ਅਮਰੀਕਾ ਨੇ ਵਿਦਿਆਰਥੀ ਵੀਜ਼ਾ ਲਈ ਇੰਟਰਵਿਊਜ਼ 'ਤੇ ਲਗਾਈ ਰੋਕ, ਅਮਰੀਕਾ ਹੁਣ ਕੌਮਾਂਤਰੀ ਵਿਦਿਆਰਥੀਆਂ ਦੀ ਕਿਹੜੀ ਵਿਸ਼ੇਸ਼ ਜਾਂਚ ਕਰੇਗਾ

    • ਲੇਖਕ, ਬ੍ਰੈਂਡਨ ਡਰੇਨਨ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਪ੍ਰਸ਼ਾਸਨ ਨੇ ਦੂਤਾਵਾਸਾਂ ਨੂੰ ਵਿਦਿਆਰਥੀ ਵੀਜ਼ਾ ਲਈ ਇੰਟਰਵਿਊ ਲਈ ਸਮਾਂ ਨਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਕ ਇੰਟਰਵਿਊ ਲਈ ਸਮਾਂ ਦੇਣ ਤੋਂ ਪਹਿਲਾਂ ਬਿਨੈਕਾਰਾਂ ਦੇ ਸੋਸ਼ਲ ਮੀਡੀਆ ਅਕਾਉਂਟਸ ਦੀ ਜਾਂਚ ਕੀਤੀ ਜਾਵੇਗੀ।

ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਹਵਾਲੇ ਨਾਲ ਡਿਪਲੋਮੈਟਿਕ ਅਹੁਦਿਆਂ ਨੂੰ ਸੰਬੋਧਿਤ ਇੱਕ ਮੈਮੋ ਵਿੱਚ ਕਿਹਾ ਗਿਆ ਹੈ ਕਿ ਇਹ ਰੋਕ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ।

ਮੈਮੋ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀ ਅਤੇ ਫ਼ੋਰਨ ਐਕਸਚੇਂਜ ਵੀਜ਼ਾ ਲਈ ਅਪਲਾਈ ਕਰਨ ਵਾਲਿਆਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਨੂੰ ਤੇਜ਼ ਕੀਤਾ ਜਾਵੇਗਾ।

ਹਾਲਾਂਕਿ ਅਜਿਹਾ ਕਰਨ ਨਾਲ ਦੂਤਾਵਾਸਾਂ ਅਤੇ ਕੌਂਸਲੇਟਾਂ ਦਾ ਕੰਮਕਾਜ ਪ੍ਰਭਾਵਿਤ ਹੋਵੇਗਾ।

ਵਿਚਾਰਧਾਰਾ ਨੂੰ ਲੈ ਕੇ ਵਿਰੋਧਾਭਾਸ

ਇਹ ਟਰੰਪ ਅਤੇ ਅਮਰੀਕਾ ਦੇ ਕੁਝ ਸਭ ਤੋਂ ਵੱਧ ਰੁਤਬੇ ਵਾਲੇ ਕਾਲਜਾਂ ਵਿਚਾਲੇ ਜਾਰੀ ਤਲਖੀ ਦੌਰਾਨ ਵਾਪਰਿਆ ਹੈ। ਜ਼ਿਕਰਯੋਗ ਹੈ ਕਿ ਟਰੰਪ ਦਾ ਇਨ੍ਹਾਂ ਕਾਲਜਾਂ ਬਾਰੇ ਮੰਨਣਾ ਹੈ ਕਿ ਇਹ ਖੱਬੇ-ਪੱਖੀ ਵਿਚਾਰਧਾਰਾ ਦੀ ਹਾਮੀ ਭਰਦੇ ਹਨ।

ਟਰੰਪ ਦਾ ਕਹਿਣਾ ਹੈ ਕਿ ਇਨ੍ਹਾਂ ਕਾਲਜਾਂ ਵਿੱਚੋਂ ਕੁਝ ਨੇ ਕੈਂਪਸ ਵਿੱਚ ਯਹੂਦੀ ਵਿਰੋਧੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਭੇਦਭਾਵਪੂਰਨ ਦਾਖਲਾ ਨੀਤੀਆਂ ਦੇ ਸਮਰਥਨ ਕਰਨਾ ਜਾਰੀ ਰੱਖਿਆ ਹੈ।

ਬੀਬੀਸੀ ਦੇ ਅਮਰੀਕੀ ਭਾਈਵਾਲ ਸੀਬੀਐੱਸ ਨਿਊਜ਼ ਨੇ ਵਿਦੇਸ਼ ਵਿਭਾਗ ਦੇ ਮੈਮੋ ਨੂੰ ਪੜ੍ਹਿਆ ਹੈ।

ਮੰਗਲਵਾਰ ਨੂੰ ਇਹ ਮੈਮੋ ਅਮਰੀਕੀ ਦੂਤਾਵਾਸਾਂ ਨੂੰ ਭੇਜਿਆ ਗਿਆ ਜਿਸ ਵਿੱਚ ਕਿਹਾ ਗਿਆ ਕਿ ਫ਼ੌਰੀ ਪ੍ਰਭਾਵ ਨਾਲ ਵੀਜ਼ਾ ਲੈਣ ਦੇ ਇਛੁੱਕ ਵਿਦਿਆਰਥੀਆਂ ਨੂੰ ਕੋਈ ਨਵੀਂ ਇੰਟਰਵਿਊ ਦੀ ਤਾਰੀਖ਼ ਨਾ ਦਿੱਤੀ ਜਾਵੇ। ਪਰ ਨਾਲ ਹੀ ਇਹ ਵੀ ਕਿਹਾ ਗਿਆ ਕਿ ਜਿਨ੍ਹਾਂ ਦਾ ਪਹਿਲਾਂ ਤੋਂ ਇੰਟਰਵਿਊ ਦਾ ਸਮਾਂ ਮੁਕੱਰਰ ਕਰ ਦਿੱਤਾ ਗਿਆ ਹੈ ਉਨ੍ਹਾਂ ਲਈ ਅਗਲੀ ਪ੍ਰਕਿਰਿਆ ਮੁਕੰਮਲ ਕੀਤੀ ਜਾ ਸਕਦੀ ਹੈ।

ਡਿਪਲੋਮੈਟਿਕ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਿਦੇਸ਼ ਵਿਭਾਗ 'ਲੋੜੀਂਦੀ ਸੋਸ਼ਲ ਮੀਡੀਆ ਸਕ੍ਰੀਨਿੰਗ ਅਤੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ-ਪੜਤਾਲ ਦੇ ਵਿਸਥਾਰ' ਦੀ ਤਿਆਰੀ ਕਰ ਰਿਹਾ ਹੈ। ਇਹ ਸਾਰੀਆਂ ਵਿਦਿਆਰਥੀ ਵੀਜ਼ਾ ਅਰਜ਼ੀਆਂ 'ਤੇ ਲਾਗੂ ਹੋਵੇਗਾ।

ਜਾਂਚ-ਪੜਤਾਲ ਵਧੇਗੀ

ਵਿਦੇਸ਼ੀ ਵਿਦਿਆਰਥੀ ਜੋ ਅਮਰੀਕਾ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਹਨ, ਨੂੰ ਆਮ ਤੌਰ 'ਤੇ ਅਮਰੀਕਾ ਆਉਣ ਦੀ ਪ੍ਰਵਾਨਗੀ ਤੋਂ ਪਹਿਲਾਂ ਆਪਣੇ ਦੇਸ਼ ਵਿੱਚ ਅਮਰੀਕੀ ਦੂਤਾਵਾਸ ਵਿੱਚ ਇੰਟਰਵਿਊ ਦੇਣੀ ਪੈਂਦੀ ਹੈ ਜਿਸ ਦੀ ਤਾਰੀਖ਼ ਦੂਤਾਵਾਸ ਵਲੋਂ ਨਿਰਧਾਰਿਤ ਕੀਤੀ ਜਾਂਦੀ ਹੈ।

ਬਹੁਤ ਸਾਰੀਆਂ ਅਮਰੀਕੀ ਸੰਸਥਾਵਾਂ ਵੱਡੀ ਵਿੱਤੀ ਸਹਾਇਤਾ ਲਈ ਵਿਦੇਸ਼ੀ ਵਿਦਿਆਰਥੀਆਂ 'ਤੇ ਨਿਰਭਰ ਕਰਦੀਆਂ ਹਨ, ਕਿਉਂਕਿ ਉਹ ਅਕਸਰ ਜ਼ਿਆਦਾ ਟਿਊਸ਼ਨ ਫੀਸਾਂ ਦਾ ਭੁਗਤਾਨ ਕਰਦੇ ਹਨ।

ਵਿਦਿਆਰਥੀ ਵੀਜ਼ਿਆਂ ਬਾਰੇ ਪੁੱਛੇ ਜਾਣ 'ਤੇ, ਵਿਦੇਸ਼ ਵਿਭਾਗ ਦੇ ਬੁਲਾਰੇ ਟੈਮੀ ਬਰੂਸ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ, "ਅਸੀਂ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਜਾਂਚ ਦੀ ਪ੍ਰਕਿਰਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਅਸੀਂ ਇਹ ਕਰਨਾ ਜਾਰੀ ਰੱਖਾਂਗੇ।"

ਟਰੰਪ ਪ੍ਰਸ਼ਾਸਨ ਦਾ ਵਿਦੇਸ਼ੀ ਵਿਦਿਆਰਥੀਆਂ ਪ੍ਰਤੀ ਸਖ਼ਤ ਰੁਖ਼

ਕੁਝ ਵਕਤ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਯੂਨੀਵਰਸਿਟੀਆਂ ਲਈ ਕਰੋੜਾਂ ਡਾਲਰ ਦੇ ਫੰਡਾਂ ਨੂੰ ਫ੍ਰੀਜ਼ ਕਰ ਦਿੱਤਾ ਸੀ ਅਤੇ ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਦੇਣ ਦਾ ਫ਼ੈਸਲਾ ਲਿਆ ਸੀ। ਇਸੇ ਦੇ ਮੱਦੇਨਜ਼ਰ ਵਿਦਿਆਰਥੀਆਂ ਦੇ ਹਜ਼ਾਰਾਂ ਵੀਜ਼ੇ ਰੱਦ ਕਰ ਦਿੱਤੇ ਗਏ ਹਨ।

ਹਾਲਾਂਕਿ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਕਾਰਵਾਈਆਂ ਨੂੰ ਅਦਾਲਤਾਂ ਨੇ ਫਿਲਹਾਲ ਰੋਕ ਦਿੱਤਾ ਹੈ।

ਵ੍ਹਾਈਟ ਹਾਊਸ ਨੇ ਕੁਝ ਅਮਰੀਕੀ ਯੂਨੀਵਰਸਿਟੀਆਂ 'ਤੇ ਇਲਜ਼ਾਮ ਲਗਾਇਆ ਹੈ ਕਿ ਉਹ ਕੈਂਪਸ ਵਿੱਚ ਫ਼ਲਸਤੀਨ ਪੱਖੀ ਸਰਗਰਮੀ ਨੂੰ ਥਾਂ ਦੇਣ ਦੇ ਨਾਲ-ਨਾਲ ਯਹੂਦੀ ਵਿਰੋਧੀਵਾਦ ਦੀ ਇਜਾਜ਼ਤ ਦੇ ਰਹੇ ਹਨ।

ਕਾਲਜਾਂ ਨੇ ਟਰੰਪ ਪ੍ਰਸ਼ਾਸਨ 'ਤੇ ਬੋਲਣ ਦੀ ਆਜ਼ਾਦੀ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਹੈ।

ਹਾਰਵਰਡ ਯੂਨੀਵਰਸਿਟੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਗੁੱਸੇ ਦਾ ਕੇਂਦਰ ਬਿੰਦੂ ਰਹੀ ਹੈ। ਪਿਛਲੇ ਹਫ਼ਤੇ, ਟਰੰਪ ਪ੍ਰਸ਼ਾਸਨ ਨੇ ਹਾਰਵਰਡ ਦੀ ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖਲ ਦੇਣ ਜਾਂ ਵਿਦੇਸ਼ੀ ਖੋਜਕਰਤਾਵਾਂ ਨੂੰ ਅਧਿਐਨ ਕਰਨ ਦੇਣ ਦੇ ਅਖ਼ਤਿਆਰ ਨੂੰ ਰੱਦ ਕਰ ਦਿੱਤਾ। ਬਾਅਦ ਵਿੱਚ ਇੱਕ ਸੰਘੀ ਜੱਜ ਨੇ ਇਸ ਨੀਤੀ ਨੂੰ ਰੋਕ ਦਿੱਤਾ।

ਸਿੱਖਿਆ ਮਾਹਰਾਂ ਮੁਤਾਬਕ ਜੇਕਰ ਇਸ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਇਹ ਯੂਨੀਵਰਸਿਟੀ ਲਈ ਖ਼ਤਰਨਾਕ ਸਾਬਤ ਹੋਵੇਗਾ ਅਤੇ ਇੱਕ ਚੌਥਾਈ ਤੋਂ ਵੱਧ ਵਿਦਿਆਰਥੀ ਵਿਦੇਸ਼ੀ ਯੂਨੀਵਰਸਿਟੀ ਤੋਂ ਬਾਹਰ ਹੋ ਜਾਣਗੇ।

ਟਰੰਪ ਪ੍ਰਸ਼ਾਸਨ ਹਾਰਵਰਡ ਦੀ ਫੰਡਿੰਗ ਰੋਕ ਸਕਦਾ ਹੈ

ਟਰੰਪ ਪ੍ਰਸ਼ਾਸਨ ਅਮਰੀਕੀ ਸੰਘੀ ਏਜੰਸੀਆਂ ਨੂੰ ਹਾਰਵਰਡ ਯੂਨੀਵਰਸਿਟੀ ਦੀਆਂ ਗ੍ਰਾਂਟਾਂ ਦੀ ਸਮੀਖਿਆ ਕਰਨ ਲਈ ਨਿਰਦੇਸ਼ ਦੇਵੇਗਾ ਤਾਂ ਜੋ ਫੰਡਿੰਗ ਨੂੰ ਸੰਭਾਵੀ ਤੌਰ 'ਤੇ ਖਤਮ ਕੀਤਾ ਜਾ ਸਕੇ ਜਾਂ ਇਸ ਬਾਰੇ ਮੁੜ ਵਿਚਾਰਿਆ ਜਾ ਸਕੇ।

ਵ੍ਹਾਈਟ ਹਾਊਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਰਕਾਰੀ ਸੇਵਾਵਾਂ ਪ੍ਰਸ਼ਾਸਨ (ਜੀਐੱਸਏ) ਏਜੰਸੀਆਂ ਨੂੰ ਇੱਕ ਪੱਤਰ ਭੇਜਣ ਦੀ ਯੋਜਨਾ ਬਣਾ ਰਿਹਾ ਹੈ ਜਿਸ ਵਿੱਚ ਉਨ੍ਹਾਂ ਨੂੰ ਇਹ ਪਛਾਣ ਕਰਨ ਲਈ ਕਿਹਾ ਜਾਵੇਗਾ ਕਿ ਕੀ ਹਾਰਵਰਡ ਨਾਲ ਹੋਏ ਇਕਰਾਰਨਾਮੇ (ਕੰਟਰੈਕਟ) 'ਰੱਦ ਕੀਤੇ ਜਾ ਸਕਦੇ ਹਨ ਜਾਂ ਕਿਤੇ ਹੋਰ ਭੇਜੇ ਜਾ ਸਕਦੇ ਹਨ'।

ਪ੍ਰਸ਼ਾਸਨ ਦਾ ਅੰਦਾਜ਼ਾ ਹੈ ਕਿ ਤਕਰੀਬਨ 30 ਇਕਰਾਰਨਾਮਿਆਂ ਦੀ ਸਮੀਖਿਆ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦੀ ਕੁੱਲ ਕੀਮਤ 10 ਕਰੋੜ ਡਾਲਰ ਹੈ।

ਇਸ ਤੋਂ ਪਹਿਲਾਂ 2650 ਕਰੋੜ ਡਾਲਰ ਦੀਆਂ ਸੰਘੀ ਗ੍ਰਾਂਟਾਂ ਨੂੰ ਫ਼ਰੀਜ਼ ਕਰ ਦਿੱਤਾ ਗਿਆ ਸੀ ਅਤੇ ਹਾਰਵਰਡ ਦੀ ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖਲ ਕਰਨ ਦੀ ਯੋਗਤਾ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਹਾਰਵਰਡ ਯੂਨੀਵਰਸਿਟੀ ਨੇ ਹਾਲੇ ਇਸ ਸਭ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਭਾਰਤੀ ਵਿਦਿਆਰਥੀ ਕਿੱਥੇ ਪੜ੍ਹਨ ਜਾਂਦੇ ਹਨ

ਮਾਹਰਾਂ ਮੁਤਾਬਕ ਸ਼ਿਕਾਗੋ, ਨਿਊਯਾਰਕ, ਕੈਲੀਫੋਰਨੀਆ, ਟੈਕਸਾਸ ਅਮਰੀਕਾ ਦੇ ਉਹ ਸੂਬੇ ਹਨ, ਜਿੱਥੇ ਭਾਰਤੀ ਵਿਦਿਆਰਥੀ ਪੜ੍ਹਾਈ ਕਰਨ ਜਾਣ ਨੂੰ ਤਰਜੀਹ ਦਿੰਦੇ ਹਨ।

ਹਰ ਸਾਲ ਭਾਰਤੀ ਵਿਦਿਆਰਥੀ ਅਮਰੀਕਾ ਵਿੱਚ ਪੜ੍ਹਾਈ ਕਰਨ ਜਾਂਦੇ ਹਨ।

ਅਮਰੀਕਾ ਦੇ ਤਾਜ਼ਾ ਫੈਸਲੇ ਨਾਲ ਵਿਦਿਆਰਥੀ ਕਿਵੇਂ ਪ੍ਰਭਾਵਿਤ ਹੋਣਗੇ ਇਸ ਬਾਰੇ ਵੀਜ਼ਾ ਸਲਾਹਕਾਰ ਭਾਵਿਨ ਠਾਕਰ ਕਹਿੰਦੇ ਹਨ, "ਉਹ ਵਿਦਿਆਰਥੀ ਜਿਨ੍ਹਾਂ ਨੂੰ ਪਹਿਲਾਂ ਹੀ ਤਾਰੀਕ ਮਿਲ ਚੁੱਕੀ ਹੈ ਉਨ੍ਹਾਂ ਨੂੰ ਇਸ ਫੈਸਲੇ ਨਾਲ ਬਹੁਤਾ ਫ਼ਰਕ ਨਹੀਂ ਪਵੇਗਾ ਪਰ ਜਿਨ੍ਹਾਂ ਨੇ ਅਜੇ ਇੰਟਰਵਿਊ ਦੀ ਤਾਰੀਕ ਲੈਣੀ ਹੈ ਉਨ੍ਹਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।"

ਉਹ ਕਹਿੰਦੇ ਹਨ, "ਸਤੰਬਰ ਤੋਂ ਪੜ੍ਹਾਈ ਸ਼ੁਰੂ ਕਰਨ ਵਾਲੇ ਵਿਦਿਆਰਥੀ ਇਸ ਫੈਸਲੇ ਨਾਲ ਬਹੁਤੇ ਪ੍ਰਭਾਵਿਤ ਨਹੀਂ ਹੋਣਗੇ ਪਰ ਫੈਸਲਾ ਨਾ ਬਦਲਣ ਦੀ ਸੂਰਤ ਵਿੱਚ ਅਗਲੇ ਸਾਲ ਜਨਵਰੀ ਤੋਂ ਪੜ੍ਹਾਈ ਸ਼ੁਰੂ ਕਰਨ ਵਾਲੇ ਵਿਦਿਆਰਥੀਆਂ ਉੱਤੇ ਅਸਰ ਪੈ ਸਕਦਾ ਹੈ ਕਿਉਂਕਿ ਆਉਣ ਵਾਲੇ ਮਹੀਨਿਆਂ ਦੌਰਾਨ ਉਨ੍ਹਾਂ ਨੇ ਵੀਜ਼ਾ ਪ੍ਰੀਕਿਰਿਆ ਸ਼ੁਰੂ ਕਰਨੀ ਹੁੰਦੀ ਹੈ।"

ਸੋਸ਼ਲ ਮੀਡੀਆ ਅਕਾਊਂਸਟ ਦੀ ਜਾਂਚ-ਪੜਤਾਲ ਵਧੇਗੀ

ਸੋਸ਼ਲ ਮੀਡੀਆ ਆਕਾਊਂਟਸ ਦੀ ਜਾਂਚ ਬਾਰੇ ਭਾਵਿਨ ਠਾਕਰ ਕਹਿੰਦੇ ਹਨ, "ਵੀਜ਼ਾ ਦੇਣ ਵੇਲੇ ਸੋਸ਼ਲ ਮੀਡੀਆ ਦੀ ਜਾਂਚ ਕਰਨਾ ਕੋਈ ਵੱਡੀ ਗੱਲ ਨਹੀਂ ਪਰ ਇਸ ਐਲਾਨ ਨਾਲ ਵਿਦਿਆਰਥੀਆਂ ਉੱਤੇ ਨਕਾਰਾਤਮਕ ਅਸਰ ਕਰ ਸਕਦਾ ਹੈ, ਕਿਉਂਕਿ ਇਹ ਖ਼ਬਰ ਬੰਦਿਸ਼ਾਂ ਵਾਲੇ ਰਵੱਈਏ ਨੂੰ ਦਰਸਾਉਂਦੀ ਹੈ।"

ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਕਿਸ ਪੈਮਾਨੇ ਉੱਤੇ ਅਤੇ ਕਿਵੇਂ ਹੋ ਸਕਦੀ ਹੈ ਤਾਂ ਇਸ ਬਾਰੇ ਉਹ ਦੱਸਦੇ ਹਨ ਕਿ, "ਪਹਿਲਾਂ ਵੀ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਕੀਤੀ ਜਾਂਦੀ ਰਹੀ ਹੈ, ਪਰ ਹੁਣ ਇਸ ਬਾਰੇ ਸਪਸ਼ਟ ਨਹੀਂ ਹੈ ਕਿ ਕਿੰਨੀ ਸਕੈਨਿੰਗ ਹੋਵੇਗੀ ਅਤੇ ਕਿਸ ਪੱਧਰ ਤੱਕ ਜਾਂਚ ਪੜਤਾਲ ਕੀਤੀ ਜਾਵੇਗੀ। ਇਹ ਪ੍ਰਕਿਰਿਆ ਸ਼ੁਰੂ ਹੋਣ ਬਾਅਦ ਹੀ ਪਤਾ ਲੱਗੇਗਾ ਕਿ ਪੜਤਾਲ ਦੀ ਪ੍ਰਕਿਰਿਆ ਕਿਵੇਂ ਬਦਲੀ ਜਾਵੇਗੀ।"

ਉਹ ਕਹਿੰਦੇ ਹਨ, "ਜੇਕਰ ਹਰ ਕਿਸੇ ਵਿਦਿਆਰਥੀ ਦੇ ਸੋਸ਼ਲ ਮੀਡੀਆ ਅਕਾਊਂਟਸ ਚੈੱਕ ਕੀਤੇ ਜਾਣਗੇ ਤਾਂ ਇਸ ਵਿੱਚ ਸਮਾਂ ਵੀ ਵੱਧ ਲੱਗੇਗਾ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਕਤਾਰ ਵਿੱਚ ਹਨ,ਇਸ ਲਈ ਪ੍ਰਕਿਰਿਆ ਦੇ ਬਹੁਤ ਹੌਲੀ ਹੋ ਜਾਣ ਦਾ ਖ਼ਦਸ਼ਾ ਹੈ।"

ਉਨ੍ਹਾਂ ਵੱਲੋਂ ਇਹ ਵੀ ਖ਼ਦਸ਼ਾ ਜਤਾਇਆ ਗਿਆ ਕਿ ਪਹਿਲਾਂ ਹੀ ਅਮਰੀਕਾ ਦੇ ਵੀਜ਼ਿਆਂ ਲਈ ਅਰਜ਼ੀਆਂ ਪੈਂਡਿੰਗ ਹਨ, ਇਸ ਲਈ ਇਹ ਪ੍ਰਕਿਰਿਆ ਨੂੰ ਅਪਨਾਉਣ ਲਈ ਉਨ੍ਹਾਂ ਕੋਲ ਕਿੰਨੇ ਸਾਧਨ ਹਨ ਇਹ ਵੀ ਵੱਡਾ ਸਵਾਲ ਹੈ।

ਸੀਅ ਵੇਅ ਕੰਸਲਟੈਂਟ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਸੋਸ਼ਲ ਮੀਡੀਆ ਅਕਾਊਂਟ ਦੀ ਚੈਕਿੰਗ ਨਵੀਂ ਗੱਲ ਨਹੀਂ ਹੈ।

ਉਹ ਦੱਸਦੇ ਹਨ ਕਿ, "ਅਸੀਂ ਵਿਦਿਆਰਥੀਆਂ ਨੂੰ ਪਹਿਲਾਂ ਹੀ ਸੋਸ਼ਲ ਮੀਡੀਆ ਉੱਤੇ ਪੋਸਟਿੰਗ ਦੌਰਾਨ ਸੰਜੀਦਗੀ ਵਰਤਣ ਦੀ ਸਲਾਹ ਦਿੰਦੇ ਹਾਂ ਅਤੇ ਹੁਣ ਇਸ ਪਾਸੇ ਹੋਰ ਧਿਆਨ ਦੇਣ ਲਈ ਆਖਾਂਗੇ।"

ਭਾਰਤੀ ਵਿਦਿਆਰਥੀ ਕਿਹੜੇ ਕੋਰਸਾਂ ਲਈ ਯੂਐੱਸ ਦਾ ਰੁਖ਼ ਕਰਦੇ ਹਨ

ਵੀਜ਼ਾ ਸਲਾਹਕਾਰ ਭਾਵਿਨ ਠਾਕਰ ਕਹਿੰਦੇ ਹਨ ਕਿ ਐਰੋਸਪੇਸ ਦੀ ਪੜ੍ਹਾਈ ਲਈ ਅਮਰੀਕਾ, ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੈ, ਇਸ ਦੇ ਇਲਾਵਾ ਬਾਇਓਮੈਡੀਕਲ, ਆਈਟੀ ਅਤੇ ਕਾਰੋਬਾਰ ਦੀ ਪੜ੍ਹਾਈ ਲਈ ਵੀ ਵਿਦਿਆਰਥੀ ਉੱਥੇ ਜਾਂਦੇ ਹਨ।

12ਵੀਂ ਤੋਂ ਬਾਅਦ ਮਨੋਵਿਗਿਆਨ ਦੀ ਪੜ੍ਹਾਈ ਦਾ ਵਿਦਿਆਰਥੀਆਂ ਵਿੱਚ ਰੁਝਾਨ ਵੱਧ ਰਿਹਾ ਹੈ।

ਮਾਹਰਾਂ ਮੰਨਦੇ ਹਨ ਕਿ ਪਹਿਲਾਂ ਦੇ ਮੁਕਾਬਲੇ ਲੰਘੇ ਕੁਝ ਸਾਲਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਰੁਚੀ ਅਮਰੀਕਾ ਜਾਣ ਵਿੱਚ ਘਟੀ ਹੈ, ਜਿਸ ਦੀ ਮੁੱਖ ਵਜ੍ਹਾ ਵੀਜ਼ਾ ਪ੍ਰਕਿਰਿਆ ਲਈ ਦੁਚਿੱਤੀ ਦੀ ਸਥਿਤੀ ਅਤੇ ਅਸਥਿਰਤਾ ਹੈ।

ਮਾਹਰਾਂ ਮੁਤਾਬਕਾਂ ਅਮਰੀਕਾ ਦਾ ਥਾਂ ਕਈ ਵਿਦਿਆਰਥੀ ਆਸਟ੍ਰੇਲੀਆ ਵਰਗੇ ਮੁਲਕਾਂ ਨੂੰ ਵੀ ਤਰਜੀਹ ਦੇ ਰਹੇ ਹਨ।

ਸੀਅ ਵੇਅ ਕੰਸਲਟੈਂਟ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਸਿੰਘ ਮੁਤਾਬਕ ਪੰਜਾਬ ਤੋਂ ਵੱਧ ਵਿਦਿਆਰਥੀ ਅਮਰੀਕਾ ਬਿਜ਼ਨੈਸ ਅਤੇ ਅਕਾਊਂਟਿੰਗ ਦੀ ਪੜ੍ਹਾਈ ਕਰਨ ਜਾਂਦੇ ਹਨ ਪਰ ਲੰਘੇ ਕੁਝ ਸਮੇਂ ਤੋਂ ਅਮਰੀਕਾ ਲਈ ਸਟੱਡੀ ਵੀਜ਼ੇ ਵਿੱਚ ਰਿਜੈਕਸ਼ਨ ਦੀ ਦਰ ਵਧੀ ਹੈ।

ਉਨ੍ਹਾਂ ਦਾ ਕਹਿਣਾ ਹੈ,"ਇਸ ਤਰ੍ਹਾਂ ਦੀਆਂ ਖ਼ਬਰਾਂ ਤੋਂ ਬਾਅਦ ਵਿਦਿਆਰਥੀ ਹੋਰ ਰਾਹ ਅਪਣਾਉਣ ਨੂੰ ਤਰਜੀਹ ਦੇਣਗੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)