ਚੂਹੇ, ਹੱਡੀਆਂ ਅਤੇ ਮਿੱਟੀ, ਅਕਾਲ ਸਮੇਂ ਲੋਕ ਕੀ-ਕੀ ਖਾਣ ਨੂੰ ਮਜਬੂਰ

ਭੁੱਖਮਰੀ

ਤਸਵੀਰ ਸਰੋਤ, Getty Images

    • ਲੇਖਕ, ਸਵਾਮੀਨਾਥਨ ਨਟਰਾਜਨ
    • ਰੋਲ, ਬੀਬੀਸੀ ਨਿਊਜ਼

ਗਰੀਬੀ, ਬਿਮਾਰੀ, ਅਕਾਲ... ਅਜਿਹੇ ਕਈ ਕਾਰਨ ਹਨ ਜਿਨ੍ਹਾਂ ਨਾਲ ਸਾਡੇ ਜੀਵਨ ਅਤੇ ਖਾਸ ਤੌਰ 'ਤੇ ਖਾਣ-ਪੀਣ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ।

ਬੇਹੱਦ ਮਾੜੇ ਹਾਲਾਤਾਂ 'ਚ ਘਿਰੇ ਲੋਕ ਜਿਉਂਦੇ ਰਹਿਣ ਲਈ ਮਿੱਟੀ, ਚੂਹੇ, ਸੁੱਟੀਆਂ ਹੋਈਆਂ ਹੱਡੀਆਂ ਅਤੇ ਇੱਥੋਂ ਤੱਕ ਕਿ ਜਾਨਵਰਾਂ ਦੀ ਚਮੜੀ ਖਾਣ ਨੂੰ ਵੀ ਮਜਬੂਰ ਹੋ ਸਕਦੇ ਹਨ।

ਅੰਤਾਂ ਦੀ ਭੁੱਖ, ਕੁਪੋਸ਼ਣ ਅਤੇ ਜ਼ਰੂਰਤ ਤੋਂ ਘੱਟ ਮਿਲਦਾ ਭੋਜਨ ਇੱਕ ਅਜਿਹੀ ਸਮੱਸਿਆ ਹੈ ਜੋ ਅਜੋਕੇ ਸਮੇਂ ਦੁਨੀਆਂ ਦੇ ਕਈ ਖੇਤਰਾਂ ਵਿੱਚ ਦੇਖੀ ਜਾ ਰਹੀ ਹੈ।

ਇਹ ਸਮੱਸਿਆ ਬਹੁਤ ਵੱਡੀ ਹੈ।

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਦੁਨੀਆਂ ਵਿੱਚ ਘੱਟੋ-ਘੱਟ 82.8 ਕਰੋੜ ਲੋਕ ਰੋਜ਼ਾਨਾ ਰਾਤ ਨੂੰ ਭੁੱਖੇ ਸੌਂਦੇ ਹਨ ਅਤੇ 34.5 ਕਰੋੜ ਲੋਕ ਖਾਣੇ ਦੀ ਗੰਭੀਰ ਅਸੁਰੱਖਿਆ 'ਚ ਜੀਵਨ ਬਿਤਾ ਰਹੇ ਹਨ।

16 ਅਕਤੂਬਰ ਨੂੰ ਲੰਘੇ ਵਿਸ਼ਵ ਭੋਜਨ ਦਿਵਸ ਤੋਂ ਪਹਿਲਾਂ ਬੀਬੀਸੀ ਨੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਭੁੱਖ ਦਾ ਸਾਹਮਣਾ ਕਰ ਰਹੇ ਚਾਰ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਇਹ ਉਹ ਜਿਉਂਦੇ ਕਿਵੇਂ ਹਨ।

ਰਾਣੀ

ਤਸਵੀਰ ਸਰੋਤ, Rani

ਤਸਵੀਰ ਕੈਪਸ਼ਨ, 49 ਸਾਲਾ ਰਾਣੀ ਤਾਮਿਲਨਾਡੂ ਦੀ ਰਾਜਧਾਨੀ ਚੇੱਨਈ ਕੋਲ ਰਹਿੰਦੇ ਹਨ ਅਤੇ ਉਹ ਭਾਰਤ ਦੇ ਸਭ ਤੋਂ ਪਿਛੜੇ ਵਰਗਾਂ ਨਾਲ ਸਬੰਧਿਤ ਹਨ

'ਮੈਂ ਸਿਰਫ਼ ਚੂਹਿਆਂ ਦਾ ਮਾਸ ਹੀ ਖਰੀਦ ਸਕਦੀ ਹਾਂ'

ਦੱਖਣੀ ਭਾਰਤ 'ਚ ਰਹਿਣ ਵਾਲੇ ਰਾਣੀ ਕਹਿੰਦੇ ਹਨ, "ਮੈਂ ਬਚਪਨ ਤੋਂ ਚੂਹਿਆਂ ਦਾ ਮਾਸ ਖਾ ਰਹੀ ਹਾਂ ਅਤੇ ਮੈਨੂੰ ਕਦੇ ਸਿਹਤ ਨਾਲ ਜੁੜੀ ਕੋਈ ਸਮੱਸਿਆ ਨਹੀਂ ਹੋਈ।"

ਮੈਂ ਆਪਣੀ ਦੋ ਸਾਲ ਦੀ ਪੋਤੀ ਨੂੰ ਵੀ ਚੂਹਿਆਂ ਦਾ ਮਾਸ ਖੁਆਉਂਦੀ ਹਾਂ। ਸਾਨੂੰ ਇਹ ਖਾਣ ਦੀ ਆਦਤ ਹੋ ਗਈ ਹੈ।''

49 ਸਾਲਾ ਰਾਣੀ ਤਾਮਿਲਨਾਡੂ ਦੀ ਰਾਜਧਾਨੀ ਚੇੱਨਈ ਕੋਲ ਰਹਿੰਦੇ ਹਨ ਅਤੇ ਉਹ ਭਾਰਤ ਦੇ ਸਭ ਤੋਂ ਪਿਛੜੇ ਵਰਗਾਂ ਨਾਲ ਸਬੰਧਿਤ ਹਨ। ਜਦੋਂ ਰਾਣੀ ਪੰਜ ਸਾਲਾਂ ਦੇ ਸਨ ਤਾਂ ਉਨ੍ਹਾਂ ਨੇ ਸਕੂਲ ਜਾਣਾ ਬੰਦ ਕਰ ਦਿੱਤਾ ਸੀ।

ਭਾਰਤ ਦੇ ਜਾਤੀ ਅਧਾਰਿਤ ਸਮਾਜ 'ਚ ਰਾਣੀ ਦਾ ਭਾਈਚਾਰਾ ਹਮੇਸ਼ਾ ਤੋਂ ਹਾਸ਼ੀਏ 'ਤੇ ਰਿਹਾ ਹੈ ਅਤੇ ਸਦੀਆਂ ਤੋਂ ਭੇਦ-ਭਾਵ ਦਾ ਸਾਹਮਣਾ ਕਰਦਾ ਰਿਹਾ ਹੈ।

ਰਾਣੀ ਇੱਕ ਐੱਨਜੀਓ ਨਾਲ ਕੰਮ ਕਰਦੇ ਹਨ ਜੋ ਉਨ੍ਹਾਂ ਦੇ ਭਾਈਚਾਰੇ ਦੇ ਲੋਕਾਂ ਦੀ ਮਦਦ ਕਰਦਾ ਹੈ।

ਇਹ ਸੰਗਠਨ ਇਰੂਲਾ ਭਾਈਚਾਰੇ ਦੇ ਬੰਧੂਆ ਮਜ਼ਦੂਰਾਂ ਨੂੰ ਮੁਕਤ ਕਰਵਾਉਂਦਾ ਹੈ।

ਰਾਣੀ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਸਦਾ ਹੀ ਸ਼ਹਿਰਾਂ ਅਤੇ ਕਸਬਿਆਂ ਤੋਂ ਬਾਹਰ ਰਹੇ ਹਾਂ। ਮੇਰੇ ਪਿਤਾ ਅਤੇ ਦਾਦਾ ਜੀ ਦੱਸਦੇ ਸਨ ਕਿ ਕਈ ਵਾਰ ਉਨ੍ਹਾਂ ਕੋਲ ਖਾਣ ਲਈ ਕੁਝ ਵੀ ਨਹੀਂ ਹੁੰਦਾ ਸੀ। ਇੱਥੋਂ ਤੱਕ ਕਿ ਕੰਦਮੂਲ ਵੀ ਨਹੀਂ।"

"ਉਨ੍ਹਾਂ ਮੁਸ਼ਕਿਲ ਦਿਨਾਂ 'ਚ ਸਾਡੇ ਭਾਈਚਾਰੇ ਨੂੰ ਚੂਹਿਆਂ ਤੋਂ ਹੀ ਜ਼ਰੂਰੀ ਪੋਸ਼ਣ ਮਿਲਦਾ ਸੀ।"

"ਮੈਂ ਆਪ ਵੀ ਨਿੱਕੀ ਉਮਰੇ ਹੀ ਚੂਹੇ ਫੜ੍ਹਨੇ ਸਿੱਖ ਲਏ ਸਨ।"

ਰਾਣੀ ਨੇ ਬਚਨਪ 'ਚ ਢਿੱਡ ਭਰਨ ਤੇ ਅਤੇ ਆਪਣੀ ਜਾਨ ਬਚਾਉਣ ਲਈ ਚੂਹੇ ਫੜ੍ਹਨ ਦੀ ਜੋ ਕਲਾ ਸਿੱਖੀ ਸੀ, ਉਹ ਹੁਣ ਵੀ ਉਨ੍ਹਾਂ ਦੇ ਕੰਮ ਆ ਰਹੀ ਹੈ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਉਹ ਹਫ਼ਤੇ 'ਚ ਘੱਟੋ-ਘੱਟ ਦੋ ਦਿਨ ਚੂਹਿਆਂ ਦਾ ਮਾਸ ਪਕਾਉਂਦੇ ਹਨ।

ਇਰੂਲਾ ਭਾਈਚਾਰੇ ਦੇ ਲੋਕ ਜੀਰੀ (ਚੌਲ) ਦੇ ਖੇਤਾਂ 'ਚ ਮਿਲਣ ਵਾਲੀ ਚੂਹਿਆਂ ਦੀ ਇੱਕ ਪ੍ਰਜਾਤੀ ਨੂੰ ਖਾਂਦੇ ਹਨ। ਇਹ ਲੋਕ ਘਰਾਂ 'ਚ ਮਿਲਣ ਵਾਲੇ ਚੂਹੇ ਨਹੀਂ ਖਾਂਦੇ।

ਰਾਣੀ ਕਹਿੰਦੇ ਹਨ, "ਅਸੀਂ ਚੂਹਿਆਂ ਦੀ ਖੱਲ ਲਾਹ ਕੇ ਉਨ੍ਹਾਂ ਨੂੰ ਅੱਗ 'ਤੇ ਭੁੰਨਦੇ ਹਾਂ ਅਤੇ ਖਾ ਲੈਂਦੇ ਹਾਂ। ਕਈ ਵਾਰ ਅਸੀਂ ਉਨ੍ਹਾਂ ਦੇ ਮਾਸ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਦਾਲ ਅਤੇ ਇਮਲੀ ਦੀ ਚਟਨੀ ਨਾਲ ਪਕਾਉਂਦੇ ਹਾਂ।"

ਚੂਹੇ ਜਿਨ੍ਹਾਂ ਦਾਣਿਆਂ ਨੂੰ ਆਪਣੀਆਂ ਖੁੱਡਾਂ ਵਿੱਚ ਲੁਕਾ ਜਾਂ ਇਕੱਠਾ ਕਰ ਲੈਂਦੇ ਹਨ, ਉਨ੍ਹਾਂ ਦਾਣਿਆਂ ਨੂੰ ਵੀ ਇਰੂਲਾ ਲੋਕ ਬਾਹਰ ਕੱਢ ਕੇ ਖਾ ਲੈਂਦੇ ਹਨ।

ਰਾਣੀ ਕਹਿੰਦੇ ਹਨ, "ਮੈਂ ਮਹੀਨੇ ਵਿੱਚ ਇੱਕ ਵਾਰ ਹੀ ਚਿਕਨ ਜਾਂ ਮੱਛੀ ਖਰੀਦ ਸਕਦੀ ਹਾਂ। ਚੂਹੇ ਮੁਫ਼ਤ ’ਚ ਮਿਲਦੇ ਹਨ ਅਤੇ ਖੂਬ ਮਿਲਦੇ ਹਨ। ਇਸ ਲਈ ਅਸੀਂ ਚੂਹੇ ਖਾਂਦੇ ਹਾਂ।"

ਸ਼ਰੀਫ਼ੋ ਅਲੀ

ਤਸਵੀਰ ਸਰੋਤ, Abdulkadir Mohamed/NRC

ਤਸਵੀਰ ਕੈਪਸ਼ਨ, ਭੁੱਖਮਰੀ ਕਰਕੇ ਸੱਤ ਬੱਚਿਆਂ ਦੀ ਮਾਂ ਅਤੇ 40 ਸਾਲਾ ਸ਼ਰੀਫ਼ੋ ਅਲੀ ਨੂੰ ਵੀ ਆਪਣਾ ਘਰ ਛੱਡਣਾ ਪਿਆ ਹੈ

'ਜਾਨਵਰਾਂ ਦੀ ਚਮੜੀ ਖਾਣ ਲਈ ਮਜਬੂਰ'

ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਸੋਮਾਲੀਆ ਇਸ ਸਮੇਂ ਘਾਤਕ ਭੁੱਖਮਰੀ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ 40 ਸਾਲਾਂ ਦੇ ਸਭ ਤੋਂ ਭਿਆਨਕ ਸੋਕੇ ਨੇ ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕੀਤਾ ਹੈ।

ਸੱਤ ਬੱਚਿਆਂ ਦੀ ਮਾਂ ਅਤੇ 40 ਸਾਲਾ ਸ਼ਰੀਫ਼ੋ ਅਲੀ ਨੂੰ ਵੀ ਆਪਣਾ ਘਰ ਛੱਡਣਾ ਪਿਆ ਹੈ।

ਉਨ੍ਹਾਂ ਨੂੰ ਪਿੰਡ ਛੱਡ ਕੇ 200 ਕਿਲੋਮੀਟਰ ਪੈਦਲ ਤੁਰਨਾ ਪਿਆ। ਸ਼ਾਬੇਲ ਖੇਤਰ ਛੱਡਣ ਤੋਂ ਬਾਅਦ ਉਹ ਰਾਜਧਾਨੀ ਮੋਗਾਦਿਸ਼ੂ ਦੇ ਬਾਹਰੀ ਇਲਾਕੇ 'ਚ ਆ ਗਏ। ਇਸ ਦੌਰਾਨ ਉਹ ਲਗਾਤਾਰ ਪੰਜ ਦਿਨ ਤੁਰਦੇ ਰਹੇ ਸਨ।

ਸ਼ਰੀਫ਼ੋ ਦੱਸਦੇ ਹਨ, "ਸਫ਼ਰ ਦੌਰਾਨ ਅਸੀਂ ਦਿਨ ਵਿੱਚ ਸਿਰਫ਼ ਇੱਕ ਵਾਰ ਹੀ ਖਾਂਦੇ ਸੀ। ਜਦੋਂ ਸਾਡੇ ਕੋਲ ਖਾਣ ਲਈ ਖਾਣਾ ਘੱਟ ਹੁੰਦਾ ਸੀ ਤਾਂ ਸਿਰਫ਼ ਬੱਚੇ ਹੀ ਖਾਂਦੇ ਸਨ ਅਤੇ ਅਸੀਂ ਭੁੱਖੇ ਸੌਂ ਜਾਂਦੇ ਸੀ।"

ਰਾਜਧਾਨੀ ਵੱਲ ਵਧਦਿਆਂ ਉਨ੍ਹਾਂ ਨੇ ਬਹੁਤ ਸਾਰੇ ਹੈਰਾਨੀਜਨਕ ਦ੍ਰਿਸ਼ ਦੇਖੇ।

ਸ਼ਰੀਫ਼ੋ ਕਹਿੰਦੇ ਹਨ, "ਨਦੀ ਪੂਰੀ ਤਰ੍ਹਾਂ ਸੁੱਕ ਗਈ ਸੀ। ਕਈ ਸਾਲਾਂ ਤੋਂ ਨਦੀ ਵਿੱਚ ਬਹੁਤ ਘੱਟ ਪਾਣੀ ਸੀ। ਅਸੀਂ ਸਿਰਫ਼ ਗੰਦਾ ਪਾਣੀ ਹੀ ਪੀਂਦੇ ਸੀ।"

"ਮੈਂ ਰਸਤੇ ਵਿੱਚ ਸੈਂਕੜੇ ਮਰੇ ਹੋਏ ਜਾਨਵਰ ਦੇਖੇ। ਲੋਕ ਜਾਨਵਰਾਂ ਦੇ ਪਿੰਜਰ ਅਤੇ ਖੱਲ ਖਾਣ ਲਈ ਮਜਬੂਰ ਹਨ।"

ਸ਼ਰੀਫ਼ੋ ਕੋਲ 25 ਗਾਵਾਂ ਅਤੇ ਇੰਨੀਆਂ ਹੀ ਬੱਕਰੀਆਂ ਸਨ, ਜੋ ਕਿ ਸਾਰੀਆਂ ਹੀ ਸੋਕੇ ਵਿੱਚ ਮਰ ਗਈਆਂ।

"ਬਿਲਕੁਲ ਮੀਂਹ ਨਹੀਂ ਪੈ ਰਿਹਾ ਹੈ ਅਤੇ ਸਾਡੇ ਖੇਤ ਵਿੱਚ ਕੋਈ ਉਪਜ ਨਹੀਂ ਹੋ ਰਹੀ ਹੈ।"

ਸ਼ਰੀਫ਼ੋ ਅਲੀ ਹੁਣ ਦੂਜਿਆਂ ਦੇ ਘਰਾਂ ਵਿੱਚ ਕੰਮ ਕਰਦੇ ਹਨ ਅਤੇ ਰੋਜ਼ਾਨਾ ਦੋ ਡਾਲਰ ਤੋਂ ਵੀ ਘੱਟ ਕਮਾਉਂਦੇ ਹਨ। ਇਹ ਪੈਸੇ ਉਸ ਦੇ ਪਰਿਵਾਰ ਦਾ ਢਿੱਡ ਭਰਨ ਲਈ ਕਾਫ਼ੀ ਨਹੀਂ ਹਨ।

"ਮੈਂ ਇਸ ਨਾਲ ਇੱਕ ਕਿਲੋ ਚੌਲ ਅਤੇ ਸਬਜ਼ੀਆਂ ਵੀ ਨਹੀਂ ਖਰੀਦ ਸਕਦੀ। ਸਾਡੇ ਕੋਲ ਕਦੇ ਵੀ ਢਿੱਡ ਭਰਨ ਲਾਇਕ ਖਾਣਾ ਨਹੀਂ ਹੁੰਦਾ। ਇਹ ਸੋਕਾ ਸਾਡੇ 'ਤੇ ਬਹੁਤ ਭਾਰੀ ਪੈ ਰਿਹਾ ਹੈ।"

ਸ਼ਰੀਫ਼ੋ ਅਲੀ ਨੂੰ ਚੈਰੀਟੇਬਲ ਸੰਸਥਾਵਾਂ ਤੋਂ ਕੁਝ ਮਦਦ ਮਿਲ ਰਹੀ ਹੈ ਪਰ ਇਹ ਕਾਫ਼ੀ ਨਹੀਂ ਹੈ।

ਉਹ ਕਹਿੰਦੇ ਹਨ, "ਸਾਡੇ ਕੋਲ ਕੁਝ ਵੀ ਨਹੀਂ ਹੈ।''

ਬੀਬੀਸੀ
  • ਵਰਲਡ ਫੂਡ ਪ੍ਰੋਗਰਾਮ ਦਾ ਕਹਿਣਾ ਹੈ ਕਿ ਇਸ ਸਮੇਂ ਦੁਨੀਆਂ ਹੋਰ ਵੀ ਜ਼ਿਆਦਾ ਭੁੱਖ ਦੀ ਸ਼ਿਕਾਰ ਹੈ।
  • ਇਸ ਲਗਾਤਾਰ ਵੱਧ ਰਹੇ ਸੰਕਟ ਲਈ ਚਾਰ ਕਾਰਨ ਜ਼ਿੰਮੇਵਾਰ ਹਨ- ਹਿੰਸਕ ਸੰਘਰਸ਼, ਜਲਵਾਯੂ ਤਬਦੀਲੀ, ਕੋਵਿਡ ਮਹਾਂਮਾਰੀ ਦਾ ਆਰਥਿਕ ਪ੍ਰਭਾਵ ਅਤੇ ਵਧਦੀਆਂ ਕੀਮਤਾਂ।
  • ਡਬਲਯੂਐੱਫਪੀ ਦੀ 2022 ਦੀ ਇੱਕ ਰਿਪੋਰਟ ਅਨੁਸਾਰ, "ਵਿਸ਼ਵ ਸਿਹਤ ਪ੍ਰੋਗਰਾਮ ਦਾ ਹਰ ਮਹੀਨੇ ਦਾ ਖਰਚ 7.36 ਕਰੋੜ ਡਾਲਰ ਹੈ, ਜੋ 2019 ਦੇ ਔਸਤ ਖਰਚੇ ਨਾਲੋਂ 44 ਫੀਸਦੀ ਵੱਧ ਹੈ।"
  • ਰਿਪੋਰਟ ਵਿੱਚ ਜੋ ਸਿੱਟਾ ਕੱਢਿਆ ਗਿਆ ਹੈ, ਉਸ 'ਚ ਕਿਹਾ ਗਿਆ ਹੈ ਕਿ "ਭੁੱਖ ਦੇ ਮੁੱਖ ਕਾਰਨ ਬੇਰੋਕਟੋਕ ਜਾਰੀ ਰਹਿਣਗੇ।''
ਬੀਬੀਸੀ
ਸਾਓ ਪਾਓਲੋ

ਤਸਵੀਰ ਸਰੋਤ, FELIX LIMA/ BBC NEWS BRASIL

ਤਸਵੀਰ ਕੈਪਸ਼ਨ, 63 ਸਾਲਾ ਲਿੰਡਿਨਾਲਵਾ ਮਾਰੀਆ ਪਿਛਲੇ ਦੋ ਸਾਲਾਂ ਤੋਂ ਸਥਾਨਕ ਕਸਾਈਆਂ ਵੱਲੋਂ ਸੁੱਟੀਆਂ ਗਈਆਂ ਹੱਡੀਆਂ ਅਤੇ ਖੱਲ 'ਤੇ ਨਿਰਭਰ ਹਨ

'ਅਸੀਂ ਸੁੱਟੀ ਗਈ ਖੱਲ ਅਤੇ ਹੱਡੀਆਂ 'ਤੇ ਨਿਰਭਰ ਹਾਂ'

ਬ੍ਰਾਜ਼ੀਲ ਦੇ ਸਾਓ ਪਾਓਲੋ ਵਿੱਚ ਰਹਿਣ ਵਾਲੀ 63 ਸਾਲਾ ਲਿੰਡਿਨਾਲਵਾ ਮਾਰੀਆ ਡਾ. ਸਿਲਵਾ ਨਾਸੀਮੈਂਟੋ ਪਿਛਲੇ ਦੋ ਸਾਲਾਂ ਤੋਂ ਸਥਾਨਕ ਕਸਾਈਆਂ ਵੱਲੋਂ ਸੁੱਟੀਆਂ ਗਈਆਂ ਹੱਡੀਆਂ ਅਤੇ ਖੱਲ 'ਤੇ ਨਿਰਭਰ ਹਨ। ਉਹ ਇਨ੍ਹਾਂ ਨੂੰ ਖਾ ਕੇ ਹੀ ਆਪਣਾ ਢਿੱਡ ਭਰ ਰਹੇ ਹਨ।

ਪੈਨਸ਼ਨਰ ਲਿੰਡਿਨਾਲਵਾ ਕੋਲ ਪੂਰੇ ਦਿਨ ਲਈ ਸਿਰਫ਼ ਚਾਰ ਡਾਲਰ ਹੀ ਹੁੰਦੇ ਹਨ। ਇਸੇ ਵਿੱਚ ਉਨ੍ਹਾਂ ਨੂੰ ਆਪਣੇ ਪਤੀ, ਇੱਕ ਪੁੱਤਰ ਅਤੇ ਉਸ ਦੇ ਦੋ ਬੱਚਿਆਂ ਦਾ ਖਰਚਾ ਚਲਾਉਣਾ ਪੈਂਦਾ ਹੈ।

ਉਹ ਮਾਸ ਨਹੀਂ ਖਰੀਦ ਸਕਦੇ, ਇਸ ਲਈ ਉਹ ਵੱਖ-ਵੱਖ ਕਸਾਈਆਂ ਕੋਲ ਜਾਂਦੇ ਹਨ ਅਤੇ ਹੱਡੀਆਂ ਅਤੇ ਮੁਰਗੇ ਦੀ ਖੱਲ ਖਰੀਦਦੇ ਹਨ। ਇਹ ਵੀ ਉਨ੍ਹਾਂ ਨੂੰ ਲਗਭਗ 0.70 ਡਾਲਰ ਪ੍ਰਤੀ ਕਿੱਲੋ ਮਿਲਦਾ ਹੈ।

"ਮੈਂ ਹੱਡੀਆਂ ਨੂੰ ਪਕਾਉਂਦੀ ਹਾਂ, ਉਨ੍ਹਾਂ 'ਤੇ ਕੁਝ ਮਾਸ ਲੱਗਿਆ ਹੁੰਦਾ ਹੈ। ਫਿਰ ਮੈਂ ਸੁਆਦ ਲਈ ਉਨ੍ਹਾਂ ਵਿੱਚ ਫਲੀਆਂ ਪਾ ਦਿੰਦੀ ਹਾਂ।"

ਮਾਰੀਆ ਦੱਸਦੇ ਹਨ ਕਿ ਉਹ ਮੁਰਗੇ ਦੀ ਖੱਲ ਨੂੰ ਇੱਕ ਬਰਤਨ ਵਿੱਚ ਬਿਨਾਂ ਤੇਲ ਦੇ ਫ੍ਰਾਈ ਕਰਦੇ ਹਨ, ਜਿਸ ਤੋਂ ਚਰਬੀ ਨਿੱਕਲ ਆਉਂਦੀ ਹੈ ਅਤੇ ਫਿਰ ਉਸ ਚਰਬੀ ਨੂੰ ਇਕੱਠਾ ਕਰਕੇ ਉਹ ਉਸ ਵਿੱਚ ਹੋਰ ਖਾਣਾ ਫ੍ਰਾਈ ਕਰਦੇ ਹਨ।

ਮਹਾਂਮਾਰੀ ਦੌਰਾਨ ਲਿੰਡਿਨਾਲਵਾ ਨੇ ਆਪਣੀ ਨੌਕਰੀ ਗੁਆ ਦਿੱਤੀ। ਉਨ੍ਹਾਂ ਦਾ ਪੁੱਤਰ ਵੀ ਬੇਰੁਜ਼ਗਾਰ ਹੈ।

ਉਹ ਕਹਿੰਦੇ ਹਨ, "ਲੋਕ ਕੁਝ ਖਾਣਾ ਦੇ ਦਿੰਦੇ ਹਨ, ਸਥਾਨਕ ਕੈਥੋਲਿਕ ਚਰਚ ਵੀ ਮਦਦ ਕਰਦਾ ਹੈ। ਇਸ ਤਰ੍ਹਾਂ ਜਿਉਂਦੇ ਬਚੇ ਹੋਏ ਹਾਂ।''

ਭੁੱਖਮਰੀ

ਬ੍ਰਾਜ਼ੀਲ ਦੇ ਨੈੱਟਵਰਕ ਫਾਰ ਫੂਡ ਸਕਿਓਰਿਟੀ ਦੀ ਤਾਜ਼ਾ ਰਿਪੋਰਟ ਅਨੁਸਾਰ ਬ੍ਰਾਜ਼ੀਲ ਵਿੱਚ 3.3 ਕਰੋੜ ਤੋਂ ਵੱਧ ਲੋਕ ਭੁੱਖਮਰੀ ਦਾ ਸ਼ਿਕਾਰ ਹਨ।

ਜੂਨ ਵਿੱਚ ਪ੍ਰਕਾਸ਼ਿਤ ਇਸ ਨਵੇਂ ਖੋਜ ਪੱਤਰ ਅਨੁਸਾਰ, ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ ਖਾਣੇ ਦੀ ਅਸੁਰੱਖਿਆ ਦਾ ਸਾਹਮਣਾ ਕਰ ਰਹੀ ਹੈ।

ਲਿੰਡਿਨਾਲਵਾ ਸ਼ਿਕਾਇਤ ਭਰੇ ਲਹਿਜੇ ਵਿੱਚ ਕਹਿੰਦੇ ਹਨ, "ਕਸਾਈ ਵੀ ਅਕਸਰ ਇਹ ਕਹਿ ਦਿੰਦੇ ਹਨ ਕਿ ਉਨ੍ਹਾਂ ਕੋਲ ਹੱਡੀਆਂ ਨਹੀਂ ਹਨ।''

ਉਹ ਕਹਿੰਦੇ ਹਨ ਕਿ ਖਾਣਾ ਬਚਾਉਣ ਲਈ ਉਹ ਘੱਟੋ-ਘੱਟ ਖਾਣ ਦੀ ਕੋਸ਼ਿਸ਼ ਕਰਦੀ ਹੈ।

"ਮੈਂ ਇਸ ਵਿਸ਼ਵਾਸ ਨਾਲ ਵੀ ਜਿਂਉਦੀ ਬੱਚੀ ਹਾਂ ਕਿ ਕਦੇ ਨਾ ਕਦੇ ਹਾਲਾਤ ਭੀਤਰ ਹੋ ਜਾਣਗੇ।''

ਫੇਫਿਨਿਆਨਾ

ਤਸਵੀਰ ਸਰੋਤ, Unicef/Rakoto/2022

ਤਸਵੀਰ ਕੈਪਸ਼ਨ, ਫੇਫਿਨਿਆਨਾ ਜਿਸ ਅੰਬੋਸਰੀ ਸ਼ਹਿਰ ਵਿੱਚ ਰਹਿੰਦੇ ਹਨ, ਉਹ ਸੋਕੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ

'ਲਾਲ ਕੈਕਟਸ ਦਾ ਫਲ ਖਾ ਕੇ ਜਿਉਂਦੇ ਬਚੇ ਹਾਂ'

"ਮੀਂਹ ਨਹੀਂ ਪੈ ਰਿਹਾ ਹੈ ਅਤੇ ਕੋਈ ਫਸਲ ਨਹੀਂ ਹੋਈ ਹੈ। ਸਾਡੇ ਕੋਲ ਵੇਚਣ ਲਈ ਕੁਝ ਵੀ ਨਹੀਂ ਹੈ। ਸਾਡੇ ਕੋਲ ਕੋਈ ਪੈਸੇ ਨਹੀਂ ਹੈ। ਅਸੀਂ ਚੌਲ ਵੀ ਨਹੀਂ ਖਰੀਦ ਸਕਦੇ।"

ਹਿੰਦ ਮਹਾਸਾਗਰ ਦੇ ਮੈਡਾਗਾਸਕਰ ਟਾਪੂ 'ਤੇ ਰਹਿਣ ਵਾਲੀ 25 ਸਾਲਾ ਪੇਫਿਨਿਆਨਾ ਦੋ ਬੱਚਿਆਂ ਦੀ ਮਾਂ ਹੈ।

ਇੱਥੇ ਦੋ ਸਾਲਾਂ ਤੋਂ ਘੱਟ ਬਾਰਿਸ਼ ਹੋਈ ਹੈ, ਜਿਸ ਕਾਰਨ ਫਸਲਾਂ ਬਰਬਾਦ ਹੋ ਗਈਆਂ ਹਨ ਅਤੇ ਲੋਕਾਂ ਦੇ ਪਸ਼ੂ ਵੀ ਮਰ ਗਏ ਹਨ।

ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ, ਇਸ ਕਾਰਨ 10 ਲੱਖ ਤੋਂ ਜ਼ਿਆਦਾ ਲੋਕ ਭੁੱਖਮਰੀ ਦੇ ਸੰਕਟ ਹੇਠ ਆ ਗਏ ਸਨ।

ਫੇਫਿਨਿਆਨਾ ਜਿਸ ਅੰਬੋਸਰੀ ਸ਼ਹਿਰ ਵਿੱਚ ਰਹਿੰਦੇ ਹਨ, ਉਹ ਸੋਕੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ।

ਉਹ ਅਤੇ ਉਨ੍ਹਾਂ ਦਾ ਪਤੀ ਪਾਣੀ ਵੇਚ ਕੇ ਆਪਣਾ ਪੇਟ ਭਰਦੇ ਹਨ।

ਯੂਨੀਸੇਫ਼ ਦੇ ਅਨੁਵਾਦਕ ਦੀ ਮਦਦ ਨਾਲ ਉਹ ਬੀਬੀਸੀ ਨੂੰ ਦੱਸਦੇ ਹਨ, "ਜਦੋਂ ਮੈਂ ਕੁਝ ਪੈਸੇ ਕਮਾਉਂਦੀ ਹਾਂ ਤਾਂ ਮੈਂ ਚੌਲ ਅਤੇ ਕਸਾਵਾ ਖਰੀਦਦੀ ਹਾਂ। ਜਦੋਂ ਮੇਰੇ ਕੋਲ ਕੁਝ ਨਹੀਂ ਹੁੰਦਾ ਤਾਂ ਮੈਂ ਲਾਲ ਕੈਕਟਸ ਦਾ ਫਲ ਖਾਂਦੀ ਹਾਂ ਜਾਂ ਫਿਰ ਭੁੱਖੀ ਹੀ ਸੌਂ ਜਾਂਦੀ ਹਾਂ।"

ਉਹ ਕਹਿੰਦੇ ਹਨ, "ਇੱਥੇ ਜ਼ਿਆਦਾਤਰ ਲੋਕ ਕੈਕਟਸ ਦਾ ਫਲ ਖਾਂਦੇ ਹਨ, ਇਹ ਇਮਲੀ ਵਾਂਗ ਖੱਟਾ ਹੁੰਦਾ ਹੈ।"

"ਅਸੀਂ ਚਾਰ ਮਹੀਨਿਆਂ ਤੋਂ ਇਸ ਨੂੰ ਖਾ ਰਹੇ ਹਾਂ ਅਤੇ ਹੁਣ ਮੇਰੇ ਦੋਵਾਂ ਬੱਚਿਆਂ ਨੂੰ ਦਸਤ ਲੱਗੇ ਹੋਏ ਹਨ।''

ਵਰਲਡ ਫੂਡ ਪ੍ਰੋਗਰਾਮ ਨੇ ਪਿਛਲੇ ਸਾਲ ਦੱਸਿਆ ਸੀ ਕਿ ਦੱਖਣੀ ਮੈਡਾਗਾਸਕਰ ਵਿੱਚ "ਲੋਕ ਇਮਲੀ ਦੇ ਰਸ ਨਾਲ ਚਿੱਟੀ ਮਿੱਟੀ ਖਾ ਰਹੇ ਹਨ। ਇਸ ਤੋਂ ਇਲਾਵਾ ਉਹ ਕੈਕਟਸ ਦੇ ਪੱਤੇ, ਜੰਗਲੀ ਜੜ੍ਹਾਂ ਅਤੇ ਕੰਦਮੂਲ ਵੀ ਖਾ ਰਹੇ ਹਨ ਤਾਂ ਜੋ ਆਪਣੀ ਭੁੱਖ ਨੂੰ ਸ਼ਾਂਤ ਕਰ ਸਕਣ।''

ਇਹ ਫਲ ਫੇਫਿਨਿਆਨਾ ਦੇ ਪਰਿਵਾਰ ਨੂੰ ਜਿਉਂਦਾ ਤਾਂ ਰੱਖ ਸਕਦਾ ਹੈ ਪਰ ਸਰੀਰ ਲਈ ਜ਼ਰੂਰੀ ਵਿਟਾਮਿਨ ਅਤੇ ਖਣਿਜ ਨਹੀਂ ਦਿੰਦਾ।

ਇੱਥੇ ਕਈ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ ਜਿਨ੍ਹਾਂ ਨੂੰ ਇਲਾਜ ਦਿੱਤਾ ਜਾ ਰਿਹਾ ਹੈ, ਫੇਫਿਨਿਆਨਾ ਦਾ ਚਾਰ ਸਾਲਾ ਪੁੱਤਰ ਵੀ ਉਨ੍ਹਾਂ ਬੱਚਿਆਂ ਵਿੱਚੋਂ ਇੱਕ ਹੈ।

ਉਹ ਕਹਿੰਦੇ ਹਨ ਕਿ ਥੋੜੀ ਜਿਹੀ ਬਾਰਿਸ਼ ਹੋਣ 'ਤੇ ਵੀ ਉਹ ਕੋਈ ਨਾ ਕੋਈ ਫ਼ਸਲ ਜ਼ਰੂਰ ਬੀਜ ਲੈਣਗੇ। "ਫਿਰ ਅਸੀਂ ਆਲੂ, ਕਸਾਵਾ ਅਤੇ ਫਲ ਖਾ ਸਕਾਂਗੇ।''

"ਫਿਰ ਸਾਨੂੰ ਕੈਕਟਸ ਦਾ ਫਲ ਨਹੀਂ ਖਾਣਾ ਪਵੇਗਾ।"

ਵਰਲਡ ਫੂਡ ਪ੍ਰੋਗਰਾਮ ਦਾ ਕਹਿਣਾ ਹੈ ਕਿ ਇਸ ਸਮੇਂ ਦੁਨੀਆਂ ਹੋਰ ਵੀ ਜ਼ਿਆਦਾ ਭੁੱਖੀ ਹੈ।

ਇਸ ਲਗਾਤਾਰ ਵਧ ਰਹੇ ਸੰਕਟ ਲਈ ਉਹ ਚਾਰ ਕਾਰਨਾਂ ਨੂੰ ਜ਼ਿੰਮੇਵਾਰ ਮੰਨਦਾ ਹੈ- ਹਿੰਸਕ ਸੰਘਰਸ਼, ਜਲਵਾਯੂ ਤਬਦੀਲੀ, ਕੋਵਿਡ ਮਹਾਂਮਾਰੀ ਦਾ ਆਰਥਿਕ ਪ੍ਰਭਾਵ ਅਤੇ ਵਧਦੀਆਂ ਕੀਮਤਾਂ।

ਡਬਲਯੂਐੱਫਪੀ ਦੀ 2022 ਦੀ ਇੱਕ ਰਿਪੋਰਟ ਅਨੁਸਾਰ, "ਵਿਸ਼ਵ ਸਿਹਤ ਪ੍ਰੋਗਰਾਮ ਦਾ ਹਰ ਮਹੀਨੇ ਦਾ ਖਰਚ 7.36 ਕਰੋੜ ਡਾਲਰ ਹੈ, ਜੋ 2019 ਦੇ ਔਸਤ ਖਰਚੇ ਨਾਲੋਂ 44 ਫੀਸਦੀ ਵੱਧ ਹੈ।"

"ਹੁਣ ਜੋ ਪੈਸਾ ਪ੍ਰੋਗਰਾਮ ਦੇ ਸੰਚਾਲਨ 'ਤੇ ਜ਼ਿਆਦਾ ਖਰਚ ਕੀਤਾ ਜਾ ਰਿਹਾ ਹੈ, ਉਸ ਨਾਲ ਹਰ ਮਹੀਨੇ 40 ਲੱਖ ਲੋਕਾਂ ਦਾ ਢਿੱਡ ਭਰਿਆ ਜਾ ਸਕਦਾ ਸੀ।''

ਹਾਲਾਂਕਿ, ਸੰਗਠਨ ਦਾ ਕਹਿਣਾ ਹੈ ਕਿ ਜਦੋਂ ਤੱਕ ਦੁਨੀਆਂ ਭਰ ਵਿੱਚ ਸੰਘਰਸ਼ਾਂ ਨੂੰ ਖ਼ਤਮ ਕਰਨ ਅਤੇ ਜਲਵਾਯੂ ਤਬਦੀਲੀ ਨੂੰ ਰੋਕਣ ਲਈ ਰਾਜਨੀਤਿਕ ਇੱਛਾ ਸ਼ਕਤੀ ਨਹੀਂ ਹੋਵੇਗੀ, ਇਕੱਲੇ ਪੈਸੇ ਨਾਲ ਇਸ ਸੰਕਟ ਨੂੰ ਹੱਲ ਨਹੀਂ ਕੀਤਾ ਜਾ ਸਕਦਾ।

ਰਿਪੋਰਟ ਵਿੱਚ ਜੋ ਸਿੱਟਾ ਕੱਢਿਆ ਗਿਆ ਹੈ, ਉਸ 'ਚ ਕਿਹਾ ਗਿਆ ਹੈ ਕਿ "ਭੁੱਖ ਦੇ ਮੁੱਖ ਕਾਰਨ ਬੇਰੋਕਟੋਕ ਜਾਰੀ ਰਹਿਣਗੇ।''

(ਇਸ ਰਿਪੋਰਟ ਵਿੱਚ ਫਿਲਿਪ ਸੂਜ਼ਾ ਨੇ ਸਹਿਯੋਗ ਦਿੱਤਾ ਹੈ।)

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)