ਟਰੰਪ ਟਰੈਵਲ ਪਾਬੰਦੀ : ਕਿਹੜੇ 12 ਦੇਸਾਂ ਦੇ ਲੋਕ ਨਹੀਂ ਜਾ ਸਕਣਗੇ ਅਮਰੀਕਾ, ਕਿਸ ਨੂੰ ਮਿਲੀ ਹੈ ਛੋਟ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ 12 ਦੇਸ਼ਾਂ ਦੇ ਲੋਕਾਂ ਦੀ ਅਮਰੀਕਾ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ। ਵ੍ਹਾਈਟ ਹਾਊਸ ਅਨੁਸਾਰ, ਟਰੰਪ ਨੇ ਯਾਤਰਾ ਪਾਬੰਦੀ ਨਾਲ ਸਬੰਧਤ ਇੱਕ ਆਦੇਸ਼ 'ਤੇ ਦਸਤਖ਼ਤ ਕੀਤੇ ਹਨ।

ਅਮਰੀਕਾ ਦਾ ਕਹਿਣਾ ਹੈ ਕਿ ਇਹ ਪਾਬੰਦੀਆਂ ਅਮਰੀਕੀਆਂ ਨੂੰ 'ਖਤਰਨਾਕ ਵਿਦੇਸ਼ੀ ਤੱਤਾਂ' ਤੋਂ ਬਚਾਉਣ ਲਈ ਲਗਾਈਆਂ ਗਈਆਂ ਹਨ।

ਇਹ ਐਲਾਨ ਸੋਮਵਾਰ, 9 ਜੂਨ ਤੋਂ ਪ੍ਰਭਾਵੀ ਹੋ ਜਾਣਗੇ।

ਭਾਵੇਂਕਿ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਟਰੰਪ ਨੇ ਅਜਿਹੀਆਂ ਪਬੰਦੀਆਂ ਐਲਾਨੀਆਂ ਹੋਣ। ਉਨ੍ਹਾਂ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ 2017 ਵਿੱਚ ਇਸੇ ਤਰ੍ਹਾਂ ਦੇ ਆਦੇਸ਼ 'ਤੇ ਦਸਤਖ਼ਤ ਕੀਤੇ ਸਨ।

ਕਿਹੜੇ ਦੇਸ਼ਾਂ 'ਤੇ ਅਮਰੀਕਾ ਨੇ ਲਗਾਈ ਯਾਤਰਾ ਪਾਬੰਦੀ

ਅਮਰੀਕੀ ਰਾਸ਼ਟਰਪਤੀ ਨੇ ਜਿਨ੍ਹਾਂ ਮੁਲਕਾਂ ਦੇ ਨਾਗਰਿਕਾਂ 'ਤੇ ਅਮਰੀਕੀ ਯਾਤਰਾ ਪਾਬੰਦੀ ਐਲਾਨੀ ਹੈ, ਉਨ੍ਹਾਂ ਵਿੱਚ ਅਫਗਾਨਿਸਤਾਨ, ਮਿਆਂਮਾਰ, ਚਾਡ, ਕਾਂਗੋ ਗਣਰਾਜ, ਇਕਵੇਟੋਰੀਅਲ ਗਿਨੀ, ਏਰੀਟਰੀਆ, ਹੈਤੀ, ਈਰਾਨ, ਲੀਬੀਆ, ਸੋਮਾਲੀਆ, ਸੁਡਾਨ ਅਤੇ ਯਮਨ ਸ਼ਾਮਲ ਹਨ।

ਇਸ ਤੋਂ ਇਲਾਵਾ, ਟਰੰਪ ਨੇ ਸੱਤ ਹੋਰ ਮੁਲਕਾਂ ਦੇ ਨਾਗਰਿਕਾਂ ਦੀ ਅਮਰੀਕੀ ਯਾਤਰਾ 'ਤੇ ਅੰਸ਼ਕ ਤੌਰ 'ਤੇ ਪਾਬੰਦੀ ਲਗਾਈ ਹੈ।

ਇਨ੍ਹਾਂ ਵਿੱਚ ਬੁਰੂੰਡੀ, ਕਿਊਬਾ, ਲਾਓਸ, ਸੀਅਰਾ ਲਿਓਨ, ਟੋਗੋ, ਤੁਰਕਮੇਨਿਸਤਾਨ ਅਤੇ ਵੈਨੇਜ਼ੁਏਲਾ ਸ਼ਾਮਲ ਹਨ।

ਟਰੰਪ ਨੇ ਆਪਣੇ ਵੀਡੀਓ ਸੰਦੇਸ਼ 'ਚ ਕੀ ਕਿਹਾ

ਡੌਨਲਡ ਟਰੰਪ ਨੇ ਇਨ੍ਹਾਂ ਪਾਬੰਦੀਆਂ ਦਾ ਐਲਾਨ ਇੱਕ ਵੀਡੀਓ ਸੰਦੇਸ਼ ਰਾਹੀਂ ਕੀਤਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਕਿਸੇ ਦੇਸ 'ਤੇ ਇਹ ਪਾਬੰਦੀ ਕਿੰਨੀ ਸਖ਼ਤ ਹੋਵੇਗੀ, ਇਹ ਉਸ ਦੇਸ ਤੋਂ 'ਖ਼ਤਰੇ ਦੀ ਗੰਭੀਰਤਾ' 'ਤੇ ਨਿਰਭਰ ਕਰਦਾ ਹੈ।

ਉਨ੍ਹਾਂ ਕਿਹਾ ਕਿ "ਖ਼ਤਰਨਾਕ ਥਾਵਾਂ ਤੋਂ ਵਿਦੇਸ਼ੀ ਵੀਜ਼ਾ ਪ੍ਰਾਪਤ ਲੋਕਾਂ " ਦੁਆਰਾ ਇੱਕ ਤੋਂ ਬਾਅਦ ਇੱਕ ਅੱਤਵਾਦੀ ਹਮਲੇ" ਕੀਤੇ ਗਏ ਹਨ।

ਇਸ ਦੇ ਲਈ ਟਰੰਪ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀਆਂ "ਖੁੱਲ੍ਹੇ ਦਰਵਾਜ਼ੇ ਦੀਆਂ ਨੀਤੀਆਂ" ਨੂੰ ਜ਼ਿਮੇਵਾਰ ਠਹਿਰਾਇਆ ਅਤੇ ਕਿਹਾ ਕਿ ਅਜਿਹੀਆਂ ਨੀਤੀਆਂ ਕਰਕੇ "ਲੱਖਾਂ ਗੈਰ-ਕਾਨੂੰਨੀ" ਲੋਕ ਅਮਰੀਕਾ ਵਿੱਚ ਦਾਖ਼ਲ ਹੋ ਸਕੇ।

ਵੀਡੀਓ ਵਿੱਚ ਟਰੰਪ ਨੇ ਕਿਹਾ ਕਿ ਅਮਰੀਕਾ "ਕਿਸੇ ਵੀ ਅਜਿਹੇ ਦੇਸ ਤੋਂ ਖੁੱਲ੍ਹੇ ਪਰਵਾਸ ਦੀ ਇਜਾਜ਼ਤ ਨਹੀਂ ਦੇ ਸਕਦਾ, ਜਿੱਥੇ ਅਸੀਂ ਸੁਰੱਖਿਅਤ ਅਤੇ ਭਰੋਸੇਯੋਗ ਢੰਗ ਨਾਲ ਉਨ੍ਹਾਂ ਲੋਕਾਂ ਦੀ ਜਾਂਚ ਨਹੀਂ ਕਰ ਸਕਦੇ, ਜੋ ਅਮਰੀਕਾ 'ਚ ਦਾਖ਼ਲ ਹੋਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕੇ ਜੇਕਰ (ਸੂਚੀ ਵਿੱਚ ਸ਼ਾਮਲ ਦੇਸ਼ਾਂ ਵਿੱਚ) ਸੁਧਾਰ ਹੁੰਦੇ ਹਨ ਤਾਂ ਇਸ ਸੂਚੀ ਵਿੱਚ ਬਦਲਾਅ ਕੀਤੇ ਜਾ ਸਕਦੇ ਹਨ।

ਯਾਤਰਾ ਪਾਬੰਦੀ ਤੋਂ ਕਿਸ ਨੂੰ ਮਿਲੇਗੀ ਛੋਟ?

ਟਰੰਪ ਦੀ ਵਿਆਪਕ ਯਾਤਰਾ ਪਾਬੰਦੀ ਵਿੱਚ ਕੁਝ ਅਪਵਾਦ ਹਨ।

ਉਨ੍ਹਾਂ ਦੇ ਐਲਾਨ ਅਨੁਸਾਰ, ਇਨ੍ਹਾਂ ਦੇਸਾਂ ਦੇ ਕੁਝ ਲੋਕ ਅਜੇ ਵੀ ਅਮਰੀਕਾ ਵਿੱਚ ਦਾਖ਼ਲ ਹੋਣ ਦੇ ਯੋਗ ਹੋ ਸਕਦੇ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ:

  • ਵਿਸ਼ਵ ਕੱਪ ਜਾਂ ਓਲੰਪਿਕ ਵਰਗੇ ਪ੍ਰਮੁੱਖ ਖੇਡ ਸਮਾਗਮਾਂ ਲਈ ਯਾਤਰਾ ਕਰਨ ਵਾਲੇ ਖਿਡਾਰੀ
  • "ਈਰਾਨ ਵਿੱਚ ਅਤਿਆਚਾਰ ਦਾ ਸਾਹਮਣਾ ਕਰ ਰਹੇ ਨਸਲੀ ਅਤੇ ਧਾਰਮਿਕ ਘੱਟ ਗਿਣਤੀਆਂ ਲਈ ਪਰਵਾਸੀ ਵੀਜ਼ਾ" ਧਾਰਕ
  • ਵਿਸ਼ੇਸ਼ ਪਰਵਾਸੀ ਵੀਜ਼ਾ ਧਾਰਕ ਅਫਗਾਨ ਨਾਗਰਿਕ
  • ਅਮਰੀਕਾ ਦਾ ਕੋਈ ਵੀ "ਕਾਨੂੰਨੀ ਸਥਾਈ ਨਿਵਾਸੀ"
  • ਦੋਹਰੀ ਨਾਗਰਿਕਤਾ ਵਾਲੇ ਲੋਕ, ਜਿਨ੍ਹਾਂ ਕੋਲ ਯਾਤਰਾ ਪਾਬੰਦੀ ਵਿੱਚ ਸ਼ਾਮਲ ਨਾ ਹੋਣ ਵਾਲੇ ਦੇਸਾਂ ਦੀ ਨਾਗਰਿਕਤਾ ਹੈ
  • ਇਸ ਤੋਂ ਇਲਾਵਾ, ਜੇਕਰ "ਵਿਅਕਤੀ ਅਮਰੀਕਾ ਰਾਸ਼ਟਰੀ ਹਿੱਤ ਦੀ ਸੇਵਾ ਕਰੇਗਾ" ਤਾਂ ਵਿਦੇਸ਼ ਮੰਤਰੀ "ਵੱਖ-ਵੱਖ ਕੇਸਾਂ" ਦੇ ਆਧਾਰ 'ਤੇ ਵਿਅਕਤੀਆਂ ਨੂੰ ਛੋਟ ਦੇ ਸਕਦੇ ਹਨ।

ਟਰੰਪ ਨੇ ਹਾਰਵਰਡ ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾਇਆ

ਟਰੰਪ ਦੁਆਰਾ 19 ਦੇਸਾਂ 'ਤੇ ਯਾਤਰਾ ਪਾਬੰਦੀਆਂ ਦੇ ਐਲਾਨ ਦੇ ਨਾਲ, ਉਨ੍ਹਾਂ ਨੇ ਇੱਕ ਹੋਰ ਆਦੇਸ਼ 'ਤੇ ਵੀ ਹਸਤਾਖ਼ਰ ਕੀਤੇ ਹਨ।

ਇਹ ਹੁਕਮ ਅਮਰੀਕਾ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹਾਰਵਰਡ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਮਿਲਣ ਵਾਲੇ ਵੀਜ਼ਾ 'ਤੇ ਪਾਬੰਦੀ ਲਗਾਉਣ ਬਾਰੇ ਹਨ।

ਵ੍ਹਾਈਟ ਹਾਊਸ ਨੇ ਇੱਕ ਫ਼ੈਕਟ ਸ਼ੀਟ ਵਿੱਚ ਕਿਹਾ, "ਰਾਸ਼ਟਰਪਤੀ ਟਰੰਪ ਚਾਹੁੰਦੇ ਹਨ ਕਿ ਸਾਡੇ ਅਦਾਰਿਆਂ ਵਿੱਚ ਵਿਦੇਸ਼ੀ ਵਿਦਿਆਰਥੀ ਹੋਣ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਵਿਦੇਸ਼ੀ ਵਿਦਿਆਰਥੀ ਅਜਿਹੇ ਲੋਕ ਹੋਣੇ ਚਾਹੀਦੇ ਹਨ ਜੋ ਸਾਡੇ ਦੇਸ ਨੂੰ ਪਿਆਰ ਕਰਨ ਵਾਲੇ ਹੋਣ।''

ਇਸ ਫੈਕਟ ਸ਼ੀਟ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਹਾਰਵਰਡ ਚੀਨੀ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ਲਈ ਸਿਖਰਲੀ ਵਿਦੇਸ਼ੀ ਅਕਾਦਮਿਕ ਸੰਸਥਾ ਸੀ।

ਇਹ ਵੀ ਦੱਸਿਆ ਗਿਆ ਹੈ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਆਪਣੀ ਧੀ ਨੇ 2010 ਦੇ ਦਹਾਕੇ ਵਿੱਚ ਉੱਥੋਂ ਪੜ੍ਹਾਈ ਕੀਤੀ ਸੀ।

ਦੱਸ ਦੇਈਏ ਕਿ ਹਾਲ ਹੀ ਵਿੱਚ ਟਰੰਪ ਪ੍ਰਸ਼ਾਸਨ ਨੇ ਦੂਤਾਵਾਸਾਂ ਨੂੰ ਵਿਦਿਆਰਥੀ ਵੀਜ਼ਾ ਲਈ ਇੰਟਰਵਿਊ ਲਈ ਸਮਾਂ ਨਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਕ, ਇੰਟਰਵਿਊ ਲਈ ਸਮਾਂ ਦੇਣ ਤੋਂ ਪਹਿਲਾਂ ਬਿਨੈਕਾਰਾਂ ਦੇ ਸੋਸ਼ਲ ਮੀਡੀਆ ਅਕਾਉਂਟਸ ਦੀ ਜਾਂਚ ਕੀਤੀ ਜਾਵੇਗੀ।

ਵ੍ਹਾਈਟ ਹਾਊਸ ਨੇ ਕੁਝ ਅਮਰੀਕੀ ਯੂਨੀਵਰਸਿਟੀਆਂ 'ਤੇ ਇਲਜ਼ਾਮ ਲਗਾਇਆ ਹੈ ਕਿ ਉਹ ਕੈਂਪਸ ਵਿੱਚ ਫ਼ਲਸਤੀਨ ਪੱਖੀ ਸਰਗਰਮੀ ਨੂੰ ਥਾਂ ਦੇਣ ਦੇ ਨਾਲ-ਨਾਲ ਯਹੂਦੀ ਵਿਰੋਧੀਵਾਦ ਦੀ ਇਜਾਜ਼ਤ ਦੇ ਰਹੇ ਹਨ।

ਹਾਰਵਰਡ ਯੂਨੀਵਰਸਿਟੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਗੁੱਸੇ ਦਾ ਕੇਂਦਰ ਬਿੰਦੂ ਰਹੀ ਹੈ।

ਲੰਘੀ ਮਈ ਵਿੱਚ ਟਰੰਪ ਪ੍ਰਸ਼ਾਸਨ ਨੇ ਹਾਰਵਰਡ ਦੀ ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਜਾਂ ਵਿਦੇਸ਼ੀ ਖੋਜਕਰਤਾਵਾਂ ਨੂੰ ਅਧਿਐਨ ਕਰਨ ਦੇਣ ਦੇ ਅਖ਼ਤਿਆਰ ਨੂੰ ਰੱਦ ਕਰ ਦਿੱਤਾ।

ਹਾਲਾਂਕਿ, ਬਾਅਦ ਵਿੱਚ ਇੱਕ ਸੰਘੀ ਜੱਜ ਨੇ ਇਸ ਨੀਤੀ ਨੂੰ ਰੋਕ ਦਿੱਤਾ ਸੀ।

ਪ੍ਰਭਾਵਿਤ ਦੇਸ਼ ਕੀ ਕਹਿ ਰਹੇ

ਟਰੰਪ ਵੱਲੋਂ ਤਾਜ਼ਾ ਯਾਤਰਾ ਪਾਬੰਦੀ ਵਿੱਚ ਜ਼ਿਕਰ ਕੀਤੇ ਗਏ ਕੁਝ ਦੇਸ਼ਾਂ ਤੋਂ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਗਈ ਹੈ।

ਵੈਨੇਜ਼ੁਏਲਾ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ 'ਤੇ ਅਮਰੀਕਾ ਨੇ ਅੰਸ਼ਕ ਪਾਬੰਦੀਆਂ ਲਗਾਈਆਂ ਹਨ।

ਉੱਥੋਂ ਦੇ ਗ੍ਰਹਿ ਮੰਤਰੀ ਡਾਇਓਸਡਾਡੋ ਕੈਬੇਲੋ ਨੇ ਚੇਤਾਵਨੀ ਦਿੱਤੀ ਹੈ ਕਿ "ਸੰਯੁਕਤ ਰਾਜ ਅਮਰੀਕਾ ਵਿੱਚ ਹੋਣਾ ਸਿਰਫ਼ ਵੈਨੇਜ਼ੁਏਲਾ ਵਾਸੀਆਂ ਲਈ ਨਹੀਂ ਸਗੋਂ ਕਿਸੇ ਲਈ ਵੀ ਇੱਕ ਵੱਡਾ ਜੋਖਮ ਹੈ।''

ਉਨ੍ਹਾਂ ਕਿਹਾ, "ਸੰਯੁਕਤ ਰਾਜ ਅਮਰੀਕਾ 'ਤੇ ਸ਼ਾਸਨ ਕਰਨ ਵਾਲੇ ਲੋਕ ਬੁਰੇ ਲੋਕ ਹਨ - ਇਹ ਫਾਸ਼ੀਵਾਦ ਹੈ, ਉਹ ਸੋਚਦੇ ਹਨ ਕਿ ਉਹ ਦੁਨੀਆਂ ਦੇ ਮਾਲਕ ਹਨ ਅਤੇ ਬਿਨਾਂ ਕਿਸੇ ਕਾਰਨ ਸਾਡੇ ਲੋਕਾਂ ਨੂੰ ਸਤਾਉਂਦੇ ਹਨ।"

ਦੂਜੇ ਪਾਸੇ, ਸੋਮਾਲੀਆ ਜਿਸ 'ਤੇ ਕਿ ਪੂਰੀ ਤਰ੍ਹਾਂ ਯਾਤਰਾ ਪਾਬੰਦੀ ਹੈ, ਨੇ ਤੁਰੰਤ ਪ੍ਰਤੀਕਿਰਿਆ ਦਿੰਦੇ ਹੋਏ ਇਸ ਗੱਲ ਦਾ ਵਾਅਦਾ ਕੀਤਾ ਹੈ ਕਿ ਉਹ ਸੁਰੱਖਿਆ ਮੁੱਦਿਆਂ ਨੂੰ ਹੱਲ ਕਰਨ ਲਈ ਅਮਰੀਕਾ ਨਾਲ ਮਿਲ ਕੇ ਕੰਮ ਕਰਨਗੇ।

ਅਮਰੀਕਾ ਵਿੱਚ ਸੋਮਾਲੀਆ ਦੇ ਰਾਜਦੂਤ, ਦਾਹਿਰ ਹਸਨ ਅਬਦੀ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਨਾਲ "ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਸਬੰਧਾਂ ਦੀ ਕਦਰ ਕਰਦਾ ਹੈ"।

ਡੈਮੋਕ੍ਰੇਟ ਆਗੂਆਂ ਨੇ ਕੀਤੀ ਪਾਬੰਦੀ ਦੀ ਨਿੰਦਾ

ਕੁਝ ਡੈਮੋਕ੍ਰੇਟ ਆਗੂਆਂ ਨੇ ਟਰੰਪ ਵੱਲੋਂ ਲਗਾਈਆਂ ਯਾਤਰਾ ਪਾਬੰਦੀਆਂ 'ਤੇ ਤੁਰੰਤ ਪ੍ਰਤੀਕਿਰਿਆ ਦਿੰਦੇ ਹੋਏ ਇਸ ਦੀ ਆਲੋਚਨਾ ਕੀਤੀ ਹੈ।

ਵਾਸ਼ਿੰਗਟਨ ਤੋਂ ਕਾਂਗਰਸਵੂਮੈਨ ਪ੍ਰਮਿਲਾ ਜੈਪਾਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, "ਇਹ ਪਾਬੰਦੀ, ਟਰੰਪ ਦੇ ਆਪਣੇ ਪਹਿਲੇ ਕਾਰਜਕਾਲ ਵਿੱਚ ਮੁਸਲਿਮ ਪਾਬੰਦੀ ਤੋਂ ਆਈ ਹੈ ਅਤੇ ਸਾਨੂੰ ਵਿਸ਼ਵ ਪੱਧਰ 'ਤੇ ਹੋਰ ਵੀ ਅਲੱਗ-ਥਲੱਗ ਕਰ ਦੇਵੇਗੀ।"

ਉਨ੍ਹਾਂ ਕਿਹਾ, "ਲੋਕਾਂ ਦੇ ਇੱਕ ਪੂਰੇ ਸਮੂਹ 'ਤੇ ਪਾਬੰਦੀ ਲਗਾਉਣਾ ਕਿਉਂਕਿ ਤੁਸੀਂ ਉਨ੍ਹਾਂ ਦੀ ਸਰਕਾਰ ਦੇ ਢਾਂਚੇ ਜਾਂ ਕਾਰਜ ਨਾਲ ਅਸਹਿਮਤ ਹੋ ... ਗਲਤ ਜਗ੍ਹਾ ਇਲਜ਼ਾਮ ਲਗਾਉਣਾ ਹੈ।"

ਇੱਕ ਹੋਰ ਡੈਮੋਕ੍ਰੇਟ, ਕਾਂਗਰਸਮੈਨ ਡੌਨ ਬੇਅਰ ਨੇ ਕਿਹਾ ਕਿ ਟਰੰਪ ਨੇ ਅਮਰੀਕੀ ਸੰਸਥਾਪਕਾਂ ਦੇ ਆਦਰਸ਼ਾਂ ਨਾਲ "ਧੋਖਾ" ਕੀਤਾ ਹੈ।

ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ, "ਲੋਕਾਂ ਨੂੰ ਅਮਰੀਕਾ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਟਰੰਪ ਦੁਆਰਾ ਪੂਰਵਾਗ੍ਰਹਿ ਅਤੇ ਕੱਟੜਤਾ ਦੀ ਵਰਤੋਂ ਸਾਨੂੰ ਸੁਰੱਖਿਅਤ ਨਹੀਂ ਬਣਾਉਂਦੀ, ਇਹ ਸਾਨੂੰ ਵੰਡਦੀ ਹੈ ਅਤੇ ਸਾਡੀ ਵਿਸ਼ਵਵਿਆਪੀ ਲੀਡਰਸ਼ਿਪ ਨੂੰ ਕਮਜ਼ੋਰ ਕਰਦੀ ਹੈ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)