ਕੈਨੇਡਾ-ਭਾਰਤ ਤਣਾਅ: ਜਸਟਿਨ ਟਰੂਡੋ ਨੂੰ ਘੇਰਨ ਲਈ ਭਾਰਤ ਨੇ ਕਿਸ ਮੁੱਦੇ ਉੱਤੇ ਬੰਗਲਾਦੇਸ਼ ਤੇ ਸ੍ਰੀਲੰਕਾ ਨੂੰ ਨਾਲ ਲਿਆ

ਜਸਟਿਨ ਟਰੂਡੋ ਅਤੇ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਕੈਨੇਡਾ ਅਤੇ ਭਾਰਤ ਦਰਮਿਆਨ ਸ਼ੁਰੂ ਹੋਇਆ ਕੂਟਨੀਤਕ ਤਣਾਅ ਠੱਲ੍ਹਣ ਦਾ ਨਾਂ ਨਹੀਂ ਲੈ ਰਿਹਾ ।

ਕੈਨੇਡਾ ਅਤੇ ਭਾਰਤ ਦੇ ਨੁਮਾਇੰਦਿਆਂ ਵੱਲੋਂ ਇੱਕ ਦੂਜੇ ਦੇ ਦੇਸਾਂ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਲਾਗਾਤਾਰ ਬਿਆਨ ਜਾਰੀ ਕੀਤੇ ਜਾ ਰਹੇ ਹਨ।

ਹਾਲ ਹੀ ਵੀ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ ਵਿੱਚ ਵੀ ਭਾਰਤੀ ਕੂਟਨੀਤਕ ਨੇ ਕੈਨੇਡਾ ਨੂੰ ਨਫ਼ਰਤੀ ਹਿੰਸਾ ਰੋਕਣ ਬਾਰੇ ਸੁਝਾਅ ਦਿੱਤੇ ਹਨ।

ਭਾਰਤ ਦੇ ਨਾਲ-ਨਾਲ ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੇ ਕੂਟਨੀਤਕਾਂ ਨੇ ਵੀ ਭਾਰਤ ਨਾਲ ਮਿਲਦੇ-ਜੁਲਦੇ ਬਿਆਨ ਦਿੱਤੇ ਹਨ।

10 ਨਵੰਬਰ ਨੂੰ ਹੀ ਕੈਨੇਡੀਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਬਾਰੇ ਆਪਣੇ ਇਲਜ਼ਾਮ ਮੁੜ ਦੁਹਰਾਏ ਸਨ।

ਭਾਰਤੀ ਕੂਟਨੀਤਕ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਭਾਰਤੀ ਕੂਟਨੀਤਕ ਮੁਹੰਮਦ ਹੁਸੈਨ

ਭਾਰਤੀ ਕੂਟਨੀਤਕ ਨੇ ਕੀ ਕਿਹਾ

ਭਾਰਤ ਨੇ ਕੈਨਡਾ ਵਿੱਚ ਧਾਰਮਿਕ ਥਾਵਾਂ ਉੱਤੇ ਹਮਲਿਆਂ ਨੂੰ ਰੋਕਣ ਅਤੇ ਨਫ਼ਰਤੀ ਭਾਸ਼ਣਾਂ ਨੂੰ ਰੋਕਣ ਦੇ ਲਈ ਕੈਨੇਡਾ ਨੂੰ ਕਦਮ ਚੁੱਕਣ ਲਈ ਸੁਝਾਅ ਦਿੱਤੇ ਹਨ।

ਭਾਰਤੀ ਕੂਟਨੀਤਕ ਮੁਹੰਮਦ ਹੁਸੈਨ ਨੇ ਕੌਂਸਲ ਮੀਟਿੰਗ ਵਿੱਚ ਆਪਣੇ ਸੰਬੋਧਨ ਵਿੱਚ ਕੈਨੇਡਾ ਦੇ ਦੋ ਕਾਨੂੰਨਾਂ ਦਾ ਜ਼ਿਕਰ ਕੀਤਾ।

ਇਹ ਕਾਨੂੰਨ ਹਨ – 'ਨੈਸ਼ਨਲ ਹਾਊਸਿੰਗ ਸਟਰੈਟਜੀ ਐਕਟ, ਅਸੈਸੀਬਲ ਕੈਨੇਡਾ ਐਕਟ' ਅਤੇ 'ਨੈਸ਼ਨਲ ਸਟਰੈਟਜੀ ਟੂ ਕੌਂਬੈਟ ਹਿਊਮਨ ਟ੍ਰੈਫਿਕਿੰਗ ਐਕਟ'।

ਭਾਰਤ ਨੇ ਇਹ ਵੀ ਸੁਝਾਅ ਦਿੱਤੇ ਕਿ ਕੈਨੇਡਾ ਨੂੰ ਆਪਣੇ ਘਰੇਲੂ ਕਾਨੂੰਨਾਂ ਨੂੰ ਹੋਰ ਅਸਰਦਾਰ ਬਣਾਉਣਾ ਚਾਹੀਦਾ ਹੈ, ਤਾਂ ਜੋ ਪ੍ਰਗਟਾਵੇ ਦੀ ਅਜ਼ਾਦੀ ਦੀ ਦੁਰਵਰਤੋਂ ਅਤੇ ਲੋਕਾਂ ਨੂੰ ਹਿੰਸਾ ਲਈ ਸੱਦਾ ਦੇਣ ਵਾਲੇ ਸਮੂਹਾਂ ਨੂੰ ਰੋਕਿਆ ਜਾ ਸਕੇ।।

ਭਾਰਤ ਨੇ ਕਿਹਾ ਕਿ ਕੈਨੇਡਾ ਨੂੰ ਕੱਟੜਵਾਦ ਫੈਲਾਉਣ ਵਾਲੇ ਸਮੂਹਾਂ, ਧਾਰਮਿਕ ਥਾਵਾਂ ਅਤੇ ਨਸਲੀ ਘੱਟਗਿਣਤੀਆਂ ਉੱਤੇ ਹਮਲੇ ਨੁੰ ਉਤਸ਼ਾਹਿਤ ਕਰਨ ਵਾਲਿਆਂ ਖਿਲਾਫ਼ ਕਾਰਵਾਈਆਂ ਕਰ ਕੇ ਨੱਥ ਪਾਉਣ ਲਈ ਕਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਨੂੰ ਨਫ਼ਰਤੀ ਭਾਸ਼ਣਾ ਅਤੇ ਅਪਰਾਧਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।”

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਭਾਰਤ ਨੇ ਸਵਿਜ਼ਰਲੈਂਡ ਦੇ ਜਨੇਵਾ ਵਿੱਚ ਹੋਈ ਸੰਯੁਕਤ ਰਾਸ਼ਟਰ ਹਿਊਮਨ ਰਾਈਟਸ ਕੌਂਸਲ ਰੀਵਿਊ ਮੀਟਿੰਗ ਵਿੱਚ ਕੈਨੇਡਾ ਬਾਰੇ ਮਤਾ ਪੇਸ਼ ਕੀਤਾ।

ਭਾਰਤ ਨੇ ਇਹ ਸੁਝਾਅ ਯੂਨੀਵਰਸਲ ਪਿਰਿਓਡਿਕ ਰਿਵਿਊ ਪ੍ਰਕਿਰਿਆ ਮੌਕੇ ਦਿੱਤੇ।

ਇਸ ਪ੍ਰਕਿਰਿਆ ਤਹਿਤ ਸੰਯੁਕਤ ਰਾਸ਼ਟਰ ਵਿੱਚ ਸ਼ਾਮਲ ਦੇਸ ਮਨੁੱਖੀ ਅਧਿਕਾਰਾਂ ਬਾਰੇ ਆਪਣੀ ਕਾਰਗੁਜਾਰੀ ਪੇਸ਼ ਕਰਦੇ ਹਨ।

ਇਸ ਕਾਰਗੁਜ਼ਾਰੀ ਦਾ ਮੁਲਾਂਕਣ ਯੂਐੱਨ ਹਿਊਮਨ ਰਾਈਟਸ ਕੌਂਸਲ(ਜਨੇਵਾ) ਵਿੱਚ ਸ਼ਾਮਲ 47 ਦੇਸਾਂ ਵੱਲੋਂ ਕੀਤਾ ਜਾਂਦਾ ਹੈ।

ਸ੍ਰੀਲੰਕਾ ਅਤੇ ਬੰਗਲਾਦੇਸ਼ ਸ੍ਰੀਨੇ ਕੀਕੀ ਲਿਆ ਸਟੈਂਡ

ਯੂਐੱਨ ਹਿਊਮਨ ਰਾਈਟਸ ਕੌਂਸਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਯੂਐੱਨ ਹਿਊਮਨ ਰਾਈਟਸ ਕੌਂਸਲ

ਇਸਦੇ ਨਾਲ ਹੀ ਬੰਗਲਾਦੇਸ਼ ਦੇ ਕੂਟਨੀਤਕ ਫੋਰਹਾਦ ਨੇ ਵੀ ਕੈਨੇਡਾ ਵੱਲੋਂ ਇਸ ਸਬੰਧ ਵਿੱਚ ਕੀਤੇ ਗਏ ਕਾਰਜ ਦੀ ਪ੍ਰਸ਼ੰਸਾ ਕਰਨ ਦੇ ਨਾਲ-ਨਾਲ ਨਸਲਵਾਦ ਅਤੇ ਘੱਟਗਿਣਤੀਆਂ ਨਾਲ ਵਿਤਕਰੇ ਨੂੰ ਰੋਕਣ ਲਈ ਸੁਝਾਅ ਦਿੱਤੇ।

ਉਨ੍ਹਾਂ ਕਿਹਾ, “ਬੰਗਲਾਦੇਸ਼, ਕੈਨੇਡਾ ਦਾ ਇਨ੍ਹਾਂ ਯਤਨਾਂ ਵਿੱਚ ਸਾਥ ਦਿੰਦਾ ਹੈ, ਬੰਗਲਾਦੇਸ਼ ਵੱਲੋਂ ਕੈਨੇਡਾ ਨੂੰ ਇਹ ਵੀ ਸੁਝਾਅ ਹਨ ਕਿ ਉਹ ਨਸਲਵਾਦ, ਨਫ਼ਰਤੀ ਭਾਸ਼ਣ, ਨਫ਼ਰਤੀ ਅਪਰਾਧ, ਪ੍ਰਵਾਸੀਆਂ ਅਤੇ ਮੁਸਲਮਾਨਾਂ ਨਾਲ ਹੁੰਦੇ ਵਿਤਕਰੇ ਨੂੰ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰੇ।”

ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਨੂੰ ਕਾਰਬਨ ਨਿਕਾਸੀ ਤੋਂ ਵਾਤਾਵਰਣ ਨੂੰ ਹੋਣ ਵਾਲੇ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ ਅੰਤਰਾਸ਼ਟਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰੇ।”

ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਨੂੰ ਪ੍ਰਵਾਸੀਆਂ, ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਦੇ ਲਈ ਅੰਤਰਾਸ਼ਟਰੀ ਸੰਧੀ ਸਵੀਕਾਰ ਕਰਨੀ ਚਾਹੀਦੀ ਹੈ।

ਇਸ ਦੇ ਨਾਲ ਹੀ ਸ੍ਰੀ ਲੰਕਾ ਦੇ ਕੂਟਨੀਤਕ ਥਿਲਿਨੀ ਜਿਆਸੇਕਰਾ ਨੇ ਵੀ ਕੈਨੇਡਾ ਨੂੰ ਇਹ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਇੰਟਰਨੈਸ਼ਨਲ ਕਨਵੈਂਸ਼ਨ ਓਨ ਦ ਪ੍ਰੋਟੈਕਸ਼ਨ ਔਫ਼ ਰਾਈਟਸ ਔਫ਼ ਆਲ ਮਾਈਗਰੈਂਟ ਵਰਕਰਜ਼ ਨੂੰ ਸਵੀਕਾਰ ਕਰਨਾ ਚਾਹੀਦਾ ਹੈ।”

ਇਹ ਵੀ ਪੜ੍ਹੋ-

ਜਸਟਿਨ ਟਰੂਡੋ ਨੇ ਮੁੜ ਦੁਹਰਾਏ ਇਲਜ਼ਾਮ

ਜਸਟਿਨ ਟਰੂਡੋ ਅਤੇ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੀ 20 ਦੇ ਦਿੱਲੀ ਸਮਾਗਮ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਹਾਲ ਹੀ ਵਿੱਚ ਕੈਨੇਡੀਆਈ ਪ੍ਰਧਾਨ ਮੰਤਰੀ ਨੇ ਆਪਣੇ ਖ਼ਦਸ਼ੇ ਨੂੰ ਮੁੜ ਦੁਹਰਾਇਆ ਗਿਆ ਸੀ।

ਟਰੂਡੋ ਨੇ ਕਿਹਾ ਸੀ, "ਕੈਨੇਡਾ ਇੱਕ ਅਜਿਹਾ ਦੇਸ ਹੈ, ਜੋ ਹਮੇਸ਼ਾ ਕਾਨੂੰਨ ਦੇ ਨਿਯਮਾਂ ਲਈ ਖੜ੍ਹਾ ਰਹਿੰਦਾ ਹੈ ਕਿਉਂਕਿ ਜੇਕਰ ਵੱਡੇ ਦੇਸ ਬਿਨਾਂ ਨਤੀਜੇ ਬਾਰੇ ਇਨ੍ਹਾਂ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਕਰਨਾ ਛੱਡ ਦੇਣ ਤਾਂ ਇਹ ਸਾਰੇ ਸੰਸਾਰ ਲਈ ਖ਼ਤਰਨਾਕ ਹੋ ਸਕਦਾ ਹੈ।"

"ਅਸੀਂ ਬੇਹੱਦ ਸਪੱਸ਼ਟ ਹਾਂ ਕਿ ਅਸੀਂ ਭਾਰਤ ਨਾਲ ਇਸ ਗੰਭੀਰ ਮੁੱਦੇ ਉੱਤੇ ਉਸਾਰੂ ਢੰਗ ਨਾਲ ਕੰਮ ਕਰਨਾ ਚਾਹੁੰਦੇ ਹਾਂ।"

ਟਰੂਡੋ ਨੇ ਕਿਹਾ, "ਸ਼ੁਰੂਆਤ ਵਿੱਚ ਅਸੀਂ ਇਲਜ਼ਾਮਾਂ ਨੂੰ ਸਾਂਝਾ ਕੀਤਾ, ਜਿਨ੍ਹਾਂ ਬਾਰੇ ਬੇਹੱਦ ਚਿੰਤਤ ਸੀ। ਅਸੀਂ ਭਾਰਤ ਸਰਕਾਰ ਅਤੇ ਸਾਰੇ ਸਾਡੇ ਭਾਈਵਾਲਾਂ ਨਾਲ ਇਸ ਮੁੱਦੇ ਦੀ ਜੜ੍ਹ ਤੱਕ ਜਾਣ ਲਈ ਗੱਲ ਕੀਤੀ।"

"ਇਸ ਲਈ ਅਸੀਂ ਬੇਹੱਦ ਨਿਰਾਸ਼ ਹਾਂ ਕਿ ਭਾਰਤ ਨੇ ਵਿਅਨਾ ਕੰਨਵੈਨਸ਼ਨ ਦੀ ਉਲੰਘਣਾ ਕੀਤੀ ਹੈ। ਇਸ ਲਈ ਜਦੋਂ ਭਾਰਤ ਨੇ ਵਿਅਨਾ ਕਨਵੈਨਸ਼ਨ ਦਾ ਉਲੰਘਣ ਕੀਤੀ ਅਤੇ 40 ਤੋਂ ਵੱਧ ਕੈਨੇਡਾ ਦੇ ਕੂਟਨੀਤਿਕਾਂ ਦੀ ਛੋਟ ਨੂੰ ਮਨ-ਮਰਜ਼ੀ ਨਾਲ ਰੱਦ ਕਰ ਦਿੱਤਾ ਤਾਂ ਅਸੀਂ ਬਹੁਤ ਨਿਰਾਸ਼ ਹੋਏ।"

ਜਸਟਿਨ ਟਰੂਡੋ ਨੇ ਅੱਗੇ ਕਿਹਾ, "ਇਸ ਬਾਰੇ ਸਾਡੇ ਨਜ਼ਰੀਏ ਤੋਂ ਸੋਚੋ। ਸਾਡੇ ਕੋਲ ਇਹ ਮੰਨਣ ਦੇ ਗੰਭੀਰ ਕਾਰਨ ਹਨ ਕਿ ਕੈਨੇਡਾ ਦੀ ਧਰਤੀ 'ਤੇ ਕੈਨੇਡੀਅਨ ਨਾਗਰਿਕ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਹੋ ਸਕਦੇ ਹਨ।"

"....ਅਤੇ ਇਸ 'ਤੇ ਭਾਰਤ ਦਾ ਜਵਾਬ ਵਿਅਨਾ ਕਨਵੈਨਸ਼ਨ ਦੀ ਉਲੰਘਣਾ ਕਰਕੇ ਕੈਨੇਡਾ ਦੇ ਕੂਟਨੀਤਿਕਾਂ ਦੇ ਪੂਰੇ ਸਮੂਹ ਨੂੰ ਬਾਹਰ ਕੱਢਣਾ ਸੀ।"

"ਇਹ ਦੁਨੀਆਂ ਭਰ ਦੇ ਮੁਲਕਾਂ ਲਈ ਚਿੰਤਾ ਦਾ ਵਿਸ਼ਾ ਹੈ। ਜਦੋਂ ਕਿਸੇ ਦੇਸ ਨੂੰ ਲੱਗਦਾ ਹੈ ਕਿ ਉਸ ਦੇ ਕੂਟਨੀਤਿਕ ਦੂਜੇ ਦੇਸ ਵਿੱਚ ਸੁਰੱਖਿਅਤ ਨਹੀਂ ਹਨ, ਤਾਂ ਇਹ ਸਥਿਤੀ ਅੰਤਰਰਾਸ਼ਟਰੀ ਸਬੰਧਾਂ ਨੂੰ ਹੋਰ ਖ਼ਤਰਨਾਕ ਅਤੇ ਗੰਭੀਰ ਬਣਾ ਦਿੰਦੀ ਹੈ।"

" ਅਸੀਂ ਇਸ ਮੁੱਦੇ 'ਤੇ ਲੜਾਈ ਨਹੀਂ ਚਾਹੁੰਦੇ, ਭਾਰਤ ਨਾਲ ਕੰਮ ਕਰਦੇ ਰਹਾਂਗੇ। ਅਸੀਂ ਹਰ ਕਦਮ 'ਤੇ ਭਾਰਤ ਨਾਲ ਉਸਾਰੂ ਅਤੇ ਸਕਾਰਾਤਮਕ ਢੰਗ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਅਸੀਂ ਅਜਿਹਾ ਕਰਦੇ ਰਹਾਂਗੇ।"

ਕੀ ਹੈ ਮਸਲਾ

ਹਰਦੀਪ ਸਿੰਘ ਨਿੱਝਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰੀ ਵਿਖੇ ਉਹ ਗੁਰਦੁਆਰਾ ਜਿੱਥੋਂ ਦੇ ਹਰਦੀਪ ਸਿੰਘ ਨਿੱਝਰ ਪ੍ਰਧਾਨ ਸਨ

ਕੈਨੇਡਾ ਅਤੇ ਭਾਰਤ ਦਰਮਿਆਨ ਤਣਾਅ ਇਸੇ ਸਾਲ ਸਤੰਬਰ ਵਿੱਚ ਸ਼ੁਰੂ ਹੋਇਆ ਸੀ।

ਕੈਨੇਡੀਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਇਹ ਇਲਜ਼ਾਮ ਲਾਏ ਸਨ ਕਿ ਭਾਰਤੀ ਏਜੰਸੀਆਂ ਕੈਨੇਡਾ ਦੀ ਧਰਤੀ ਉੱਤੇ ਕੈਨੇਡਾ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਸ਼ਮੂਲੀਅਤ ਰਹੀ ਹੈ।

ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਨੂੰਦਜੂਨ 2023 ਵਿੱਚਸਰੀ ਵਿੱਚ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।

ਇਸ ਬਿਆਨ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਸੀਨੀਅਰ ਡਿਪਲੋਮੇਟ ਪਵਨ ਕੁਮਾਰ ਰਾਏ ਨੂੰ ਮੁਲਕ ਵਿੱਚੋਂ ਕੱਢ ਦਿੱਤਾ ਸੀ। ਜਵਾਬੀ ਕਾਰਵਾਈ ਵਿੱਚ ਭਾਰਤ ਨੇ ਵੀ ਕੈਨੇਡਾ ਦੇ ਸੀਨੀਅਰ ਡਿਪਲੋਮੇਟ ਨੂੰ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਦਾ ਹੁਕਮ ਦਿੱਤਾ ਹੈ।

ਇਸ ਮਾਮਲੇ 'ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ , ''ਭਾਰਤ ਨੇ ਕੈਨੇਡੀਅਨ ਡਿਪਲੋਮੈਟ ਨੂੰ ਕੱਢ ਦਿੱਤਾ ਹੈ। ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਭਾਰਤ ਸਰਕਾਰ ਦੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਗਈ ਹੈ। ਸਬੰਧਤ ਡਿਪਲੋਮੈਟ ਨੂੰ ਅਗਲੇ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਲਈ ਕਿਹਾ ਗਿਆ ਹੈ।”

"ਇਹ ਫੈਸਲਾ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਕੈਨੇਡੀਅਨ ਡਿਪਲੋਮੈਟਾਂ ਦੀ ਦਖਲਅੰਦਾਜ਼ੀ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਲੈ ਕੇ ਭਾਰਤ ਸਰਕਾਰ ਦੀ ਵੱਧ ਰਹੀ ਚਿੰਤਾ ਨੂੰ ਦਰਸਾਉਂਦਾ ਹੈ।"

ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

ਅਗਲੇ ਕੁਝ ਦਿਨਾਂ ਵਿੱਚ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ਦੀਆਂ ਸੇਵਾਵਾਂ ਰੱਦ ਕਰ ਦਿੱਤੀਆਂ ਸਨ, ਇਸ ਪਿੱਛੇ ਦੂਤਾਵਾਸ ਦੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਖਤਰਾ ਦੱਸਿਆ ਗਿਆ ਸੀ।

ਭਾਰਤੀ ਹਾਈ ਕਮਿਸ਼ਨ

ਤਸਵੀਰ ਸਰੋਤ, Dave Chan/ Getty Images

ਤਸਵੀਰ ਕੈਪਸ਼ਨ, ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਦੀ ਤਸਵੀਰ

ਭਾਰਤ-ਕੈਨੇਡਾ ਮਸਲਾ: ਹੁਣ ਤੱਕ ਕੀ ਕੁਝ ਹੋਇਆ

  • ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਏਜੰਸੀਆਂ ਦੇ ਹਵਾਲੇ ਨਾਲ ਨਿੱਝਰ ਕਤਲ ਕੇਸ ਅਤੇ ਭਾਰਤ ਸਰਕਾਰ ਵਿਚਾਲੇ ਪ੍ਰਤੱਖ਼ ਲਿੰਕ ਹੋਣ ਦੀ ਗੱਲ ਕਹੀ ਸੀ।
  • ਇਸ ਬਿਆਨ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਸੀਨੀਅਰ ਡਿਪਲੋਮੇਟ ਪਵਨ ਕੁਮਾਰ ਰਾਏ ਨੂੰ ਮੁਲਕ ਵਿੱਚੋਂ ਕੱਢ ਦਿੱਤਾ।
  • ਭਾਰਤ ਨੇ ਵੀ ਮੰਗਲਵਾਰ ਕੈਨੇਡਾ ਦੇ ਸੀਨੀਅਰ ਡਿਪਲੋਮੇਟ ਨੂੰ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਦਾ ਹੁਕਮ ਦਿੱਤਾ ਹੈ।
  • ਭਾਰਤ ਸਰਕਾਰ ਨੇ ਇਸ ਬਿਆਨ ਨੂੰ ਬੇ-ਬੁਨਿਆਦ ਅਤੇ ਸਿਆਸੀ ਤੌਰ ਉੱਤੇ ਪ੍ਰੇਰਿਤ ਕਰਾਰ ਦਿੱਤਾ ਸੀ।
  • 21 ਸਤੰਬਰ ਨੂੰ ਨਿਊਯਾਰਕ ਵਿੱਚ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੇ ਇਲਜ਼ਾਮ ਦੁਹਰਾਏ, “ਇਸ ਗੱਲ ਉੱਤੇ ਭਰੋਸਾ ਕਰਨ ਲਈ ਪੁਖ਼ਤਾ ਕਾਰਨ ਹਨ ਕਿ ਭਾਰਤੀ ਏਜੰਟ ਇੱਕ ਕੈਨੇਡੀਅਨ ਨਾਗਰਿਕ ਦੇ ਕੈਨੇਡੀਅਨ ਧਰਤੀ ਉੱਤੇ ਹੋਏ ਕਤਲ ਵਿੱਚ ਸ਼ਾਮਿਲ ਹਨ।”
  • ਇਸ ਵਿਵਾਦ ਦੇ ਚਲਦਿਆਂ ਦੋਵੇਂ ਦੇਸ਼ਾਂ ਨੇ ਆਪਣੇ-ਆਪਣੇ ਨਾਗਰਿਕਾਂ ਨੂੰ ਇੱਕ-ਦੂਜੇ ਦੇ ਦੇਸ਼ 'ਚ ਰਹਿਣ ਜਾਂ ਯਾਤਰਾ ਦੌਰਾਨ ਵਧੇਰੇ ਸਾਵਧਾਨ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ।
  • ਇਸੇ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਟਰੂ਼ਡੋ ਵਲੋਂ ਲਾਏ ਇਲਜ਼ਾਮਾਂ ਦੀ ਵਿਸਥਾਰਤ ਜਾਂਚ ਦਾ ਸਮਰਥਕ ਹੈ ਅਤੇ ਭਾਰਤ ਨੂੰ ਇਸ ਮਸਲੇ ਉੱਤੇ ਸਹਿਯੋਗ ਕਰਨਾ ਚਾਹੀਦਾ ਹੈ।
  • ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਮਹਿਲਾ ਬੁਲਾਰੇ ਮੁਮਤਾਜ਼ ਜ਼ਾਹਰਾ ਬਲੋਚ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ''ਇਹ ਇੱਕ ਲਾਪਰਵਾਹ ਅਤੇ ਗ਼ੈਰ-ਜ਼ਿੰਮੇਦਾਰ ਹਰਕਤ ਹੈ ਜੋ ਇੱਕ ਭਰੋਸੇਯੋਗ ਅੰਤਰ-ਰਾਸ਼ਟਰੀ ਸਹਿਯੋਗੀ ਦੇ ਰੂਪ 'ਚ ਭਾਰਤ ਦੀ ਭਰੋਸੇਯੋਗਤਾ 'ਤੇ ਸਵਾਲ ਹੈ।’’
  • 20 ਅਕਤੂਬਰ ਨੂੰ ਕੈਨੇਡਾ ਵੱਲੋਂ ਭਾਰਤ ਵਿੱਚਲੇ ਆਪਣੇ 41 ਕੂਟਨੀਤਕਾਂ ਨੂੰ ਵਾਪਸ ਬੁਲਾਇਆ ਗਿਆ।
  • 25 ਅਕਤੂਬਰ ਨੂੰ ਭਾਰਤ ਦੇ ਕੈਨੇਡਾ ਦੇ ਨਾਗਰਿਕਾਂ ਲਈ ਚਾਰ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)