ਮਾਇਓਪੀਆ : ਮਹਾਮਾਰੀ ਵਾਂਗ ਕਿਉਂ ਵਧ ਰਹੀ ਹੈ ਬੱਚਿਆਂ ਦੇ ਅੱਖਾਂ ਦੀ ਨਜ਼ਰ ਘਟਣ ਦੀ ਬਿਮਾਰੀ

ਤਸਵੀਰ ਸਰੋਤ, Getty Images
- ਲੇਖਕ, ਜੈਸਿਕਾ ਮੁਦਿੱਤ
- ਰੋਲ, ਬੀਬੀਸੀ
1980 ਦਹਾਕੇ ਦੇ ਅਖ਼ੀਰ ’ਚ, ਸਿੰਗਾਪੁਰ ਵਿੱਚ ਮਾਪਿਆਂ ਨੇ ਆਪਣੇ ਬੱਚਿਆਂ ’ਚ ਇੱਕ ਚਿੰਤਾਜਨਕ ਤਬਦੀਲੀ ਦੇਖੀ।
ਹਾਲਾਂਕਿ, ਉਸ ਸਮੇਂ ਛੋਟੇ- ਖੰਡੀ ਦੇਸ਼ਾਂ (ਟ੍ਰੋਪੀਕਲ ਨੇਸ਼ਨਜ਼) ਦੇ ਲੋਕਾਂ ਦੇ ਜੀਵਨ ਵਿੱਚ ਬਹੁਤ ਸੁਧਾਰ ਹੋ ਰਿਹਾ ਸੀ। ਖ਼ਾਸ ਤੌਰ 'ਤੇ ਸਿੱਖਿਆ ਦੇ ਖੇਤਰ ’ਚ ਤਬਦੀਲੀ ਇੱਕ ਪੀੜ੍ਹੀ ਨੂੰ ਬਦਲ ਰਹੀ ਸੀ ਅਤੇ ਖੁਸ਼ਹਾਲੀ ਦੇ ਦਰਵਾਜ਼ੇ ਖੋਲ੍ਹ ਰਹੀ ਸੀ।
ਪਰ ਇਸ ਦੌਰਾਨ ਇੱਕ ਹੋਰ ਚੀਜ਼ ਵੀ ਹੋ ਰਹੀ ਸੀ, ਜਿਸ ਬਾਰੇ ਸਾਰਿਆਂ ਦਾ ਧਿਆਨ ਘੱਟ ਸੀ ਤੇ ਉਹ ਸੀ ਬੱਚਿਆਂ ਦੀ ਨਜ਼ਰ ਕਮਜ਼ੋਰ ਹੋਣਾ।
ਕਮਜ਼ੋਰ ਨਜ਼ਰ ਦੇ ਇਸ ਕੌਮੀ ਸੰਕਟ ਨੂੰ ਕੋਈ ਨਹੀਂ ਰੋਕ ਸਕਿਆ।
ਨਜ਼ਰ ਘਟਣ ਦੇ ਮਾਮਲੇ ਜਿਸ ਨੂੰ ਨਜ਼ਦੀਕੀ-ਨਜ਼ਰ ਦਾ ਘਟਣਾ ਜਾਂ ਮਾਇਓਪੀਆ ਵੀ ਕਿਹਾ ਜਾਂਦਾ ਹੈ, ਲਗਾਤਾਰ ਵੱਧ ਰਹੇ ਸਨ।
ਮੌਜੂਦਾ ਸਮੇਂ ’ਚ ਸਿੰਗਾਪੁਰ ਵਿੱਚ ਨੌਜਵਾਨ ਬਾਲਗਾਂ ਵਿੱਚ ਮਾਇਓਪੀਆ ਦੀ ਦਰ ਲਗਭਗ 80% ਹੋ ਚੁੱਕੀ ਹੈ ਅਤੇ ਇਸ ਨੂੰ "ਵਿਸ਼ਵ ਦੀ ਮਾਇਓਪੀਆ ਰਾਜਧਾਨੀ" ਵੀ ਕਿਹਾ ਜਾਂਦਾ ਹੈ।
ਸਿੰਗਾਪੁਰ ਨੈਸ਼ਨਲ ਆਈ ਸੈਂਟਰ (SNEC) ਦੇ ਐਸੋਸੀਏਟ ਪ੍ਰੋਫ਼ੈਸਰ ਅਤੇ ਸੀਨੀਅਰ ਸਲਾਹਕਾਰ ਔਡਰੇ ਚੀਆ ਕਹਿੰਦੇ ਹਨ, "ਅਸੀਂ 20 ਸਾਲਾਂ ਤੋਂ ਇਸ ਮੁੱਦੇ ਨਾਲ ਨਜਿੱਠ ਰਹੇ ਹਾਂ, ਇਸ ਬੀਮਾਰੀ ਨੇ ਸਾਨੂੰ ਲਗਭਗ ਸੁੰਨ ਹੀ ਕਰ ਦਿੱਤਾ ਹੈ।"
ਉਨ੍ਹਾਂ ਕਿਹਾ, "ਸਿੰਗਾਪੁਰ ਵਿੱਚ ਹੁਣ ਲਗਭਗ ਹਰ ਕੋਈ ਮਾਇਓਪਿਕ ਹੈ।"

ਤਸਵੀਰ ਸਰੋਤ, Getty Images
ਸਿੰਗਾਪੁਰ ਵਿੱਚ ਜੋ ਹੋਇਆ ਉਹੀ ਹੁਣ ਪੂਰੀ ਦੁਨੀਆਂ ਵਿੱਚ ਹੁੰਦਾ ਨਜ਼ਰ ਆ ਰਿਹਾ ਹੈ।
ਜਾਪਦਾ ਹੈ ਕਿ ਪੂਰੀ ਤਰ੍ਹਾਂ ਵੱਖਰੀ ਜੀਵਨਸ਼ੈਲੀ ਵਾਲੇ ਦੇਸ਼ ਵੀ ਘੱਟਦੀ ਨਜ਼ਰ ਦੇ ਸੰਕਟ ਨੂੰ ਲੈ ਕੇ ਇਕਮੁੱਠ ਹੋ ਗਏ ਹਨ।
ਸੰਯੁਕਤ ਰਾਜ ਵਿੱਚ, ਲਗਭਗ 40 ਫੀਸਦ ਬਾਲਗ਼ ਘੱਟ ਨਜ਼ਰ ਵਾਲੇ ਹਨ। ਇਹ ਅੰਕੜਾ 1971 ਦੇ ਅੰਕੜੇ ਨਾਲੋਂ 25 ਫੀਸਦ ਵੱਧ ਹੈ।
ਯੂਕੇ ਵਿੱਚ ਵੀ ਇਸੇ ਤਰ੍ਹਾਂ ਹੀ ਦਰਾਂ ਵਧੀਆਂ ਹਨ। ਪਰ ਉਨ੍ਹਾਂ ਦੀ ਸਥਿਤੀ ਦੱਖਣੀ ਕੋਰੀਆ, ਤਾਈਵਾਨ ਅਤੇ ਚੀਨ ਦੀ ਤੁਲਨਾ ਵਿੱਚ ਘੱਟ ਖ਼ਰਾਬ ਹੈ।
ਇਨ੍ਹਾਂ ਦੇਸ਼ਾਂ ਵਿੱਚ ਇਸ ਦੇ ਪ੍ਰਸਾਰ ਦੀ ਦਰ 84 ਤੋਂ 97 ਫੀਸਦ ਦੇ ਵਿਚਾਲੇ ਹੈ।

- 1980 ਦਹਾਕੇ ਦੇ ਅਖੀਰ ਵਿੱਚ, ਸਿੰਗਾਪੁਰ ਵਿੱਚ ਮਾਪਿਆਂ ਨੇ ਆਪਣੇ ਬੱਚਿਆਂ ਵਿੱਚ ਇੱਕ ਚਿੰਤਾਜਨਕ ਤਬਦੀਲੀ ਦੇਖੀ।
- ਬੱਚਿਆ ਦੀ ਨਜ਼ਰ ਹੈਰਾਨੀਜਨਕ ਤਰੀਕੇ ਨਾਲ ਘੱਟ ਰਹੀ ਸੀ ਜਿਸ ਨੂੰ ਮਾਇਓਪੀਆ ਵੀ ਕਿਹਾ ਜਾਂਦਾ ਹੈ।
- ਇਸ ਕਾਰਨ ਸਿੰਗਾਪੁਰ ਨੂੰ "ਵਿਸ਼ਵ ਦੀ ਮਾਇਓਪੀਆ ਰਾਜਧਾਨੀ" ਕਿਹਾ ਜਾਣ ਲੱਗਿਆ ਹੈ।
- ਸੰਯੁਕਤ ਰਾਜ ਵਿੱਚ ਲਗਭਗ 40 ਫੀਸਦ ਬਾਲਗ਼ ਕਮਜ਼ੋਰ ਨਜ਼ਰ ਵਾਲੇ ਹਨ।
- ਜੇਕਰ ਮੌਜੂਦਾ ਰੁਝਾਨ ਜਾਰੀ ਰਿਹਾ ਤਾਂ 2050 ਤੱਕ ਦੁਨੀਆਂ ਦੀ ਅੱਧੀ ਆਬਾਦੀ ਦੀ ਨਜ਼ਰ ਕਮਜ਼ੋਰ ਹੋਵੇਗੀ।
- ਤੁਝ ਮੁਲਕਾਂ ’ਚ ਇਹ ਵੱਡੀ ਉਮਰ ਦੇ ਸਕੂਲੀ ਬੱਚਿਆਂ ਵਿੱਚ 76%-90% ਤੱਕ ਪਹੁੰਚ ਗਿਆ ਹੈ।
- ਜੀਵਨਸ਼ੈਲੀ ਦੇ ਕਾਰਕਾਂ ਨੂੰ ਇਸ ਲਈ ਵਧੇਰੇ ਮਹੱਤਵਪੂਰਨ ਮੰਨਿਆ ਜਾਂਦਾ ਹੈ।

2050 ਤੱਕ ਅੱਧੀ ਆਬਾਦੀ ਦੀ ਨਜ਼ਰ ਕਮਜ਼ੋਰ ਹੋ ਸਕਦੀ ਹੈ
ਜੇਕਰ ਇਹੀ ਮੌਜੂਦਾ ਰੁਝਾਨ ਜਾਰੀ ਰਿਹਾ ਤਾਂ 2050 ਤੱਕ ਦੁਨੀਆ ਦੀ ਅੱਧੀ ਆਬਾਦੀ ਦੀ ਨਜ਼ਰ ਘੱਟ ਸਕਦੀ ਹੈ। ਇਹ ਸਮੱਸਿਆ ਪਹਿਲਾਂ ਨਾਲੋਂ ਕਿਤੇ ਤੇਜ਼ੀ ਨਾਲ ਫੈਲਦੀ ਨਜ਼ਰ ਆ ਰਹੀ ਹੈ।
ਚੀਨ ਵਿੱਚ ਬੱਚਿਆਂ ’ਚ ਮਾਇਓਪੀਆ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਅੰਕੜਾ ਸਕੂਲ ਜਾਣ ਵਾਲੇ ਬੱਚਿਆਂ ਵਿੱਚ 76 ਤੋਂ 90 ਫੀਸਦ ਦੇ ਵਿਚਾਲੇ ਹੈ। ਚੀਆ ਮੁਤਾਬਕ ਇਹ ਇੱਕ ਬਹੁਤ ਹੀ ਤੇਜ਼ ਵਾਧਾ ਹੈ।
ਪਹਿਲੀ ਨਜ਼ਰੇ, ਨਜ਼ਰ ਦਾ ਘਟਣਾ ਹੋ ਸਕਦਾ ਹੈ ਕਿ ਦੁਨੀਆ ਨੂੰ ਵੱਡੀ ਸਮੱਸਿਆ ਨਾ ਲੱਗੇ। ਕਿਉਂਕਿ ਜਦੋਂ ਕੋਈ ਦੂਰ ਪਈ ਚੀਜ਼ ਨੂੰ ਦੇਖਣ ਲਈ ਸੰਘਰਸ਼ ਕਰਦਾ ਹੈ ਤਾਂ ਸਾਡੇ ਕੋਲ ਇਸ ਦਾ ਹੱਲ ਹੈ, ਚਸ਼ਮਾ।
ਪਰ ਖੋਜਕਾਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਮਾਇਓਪੀਆ ਨਜ਼ਰ ਕਮਜ਼ੋਰ ਹੋਣ ਅਤੇ ਅੰਨ੍ਹੇਪਣ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ।

ਬੱਚਿਆਂ ਵਿੱਚ ਇਸ ਸਮੱਸਿਆ ਨੂੰ ਲੱਭਣ ਅਤੇ ਠੀਕ ਕਰਨ ਵਿੱਚ ਕੁਝ ਸਮਾਂ ਲੱਗ ਸਕਦਾ ਹੈ।
ਇਸ ਨਾਲ ਸਕੂਲ ਵਿੱਚ ਸਿੱਖਣ ਅਤੇ ਰੋਜ਼ਾਨਾ ਜੀਵਨ ਦਾ ਆਨੰਦ ਲੈਣ ਦੀ ਉਨ੍ਹਾਂ ਦੀ ਯੋਗਤਾ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਉਨ੍ਹਾਂ ਦੇ ਭਵਿੱਖ ਵਿੱਚ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ।
ਬੱਚੇ ਵਿੱਚ ਮਾਇਓਪੀਆ ਵਿਕਸਿਤ ਹੋਣ ਦੀ ਆਮ ਉਮਰ 8 ਤੋਂ 12 ਸਾਲ ਦੇ ਵਿਚਾਲੇ ਹੁੰਦੀ ਹੈ।
ਜਿੰਨੀ ਜਲਦੀ ਇੱਕ ਬੱਚੇ ਵਿੱਚ ਮਾਇਓਪੀਆ ਵਿਕਸਿਤ ਹੁੰਦਾ ਹੈ, ਓਨੀ ਹੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਕਿ ਉਨ੍ਹਾਂ ਨੂੰ ਜਵਾਨੀ ਵਿੱਚ ਗੰਭੀਰ ਮਾਇਓਪਿਆ ਹੋ ਜਾਵੇ। ਇਹ ਆਖ਼ਰਕਾਰ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਲਈ ਖ਼ਤਰਾ ਪੈਦਾ ਕਰ ਸਕਦਾ ਹੈ।
ਇਸ ਨਾਲ ਅੱਖਾਂ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਗਲਾਕੋਮਾ, ਰੈਟਿਨਲ ਡਿਟੈਚਮੈਂਟ, ਮੋਤੀਆਬਿੰਦ ਅਤੇ ਮਾਇਓਪਿਕ ਮੈਕੁਲੋਪੈਥੀ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ-

ਇਸ ਗਲੋਬਲ ਨਜ਼ਰ ਸੰਕਟ ਦੀ ਵਿਆਖਿਆ ਕੀ ਹੈ?
ਇਸ ਵਿੱਚ ‘ਜੀਨਜ਼’ ਦੀ ਭੂਮਿਕਾ ਬਹੁਤ ਘੱਟ ਹੈ।
ਯੂਕੇ ਵਿੱਚ ਬ੍ਰੈਡਫੋਰਡ ਯੂਨੀਵਰਸਿਟੀ ਦੀ ਇੱਕ ਲੈਕਚਰਾਰ ਅਤੇ ਇੱਕ ਰਜਿਸਟਰਡ ਓਪਟੋਮੈਟ੍ਰਿਸਟ, ਨੀਮਾ ਘੋਰਬਾਨੀ ਮੋਜਰਰਾਡ ਦਾ ਕਹਿਣਾ ਹੈ ਕਿ ਹਾਲਾਂਕਿ, ਮਾਇਓਪੀਆ ਦਾ ਪਰਿਵਾਰਕ ਇਤਿਹਾਸ, ਬੱਚਿਆਂ ਵਿੱਚ ਵਿਕਸਿਤ ਹੋਣ ਵਾਲੇ ਮਾਇਓਪੀਆ ਦੇ ਜੋਖ਼ਮ ਨੂੰ ਵਧਾਉਂਦਾ ਹੈ ਪਰ ਮਾਇਓਪੀਆ ਦੇ ‘ਜੈਨੇਟਿਕ’ ਕੇਸ ਬਹੁਤ ਘੱਟ ਹੁੰਦੇ ਹਨ।
ਇਸ ਦੀ ਬਜਾਏ, ਜੀਵਨਸ਼ੈਲੀ ਦੇ ਕਾਰਕਾਂ ਨੂੰ ਇਸ ਲਈ ਵਧੇਰੇ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਖ਼ਾਸ ਤੌਰ 'ਤੇ, ਬਾਹਰ ਘੱਟ ਨਿਕਲਣਾ ਅਤੇ ਲਗਾਤਾਰ ਪੜ੍ਹਨਾ ਜਾਂ ਲਗਾਤਾਰ ਮੋਬਾਈਲ ਦੇਖਣਾ।

ਤਸਵੀਰ ਸਰੋਤ, Getty Images
ਇਹ ਕਾਰਕ ਇਹ ਦੱਸਣ ਵਿੱਚ ਮਦਦ ਕਰਦੇ ਹਨ ਕਿ ਬੱਚਿਆਂ ਦੀ ਜੀਵਨ ਸ਼ੈਲੀ ਵਿੱਚ ਸਿੱਖਿਆ ਕਰਕੇ ਵੀ ਮਾਈਓਪੀਆ ਦੇ ਫੈਲਣ ਦੇ ਜੋਖ਼ਮ ਵੱਧ ਰਹੇ ਹਨ।
ਬੇਸ਼ੱਕ, ਆਪਣੇ-ਆਪ ਵਿੱਚ ਸਿੱਖਿਆ ਸੰਸਾਰ ਨੂੰ ਖੋਜਣ, ਗਿਆਨ ਅਤੇ ਹੁਨਰ ਰਾਹੀਂ ਆਪਣੇ ਆਪ ਨੂੰ ਸਮਰੱਥ ਬਣਾਉਣ ਦਾ ਜ਼ਰਿਆ ਹੈ।
ਪਰ ਜਿਸ ਤਰੀਕੇ ਨਾਲ ਬੱਚੇ ਆਧੁਨਿਕ ਸੰਸਾਰ ਵਿੱਚ ਸਿੱਖਿਆ ਹਾਸਿਲ ਕਰਦੇ ਹਨ, ਜਮਾਤਾਂ ਵਿੱਚ ਲੰਬੇ ਘੰਟੇ ਬਿਤਾਉਣ 'ਤੇ ਜ਼ੋਰ ਦਿੰਦੇ ਹਨ, ਇਸ ਨਾਲ ਉਨ੍ਹਾਂ ਦੀਆਂ ਅੱਖਾਂ ਦੀ ਸਿਹਤ ਨੂੰ ਲਗਾਤਾਰ ਨੁਕਸਾਨ ਪਹੁੰਚਦਾ ਜਾਪਦਾ ਹੈ।
ਘੋਰਬਾਨੀ ਦਾ ਕਹਿਣਾ ਹੈ, "ਸਿੱਖਿਆ ਨੂੰ ਵੀ ਕਮਜ਼ੋਰ ਹੁੰਦੀ ਨਜ਼ਰ ਦਾ ਕਾਰਨ ਮੰਨਿਆ ਹੈ। ਸਾਨੂੰ ਸ਼ੱਕ ਹੈ ਕਿ ਬੱਚੇ ਪੜ੍ਹਦੇ ਹਨ ਅਤੇ ਘਰ ਦੇ ਅੰਦਰ ਜ਼ਿਆਦਾ ਸਮਾਂ ਬਿਤਾਉਂਦੇ ਹਨ। ਹਰ ਸਾਲ ਦਰ ਸਾਲ ਚੱਲਣ ਵਾਲੀ ਸਿੱਖਿਆ ਕਮਜ਼ੋਰ ਹੁੰਦੀ ਨਜ਼ਰ ਦੀ ਸੰਭਾਵਿਤ ਗਤੀ ਨੂੰ ਵਧਾਉਂਦੀ ਹੈ।"
ਸਿੱਖਿਆ ਦਾ ਵਿਰੋਧਾਭਾਸ
ਘੋਰਬਾਨੀ ਅਤੇ ਉਨ੍ਹਾਂ ਦੇ ਸਾਥੀਆਂ ਨੇ 1970 ਦੇ ਦਹਾਕੇ ਵਿੱਚ, ਯੂਕੇ ਵਿੱਚ 15 ਤੋਂ 16 ਸਾਲ ਦੀ ਉਮਰ ਤੱਕ ਦੇ ਬੱਚਿਆਂ ਦੀ ਜਾਂਚ ਕੀਤੀ। ਇਸ ਦੌਰਾਨ ਇਸ ਨੂੰ ਸਕੂਲੀ ਸਾਲਾਂ ਰਾਹੀਂ ਮਾਪਿਆ ਗਿਆ ਅਤੇ ਮਾਇਓਪੀਆ ਉੱਤੇ ਸਿੱਖਿਆ ਦੇ ਪ੍ਰਭਾਵ ਦਾ ਅਧਿਐਨ ਕੀਤਾ ਗਿਆ।
ਇਸ ਨੂੰ ਸਮਝਣ ਦੌਰਾਨ ਮਾਇਓਪੀਆ ਪਹਿਲੀ ਵਾਰ ਕਦੋਂ ਵਿਕਸਿਤ ਹੋਇਆ, ਇਸ ਬਾਰੇ ਵਿਸ਼ਲੇਸ਼ਣ ਵਿੱਚ ਵੀ ਮਦਦ ਮਿਲਦੀ ਹੈ।
ਜ਼ਿਆਦਾਤਰ ਨਵਜੰਮੇ ਬੱਚਿਆਂ ਨੂੰ ਦੂਰ ਪਈ ਚੀਜ਼ ਸਾਫ਼ ਨਜ਼ਰ ਆਉਂਦੀ ਤੇ ਨੇੜੇ ਵਾਲੀ ਧੁੰਦਲੀ ਦਿਖਦੀ ਹੈ। ਇਸੇ ਤਰ੍ਹਾਂ ਜੀਵਨ ਦੇ ਪਹਿਲੇ ਸਾਲ ਅੰਦਰ, ਅੱਖਾਂ ਦਾ ਕੁਦਰਤੀ ਤੌਰ 'ਤੇ ਵਿਕਾਸ ਹੁੰਦਾ ਹੈ ਅਤੇ ਦੂਰ ਦੀ ਨਜ਼ਰ ਘੱਟ ਜਾਂਦੀ ਤੇ ਇੱਕ ਬਿੰਦੂ 'ਤੇ ਆ ਕੇ ਉਨ੍ਹਾਂ ਦੀ ਨਜ਼ਰ ਬਿਲਕੁਲ ਠੀਕ ਹੋ ਜਾਂਦੀ ਹੈ।

ਹਾਲਾਂਕਿ, ਕੁਝ ਮਾਮਲਿਆਂ ਵਿੱਚ ਅੱਖਾਂ ਦੇ ਆਕਾਰ ਦਾ ਵਿਕਾਸ ਹੋਣਾ ਬੰਦ ਨਹੀਂ ਹੁੰਦਾ ਅਤੇ ਨਜ਼ਰ ਘੱਟ ਹੋਣਾ ਸ਼ੁਰੂ ਹੋ ਜਾਂਦੀ ਹੈ। ਆਈਬੌਲ ਇੰਨਾ ਲੰਬਾ ਹੁੰਦਾ ਹੈ ਕਿ ਐਨਕਾਂ ਦੀ ਮਦਦ ਤੋਂ ਬਿਨਾਂ ਦੂਰ ਦੀਆਂ ਚੀਜ਼ਾਂ ਸਾਫ਼ ਨਜ਼ਰ ਨਹੀਂ ਆਉਂਦੀਆਂ।
ਘੋਰਬਾਨੀ ਮੰਨਦੇ ਹਨ, "ਹਰ ਕਿਸੇ ਕੋਲ ਰੈਟਿਨਾ ਦੀ ਸੀਮਤ ਮਾਤਰਾ ਹੁੰਦੀ ਹੈ। ਅਸਲ ਵਿੱਚ ਰੇਟੀਨਾ ਪਤਲੀ ਹੋ ਜਾਂਦੀ ਹੈ ਅਤੇ ਫਟਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ ਤੇ ਪਾਣੀ ਨਿਕਲ ਸਕਦਾ ਹੈ।"
ਅਜਿਹਾ ਮੰਨਿਆ ਜਾਂਦਾ ਹੈ ਕਿ ਵਧੇਰੇ ਸਮਾਂ ਘਰ ਦੇ ਅੰਦਰ ਰਹਿਣ ਨਾਲ ਇਹ ਸਮੱਸਿਆ ਹੋਰ ਵਿਗੜ ਸਕਦੀ ਹੈ। ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਅੰਦਰੂਨੀ ਰੌਸ਼ਨੀ, ਕੁਦਰਤੀ ਰੌਸ਼ਨੀ ਤੋਂ ਵੱਖਰੀ ਹੈ।
ਸਿੰਗਾਪੁਰ ਵਿੱਚ ਜਿਨ੍ਹਾਂ ਨੇ ਮਾਇਓਪੀਆ 'ਤੇ ਸਭ ਤੋਂ ਲੰਬੇ ਸਮੇਂ ਤੱਕ ਖੋਜ ਕੀਤੀ ਹੈ, ਉਸ ਦੇ ਮਾਹਰ ਇੱਕੋ ਜਿਹੇ ਸਿੱਟੇ 'ਤੇ ਪਹੁੰਚੇ ਹਨ।
ਚੀਆ ਦਾ ਕਹਿਣਾ ਹੈ, "ਮੇਰੇ ਪਿਤਾ ਦੀ ਪੀੜ੍ਹੀ ਨੇ ਬਾਹਰ ਮੱਛੀਆਂ ਫੜਨ ਅਤੇ ਹੋਰਨਾਂ ਕੰਮਾਂ ਵਿੱਚ ਵਧੇਰੇ ਸਮਾਂ ਬਿਤਾਇਆ ਹੈ ਪਰ ਫਿਰ ਸਿੰਗਾਪੁਰ ਵਿੱਚ ਸ਼ਹਿਰੀਕਰਨ ਆਇਆ ਅਤੇ ਇਸ ਨੇ ਅਕਾਦਮਿਕ ਮਹੱਤਤਾ ਲਈ ਵੱਡੇ ਪੱਧਰ 'ਤੇ ਪ੍ਰੇਰਿਤ ਕੀਤਾ।"
"ਮਾਪੇ ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਵਧੀਆ ਸਕੂਲ ਵਿੱਚ ਦਾਖ਼ਲ ਹੋਣ ਅਤੇ ਯੂਨੀਵਰਸਿਟੀ ਜਾਣ। ਇਸ ਨੇ ਸਾਰੇ ਬੱਚਿਆਂ ਨੂੰ ਹੋਰ ਪੜ੍ਹਨ ਲਈ ਘਰ ਦੇ ਅੰਦਰ ਸੀਮਤ ਕਰ ਦਿੱਤਾ।"

ਤਸਵੀਰ ਸਰੋਤ, Getty Images
ਵਿਰੋਧਾਭਾਸ ਇਹ ਹੈ ਕਿ ਕੁਝ ਹਦ ਤੱਕ ਪੜ੍ਹਨਾ ਬੱਚਿਆਂ ਲਈ ਚੰਗਾ ਹੈ। ਸਾਖਰਤਾ ਅਤੇ ਸਕੂਲੀ ਪੜ੍ਹਾਈ ਆਮ ਤੌਰ 'ਤੇ ਬੱਚਿਆਂ ਦੀ ਤੰਦਰੁਸਤੀ ਲਈ ਮਹੱਤਵਪੂਰਨ ਹੈ।
ਕੁਈਨਜ਼ ਯੂਨੀਵਰਸਿਟੀ ਬੇਲਫਾਸਟ ਵਿਖੇ ਸੈਂਟਰ ਫਾਰ ਪਬਲਿਕ ਹੈਲਥ ਦੇ ਗਲੋਬਲ ਆਈ ਹੈਲਥ ਦੇ ਪ੍ਰੋਫੈਸਰ ਨਾਥਨ ਕੌਂਗਡਨ ਦਾ ਕਹਿਣਾ ਹੈ ਕਿ ਵਿਦਿਅਕ ਮਹੱਤਤਾ ਦੇ ਪਿੱਛੇ ਭੱਜਣ ਦੌਰਾਨ ਜੀਵਨ ਦੇ ਹੋਰ ਪਹਿਲੂਆਂ ਨੂੰ ਛੱਡ ਦੇਣਾ, ਜਿਵੇਂ ਕਿ ਬਾਹਰ ਸਮਾਂ ਨਾ ਬਿਤਾਉਣਾ, ਅੱਖਾਂ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।
ਉਹ ਦੱਸਦੇ ਹਨ ਕਿ ਜਾਪਾਨ, ਕੋਰੀਆ, ਵੀਅਤਨਾਮ, ਚੀਨ, ਹਾਂਗਕਾਂਗ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਵਿੱਚ ਮਾਇਓਪੀਆ ਦੀਆਂ ਬਹੁਤ ਉੱਚੀਆਂ ਦਰਾਂ ਹਨ।
"ਉਨ੍ਹਾਂ ਨੂੰ ਬਹੁਤ ਵੱਡੀ ਵਿਦਿਅਕ ਸਫ਼ਲਤਾ ਵੀ ਮਿਲੀ ਹੈ। ਇਹ ਇੱਕ ਗੁੰਝਲਦਾਰ ਸੱਭਿਆਚਾਰਕ ਵਰਤਾਰਾ ਹੈ।"
ਚੀਨ ਵਿੱਚ, ਕਲਾਸਰੂਮਾਂ ਵਿੱਚ ਟਰਾਇਲ ਕਰਵਾਏ ਗਏ ਹਨ ਜਿਸ ਵਿੱਚ ਬਾਹਰ ਬੈਠ ਕੇ ਸਿੱਖਣ ਨੂੰ ਤਰਜੀਹ ਦਿੱਤੀ ਗਈ ਹੈ। ਝੋਂਗਸ਼ਨ ਓਫਥਲਮਿਕ ਸੈਂਟਰ ਵੱਲੋਂ 2017 ਵਿੱਚ ਇੱਕ ਅਧਿਐਨ ਕਰਵਾਇਆ ਗਿਆ। ਕੌਂਗਡਨ ਵੀ ਇੱਥੇ ਕੰਮ ਕਰਦੇ ਹਨ।
ਅਧਿਐਨ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੇ ਇੱਕ ਰਵਾਇਤੀ ਕਲਾਸਰੂਮ ਦੀ ਤੁਲਨਾ ਵਿੱਚ ਰੌਸ਼ਨਦਾਰ ਕਲਾਸਰੂਮਾਂ ਨੂੰ ਤਰਜੀਹ ਦਿੱਤੀ ਜੋ ਇੱਕ ਤਰ੍ਹਾਂ ਦੇ ਗਲਾਸਹਾਊਸ (ਸ਼ੀਸ਼ੇ ਨਾਲ ਬਣੇ) ਵਰਗੇ ਹਨ।
ਹਾਲਾਂਕਿ, ਗਰਮੀਆਂ ਵਿੱਚ ਅਤੇ ਧੁੱਪ ਵਾਲੇ ਦਿਨਾਂ ਵਿੱਚ, ਰੌਸ਼ਨੀ ਦੀ ਤੀਬਰਤਾ ਆਮ ਦਿਨਾਂ ਨਾਲੋਂ ਜ਼ਿਆਦਾ ਸੀ।
ਰੌਸ਼ਨਦਾਰ ਜਮਾਤਾਂ ਵੀ ਇੱਕ ਨਿਯਮਤ ਕਲਾਸਰੂਮ ਨਾਲੋਂ ਦੁੱਗਣੀਆਂ ਮਹਿੰਗੀਆਂ ਹਨ, ਕਿਉਂਕਿ ਇਸ ਲਈ ਕੂਲਿੰਗ ਮਕੈਨਿਜ਼ਮ ਦੀ ਲੋੜ ਹੁੰਦੀ ਹੈ।

ਤਸਵੀਰ ਸਰੋਤ, Getty Images
ਕੌਂਗਡਨ ਦੱਸਦੇ ਹਨ, "ਅਸੀਂ ਜਿੰਨੇ ਅਮੀਰ ਹੁੰਦੇ ਹਾਂ, ਓਨਾ ਹੀ ਵੱਧ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਜਾਣ ਤੋਂ ਬਚਾ ਰਹੇ ਹੁੰਦੇ ਹਾਂ, ਕਿਉਂਕਿ ਉਨ੍ਹਾਂ ਕੋਲ ਕਰਨ ਲਈ ਹੋਰ ਚੀਜ਼ਾਂ ਹਨ।"
"ਉਹ ਪਿਆਨੋ ਵਜਾਉਣ ਅਤੇ ਸੈਕਸੋਫੋਨ ਸਿੱਖਣ ਜਾਂ ਟੀਵੀ ਦੇਖਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ ਅਤੇ ਬਾਹਰ ਖੁੱਲ੍ਹੀ ਹਵਾ ’ਚ ਖੇਡਣ ਨੂੰ ਘੱਟ।"
ਪੜ੍ਹਾਈ ਦਾ ਅਸਰ
ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਵਿੱਚ ਮਾਇਓਪੀਆ ਦੀਆਂ ਦਰਾਂ ਅਜੇ ਵੀ ਘੱਟ ਹੁੰਦੀਆਂ ਹਨ। ਉਦਾਹਰਨ ਵਜੋਂ ਬੰਗਲਾਦੇਸ਼ ਅਤੇ ਭਾਰਤ ਦੇ ਬਾਲਗਾਂ ਵਿੱਚ ਲਗਭਗ 20-30 ਫੀਸਦ ਦੀ ਦਰ ਦਰਜ ਕੀਤੀ ਗਈ। ਪਰ ਇਹ ਬਦਲ ਰਿਹਾ ਹੈ।
ਅਫ਼ਰੀਕਾ ਵਿੱਚ ਮਾਇਓਪੀਆ ਤੁਲਨਾਤਮਕ ਤੌਰ 'ਤੇ ਆਮ ਨਹੀਂ ਹੁੰਦਾ ਸੀ, ਪਰ ਪਿਛਲੇ ਦਸ ਸਾਲਾਂ ਵਿੱਚ ਬਚਪਨ ਵਿੱਚ ਹੋਣ ਵਾਲੇ ਮਾਇਓਪੀਆ ਦਾ ਪ੍ਰਸਾਰ ਤੇਜ਼ੀ ਨਾਲ ਵੱਧ ਰਿਹਾ ਹੈ।

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ, ਘੱਟ ਆਮਦਨੀ ਵਾਲੇ ਦੇਸ਼ਾਂ ਵਿੱਚ ਬੱਚਿਆਂ ਵਿੱਚ ਘਟਦੀ ਨਜ਼ਰ ਦਾ ਨਿਦਾਨ ਕਰਨ ਅਤੇ ਉਨ੍ਹਾਂ ਨੂੰ ਠੀਕ ਕਰਨ ਲਈ ਸਰੋਤਾਂ ਦੀ ਘਾਟ ਹੋ ਸਕਦੀ ਹੈ।
ਇਸ ਦਾ ਉਨ੍ਹਾਂ ਦੇ ਜੀਵਨ ਅਤੇ ਸਿੱਖਿਆ 'ਤੇ ਕਾਫੀ ਅਸਰ ਪੈਂਦਾ ਹੈ।
ਅਫ਼ਰੀਕਾ ਦੇ ਕੁਝ ਭਾਈਚਾਰਿਆਂ ਵਿੱਚ ਐਨਕਾਂ ਤੱਕ ਬਿਲਕੁਲ ਵੀ ਪਹੁੰਚ ਨਹੀਂ ਹੈ ਅਤੇ ਅੱਖਾਂ ਦੀ ਦੇਖਭਾਲ ਲਈ ਵੀ ਬਹੁਤ ਘੱਟ ਵਸੀਲੇ ਹਨ।
ਸਹੀ ਢੰਗ ਨਾਲ ਦੇਖਣ ਵਿੱਚ ਅਸਮਰੱਥ ਹੋਣ ਦਾ ਮਤਲਬ ਹੈ ਕਿ ਜਮਾਤਾਂ ਵਿੱਚ ਅਧਿਆਪਕ ਵੱਲੋਂ ਬੋਰਡ 'ਤੇ ਜੋ ਲਿਖਿਆ ਜਾਂਦਾ ਹੈ, ਬੱਚਿਆਂ ਨੂੰ ਸਹੀ ਢੰਗ ਨਾਲ ਨਜ਼ਰ ਨਹੀਂ ਆਉਂਦਾ ਅਤੇ ਉਨ੍ਹਾਂ ਲਈ ਸਕੂਲ ਦੀਆਂ ਰੁਜ਼ਾਨਾ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਵੀ ਔਖਾ ਹੋ ਸਕਦਾ ਹੈ।
ਮਾਹਰ ਚੇਤਾਵਨੀ ਦਿੰਦੇ ਹਨ ਕਿ ਜਦੋਂ ਤੱਕ ਅੱਖਾਂ ਦੇ ਟੈਸਟ ਅਤੇ ਐਨਕਾਂ ਮੁਹੱਈਆ ਕਰਵਾਉਣ ਲਈ ਇੱਕ ਵੱਡਾ ਯਤਨ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਾਖਰਤਾ ਦਰਾਂ ਵਿੱਚ ਸੁਧਾਰ ਲਿਆਉਣ ਵਾਲੇ ਦੇਸ਼ਾਂ ਵਿੱਚ, ਇਸ ਵਿਕਾਸ ਦੇ ਨਾਲ-ਨਾਲ ਇਹ ਸਮੱਸਿਆ ਵੀ ਵਧ ਸਕਦੀ ਹੈ।
ਕੌਂਗਡਨ ਕਹਿੰਦੇ ਹਨ, "ਅਸੀਂ ਉਮੀਦ ਕਰ ਸਕਦੇ ਹਾਂ ਕਿ ਮਾਇਓਪੀਆ ਦੀਆਂ ਦਰਾਂ ਵਧਣਗੀਆਂ ਕਿਉਂਕਿ ਭਾਰਤ ਵਰਗੇ ਦੇਸ਼ ’ਚ ਜ਼ਿਆਦਾ ਬੱਚੇ ਸਕੂਲ ਵਿੱਚ ਦਾਖ਼ਲਾ ਕਰਵਾ ਰਹੇ ਹਨ।"
"ਜੇਕਰ ਬੱਚੇ ਸਕੂਲ ਵਿੱਚ ਜ਼ਿਆਦਾ ਸਮਾਂ ਬਿਤਾਉਣਗੇ ਤਾਂ ਉਹ ਜ਼ਿਆਦਾ ਸਮਾਂ ਪੜ੍ਹਨ ਵਿੱਚ ਗੁਜਾਰਣਗੇ ਅਤੇ ਬਾਹਰ ਘੱਟ ਸਮਾਂ ਬਿਤਾਉਣਗੇ।"
ਹਾਲਾਂਕਿ, ਜ਼ਰੂਰੀ ਨਹੀਂ ਹੈ ਕਿ ਸਕੂਲ ਦਾ ਸਮਾਂ ਆਪਣੇ ਆਪ ਵਿੱਚ, ਸਮੱਸਿਆ ਦੀ ਜੜ੍ਹ ਹੋਵੇ। ਜਿਵੇਂ ਕਿ ਕੋਵਿਡ -19 ਮਹਾਂਮਾਰੀ ਲੌਕਡਾਊਨ ਦਾ ਸਮਾਂ ਦਰਸਾਉਂਦਾ ਹੈ।

ਤਸਵੀਰ ਸਰੋਤ, Getty Images
ਲੌਕਡਾਊਨ ਦੌਰਾਨ ਪੂਰੀ ਦੁਨੀਆ ਵਿੱਚ ਸਕੂਲ ਬੰਦ ਹੋ ਗਏ ਸਨ ਪਰ ਬੱਚਿਆਂ ਦੀਆਂ ਅੱਖਾਂ ਦੀ ਸਿਹਤ ਹੋਰ ਵੀ ਵਿਗੜ ਗਈ।
ਆਮ ਤੌਰ 'ਤੇ, ਉਹ ਬੱਚੇ ਲੌਕਡਾਊਨ ਦੌਰਾਨ ਅੰਦਰ ਹੀ ਰਹੇ ਅਤੇ ਬਾਹਰ ਜਾ ਕੇ ਮਨੋਰੰਜਨ ਕਰਨ ਦੇ ਕਈ ਸਾਧਨ ਬੰਦ ਹੋ ਗਏ ਅਤੇ ਉਹ ਕਲਾਸਾਂ ਲੈਣ ਜਾਂ ਟੀਵੀ ਦੇਖਦੇ ਹੋਏ ਕਈ-ਕਈ ਘੰਟੇ ਸਕ੍ਰੀਨਾਂ ਵੱਲ ਦੇਖਦੇ ਰਹੇ ਸਨ।
ਲੌਕਡਾਊਨ ਦਾ ਅਸਰ
ਲੌਕਡਾਊਨ ਕਾਰਨ, ਚੀਆ ਦੀ ਇਸ ਸਮੇਂ ਸਭ ਤੋਂ ਵੱਡੀ ਚਿੰਤਾ ਚਾਰ ਤੋਂ ਛੇ ਸਾਲ ਦੀ ਉਮਰ ਦੇ ਬੱਚਿਆਂ ਲਈ ਹੈ।
ਚੀਆ ਕਹਿੰਦੇ ਹਨ,"ਅਸੀਂ ਚਿੰਤਤ ਹਾਂ ਕਿ ਕੋਵਿਡ-19 ਦੇ ਕਾਰਨ, ਬੱਚੇ ਘਰ ਦੇ ਅੰਦਰ ਹੋਰ ਵੀ ਜ਼ਿਆਦਾ ਸਮਾਂ ਬਿਤਾ ਰਹੇ ਸਨ ਅਤੇ ਇਹ ਦਰ ਵਧ ਗਈ ਹੈ।"
"ਅਸੀਂ ਇਸ ਦੇ ਸਿੱਟਿਆਂ ਬਾਰੇ ਆਪਣੇ ਡਾਟਾ ਦੀ ਉਡੀਕ ਕਰ ਰਹੇ ਹਾਂ।"
ਚੀਨ ਦੇ ਅੰਕੜੇ ਪਹਿਲਾਂ ਹੀ ਦਰਸਾਉਂਦੇ ਹਨ ਕਿ ਲੌਕਡਾਊਨ ਨੇ ਅਸਲ ਵਿੱਚ ਛੋਟੇ ਬੱਚਿਆਂ ਦੀਆਂ ਅੱਖਾਂ ਦੀ ਸਿਹਤ ਨੂੰ ਇੱਕ ਝਟਕਾ ਦਿੱਤਾ ਹੈ।

ਤਸਵੀਰ ਸਰੋਤ, Getty Images
ਇੱਕ ਅਧਿਐਨ ਵਿੱਚ ਬੱਚਿਆਂ ਵਿੱਚ ਮਾਇਓਪੀਆ ਦੀਆਂ ਦਰਾਂ ਦੀ ਤੁਲਨਾ ਕੀਤੀ ਗਈ ਹੈ ਅਤੇ ਇਹ ਸਾਲਾਨਾ ਸਕ੍ਰੀਨਿੰਗ ਰਾਹੀਂ ਮਾਪਿਆ ਗਿਆ ਹੈ।
ਮਹਾਂਮਾਰੀ ਤੋਂ ਪਹਿਲਾਂ, 2015-19 ਦੇ ਸਾਲਾਂ ਵਿੱਚ, ਛੇ ਸਾਲ ਦੇ ਬੱਚਿਆਂ ਵਿੱਚ ਮਾਪੀ ਗਈ ਸਭ ਤੋਂ ਵੱਧ ਮਾਇਓਪੀਆ ਦਰ 5.7 ਫੀਸਦ ਸੀ।
ਅਧਿਐਨ ਦੇ ਸਹਿ-ਲੇਖਕਾਂ ਵਿੱਚੋਂ ਇੱਕ ਡੇਵਿਡ ਸੀ. ਮੁਸ਼ ਦਾ ਕਹਿਣਾ ਹੈ ਕਿ ਜੂਨ 2020 ਵਿੱਚ, 5 ਮਹੀਨਿਆਂ ਦੀ ਘਰ ਵਿੱਚ ਕੈਦ ਤੋਂ ਬਾਅਦ, ਖੋਜਕਾਰਾਂ ਨੇ ਉਸ ਉਮਰ ਸਮੂਹ ਵਿੱਚ ਬੱਚਿਆਂ ਦੀ ਨਜ਼ਰ ਨੂੰ ਮਾਪਿਆ।
ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਦਰ ਵਧ ਕੇ 21.5 ਫੀਸਦ ਤੱਕ ਪਹੁੰਚ ਗਈ ਹੈ। ਡੇਵਿਡ ਸੀ. ਮੁਸ਼ ਮਿਸ਼ੀਗਨ ਯੂਨੀਵਰਸਿਟੀ ਵਿੱਚ ਮਹਾਂਮਾਰੀ ਵਿਗਿਆਨ ਅਤੇ ਨੇਤਰ ਵਿਗਿਆਨ ਦੇ ਪ੍ਰੋਫੈਸਰ ਹਨ।
ਖੋਜਕਾਰਾਂ ਨੇ ਇਸ ਅਸਰ ਨੂੰ "ਕੁਆਰੰਟੀਨ ਮਾਇਓਪੀਆ" ਕਿਹਾ ਹੈ। ਅਸਲ ਵਿੱਚ ਇਹ ਲੌਕਡਾਊਨ ਕਾਰਨ ਹੋਇਆ ਮੰਨਿਆ ਗਿਆ ਹੈ।
ਮਹਾਂਮਾਰੀ ਲੌਕਡਾਊਨ ਕਾਰਨ, ਮਾਇਓਪੀਆ ਉਨ੍ਹਾਂ ਦੇਸ਼ਾਂ ਵਿੱਚ ਵੀ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ ਜੋ ਪਹਿਲਾਂ ਇਸ ਤੋਂ ਜ਼ਿਆਦਾ ਪਰੇਸ਼ਾਨ ਨਹੀਂ ਸਨ।
ਇਹ ਉਨ੍ਹਾਂ ਦੇਸ਼ਾਂ ਵਿੱਚ ਖ਼ਾਸ ਤੌਰ 'ਤੇ ਦੇਖਿਆ ਜਾ ਸਕਦਾ ਹੈ ਜਿੱਥੇ ਬੱਚੇ ਆਮ ਤੌਰ 'ਤੇ ਮਹਾਂਮਾਰੀ ਤੋਂ ਪਹਿਲਾਂ ਬਾਹਰ ਘੁੰਮਦੇ-ਫਿਰਦੇ ਤੇ ਖੇਡਦੇ ਸਨ। ਪਰ ਉਨ੍ਹਾਂ ਨੂੰ ਬਾਅਦ ਵਿੱਚ ਆਪਣੇ-ਆਪ ਨੂੰ ਅਚਾਨਕ ਸੀਮਤ ਕਰਨਾ ਪਿਆ।
ਚੀਆ ਮੁਤਾਬਕ, "ਬਾਹਰੀ ਜੀਵਨਸ਼ੈਲੀ ਵਾਲੇ ਦੇਸ਼ਾਂ ਵਿੱਚ, ਮਹਾਂਮਾਰੀ ਦੇ ਲੌਕਡਾਊਨ ਹੋਣ ਕਾਰਨ ਮਾਇਓਪੀਆ ਦੀਆਂ ਦਰਾਂ ਵਿੱਚ ਯਕਦਮ ਵਾਧਾ ਹੋ ਸਕਦਾ ਹੈ।”
"ਸਿੰਗਾਪੁਰ ਵਰਗੇ ਦੇਸ਼ਾਂ ਵਿੱਚ ਜਿੱਥੇ ਲੋਕ ਜ਼ਿਆਦਾ ਬਾਹਰ ਨਹੀਂ ਜਾਂਦੇ, ਉੱਥੇ ਮਹਾਂਮਾਰੀ ਕਾਰਨ ਹੋਈ ਤਬਦੀਲੀ ਵੱਡਾ ਕਾਰਨ ਨਹੀਂ ਹੋ ਸਕਦੀ।"
ਬੱਚਿਆਂ ਦੀ ਨਿਗਾਹ ਨੂੰ ਬਚਾਉਣਾ
ਇਨ੍ਹਾਂ ਤੱਥਾਂ ਦਾ ਸਾਹਮਣੇ ਕਰਦੇ ਹੋਏ, ਬਹੁਤ ਸਾਰੇ ਮਾਪੇ ਸ਼ਾਇਦ ਸੋਚ ਰਹੇ ਹੋਣਗੇ ਕਿ ਉਹ ਆਪਣੇ ਬੱਚੇ ਦੀ ਨਜ਼ਰ ਨੂੰ ਬਚਾਉਣ ਲਈ ਕੀ ਕਰਨ।

ਤਸਵੀਰ ਸਰੋਤ, Getty Images
ਅੱਖਾਂ ਦੀ ਸਿਹਤ ਜੇਕਰ ਇੱਕ ਵਿਸ਼ਵਵਿਆਪੀ ਮੁੱਦਾ ਹੈ ਤਾਂ ਬਹੁਤ ਸਾਰੇ ਦੇਸ਼ਾਂ ਨੇ ਇਸ ਨੂੰ ਤਰਜ਼ੀਹ ਦਿੱਤੀ ਹੈ।
ਮਿਸਾਲ ਵਜੋਂ ਚੀਨ, ਵੱਖ-ਵੱਖ ਰਣਨੀਤੀਆਂ ਘੜ ਰਿਹਾ ਹੈ, ਚੇਤਾਵਨੀ ਦਿੰਦਾ ਹੈ ਕਿ ਵਿਆਪਕ ਨਜ਼ਦੀਕੀ ਨਿਗਾਹ ਦਾ ਘਟਣਾ, ਕਈ ਉਦਯੋਗਾਂ ਵਿੱਚ ਮਜ਼ਦੂਰਾਂ ਦੀ ਘਾਟ ਦਾ ਕਾਰਨ ਬਣ ਸਕਦਾ ਹੈ।
ਘੋਰਬਾਨੀ ਆਖਦੇ ਹਨ, "ਚੀਨ ਵਿੱਚ ਨੇੜੇ ਦੀ ਨਜ਼ਰ ਨੂੰ ਖ਼ਰਾਬ ਹੋਣ ਤੋਂ ਰੋਕਣ ਦੇ ਰਸਤੇ ਖੋਜੇ ਜਾਂ ਵਿਕਸਿਤ ਕੀਤੇ ਗਏ ਹਨ।"
ਇਸ ਦੇ ਸਿੱਟੇ ਮਿਲੇ-ਜੁਲੇ ਆਏ ਹਨ। ਅੱਖਾਂ ਦੀ ਕਸਰਤ, ਜਿਨ੍ਹਾਂ ਦੀ ਪਹਿਲਾਂ ਘੱਟ ਲਾਗਤ ਵਾਲੀ ਸਿਹਤ ਰਣਨੀਤੀ ਵਜੋਂ ਸਿਫ਼ਾਰਸ਼ ਕੀਤੀ ਗਈ ਸੀ, ਉਹ ਵੀ ਲੰਬੇ ਸਮੇਂ ਵਿੱਚ ਮਾਇਓਪੀਆ ਨੂੰ ਰੋਕਣ ਵਿੱਚ ਨਾਕਾਫ਼ੀ ਸਾਬਿਤ ਹੋਈ ਹੈ।
ਚੀਨ ਨੇ ਬੱਚਿਆਂ ਦੀ ਵੀਡੀਓ ਗੇਮਿੰਗ ਨੂੰ ਹਫ਼ਤੇ ਦੇ ਇੱਕ ਨਿਸ਼ਚਿਤ ਸਮੇਂ ਲਈ ਸੀਮਿਤ ਕੀਤਾ ਹੈ। ਪਰ ਇਹ ਮੁੱਖ ਤੌਰ 'ਤੇ ਸਕ੍ਰੀਨ ਸਮੇਂ ਦੀ ਬਜਾਏ, ਗੇਮਿੰਗ ਦੇ ਨਕਾਰਾਤਮਕ ਪ੍ਰਭਾਵ ਨੂੰ ਲੈ ਕੇ ਚਿੰਤਾਵਾਂ ਕਾਰਨ ਨਿਰਦੇਸ਼ਿਤ ਕੀਤਾ ਗਿਆ ਸੀ।
ਪਰ ਸਕ੍ਰੀਨ ਟਾਈਮ ਅਤੇ ਮਾਈਓਪੀਆ ਵਿਚਕਾਰ ਸੰਭਾਵੀ ਸਬੰਧ ਲਈ, ਸਬੂਤ ਨਿਰਣਾਇਕ ਨਹੀਂ ਹਨ।
ਘੋਰਬਾਨੀ ਕਹਿੰਦੇ ਹਨ, "ਇੱਥੇ ਬਹੁਤ ਸਾਰੀਆਂ ਵੱਖ-ਵੱਖ ਕਿਸਮਾਂ ਦੀਆਂ ਸਕ੍ਰੀਨਾਂ ਅਤੇ ਕਈ ਵੇਰੀਏਬਲ ਹਨ, ਇਸ ਲਈ ਜੋਖ਼ਮ ਦਾ ਸਹੀ ਡਾਟਾ ਪ੍ਰਾਪਤ ਕਰਨਾ ਮੁਸ਼ਕਲ ਹੈ।"

ਤਸਵੀਰ ਸਰੋਤ, Getty Images
"ਮਾਪਿਆਂ ਨੂੰ ਸਕ੍ਰੀਨਾਂ ਬਾਰੇ ਖ਼ਾਸ ਤੌਰ 'ਤੇ ਸਾਵਧਾਨ ਰਹਿਣਾ ਜ਼ਰੂਰੀ ਹੈ ਕਿਉਂਕਿ ਸਬੂਤ ਦਿਖਾਉਂਦੇ ਹਨ ਕਿ ਇਹ ਇੱਕ ਵੱਡਾ ਕਾਰਕ ਹੋ ਸਕਦਾ ਹੈ।"
"ਜੇਕਰ ਤੁਹਾਡਾ ਬੱਚਾ ਸੱਚਮੁੱਚ ਸਕ੍ਰੀਨ ਨਾਲ ਜੁੜਿਆ ਰਹਿਣਾ ਪਸੰਦ ਕਰਦਾ ਹੈ ਤਾਂ ਜਦੋਂ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਬਾਹਰ ਲੈ ਕੇ ਬੈਠੋ।"
ਹੋਰ ਹੱਲ ਤਕਨੀਕੀ ਤਰੱਕੀ 'ਤੇ ਟਿਕੇ ਹੋਏ ਹਨ। ਉਦਾਹਰਨ ਲਈ, ਸਿੰਗਾਪੁਰ ਦੀ ਮਾਇਓਪੀਆ ਰਣਨੀਤੀ ਵਿੱਚ ਸਪੈਸ਼ਲ ਕਾਨਟੈਕਟ ਲੈਂਸ ਜਾਂ ਐਨਕਾਂ ਸ਼ਾਮਲ ਹਨ।
ਇਸ ਦੇ ਖੋਜਕਾਰਾਂ ਨੂੰ ਇਹ ਸੁਝਾਅ ਦੇਣ ਲਈ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਓਰਲ ਸਪਲੀਮੈਂਟ, ਅੱਖਾਂ ਦੀ ਕਸਰਤ, ਅੱਖਾਂ ਨੂੰ ਆਰਾਮ ਦੇਣ ਵਾਲੀਆਂ ਮਸ਼ੀਨਾਂ, ਐਕਯੂਪ੍ਰੈਸ਼ਰ ਜਾਂ ਮੈਗਨੇਟਿਕ ਥੈਰੇਪੀ ਵਰਗੇ ਇਲਾਜ ਅਸਰਦਾਰ ਹਨ।
ਇੱਕ ਨਵੀਂ ਰੈੱਡ-ਲਾਈਟ ਥੈਰੇਪੀ ਬਾਰੇ ਵੀ ਦੱਸਿਆ ਜਾ ਰਿਹਾ ਹੈ।
ਘੋਰਬਾਨੀ ਮੁਤਾਬਕ, "ਇਸ ਥੈਰੇਪੀ ਦੌਰਾਨ ਮਸ਼ੀਨ ਹਫ਼ਤੇ ਵਿੱਚ ਪੰਜ ਦਿਨਾਂ ਲਈ, ਇੱਕ ਦਿਨ ਵਿੱਚ ਕੁਝ ਮਿੰਟਾਂ ਲਈ ਇੱਕ ਬੱਚੇ ਦੀ ਅੱਖ ਵਿੱਚ ਲਾਲ ਰੌਸ਼ਨੀ ਛੱਡਦੀ ਹੈ।"
"ਇਹ ਨਜ਼ਰ ਘਟਣ ਦੇ ਵਿਕਾਸ ਦੀ ਮਾਤਰਾ ਨੂੰ ਹੌਲੀ ਕਰਦੀ ਦਿਖਾਈ ਗਈ ਹੈ। ਪਰ ਅਸੀਂ ਪੂਰੀ ਤਰ੍ਹਾਂ ਨਹੀਂ ਸਮਝ ਪਾਏ ਕਿ ਅਜਿਹਾ ਕਿਉਂ ਹੈ।"
ਮਾਹਰ ਕਹਿੰਦੇ ਹਨ ਕਿ ਆਖ਼ਰਕਾਰ, ਸਹੀ ਇਲਾਜ ਬੱਚੇ 'ਤੇ ਨਿਰਭਰ ਕਰਦਾ ਹੈ। ਜੇਕਰ ਮਾਪੇ ਚਿੰਤਤ ਹਨ ਤਾਂ ਉਨ੍ਹਾਂ ਨੂੰ ਅੱਖਾਂ ਦੇ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ।
ਸਿਹਤਮੰਦ ਜੀਵਨ, ਸਿਹਤਮੰਦ ਅੱਖਾਂ
ਸੰਸਾਰ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਐਨਕਾਂ ਮੁਹੱਈਆ ਕਰਵਾਉਣਾ, ਜੀਵਨ ਨੂੰ ਬਦਲਣ ਵਾਲਾ ਹੋ ਸਕਦਾ ਹੈ।
ਚੀਨ ਵਿੱਚ 1980 ਦੇ ਦਹਾਕੇ ਦੇ ਸ਼ੁਰੂ ਤੋਂ ਕੋਂਗਡਨ, ਇੱਕ ਚੈਰਿਟੀ ਓਰਬਿਸ (ORBIS) ਇੰਟਰਨੈਸ਼ਨਲ ਨਾਲ ਕੰਮ ਕਰ ਰਹੇ ਹਨ। ਇਹ ਖੈਰਾਤੀ ਸੰਸਥਾ ਨੇ ਚੀਨ ਅਤੇ ਭਾਰਤ ਵਿੱਚ ਢਾਈ ਕਰੋੜ ਬੱਚਿਆਂ ਨੂੰ ਘੱਟ ਕੀਮਤ ਵਾਲੀਆਂ ਐਨਕਾਂ ਪ੍ਰਦਾਨ ਕੀਤੀਆਂ ਹਨ।
ਉਨ੍ਹਾਂ ਨੇ ਇਹ ਪਤਾ ਲਗਾਉਣ ਲਈ ਪਹਿਲਾ ਟ੍ਰਾਇਲ ਕੀਤਾ ਕਿ ਕੀ ਐਨਕਾਂ ਵਿਦਿਅਕ ਨਤੀਜਿਆਂ ਵਿੱਚ ਸੁਧਾਰ ਕਰਨਗੀਆਂ।

ਤਸਵੀਰ ਸਰੋਤ, Getty Images
ਕੌਂਗਡਨ ਅੱਗੇ ਕਹਿੰਦੇ ਹਨ, "ਇਸ ਦਾ ਮਤਲਬ ਹੈ ਕਿ ਇੱਕ ਸਧਾਰਨ ਅਤੇ ਘੱਟ ਲਾਗਤ ਵਾਲੀ ਦਖਲਅੰਦਾਜ਼ੀ ਬਹੁਤ ਸਾਰੇ ਨੁਕਸਾਨਾਂ ਨੂੰ ਉਲਟਾ ਸਕਦੀ ਹੈ।"
ਸਭ ਤੋਂ ਪ੍ਰਭਾਵਸ਼ਾਲੀ ਅਤੇ ਸਬੂਤ-ਆਧਾਰਿਤ ਰੋਕਥਾਮ ਰਣਨੀਤੀ ਤਕਨੀਕ ਦੀ ਘੱਟ ਵਰਤੋਂ ਕਰਨਾ ਹੈ ਅਤੇ ਇਹ ਸਾਰੇ ਦੇਸ਼ਾਂ 'ਤੇ ਲਾਗੂ ਹੁੰਦੀ ਹੈ।
ਇਸ ਦਾ ਮਤਲਬ ਉਨ੍ਹਾਂ ਦੇਸ਼ਾਂ ਨਾਲ ਹੈ ਜਿੱਥੇ ਲੋਕ ਅੰਦਰ ਨਾਲੋਂ ਬਾਹਰ ਜ਼ਿਆਦਾ ਸਮਾਂ ਬਿਤਾਉਂਦੇ ਹਨ।
ਖੋਜਕਾਰ ਅਜੇ ਵੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਬਾਹਰ ਜਾਣਾ ਅਤੇ ਕੁਦਰਤੀ ਰੌਸ਼ਨੀ ਵਿੱਚ ਹੋਣਾ ਹੀ ਕਿਉਂ ਮਾਇਓਪੀਆ ਨੂੰ ਰੋਕਣ ਵਿੱਚ ਮਦਦ ਕਰਦਾ ਹੈ।
ਪਰ ਹੁਣ ਲਈ, ਉਨ੍ਹਾਂ ਦਾ ਸ਼ਾਇਦ ਸਭ ਤੋਂ ਮਹੱਤਵਪੂਰਨ ਸਿੱਟਾ ਇਹੀ ਹੈ ਕਿ ਅਜਿਹਾ ਹੁੰਦਾ ਹੈ। ਚੁਣੌਤੀ ਇਹ ਹੈ ਕਿ ਇਸ ਨੂੰ ਯਕੀਨੀ ਬਣਾਇਆ ਜਾਵੇ ਕਿ ਬੱਚੇ ਕੁਦਰਤੀ ਸਰੋਤਾਂ ਨੂੰ ਵਰਤਣ ਅਤੇ ਬਾਹਰ ਨਿਕਲਣ।
ਵਿਆਪਕ ਰਾਸ਼ਟਰੀ ਮਾਇਓਪੀਆ-ਲੜਾਈ ਰਣਨੀਤੀ ਦੇ ਹਿੱਸੇ ਵਜੋਂ, ਸਿੰਗਾਪੁਰ ਵਿੱਚ ਪ੍ਰੀ ਸਕੂਲ ਵਿੱਚ ਬਾਹਰ ਰਹਿਣ ਦਾ ਸਮਾਂ ਦੁੱਗਣਾ ਕਰਕੇ ਇੱਕ ਘੰਟਾ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਹੋਮਵਰਕ ਕਰਨ ਵਿੱਚ ਬਿਤਾਏ ਜਾਣ ਵਾਲੇ ਸਮੇਂ ਨੂੰ ਘਟਾਉਣ ਲਈ ਸਭ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਚੀਆ ਮੁਤਾਬਕ, "ਅਸੀਂ ਵੱਡੀਆਂ ਕਲਾਸਾਂ ਦੇ ਵਿਦਿਆਰਥੀਆਂ ਲਈ ਬਾਹਰ ਰਹਿਣ ਦਾ ਸਮਾਂ ਵੀ ਵਧਾਉਣਾ ਚਾਹੁੰਦੇ ਹਾਂ ਪਰ ਪਾਠਕ੍ਰਮ ਕਾਫ਼ੀ ਹੈ।"
"ਇਹ (ਸਿੰਗਾਪੁਰ) ਇੱਕ ਛੋਟਾ ਜਿਹਾ ਟਾਪੂ ਹੈ, ਇਸ ਲਈ ਕੁਝ ਸਕੂਲਾਂ ਵਿੱਚ ਬੱਚਿਆਂ ਲਈ ਬਾਹਰ ਜਾਣ ਲਈ ਕਮਰਾ ਨਹੀਂ ਹੈ ਅਤੇ ਨਾ ਹੀ ਉਹ ਪਾਰਕ ਜਾਂ ਕਿਸੇ ਵੀ ਚੀਜ਼ ਦੇ ਨੇੜੇ ਹਨ।"
ਚੀਆ ਕਹਿੰਦੇ ਹਨ, “ਮਾਇਓਪੀਆ ਬਾਰੇ ਬਹੁਤ ਸਾਰੀਆਂ ਅਨਿਸ਼ਚਿਤਤਾਵਾਂ ਹਨ। ਤਿੰਨ ਸਾਲ ਪਹਿਲਾਂ, ਸਾਨੂੰ ਪਤਾ ਨਹੀਂ ਸੀ ਕਿ ਸੂਰਜ ਦੀ ਰੌਸ਼ਨੀ ਕਿੰਨੀ ਮਹੱਤਵਪੂਰਨ ਹੈ।"
ਆਖ਼ਰਕਾਰ, ਇੱਕ ਬੱਚੇ ਦੀ ਨਜ਼ਰ ਉਨ੍ਹਾਂ ਦੀ ਤੰਦਰੁਸਤੀ ਦਾ ਹਿੱਸਾ ਹੈ। ਉਹ ਕਹਿੰਦੇ ਹਨ, "ਅਸੀਂ ਸਿਰਫ਼ ਅੱਖਾਂ 'ਤੇ ਹੀ ਧਿਆਨ ਨਹੀਂ ਦੇਣਾ ਚਾਹੁੰਦੇ, ਇਹ ਪੂਰੇ ਸਰੀਰ ਅਤੇ ਚੰਗੀ ਮਾਨਸਿਕ ਸਿਹਤ ਬਾਰੇ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਿਹਤਮੰਦ ਜੀਵਨ ਜਿਉਣ।"

ਇਹ ਵੀ ਪੜ੍ਹੋ-















