ਅਮਰੀਕਾ: ਐੱਲਏ ਵਿੱਚ ਵਿਰੋਧ ਪ੍ਰਦਰਸ਼ਨ ਹਿੰਸਕ ਹੋਣ ਦੇ ਕੀ ਕਾਰਨ ਹਨ, ਟਰੰਪ ਨੇ ਕਿਉਂ ਤੈਨਾਤ ਕੀਤੇ ਹਜ਼ਾਰਾਂ ਫੌਜੀ

    • ਲੇਖਕ, ਬ੍ਰੈਂਡਨ ਡ੍ਰੇਨਨ ਅਤੇ ਜੇਮਜ਼ ਫਿਟਜ਼ਗੇਰਾਲਡ
    • ਰੋਲ, ਬੀਬੀਸੀ ਨਿਊਜ਼

ਇਮੀਗ੍ਰੇਸ਼ਨ ਛਾਪਿਆਂ 'ਤੇ ਪ੍ਰਤੀਕਿਰਿਆ ਵੱਜੋਂ ਹੋਏ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਲਾਸ ਏਂਜਲਸ ਵਿੱਚ ਦਰਜਨਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ਹਿਰ ਵਿੱਚ 2,100 ਨੈਸ਼ਨਲ ਗਾਰਡ ਫ਼ੌਜੀਆਂ ਨੂੰ ਤੈਨਾਤ ਕੀਤਾ ਸੀ, ਜਿਸ ਨਾਲ ਡੈਮੋਕ੍ਰੇਟਸ ਦਾ ਗੁੱਸਾ ਭੜਕ ਗਿਆ।

ਫਿਰ 9 ਜੂਨ ਨੂੰ ਉਨ੍ਹਾਂ ਨੇ ਸ਼ਹਿਰ ਵਿੱਚ 2,000 ਹੋਰ ਫ਼ੌਜੀਆਂ ਅਤੇ 700 ਮਰੀਨਜ਼ ਨੂੰ ਤੈਨਾਤ ਕਰਨ ਦਾ ਹੁਕਮ ਦਿੱਤਾ।

ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਵੱਡੀ ਲੈਟੀਨੋ ਆਬਾਦੀ ਵਾਲੇ ਇਲਾਕਿਆਂ ਵਿੱਚ ਅਣਅਧਿਕਾਰਤ ਪਰਵਾਸੀਆਂ ਦੇ ਵੱਡੇ ਸਮੂਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਲੋਕ ਵਿਰੋਧ ਪ੍ਰਧਰਸ਼ਨ ਲਈ ਇਕੱਠੇ ਹੋਣੇ ਸ਼ੁਰੂ ਹੋਏ ਸਨ।

ਹਾਲਾਂਕਿ, ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਸ਼ੁਰੂ ਹੋਏ ਸਨ, ਪਰ ਥੋੜ੍ਹੀ ਦੇਰ ਬਾਅਦ ਕੁਝ ਸਵੈ-ਚਾਲਿਤ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ 9 ਜੂਨ ਨੂੰ ਮੁਜ਼ਾਹਰਾਕਾਰੀਆਂ ਨੇ ਇੱਕ ਪ੍ਰਮੁੱਖ ਹਾਈਵੇਅ ਨੂੰ ਬੰਦ ਕਰ ਦਿੱਤਾ ਸੀ।

ਲੋਕ ਐੱਲਏ ਵਿੱਚ ਵਿਰੋਧ ਕਿਉਂ ਕਰ ਰਹੇ ਹਨ?

ਇਹ ਵਿਰੋਧ ਪ੍ਰਦਰਸ਼ਨ ਸ਼ੁੱਕਰਵਾਰ ਨੂੰ ਉਦੋਂ ਸ਼ੁਰੂ ਹੋਏ ਜਦੋਂ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈਸੀਈ) ਅਧਿਕਾਰੀ ਸ਼ਹਿਰ ਦੇ ਪ੍ਰਮੁੱਖ ਲੈਟੀਨੋ ਆਬਾਦੀ ਵਾਲੇ ਇਲਾਕਿਆਂ ਵਿੱਚ ਛਾਪੇ ਮਾਰ ਰਹੇ ਸਨ।

ਜ਼ਿਕਰਯੋਗ ਹੈ ਕਿ ਟਰੰਪ ਦੇ ਵ੍ਹਾਈਟ ਹਾਊਸ ਵਾਪਸ ਆਉਣ ਅਤੇ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ 'ਤੇ ਕਾਰਵਾਈ ਕਰਨ ਦੇ ਵਾਅਦੇ ਤੋਂ ਬਾਅਦ ਛਾਪੇਮਾਰੀ ਤੇਜ਼ ਹੋ ਗਈ ਹੈ।

ਬੀਬੀਸੀ ਦੇ ਅਮਰੀਕੀ ਭਾਈਵਾਲ, ਸੀਬੀਐੱਸ ਨਿਊਜ਼ ਨੇ ਰਿਪੋਰਟ ਦਿੱਤੀ ਕਿ ਹਾਲ ਹੀ ਵਿੱਚ ਕਾਰਵਾਈਆਂ ਵੈਸਟਲੇਕ ਜ਼ਿਲ੍ਹੇ ਦੇ ਨਾਲ-ਨਾਲ ਐੱਲਏ ਦੇ ਦੱਖਣ ਵਿੱਚ ਪੈਰਾਮਾਉਂਟ ਵਿੱਚ ਹੋਈਆਂ ਹਨ ਜਿੱਥੇ ਆਬਾਦੀ 82 ਫ਼ੀਸਦ ਤੋਂ ਵੱਧ ਹਿਸਪੈਨਿਕ ਹੈ।

ਹਿਸਪੈਨਿਕ ਉਹ ਲਾਤੀਨੀ ਅਮਰੀਕੀ ਹਨ ਜੋ ਕਿਊਬਾ, ਮੈਕਸੀਕੋ, ਪੋਰਟੋ ਜਾਂ ਰੀਕਨ ਮੂਲ ਦੇ ਹਨ ਅਤੇ ਅਮਰੀਕਾ ਵਿੱਚ ਰਹਿ ਰਹੇ ਹਨ।

ਪੈਰਾਮਾਉਂਟ ਵਿੱਚ ਇੱਕ ਹੋਮ ਡਿਪੂ ਦੁਕਾਨ 'ਤੇ ਆਈਸੀਈ ਦੀ ਛਾਪੇਮਾਰੀ ਦੀਆਂ ਰਿਪੋਰਟਾਂ ਵੀ ਸਨ, ਜਿਨ੍ਹਾਂ ਬਾਰੇ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਰਿਪੋਰਟਾਂ ਝੂਠੀਆਂ ਸਨ।

ਆਈਸੀਈ ਨੇ ਬਾਅਦ ਵਿੱਚ ਸੀਬੀਐੱਸ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਇੱਕ ਕੰਮਕਾਜੀ ਥਾਂ 'ਤੇ ਇੱਕ ਹੀ ਕਾਰਵਾਈ ਵਿੱਚ 44 ਅਣਅਧਿਕਾਰਤ ਪਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸੇ ਦਿਨ ਗ੍ਰੇਟਰ ਐੱਲਏ ਇਲਾਕੇ ਵਿੱਚ 77 ਹੋਰ ਲੋਕਾਂ ਦੀ ਗ੍ਰਿਫ਼ਤਾਰੀ ਵੀ ਕੀਤੀ ਗਈ।

ਐੱਲਏ ਵਿੱਚ ਵਿਰੋਧ ਪ੍ਰਦਰਸ਼ਨ ਕਿੱਥੇ ਹੋ ਰਹੇ ਹਨ ਅਤੇ ਕੀ ਹੋਇਆ ਹੈ?

ਇਹ ਵਿਰੋਧ ਪ੍ਰਦਰਸ਼ਨ ਮੁੱਖ ਤੌਰ 'ਤੇ ਡਾਊਨਟਾਊਨ ਐੱਲਏ ਤੱਕ ਸੀਮਤ ਰਹੇ , ਜਿਸਨੂੰ ਪੁਲਿਸ ਨੇ ਕਈ ਦਿਨਾਂ ਦੀਆਂ ਝੜਪਾਂ ਤੋਂ ਬਾਅਦ 'ਗੈਰ-ਕਾਨੂੰਨੀ ਇਕੱਠ' ਵਾਲਾ ਖੇਤਰ ਐਲਾਨ ਦਿੱਤਾ ਹੈ।

  • ਐਤਵਾਰ ਨੂੰ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਘੋੜਿਆਂ ਦੀ ਗਸ਼ਤ ਵਿਰੁੱਧ ਭੜਕਾਊ ਯੰਤਰਾਂ ਦੀ ਵਰਤੋਂ ਕਰਨ ਦਾ ਇਲਜ਼ਾਮ ਲਗਾਇਆ। ਇਸ ਦੌਰਾਨ, ਦੰਗਾ ਵਿਰੋਧੀ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਨੇ ਭੀੜ ਨੂੰ ਕਾਬੂ ਕਰਨ ਲਈ ਫਲੈਸ਼-ਬੈਂਗ ਗ੍ਰਨੇਡ ਅਤੇ ਮਿਰਚ ਸਪਰੇਅ ਦੀ ਵਰਤੋਂ ਕੀਤੀ। ਇਸ ਅਸ਼ਾਂਤੀ ਨੇ 101 ਫ੍ਰੀਵੇਅ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਅਤੇ ਕੁਝ ਲੁੱਟਮਾਰ ਦੀਆਂ ਰਿਪੋਰਟਾਂ ਵੀ ਆਈਆਂ।
  • ਡਾਊਨਟਾਊਨ ਫੈਡਰਲ ਬਿਲਡਿੰਗ ਉਦੋਂ ਚਰਚਾ ਦਾ ਵਿਸ਼ਾ ਬਣ ਗਈ ਜਦੋਂ ਇਹ ਸਾਹਮਣੇ ਆਇਆ ਕਿ ਆਈਸੀਈ ਵੱਲੋਂ ਨਜ਼ਰਬੰਦ ਕੀਤੇ ਗਏ ਲੋਕਾਂ ਨੂੰ ਕਥਿਤ ਤੌਰ 'ਤੇ ਉੱਥੇ ਰੱਖਿਆ ਜਾ ਰਿਹਾ ਹੈ। ਆਈਸੀਈ ਨੇ ਸ਼ਨੀਵਾਰ ਨੂੰ '1,000 ਤੋਂ ਵੱਧ ਦੰਗਾਕਾਰੀਆਂ' 'ਤੇ ਇਮਾਰਤ ਨੂੰ ਘੇਰਨ ਅਤੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ।
  • ਡਾਊਨਟਾਊਨ ਐੱਲਏ ਤੋਂ ਤਕਰੀਬਨ 20 ਮੀਲ (32 ਕਿਲੋਮੀਟਰ) ਦੱਖਣ ਵਿੱਚ, ਪੈਰਾਮਾਉਂਟ ਵਿੱਚ ਇੱਕ ਹੋਮ ਡਿਪੂ ਦੀ ਦੁਕਾਨ ਹੈ ਜੋ ਕਿ ਇੱਕ ਹੋਰ ਮੁੱਖ ਵਿਰੋਧ ਸਥਾਨ ਬਣ ਗਈ ਹੈ। ਸ਼ਨੀਵਾਰ ਨੂੰ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਵਿਰੁੱਧ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ ਅਤੇ ਫਲੈਸ਼-ਬੈਂਗ ਤੈਨਾਤ ਕੀਤੇ ਗਏ ਸਨ ਅਤੇ ਐਤਵਾਰ ਨੂੰ ਹਥਿਆਰਬੰਦ ਨੈਸ਼ਨਲ ਗਾਰਡ ਦੇ ਜਵਾਨ ਨੇੜਲੇ ਵਪਾਰਕ ਪਾਰਕ ਵਿੱਚ ਤੈਨਾਤ ਰਹੇ।
  • ਲਾਸ ਏਂਜਲਸ ਪੁਲਿਸ ਵਿਭਾਗ (ਐੱਲਏਪੀਡੀ) ਨੇ ਕਿਹਾ ਕਿ ਉਸਨੇ ਸ਼ਨੀਵਾਰ ਨੂੰ 29 ਗ੍ਰਿਫ਼ਤਾਰੀਆਂ ਕੀਤੀਆਂ। ਐਤਵਾਰ ਨੂੰ ਹੋਰ 27 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
  • ਸੈਨ ਫਰਾਂਸਿਸਕੋ ਦੀ ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਹੋਏ ਹੰਗਾਮੇ ਤੋਂ ਬਾਅਦ ਵੱਖ-ਵੱਖ ਥਾਵਾਂ ਤੋਂ ਤਕਰੀਬਨ 60 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਸ ਦੌਰਾਨ ਤਿੰਨ ਅਧਿਕਾਰੀ ਜ਼ਖਮੀ ਹੋ ਗਏ।
  • ਸੋਮਵਾਰ ਨੂੰ ਵੀ, ਵਿਰੋਧ ਪ੍ਰਦਰਸ਼ਨ ਜਾਰੀ ਰਹੇ ਅਤੇ ਪੁਲਿਸ ਨੇ ਲੋਕਾਂ ਨੂੰ ਖਿੰਡਾਉਣ ਲਈ ਸਟਨ ਗ੍ਰੇਨੇਡ ਦਾਗੇ। ਬਾਅਦ ਵਿੱਚ ਦਿਨ ਸ਼ਾਂਤ ਰਿਹਾ ਅਤੇ ਹਿੰਸਕ ਘਟਨਾਵਾਂ ਦੀ ਗਿਣਤੀ ਵੀ ਘਟੀਆਂ।

ਇੱਕ ਪਾਸੇ ਹਿੰਸਾ ਅਤੇ ਦੂਜੇ ਪਾਸੇ ਸ਼ਹਿਰ ਵਿੱਚ ਜ਼ਿੰਦਗੀ ਆਮ ਵਾਂਗ ਚੱਲ ਰਹੀ ਸੀ। ਹਫ਼ਤੇ ਦੇ ਅਖੀਰ ਵਿੱਚ ਹੋਣ ਵਾਲੀ ਐੱਲਏ ਪ੍ਰਾਈਮ ਪਰੇਡ ਲਈ ਕੁਝ ਇਲਾਕੇ ਬੰਦ ਕਰ ਦਿੱਤੇ ਗਏ ਸਨ।

ਨੈਸ਼ਨਲ ਗਾਰਡ ਕੀ ਹੈ ਅਤੇ ਟਰੰਪ ਨੇ ਇਸ ਨੂੰ ਕਿਉਂ ਤੈਨਾਤ ਕੀਤਾ?

ਸ਼ਨੀਵਾਰ ਨੂੰ, ਟਰੰਪ ਨੇ ਲਾਸ ਏਂਜਲਸ ਖੇਤਰ ਵਿੱਚ 2,100 ਨੈਸ਼ਨਲ ਗਾਰਡ ਮੈਂਬਰਾਂ ਨੂੰ ਤੈਨਾਤ ਕੀਤਾ, ਜਿਸ ਨਾਲ ਰਾਜ ਦੇ ਸਿਆਸਤਦਾਨਾਂ ਦਰਮਿਆਨ ਇੱਕ ਸਿਆਸੀ ਵਿਵਾਦ ਸ਼ੁਰੂ ਹੋ ਗਿਆ।

ਸੋਮਵਾਰ ਸ਼ਾਮ ਨੂੰ, ਉਨ੍ਹਾਂ ਨੇ ਪੱਛਮੀ ਤੱਟ ਵਾਲੇ ਸ਼ਹਿਰ ਵਿੱਚ 2,000 ਹੋਰ ਨੈਸ਼ਨਲ ਗਾਰਡ ਮੈਂਬਰਾਂ ਨੂੰ ਭੇਜਣ ਦਾ ਹੁਕਮ ਦਿੱਤਾ। ਪੈਂਟਾਗਨ ਨੇ ਵੀ ਯਤਨਾਂ ਵਿੱਚ ਸਹਾਇਤਾ ਲਈ 700 ਮਰੀਨ ਨੂੰ ਬੁਲਾਇਆ।

ਨੈਸ਼ਨਲ ਗਾਰਡ ਇੱਕ ਹਾਈਬ੍ਰਿਡ ਇਕਾਈ ਵਜੋਂ ਕੰਮ ਕਰਦਾ ਹੈ ਜੋ ਰਾਜ ਅਤੇ ਸੰਘੀ ਹਿੱਤਾਂ ਦੋਵਾਂ ਲਈ ਕੰਮ ਕਰਦਾ ਹੈ। ਆਮ ਤੌਰ 'ਤੇ, ਇੱਕ ਰਾਜ ਦੀ ਫੋਰਸ ਗਵਰਨਰ ਦੀ ਬੇਨਤੀ 'ਤੇ ਸਰਗਰਮ ਹੁੰਦੀ ਹੈ।

ਟਰੰਪ ਨੇ ਇੱਕ ਬਹੁਤ ਹੀ ਘੱਟ ਵਰਤੇ ਜਾਣ ਵਾਲੇ ਸੰਘੀ ਕਾਨੂੰਨ ਦੀ ਵਰਤੋਂ ਕਰਕੇ ਉਸ ਕਦਮ ਨੂੰ ਟਾਲ ਦਿੱਤਾ, ਇਹ ਦਲੀਲ ਦਿੱਤੀ ਕਿ ਵਿਰੋਧ ਪ੍ਰਦਰਸ਼ਨ 'ਸੰਯੁਕਤ ਰਾਜ ਸਰਕਾਰ ਦੇ ਅਧਿਕਾਰ ਵਿਰੁੱਧ ਬਗ਼ਾਵਤ ਦਾ ਇੱਕ ਰੂਪ' ਸਨ।

ਜ਼ਿਕਰਯੋਗ ਹੈ ਕਿ 1965 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਨੈਸ਼ਨਲ ਗਾਰਡ ਨੂੰ ਰਾਜ ਦੇ ਗਵਰਨਰ ਦੀ ਬੇਨਤੀ ਤੋਂ ਬਿਨ੍ਹਾਂ ਸਰਗਰਮ ਕੀਤਾ ਗਿਆ ਹੋਵੇ।

ਇਸ ਕਦਮ ਦੀ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਅਤੇ ਐੱਲਏ ਮੇਅਰ ਕੈਰਨ ਬਾਸ ਨੇ ਨਿੰਦਾ ਕੀਤੀ ਹੈ। ਦੋਵਾਂ ਦਾ ਤਰਕ ਸੀ ਕਿ ਉਹ ਮੰਨਦੇ ਹਨ ਕਿ ਸਥਾਨਕ ਪੁਲਿਸ ਸਥਿਤੀ ਨੂੰ ਸੰਭਾਲ ਸਕਦੀ ਹੈ।

ਨਿਊਸਮ ਨੇ ਟਰੰਪ 'ਤੇ ਇੱਕ 'ਗ਼ੈਰ-ਕਾਨੂੰਨੀ' ਕੰਮ ਦਾ ਇਲਜ਼ਾਮ ਲਗਾਇਆ ਜੋ 'ਇਸ ਅੱਗ 'ਤੇ ਤੇਲ ਪਾਉਣਾ' ਸੀ ਅਤੇ ਫਿਰ ਟਰੰਪ ਪ੍ਰਸ਼ਾਸਨ 'ਤੇ ਮੁਕੱਦਮਾ ਵੀ ਦਾਇਰ ਕੀਤਾ ਗਿਆ।

ਸੋਮਵਾਰ ਨੂੰ ਦਾਇਰ ਕੀਤੇ ਗਏ ਆਪਣੇ ਮੁਕੱਦਮੇ ਵਿੱਚ, ਕੈਲੀਫ਼ੋਰਨੀਆ ਨੇ ਦਲੀਲ ਦਿੱਤੀ ਕਿ ਟਰੰਪ ਗਵਰਨਰ ਦੀ ਇੱਛਾ ਦੇ ਵਿਰੁੱਧ ਗਾਰਡ ਤੈਨਾਤ ਕਰਕੇ ਅਮਰੀਕੀ ਸੰਵਿਧਾਨ ਦੇ ਵਿਰੁੱਧ ਜਾ ਰਹੇ ਹਨ, ਅਤੇ ਇਹ ਰਾਜਾਂ ਦੇ ਅਧਿਕਾਰਾਂ ਦੀ ਸੁਰੱਖਿਆ ਮਾਮਲਾ ਹੈ।

10ਵੀਂ ਸੋਧ ਕਹਿੰਦੀ ਹੈ ਕਿ ਸੰਵਿਧਾਨ ਵਿੱਚ ਸੰਘੀ ਸਰਕਾਰ ਨੂੰ ਸਪੱਸ਼ਟ ਤੌਰ 'ਤੇ ਨਾ ਦਿੱਤੀ ਗਈ ਕੋਈ ਵੀ ਸ਼ਕਤੀ ਰਾਜਾਂ ਨੂੰ ਅਖ਼ਤਿਆਰ ਵਿੱਚ ਹੁੰਦੀ ਹੈ।

ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ ਨੇ ਇਸ ਤੈਨਾਤੀ ਨੂੰ 'ਜ਼ਮੀਨੀ ਹਾਲਾਤ ਵੱਲੋਂ ਅਸਮਰਥਿਤ ਇੱਕ ਭੜਕਾਊ ਵਾਧਾ' ਅਤੇ 'ਸੰਘੀ ਸਰਕਾਰ ਦੇ ਅਧਿਕਾਰ ਤੋਂ ਵੱਧ' ਕਰਾਰ ਦਿੱਤਾ ਹੈ।

ਰੋਸ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਪਹਿਲਾਂ, ਜੂਨ ਦੇ ਸ਼ੁਰੂ ਵਿੱਚ ਕਰਵਾਏ ਗਏ ਇੱਕ ਸੀਬੀਐੱਸ ਨਿਊਜ਼/ਯੂਗਵ ਪੋਲ ਵਿੱਚ ਸਾਹਮਣੇ ਆਇਆ ਕਿ 54 ਫ਼ੀਸਦ ਅਮਰੀਕੀਆਂ ਨੇ ਕਿਹਾ ਕਿ ਉਹ ਟਰੰਪ ਦੀ ਦੇਸ਼ ਨਿਕਾਲੇ ਦੀ ਨੀਤੀ ਨੂੰ ਮਨਜ਼ੂਰੀ ਦਿੰਦੇ ਹਨ ਅਤੇ 50 ਫ਼ੀਸਦ ਨੇ ਇਸ ਗੱਲ ਨੂੰ ਮਨਜ਼ੂਰੀ ਦਿੱਤੀ ਕਿ ਉਹ ਇਮੀਗ੍ਰੇਸ਼ਨ ਨੂੰ ਕਿਵੇਂ ਸੰਭਾਲ ਰਹੇ ਹਨ।

ਇਹ 42 ਫ਼ੀਸਦ ਲੋਕਾਂ ਦੀ ਘੱਟ ਗਿਣਤੀ ਦੇ ਮੁਕਾਬਲੇ ਹੈ ਜਿਨ੍ਹਾਂ ਨੇ ਉਨ੍ਹਾਂ ਦੀ ਆਰਥਿਕ ਨੀਤੀ ਨੂੰ ਪ੍ਰਵਾਨਗੀ ਦਿੱਤੀ ਅਤੇ 39 ਫ਼ੀਸਦ ਲੋਕਾਂ ਨੇ ਮਹਿੰਗਾਈ ਨਾਲ ਨਜਿੱਠਣ ਦੀ ਉਨ੍ਹਾਂ ਦੀ ਨੀਤੀ ਨੂੰ ਪ੍ਰਵਾਨਗੀ ਦਿੱਤੀ।

ਹੋਰ ਕਿਹੜੀਆਂ ਏਜੰਸੀਆਂ ਸ਼ਾਮਲ ਹਨ?

ਨੈਸ਼ਨਲ ਗਾਰਡ ਦੀ ਭੂਮਿਕਾ ਸੰਘੀ ਏਜੰਟਾਂ, ਜਿਨ੍ਹਾਂ ਵਿੱਚ ਆਈਸੀਈ ਅਤੇ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ (ਡੀਐੱਚਐੱਸ) ਦੇ ਕਰਮਚਾਰੀ ਸ਼ਾਮਲ ਹਨ, ਦੀ ਰੱਖਿਆ ਕਰਨਾ ਹੈ, ਕਿਉਂਕਿ ਉਹ ਆਪਣੇ ਫਰਜ਼ ਨਿਭਾਉਂਦੇ ਹਨ।

ਫੌਜਾਂ ਆਪਣੇ ਇਮੀਗ੍ਰੇਸ਼ਨ ਛਾਪੇ ਨਹੀਂ ਮਾਰਨਗੀਆਂ ਅਤੇ ਨਾ ਹੀ ਨਿਯਮਤ ਪੁਲਿਸਿੰਗ ਕਰਨਗੀਆਂ, ਜੋ ਕਿ (ਐੱਲਏਪੀਡੀ) ਦੀ ਭੂਮਿਕਾ ਬਣੀ ਹੋਈ ਹੈ।

ਇਹ ਕਾਨੂੰਨ ਆਮ ਤੌਰ 'ਤੇ ਕੁਝ ਅਪਵਾਦਾਂ ਜਿਵੇਂ ਕਿ ਵਿਦਰੋਹ ਐਕਟ ਨੂੰ ਛੱਡ ਕੇ, ਨਾਗਰਿਕ ਕਾਨੂੰਨ ਲਾਗੂ ਕਰਨ ਲਈ ਸੰਘੀ ਫ਼ੌਜਾਂ ਦੀ ਘਰੇਲੂ ਵਰਤੋਂ 'ਤੇ ਪਾਬੰਦੀ ਲਗਾਉਂਦਾ ਹੈ।

ਹਾਲਾਂਕਿ ਟਰੰਪ ਨੇ ਪਹਿਲਾਂ ਵੀ ਇਸ ਕਾਨੂੰਨ ਨੂੰ ਲਾਗੂ ਕਰਨ ਦੀ ਧਮਕੀ ਦਿੱਤੀ ਹੈ, ਉਦਾਹਰਣ ਵਜੋਂ, 2020 ਦੇ ਬਲੈਕ ਲਾਈਵਜ਼ ਮੈਟਰ ਵਿਰੋਧ ਪ੍ਰਦਰਸ਼ਨਾਂ ਦੌਰਾਨ, ਉਸ ਨੇ ਇੱਥੇ ਅਜਿਹਾ ਨਹੀਂ ਕੀਤਾ।

ਟਰੰਪ ਦੇ ਸਹਿਯੋਗੀਆਂ ਨੇ ਨੈਸ਼ਨਲ ਗਾਰਡ ਨੂੰ ਲਾਮਬੰਦ ਕਰਨ ਦੇ ਉਨ੍ਹਾਂ ਦੇ ਫ਼ੈਸਲੇ ਦਾ ਸਮਰਥਨ ਕੀਤਾ ਹੈ। ਰੱਖਿਆ ਸਕੱਤਰ ਪੀਟ ਹੇਗਸੇਥ ਨੇ ਇਹ ਵੀ ਕਿਹਾ ਕਿ ਲੋੜ ਪੈਣ 'ਤੇ ਨੇੜਲੇ ਕੈਂਪ ਪੈਂਡਲਟਨ ਵਿਖੇ ਤੈਨਾਤ ਸਰਗਰਮ-ਡਿਊਟੀ ਅਮਰੀਕੀ ਮਰੀਨ ਭੇਜੇ ਜਾਣਗੇ ਅਤੇ ਉਹ 'ਹਾਈ ਅਲਰਟ' 'ਤੇ ਹਨ।

ਆਈਸੀਈ ਕਿਸ ਨੂੰ ਦੇਸ਼ ਨਿਕਾਲਾ ਦੇ ਰਿਹਾ ਹੈ?

ਹਾਲੀਆ ਛਾਪੇਮਾਰੀ ਰਾਸ਼ਟਰਪਤੀ ਦੇ ਅਮਰੀਕੀ ਇਤਿਹਾਸ ਵਿੱਚ "ਸਭ ਤੋਂ ਵੱਡੇ ਦੇਸ਼ ਨਿਕਾਲੇ ਦੀ ਕਾਰਵਾਈ" ਨੂੰ ਲਾਗੂ ਕਰਨ ਦੇ ਮਕਸਦ ਦਾ ਹਿੱਸਾ ਹੈ।

ਲਾਸ ਏਂਜਲਸ, ਜਿੱਥੇ ਆਬਾਦੀ ਦਾ ਇੱਕ ਤਿਹਾਈ ਤੋਂ ਵੱਧ ਹਿੱਸਾ ਅਮਰੀਕਾ ਤੋਂ ਬਾਹਰ ਪੈਦਾ ਹੋਇਆ ਹੈ, ਕਾਰਵਾਈਆਂ ਦਾ ਇੱਕ ਮੁੱਖ ਨਿਸ਼ਾਨਾ ਰਿਹਾ ਹੈ।

ਮਈ ਦੇ ਸ਼ੁਰੂ ਵਿੱਚ, ਆਈਸੀਈ ਨੇ ਐਲਾਨ ਕੀਤਾ ਕਿ ਉਸ ਨੇ ਐੱਲਏ ਖੇਤਰ ਵਿੱਚ ਇੱਕ ਹਫ਼ਤੇ ਚੱਲੇ ਆਪ੍ਰੇਸ਼ਨ ਦੌਰਾਨ 239 ਗ਼ੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਕਿਉਂਕਿ ਸਮੁੱਚੀਆਂ ਗ੍ਰਿਫ਼ਤਾਰੀਆਂ ਅਤੇ ਦੇਸ਼ ਨਿਕਾਲੇ ਟਰੰਪ ਦੀਆਂ ਆਸਾਂ ਤੋਂ ਘੱਟ ਸਨ।

ਅਗਲੇ ਮਹੀਨੇ, ਵ੍ਹਾਈਟ ਹਾਊਸ ਨੇ ਆਈਸੀਈ ਅਧਿਕਾਰੀਆਂ ਲਈ ਪ੍ਰਤੀ ਦਿਨ ਘੱਟੋ-ਘੱਟ 3,000 ਗ੍ਰਿਫ਼ਤਾਰੀਆਂ ਕਰਨ ਦਾ ਆਪਣਾ ਟੀਚਾ ਵਧਾ ਦਿੱਤਾ।

ਅਧਿਕਾਰੀਆਂ ਨੇ ਆਪਣੀ ਖੋਜ ਦਾ ਵਿਸਥਾਰ ਕਰਕੇ ਰੈਸਟੋਰੈਂਟਾਂ ਅਤੇ ਪ੍ਰਚੂਨ ਦੁਕਾਨਾਂ ਵਰਗੀਆਂ ਕੰਮਕਾਜੀ ਥਾਵਾਂ ਨੂੰ ਵੀ ਆਪਣੀ ਛਾਪੇਮਾਰੀ ਵਿੱਚ ਸ਼ਾਮਲ ਕੀਤਾ ਹੈ।

ਇਸ ਮਹੱਤਵਾਕਾਂਖੀ ਦੇਸ਼ ਨਿਕਾਲੇ ਦੀ ਮੁਹਿੰਮ ਵਿੱਚ ਪਰਵਾਸੀਆਂ ਨੂੰ ਅਲ ਸਲਵਾਡੋਰ ਦੀ ਇੱਕ ਵੱਡੀ ਜੇਲ੍ਹ ਵਿੱਚ ਭੇਜਣਾ ਸ਼ਾਮਲ ਹੈ, ਜਿਸ ਵਿੱਚ ਘੱਟੋ-ਘੱਟ ਇੱਕ ਅਜਿਹਾ ਵਿਅਕਤੀ ਵੀ ਸ਼ਾਮਲ ਹੈ ਜੋ ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਸੀ।

ਟਰੰਪ ਦੀਆਂ ਬਹੁਤ ਸਾਰੀਆਂ ਕਾਰਵਾਈਆਂ ਨੂੰ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)