ਇੰਗਲੈਂਡ 'ਚ ਤੇਜ਼ੀ ਨਾਲ ਵਧੇ ਰਵਿਦਾਸੀਆ ਭਾਈਚਾਰੇ ਨੇ ਵੁਲਵਰਹੈਂਪਟਨ ’ਚ ਵਿਸ਼ਾਲ ਗੁਰਦੁਆਰਾ ਬਣਾਇਆ

- ਲੇਖਕ, ਬੈਨ ਗੌਡਫ੍ਰੇਅ
- ਰੋਲ, ਬੀਬੀਸੀ ਪੱਤਰਕਾਰ
ਸਾਲ 1950 ਦੇ ਦਹਾਕੇ ਵਿੱਚ ਵੁਲਵਰਹੈਂਪਟਨ ਵਿੱਚ ਇੱਕ ਛੋਟੇ ਜਿਹੇ ਭਾਈਚਾਰੇ ਵਜੋਂ ਸ਼ੁਰੂਆਤ ਤੋਂ ਬਾਅਦ ਹੁਣ ਸਿੱਖ ਭਾਈਚਾਰਾ ਬਰਤਾਨੀਆਂ ਵਿੱਚ ਸਭ ਤੋਂ ਤੇਜ਼ੀ ਨਾਲ ਵੱਧਣ ਵਾਲੇ ਲੋਕਾਂ ਵਿੱਚੋਂ ਇੱਕ ਬਣ ਗਿਆ ਹੈ।
ਰਵਿਦਾਸੀਆ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਵੁਲਵਰਹੈਂਪਟਨ ਵਿੱਚ ਇੱਕ ਨਵਾਂ ਗੁਰਦੁਆਰਾ ਬਣਾਉਣ ਦਾ ਮੌਕਾ ਉਨ੍ਹਾਂ ਦੀਆਂ ਪੀੜ੍ਹੀਆਂ ਲਈ ਇੱਕ ਚੰਗਾ ਮੌਕਾ ਹੋਵੇਗਾ।
ਬੀਬੀਸੀ ਨੇ ਭਾਈਚਾਰੇ ਦੇ ਉਨ੍ਹਾਂ ਮੈਂਬਰਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਗੁਰਦੁਆਰੇ ਦੀ ਉਸਾਰੀ ਲਈ ਲੱਖਾਂ ਪੌਂਡ ਇਕੱਠੇ ਕੀਤੇ।
ਇਸ ਭਾਈਚਾਰੇ ਨੂੰ 2009 ਤੋਂ ਪਹਿਲਾਂ ਸਿੱਖ ਧਰਮ ਵਿੱਚ ਇੱਕ ਸੰਪਰਦਾ ਮੰਨਿਆ ਜਾਂਦਾ ਸੀ, ਪਰ ਹੁਣ ਇਸ ਸ਼ਹਿਰ ਵਿੱਚ ਯੂਕੇ ਵਿੱਚ ਸਭ ਤੋਂ ਵੱਡੇ ਸਮੂਹਾਂ ਵਿੱਚੋਂ ਇੱਕ ਹੈ।
ਹੁਣ ਸ਼ਰਧਾਲੂਆਂ ਦੀ ਗਿਣਤੀ ਵੱਧਣ ਤੋਂ ਬਾਅਦ ਭਾਈਚਾਰੇ ਨੂੰ ਇੱਕ ਵੱਡੇ ਗੁਰਦੁਆਰੇ ਦੀ ਲੋੜ ਮਹਿਸੂਸ ਹੋਣ ਲੱਗੀ।

ਤਸਵੀਰ ਸਰੋਤ, THORNE ARCHITECTURE
ਇਲਾਕੇ ਵਿੱਚ ਵੱਡੀ ਗਿਣਤੀ ਭਾਈਚਾਰਾ
ਸ਼ਰਧਾਲੂਆਂ ਦੀ ਗਿਣਤੀ ਵਧਣ ਕਾਰਨ ਡੂਡਲੈ ਰੋਡ 'ਤੇ ਸਥਿਤ ਸ਼੍ਰੀ ਗੁਰੂ ਰਵਿਦਾਸ ਗੁਰਦੁਆਰੇ ਨੂੰ ਅਗਲੇ ਸਾਲ ਢਾਹ ਦਿੱਤਾ ਜਾਵੇਗਾ।
ਜਿਹੜਾ ਗੁਰਦੁਆਰਾ ਨਵਾਂ ਉਸਾਰਿਆ ਜਾ ਰਿਹਾ ਹੈ, ਉਸ ਵਿੱਚ 1200 ਦੇ ਕਰੀਬ ਲੋਕਾਂ ਦੇ ਬੈਠਣ ਦੀ ਵਿਵਸਥਾ ਹੈ।
ਗੁਰਦੁਆਰੇ ਦੇ ਜਨਰਲ ਸਕੱਤਰ ਬਲਦੇਵ ਮਹੇ ਨੇ ਦਾਅਵਾ ਕੀਤਾ ਹੈ ਕਿ, ''ਅਸੀਂ ਦੁਨੀਆ ਦੇ ਪਹਿਲੇ ਗੁਰੂ ਰਵਿਦਾਸ ਜੀ ਗੁਰਦੁਆਰੇ 'ਚ ਖੜ੍ਹੇ ਹਾਂ।”
ਉਨ੍ਹਾਂ ਨੇ ਕਿਹਾ,"ਪਰ ਨਵੀਂ ਪੀੜ੍ਹੀ ਨਵੀਆਂ ਸਹੂਲਤਾਂ, ਨਵੀਂ ਤਕਨੀਕ ਚਾਹੁੰਦੀ ਹੈ, ਉਹ ਇੱਥੇ ਸਭ ਕੁਝ ਚਾਹੁੰਦੇ ਹਨ।"
ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਨਵੀਂ ਇਮਾਰਤ ਨੂੰ ਬਣਾਉਣ ਲਈ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ, ਜਿਸ 'ਤੇ 30 ਲੱਖ ਪੌਡ ਤੋਂ ਵੱਧ ਦੀ ਲਾਗਤ ਆ ਸਕਦੀ ਹੈ।
ਯੋਜਨਾਵਾਂ ਵਿੱਚ ਛੱਤ ਦੇ ਗੁੰਬਦ ਅਤੇ ਇੱਕ ਵੱਡੇ ਅਰਦਾਸ ਵਾਲਾ ਹਾਲ ਦੇ ਨਾਲ-ਨਾਲ ਆਉਣ ਵਾਲੇ ਪਰਿਵਾਰਾਂ ਲਈ ਸਹੂਲਤਾਂ ਵੀ ਸ਼ਾਮਲ ਹਨ।
ਇਸ ਪ੍ਰੋਜੈਕਟ ਵਿੱਚ ਇੱਕ ਲੰਗਰ ਹਾਲ ਦੀ ਵੀ ਵਿਵਸਥਾ ਹੈ।

1950’ਚ ਭਾਰਤ ਤੋਂ ਇੰਗਲੈਂਡ ਆਇਆ ਭਾਈਚਾਰਾ
1950 ਦੇ ਦਹਾਕੇ ਦੇ ਅਖ਼ੀਰ ਵਿੱਚ, ਇਸ ਭਾਈਚਾਰੇ ਦਾ ਇੱਕ ਛੋਟਾ ਸਮੂਹ ਭਾਰਤ ਤੋਂ ਵੁਲਵਰਹੈਂਪਟਨ ਵਿੱਚ ਆ ਕੇ ਵਸਿਆ ਸੀ। ਇੱਕ ਨਵੀਂ ਪਛਾਣ ਬਣਾਉਣ ਲਈ ਦ੍ਰਿੜ ਸੰਕਲਪ ਨਾਲ ਇਹ ਭਾਈਚਾਰਾ ਬਰਾਬਰੀ ਅਤੇ ਜਾਤੀ ਭੇਦਭਾਵਾਂ ਨੂੰ ਮੁਕਾਉਣ ਲਈ ਕੰਮ ਕਰ ਰਿਹਾ ਹੈ।
ਭਾਰਤ ਵਿੱਚ ਇਹ ਇੱਕ ਅੰਦੋਲਨ ਸੀ ਜੋ 1947 ਵਿੱਚ ਦੇਸ ਦੀ ਵੰਡ ਤੋਂ ਬਾਅਦ ਮਜ਼ਬੂਤ ਹੋਇਆ ਸੀ।
ਸ਼ੁਰੂ ਵਿੱਚ ਉਨ੍ਹਾਂ ਨੇ ਘਰ-ਘਰ ਜਾ ਕੇ ਇੱਕ ਨਵੇਂ ਗੁਰਦੁਆਰੇ ਲਈ ਫੰਡ ਇਕੱਠਾ ਕੀਤਾ ਅਤੇ ਸਾਲਾਂ ਬਾਅਦ ਉਨ੍ਹਾਂ ਨੇ ਡੂਡਲੇ ਰੋਡ 'ਤੇ ਮੌਜੂਦਾ ਗੁਰਦੁਆਰੇ ਨੂੰ ਖੋਲ੍ਹਿਆ।
ਰਵਿਦਾਸੀਆ ਮੱਤ ਨੂੰ ਮੰਨਣ ਵਾਲਿਆਂ ਦੀ ਗਿਣਤੀ ਹਾਲ ਹੀ ਦੇ ਸਾਲਾਂ ਵਿੱਚ ਵੈਸਟ ਮਿਡਲੈਂਡਜ਼ ਵਿੱਚ ਹੈਰਾਨੀਜਨਕ ਤਰੀਕੇ ਨਾਲ ਵਧੀ। ਇਸ ਦਾ ਇੱਕ ਕਾਰਨ ਭਾਈਚਾਰੇ ਦੇ ਲੋਕਾਂ ਦੇ ਭਾਰਤ ਤੋਂ ਪ੍ਰਵਾਸ ਵਿੱਚ ਵਾਧਾ ਵੀ ਹੈ।
2021 ਦੀ ਮਰਦਮਸ਼ੁਮਾਰੀ ਵਿੱਚ ਵੁਲਵਰਹੈਂਪਟਨ ਰਾਮਦਾਸੀਆ ਭਾਈਚਾਰੇ ਦੇ ਲੋਕ ਕਰੀਬ 20,400 ਸਨ। ਇਹ ਸਾਰੇ ਭਾਰਤ ਤੋਂ ਆਏ ਸਨ ਅਤੇ 2011 ਵਿੱਚ ਭਾਈਚਾਰੇ ਦੇ 15,000 ਹੋਰ ਲੋਕ ਭਾਰਤ ਬਰਤਾਨੀਆਂ ਆ ਗਏ ਸਨ।

ਮਾਹਰਾਂ ਨੇ ਕੀ ਦੱਸਿਆ
ਯੂਨੀਵਰਸਿਟੀ ਆਫ਼ ਵੁਲਵਰਹੈਂਪਟਨ ਦੇ ਸਿੱਖ ਸਟੱਡੀਜ਼ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਓਪਿੰਦਰਜੀਤ ਤੱਖਰ ਨੇ ਕਿਹਾ ਕਿ 2011 ਦੀ ਮਰਦਮਸ਼ੁਮਾਰੀ ਵਿੱਚ ਇੱਕ ਵੱਡਾ ਫ਼ਰਕ ਨਜ਼ਰ ਆਇਆ।
ਉਨ੍ਹਾਂ ਨੇ ਕਿਹਾ ਕਿ ਮਰਦਮਸ਼ੁਮਾਰੀ ਦੌਰਾਨ ਤਕਰੀਬਨ 11,000 ਰਵਿਦਾਸੀਆ ਨੇ 'ਹੋਰ' ਵਾਲੇ ਖਾਨੇ 'ਤੇ ਨਿਸ਼ਾਨ ਲਗਾਇਆ ਕਿਉਂਕਿ ਲਿਸਟ ਵਿੱਚ ਸਿੱਖ ਧਰਮ ਸਮੇਤ ਹੋਰ ਕਿਸੇ ਵੀ ਧਰਮ ਦਾ ਨਿਸ਼ਾਨ ਨਹੀਂ ਸੀ।
"ਇਹ ਅਹਿਮ ਹੈ ਕਿ ਕਮਿਊਨਿਟੀ ਕਿਵੇਂ ਅੱਗੇ ਵਧੀ ਹੈ, ਖ਼ਾਸ ਤੌਰ 'ਤੇ ਨੌਜਵਾਨ ਪੀੜ੍ਹੀ ਲਈ, ਜੋ ਚੀਜ਼ਾਂ ਨੂੰ ਵੱਖਰੇ ਨਜ਼ਰੀਏ ਤੋਂ ਦੇਖਦੇ ਹਨ।"
"ਜੋ ਤਰੀਕਾ ਭਾਈਚਾਰੇ ਲਈ 20 ਸਾਲ ਪਹਿਲਾਂ ਕੰਮ ਕਰਦਾ ਸੀ, ਉਹ ਅੱਜ ਸਮਾਜ ਵਿੱਚ ਕੰਮ ਨਹੀਂ ਕਰਦਾ।"

ਡਾਕਟਰ ਤੱਖਰ ਨੇ ਕਿਹਾ ਕਿ ਵੁਲਵਰਹੈਂਪਟਨ ‘ਅਸਲ ਵਿੱਚ ਬਹੁਤ ਵੱਖ-ਵੱਖ ਵਿਸ਼ਵਾਸ ਰੱਖਣ ਵਾਲਿਆਂ ਦਾ ਸ਼ਹਿਰ’ ਹੈ।
ਉਨ੍ਹਾਂ ਕਿਹਾ, "ਨੌਜਵਾਨ ਪੀੜ੍ਹੀ ਦੀਆਂ ਲੋੜਾਂ ਨੂੰ ਸੰਬੋਧਿਤ ਕਰਨਾ ਬਹੁਤ ਜ਼ਰੂਰੀ ਹੈ, ਖਾਸ ਤੌਰ 'ਤੇ ਇੱਕ ਵਿਸ਼ਵਾਸ ਵਿੱਚ ਜੋ ਅਜੇ ਵੀ ਵਧ ਰਿਹਾ ਹੈ, ਇਸ ਲਈ ਇੱਕ ਅਜਿਹੇ ਢਾਂਚੇ ਦੀ ਬਹੁਤ ਲੋੜ ਹੈ ਜਿਸ ਨਾਲ ਉਨ੍ਹਾਂ ਦਾ ਵਿਸ਼ਵਾਸ਼ ਬਣਿਆ ਰਹੇ।"

ਰਵੀਦਾਸ ਭਾਈਚਾਰਾ
ਗੁਰੂ ਰਵਿਦਾਸ, 14ਵੀਂ ਸਦੀ ਦੇ ਗੁਰੂ ਹਨ, ਜਿਨ੍ਹਾਂ ਨੇ ਜਾਤ-ਪਾਤ ਅਤੇ ਵਰਗ ਬਰਾਬਰਤਾ ਦਾ ਪ੍ਰਚਾਰ ਕੀਤਾ। ਦੁਨੀਆ ਭਰ ਵਿੱਚ ਇਸ ਭਾਈਚਾਰੇ ਦੇ ਕਰੀਬ 50 ਲੱਖ ਲੋਕ ਹਨ।
ਮਹੇ ਨੇ ਦੱਸਿਆ ਕਿ ਉਨ੍ਹਾਂ ਦਾ ਵਿਸ਼ਵਾਸ ਵਿਲੱਖਣ ਹੈ ਪਰ ਰਵਾਇਤੀ ਸਿੱਖ ਧਰਮ ਨਾਲ ਮੇਲ ਖਾਂਦਾ ਹੈ।
ਉਨ੍ਹਾਂ ਕਿਹਾ, "ਕਿਸੇ ਵੀ ਤਰ੍ਹਾਂ ਦਾ ਕੋਈ ਤਣਾਅ ਨਹੀਂ ਹੈ, ਅਸੀਂ ਜੋ ਸਾਡੇ ਗੁਰੂ ਨੇ ਸਾਨੂੰ ਦੱਸਿਆ ਹੈ, ਉਸ ਦਾ ਅਭਿਆਸ ਕਰਦੇ ਹਾਂ।"
“ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਸਾਡੀ ਆਪਣੀ ਪਛਾਣ ਹੈ, ਅਸੀਂ ਭਾਰਤ ਦੇ ਮੂਲ ਵਾਸੀ ਹਾਂ।''
"ਇਹ ਬਹੁਤ ਮਹੱਤਵਪੂਰਨ ਹੈ ਕਿ ਜਦੋਂ ਨੌਜਵਾਨ ਇੱਥੇ ਆਉਂਦੇ ਹਨ, ਤਾਂ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਦਾ ਪਤਾ ਲੱਗਦਾ ਹੈ, ਆਪਣੀ ਹੋਂਦ ਦਾ ਅਹਿਸਾਸ ਹੁੰਦਾ ਹਨ।"

ਵੱਡੇ ਹਾਲ ਦੀ ਲੋੜ ਕਦੋਂ ਮਹਿਸੂਸ ਹੋਈ?
ਦੀਵਾਲੀ ਮੌਕੇ ਰਵਿਦਾਸੀਆ ਗੁਰਦੁਆਰੇ ਵਿੱਚ 4000 ਦੇ ਕਰੀਬ ਸ਼ਰਧਾਲੂ ਆਏ ਸਨ ਜਿਸ ਤੋਂ ਬਾਅਦ ਕਮੇਟੀ ਨੂੰ ਮਹਿਸੂਸ ਹੋਇਆ ਕਿ ਵੱਡੇ ਗੁਰਦੁਆਰਾ ਹਾਲ ਦੀ ਲੋੜ ਜਲਦ ਪੂਰੀ ਕਰਨੀ ਚਾਹੀਦੀ ਹੈ।
ਦਿਵਾਲੀ ਮੌਕੇ ਇੰਨੇ ਲੋਕਾਂ ਦਾ ਇਕੱਠੇ ਹੋਣਾ ਇੱਕ ਅਜਿਹਾ ਦ੍ਰਿਸ਼ ਸਿਰਜਦਾ ਹੈ ਜੋ ਭਾਈਚਾਰੇ ਦੇ ਨਾਲ ਨਾਲ ਹੋਰ ਲੋਕਾਂ ਦੇ ਮਨਾਂ ਵਿੱਚ ਵੀ ਜਗ੍ਹਾ ਬਣਾਉਂਦਾ ਹੈ।
ਸੁਨੀਤਾ ਦੇ ਤਿੰਨ ਬੱਚੇ ਹਨ ਅਤੇ ਉਹ ਮੌਜੂਦਾ ਗੁਰਦੁਆਰੇ ਵਿੱਚ ਪਾਠ ਕਰਨ ਆਉਂਦੇ ਹਨ। ਉਨ੍ਹਾਂ ਦੇ ਮਾਪਿਆਂ ਦਾ ਵਿਆਹ ਵੀ ਇਸੇ ਗੁਰਦੁਆਰੇ ਵਿੱਚ ਹੋਇਆ ਸੀ। ਉਨ੍ਹਾਂ ਦੇ ਦਾਦਾ-ਦਾਦੀ ਇਸ ਇਮਾਰਤ ਦੀ ਨੀਂਹ ਰੱਖਣ ਵਾਲਿਆਂ ਵਿੱਚ ਸ਼ਾਮਲ ਸਨ।
ਉਹ ਕਹਿੰਦੇ ਹਨ,"ਇਸ ਸਭ ਦੀ ਮੇਰੇ ਲਈ ਬਹੁਤ ਅਹਿਮੀਅਤ ਹੈ।"
"ਹੁਣ ਪਰਿਵਾਰ ਵੱਡੇ ਹੋ ਗਏ ਹਨ। ਤਿੰਨ ਚਾਰ ਪੀੜ੍ਹੀਆਂ ਵੱਡੇ।”
"ਕੋਵਿਡ ਤੋਂ ਬਾਅਦ ਵੱਡੀ ਗਿਣਤੀ ਲੋਕ ਪਾਠ ਕਰਨ, ਅਰਦਾਸ ਕਰਨ ਗੁਰਦੁਆਰੇ ਆਏ ਤੇ ਇੱਕ ਵੱਡੇ ਗੁਰਦੁਆਰੇ ਦੀ ਲੋੜ ਮਹਿਸੂਸ ਕੀਤੀ ਗਈ।"












