ਟਰੰਪ ਵੱਲੋਂ 'ਵਾਇਸ ਆਫ਼ ਅਮਰੀਕਾ' ਦੀ ਫੰਡਿੰਗ ਨੂੰ ਬੰਦ ਕਰਨ ਦਾ ਹੁਕਮ, ਲਗਭਗ 1300 ਕਰਮਚਾਰੀ ਭੇਜੇ ਛੁੱਟੀ 'ਤੇ

ਵਾਇਸ ਆਫ਼ ਅਮਰੀਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਖ਼ਬਰ ਸੰਗਠਨ ਵਾਇਸ ਆਫ਼ ਅਮਰੀਕਾ ਨੂੰ ਬੰਦ ਕਰਨ ਦੇ ਫ਼ੈਸਲੇ 'ਤੇ ਦਸਤਖ਼ਤ ਕੀਤੇ ਗਏ ਹਨ।
    • ਲੇਖਕ, ਥਾਮਸ ਮੈਕਿੰਟੋਸ਼ ਅਤੇ ਮਰਲਿਨ ਥਾਮਸ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਮਰੀਕੀ ਸਹਾਇਤਾ ਪ੍ਰਾਪਤ ਖ਼ਬਰ ਸੰਗਠਨ ਵਾਇਸ ਆਫ਼ ਅਮਰੀਕਾ ਦੀ ਫੰਡਿੰਗ ਨੂੰ ਰੋਕਣ ਦੇ ਫ਼ੈਸਲੇ 'ਤੇ ਦਸਤਖ਼ਤ ਕੀਤੇ ਗਏ ਹਨ। ਟਰੰਪ ਨੇ ਖ਼ਬਰ ਸੰਗਠਨ 'ਤੇ 'ਟਰੰਪ ਵਿਰੋਧੀ' ਅਤੇ 'ਕੱਟੜਪੰਥੀ' ਹੋਣ ਦਾ ਇਲਜ਼ਾਮ ਲਗਾਇਆ ਹੈ।

ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਫੈਸਲੇ ਨਾਲ ਯਕੀਨੀ ਬਣੇਗਾ ਕਿ ਲੋਕਾਂ ਦੇ ਟੈਕਸ ਦਾ ਪੈਸਾ ਕੱਟੜਪੰਥੀ ਸੋਚ ਦੇ ਪ੍ਰਚਾਰ ਵਿੱਚ ਸ਼ਾਮਲ ਨਾ ਹੋਵੇ।

ਇਸ ਬਿਆਨ ਵਿੱਚ ਕਈ ਸਿਆਸੀ ਲੀਡਰਾਂ ਅਤੇ ਸੱਜੇ-ਪੱਖੀ ਮੀਡੀਆ ਦੇ ਖ਼ਬਰ ਸੰਗਠਨ ਦੀ ਆਲੋਚਨਾ ਕਰਨ ਦੇ ਹਵਾਲੇ ਦਿੱਤੇ ਗਏ ਹਨ।

ਵਾਇਸ ਆਫ਼ ਅਮਰੀਕਾ ਮੁੱਖ ਤੌਰ 'ਤੇ ਰੇਡੀਓ ਸੇਵਾ ਹੈ। ਇਸ ਦੀ ਸਥਾਪਨਾ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਕੀਤੀ ਗਈ ਸੀ। ਅੱਜ ਦੇ ਸਮੇਂ ਇਹ ਸੰਗਠਨ ਹਰ ਹਫ਼ਤੇ ਦੁਨੀਆ ਭਰ ਵਿੱਚ ਕਰੋੜਾਂ ਲੋਕਾਂ ਤੱਕ ਖ਼ਬਰ-ਜਾਣਕਾਰੀ ਮੁਹੱਈਆ ਕਰਦਾ ਹੈ।

ਵਾਇਸ ਆਫ਼ ਅਮਰੀਕਾ ਦੇ ਡਾਇਰੈਕਟਰ ਮਾਈਕ ਅਬਰਾਮੋਵਿਟਜ਼ ਨੇ ਕਿਹਾ ਕਿ ਉਹ ਅਤੇ ਲਗਭਗ 1,300 ਕਰਮਚਾਰੀਆਂ ਦੇ ਪੂਰੇ ਸਟਾਫ ਨੂੰ ਤਨਖਾਹ ਸਮੇਤ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅਬਰਾਮੋਵਿਟਜ਼ ਨੇ ਕਿਹਾ ਕਿ ਇਸ ਹੁਕਮ ਨੇ ਵਾਇਸ ਆਫ਼ ਅਮਰੀਕਾ ਨੂੰ ਅਜੋਕੇ ਸਮੇਂ ਵਿੱਚ ਅਹਿਮ ਮਿਸ਼ਨ ਕਰਨ ਤੋਂ ਅਸਮਰੱਥ ਬਣਾ ਦਿੱਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅਜੋਕੇ ਸਮੇਂ ਅਮਰੀਕਾ ਦੇ ਵਿਰੋਧੀ, ਜਿਵੇਂ ਕਿ ਈਰਾਨ, ਚੀਨ ਅਤੇ ਰੂਸ, ਅਮਰੀਕਾ ਨੂੰ ਬਦਨਾਮ ਕਰਨ ਲਈ ਝੂਠੇ ਬਿਰਤਾਂਤ ਸਿਰਜਣ ਲਈ ਅਰਬਾਂ ਡਾਲਰ ਖਰਚ ਰਹੇ ਹਨ।

ਅਮਰੀਕੀ ਪੱਤਰਕਾਰਾਂ ਦਾ ਪ੍ਰਮੁੱਖ ਨੁਮਾਇੰਦਾ ਸਮੂਹ, ਨੈਸ਼ਨਲ ਪ੍ਰੈਸ ਕਲੱਬ ਨੇ ਕਿਹਾ ਕਿ ਇਹ ਫੈਸਲਾ ਆਜ਼ਾਦ ਪ੍ਰੈਸ ਪ੍ਰਤੀ ਅਮਰੀਕਾ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਚਨਬੱਧਤਾ ਨੂੰ ਕਮਜ਼ੋਰ ਕਰਦਾ ਹੈ।

ਉਨ੍ਹਾਂ ਨਾਲ ਹੀ ਕਿਹਾ, "ਜੇਕਰ ਇੱਕ ਪੂਰੇ ਖਬਰ ਸਮੂਹ ਨੂੰ ਇੱਕਦਮ ਪਾਸੇ ਕੀਤਾ ਜਾ ਸਕਦਾ ਹੈ, ਤਾਂ ਇਹ ਪ੍ਰੈਸ ਦੀ ਆਜ਼ਾਦੀ ਦੀ ਸਥਿਤੀ ਬਾਰੇ ਕੀ ਕਹਿੰਦਾ ਹੈ?"

"ਇੱਕ ਪੂਰੇ ਸਗੰਠਨ ਨੂੰ ਖਤਮ ਕੀਤਾ ਜਾ ਰਿਹਾ ਹੈ। ਇਹ ਸਿਰਫ਼ ਭਰਤੀ ਪ੍ਰਕਿਰਿਆ ਦਾ ਹਿੱਸਾ ਨਹੀਂ ਹੈ। ਇਹ ਬੁਨਿਆਦੀ ਤਬਦੀਲੀ ਹੈ ਜੋ ਵਾਇਸ ਆਫ਼ ਅਮਰੀਕਾ ਵਿਖੇ ਆਜ਼ਾਦ ਪੱਤਰਕਾਰੀ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾਉਂਦੀ ਹੈ।"

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੌਨਲਡ ਟਰੰਪ ਨੇ ਕਈ ਹੋਰ ਸਰਕਾਰੀ ਏਜੰਸੀਆਂ ਦੀ ਫੰਡਿੰਗ ਵਿੱਚ ਵੀ ਕਟੌਤੀ ਕੀਤੀ ਹੈ।

ਟਰੰਪ ਦੇ ਹੁਕਮ ਦਾ ਮੁੱਖ ਨਿਸ਼ਾਨਾ ਵਾਇਸ ਆਫ਼ ਅਮਰੀਕਾ ਦੀ ਮੂਲ ਕੰਪਨੀ ਯੂਐੱਸ ਏਜੰਸੀ ਫਾਰ ਗਲੋਬਲ ਮੀਡੀਆ(ਯੂਐਸਏਜੀਐਮ) ਹੈ, ਇਹ ਏਜੰਸੀ ਰੇਡੀਓ ਫ੍ਰੀ ਯੂਰਪ ਅਤੇ ਰੇਡੀਓ ਫ੍ਰੀ ਏਸ਼ੀਆ ਵਰਗੀਆਂ ਗੈਰ-ਮੁਨਾਫ਼ਾ ਸੰਸਥਾਵਾਂ ਨੂੰ ਵੀ ਫੰਡ ਦਿੰਦੀ ਹੈ, ਜੋ ਕਮਿਊਨਿਜ਼ਮ ਦਾ ਮੁਕਾਬਲਾ ਕਰਨ ਲਈ ਸਥਾਪਿਤ ਕੀਤੀਆਂ ਗਈਆਂ ਸਨ।

ਅਬਰਾਮੋਵਿਟਜ਼ ਨੇ ਕਿਹਾ, "ਇਹ ਪ੍ਰਬੰਧਕਾਂ ਨੂੰ ਪ੍ਰਦਰਸ਼ਨ ਘਟਾਉਣ ਅਤੇ ਲੋੜੀਂਦੀ ਘੱਟੋ-ਘੱਟ ਮੌਜੂਦਗੀ ਅਤੇ ਕਾਰਜਸ਼ੀਲਤਾ ਘਟਾਉਣ ਲਈ ਕਹਿੰਦਾ ਹੈ।"

ਬੀਬੀਸੀ ਦੇ ਅਮਰੀਕੀ ਨਿਊਜ਼ ਸਹਿਯੋਗੀ, ਸੀਬੀਐਸ ਨੇ ਕਿਹਾ ਕਿ ਵੀਓਏ ਕਰਮਚਾਰੀਆਂ ਨੂੰ ਯੂਐਸਏਜੀਐਮ ਦੇ ਮਨੁੱਖੀ ਸਰੋਤ ਨਿਰਦੇਸ਼ਕ ਕ੍ਰਿਸਟਲ ਥਾਮਸ ਦੁਆਰਾ ਇੱਕ ਈਮੇਲ ਰਾਹੀ ਸੂਚਿਤ ਕੀਤਾ ਗਿਆ ਸੀ।

ਇੱਕ ਸੂਤਰ ਨੇ ਸੀਬੀਐਸ ਨੂੰ ਦੱਸਿਆ ਕਿ ਸਾਰੇ ਫ੍ਰੀਲਾਂਸ ਵਰਕਰਾਂ ਅਤੇ ਕਟ੍ਰੈਕਟਰਾਂ ਨੂੰ ਦੱਸਿਆ ਗਿਆ ਸੀ ਕਿ ਹੁਣ ਉਨ੍ਹਾਂ ਨੂੰ ਭੁਗਤਾਨ ਕਰਨ ਲਈ ਪੈਸੇ ਨਹੀਂ ਹਨ।

ਸੀਬੀਐਸ ਦੁਆਰਾ ਪ੍ਰਾਪਤ ਈਮੇਲਾਂ ਨੇ ਰੇਡੀਓ ਫ੍ਰੀ ਏਸ਼ੀਆ ਅਤੇ ਰੇਡੀਓ ਫ੍ਰੀ ਯੂਰਪ/ਰੇਡੀਓ ਲਿਬਰਟੀ ਦੇ ਮਾਲਕਾਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀਆਂ ਸਰਕਾਰੀ ਗ੍ਰਾਂਟਾਂ ਨੂੰ ਖਤਮ ਕਰ ਦਿੱਤਾ ਗਿਆ ਹੈ।

ਵਾਇਸ ਆਫ਼ ਅਮਰੀਕਾ ਅਤੇ ਯੂਐੱਸਏਜੀਐੱਮ ਅਧੀਨ ਆਉਣ ਵਾਲੇ ਹੋਰ ਸਟੇਸ਼ਨਾਂ ਦਾ ਕਹਿਣਾ ਹੈ ਕਿ ਉਹ 400 ਮਿਲੀਅਨ ਤੋਂ ਵੱਧ ਸਰੋਤਿਆਂ ਤੱਕ ਖਬਰ ਮੁਹੱਈਆ ਕਰਵਾਉਦੇ ਹਨ। ਇਹ ਮੋਟੇ ਤੌਰ 'ਤੇ ਬੀਬੀਸੀ ਵਰਲਡ ਸਰਵਿਸ ਦੇ ਬਰਾਬਰ ਹਨ, ਜਿਸਨੂੰ ਬਰਤਾਨੀਆ ਸਰਕਾਰ ਵੱਲੋਂ ਫੰਡ ਮੁਹੱਈਆ ਕਰਵਾਇਆ ਜਾਂਦਾ ਹੈ।

ਚੈੱਕ ਦੇਸ਼ ਦੇ ਵਿਦੇਸ਼ ਮੰਤਰੀ, ਜਾਨ ਲਿਪਾਵਸਕੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਯੂਰਪੀਅਨ ਯੂਨੀਅਨ ਰੇਡੀਓ ਫ੍ਰੀ ਯੂਰਪ,ਰੇਡੀਓ ਲਿਬਰਟੀ ਨੂੰ ਚਲਦਾ ਰੱਖਣ ਵਿੱਚ ਮਦਦ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਯੂਰਪੀ ਵਿਦੇਸ਼ ਮੰਤਰੀਆਂ ਨੂੰ ਪ੍ਰਸਾਰਕ ਦੇ ਕੰਮ-ਕਾਜ ਨੂੰ ਬਣਾਈ ਰੱਖਣ ਲਈ ਹੱਲ ਲੱਭਣ ਲਈ ਕਹਿਣਗੇ।

ਅਰਬਪਤੀ ਅਤੇ ਟਰੰਪ ਦੇ ਚੋਟੀ ਦੇ ਸਲਾਹਕਾਰ ਈਲੋਨ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਦਿਆਂ ਵਾਇਸ ਆਫ਼ ਅਮਰੀਕਾ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ।

ਡੌਨਲਡ ਟਰੰਪ ਨੇ ਕਈ ਹੋਰ ਸਰਕਾਰੀ ਏਜੰਸੀਆਂ ਦੀ ਫੰਡਿੰਗ ਵਿੱਚ ਵੀ ਕਟੌਤੀ ਕੀਤੀ ਹੈ।

ਵਾਇਸ ਆਫ਼ ਅਮਰੀਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਾਇਸ ਆਫ਼ ਅਮਰੀਕਾ 1942 ਵਿੱਚ ਨਾਜ਼ੀ ਪ੍ਰਚਾਰ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਸ਼ੁਰੂ ਹੋਇਆ ਸੀ।

ਟਰੰਪ ਆਪਣੇ ਪਹਿਲੇ ਕਾਰਜਕਾਲ ਵਿੱਚ ਵਾਇਸ ਆਫ਼ ਅਮਰੀਕਾ ਦੀ ਬਹੁਤ ਆਲੋਚਨਾ ਕਰਦੇ ਸਨ। ਉਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਸਾਥੀ ਕਾਰੀ ਲੇਕ ਨੂੰ ਯੂਐੱਸਏਜੀਐੱਮ ਲਈ ਵਿਸ਼ੇਸ਼ ਸਲਾਹਕਾਰ ਨਿਯੁਕਤ ਕੀਤਾ ਸੀ।

ਟਰੰਪ ਆਮ ਕਰਕੇ ਕਹਿੰਦੇ ਹਨ ਕਿ ਮੁੱਖ ਧਾਰਾ ਮੀਡੀਆ ਉਨ੍ਹਾਂ ਵਿਰੁੱਧ ਪੱਖਪਾਤੀ ਰੱਵਈਆ ਰੱਖਦਾ ਹੈ। ਉਨ੍ਹਾਂ ਨੇ ਨਿਆਂ ਵਿਭਾਗ ਵਿੱਚ ਇੱਕ ਭਾਸ਼ਣ ਦੌਰਾਨ ਸੀਐਨਐਨ ਅਤੇ ਐਮਐਸਐਨਬੀਸੀ ਨੂੰ 'ਭ੍ਰਿਸ਼ਟ' ਦੱਸਿਆ ਸੀ ।

ਵਾਇਸ ਆਫ਼ ਅਮਰੀਕਾ 1942 ਵਿੱਚ ਨਾਜ਼ੀ ਅਤੇ ਜਾਪਾਨੀ ਪ੍ਰਚਾਰ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਸ਼ੁਰੂ ਹੋਇਆ ਸੀ। ਇਸਦਾ ਪਹਿਲਾ ਪ੍ਰਸਾਰਣ ਬੀਬੀਸੀ ਦੁਆਰਾ ਅਮਰੀਕਾ ਨੂੰ ਉਧਾਰ ਦਿੱਤੇ ਗਏ ਟ੍ਰਾਂਸਮੀਟਰ 'ਤੇ ਕੀਤਾ ਗਿਆ ਸੀ।

ਸਾਬਕਾ ਰਾਸ਼ਟਰਪਤੀ, ਗੈਰਾਲਡ ਫੋਰਡ ਨੇ 1976 ਵਿੱਚ ਵਾਇਸ ਆਫ਼ ਅਮਰੀਕਾ ਦੀ ਸੰਪਾਦਕੀ ਆਜ਼ਾਦੀ ਦੀ ਰਾਖੀ ਲਈ ਇਸਦੇ ਜਨਤਕ ਚਾਰਟਰ 'ਤੇ ਦਸਤਖਤ ਕੀਤੇ ਸਨ।

1994 ਤੱਕ, ਗੈਰ-ਫੌਜੀ ਪ੍ਰਸਾਰਣ ਦੀ ਨਿਗਰਾਨੀ ਲਈ ਬ੍ਰੋ਼ਕਾਸਟ ਬੋਰਡ ਆਫ਼ ਗਵਰਨਰਜ਼ ਦੀ ਸਥਾਪਨਾ ਕੀਤੀ ਗਈ ਸੀ।

2013 ਵਿੱਚ, ਕਾਨੂੰਨ ਵਿੱਚ ਬਦਲਾਅ ਨੇ ਵਾਇਸ ਆਫ਼ ਅਮਰੀਕਾ ਅਤੇ ਸਹਿਯੋਗੀਆਂ ਨੂੰ ਅਮਰੀਕਾ ਵਿੱਚ ਪ੍ਰਸਾਰਣ ਸ਼ੁਰੂ ਕਰਨ ਦੀ ਆਗਿਆ ਦਿੱਤੀ ਗਈ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)