ਪੂਣੇ 'ਚ ਮਿਲਿਆ ਬਘਿਆੜ-ਕੁੱਤੇ ਦੀ ਦੋਗਲੀ ਨਸਲ ਦਾ ਜੀਵ, ਇਹ ਸਾਡੇ ਲਈ ਖ਼ਤਰੇ ਦੀ ਘੰਟੀ ਕਿਉਂ

ਤਸਵੀਰ ਸਰੋਤ, The Grasslands Trust
- ਲੇਖਕ, ਜਾਨਵੀ ਮੂਲੇ
- ਰੋਲ, ਬੀਬੀਸੀ ਪੱਤਕਰਕਾਰ
"ਅਸੀਂ ਟਹਿਲ ਰਹੇ ਸੀ ਜਦ ਅਚਾਨਕ ਸਾਡੀ ਨਜ਼ਰ ਉਸ ਅਜੀਬ ਜਾਨਵਰ 'ਤੇ ਗਈ। ਉਹ ਇੱਕ ਬਘਿਆੜ ਵਰਗਾ ਤਾਂ ਲੱਗ ਰਿਹਾ ਸੀ ਪਰ ਅਸੀਂ ਇਹ ਪੂਰੇ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਉਹ ਬਘਿਆੜ ਹੀ ਸੀ ਜਾਂ ਨਹੀਂ। ਉਹ ਸਲੇਟੀ ਰੰਗ (ਗਰੇ) ਦਾ ਨਹੀਂ ਸਗੋਂ ਭੂਰੇ ਰੰਗ ਦਾ ਸੀ।"
ਇਹ ਗੱਲ 2014 ਦੀ ਹੈ। ਜਦੋਂ ਪੱਛਮੀ ਭਾਰਤ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਪੂਣੇ ਦੇ ਘਾਹ ਦੇ ਮੈਦਾਨ ਵਾਲੇ ਖੇਤਰ ਵਿੱਚ ਸਿਧੇਸ਼ ਬ੍ਰਹਮਨਕਰ ਇੱਕ ਦਿਨ ਟਹਿਲ ਰਹੇ ਸਨ ਤੇ ਉਥੇ ਉਨ੍ਹਾਂ ਨੇ ਇੱਕ ਅਜੀਬ ਕਿਸਮ ਦਾ ਜਾਨਵਰ ਦੇਖਿਆ।
ਉਸ ਜਾਨਵਰ ਨੂੰ ਦੇਖ ਕੇ ਉਹ ਉਲਝਣ ਵਿੱਚ ਪੈ ਗਏ ਕਿ ਕੀ ਇਹ ਇੱਕ ਬਘਿਆੜ ਹੈ ਜਾਂ ਜਾਨਵਰਾਂ ਦੀ ਕੋਈ ਹੋਰ ਨਸਲ ਹੈ।
ਸਿਧੇਸ਼ ਬ੍ਰਹਮਨਕਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੂਣੇ ਦੇ 'ਗਰਾਸਲੈਂਡ ਟਰੱਸਟ' ਤੋਂ ਉਸ ਇਲਾਕੇ ਵਿੱਚ ਘੁੰਮਦੇ ਅਜਿਹੀ ਕਿਸਮ ਦੇ ਹੋਰ ਜਾਨਵਰਾਂ ਦੀਆਂ ਕਹਾਣੀਆਂ ਸੁਣਨ ਨੂੰ ਮਿਲੀਆਂ।
ਇਹ 'ਗਰਾਸਲੈਂਡ ਟਰੱਸਟ' ਦੀ ਅਗਵਾਈ ਨਾਗਰਿਕਾਂ ਦਾ ਇੱਕ ਸਾਂਭ-ਸੰਭਾਲ ਸਮੂਹ ਕਰ ਰਿਹਾ ਹੈ।
ਇਹ ਕਹਾਣੀਆਂ ਸੁਣਨ ਮਗਰੋਂ ਸਿਧੇਸ਼ ਬ੍ਰਹਮਨਕਰ ਆਪਣੇ ਸਾਥੀਆਂ ਨਾਲ ਅਜਿਹੇ ਜਾਨਵਰਾਂ ਦੀ ਨਸਲ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਵਿੱਚ ਜੁੱਟ ਗਏ।

ਗਰਾਸਲੈਂਡ ਟਰੱਸਟ ਦੇ ਸੰਸਥਾਪਕ ਤੇ ਮੁਖੀ ਮੀਹੀਰ ਗੋਡਬੋਲੇ ਨੇ ਵੀ ਯਾਦ ਕਰਦਿਆਂ ਦੱਸਿਆ, "ਲਾਕਡਾਊਨ ਦੌਰਾਨ ਪੂਣੇ ਦੇ ਨੇੜੇ ਸਾਡੀ ਨਜ਼ਰ ਭੂਰੇ ਰੰਗ ਵਾਲੇ ਅਜਿਹੇ ਹੋਰ ਵੀ ਜਾਨਵਰਾਂ 'ਤੇ ਗਈ ਸੀ।”
“ਅਸੀਂ ਇੱਕ ਮਾਦਾ ਜਾਨਵਰ ਦੇਖੀ, ਜੋ ਬਘਿਆੜਾਂ ਵਰਗੀ ਲੱਗ ਰਹੀ ਸੀ ਪਰ ਉਸ ਦੀ ਚਮੜੀ 'ਤੇ ਧਾਰੀਆਂ ਬਣੀਆਂ ਹੋਈਆਂ ਸਨ।"
ਟੀਮ ਨੇ ਫਿਰ ਵਿਗਿਆਨੀਆਂ ਦੀ ਸਲਾਹ ਲਈ ਅਤੇ ਜੰਗਲਾਤ ਵਿਭਾਗ ਦੀ ਮਨਜ਼ੂਰੀ ਮਗਰੋਂ ਉਨ੍ਹਾਂ ਜਾਨਵਰਾਂ ਦੇ ਵਾਲਾਂ ਅਤੇ ਮਲ ਦੇ ਨਮੂਨੇ ਇਕੱਠੇ ਕੀਤੇ। ਹਾਲਾਂਕਿ ਇਹ ਕੰਮ ਬਿਲਕੁਲ ਵੀ ਸੌਖਾ ਨਹੀਂ ਸੀ।
ਮੀਹੀਰ ਦੱਸਦੇ ਹਨ, "ਬਘਿਆੜ ਸ਼ਾਨਦਾਰ ਹੋਣ ਦੇ ਨਾਲ-ਨਾਲ ਇੱਕ ਰਹੱਸਮਈ ਜਾਨਵਰ ਹੈ। ਇਨ੍ਹਾਂ 'ਤੇ ਨਜ਼ਰ ਰੱਖਣਾ ਅਤੇ ਪਿੱਛਾ ਕਰਨਾ ਇੱਕ ਚੁਣੌਤੀ ਬਰਾਬਰ ਹੁੰਦਾ ਹੈ। ਕਿਉਂਕਿ ਇੱਥੇ ਉਹ ਇਨਸਾਨਾਂ ਦੇ ਨਜ਼ਦੀਕ ਰਹਿ ਰਹੇ ਹਨ ਅਤੇ ਉਹ ਹਮੇਸ਼ਾ ਚਲਾਕੀ ਨਾਲ ਸਾਨੂੰ ਪਿੱਛੇ ਛੱਡ ਜਾਂਦੇ।”
“ਅਸੀਂ ਉਨ੍ਹਾਂ ਦੇ ਝੁੰਡ 'ਤੇ ਕਈ ਦਿਨਾਂ ਤੱਕ ਨਜ਼ਰ ਰੱਖਦੇ ਰਹੇ ਹਾਂ ਅਤੇ ਪਤਾ ਲਗਾਇਆ ਹੈ ਕਿ ਉਹ ਕਿੱਥੇ ਬੈਠਦੇ ਹਨ ਅਤੇ ਕਦੋਂ ਉਸ ਥਾਂ ਨੂੰ ਛੱਡ ਕੇ ਜਾਂਦੇ ਹਨ। ਇਹੀ ਇੱਕ ਤਰੀਕਾ ਹੈ ਕਿ ਅਸੀਂ ਇਨ੍ਹਾਂ ਅਜੀਬ ਦਿੱਖ ਵਾਲੇ ਜਾਨਵਰਾਂ ਦੇ ਵਾਲਾਂ ਦੇ ਨਮੂਨੇ ਇਕੱਠੇ ਕਰ ਸਕਦੇ ਹਾਂ।"

ਤਸਵੀਰ ਸਰੋਤ, The Grasslands Trust
ਬਘਿਆੜ-ਕੁੱਤੇ ਦੀ ਦੋਗਲੀ ਨਸਲ
ਨਮੂਨੇ ਇਕੱਠੇ ਹੋਣ ਮਗਰੋਂ ਜੀਨੋਮ ਕ੍ਰਮ ਰਾਹੀਂ ਸ਼ੱਕ ਸੱਚ ਸਾਬਤ ਹੋਏ ਅਤੇ ਪਤਾ ਲੱਗਿਆ ਕਿ ਇਹ ਇੱਕ ਬਘਿਆੜ-ਕੁੱਤੇ ਜਾਂ ਬਘਿਆੜ ਅਤੇ ਕੁੱਤੇ ਵਿਚਲੀ ਹਾਈਬ੍ਰਿਡ ਹੈ, ਜੋ ਬਘਿਆੜ ਅਤੇ ਕੁੱਤੇ ਦੇ ਸੁਮੇਲ ਨਾਲ ਬਣੀ ਹੈ। ਹਾਈਬ੍ਰਿਡ ਯਾਨੀ ਵੱਖ-ਵੱਖ ਕਿਸਮਾਂ/ਨਸਲਾਂ ਜਾਂ ਪ੍ਰਜਾਤੀਆਂ ਦੇ ਜਾਨਵਰਾਂ ਦੁਆਰਾ ਪੈਦਾ ਕੀਤੀ ਔਲਾਦ।
ਬਘਿਆੜ-ਕੁੱਤੇ ਦੀ ਹਾਈਬ੍ਰਿਡ ਇੱਕ ਅਜਿਹਾ ਵਿਸ਼ਾ ਹੈ, ਜਿਸ 'ਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਖੋਜ ਹੋ ਰਹੀ ਹੈ ਤੇ ਭਾਰਤ ਵਿੱਚ ਇਹ ਪਹਿਲਾ ਸਹੀ ਵਿਗਿਆਨਕ ਸਬੂਤ ਸਾਹਮਣੇ ਆਇਆ ਸੀ।
ਇੰਨਾ ਹੀ ਨਹੀਂ , ਇਸ ਅਧਿਐਨ ਨੇ ਦੂਜੀ ਪੀੜ੍ਹੀ ਦੀ ਹਾਈਬ੍ਰਿਡਾਈਜ਼ੇਸ਼ਨ ਦੀ ਮੌਜੂਦਗੀ ਨੂੰ ਵੀ ਸਾਬਤ ਕੀਤਾ, ਭਾਵ ਬਘਿਆੜਾਂ ਦੇ ਨਾਲ ਇੱਕ ਹਾਈਬ੍ਰਿਡ ਜਾਨਵਰ ਦੀ ਕ੍ਰਾਸ ਬਰੀਡਿੰਗ ਹੋਣਾ।
ਹਾਲਾਂਕਿ ਇਸ ਨੂੰ ਘਰੇਲੂ ਕੁੱਤਿਆਂ ਦੀ ਇੱਕ ਕਿਸਮ 'ਬਘਿਆੜ-ਕੁੱਤਿਆਂ' ਨਾਲ ਜੋੜ ਕੇ ਉਲਝਣ ਵਿੱਚ ਨਾ ਪਿਆ ਜਾਵੇ, ਕਿਉਂਕਿ ਇਹ ਘਰੇਲੂ ਕੁੱਤੇ ਆਮ ਨਾਲੋਂ ਉੱਚੇ ਬਘਿਆੜ ਵੰਸ਼ ਨਾਲ ਸਬੰਧ ਰੱਖਦੇ ਹਨ।
ਇਹ ਖੋਜ, ਤਿੰਨ ਸੰਸਥਾਵਾਂ; ਗ੍ਰਾਸਲੈਂਡਜ਼ ਟਰੱਸਟ, ਅਸ਼ੋਕਾ ਟਰੱਸਟ ਫਾਰ ਰਿਸਰਚ ਇਨ ਈਕੋਲੋਜੀ ਐਂਡ ਦਿ ਐਨਵਾਇਰਮੈਂਟ (ਏਟੀਆਰਈਈ) ਅਤੇ ਨੈਸ਼ਨਲ ਸੈਂਟਰ ਫਾਰ ਬਾਇਓਲੋਜੀਕਲ ਸਾਇੰਸਜ਼ (ਐਨਸੀਬੀਐਸ) ਦੇ ਸਹਿਯੋਗ ਨਾਲ ਕੀਤੀ ਗਈ ਸੀ। ਇਸ ਅਧਿਐਨ ਨੂੰ ਵਾਤਾਵਰਨ ਅਤੇ ਵਿਕਾਸ ਦੇ ਰਸਾਲੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।
ਇਸ ਨੇ ਇਸ ਗੱਲ 'ਤੇ ਵੀ ਚਾਨਣਾ ਪਾਇਆ ਹੈ ਕਿ ਬਘਿਆੜਾਂ ਅਤੇ ਹੋਰ ਜੰਗਲੀ ਜੀਵਾਂ ਨੂੰ ਡਰਾਉਣ ਵਾਲੇ ਅਵਾਰਾ ਕੁੱਤਿਆਂ ਦਾ ਮੁੱਦਾ ਕੀ ਹੈ।
ਪਰ ਇੱਥੇ ਇਹ ਸਵਾਲ ਵੀ ਜ਼ਰੂਰ ਖੜ੍ਹੇ ਹੁੰਦੇ ਹਨ ਕਿ ਇਸ ਹਾਈਬ੍ਰਿਡਾਈਜ਼ੇਸ਼ਨ ਦਾ ਕਾਰਨ ਕੀ ਹੈ ? ਨਾਲ ਹੀ ਕਿ ਕੀ ਇਸ ਵਿਸ਼ੇ ̛ਤੇ ਹੋਰ ਖੋਜ ਦੀ ਲੋੜ ਕਿਉਂ ਹੈ ?

ਤਸਵੀਰ ਸਰੋਤ, The Grasslands Trust
ਭਾਰਤ ਵਿੱਚ ਘਾਹ ਦੇ ਮੈਦਾਨਾਂ ਦੇ ਬਾਦਸ਼ਾਹ
ਸਲੇਟੀ ਰੰਗ ਦੇ ਬਘਿਆੜ ਦੁਨੀਆ ਭਰ ਵਿੱਚ ਵੱਖ-ਵੱਖ ਥਾਵਾਂ 'ਤੇ ਪਾਏ ਜਾਂਦੇ ਹਨ- ਜਿਵੇਂ ਕਿ ਘਾਹ ਦੇ ਮੈਦਾਨ, ਰੇਗਿਸਤਾਨ, ਜੰਗਲ ਅਤੇ ਇੱਥੋਂ ਤੱਕ ਕਿ ਟੁੰਡਰਾ ਵਿੱਚ ਵੀ ਪਾਏ ਜਾਂਦੇ ਹਨ।
ਮੀਹੀਰ ਦੱਸਦੇ ਹਨ ਕਿ, “ਭਾਰਤ ਦੇ ਘਾਹ ਵਾਲੇ ਮੈਦਾਨ ਇੱਕ ਵਿਲੱਖਣ ਈਕੋਸਿਸਟਮ ਹੈ, ਜਿਸ ਵਿੱਚ ਹਿਰਨ, ਸੂਰ ਅਤੇ ਪੰਛੀ ਰਹਿੰਦੇ ਹਨ, ਜਿਵੇਂ ਕਿ ਗ੍ਰੇਟ ਇੰਡੀਅਨ ਬਸਟਾਰਡ ਇੱਕ ਪ੍ਰਜਾਤੀ ਹੈ, ਜੋ ਖ਼ਤਰੇ ਹੇਠ ਹੈ।”
“ਬਘਿਆੜ, ਜੋ ਕਿ ਸਿਰੇ ਦੇ ਸ਼ਿਕਾਰੀ ਹਨ, ਇਸ ਈਕੋਸਿਸਟਮ ਦਾ ਇੱਕ ਮਹੱਤਵਪੂਰਨ ਹਿੱਸਾ ਹਨ।"
ਭਾਰਤ ਵਿੱਚ ਬਘਿਆੜਾਂ ਦੀਆਂ ਦੋ ਕਿਸਮਾਂ ਹਨ - ਹਿਮਾਲੀਅਨ ਬਘਿਆੜ ਅਤੇ ਭਾਰਤੀ ਸਲੇਟੀ ਬਘਿਆੜ।
ਭਾਰਤੀ ਸਲੇਟੀ ਬਘਿਆੜ ਦੀ ਖ਼ਾਸ ਵਿਸ਼ੇਸ਼ਤਾ ਹੈ ਕਿਉਂਕਿ ਪਿਛਲੀ ਖੋਜ ਦੇ ਅਨੁਸਾਰ, ਇਹ ਦੁਨੀਆ ਦੇ ਜੰਗਲੀ ਸਲੇਟੀ ਬਘਿਆੜਾਂ ਦੇ ਸਭ ਤੋਂ ਪੁਰਾਣੇ ਵੰਸ਼ ਵਿੱਚੋਂ ਇੱਕ ਹਨ।
ਜੇਕਰ ਇਹ ਲੋਪ ਹੋ ਜਾਂਦੇ ਹਨ, ਤਾਂ ਵਿਕਾਸ ਦਾ ਇੱਕ ਪ੍ਰਾਚੀਨ ਅਤੇ ਮਹੱਤਵਪੂਰਣ ਸੰਪਰਕ ਖਤਮ ਹੋ ਜਾਵੇਗਾ। ਆਈਯੂਸੀਐੱਨ ਮੁਤਾਬਕ ਸਲੇਟੀ ਬਘਿਆੜ ਇੱਕ ਅਜਿਹੀ ਪ੍ਰਜਾਤੀ ਹੈ, ਜਿਸ ਨੂੰ ਭਾਰਤ ਵਰਗੇ ਕੁਝ ਦੇਸਾਂ ਵਿੱਚ ਖ਼ਤਰੇ ਹੇਠ ਮੰਨਿਆ ਜਾਂਦਾ ਹੈ।
ਭਾਰਤੀ ਸਲੇਟੀ ਬਘਿਆੜ ਭਾਰਤ ਵਿੱਚ ਜੰਗਲੀ ਜੀਵ ਕਾਨੂੰਨ (1972) ਹੇਠ ਸੁਰੱਖਿਅਤ ਹਨ, ਪਰ ਉਨ੍ਹਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਮਨੁੱਖੀ ਗਤੀਵਿਧੀਆਂ ਕਰਕੇ ਉਨ੍ਹਾਂ ਦੀਆਂ ਰਿਹਾਇਸ਼ੀ ਥਾਵਾਂ 'ਤੇ ਕਬਜ਼ਾ ਹੋ ਜਾਂਦਾ ਹੈ।
ਅੰਦਾਜ਼ੇ ਮੁਤਾਬਕ ਜੰਗਲੀ ਆਬਾਦੀ 2,000 ਤੋਂ 3,000 ਤੱਕ ਹੈ।
ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਗਣਨਾ ਤੋਂ ਬਿਨ੍ਹਾਂ ਗਿਣਤੀ ਨੂੰ ਸਪੱਸ਼ਟ ਨਹੀਂ ਦੱਸਿਆ ਜਾ ਸਕਦਾ।
ਮਹਾਰਾਸ਼ਟਰ ਉਨ੍ਹਾਂ ਦੇ ਗੜ੍ਹਾਂ ਵਿੱਚੋਂ ਇੱਕ ਹੈ ਅਤੇ ਪੂਣੇ ਦੇ ਨੇੜੇ ਘਾਹ ਦੇ ਮੈਦਾਨਾਂ ਵਿੱਚ ਕਰੀਬ 30 ਬਘਿਆੜ ਰਹਿੰਦੇ ਹਨ। ਇਸ ਥਾਂ 'ਤੇ ਹੀ ਵਿਗਿਆਨੀਆਂ ਨੇ ਹਾਈਬ੍ਰਿਡ ਜਾਨਵਰ ਦਾ ਦਸਤਾਵੇਜ਼ੀਕਰਨ ਕੀਤਾ ਹੈ।

ਤਸਵੀਰ ਸਰੋਤ, The Grasslands Trust
ਖੋਜ ਨੇ ਕੀ ਸੰਕੇਤ ਦਿੱਤੇ ਹਨ
ਏਟੀਆਰਈਈ ਦੇ ਜੈਵ ਵਿਭਿੰਨਤਾ ਖੋਜਕਰਤਾ ਅਬੀ ਵਨਕ ਕਹਿੰਦੇ ਹਨ, "ਕੁੱਤੇ ਅਤੇ ਬਘਿਆੜ ਜੈਨੇਟਿਕ ਤੌਰ 'ਤੇ ਬਹੁਤ ਨੇੜੇ ਹਨ। ਕੁਝ ਅਰਥਾਂ ਵਿੱਚ ਕੁੱਤੇ ਪਾਲਤੂ ਬਘਿਆੜ ਹੁੰਦੇ ਹਨ।”
"ਦੁਨੀਆ ਭਰ ਵਿੱਚ ਬਘਿਆੜ-ਕੁੱਤੇ ਦੇ ਹਾਈਬ੍ਰਿਡਾਈਜ਼ੇਸ਼ਨ ਦੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ। ਜਦੋਂ ਕਿਸੇ ਖੇਤਰ ਵਿੱਚ ਬਘਿਆੜਾਂ ਦੀ ਆਬਾਦੀ ਘੱਟ ਜਾਂਦੀ ਹੈ ਅਤੇ ਉਹ ਸਾਥੀ ਨਹੀਂ ਲੱਭ ਪਾਉਂਦੇ, ਤਾਂ ਉਹ ਕੁੱਤਿਆਂ ਨਾਲ ਹਾਈਬ੍ਰਿਡਾਈਜ਼ ਕਰਦੇ ਹਨ।"
ਪਿਛਲੇ ਕੁਝ ਦਹਾਕਿਆਂ ਤੋਂ, ਭਾਰਤੀ ਘਾਹ ਦੇ ਮੈਦਾਨਾਂ ਵਿੱਚ ਖੇਤੀ, ਚਰਾਉਣ, ਕੂੜਾ ਸੁੱਟਣ ਅਤੇ ਸ਼ਹਿਰੀਕਰਨ ਵਰਗੀਆਂ ਮਨੁੱਖੀ ਗਤੀਵਿਧੀਆਂ ਵਿੱਚ ਵਾਧਾ ਹੋਇਆ ਹੈ। ਇਸ ਕਰਕੇ ਅਵਾਰਾ ਕੁੱਤਿਆਂ ਦਾ ਜੰਗਲੀ ਬਘਿਆੜਾਂ ਨਾਲ ਆਪਸੀ ਤਾਲਮੇਲ ਵੱਧ ਜਾਂਦਾ ਹੈ।
ਪਰ ਇਹ ਹਾਈਬ੍ਰਿਡਾਈਜ਼ੇਸ਼ਨ ਬਘਿਆੜਾਂ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ।
ਉਮਾ ਰਾਮਕ੍ਰਿਸ਼ਨਨ ਐੱਨਸੀਬੀਐੱਸ (ਨੈਸ਼ਨਲ ਸੈਂਟਰ ਫਾਰ ਬਾਇਓਲਾਜੀਕਲ ਸਾਇੰਸਿਜ਼) ਦੀ ਮੋਲੀਕਿਊਲਰ ਈਕੋਲੋਜਿਸਟ ਅਤੇ ਪ੍ਰੋਫੈਸਰ ਹਨ। ਉਨ੍ਹਾਂ ਦੀ ਲੈਬ ਵੱਲੋਂ ਕੀਤੇ ਗਏ ਜੀਨੋਮ ਕ੍ਰਮ ਕਰਕੇ ਭਾਰਤ ਵਿੱਚ ਬਘਿਆੜ-ਕੁੱਤੇ ਦੀ ਹੋਂਦ ਦੀ ਪੁਸ਼ਟੀ ਹੋਈ ਸੀ, ਉਨ੍ਹਾਂ ਨੇ ਇਸ ਮਾਮਲੇ ਬਾਰੇ ਹੋਰ ਵਿਸਥਾਰ ਨਾਲ ਦੱਸਿਆ ਹੈ।
ਉਮਾ ਰਾਮਕ੍ਰਿਸ਼ਨਨ ਦੱਸਦੇ ਹਨ, “ਇਹ ਇਸ ਤਰ੍ਹਾਂ ਹੈ ਕਿ ਜੇ ਤੁਹਾਡੇ ਕੋਲ ਪੇਂਟ ਦੇ ਦੋ ਡੱਬੇ ਹਨ ਅਤੇ ਤੁਸੀਂ ਇਨ੍ਹਾਂ ਨੂੰ ਮਿਲਾਉਣਾ ਸ਼ੁਰੂ ਕਰ ਦਿੰਦੇ ਹੋ। ਤਾਂ ਹੁਣ ਉਹ ਉਵੇਂ ਨਹੀਂ ਰਹਿਣਗੇ ਜਿਵੇਂ ਪਹਿਲਾਂ ਸਨ। ਇਸੇ ਤਰ੍ਹਾਂ, ਹਾਈਬ੍ਰਿਡਾਈਜ਼ੇਸ਼ਨ ਇੱਕ ਪ੍ਰਜਾਤੀ ਦੇ ਜੀਨ ਪੂਲ ਨੂੰ ਮਿਲਾ ਦਿੰਦਾ ਹੈ।”
"ਜੇ ਇੱਕ ਪ੍ਰਜਾਤੀ ਵਿੱਚ ਬਹੁਤ ਸਾਰੇ ਜਾਨਵਰ ਹਨ, ਜਿਵੇਂ ਕਿ ਇੱਕ ਵਿੱਚ ਬਹੁਤ ਸਾਰੇ ਕੁੱਤੇ, ਅਤੇ ਦੂਜੀ ਵਿੱਚ ਬਘਿਆੜਾਂ ਵਾਂਗ ਬਹੁਤ ਜ਼ਿਆਦਾ ਗਿਣਤੀ ਨਹੀਂ ਹੈ, ਤਾਂ ਸੰਭਾਵਨਾ ਹੈ ਕਿ ਕੁੱਤੇ ਜੀਨ ਪੂਲ ਨੂੰ ਮਿਲਾ ਸਕਦੇ ਹਨ ਅਤੇ ਅੰਤ ਵਿੱਚ ਬਘਿਆੜਾਂ ਦੀ ਕਿਸਮ ਖ਼ਤਮ ਹੋ ਸਕਦੀ ਹੈ।"
ਅਬੀ ਵਨਕ ਇਸ ਨਾਲ ਅੱਗੇ ਜੋੜਦਿਆਂ ਕਹਿੰਦੇ ਹਨ, “ਇੱਥੇ ਬਹੁਤ ਸਾਰੇ ਜੈਨੇਟਿਕ ਅੰਤਰ ਵੀ ਹਨ ਅਤੇ ਪਾਲਤੂਕਰਨ ਦੀ ਪ੍ਰਕਿਰਿਆ ਕਰਕੇ, ਕੁੱਤਿਆਂ ਅੰਦਰੋਂ ਬਘਿਆੜਾਂ ਵਰਗੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਗਾਇਬ ਹੁੰਦੀਆਂ ਜਾ ਰਹੀਆਂ ਹਨ - ਉਨ੍ਹਾਂ ਦੇ ਸਰੀਰ ਦਾ ਆਕਾਰ ਛੋਟਾ ਅਤੇ ਕਮਜ਼ੋਰ ਹੋ ਗਿਆ ਹੈ।”
“ਹਾਈਬ੍ਰਿਡਾਈਜ਼ੇਸ਼ਨ ਉਨ੍ਹਾਂ ਵਿੱਚੋਂ ਕੁਝ ਵਿਸ਼ੇਸ਼ਤਾਵਾਂ ਨੂੰ ਬਘਿਆੜਾਂ ਵਿੱਚ ਵਾਪਸ ਲਿਆ ਸਕਦਾ ਹੈ, ਜੋ ਉਨ੍ਹਾਂ ਨੂੰ ਖ਼ਤਰੇ ਵਿੱਚ ਪਾਉਂਦੇ ਹਨ।"
ਮੀਹੀਰ ਗੋਡਬੋਲੇ ਕਹਿੰਦੇ ਹਨ, “ਕੁੱਤਿਆਂ ਰਾਹੀਂ ਵਾਇਰਸ ਅਤੇ ਰੇਬੀਜ਼ ਵਰਗੀਆਂ ਬਿਮਾਰੀਆਂ ਦਾ ਸੰਚਾਰ ਹੁੰਦਾ ਹੈ, ਜੋ ਕਿ ਇੰਨੇ ਛੂਤਕਾਰੀ ਹੁੰਦੇ ਹਨ ਕਿ ਉਹ ਇੱਕ ਖੇਤਰ ਵਿੱਚ ਜੰਗਲੀ ਬਘਿਆੜਾਂ ਦੀ ਪੂਰੀ ਆਬਾਦੀ ਨੂੰ ਖ਼ਤਮ ਕਰ ਸਕਦੇ ਹਨ। ਜੰਗਲੀ ਕੁੱਤੇ ਉਨ੍ਹਾਂ ਛੋਟੇ ਜਾਨਵਰਾਂ ਦਾ ਵੀ ਸ਼ਿਕਾਰ ਕਰਦੇ ਹਨ, ਜਿਨ੍ਹਾਂ 'ਤੇ ਬਘਿਆੜ ਆਮ ਤੌਰ 'ਤੇ ਭੋਜਨ ਲਈ ਨਿਰਭਰ ਰਹਿੰਦੇ ਹਨ।
ਉਨ੍ਹਾਂ ਦੀ ਟੀਮ ਦਾ ਇੱਕ ਹੋਰ ਅਧਿਐਨ ਹੈ, ਜੋ ਇਹ ਦਰਸਾਉਂਦਾ ਹੈ ਕਿ ਕਿਵੇਂ ਚੀਤੇ ਦੀ ਆਬਾਦੀ ਵਿੱਚ ਵਾਧਾ ਇਹਨਾਂ ਘਾਹ ਦੇ ਮੈਦਾਨਾਂ ਵਿੱਚ ਵਾਤਾਵਰਣ ਸੰਤੁਲਨ ਨੂੰ ਵਿਗਾੜਨ ਦਾ ਕਾਰਨ ਬਣ ਰਿਹਾ ਹੈ।
ਪਰ ਇਸ ਸਭ ਦੇ ਬਾਵਜੂਦ ਵੀ ਇਨ੍ਹਾਂ ਪਸ਼ੂਆਂ ਦੀ ਸੁਰੱਖਿਆ ਲਈ ਠੋਸ ਉਪਰਾਲੇ ਕੀਤੇ ਜਾਣ ਦੀ ਘਾਟ ਹੈ।

ਤਸਵੀਰ ਸਰੋਤ, The Grassland Trust
ਬਘਿਆੜਾਂ ਦੀ ਰੱਖਿਆ ਅਤੇ ਘਾਹ ਦੇ ਮੈਦਾਨਾਂ ਦੀ ਸੰਭਾਲ
ਅਬੀ ਵਨਕ ਆਖਦੇ ਹਨ, “ਸਾਨੂੰ ਬਘਿਆੜਾਂ ਦੀ ਸੰਭਾਲ ਬਾਰੇ ਸੋਚਣ ਦੀ ਲੋੜ ਹੈ, ਪਰ ਬਾਘਾਂ ਦੀ ਸੰਭਾਲ ਵਾਂਗ ਨਹੀਂ। ਅਸੀਂ ਇਸ ਪ੍ਰਜਾਤੀ ਲਈ ਸੁਰੱਖਿਅਤ ਖੇਤਰ ਨਹੀਂ ਬਣਾ ਸਕਦੇ, ਕਿਉਂਕਿ ਇਹ ਇੱਕ ਮਿਸ਼ਰਤ ਲੈਂਡਸਕੇਪ 'ਤੇ ਹੁੰਦੇ ਹਨ ਅਤੇ ਅਕਸਰ ਆਪਣੇ ਸ਼ਿਕਾਰ ਲਈ ਪਸ਼ੂਆਂ 'ਤੇ ਨਿਰਭਰ ਰਹਿੰਦੇ ਹਨ।”
“ਇਸ ਲਈ ਸਾਨੂੰ ਪੇਸਟੋਰਲ ਭਾਈਚਾਰਿਆਂ (ਦਿਹਾਤੀ ਸਮੂਹ, ਜੋ ਪਾਲਤੂ ਜਾਨਵਰਾਂ ਦੇ ਝੁੰਡ ਨਾਲ ਯਾਤਰਾ ਕਰਦੇ ਹਨ) ਅਤੇ ਵੱਖ-ਵੱਖ ਹਿੱਸੇਦਾਰਾਂ 'ਤੇ ਵਿਚਾਰ ਕਰਨ ਦੀ ਲੋੜ ਹੈ।"
ਗ੍ਰਾਸਲੈਂਡਜ਼ ਟਰੱਸਟ ਹੁਣ ਇੱਕ ਪਾਇਲਟ ਪ੍ਰੋਜੈਕਟ 'ਤੇ ਵੀ ਕੰਮ ਕਰ ਰਿਹਾ ਹੈ, ਜਿਸ ਵਿੱਚ ਸਥਾਨਕ ਪਿੰਡ ਵਾਸੀ ਅਤੇ ਹਿੱਸੇਦਾਰ ਸ਼ਾਮਲ ਹਨ। ਇਸ ਪ੍ਰੋਜੈਕਟ ਦਾ ਉਦੇਸ਼ ਘਾਹ ਦੇ ਮੈਦਾਨਾਂ ਨੂੰ ਬਹਾਲ ਕਰਨਾ ਅਤੇ ਜੰਗਲੀ ਜੀਵਨ ਨੂੰ ਸੁਰੱਖਿਅਤ ਰੱਖਣਾ ਹੈ।
ਉਮਾ ਲਈ, ਇਸ ਖੋਜ ਨੇ ਹੋਰ ਵੀ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
"ਇੱਕ ਵੱਡੀ ਚੁਣੌਤੀ ਇਹ ਹੈ ਕਿ ਤੁਸੀਂ ਇੱਕ ਹਾਈਬ੍ਰਿਡ ਨੂੰ ਸ਼੍ਰੇਣੀਬੱਧ ਕਿਵੇਂ ਕਰਦੇ ਹੋ? ਕੀ ਜੰਗਲੀ ਜੀਵ ਐਕਟ ਹੇਠ ਇਹ ਸੁਰੱਖਿਅਤ ਹੈ?
ਇਹ ਸਿਰਫ਼ ਨੈਤਿਕ ਸਵਾਲ ਨਹੀਂ ਹਨ, ਸਗੋਂ ਵਾਤਾਵਰਨ ਅਤੇ ਜੀਵ-ਵਿਗਿਆਨ ਨਾਲ ਜੁੜੇ ਸਵਾਲ ਵੀ ਹਨ।
ਉਮਾ ਮੁਤਾਬਕ ਜੀਨੋਮਿਕ ਸਿਗਨੇਚਰਜ਼ ਸਾਨੂੰ ਇਹ ਸਮਝਣ ਵਿੱਚ ਮਦਦ ਕਰਦੇ ਹਨ ਕਿ ਇੱਕ ਵਿਸ਼ੇਸ਼ ਖੇਤਰ ਵਿੱਚ ਇੱਕ ਪ੍ਰਜਾਤੀ ਨਾਲ ਕੀ ਹੋ ਰਿਹਾ ਹੈ ਅਤੇ ਇਸ ਦੇ ਆਧਾਰ 'ਤੇ ਵਿਗਿਆਨੀ ਸਿਫ਼ਾਰਸ਼ਾਂ ਦੇ ਸਕਦੇ ਹਨ।
“ਜਦੋਂ ਅਸੀਂ ਵਿਕਾਸ ਬਾਰੇ ਸੋਚਦੇ ਹਾਂ, ਤਾਂ ਅਸੀਂ ਅਤੀਤ ਬਾਰੇ ਵੀ ਸੋਚਦੇ ਹਾਂ। ਪਰ ਵਿਕਾਸ ਭਵਿੱਖ ਵਿੱਚ ਵੀ ਹੋਣ ਵਾਲਾ ਹੈ। ਜਿਵੇਂ ਕਿ ਇੱਕ ਪ੍ਰਜਾਤੀ ਵਿਕਸਿਤ ਹੋਣ ਜਾ ਰਹੀ ਹੈ, ਤਾਂ ਕੀ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਚਾਲ-ਚਲਣ 'ਤੇ ਮਨੁੱਖਾਂ ਦੁਆਰਾ ਕੋਈ ਪ੍ਰਭਾਵ ਪਾਇਆ ਜਾ ਰਿਹਾ ਹੈ?












