ਅੱਤ ਦੀ ਗਰਮੀ ਤੋਂ ਬਾਅਦ ਹੜ੍ਹ, ਕੀ ਅੰਨ੍ਹੇਵਾਹ ਕੀਤਾ ਗਿਆ ਵਿਕਾਸ ਇਸ ਦਾ ਕਾਰਨ ਹੋ ਸਕਦਾ ਹੈ

ਪੰਜਾਬ 'ਚ ਆਏ ਹੜ੍ਹਾਂ ਦੀ ਤਸਵੀਰ
ਤਸਵੀਰ ਕੈਪਸ਼ਨ, ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ
    • ਲੇਖਕ, ਦਿਲਨਵਾਜ਼ ਪਾਸ਼ਾ
    • ਰੋਲ, ਬੀਬੀਸੀ ਪੱਤਰਕਾਰ

ਇਸ ਸਾਲ ਦੇ ਮਈ-ਜੂਨ ਦੇ ਮਹੀਨਿਆਂ ਵਿੱਚ ਦੇਸ਼ ਦੇ ਕਈ ਇਲਾਕੇ ਭਿਆਨਕ ਹੀਟ ਵੇਵਜ਼ ਤੋਂ ਪ੍ਰਭਾਵਿਤ ਸਨ। ਪਰ ਹੁਣ, ਪੰਜਾਬ, ਉੱਤਰਾਖੰਡ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਇਲਾਕੇ ਭਾਰੀ ਬਾਰਿਸ਼ ਅਤੇ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ।

ਪਿਛਲੇ ਦੋ ਮਹੀਨਿਆਂ ਵਿੱਚ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਸਮ ਨਾਲ ਸਬੰਧਤ ਘਟਨਾਵਾਂ ਕਾਰਨ 500 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਅਤੇ ਬਹੁਤ ਸਾਰੇ ਲੋਕ ਲਾਪਤਾ ਹਨ।

ਇਸ ਅੰਕੜੇ ਵਿੱਚ ਮੌਸਮ ਵਿੱਚ ਤਬਦੀਲੀ ਕਾਰਨ ਹੋਏ ਸੜਕ ਹਾਦਸਿਆਂ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੀ ਸ਼ਾਮਲ ਹੈ।

ਪਿਛਲੇ ਕੁਝ ਦਿਨਾਂ ਵਿੱਚ, ਮੌਸਮ ਵਿਭਾਗ ਨੇ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਜੰਮੂ-ਕਸ਼ਮੀਰ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਸੀ।

ਵਿਗਿਆਨੀ ਅਤੇ ਮਾਹਰ ਮੌਸਮ ਵਿੱਚ ਆਏ ਇਸ ਬਦਲਾਅ ਨੂੰ ਜਲਵਾਯੂ ਪਰਿਵਰਤਨ ਨਾਲ ਜੋੜ ਰਹੇ ਹਨ।

ਵਿਸ਼ਲੇਸ਼ਕਾਂ ਦੇ ਅਨੁਸਾਰ, ਹੀਟ ਵੇਵਜ਼ ਅਤੇ ਮਾਨਸੂਨ ਦੇ ਪੈਟਰਨਾਂ ਵਿੱਚ ਆਏ ਬਦਲਾਅ ਦਾ ਕਾਰਨ ਗਲੋਬਲ ਵਾਰਮਿੰਗ ਹੈ।

ਭਾਰਤੀ ਮੌਸਮ ਵਿਭਾਗ ਦੇ ਸਾਬਕਾ ਡਾਇਰੈਕਟਰ ਜਨਰਲ, ਡਾ. ਕੇਜੇ ਰਮੇਸ਼, ਬੀਬੀਸੀ ਨੂੰ ਦੱਸਦੇ ਹਨ, "ਇਹ ਅਤਿਅੰਤ ਗਰਮੀ/ਬਾਰਸ਼ਾਂ ਵਾਲੀਆਂ ਮੌਸਮੀ ਘਟਨਾਵਾਂ ਅਤੇ ਜਲਵਾਯੂ ਤਬਦੀਲੀ ਵਿਚਕਾਰ ਸਿੱਧਾ ਸਬੰਧ ਹੈ।"

ਗ੍ਰੀਨਪੀਸ ਨਾਲ ਜੁੜੇ ਖੋਜਕਰਤਾ ਅਕੀਜ਼ ਭੱਟ ਦਾ ਇਹ ਵੀ ਮੰਨਣਾ ਹੈ ਕਿ ਮੌਜੂਦਾ ਮੌਸਮੀ ਆਫ਼ਤਾਂ ਜਲਵਾਯੂ ਪਰਿਵਰਤਨ ਦਾ ਸਿੱਧਾ ਪ੍ਰਭਾਵ ਹਨ।

ਇਸ ਦੇ ਨਾਲ ਹੀ, ਭਾਰਤ ਦੇ ਧਰਤੀ ਵਿਗਿਆਨ ਮੰਤਰਾਲੇ ਦੇ ਸਾਬਕਾ ਸਕੱਤਰ ਡਾ. ਰਾਜੀਵਨ ਮਾਧਵਨ ਨਾਇਰ ਨੇ ਇੱਕ ਬਿਆਨ ਵਿੱਚ ਕਿਹਾ, "1950 ਅਤੇ 2015 ਦੇ ਵਿਚਕਾਰ, ਮੱਧ ਭਾਰਤ ਵਿੱਚ ਇੱਕ ਦਿਨ ਵਿੱਚ 150 ਮਿਲੀਮੀਟਰ ਤੋਂ ਵੱਧ ਬਾਰਸ਼ ਹੋਣ ਦੀਆਂ ਘਟਨਾਵਾਂ ਵਿੱਚ 75 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਨਾਲ ਹੀ, ਸੌਕੇ ਦਾ ਸਮਾਂ ਵੀ ਪਹਿਲਾਂ ਨਾਲੋਂ ਲੰਬਾ ਹੁੰਦਾ ਜਾ ਰਿਹਾ ਹੈ।"

ਪੰਜਾਬ 'ਚ ਆਏ ਹੜ੍ਹਾਂ ਦੀ ਤਸਵੀਰ

ਤਸਵੀਰ ਸਰੋਤ, NARINDER NANU/AFP via Getty Images

ਤਸਵੀਰ ਕੈਪਸ਼ਨ, ਪੰਜਾਬ ਵਿੱਚ ਆਖਰੀ ਵਾਰ ਇੰਨਾ ਵੱਡਾ ਹੜ੍ਹ 1988 ਵਿੱਚ ਆਇਆ ਸੀ

ਸ਼ਨੀਵਾਰ ਨੂੰ ਜਾਰੀ ਇੱਕ ਬਿਆਨ ਵਿੱਚ, ਭਾਰਤ ਦੇ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਮੌਤੁੰਜੈ ਮਹਾਪਾਤਰਾ ਨੇ ਕਿਹਾ, "ਭਾਰੀ ਬਾਰਿਸ਼ ਕਾਰਨ ਬੱਦਲ ਫਟ ਸਕਦੇ ਹਨ, ਜ਼ਮੀਨ ਖਿਸਕ ਸਕਦੀ ਹੈ ਅਤੇ ਸੜਕ ਢਹਿ ਸਕਦੀ ਹੈ। ਬਹੁਤ ਸਾਰੀਆਂ ਨਦੀਆਂ ਉੱਤਰਾਖੰਡ ਤੋਂ ਨਿਕਲਦੀਆਂ ਹਨ, ਇਸ ਲਈ ਭਾਰੀ ਬਾਰਿਸ਼ ਦਾ ਪ੍ਰਭਾਵ ਹੇਠਲੇ ਖੇਤਰਾਂ 'ਤੇ ਪੈ ਸਕਦਾ ਹੈ।"

ਪਹਾੜਾਂ ਵਿੱਚ ਭਾਰੀ ਮੀਂਹ ਕਾਰਨ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੀ ਹੜ੍ਹ ਆਉਣ ਦੀ ਸੰਭਾਵਨਾ ਹੈ ਅਤੇ ਪ੍ਰਸ਼ਾਸਨ ਅਲਰਟ 'ਤੇ ਹੈ।

ਤਿੰਨ ਦਹਾਕਿਆਂ ਬਾਅਦ ਪੰਜਾਬ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ

ਇਹ ਵੀ ਪੜ੍ਹੋ

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੇ ਅਨੁਸਾਰ , ਲਗਾਤਾਰ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ, ਪੰਜਾਬ ਦੇ ਕਈ ਇਲਾਕਿਆਂ ਵਿੱਚ ਸਥਿਤੀ ਮੁਸ਼ਕਲ ਬਣੀ ਹੋਈ ਹੈ।

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਸਮ ਨਾਲ ਸਬੰਧਤ ਘਟਨਾਵਾਂ ਵਿੱਚ ਹੁਣ ਤੱਕ ਘੱਟੋ-ਘੱਟ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 12 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹਨ। 15 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਲਗਭਗ ਇੱਕ ਲੱਖ ਹੈਕਟੇਅਰ ਖੇਤੀਬਾੜੀ ਜ਼ਮੀਨ ਹੜ੍ਹ ਦੇ ਪਾਣੀ ਵਿੱਚ ਡੁੱਬ ਗਈ ਹੈ।

ਸਰਬਜੀਤ ਦੇ ਅਨੁਸਾਰ, ਰਾਵੀ ਦਰਿਆ ਦਾ ਵਹਾਅ ਬਹੁਤ ਤੇਜ਼ ਹੈ ਅਤੇ ਇਸ ਕਾਰਨ ਦਰਿਆਂਵਾਂ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਡਰੇ ਹੋਏ ਹਨ।

ਕਪੂਰਥਲਾ ਦੇ ਲਗਭਗ 16 ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ। ਫਾਜ਼ਿਲਕਾ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ।

ਪੰਜਾਬ ਵਿੱਚ, ਸਟੇਟ ਆਫ਼ਤ ਰਾਹਤ ਟੀਮ ਤੋਂ ਇਲਾਵਾ, ਭਾਰਤੀ ਫੌਜ ਅਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।

ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਦੇ ਅਨੁਸਾਰ, ਮੀਂਹ ਦੀ ਚੇਤਾਵਨੀ ਨੇ ਲੋਕਾਂ ਵਿੱਚ ਹੋਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।

ਪੰਜਾਬ ਵਿੱਚ ਆਖਰੀ ਵਾਰ ਇੰਨਾ ਵੱਡਾ ਹੜ੍ਹ 37 ਸਾਲ ਪਹਿਲਾਂ 1988 ਵਿੱਚ ਆਇਆ ਸੀ। ਹਾਲ ਹੀ ਦੇ ਸਾਲਾਂ ਵਿੱਚ ਹੜ੍ਹਾਂ ਦੀ ਅਣਹੋਂਦ ਕਾਰਨ, ਆਫ਼ਤ ਪ੍ਰਬੰਧਨ ਲਈ ਸੂਬੇ ਵਿੱਚ ਬਹੁਤੀ ਤਿਆਰੀ ਨਹੀਂ ਸੀ।

ਹਿਮਾਚਲ ਵਿੱਚ 300 ਤੋਂ ਵੱਧ ਮੌਤਾਂ

ਹਿਮਾਚਲ ਪ੍ਰਦੇਸ਼

ਤਸਵੀਰ ਸਰੋਤ, X/CMHimachal

ਤਸਵੀਰ ਕੈਪਸ਼ਨ, ਹਿਮਾਚਲ ਪ੍ਰਦੇਸ਼ ਵਿੱਚ ਵੀ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ

20 ਜੂਨ ਤੋਂ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਨਾਲ ਸਬੰਧਤ ਦੁਖਾਂਤ ਘਟਨਾਵਾਂ ਵਿੱਚ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਰਾਜ ਆਫ਼ਤ ਪ੍ਰਬੰਧਨ ਵਿਭਾਗ ਦੇ ਅਨੁਸਾਰ, ਕੁਦਰਤੀ ਆਫ਼ਤਾਂ ਕਾਰਨ 1280 ਤੋਂ ਵੱਧ ਘਰ ਅਤੇ ਦੁਕਾਨਾਂ ਤਬਾਹ ਹੋ ਗਈਆਂ ਹਨ। ਆਫ਼ਤਾਂ ਕਾਰਨ ਰਾਜ ਨੂੰ ਭਾਰੀ ਆਰਥਿਕ ਨੁਕਸਾਨ ਵੀ ਹੋਇਆ ਹੈ।

ਸੂਬੇ ਵਿੱਚ ਕਈ ਸੜਕਾਂ ਜ਼ਮੀਨ ਖਿਸਕਣ, ਮੀਂਹ ਅਤੇ ਹੜ੍ਹਾਂ ਕਾਰਨ ਪ੍ਰਭਾਵਿਤ ਹੋਈਆਂ ਹਨ। 20 ਜੂਨ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੂਬੇ ਵਿੱਚ ਅਚਾਨਕ ਹੜ੍ਹਾਂ ਦੀਆਂ 55 ਘਟਨਾਵਾਂ, ਬੱਦਲ ਫਟਣ ਦੀਆਂ 28 ਘਟਨਾਵਾਂ ਅਤੇ ਜ਼ਮੀਨ ਖਿਸਕਣ ਦੀਆਂ 48 ਘਟਨਾਵਾਂ ਵਾਪਰੀਆਂ ਹਨ।

ਰਾਜਧਾਨੀ ਸ਼ਿਮਲਾ ਵਿੱਚ ਜ਼ਮੀਨ ਖਿਸਕਣ ਨਾਲ ਕਈ ਘਰ ਤਬਾਹ ਹੋ ਗਏ। ਅਗਸਤ ਦੇ ਆਖਰੀ ਹਫ਼ਤੇ ਵੀ ਸੂਬੇ ਵਿੱਚ ਭਾਰੀ ਮੀਂਹ ਪਿਆ ਸੀ। ਹੁਣ ਅਗਲੇ ਤਿੰਨ ਦਿਨਾਂ ਲਈ ਵੀ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਇਹ ਸਾਲ ਹਿਮਾਚਲ ਪ੍ਰਦੇਸ਼ ਲਈ ਪਿਛਲੇ ਕੁਝ ਸਾਲਾਂ ਵਿੱਚ ਮੌਸਮ ਦੇ ਲਿਹਾਜ਼ ਨਾਲ ਸਭ ਤੋਂ ਮੁਸ਼ਕਲ ਰਿਹਾ ਹੈ।

ਜੰਮੂ-ਕਸ਼ਮੀਰ ਵਿੱਚ ਭਾਰੀ ਤਬਾਹੀ

ਜੰਮੂ

ਤਸਵੀਰ ਸਰੋਤ, TAUSEEF MUSTAFA/AFP via Getty Images

ਤਸਵੀਰ ਕੈਪਸ਼ਨ, ਭਾਰੀ ਮੀਂਹ ਕਾਰਨ ਜੰਮੂ ਦੇ ਕਈ ਇਲਾਕੇ ਪਾਣੀ ਵਿੱਚ ਡੁੱਬ ਗਏ ਹਨ

ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵੀ ਕੁਦਰਤ ਦੇ ਕਹਿਰ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ, ਜੰਮੂ-ਕਸ਼ਮੀਰ ਦੇ ਵੱਖ-ਵੱਖ ਖੇਤਰਾਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਜ਼ਿਆਦਾਤਰ ਘਟਨਾਵਾਂ ਜੰਮੂ ਖੇਤਰ ਵਿੱਚ ਵਾਪਰੀਆਂ ਹਨ।

ਕਿਸ਼ਤਵਾੜ ਦੇ ਚਾਸੋਤੀ ਪਿੰਡ ਵਿੱਚ ਬੱਦਲ ਫਟਣ ਨਾਲ 60 ਤੋਂ ਵੱਧ ਲੋਕ ਮਾਰੇ ਗਏ। ਇੱਥੇ ਬਹੁਤ ਸਾਰੇ ਲੋਕ ਅਜੇ ਵੀ ਲਾਪਤਾ ਹਨ। ਜੰਮੂ ਦੇ ਕਟੜਾ ਵਿੱਚ ਜ਼ਮੀਨ ਖਿਸਕਣ ਕਾਰਨ 35 ਲੋਕਾਂ ਦੀ ਮੌਤ ਵੀ ਹੋ ਗਈ।

ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਜੰਮੂ ਸ਼ਹਿਰ ਦੇ ਕਈ ਇਲਾਕੇ ਪਾਣੀ ਵਿੱਚ ਡੁੱਬ ਗਏ ਹਨ। ਇਸ ਨਾਲ ਘਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ।

ਜ਼ਮੀਨ ਖਿਸਕਣ ਨਾਲ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਸੜਕਾਂ ਅਤੇ ਪੁਲ ਵਹਿ ਜਾਣ ਕਾਰਨ ਕਈ ਇਲਾਕਿਆਂ ਵਿੱਚ ਆਵਾਜਾਈ ਠੱਪ ਹੋ ਗਈ ਹੈ। ਜੰਮੂ ਅਤੇ ਸ਼੍ਰੀਨਗਰ ਵਿਚਕਾਰ ਰਾਸ਼ਟਰੀ ਰਾਜਮਾਰਗ ਵੀ ਬੰਦ ਹੈ। ਇੱਥੇ ਮੁਰੰਮਤ ਪੂਰੀ ਹੋਣ ਵਿੱਚ ਇੱਕ ਮਹੀਨਾ ਲੱਗ ਸਕਦਾ ਹੈ।

ਬੀਬੀਸੀ ਪੱਤਰਕਾਰ ਮਾਜਿਦ ਜਹਾਂਗੀਰ ਦੇ ਅਨੁਸਾਰ , ਭਾਰੀ ਬਾਰਸ਼ ਅਤੇ ਹੜ੍ਹਾਂ ਕਾਰਨ, ਬਹੁਤ ਸਾਰੇ ਦੂਰ-ਦੁਰਾਡੇ ਇਲਾਕਿਆਂ ਵਿੱਚ ਲੋਕਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ।

ਇੱਥੇ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ।

ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਹੈ, ਜਿਸ ਕਾਰਨ ਲੋਕ ਚਿੰਤਤ ਹਨ।

ਉਤਰਾਖੰਡ ਵਿੱਚ ਮੌਸਮ ਖ਼ਰਾਬ ਹੋਣ ਦੀ ਸੰਭਾਵਨਾ

ਦਿੱਲੀ

ਤਸਵੀਰ ਸਰੋਤ, Sonu Mehta/Hindustan Times via Getty Images

ਤਸਵੀਰ ਕੈਪਸ਼ਨ, 29 ਅਗਸਤ, 2025 ਨੂੰ ਦਿੱਲੀ ਵਿੱਚ NH 24 ਦੇ ਨੇੜੇ ਪਟਪੜਗੰਜ ਖੇਤਰ ਵਿੱਚ ਭਾਰੀ ਮੀਂਹ ਤੋਂ ਬਾਅਦ ਦੀ ਸਥਿਤੀ

ਉਤਰਾਖੰਡ ਵਿੱਚ, ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀ ਤੋਂ ਬਾਅਦ 1 ਸਤੰਬਰ ਨੂੰ ਕਈ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ। ਸਾਵਧਾਨੀ ਦੇ ਤੌਰ 'ਤੇ, ਪ੍ਰਸ਼ਾਸਨ ਨੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਅਤੇ ਆਂਗਣਵਾੜੀ ਕੇਂਦਰ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ।

ਬੀਬੀਸੀ ਦੇ ਐਸੋਸੀਏਟ ਪੱਤਰਕਾਰ ਆਸਿਫ਼ ਅਲੀ ਦੇ ਅਨੁਸਾਰ, ਅਗਸਤ ਦੇ ਮਹੀਨੇ ਵਿੱਚ ਭਾਰੀ ਮੀਂਹ ਅਤੇ ਬੱਦਲ ਫਟਣ ਨੇ ਸੂਬੇ ਵਿੱਚ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਕਈ ਖੇਤਰਾਂ ਵਿੱਚ ਲੋਕ ਪਰੇਸ਼ਾਨੀ ਵਿੱਚ ਹਨ।

5 ਅਗਸਤ ਨੂੰ, ਉੱਤਰਕਾਸ਼ੀ ਦੇ ਹਰਸ਼ਿਲ ਅਤੇ ਧਾਰਲੀ ਪਿੰਡਾਂ ਵਿੱਚ ਅਚਾਨਕ ਆਏ ਹੜ੍ਹ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 67 ਲੋਕ (ਸਰਕਾਰੀ ਅੰਕੜਿਆਂ ਅਨੁਸਾਰ) ਲਾਪਤਾ ਹੋ ਗਏ।

ਕਈ ਘਰਾਂ ਅਤੇ ਹੋਟਲਾਂ ਦੇ ਨਾਲ ਇੱਕ ਫੌਜੀ ਕੈਂਪ ਵੀ ਹੜ੍ਹ ਵਿੱਚ ਵਹਿ ਗਿਆ। ਪ੍ਰਭਾਵਿਤ ਲੋਕਾਂ ਤੱਕ ਹੈਲੀਕਾਪਟਰ ਰਾਹੀਂ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਅਤੇ ਗੰਗੋਤਰੀ ਹਾਈਵੇਅ ਨੂੰ ਹਾਲ ਹੀ ਵਿੱਚ ਇੱਕ ਵਿਕਲਪਿਕ ਸੜਕ ਬਣਾ ਕੇ ਖੋਲ੍ਹਿਆ ਗਿਆ ਹੈ।

21 ਅਗਸਤ ਨੂੰ, ਯਮੁਨੋਤਰੀ ਧਾਮ ਰਸਤੇ 'ਤੇ ਸਯਾਨਾਚੱਟੀ ਵਿਖੇ ਯਮੁਨਾ ਨਦੀ ਵਿੱਚ ਅਚਾਨਕ ਇੱਕ ਝੀਲ ਬਣ ਗਈ। ਲਗਭਗ 150 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ। ਇੱਥੇ ਵੀ, ਨੀਵੇਂ ਇਲਾਕਿਆਂ ਵਿੱਚ ਘਰ ਅਤੇ ਹੋਟਲ ਪਾਣੀ ਵਿੱਚ ਡੁੱਬ ਗਏ।

23 ਅਗਸਤ ਨੂੰ, ਚਮੋਲੀ ਦੀ ਥਰਾਲੀ ਤਹਿਸੀਲ ਵਿੱਚ ਬੱਦਲ ਫਟਣ ਕਾਰਨ ਇੱਕ ਵਿਅਕਤੀ ਲਾਪਤਾ ਹੋ ਗਿਆ ਅਤੇ ਇੱਕ ਔਰਤ ਮਲਬੇ ਹੇਠ ਦੱਬ ਗਈ। ਕਈ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਅਤੇ ਮੁੱਖ ਸੜਕਾਂ ਬੰਦ ਰਹੀਆਂ।

29 ਅਗਸਤ ਨੂੰ, ਚਮੋਲੀ, ਰੁਦਰਪ੍ਰਯਾਗ ਅਤੇ ਬਾਗੇਸ਼ਵਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਅਚਾਨਕ ਹੜ੍ਹਾਂ ਕਾਰਨ ਕਈ ਮੌਤਾਂ ਅਤੇ ਨੁਕਸਾਨ ਹੋਇਆ।

ਹੜ੍ਹ

ਇਹ ਕੁਦਰਤੀ ਆਫ਼ਤਾਂ ਲੋਕਾਂ ਦੇ ਜੀਵਨ ਅਤੇ ਕਾਰੋਬਾਰਾਂ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਹਨ।

ਉੱਤਰਕਾਸ਼ੀ ਦੇ ਇੱਕ ਹੋਟਲ ਮਾਲਕ ਸਮੀਰ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਉਨ੍ਹਾਂ ਦਾ ਕਾਰੋਬਾਰ ਬਹੁਤ ਪ੍ਰਭਾਵਿਤ ਹੋਇਆ ਹੈ।

ਉਹ ਕਹਿੰਦੇ ਹਨ ਕਿ ਮੀਂਹ ਕਾਰਨ ਉਨ੍ਹਾਂ ਦੀ ਹੋਟਲ ਲਈ ਹੋਈ ਬੁਕਿੰਗ ਰੱਦ ਹੋ ਰਹੀ ਹੈ।

ਸਮੀਰ ਦੱਸਦੇ ਹਨ, "ਇਸ ਸਾਲ ਕਾਰੋਬਾਰ ਪੂਰੀ ਤਰ੍ਹਾਂ ਬਰਬਾਦ ਰਿਹਾ ਹੈ, ਲੱਗਦਾ ਹੈ ਕਿ ਇਸ ਵਾਰ ਸਾਨੂੰ ਸਟਾਫ ਦੀਆਂ ਤਨਖਾਹਾਂ ਆਪਣੀ ਜੇਬ ਵਿੱਚੋਂ ਦੇਣੀਆਂ ਪੈਣਗੀਆਂ।"

ਮਾਹਰ ਕੀ ਕਹਿ ਰਹੇ ਹਨ?

ਮਾਹਰਾਂ ਅਨੁਸਾਰ, ਪਹਿਲਾਂ ਵੀ ਬਹੁਤ ਜ਼ਿਆਦਾ ਗਰਮੀ ਅਤੇ ਭਾਰੀ ਬਾਰਿਸ਼ ਹੁੰਦੀ ਸੀ ਪਰ ਪਿਛਲੇ ਕੁਝ ਸਾਲਾਂ ਵਿੱਚ ਇਸ ਦੀ ਤੀਬਰਤਾ ਅਤੇ ਬਾਰੰਬਾਰਤਾ ਦੋਵੇਂ ਵਧੀਆਂ ਹਨ।

ਗ੍ਰੀਨਪੀਸ ਦੇ ਅਕੀਜ਼ ਭੱਟ ਕਹਿੰਦੇ ਹਨ, "ਪਿਛਲੇ ਡੇਢ ਦਹਾਕੇ ਵਿੱਚ, ਤਾਪਮਾਨ ਵਿੱਚ ਲਗਾਤਾਰ ਵਾਧਾ ਹੋਇਆ ਹੈ, ਖਾਸ ਕਰਕੇ ਹੀਟ ਵੇਵਜ਼ ਦੇ ਮਾਮਲੇ ਵਿੱਚ। ਇਸ ਨਾਲ ਐਕਸਟਰੀਮ ਵੈਦਰ ਈਵੈਂਟਸ ਯਾਨੀ ਅਜਿਹੀ ਮੌਸਮੀ ਘਟਨਾਵਾਂ ਦੀ ਬਾਰੰਬਾਰਤਾ ਅਤੇ ਤੀਬਰਤਾ ਵਧ ਰਹੀ ਹੈ।"

ਭਾਰਤੀ ਮੌਸਮ ਵਿਭਾਗ ਦੇ ਸਾਬਕਾ ਡਾਇਰੈਕਟਰ ਜਨਰਲ ਅਤੇ ਮੌਸਮ ਵਿਗਿਆਨੀ ਡਾ. ਕੇਜੇ ਰਮੇਸ਼ ਵੀ ਇਸ ਗੱਲ ਨਾਲ ਸਹਿਮਤ ਹਨ।

ਡਾ. ਰਮੇਸ਼ ਕਹਿੰਦੇ ਹਨ, "ਹਰ ਮੌਸਮ ਵਿੱਚ ਇੱਕ ਵੱਖਰੀ ਕਿਸਮ ਦੀ ਐਕਸਟਰੀਮ ਮੌਸਮੀ ਘਟਨਾ ਹੁੰਦੀ ਹੈ। ਗਰਮੀਆਂ ਵਿੱਚ ਹੀਟ ਵੇਵਜ਼ ਆ ਸਕਦੀਆਂ ਹਨ, ਸੁੱਕੇ ਖੇਤਰਾਂ ਵਿੱਚ ਜੰਗਲਾਂ ਨੂੰ ਅੱਗ ਲੱਗ ਸਕਦੀ ਹੈ। ਪਰ ਹੁਣ ਇਨ੍ਹਾਂ ਦੀ ਦਰ ਵੱਧ ਰਹੀ ਹੈ। ਇਹ ਚੀਜ਼ਾਂ ਸਿੱਧੇ ਤੌਰ 'ਤੇ ਗਲੋਬਲ ਵਾਰਮਿੰਗ ਨਾਲ ਸਬੰਧਤ ਹਨ। ਜੇਕਰ ਤਾਪਮਾਨ ਇੱਕ ਡਿਗਰੀ ਵਧਦਾ ਹੈ, ਤਾਂ ਵਾਯੂਮੰਡਲ ਦੀ ਨਮੀ ਅਤੇ ਭਾਫ਼ ਨੂੰ ਰੱਖਣ ਦੀ ਸਮਰੱਥਾ 7 ਪ੍ਰਤੀਸ਼ਤ ਵੱਧ ਜਾਂਦੀ ਹੈ। ਇਸ ਨਾਲ ਵੱਡੇ ਬੱਦਲ ਬਣਦੇ ਹਨ ਜੋ ਜ਼ਿਆਦਾ ਮੀਂਹ ਅਤੇ ਬਿਜਲੀ ਡਿੱਗਣ ਦਾ ਕਾਰਨ ਬਣਦੇ ਹਨ।"

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਡੇਢ ਦਹਾਕੇ ਵਿੱਚ ਤਾਪਮਾਨ ਵਿੱਚ ਲਗਾਤਾਰ ਵਾਧਾ ਦੇਖਿਆ ਗਿਆ ਹੈ

ਦੁਨੀਆ ਭਰ ਦੇ ਪ੍ਰਮਾਣੂ ਵਿਗਿਆਨੀ ਗਲੋਬਲ ਵਾਰਮਿੰਗ ਬਾਰੇ ਸਹਿਮਤ ਹਨ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਅਤੇ ਹੋਰ ਗ੍ਰੀਨਹਾਊਸ ਗੈਸਾਂ ਦੀ ਵੱਧ ਰਹੀ ਮਾਤਰਾ ਨੂੰ ਮੰਨਿਆ ਜਾਂਦਾ ਹੈ।

ਅਕੀਜ਼ ਭੱਟ ਕਹਿੰਦੇ ਹਨ, "ਕਾਰਬਨ ਡਾਈਆਕਸਾਈਡ ਦੀ ਵੱਧਦੀ ਮਾਤਰਾ, ਜੋ ਕਿ ਮੁੱਖ ਤੌਰ 'ਤੇ ਜੈਵਿਕ ਇੰਧਨ ਸਾੜਨ ਨਾਲ ਨਿਕਲਦੀ ਹੈ, ਸਾਡੇ ਵਾਯੂਮੰਡਲ ਵਿੱਚ ਨਮੀ ਨੂੰ ਵਧਾਉਂਦੀ ਹੈ ਜੋ ਕਿ ਮਾਨਸੂਨ ਅਤੇ ਬਾਰਿਸ਼ ਦੇ ਪੈਟਰਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ।"

ਡਾ. ਕੇਜੇ ਰਮੇਸ਼ ਕਹਿੰਦੇ ਹਨ, "ਪਹਿਲਾਂ ਵੀ ਮਾਨਸੂਨ ਦੌਰਾਨ ਭਾਰੀ ਬਾਰਿਸ਼ ਹੁੰਦੀ ਸੀ। ਪਰ ਪਹਿਲਾਂ ਮਾਨਸੂਨ ਦੌਰਾਨ ਬਾਰਿਸ਼ ਦੀ ਮਿਆਦ ਲੰਬੀ ਹੁੰਦੀ ਸੀ। ਹੁਣ ਤੇਜ਼ ਅਤੇ ਘੱਟ ਸਮੇਂ ਦੀ ਬਾਰਸ਼ ਹੋ ਰਹੀ ਹੈ ਜਿਸ ਨਾਲ ਹੜ੍ਹਾਂ ਦਾ ਖ਼ਤਰਾ ਵੱਧ ਜਾਂਦਾ ਹੈ।"

ਅਕੀਜ਼ ਭੱਟ ਕਹਿੰਦੇ ਹਨ, "ਗਲੋਬਲ ਅਤੇ ਖੇਤਰੀ ਤਾਪਮਾਨ ਦੋਵੇਂ ਵਧ ਰਹੇ ਹਨ ਅਤੇ ਭਾਰਤ ਵਿਚ ਹੋਣ ਵਾਲਿਆਂ ਹੀਟ ਵੇਵਜ਼ ਲਈ ਇੱਕ ਚੰਗੀ ਉਦਾਹਰਣ ਹੈ। ਭਾਰਤ ਦੇ ਲੋਕ ਅੱਜ ਬਦਲਦੇ ਮੌਸਮ ਦਾ ਸਾਹਮਣਾ ਕਰ ਰਹੇ ਹਨ।"

ਕੀ ਬੇਕਾਬੂ ਵਿਕਾਸ ਵੀ ਇੱਕ ਕਾਰਨ ਹੈ?

ਭਾਰਤੀ ਮੌਸਮ ਵਿਭਾਗ ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਕੇਜੇ ਰਮੇਸ਼

ਦਿੱਲੀ ਵਰਗੇ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਵਿੱਚ, ਕੁਝ ਘੰਟਿਆਂ ਦੀ ਬਾਰਿਸ਼ ਤੋਂ ਬਾਅਦ ਪਾਣੀ ਭਰ ਜਾਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸਦਾ ਮੁੱਖ ਕਾਰਨ ਜੰਗਲਾਂ ਅਤੇ ਖਾਲੀ ਜ਼ਮੀਨ ਦੀ ਬਜਾਏ ਕੰਕਰੀਟ ਦੀਆਂ ਇਮਾਰਤਾਂ ਦਾ ਕਬਜ਼ਾ ਹੈ।

ਗ੍ਰੀਨਪੀਸ ਦੇ ਅਕੀਜ਼ ਭੱਟ ਕਹਿੰਦੇ ਹਨ, "ਸ਼ਹਿਰੀ ਵਿਕਾਸ ਨੇ ਹਰਿਆਲੀ ਭਰੀ ਜਗ੍ਹਾ ਘਟਾ ਦਿੱਤੀ ਹੈ। ਨਤੀਜੇ ਵਜੋਂ, ਮੀਂਹ ਦਾ ਪਾਣੀ ਜ਼ਮੀਨ ਵਿੱਚ ਸਹੀ ਢੰਗ ਨਾਲ ਨਹੀਂ ਜਾਂਦਾ ਅਤੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ।"

ਕੁਦਰਤ ਨੂੰ ਨਜ਼ਰਅੰਦਾਜ਼ ਕਰਨ ਦੇ ਗੰਭੀਰ ਨਤੀਜੇ ਪਹਾੜਾਂ ਵਿੱਚ ਵਧੇਰੇ ਸਪੱਸ਼ਟ ਤੌਰ 'ਤੇ ਦਿਖਾਈ ਦਿੰਦੇ ਹਨ। ਉੱਤਰਾਖੰਡ ਦਾ ਧਾਰਲੀ ਕਸਬਾ, ਜੋ ਪਹਿਲਾਂ ਕਸ਼ੀਰ ਗੰਗਾ ਨਦੀ ਦੇ ਖੇਤਰ ਵਿੱਚ ਸਥਿਤ ਸੀ, ਜ਼ਮੀਨ ਖਿਸਕਣ ਨਾਲ ਲਗਭਗ ਵਹਿ ਗਿਆ ਸੀ।

ਭਾਰਤੀ ਮੌਸਮ ਵਿਭਾਗ ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਕੇਜੇ ਰਮੇਸ਼ ਕਹਿੰਦੇ ਹਨ, "ਜਿਸ ਜਗ੍ਹਾ 'ਤੇ ਧਾਰਲੀ ਬਾਜ਼ਾਰ ਪਹਿਲਾਂ ਸਥਿਤ ਸੀ, ਉੱਥੇ ਪਾਣੀ ਦਾ ਕੁਦਰਤੀ ਵਹਾਅ ਸੀ। ਸਵਾਲ ਇਹ ਹੈ ਕਿ ਕੁਦਰਤ ਨੂੰ ਨਜ਼ਰਅੰਦਾਜ਼ ਕਰਕੇ ਅਜਿਹਾ ਵਿਕਾਸ ਕਿਉਂ ਹੋਣ ਦਿੱਤਾ ਗਿਆ? ਭਾਵੇਂ ਲੋਕ ਉੱਥੇ ਵਸ ਰਹੇ ਸਨ, ਪਰ ਕੀ ਉਹ ਜੋਖਮਾਂ ਤੋਂ ਪੂਰੀ ਤਰ੍ਹਾਂ ਜਾਣੂ ਸਨ?"

ਮਾਹਰਾਂ ਦਾ ਮੰਨਣਾ ਹੈ ਕਿ ਅੰਨ੍ਹੇਵਾਹ ਵਿਕਾਸ ਨੇ ਕੁਦਰਤੀ ਪਾਣੀ ਦੇ ਸਰੋਤਾਂ ਨੂੰ ਨਿਗਲ ਲਿਆ ਹੈ। ਸ਼ਹਿਰਾਂ ਵਿੱਚ ਝੀਲਾਂ ਅਤੇ ਜਲ ਸਰੋਤ ਹੁਣ ਇਮਾਰਤਾਂ ਵਿੱਚ ਬਦਲ ਗਏ ਹਨ। ਅਜਿਹੀ ਸਥਿਤੀ ਵਿੱਚ, ਕੁਝ ਘੰਟਿਆਂ ਦੀ ਬਾਰਿਸ਼ ਤੋਂ ਬਾਅਦ ਸੜਕਾਂ ਤਲਾਅ ਵਰਗੀਆਂ ਦਿਖਾਈ ਦੇਣ ਲੱਗ ਪੈਂਦੀਆਂ ਹਨ ਅਤੇ ਸ਼ਹਿਰ ਠੱਪ ਹੋ ਜਾਂਦੇ ਹਨ।

ਪਿਛਲੇ ਕੁਝ ਦਹਾਕਿਆਂ ਵਿੱਚ, ਪਹਾੜੀ ਖੇਤਰਾਂ ਵਿੱਚ ਸੜਕਾਂ ਦੇ ਨਿਰਮਾਣ ਅਤੇ ਚੌੜਾਈ ਦੇ ਕੰਮ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਵਿਕਾਸ ਰਣਨੀਤਕ ਅਤੇ ਸਮਾਜਿਕ-ਆਰਥਿਕ ਕਾਰਨਾਂ ਕਰਕੇ ਜ਼ਰੂਰੀ ਹੈ ਅਤੇ ਉਸਾਰੀ ਕਾਰਜ ਦੌਰਾਨ ਵਾਤਾਵਰਣ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਇਸ ਕ੍ਰਮ ਵਿੱਚ, ਹਿਮਾਲੀਅਨ ਖੇਤਰ ਵਿੱਚ "ਆਲ ਵੈਦਰ ਰੋਡ" ਪ੍ਰੋਜੈਕਟਾਂ 'ਤੇ ਕੰਮ ਚੱਲ ਰਿਹਾ ਹੈ।

ਹਾਲਾਂਕਿ, ਵਿਸ਼ਲੇਸ਼ਕ ਇਨ੍ਹਾਂ ਸੜਕਾਂ ਅਤੇ ਪਣ-ਬਿਜਲੀ ਪ੍ਰੋਜੈਕਟਾਂ ਨੂੰ ਪਹਾੜਾਂ ਵਿੱਚ ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹਾਂ ਦੀਆਂ ਵਧਦੀਆਂ ਘਟਨਾਵਾਂ ਨਾਲ ਜੋੜਦੇ ਹਨ।

ਡਾ. ਰਮੇਸ਼ ਕਹਿੰਦੇ ਹਨ, "ਪਣਬਿਜਲੀ ਅਤੇ ਸੜਕ ਵਿਕਾਸ ਦੇ ਕਾਰਨ, ਢਲਾਣਾਂ ਦੀ ਸਥਿਰਤਾ ਵਿਗੜ ਰਹੀ ਹੈ, ਜੋ ਕਿ ਜ਼ਮੀਨ ਖਿਸਕਣ ਦਾ ਇੱਕ ਵੱਡਾ ਕਾਰਨ ਹੈ।"

ਉਨ੍ਹਾਂ ਦੇ ਅਨੁਸਾਰ, ਭੂਚਾਲ ਵਰਗੀਆਂ ਕੁਦਰਤੀ ਘਟਨਾਵਾਂ ਪਹਿਲਾਂ ਹੀ ਪਹਾੜੀ ਸਥਿਰਤਾ ਨੂੰ ਚੁਣੌਤੀ ਦਿੰਦੀਆਂ ਹਨ, ਅਤੇ ਮਨੁੱਖੀ ਗਤੀਵਿਧੀਆਂ ਨੇ ਇਸ ਜੋਖਮ ਨੂੰ ਹੋਰ ਵਧਾ ਦਿੱਤਾ ਹੈ।

ਅਕੀਜ਼ ਭੱਟ ਸਵਾਲ ਉਠਾਉਂਦੇ ਹਨ, "ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਇਹ ਵਿਕਾਸ ਕਿਸ ਕੀਮਤ 'ਤੇ ਕਰ ਰਹੇ ਹਾਂ।"

ਚੇਤਾਵਨੀ ਪ੍ਰਣਾਲੀ ਪ੍ਰਭਾਵਸ਼ਾਲੀ ਕਿਉਂ ਨਹੀਂ ਹੈ?

ਪੰਜਾਬ 'ਚ ਆਏ ਹੜ੍ਹਾਂ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਰੇ ਉਪਾਵਾਂ ਦੇ ਬਾਵਜੂਦ, ਮੌਸਮ ਨਾਲ ਸਬੰਧਤ ਘਟਨਾਵਾਂ ਭਾਰਤ ਵਿੱਚ ਜਾਨ-ਮਾਲ ਦਾ ਨੁਕਸਾਨ ਕਰ ਰਹੀਆਂ ਹਨ

ਭਾਰਤੀ ਮੌਸਮ ਵਿਭਾਗ ਨੇ ਹਾਲ ਹੀ ਦੇ ਸਾਲਾਂ ਵਿੱਚ ਸਹੀ ਮੌਸਮ ਦੀ ਭਵਿੱਖਬਾਣੀ ਪ੍ਰਦਾਨ ਕਰਨ ਲਈ ਭਰੋਸੇਯੋਗਤਾ ਹਾਸਲ ਕੀਤੀ ਹੈ।

ਸੈਟੇਲਾਈਟ ਅਤੇ ਖੋਜ ਤਕਨਾਲੋਜੀ ਵਿੱਚ ਸੁਧਾਰ ਹੋਇਆ ਹੈ। ਇਸ ਤਰ੍ਹਾਂ, ਮੌਸਮ ਵਿਭਾਗ ਸਮੇਂ ਸਿਰ ਚੇਤਾਵਨੀਆਂ ਦੇਣ ਦੇ ਯੋਗ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਹਾਲੀਆ ਬਿਆਨ ਵਿੱਚ ਕਿਹਾ, "ਅਸੀਂ ਬਾਰਸ਼ ਅਤੇ ਹੜ੍ਹਾਂ ਲਈ ਅਗਾਊਂ ਜਾਣਕਾਰੀ ਦੀ ਮਿਆਦ ਵਿੱਚ ਸੁਧਾਰ ਕੀਤਾ ਹੈ ਅਤੇ ਅਸੀਂ ਜ਼ੀਰੋ ਮੌਤ ਦਰ ਦੇ ਦ੍ਰਿਸ਼ਟੀਕੋਣ ਨਾਲ ਆਫ਼ਤ ਪ੍ਰਬੰਧਨ ਨੂੰ ਅੱਗੇ ਵਧਾ ਰਹੇ ਹਾਂ।"

ਭਾਰਤ ਵਿੱਚ ਸਚੇਤ ਐਪ ਵੀ ਹੈ, ਜਿਸ ਰਾਹੀਂ ਆਫ਼ਤ ਪ੍ਰਬੰਧਨ ਅਤੇ ਮੌਸਮ ਵਿਭਾਗ ਦੇ ਅਧਿਕਾਰੀ ਦੇਸ਼ ਦੇ ਕਿਸੇ ਵੀ ਖਾਸ ਖੇਤਰ ਵਿੱਚ ਲੋਕਾਂ ਦੇ ਮੋਬਾਈਲ ਫੋਨਾਂ 'ਤੇ ਤੁਰੰਤ ਅਲਰਟ ਭੇਜ ਸਕਦੇ ਹਨ।

ਇਨ੍ਹਾਂ ਸਾਰੇ ਉਪਾਵਾਂ ਦੇ ਬਾਵਜੂਦ, ਭਾਰਤ ਵਿੱਚ ਮੌਸਮ ਨਾਲ ਸਬੰਧਤ ਘਟਨਾਵਾਂ ਵਿੱਚ ਲੋਕ ਲਗਾਤਾਰ ਆਪਣੀਆਂ ਜਾਨਾਂ ਗੁਆ ਰਹੇ ਹਨ।

ਡਾ. ਕੇਜੇ ਰਮੇਸ਼ ਕਹਿੰਦੇ ਹਨ, "ਇਹ ਪ੍ਰਣਾਲੀ ਚੱਕਰਵਾਤ ਜਾਂ ਸੁਨਾਮੀ ਦੀ ਚੇਤਾਵਨੀ ਦੇ ਸਮੇਂ ਕਾਫ਼ੀ ਪ੍ਰਭਾਵਸ਼ਾਲੀ ਹੈ, ਪਰ ਹੁਣ ਹੜ੍ਹਾਂ ਅਤੇ ਜ਼ਮੀਨ ਖਿਸਕਣ ਵਰਗੀਆਂ ਆਫ਼ਤਾਂ ਦੇ ਸਮੇਂ ਇਸ ਦੀ ਬਿਹਤਰ ਵਰਤੋਂ ਦੀ ਜ਼ਰੂਰਤ ਹੈ।"

ਕੇਜੇ ਰਮੇਸ਼ ਕਹਿੰਦੇ ਹਨ, "ਕਮਜ਼ੋਰ ਇਲਾਕਿਆਂ ਵਿੱਚ, ਬਸਤੀ ਅਤੇ ਗੈਰ-ਕਾਨੂੰਨੀ ਕਬਜ਼ੇ ਬੰਦ ਹੋਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਜੋਖਮਾਂ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਜਲਵਾਯੂ ਪਰਿਵਰਤਨ ਦਾ ਪ੍ਰਭਾਵ ਸਥਾਨਕ ਹੈ, ਇਸ ਲਈ ਪੰਚਾਇਤ ਪੱਧਰ 'ਤੇ ਜਾਗਰੂਕਤਾ ਅਤੇ ਸੰਭਾਲ ਦੇ ਯਤਨ ਜ਼ਰੂਰੀ ਹਨ।"

ਵਿਸ਼ਲੇਸ਼ਕਾਂ ਦੇ ਅਨੁਸਾਰ, ਇੱਕ ਕਾਰਨ ਜਲਵਾਯੂ ਸੰਬੰਧੀ ਰਣਨੀਤੀ ਦੀ ਘਾਟ ਹੈ।

ਅਕੀਜ਼ ਭੱਟ ਕਹਿੰਦੇ ਹਨ "ਜਲਵਾਯੂ ਅਨੁਕੂਲਨ ਰਣਨੀਤੀਆਂ ਜਾਂ ਤਾਂ ਮੌਜੂਦ ਨਹੀਂ ਹਨ ਜਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਹਨ, ਜੋ ਸਾਨੂੰ ਅਤਿਅੰਤ ਮੌਸਮੀ ਘਟਨਾਵਾਂ ਦੇ ਪ੍ਰਭਾਵ ਨੂੰ ਘਟਾਉਣ ਤੋਂ ਰੋਕਦੀਆਂ ਹਨ।"

ਇਸ ਦੇ ਨਾਲ ਹੀ, ਅਕੀਜ਼ ਭੱਟ ਦਾ ਮੰਨਣਾ ਹੈ ਕਿ ਇਸ ਲਈ ਨੀਤੀਗਤ ਯਤਨਾਂ ਦੀ ਵੀ ਲੋੜ ਹੈ।

ਅਕੀਜ਼ ਭੱਟ ਕਹਿੰਦੇ ਹਨ "ਜੀਵਾਸ਼ਮ ਬਾਲਣ ਉਦਯੋਗਾਂ ਤੋਂ ਜਵਾਬਦੇਹੀ ਤੋਂ ਬਿਨਾਂ, ਜਲਵਾਯੂ ਪਰਿਵਰਤਨ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਕੰਪਨੀਆਂ ਨੂੰ ਜਲਵਾਯੂ ਪਰਿਵਰਤਨ, ਖਾਸ ਕਰਕੇ ਹੜ੍ਹਾਂ, ਸੋਕੇ ਅਤੇ ਹੀਟ ਵੇਵਜ਼ ਤੋਂ ਪ੍ਰਭਾਵਿਤ ਲੋਕਾਂ ਦੇ ਨੁਕਸਾਨ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।"

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)