੰ ਟਰੰਪ ਦੇ ਐਲਾਨ ਤੋਂ ਬਾਅਦ ਹੀ ਇਹ ਕਾਰਵਾਈ ਸ਼ੁਰੂ ਹੋ ਗਈ ਸੀ। ਅਤੇ ਸਿਵਿਲ ਕੱਪੜੇ ਪਹਿਨੀ ਫੌਜੀਆਂ ਨੂੰ ਕਈ ਸਰਕਾਰੀ ਇਮਾਰਤਾਂ ਦੇ ਬਾਹਰ ਬੈਰੀਕੇਡ ਲਗਾਉਂਦੇ ਅਤੇ ਸੈਲਾਨੀਆਂ ਨਾਲ ਫੋਟੋਆਂ ਖਿਚਵਾਉਂਦੇ ਦੇਖਿਆ ਗਿਆ ਹੈ।

ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਮੁਤਾਬਕ ਸੋਮਵਾਰ ਰਾਤ ਨੂੰ ਸੰਘੀ ਏਜੰਟਾਂ ਨੇ 23 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

"ਏਜੰਟ ਸਥਾਨਕ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਸਹਾਇਤਾ ਕਰ ਰਹੇ ਹਨ। ਗ੍ਰਿਫ਼ਤਾਰੀਆਂ ਕਤਲ, ਬੰਦੂਕ ਨਾਲ ਜੁੜੇ ਅਪਰਾਧ, ਨਸ਼ੀਲੇ ਪਦਾਰਥਾਂ ਦਾ ਕਾਰੋਬਾਰ, ਅਸ਼ਲੀਲ ਹਰਕਤਾਂ, ਪਿੱਛਾ ਕਰਨਾ, ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਹੋਰ ਅਪਰਾਧਾਂ ਤਹਿਤ ਕੀਤੀਆਂ ਗਈਆਂ ਹਨ।"

ਲੀਵਿਟ ਨੇ ਕਿਹਾ, "ਇਹ ਤਾਂ ਸਿਰਫ਼ ਸ਼ੁਰੂਆਤ ਹੈ।"

"ਟਰੰਪ ਪ੍ਰਸ਼ਾਸਨ ਜ਼ਿਲ੍ਹੇ ਦੇ ਹਰ ਹਿੰਸਕ ਅਪਰਾਧੀ ਦਾ ਲਗਾਤਾਰ ਪਿੱਛਾ ਕਰ ਰਿਹਾ ਹੈ ਅਤੇ ਅਗਲੇ ਮਹੀਨੇ ਤੱਕ ਹਰ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਜੋ ਕਾਨੂੰਨ ਤੋੜਦਾ ਹੈ, ਜਨਤਕ ਸੁਰੱਖਿਆ ਨੂੰ ਕਮਜ਼ੋਰ ਕਰਦਾ ਹੈ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਅਮਰੀਕੀਆਂ ਨੂੰ ਖਤਰੇ ਵਿੱਚ ਪਾਉਂਦਾ ਹੈ।"

ਐੱਫ਼ਬੀਆਈ ਦੇ ਡਾਇਰੈਕਟਰ ਕਸ਼ ਪਟੇਲ ਨੇ ਕਿਹਾ ਕਿ ਐੱਫ਼ਬੀਆਈ ਏਜੰਟ ਇਨ੍ਹਾਂ ਵਿੱਚੋਂ ਅੱਧੀਆਂ ਗ੍ਰਿਫ਼ਤਾਰੀਆਂ ਵਿੱਚ ਸ਼ਾਮਲ ਸਨ।

ਵਾਸ਼ਿੰਗਟਨ ਡੀਸੀ ਦੇ ਹਾਲਾਤ ਬਾਰੇ ਦਾਅਵੇ

ਮੈਟਰੋਪੋਲੀਟਨ ਪੁਲਿਸ ਵਿਭਾਗ ਦੀ ਮੁਖੀ ਪਾਮੇਲਾ ਸਮਿਥ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਸਾਨੂੰ ਆਪਣੀਆਂ ਸੜਕਾਂ ਤੋਂ ਗ਼ੈਰ-ਕਾਨੂੰਨੀ ਬੰਦੂਕਾਂ ਹਟਾਉਣੀਆਂ ਪੈਣਗੀਆਂ ਅਤੇ ਅਸੀਂ ਜਾਣਦੇ ਹਾਂ ਕਿ ਇਹ ਸਾਡੇ ਸ਼ਹਿਰ ਨੂੰ ਹੋਰ ਵੀ ਬਿਹਤਰ ਬਣਾਉਣ ਜਾ ਰਿਹਾ ਹੈ।"

ਪਰ ਮੰਗਲਵਾਰ ਰਾਤ ਨੂੰ ਇੱਕ ਟਾਊਨ ਹਾਲ ਵਿੱਚ ਮੇਅਰ ਨੇ ਟਰੰਪ ਦੀ ਆਪਣੀ ਆਲੋਚਨਾ ਨੂੰ ਹੋਰ ਤਿੱਖਾ ਕੀਤਾ।

ਨਿਊਯਾਰਕ ਟਾਈਮਜ਼ ਦੇ ਮੁਤਾਬਕ ਬਾਊਸਰ ਨੇ ਭਾਈਚਾਰੇ ਦੇ ਮੈਂਬਰਾਂ ਨੂੰ ਕਿਹਾ, "ਸਾਡੇ ਸ਼ਹਿਰ ਦੀ ਰੱਖਿਆ ਕਰਨ, ਸਾਡੀ ਖੁਦਮੁਖਤਿਆਰੀ ਦੀ ਰੱਖਿਆ ਕਰਨ, ਸਾਡੇ ਘਰੇਲੂ ਸੂਬੇ ਦੀ ਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਅਸੀਂ ਇੱਕ ਡੈਮੋਕ੍ਰੇਟਿਕ ਹਾਊਸ ਚੁਣੀਏ ਤਾਂ ਜੋ ਸਾਨੂੰ ਇਸ ਤਾਨਾਸ਼ਾਹੀ ਧੱਕੇ ਦਾ ਸਾਹਮਣਾ ਨਾ ਕਰਨਾ ਪਵੇ।"

ਜ਼ਿਕਰਯੋਗ ਹੈ ਕਿ ਸ਼ੁਰੂਆਤ ਵਿੱਚ ਪੁਲਿਸ ਇੱਕ ਹਥਿਆਰਬੰਦ ਹਮਲਾਵਰ ਦੀ ਭਾਲ ਸ਼ੁਰੂ ਕੀਤੀ ਸੀ ਜਿਸਨੇ ਸੋਮਵਾਰ ਰਾਤ ਨੂੰ ਲੋਗਨ ਸਰਕਲ ਵਿੱਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ। ਲੋਗਨ ਸਰਕਲ ਵਾਸ਼ਿੰਗਟਨ ਡੀਸੀ ਦੇ ਸਭ ਤੋਂ ਆਧੁਨਿਕ ਇਲਾਕਿਆਂ ਵਿੱਚੋਂ ਇੱਕ ਹੈ ਅਤੇ ਵ੍ਹਾਈਟ ਹਾਊਸ ਤੋਂ ਮਹਿਜ਼ ਇੱਕ ਮੀਲ ਦੀ ਦੂਰੀ 'ਤੇ ਹੈ।

ਸਥਾਨਕ ਮੀਡੀਆ ਮੁਤਾਬਕ ਇਹ ਇਸ ਸਾਲ ਵਾਸ਼ਿੰਗਟਨ ਡੀਸੀ ਵਿੱਚ ਦਰਜ ਕੀਤਾ ਗਿਆ 100ਵਾਂ ਕਤਲ ਸੀ।

ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਨੂੰ ਆਖਰੀ ਵਾਰ ਕਾਲੀ ਕਮੀਜ਼ ਪਹਿਨੀ ਦੇਖਿਆ ਗਿਆ ਸੀ ਅਤੇ ਉਸ ਸਮੇਂ ਉਸ ਦੇ ਹੱਥਾਂ ਵਿੱਚ ਇੱਕ ਰਾਈਫ਼ਲ ਸੀ।

ਗੋਲੀਬਾਰੀ ਕਾਰਨ ਅਮਰੀਕੀ ਸੀਕਰੇਟ ਸਰਵਿਸ ਨੂੰ ਸਾਵਧਾਨੀ ਵਜੋਂ ਰਾਸ਼ਟਰਪਤੀ ਦੇ ਘਰ ਦੇ ਬਾਹਰ ਸੁਰੱਖਿਆ ਵਧਾਉਣ ਲਈ ਤੈਨਾਤ ਕੀਤਾ ਗਿਆ।

ਵਾਸ਼ਿੰਗਟਨ ਡੀਸੀ ਦੀ ਮੈਟਰੋਪੋਲੀਟਨ ਪੁਲਿਸ ਵੱਲੋਂ ਪ੍ਰਕਾਸ਼ਿਤ ਅਪਰਾਧ ਦੇ ਅੰਕੜਿਆਂ ਮੁਤਾਬਕ, 2023 ਵਿੱਚ ਹਿੰਸਕ ਅਪਰਾਧ ਸਿਖਰ 'ਤੇ ਸਨ ਅਤੇ ਪਿਛਲੇ ਸਾਲ ਇਹ 35 ਫ਼ੀਸਦ ਘੱਟ ਕੇ ਤਿੰਨ ਦਹਾਕਿਆਂ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਏ।

ਪਰ ਡੀਸੀ ਪੁਲਿਸ ਯੂਨੀਅਨ ਦੇ ਚੇਅਰਮੈਨ ਗ੍ਰੇਗ ਪੇਂਬਰਟਨ ਨੇ ਇਨ੍ਹਾਂ ਅੰਕੜਿਆਂ ਦਾ ਖੰਡਨ ਕੀਤਾ ਹੈ।

ਉਨ੍ਹਾਂ ਨੇ ਸ਼ਹਿਰ ਦੇ ਪੁਲਿਸ ਵਿਭਾਗ 'ਤੇ 'ਜਾਣਬੁੱਝ ਕੇ ਅਪਰਾਧ ਦੇ ਅੰਕੜਿਆਂ ਨੂੰ ਗਲਤ ਪੇਸ਼ ਕਰਨ, ਅਪਰਾਧ ਘਟਣ ਦਾ ਝੂਠਾ ਬਿਰਤਾਂਤ ਬਣਾਉਣ' ਦਾ ਇਲਜ਼ਾਮ ਲਗਾਇਆ ਸੀ।

ਐੱਫਬੀਆਈ ਦੇ ਅੰਕੜਿਆਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਪਿਛਲੇ ਸਾਲ ਵਾਸ਼ਿੰਗਟਨ ਡੀਸੀ ਵਿੱਚ ਅਪਰਾਧ ਵਿੱਚ 9 ਫ਼ੀਸਦ ਦੀ ਮਾਮੂਲੀ ਗਿਰਾਵਟ ਆਈ ਹੈ।

ਅਧਿਐਨ ਦਰਸਾਉਂਦੇ ਹਨ ਕਿ ਰਾਜਧਾਨੀ ਦੀ ਕਤਲ ਦਰ ਦੂਜੇ ਵੱਡੇ ਅਮਰੀਕੀ ਸ਼ਹਿਰਾਂ ਦੇ ਮੁਕਾਬਲੇ ਔਸਤ ਨਾਲੋਂ ਵੱਧ ਹੈ।

ਨੈਸ਼ਨਲ ਗਾਰਡ ਕੀ ਹੈ?

ਇਸੇ ਸਾਲ ਜੂਨ ਮਹੀਨੇ ਟਰੰਪ ਨੇ ਲਾਸ ਏਂਜਲਸ ਖੇਤਰ ਵਿੱਚ 2,100 ਨੈਸ਼ਨਲ ਗਾਰਡ ਮੈਂਬਰਾਂ ਨੂੰ ਤੈਨਾਤ ਕੀਤਾ, ਜਿਸ ਨਾਲ ਰਾਜ ਦੇ ਸਿਆਸਤਦਾਨਾਂ ਦਰਮਿਆਨ ਇੱਕ ਸਿਆਸੀ ਵਿਵਾਦ ਸ਼ੁਰੂ ਹੋ ਗਿਆ ਸੀ।

ਉਨ੍ਹਾਂ ਨੇ ਪੱਛਮੀ ਤੱਟ ਵਾਲੇ ਸ਼ਹਿਰ ਵਿੱਚ 2,000 ਹੋਰ ਨੈਸ਼ਨਲ ਗਾਰਡ ਮੈਂਬਰਾਂ ਨੂੰ ਭੇਜਣ ਦਾ ਹੁਕਮ ਦਿੱਤਾ ਸੀ।

ਅਸਲ ਵਿੱਚ ਅਮਰੀਕਾ ਵਿੱਚ ਨੈਸ਼ਨਲ ਗਾਰਡ ਇੱਕ ਹਾਈਬ੍ਰਿਡ ਇਕਾਈ ਵਜੋਂ ਕੰਮ ਕਰਦਾ ਹੈ ਜੋ ਰਾਜ ਅਤੇ ਸੰਘੀ ਹਿੱਤਾਂ ਦੋਵਾਂ ਲਈ ਕੰਮ ਕਰਦਾ ਹੈ। ਆਮ ਤੌਰ 'ਤੇ, ਇੱਕ ਰਾਜ ਦੀ ਫੋਰਸ ਗਵਰਨਰ ਦੀ ਬੇਨਤੀ 'ਤੇ ਸਰਗਰਮ ਹੁੰਦੀ ਹੈ।

ਟਰੰਪ ਨੇ ਜੂਨ ਵਿੱਚ ਇੱਕ ਬਹੁਤ ਹੀ ਘੱਟ ਵਰਤੇ ਜਾਣ ਵਾਲੇ ਸੰਘੀ ਕਾਨੂੰਨ ਦੀ ਵਰਤੋਂ ਕਰਕੇ ਉਸ ਕਦਮ ਨੂੰ ਟਾਲ ਦਿੱਤਾ, ਇਹ ਦਲੀਲ ਦਿੱਤੀ ਕਿ ਵਿਰੋਧ ਪ੍ਰਦਰਸ਼ਨ 'ਸੰਯੁਕਤ ਰਾਜ ਸਰਕਾਰ ਦੇ ਅਧਿਕਾਰ ਵਿਰੁੱਧ ਬਗ਼ਾਵਤ ਦਾ ਇੱਕ ਰੂਪ' ਸਨ।

ਜ਼ਿਕਰਯੋਗ ਹੈ ਕਿ 1965 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਨੈਸ਼ਨਲ ਗਾਰਡ ਨੂੰ ਰਾਜ ਦੇ ਗਵਰਨਰ ਦੀ ਬੇਨਤੀ ਤੋਂ ਬਿਨ੍ਹਾਂ ਸਰਗਰਮ ਕੀਤਾ ਗਿਆ ਹੋਵੇ।

ਇਸ ਕਦਮ ਦੀ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਅਤੇ ਐੱਲਏ ਮੇਅਰ ਕੈਰਨ ਬਾਸ ਨੇ ਨਿੰਦਾ ਕੀਤੀ ਹੈ। ਦੋਵਾਂ ਦਾ ਤਰਕ ਸੀ ਕਿ ਉਹ ਮੰਨਦੇ ਹਨ ਕਿ ਸਥਾਨਕ ਪੁਲਿਸ ਸਥਿਤੀ ਨੂੰ ਸੰਭਾਲ ਸਕਦੀ ਹੈ।

ਨਿਊਸਮ ਨੇ ਟਰੰਪ 'ਤੇ ਇੱਕ 'ਗ਼ੈਰ-ਕਾਨੂੰਨੀ' ਕੰਮ ਦਾ ਇਲਜ਼ਾਮ ਲਗਾਇਆ ਜੋ 'ਇਸ ਅੱਗ 'ਤੇ ਤੇਲ ਪਾਉਣਾ' ਸੀ ਅਤੇ ਫਿਰ ਟਰੰਪ ਪ੍ਰਸ਼ਾਸਨ 'ਤੇ ਮੁਕੱਦਮਾ ਵੀ ਦਾਇਰ ਕੀਤਾ ਗਿਆ।

ਇਸ ਦਾਇਰ ਕੀਤੇ ਗਏ ਆਪਣੇ ਮੁਕੱਦਮੇ ਵਿੱਚ, ਕੈਲੀਫ਼ੋਰਨੀਆ ਨੇ ਦਲੀਲ ਦਿੱਤੀ ਸੀ ਕਿ ਟਰੰਪ ਗਵਰਨਰ ਦੀ ਇੱਛਾ ਦੇ ਵਿਰੁੱਧ ਗਾਰਡ ਤੈਨਾਤ ਕਰਕੇ ਅਮਰੀਕੀ ਸੰਵਿਧਾਨ ਦੇ ਵਿਰੁੱਧ ਜਾ ਰਹੇ ਹਨ ਅਤੇ ਇਹ ਰਾਜਾਂ ਦੇ ਅਧਿਕਾਰਾਂ ਦੀ ਸੁਰੱਖਿਆ ਮਾਮਲਾ ਹੈ।

10ਵੀਂ ਸੋਧ ਕਹਿੰਦੀ ਹੈ ਕਿ ਸੰਵਿਧਾਨ ਵਿੱਚ ਸੰਘੀ ਸਰਕਾਰ ਨੂੰ ਸਪੱਸ਼ਟ ਤੌਰ 'ਤੇ ਨਾ ਦਿੱਤੀ ਗਈ ਕੋਈ ਵੀ ਸ਼ਕਤੀ ਸੂਬਿਆਂ ਦੇ ਅਖ਼ਤਿਆਰ ਵਿੱਚ ਹੁੰਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)