'ਸਿੱਖਸ ਫਾਰ ਜਸਟਿਸ' ਨੇ ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਨੂੰ ਘੇਰਨ ਦੀ ਕਥਿਤ ਧਮਕੀ ਦਿੱਤੀ, ਜਾਣੋ ਕੀ ਕਿਹਾ?

ਤਸਵੀਰ ਸਰੋਤ, Getty Images
ਖ਼ਾਲਿਸਤਾਨ ਪੱਖੀ ਸੰਗਠਨ 'ਸਿੱਖਸ ਫਾਰ ਜਸਟਿਸ' ਨੇ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਨੂੰ ਫਿਰ ਧਮਕੀ ਦਿੱਤੀ ਹੈ।
ਭਾਰਤ ਵਿੱਚ ਪਾਬੰਦੀਸ਼ੁਦਾ ਇਸ ਸੰਗਠਨ ਨੇ ਕਿਹਾ ਹੈ ਕਿ ਉਹ 18 ਸਤੰਬਰ ਨੂੰ ਵੈਨਕੂਵਰ ਵਿੱਚ ਭਾਰਤੀ ਦੂਤਾਵਾਸ (ਕੌਂਸਲੇਟ) ਦਾ ਘਿਰਾਓ ਕਰੇਗਾ।
ਸਿੱਖਸ ਫਾਰ ਜਸਟਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਭਾਰਤੀ-ਕੈਨੇਡੀਅਨਾਂ ਨੂੰ ਦੂਤਾਵਾਸ ਤੋਂ ਦੂਰ ਰਹਿਣ ਲਈ ਕਿਹਾ ਹੈ।
ਪੋਸਟ ਵਿੱਚ ਕਿਹਾ ਗਿਆ ਹੈ ਕਿ ਸੰਗਠਨ ਕੌਂਸਲੇਟ ਦਾ ਘਿਰਾਓ ਕਰੇਗਾ।
ਭਾਰਤ ਨੇ ਅਜੇ ਤੱਕ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਹੈ।

ਤਸਵੀਰ ਸਰੋਤ, Getty Images
ਸਿੱਖਸ ਫਾਰ ਜਸਟਿਸ ਨੇ ਕਿਹਾ, "18 ਸਤੰਬਰ 2023 ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (ਤਤਕਾਲੀ ਪ੍ਰਧਾਨ ਮੰਤਰੀ) ਨੇ ਸੰਸਦ ਵਿੱਚ ਕਿਹਾ ਸੀ ਕਿ ਸ਼ਹੀਦ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।"
ਸੰਗਠਨ ਨੇ ਅੱਗੇ ਲਿਖਿਆ, "ਹੁਣ ਦੋ ਸਾਲ ਹੋ ਗਏ ਹਨ। ਪਰ ਭਾਰਤੀ ਕੌਂਸਲੇਟ ਖ਼ਾਲਿਸਤਾਨੀ ਰੈਫਰੈਂਡਮ ਲਈ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਜਾਸੂਸੀ ਨੈੱਟਵਰਕ ਚਲਾ ਰਿਹਾ ਹੈ ਅਤੇ ਨਿਗਰਾਨੀ ਰੱਖ ਰਿਹਾ ਹੈ। ਇਹ ਖ਼ਤਰਾ ਇੰਨਾ ਗੰਭੀਰ ਹੈ ਕਿ ਆਰਸੀਐੱਮਪੀ (ਕੈਨੇਡੀਅਨ ਪੁਲਿਸ) ਨੇ ਖ਼ਾਲਿਸਤਾਨ ਰੈਫਰੈਂਡਮ ਦੀ ਅਗਵਾਈ ਕਰਨ ਵਾਲੇ ਇੰਦਰਜੀਤ ਸਿੰਘ ਗੋਸਾਲ ਨੂੰ 'ਗਵਾਹਾਂ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ' ਦੀ ਪੇਸ਼ਕਸ਼ ਕੀਤੀ ਹੈ।"
ਸਿੱਖਸ ਫਾਰ ਜਸਟਿਸ ਨੇ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦਾ ਇੱਕ ਪੋਸਟਰ ਵੀ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ਦੇ ਚਿਹਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਤਸਵੀਰ ਸਰੋਤ, Getty Images
ਭਾਰਤ ਖ਼ਿਲਾਫ਼ ਹਮਲਾਵਰ ਹੈ ਸਿੱਖਸ ਫਾਰ ਜਸਟਿਸ
ਕੈਨੇਡਾ ਅਤੇ ਇੰਗਲੈਂਡ ਵਿੱਚ ਸਰਗਰਮ ਸੰਗਠਨ ਸਿੱਖਸ ਫਾਰ ਜਸਟਿਸ ਨੇ ਕਈ ਵਾਰ ਭਾਰਤ ਖਿਲਾਫ਼ ਰੋਸ ਮੁਜ਼ਾਹਰੇ ਕੀਤੇ ਹਨ। ਇਹ ਸੰਗਠਨ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਵਿਰੁੱਧ ਹਮਲਾਵਰ ਰੁਖ਼ ਅਪਨਾਉਂਦਾ ਰਿਹਾ ਹੈ।
ਇਸ ਸਾਲ ਮਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੌਰੇ ਤੋਂ ਪਹਿਲਾਂ, ਕੁਝ ਸਿੱਖ ਵੱਖਵਾਦੀ ਸੰਗਠਨਾਂ ਨਾਲ ਜੁੜੇ ਲੋਕਾਂ ਨੇ ਸੰਸਦ ਭਵਨ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਸੀ। ਜੀ-7 ਸੰਮੇਲਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੇ ਗਏ ਸੱਦੇ ਦਾ ਵੀ ਵਿਰੋਧ ਕੀਤਾ ਗਿਆ ਸੀ।
ਮੋਦੀ ਦੇ ਦੌਰੇ ਤੋਂ ਇੱਕ ਹਫ਼ਤਾ ਪਹਿਲਾਂ, ਓਟਵਾ ਵਿੱਚ ਸਿੱਖ ਭਾਈਚਾਰੇ ਨਾਲ ਜੁੜੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਅਤੇ ਸਿੱਖ ਫੈਡਰੇਸ਼ਨ ਕੈਨੇਡਾ ਵਰਗੇ ਸਮੂਹਾਂ ਦੇ ਪ੍ਰਤੀਨਿਧੀਆਂ ਨੇ ਇੱਕ ਬਿਆਨ ਜਾਰੀ ਕੀਤਾ।
ਬਿਆਨ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਭਾਰਤ ਹਰਦੀਪ ਸਿੰਘ ਨਿੱਝਰ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਨਹੀਂ ਕਰਦਾ ਅਤੇ ਕੈਨੇਡਾ ਦੇ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰਨ ਦਾ ਭਰੋਸਾ ਨਹੀਂ ਦਿੰਦਾ, ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਸੱਦਾ ਵਾਪਸ ਲੈ ਲਿਆ ਜਾਣਾ ਚਾਹੀਦਾ ਹੈ।

ਕੈਨੇਡਾ ਸਰਕਾਰ ਦੀ ਰਿਪੋਰਟ ਖ਼ਾਲਿਸਤਾਨੀ ਸੰਗਠਨਾਂ ਬਾਰੇ ਕੀ ਕਹਿੰਦੀ ਹੈ?
ਕੁਝ ਹਫ਼ਤੇ ਪਹਿਲਾਂ, ਕੈਨੇਡੀਅਨ ਸਰਕਾਰ ਦੀ ਇੱਕ ਰਿਪੋਰਟ ਨੇ ਮੰਨਿਆ ਸੀ ਕਿ ਉਨ੍ਹਾਂ ਦੇ ਦੇਸ਼ ਵਿੱਚ ਖ਼ਾਲਿਸਤਾਨੀ ਕੱਟੜਪੰਥੀ ਸੰਗਠਨਾਂ ਦੀ ਮੌਜੂਦਗੀ ਹੈ ਅਤੇ ਉਨ੍ਹਾਂ ਨੂੰ ਵਿਦੇਸ਼ੀ ਫੰਡਿੰਗ ਮਿਲ ਰਹੀ ਸੀ।
ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਰਿਪੋਰਟ ਵਿੱਚ ਕੈਨੇਡਾ ਵਿੱਚ ਕੰਮ ਕਰ ਰਹੇ ਖ਼ਾਲਿਸਤਾਨੀ ਕੱਟੜਪੰਥੀ ਸੰਗਠਨਾਂ ਅਤੇ ਨੈੱਟਵਰਕਾਂ ਨੂੰ ਫੰਡਿੰਗ ਦੇ ਲਿੰਕਾਂ ਦਾ ਖੁਲਾਸਾ ਕੀਤਾ ਗਿਆ ਹੈ।
ਰਿਪੋਰਟ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵਰਗੇ ਸੰਗਠਨਾਂ ਦਾ ਨਾਮ ਲਿਆ ਗਿਆ, ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਮਦਦ ਮਿਲ ਰਹੀ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਕੱਟੜਪੰਥੀ ਵਜੋਂ ਨਾਮਜ਼ਦ ਕਈ ਸਮੂਹ, ਜਿਵੇਂ ਕਿ ਹਮਾਸ, ਹਿਜ਼ਬੁੱਲ੍ਹਾ ਅਤੇ ਖ਼ਾਲਿਸਤਾਨੀ ਸੰਗਠਨਾਂ ਨੂੰ ਦੇਸ਼ ਦੇ ਅੰਦਰ ਵਿੱਤੀ ਸਹਾਇਤਾ ਮਿਲ ਰਹੀ ਹੈ। ਖ਼ੁਫ਼ੀਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਨ੍ਹਾਂ ਗਤੀਵਿਧੀਆਂ ਨੂੰ ਦੇਖਿਆ ਹੈ ਅਤੇ ਦਰਜ ਕੀਤਾ ਹੈ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਖ਼ਾਲਿਸਤਾਨੀ ਕੱਟੜਪੰਥੀ ਵੱਲੋਂ "ਹਿੰਸਕ ਤਰੀਕਿਆਂ ਨਾਲ ਭਾਰਤ ਦੇ ਪੰਜਾਬ ਵਿੱਚ ਇੱਕ ਸੁਤੰਤਰ ਰਾਜ ਬਣਾਉਣ" ਦੀ ਕੋਸ਼ਿਸ਼ ਜਾਰੀ ਹੈ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਵਿੱਚ ਫੰਡ ਇਕੱਠਾ ਕਰਨ ਦਾ ਸ਼ੱਕ ਹੈ।

ਤਸਵੀਰ ਸਰੋਤ, X/NARENDRA MODI
ਨਿੱਝਰ ਕਤਲ ਕੇਸ
ਜੂਨ 2023 ਵਿੱਚ ਖ਼ਾਲਿਸਤਾਨ ਪੱਖੀ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧ ਤਣਾਅਪੂਰਨ ਹੋ ਗਏ ਸਨ।
ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਜੂਨ, 2023 ਨੂੰ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਇਲਜ਼ਾਮ ਲਗਾਇਆ ਸੀ।
ਹਾਲਾਂਕਿ, ਭਾਰਤ ਸਰਕਾਰ ਨੇ ਨਿੱਝਰ ਦੇ ਕਤਲ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਲਗਾਤਾਰ ਇਨਕਾਰ ਕੀਤਾ ਹੈ।
ਭਾਰਤ ਨੇ ਕੈਨੇਡਾ 'ਤੇ ਸਿੱਖ ਵੱਖਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਪ੍ਰਦਾਨ ਕਰਨ ਦਾ ਇਲਜ਼ਾਮ ਲਗਾਇਆ ਸੀ। ਭਾਰਤ ਨੇ 2020 ਵਿੱਚ ਹਰਦੀਪ ਸਿੰਘ ਨਿੱਝਰ ਨੂੰ "ਅੱਤਵਾਦੀ" ਐਲਾਨਿਆ ਸੀ।
ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧ ਇਸ ਹੱਦ ਤੱਕ ਵਿਗੜ ਗਏ ਕਿ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਡਿਪਲੋਮੈਟਾਂ ਨੂੰ ਕੱਢ ਦਿੱਤਾ।
ਭਾਰਤ ਨੇ ਕੈਨੇਡਾ ਵਿੱਚ ਤੈਨਾਤ ਆਪਣੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਹੋਰ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਦਾ ਫ਼ੈਸਲਾ ਕੀਤਾ।
2025 ਵਿੱਚ ਜੀ-7 ਸੰਮੇਲਨ ਲਈ ਕੈਨੇਡਾ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੋਂ ਪੱਤਰਕਾਰਾਂ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਸਵਾਲ ਕੀਤਾ ਸੀ। ਹਾਲਾਂਕਿ, ਉਨ੍ਹਾਂ ਨੇ ਇਸ ਮਾਮਲੇ 'ਤੇ ਸਪੱਸ਼ਟ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ।
ਪੱਤਰਕਾਰ ਨੇ ਪੁੱਛਿਆ ਸੀ, "ਤੁਸੀਂ ਕੈਨੇਡੀਅਨ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਪ੍ਰਧਾਨ ਮੰਤਰੀ ਮੋਦੀ ਨਾਲ ਕੀ ਚਰਚਾ ਕੀਤੀ?"
ਇਸ 'ਤੇ ਪ੍ਰਧਾਨ ਮੰਤਰੀ ਕਾਰਨੀ ਨੇ ਜਵਾਬ ਦਿੱਤਾ, "ਅਸੀਂ ਨਾ ਸਿਰਫ਼ ਕਾਨੂੰਨੀ ਪੱਧਰ 'ਤੇ ਗੱਲਬਾਤ ਕੀਤੀ, ਸਗੋਂ ਸਹਿਯੋਗ ਦੀ ਮਹੱਤਤਾ 'ਤੇ ਵੀ ਚਰਚਾ ਕੀਤੀ। ਇਸ ਮਾਮਲੇ ਵਿੱਚ ਇੱਕ ਨਿਆਂਇਕ ਪ੍ਰਕਿਰਿਆ ਚੱਲ ਰਹੀ ਹੈ ਅਤੇ ਮੈਨੂੰ ਹੋਰ ਟਿੱਪਣੀ ਕਰਨ ਤੋਂ ਪਹਿਲਾਂ ਸਾਵਧਾਨੀ ਵਰਤਣੀ ਚਾਹੀਦੀ ਹੈ।"

ਤਸਵੀਰ ਸਰੋਤ, FB/VIRSA SINGH VALTOHA
ਹਰਦੀਪ ਸਿੰਘ ਨਿੱਝਰ ਕੌਣ ਸੀ?
ਜੂਨ 2023 ਵਿੱਚ 45 ਸਾਲਾ ਖ਼ਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਵਿੱਚ ਕਤਲ ਕਰ ਦਿੱਤਾ ਗਿਆ ਸੀ। ਇਹ ਘਟਨਾ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਵਾਪਰੀ ਸੀ।
ਹਰਦੀਪ ਸਿੰਘ ਨਿੱਝਰ ਸਰੀ ਦੇ ਉਸੇ ਗੁਰਦੁਆਰੇ ਦੇ ਮੁਖੀ ਸਨ ਅਤੇ ਭਾਰਤ ਸਰਕਾਰ ਦੀ 'ਵਾਂਟੇਡ' ਸੂਚੀ ਵਿੱਚ ਸ਼ਾਮਲ ਸਨ। 2020 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ 'ਅੱਤਵਾਦੀ' ਐਲਾਨਿਆ ਸੀ।
ਨਿੱਝਰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਭਾਰ ਸਿੰਘ ਪੁਰਾ ਪਿੰਡ ਦੇ ਰਹਿਣ ਵਾਲੇ ਸਨ।
ਭਾਰਤ ਸਰਕਾਰ ਦੇ ਅਨੁਸਾਰ, "ਹਰਦੀਪ ਸਿੰਘ ਨਿੱਝਰ ਖ਼ਾਲਿਸਤਾਨ ਟਾਈਗਰ ਫੋਰਸ ਦਾ ਮੈਂਬਰ ਸੀ। ਉਨ੍ਹਾਂ ਨੇ ਸੰਗਠਨ ਦੇ ਸੰਚਾਲਨ, ਨੈੱਟਵਰਕਿੰਗ, ਸਿਖਲਾਈ ਅਤੇ ਵਿੱਤੀ ਸਹਾਇਤਾ ਵਿੱਚ ਸਰਗਰਮ ਭੂਮਿਕਾ ਨਿਭਾਈ।"
ਹਰਦੀਪ ਸਿੰਘ ਨਿੱਝਰ 1997 ਵਿੱਚ ਕੈਨੇਡਾ ਚਲੇ ਗਏ ਸਨ। ਉਹ ਆਪਣੇ ਕਤਲ ਤੱਕ ਉੱਥੇ ਪਲੰਬਰ ਵਜੋਂ ਕੰਮ ਕਰ ਰਹੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












