ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਈਲੋਨ ਮਸਕ ਵਿਚਕਾਰ ਕੀ ਰੇੜਕਾ ਪੈ ਗਿਆ, ਸੌਖੇ ਸ਼ਬਦਾਂ ਵਿੱਚ ਸਮਝੋ

    • ਲੇਖਕ, ਐਂਥਨੀ ਜ਼ੁਰਚਰ
    • ਰੋਲ, ਉੱਤਰੀ ਅਮਰੀਕਾ ਪੱਤਰਕਾਰ, ਵਾਸ਼ਿੰਗਟਨ ਡੀਸੀ ਤੋਂ

ਜਦੋਂ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਤੇ ਸਭ ਤੋਂ ਸ਼ਕਤੀਸ਼ਾਲੀ ਆਗੂਆਂ ਵਿੱਚੋਂ ਇੱਕ ਸਿਆਸਤਦਾਨ ਵਿਚਕਾਰ ਟਕਰਾਅ ਹੁੰਦਾ ਹੈ ਤਾਂ ਕੀ ਹੁੰਦਾ ਹੈ?

ਪਿਛਲੇ ਲੰਮੇ ਸਮੇਂ ਤੋਂ ਡੌਨਲਡ ਟਰੰਪ ਅਤੇ ਇਲੋਨ ਮਸਕ ਇਕੱਠੇ ਨਜ਼ਰ ਆ ਰਹੇ ਸਨ ਪਰ ਹਾਲ ਹੀ ਦੇ ਦਿਨਾਂ 'ਚ ਦੋਸਤੀ ਦੀ ਇਹ ਤਸਵੀਰ, ਦੁਸ਼ਮਣੀ ਦੀ ਤਸਵੀਰ ਦੀ 'ਚ ਬਦਲ ਗਈ ਹੈ।

ਹਾਲਾਤ ਇਹ ਹਨ ਕਿ ਦੋਵੇਂ ਹੁਣ ਖੁੱਲ੍ਹ ਕੇ ਜ਼ਬਾਨੀ ਜੰਗ ਦੇ ਮੈਦਾਨ 'ਚ ਉਤਰ ਆਏ ਹਨ ਅਤੇ ਹਮਲਿਆਂ ਤੇ ਧਮਕੀਆਂ ਦਾ ਇਹ ਸਿਲਸਿਲਾ ਜਾਰੀ ਹੈ।

ਟਰੰਪ ਨੇ ਇਲੋਨ ਮਸਕ ਦੀਆਂ ਕੰਪਨੀਆਂ, ਜਿਵੇਂ ਕਿ ਸਪੇਸਐਕਸ ਨੂੰ ਦਿੱਤੇ ਗਏ ਸਰਕਾਰੀ ਠੇਕੇ ਖਤਮ ਕਰਨ ਦੀ ਧਮਕੀ ਦਿੱਤੀ ਹੈ।

ਦੂਜੇ ਪਾਸਿਓਂ ਮਸਕ ਨੇ ਜਵਾਬ ਦਿੱਤਾ ਹੈ, "ਜੋ ਕਰਨਾ ਚਾਹੁੰਦੇ ਹੋ ਕਰੋ, ਮੈਨੂੰ ਕੋਈ ਫ਼ਰਕ ਨਹੀਂ ਪੈਂਦਾ!"

ਟਰੰਪ ਅਤੇ ਐਲੋਨ ਮਸਕ ਵਿਚਕਾਰ ਮਤਭੇਦ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਸਨ।

ਦੋਵਾਂ ਵਿਚਕਾਰ ਪਹਿਲਾਂ ਤਾਂ ਨੀਤੀਆਂ 'ਤੇ ਬਹਿਸ ਸ਼ੁਰੂ ਹੋਈ ਸੀ, ਪਰ ਜਲਦੀ ਹੀ ਦੋਵਾਂ ਨੇ ਇੱਕ-ਦੂਜੇ 'ਤੇ ਨਿੱਜੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ।

  • ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਅਰਬਪਤੀ ਵਪਾਰੀ ਇਲੋਨ ਮਸਕ ਵਿਚਕਾਰ ਤਣਾਅ ਬਹੁਤ ਵਧ ਗਿਆ ਹੈ ਅਤੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਆਗੂ ਅਤੇ ਸਭ ਤੋਂ ਅਮੀਰ ਆਦਮੀ ਵਿਚਕਾਰ ਬਰੋਮਾਂਸ ਖਤਮ ਹੋ ਗਿਆ ਹੈ।
  • ਇਹ ਤਣਾਅ ਇੱਕ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਜਾਰੀ ਹੈ ਅਤੇ ਮਸਕ ਟਰੰਪ ਦੇ ਦਸਤਖਤ ਕੀਤੇ ਕਾਨੂੰਨ ਜੋ ਕਿ ਇੱਕ ਖਰਚ ਬਿੱਲ ਹੈ ਉਸ ਦਾ ਵਿਰੋਧ ਕਰ ਰਿਹਾ ਹੈ ਤੇ ਉਸ ਦੇ ਖਿਲਾਫ਼ ਮਾਹੌਲ ਤਿਆਰ ਕਰ ਰਿਹਾ ਹੈ।
  • ਲੰਘੇ ਵੀਰਵਾਰ ਨੂੰ, ਓਵਲ ਦਫਤਰ ਵਿੱਚ ਜਰਮਨ ਆਗੂ ਨਾਲ ਮੁਲਾਕਾਤ ਦੌਰਾਨ ਟਰੰਪ ਨੇ ਮਸਕ ਨਾਲ ਆਪਣੀ ਨਿਰਾਸ਼ਾ ਬਾਰੇ ਸਪੱਸ਼ਟ ਤੌਰ 'ਤੇ ਗੱਲ ਕੀਤੀ।
  • ਜਵਾਬ ਵਿੱਚ, ਮਸਕ ਨੇ ਐਕਸ 'ਤੇ ਕਈ ਸ਼ਬਦੀ ਹਮਲੇ ਕੀਤੇ ਅਤੇ ਬਿਨਾਂ ਕਿਸੇ ਸਬੂਤ ਦੇ ਸੰਕੇਤ ਦਿੱਤੇ ਕਿ ਟਰੰਪ ਦਾ ਨਾਮ ਮਰਹੂਮ ਸੈਕਸ ਅਪਰਾਧੀ ਜੈਫਰੀ ਐਪਸਟਾਈਨ ਨਾਲ ਸਬੰਧਤ ਅਣ-ਪ੍ਰਕਾਸ਼ਿਤ ਫਾਈਲਾਂ ਵਿੱਚ ਸ਼ਾਮਲ ਹੈ।
  • ਟਰੰਪ ਨੇ ਵੀ ਕਈ ਵਾਰ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਮਸਕ "ਪਾਗਲ" ਹੋ ਗਏ ਸਨ ਅਤੇ ਉਨ੍ਹਾਂ ਨੂੰ ਪ੍ਰਸ਼ਾਸਨ ਛੱਡਣ ਲਈ ਕਿਹਾ ਗਿਆ ਸੀ। ਉਨ੍ਹਾਂ ਨੇ ਮਸਕ ਦੀਆਂ ਕੰਪਨੀਆਂ ਨਾਲ ਸਰਕਾਰੀ ਇਕਰਾਰਨਾਮੇ ਤੋੜਨ ਦੀ ਧਮਕੀ ਵੀ ਦਿੱਤੀ।
  • ਇਸ ਝਗੜੇ ਵਿਚਕਾਰ, ਟੇਸਲਾ ਦੇ ਸ਼ੇਅਰਾਂ ਵਿੱਚ 14 ਫੀਸਦੀ ਦੀ ਮਹੱਤਵਪੂਰਨ ਗਿਰਾਵਟ ਦਰਜ ਕੀਤੀ ਗਈ ਹੈ।
  • ਇਸ ਦੌਰਾਨ ਮਸਕ ਉਸ ਧਮਕੀ ਤੋਂ ਪਿੱਛੇ ਹਟ ਗਏ ਹਨ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਅਮਰੀਕੀ ਪੁਲਾੜ ਯਾਤਰੀਆਂ ਦੁਆਰਾ ਵਰਤੇ ਜਾਣ ਵਾਲੇ ਇੱਕ ਮਹੱਤਵਪੂਰਨ ਸਪੇਸਐਕਸ ਪੁਲਾੜ ਯਾਨ ਨੂੰ ਬੰਦ ਕਰਨ ਜਾ ਰਹੇ ਹਨ।
  • ਇਹ ਝਗੜਾ ਪਿਛਲੇ ਹਫ਼ਤੇ ਉਦੋਂ ਸ਼ੁਰੂ ਹੋਇਆ ਸੀ ਜਦੋਂ ਮਸਕ ਦੇ ਅਧਿਕਾਰਤ ਤੌਰ 'ਤੇ ਆਪਣਾ ਸਰਕਾਰੀ ਅਹੁਦਾ ਛੱਡਿਆ ਸੀ।

ਟਰੰਪ ਨੇ ਮਸਕ ਨੂੰ ਕੀ ਧਮਕੀ ਦਿੱਤੀ

ਸਰਕਰੀ ਠੇਕੇ ਖਤਮ ਕਰਨ ਦੀ ਗੱਲ ਕਰਦਿਆਂ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਵੈੱਬਸਾਈਟ 'ਤੇ ਧਮਕੀ ਭਰੇ ਢੰਗ ਨਾਲ ਪੋਸਟ ਕੀਤਾ, "ਸਾਡੇ ਬਜਟ ਵਿੱਚ ਪੈਸੇ ਬਚਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਮਸਕ ਦੀਆਂ ਸਰਕਾਰੀ ਸਬਸਿਡੀਆਂ ਅਤੇ ਇਕਰਾਰਨਾਮਿਆਂ ਨੂੰ ਖਤਮ ਕਰਨਾ, ਜਿਸ ਨਾਲ ਅਰਬਾਂ ਰੁਪਏ ਬਚਣਗੇ।''

ਜਿਸ ਤੋਂ ਬਾਅਦ, ਵੀਰਵਾਰ ਨੂੰ ਟੇਸਲਾ ਦੇ ਸਟਾਕ ਦੀ ਕੀਮਤ 14 ਫੀਸਦੀ ਡਿੱਗ ਗਈ।

ਟਰੰਪ ਅਤੇ ਮਸਕ ਦੀ ਜ਼ਬਾਨੀ ਝੜਪ ਤੋਂ ਬਾਅਦ, ਮਸਕ ਨੇ ਵੀ ਟਰੰਪ ਦੇ ਮਹਾਦੋਸ਼ ਦੀ ਮੰਗ ਕੀਤੀ ਅਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਮਸਕ ਦੀਆਂ ਕੰਪਨੀਆਂ ਲਈ ਫੰਡਿੰਗ ਵਿੱਚ ਕਟੌਤੀ ਕਰ ਕੇ ਦਿਖਾਉਣ।

ਨਾਲ ਹੀ ਮਸਕ ਨੇ ਕਿਹਾ ਕਿ ਉਹ ਆਪਣੇ ਡ੍ਰੈਗਨ ਪੁਲਾੜ ਯਾਨ ਨੂੰ ਬੰਦ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਰਹੇ ਹਨ। ਅਮਰੀਕਾ, ਅਮਰੀਕੀ ਪੁਲਾੜ ਯਾਤਰੀਆਂ ਅਤੇ ਸਪਲਾਈ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਲਿਜਾਣ ਲਈ ਉਨ੍ਹਾਂ ਦੇ ਇਸ ਯਾਨ 'ਤੇ ਨਿਰਭਰ ਕਰਦਾ ਹੈ।

ਮਸਕ ਕੋਲ ਟਰੰਪ ਨੂੰ ਜਵਾਬ ਦੇਣ ਲਈ ਲਗਭਗ ਅਸੀਮਤ ਸਰੋਤ ਹਨ, ਜਿਸ ਵਿੱਚ ਅਗਲੇ ਸਾਲ ਦੀਆਂ ਚੋਣਾਂ ਅਤੇ ਪ੍ਰਾਇਮਰੀ ਵਿੱਚ ਰਿਪਬਲਿਕਨਾਂ ਦੇ ਬਾਗ਼ੀਆਂ ਨੂੰ ਫੰਡ ਦੇਣਾ ਸ਼ਾਮਲ ਹੈ।

ਮਸਕ ਦੇ ਟਰੰਪ 'ਤੇ ਇਲਜ਼ਾਮ

ਵੀਰਵਾਰ ਦੁਪਹਿਰ ਨੂੰ ਮਸਕ ਨੇ ਬਿਨਾਂ ਸਬੂਤ ਦੇ ਕਿਹਾ ਕਿ ਟਰੰਪ ਦਾ ਨਾਮ ਮਰਹੂਮ ਸੈਕਸ ਅਪਰਾਧੀ ਜੈਫਰੀ ਐਪਸਟਾਈਨ ਨਾਲ ਸਬੰਧਤ ਅਣ-ਰਿਲੀਜ਼ ਕੀਤੀਆਂ ਫਾਈਲਾਂ ਵਿੱਚ ਸ਼ਾਮਲ ਹੈ ਅਤੇ ਆਪਣੀ ਇਸ ਟਿੱਪਣੀ ਨੂੰ ਉਨ੍ਹਾਂ ਨੇ ਇੱਕ ''ਇੱਕ ਵੱਡਾ ਬੰਬ'' ਕਰਾਰ ਦਿੱਤਾ।

ਵਾਈਟ ਹਾਊਸ ਦੀ ਪ੍ਰੈਸ ਸਕੱਤਰ, ਕੈਰੋਲੀਨ ਲੀਵਿਟ ਨੇ ਮਸਕ ਦੇ ਇਲਜ਼ਾਮਾਂ ਦਾ ਸਿਰਫ਼ ਇੱਕ ਹਲਕਾ ਜਿਹਾ ਜਵਾਬ ਦਿੱਤਾ।

ਉਨ੍ਹਾਂ ਕਿਹਾ "ਇਹ ਮਸਕ ਵੱਲੋਂ ਇੱਕ ਮੰਦਭਾਗਾ ਬਿਆਨ ਹੈ, ਜੋ ਇੱਕ ਵੱਡੇ ਬਿੱਲ ਤੋਂ ਨਾਖੁਸ਼ ਹਨ ਕਿਉਂਕਿ ਇਸ ਵਿੱਚ ਉਹ ਨੀਤੀਆਂ ਸ਼ਾਮਲ ਨਹੀਂ ਹਨ ਜੋ ਉਹ ਚਾਹੁੰਦੇ ਸਨ।''

ਮਸਕ ਪੂਰੀ ਟਰੰਪ ਦੀ ਸਰਕਾਰ ਦੇ ਵਿਰੁੱਧ ਲੜਾਈ ਨਹੀਂ ਜਿੱਤ ਸਕਦੇ, ਪਰ ਉਹ ਟਰੰਪ ਅਤੇ ਰਿਪਬਲਿਕਨਾਂ ਤੋਂ ਇੱਕ ਵੱਡੀ ਸਿਆਸੀ - ਅਤੇ ਨਿੱਜੀ - ਕੀਮਤ ਵਸੂਲ ਸਕਦੇ ਹਨ।

ਟਰੰਪ, ਸ਼ਾਇਦ ਇਸ ਗੱਲ ਤੋਂ ਜਾਣੂ ਸਨ ਤੇ ਉਹ ਦਿਨ ਦੇ ਅੰਤ ਤੱਕ ਇਸ ਮਾਹੌਲ ਨੂੰ ਥੋੜ੍ਹਾ ਠੰਡਾ ਕਰਦੇ ਦਿਖਾਈ ਦਿੱਤੇ।

ਉਨ੍ਹਾਂ ਨੇ ਵ੍ਹਾਈਟ ਹਾਊਸ ਵਿੱਚ ਪੁਲਿਸ ਪ੍ਰਸ਼ੰਸਾ ਸਮਾਗਮ ਵਿੱਚ ਜਨਤਕ ਤੌਰ 'ਤੇ ਪੇਸ਼ ਹੋਣ ਦੌਰਾਨ ਮਸਕ 'ਤੇ ਟਿੱਪਣੀ ਕਰਨ ਤੋਂ ਪਰਹੇਜ਼ ਕੀਤਾ ਅਤੇ ਫਿਰ ਟਰੂਥ ਸੋਸ਼ਲ 'ਤੇ ਇੱਕ ਪੋਸਟ 'ਚ ਕਿਹਾ ਕਿ ਉਨ੍ਹਾਂ ਨੂੰ "ਆਪਣੇ (ਟਰੰਪ) ਵਿਰੁੱਧ ਹੋਣ" ਵਿੱਚ ਕੋਈ ਇਤਰਾਜ਼ ਨਹੀਂ ਹੈ ਪਰ ਕਾਸ਼ ਕਿ ਉਹ ਮਹੀਨੇ ਪਹਿਲਾਂ ਹੀ ਸਰਕਾਰੀ ਸੇਵਾ ਛੱਡ ਦਿੰਦੇ। ਫਿਰ ਉਨ੍ਹਾਂ ਨੇ ਆਪਣੇ ਟੈਕਸ ਕਾਨੂੰਨ ਬਾਰੇ ਗੱਲ ਕੀਤੀ।

ਹਾਲਾਂਕਿ, ਵੀਰਵਾਰ ਦੀ ਗਰਮਾ-ਗਰਮੀ ਤੋਂ ਬਾਅਦ ਸਭ ਕੁਝ ਇੰਨੀ ਆਸਾਨੀ ਨਾਲ ਸ਼ਾਂਤ ਹੋਣ ਸੌਖਾ ਨਹੀਂ।

ਅਪਮਾਨ ਅਤੇ ਧਮਕੀਆਂ

ਇਹ ਤਣਾਅ ਪਿਛਲੇ ਹਫ਼ਤੇ ਸ਼ੁਰੂ ਹੋਇਆ, ਬੁੱਧਵਾਰ ਨੂੰ ਇਹ ਤੇਜ਼ ਹੋਇਆ ਅਤੇ ਵੀਰਵਾਰ ਦੁਪਹਿਰ ਨੂੰ ਓਵਲ ਦਫਤਰ ਵਿੱਚ ਮਾਹੌਲ ਪੂਰੀ ਤਰ੍ਹਾਂ ਵਿਗੜ ਗਿਆ।

ਟਰੰਪ ਨੇ ਮਸਕ ਦੁਆਰਾ ਆਪਣੇ ਕਾਨੂੰਨ ਦੀ ਆਲੋਚਨਾ 'ਤੇ ਹੈਰਾਨੀ ਪ੍ਰਗਟ ਕੀਤੀ। ਉਨ੍ਹਾਂ ਨੇ ਇਸ ਧਾਰਨਾ ਦਾ ਵਿਰੋਧ ਕੀਤਾ ਕਿ ਉਹ ਮਸਕ ਦੇ ਸੈਂਕੜੇ ਮਿਲੀਅਨ ਡਾਲਰ ਦੇ ਸਮਰਥਨ ਤੋਂ ਬਿਨਾਂ ਪਿਛਲੇ ਸਾਲ ਦੀਆਂ ਰਾਸ਼ਟਰਪਤੀ ਚੋਣਾਂ ਹਾਰ ਜਾਂਦੇ।

ਉਨ੍ਹਾਂ ਕਿਹਾ ਕਿ ਮਸਕ ਹੁਣ ਸਿਰਫ ਇਸ ਲਈ ਆਪਣੇ ਸੁਰ ਬਦਲ ਰਹੇ ਹਨ ਕਿਉਂਕਿ ਉਨ੍ਹਾਂ ਦੀ ਕਾਰ ਕੰਪਨੀ ਟੇਸਲਾ, ਰਿਪਬਲਿਕਨ ਵੱਲੋਂ ਇਲੈਕਟ੍ਰਿਕ ਵਾਹਨ ਟੈਕਸ ਕ੍ਰੈਡਿਟ ਨੂੰ ਖਤਮ ਕਰਨ ਦੇ ਦਬਾਅ ਤੋਂ ਪਰੇਸ਼ਾਨ ਹੋਵੇਗੀ।

ਮਸਕ ਨੇ ਵੀ ਤੁਰੰਤ ਆਪਣੀ ਸੋਸ਼ਲ ਮੀਡੀਆ ਸਾਈਟ ਐਕਸ 'ਤੇ ਇਸ ਦਾ ਜਵਾਬ ਦਿੱਤਾ, "ਕੁਝ ਵੀ"।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਰ ਸਬਸਿਡੀਆਂ ਦੀ ਪਰਵਾਹ ਨਹੀਂ ਹੈ, ਉਹ ਰਾਸ਼ਟਰੀ ਕਰਜ਼ੇ ਨੂੰ ਘਟਾਉਣਾ ਚਾਹੁੰਦੇ ਹਨ, ਜੋ ਉਨ੍ਹਾਂ ਦੇ ਮੁਤਾਬਕ ਦੇਸ਼ ਲਈ ਇੱਕ ਹੋਂਦ ਵਾਲਾ ਖ਼ਤਰਾ ਹੈ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਉਹ ਮਦਦ ਨਾ ਕਰਦੇ ਤਾਂ ਪਿਛਲੇ ਸਾਲ ਦੀਆਂ ਚੋਣਾਂ ਡੈਮੋਕਰੇਟ ਜਿੱਤ ਜਾਂਦੇ। ਉਨ੍ਹਾਂ ਟਰੰਪ ਨੂੰ ਕਿਹਾ, "ਇੰਨੀ ਨਾਸ਼ੁਕਰੀ''।

ਫਿਰ ਉਨ੍ਹਾਂ ਨੇ ਦੁਪਹਿਰ ਭਰ ਆਪਣੇ ਜ਼ੁਬਾਨੀ ਹਮਲੇ ਇਸੇ ਤਰ੍ਹਾਂ ਜਾਰੀ ਰੱਖੇ।

ਸ਼ਕਤੀਸ਼ਾਲ ਪਰ ਅਸੰਭਵ ਗਠਜੋੜ

ਮਸਕ ਅਤੇ ਟਰੰਪ ਨੇ ਇੱਕ ਸ਼ਕਤੀਸ਼ਾਲੀ ਪਰ ਅਸੰਭਵ ਗਠਜੋੜ ਬਣਾਇਆ ਸੀ, ਜਿਸ ਵਿੱਚ ਅਰਬਪਤੀ ਮਸਕ ਨੂੰ ਟਰੰਪ ਪ੍ਰਸ਼ਾਸਨ ਵਿੱਚ ਬਜਟ ਵਿੱਚ ਕਟੌਤੀ ਕਰਨ ਦਾ ਪ੍ਰਮੁੱਖ ਅਹੁਦਾ ਸੌਂਪਿਆ ਗਿਆ ਸੀ।

ਮਸਕ ਦਾ ਸਰਕਾਰੀ ਕੁਸ਼ਲਤਾ ਵਿਭਾਗ ਜਾਂ ਡੋਜ, ਟਰੰਪ ਦੇ ਪਹਿਲੇ 100 ਦਿਨਾਂ ਦੀਆਂ ਸਭ ਤੋਂ ਵੱਡੀਆਂ ਕਹਾਣੀਆਂ ਵਿੱਚੋਂ ਇੱਕ ਬਣ ਗਿਆ, ਕਿਉਂਕਿ ਇਸਨੇ ਸਾਰੀਆਂ ਏਜੰਸੀਆਂ ਨੂੰ ਬੰਦ ਕਰ ਦਿੱਤਾ ਅਤੇ ਹਜ਼ਾਰਾਂ ਸਰਕਾਰੀ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ।

ਹਾਲਾਂਕਿ, ਇਹ ਅੰਦਾਜ਼ਾ ਲਗਾਉਣ ਵਿੱਚ ਬਹੁਤ ਸਮਾਂ ਨਹੀਂ ਲੱਗਿਆ ਕਿ ਦੋ ਵੱਡੀਆਂ ਸ਼ਖਸੀਅਤਾਂ ਆਖਰਕਾਰ ਕਦੋਂ ਅਤੇ ਕਿਵੇਂ ਵੱਖ ਹੋਣਗੀਆਂ।

ਕੁਝ ਸਮੇਂ ਲਈ, ਅਜਿਹਾ ਲੱਗ ਰਿਹਾ ਸੀ ਕਿ ਇਹ ਭਵਿੱਖਬਾਣੀਆਂ ਗਲਤ ਸਨ। ਕਿਉਂਕਿ ਟਰੰਪ ਮਸਕ ਦੇ ਨਾਲ ਉਦੋਂ ਵੀ ਖੜ੍ਹੇ ਰਹੇ ਜਦੋਂ ਉਨ੍ਹਾਂ ਦੀ ਪ੍ਰਸਿੱਧੀ ਵਿੱਚ ਗਿਰਾਵਟ ਆਈ ਸੀ।

ਜਦੋਂ ਪਿਛਲੇ ਹਫ਼ਤੇ, ਮਸਕ ਦੇ "ਵਿਸ਼ੇਸ਼ ਸਰਕਾਰੀ ਕਰਮਚਾਰੀ" ਵਜੋਂ 130 ਦਿਨ ਖਤਮ ਹੋਏ, ਤਾਂ ਉਨ੍ਹਾਂ ਨੂੰ ਓਵਲ ਆਫਿਸ ਵਿੱਚ ਇੱਕ ਪਿਆਰੀ ਵਿਦਾਇਗੀ ਦਿੱਤੀ ਗਈ, ਜਿਸ ਵਿੱਚ ਵ੍ਹਾਈਟ ਹਾਊਸ ਦੀ ਇੱਕ ਸੁਨਹਿਰੀ ਚਾਬੀ ਸੀ ਅਤੇ ਸੰਕੇਤ ਦਿੱਤਾ ਗਿਆ ਸੀ ਕਿ ਮਸਕ ਕਿਸੇ ਦਿਨ ਵੀ ਵਾਪਸ ਆ ਸਕਦੇ ਹਨ।

ਪਰ ਹੁਣ ਇਹ ਕਹਿਣਾ ਸੁਰੱਖਿਅਤ ਹੈ ਕਿ ਅਜਿਹਾ ਕੋਈ ਵੀ ਸੱਦਾ ਰੱਦ ਕਰ ਦਿੱਤਾ ਗਿਆ ਹੈ ਅਤੇ ਸਾਰੇ ਜਿੰਦੇ ਬਦਲ ਦਿੱਤੇ ਗਏ ਹਨ।

ਟਰੰਪ ਨੇ ਵੀਰਵਾਰ ਨੂੰ ਕਿਹਾ - "ਇਲੋਨ ਅਤੇ ਮੇਰੇ ਵਿਚਕਾਰ ਬਹੁਤ ਵਧੀਆ ਸਬੰਧ ਸਨ।'' ਉਨ੍ਹਾਂ ਵੱਲੋਂ ਸਬੰਧਾਂ ਨੂੰ ਭੂਤਕਾਲ ਕਹਿ ਕੇ ਦੱਸਣਾ ਇੱਕ ਵੱਡਾ ਸੰਦੇਸ਼ ਹੈ।

ਕੁਝ ਲੋਕਾਂ ਦਾ ਮੰਨਣਾ ਸੀ ਕਿ ਬੁੱਧਵਾਰ ਰਾਤ ਨੂੰ ਟਰੰਪ ਵੱਲੋਂ ਇੱਕ ਨਵੀਂ ਯਾਤਰਾ ਪਾਬੰਦੀ, ਹਾਰਵਰਡ 'ਤੇ ਵਾਧੂ ਪਾਬੰਦੀਆਂ ਅਤੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੀ ਸਾਜ਼ਿਸ਼-ਅਧਾਰਤ ਪ੍ਰਸ਼ਾਸਨਿਕ ਜਾਂਚ ਦੀ ਹੈਰਾਨੀਜਨਕ ਘੋਸ਼ਣਾ, ਮਸਕ ਦੀ ਆਲੋਚਨਾ ਤੋਂ ਵਿਸ਼ੇ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਸਨ।

'ਇੱਕ ਜ਼ੀਰੋ-ਸਮ ਗੇਮ'

ਹੁਣ ਸਵਾਲ ਇਹ ਹੈ ਕਿ ਇਹ ਵਿਵਾਦ ਕਿੱਥੋਂ ਤੱਕ ਜਾਵੇਗਾ।

ਕਾਂਗਰਸ ਦੇ ਰਿਪਬਲਿਕਨਾਂ ਲਈ ਟਰੰਪ ਦੇ ਬਿੱਲ ਦੇ ਹੱਕ 'ਚ ਆਪਣੇ ਮੈਂਬਰਾਂ ਨੂੰ ਬਣਾਏ ਰੱਖਣਾ ਮੁਸ਼ਕਿਲ ਹੋ ਸਕਦਾ ਹੈ ਕਿਉਂਕਿ ਮਸਕ ਸ਼ਾਇਦ ਉਨ੍ਹਾਂ ਲੋਕਾਂ ਲਈ ਵਿੱਤੀ ਅਤੇ ਹੋਰ ਸਹਾਇਤਾ ਪ੍ਰਦਾਨ ਕਰਨਗੇ ਜੋ ਟਰੰਪ ਦੇ ਹੱਕ ਵਿੱਚ ਖੜ੍ਹੇ ਨਹੀਂ ਹੋਣਗੇ।

ਟਰੰਪ ਪਹਿਲਾਂ ਹੀ ਮਸਕ ਦੇ ਸਰਕਾਰੀ ਇਕਰਾਰਨਾਮਿਆਂ ਨੂੰ ਖਤਮ ਕਰਨ ਦੀ ਧਮਕੀ ਦੇ ਚੁੱਕੇ ਹਨ, ਪਰ ਉਹ ਪ੍ਰਸ਼ਾਸਨ ਵਿੱਚ ਮਸਕ ਦੇ ਬਾਕੀ ਡੋਜ ਸਹਿਯੋਗੀਆਂ ਨੂੰ ਵੀ ਨਿਸ਼ਾਨੇ 'ਤੇ ਲੈ ਸਕਦੇ ਹਨ ਜਾਂ ਮਸਕ ਦੇ ਵਪਾਰਕ ਸੌਦਿਆਂ ਬਾਰੇ ਪੁਰਾਣੀ ਜਾਂਚ ਦੁਬਾਰਾ ਖੋਲ੍ਹ ਸਕਦੇ ਹਨ।

ਇਸ ਦੌਰਾਨ, ਡੈਮੋਕਰੇਟ ਸੋਚ ਰਹੇ ਹਨ ਕਿ ਕੀ ਪ੍ਰਤੀਕ੍ਰਿਆ ਦਿੱਤੀ ਜਾਵੇ। ਬਹੁਤ ਘੱਟ ਲੋਕ ਅਜਿਹੇ ਹਨ ਜੋ ਆਪਣੀ ਪਾਰਟੀ ਦੇ ਸਾਬਕਾ ਦਾਨੀ ਮਸਕ ਦਾ ਵਾਪਸ ਪਾਰਟੀ ਵਿੱਚ ਸਵਾਗਤ ਕਰਨ ਲਈ ਤਿਆਰ ਜਾਪਦੇ ਹਨ। ਪਰ ਇੱਕ ਪੁਰਾਣੀ ਕਹਾਵਤ ਵੀ ਹੈ ਕਿ ਦੁਸ਼ਮਣ ਦਾ ਦੁਸ਼ਮਣ ਇੱਕ ਦੋਸਤ ਹੁੰਦਾ ਹੈ।

ਇੱਕ ਡੈਮੋਕਰੇਟਿਕ ਰਣਨੀਤੀਕਾਰ, ਲੀਅਮ ਕੇਰ ਨੇ ਪੋਲੀਟੀਕੋ ਨੂੰ ਕਿਹਾ, "ਇਹ ਇੱਕ ਜ਼ੀਰੋ-ਸਮ ਗੇਮ ਹੈ। ਉਹ ਜੋ ਵੀ ਕਰਦੇ ਹਨ, ਜੋ ਡੈਮੋਕਰੇਟਸ ਵੱਲ ਵਧੇਰੇ ਜਾਂਦਾ ਹੈ, ਰਿਪਬਲਿਕਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।"

ਪਰ ਇੰਝ ਲੱਗਦਾ ਹੈ ਕਿ ਘੱਟੋ-ਘੱਟ ਡੈਮੋਕਰੇਟ ਪਿੱਛੇ ਖੜ੍ਹੇ ਹੋ ਕੇ, ਟਰੰਪ ਅਤੇ ਮਸਕ ਨੂੰ ਆਪਸ ਵਿੱਚ ਝਗੜਾ ਕਰਦਿਆਂ ਦੇਖ ਕੇ ਖੁਸ਼ ਹਨ।

ਅਜਿਹੀ ਉਮੀਦ ਵੀ ਘੱਟ ਹੀ ਹੈ ਕਿ ਇਹ ਝਗੜਾ ਛੇਤੀ ਨਿੱਬੜ ਜਾਵੇਗਾ।

ਮਸਕ ਨੇ ਐਕਸ 'ਤੇ ਲਿਖਿਆ, "ਟਰੰਪ ਦੇ ਰਾਸ਼ਟਰਪਤੀ ਵਜੋਂ ਅਜੇ ਸਾਢੇ ਤਿੰਨ ਸਾਲ ਬਾਕੀ ਹਨ, ਪਰ ਮੈਂ 40 ਤੋਂ ਵੱਧ ਸਾਲਾਂ ਤੱਕ ਰਹਾਂਗਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)