You’re viewing a text-only version of this website that uses less data. View the main version of the website including all images and videos.
'ਪੰਜਾਬ ਬੰਦ' ਦੌਰਾਨ ਕੀ-ਕੀ ਬੰਦ ਰਹੇਗਾ, ਕਈ ਟਰੇਨਾਂ ਹੋਈਆਂ ਰੱਦ, ਕਈਆਂ ਦੇ ਰੂਟ ਬਦਲੇ
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਐੱਮਐੱਸਪੀ ਦੀ ਮੰਗ ਨੂੰ ਲੈ ਕੇ ਧਰਨਾ ਲਾ ਕੇ ਬੈਠੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਗ਼ੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 30 ਦਸੰਬਰ ਨੂੰ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਹੈ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੱਤੀ ਕਿ 30 ਦਸੰਬਰ ਦਿਨ ਸੋਮਵਾਰ ਨੂੰ ਸਵੇਰੇ 7 ਵਜੇ ਤੋਂ 4 ਵਜੇ ਤੱਕ ਪੰਜਾਬ ਮੁਕੰਮਲ ਬੰਦ ਕੀਤਾ ਜਾਵੇਗਾ। ਹਾਲਾਂਕਿ ਇਸ ਦੇ ਲਈ ਉਨ੍ਹਾਂ ਨੇ ਪੰਜਾਬ ਦੇ ਨਾਗਰਿਕਾਂ ਨੂੰ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।
ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਕਾਰਨ 30 ਦਸੰਬਰ ਨੂੰ ਆਮ ਪੰਜਾਬ ਵਾਸੀਆਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਉਸ ਦੇ ਜਵਾਬ ਇਸ ਰਿਪੋਰਟ ਵਿੱਚ ਤੁਹਾਨੂੰ ਮਿਲ ਜਾਣਗੇ।
ਪੰਜਾਬ ਕਿਉਂ ਬੰਦ ਕੀਤਾ ਜਾ ਰਿਹਾ ਹੈ?
ਦਰਅਸਲ ਪੰਜਾਬ-ਹਰਿਆਣਾ ਦੀ ਸ਼ੰਭੂ ਅਤੇ ਖਨੌਰੀ ਸਰਹੱਦ ਉੱਤੇ 13 ਫਰਵਰੀ 2024 ਤੋਂ ਦੋ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਗ਼ੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਐੱਮਐੱਸਪੀ ਸਮੇਤ ਹੋਰ 12 ਮੰਗਾਂ ਨੂੰ ਲੈ ਕੇ ਧਰਨਾ ਦੇ ਰਹੀਆਂ ਹਨ।
ਜਥੇਬੰਦੀਆਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਕਈ ਵਾਰ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਪਰ ਹਰ ਵਾਰ ਕਿਸਾਨਾਂ ਨੂੰ ਅਥਰੂ ਗੈਸ ਦੇ ਗੋਲੇ ਜਾਂ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰਨਾ ਪਿਆ।
ਜਿਸ ਤੋਂ ਬਾਅਦ 26 ਨਵੰਬਰ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਬਾਰਡਰ ਉੱਤੇ ਨਿਰੰਤਰ ਮਰਨ ਵਰਤ ਸ਼ੁਰੂ ਕੀਤਾ ਹੋਇਆ ਹੈ।
ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਨਹੀਂ ਕਰ ਰਹੀ ਹੈ। ਇਸਦੇ ਵਿਰੋਧ ਵਿੱਚ ਕਿਸਾਨਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਪੰਜਾਬ ਬੰਦ ਕਿੰਨੇ ਤੋਂ ਕਿੰਨੇ ਵਜੇ ਤੱਕ?
ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨ 30 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਬੰਦ ਰੱਖਣਗੇ। ਇਸ ਦੌਰਾਨ ਐਮਰਜੈਂਸੀ ਛੂਟ ਹੀ ਦਿੱਤੀ ਜਾਵੇਗੀ।
ਪੰਜਾਬ ਵਿੱਚ ਕੀ-ਕੀ ਹੋਵੇਗਾ ਬੰਦ?
ਰੇਲ ਆਵਾਜਾਈ ਕਿੱਥੇ-ਕਿੱਥੇ ਬੰਦ ਹੋਵੇਗੀ?
ਪੰਜਾਬ ਬੰਦ ਦੇ ਸੱਦੇ ਕਾਰਨ ਉੱਤਰੀ ਰੇਲਵੇ ਨੇ ਪੰਜਾਬ ਤੋਂ ਚੱਲਣ ਵਾਲੀਆਂ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਕਈ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ। 30 ਦਸੰਬਰ ਨੂੰ ਰੇਲਗੱਡੀ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਫਸ ਨਾ ਜਾਣ। ਚੰਡੀਗੜ੍ਹ - ਦਿੱਲੀ ਸ਼ਤਾਬਦੀ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।
ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਦੱਸਿਆ ਸੀ ਕਿ ਅਸੀਂ ਪੰਜਾਬ ਦੇ ਅੰਦਰ ਕਿਸੇ ਵੀ ਥਾਂ ਉੱਤੇ ਰੇਲ ਨਹੀਂ ਰੋਕਾਂਗੇ। ਪੰਜਾਬ ਨਾਲ ਲੱਗਦੇ ਬਾਕੀ ਸੂਬਿਆਂ ਦੇ ਸਰਹੱਦ ਉੱਤੇ ਜਿਹੜੇ ਰੇਲਵੇ ਟ੍ਰੈਕ ਹਨ, ਉੱਥੇ ਧਰਨੇ ਲਗਾਏ ਜਾਣਗੇ।
ਕਿਸਾਨਾਂ ਵੱਲੋਂ ਆਮ ਲੋਕਾਂ ਨੂੰ ਪਹਿਲਾਂ ਹੀ 30 ਦਸੰਬਰ ਨੂੰ ਰੇਲ ਰਾਹੀਂ ਸਫ਼ਰ ਨਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ।
ਪੰਜਾਬ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਾਰੀਆਂ ਬੱਸਾਂ ਬੰਦ ਹੋਣਗੀਆਂ?
ਕਿਸਾਨ ਆਗੂ ਸੁਰਜੀਤ ਫੂਲ ਨੇ ਕਿਹਾ ਸੀ, "ਸਾਨੂੰ ਸਰਕਾਰੀ ਬੱਸ ਯੂਨੀਅਨ ਵੱਲੋਂ ਸਮਰਥਨ ਦਿੱਤਾ ਗਿਆ ਹੈ, ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਅਜੇ ਸਾਡੀ ਗੱਲ ਚਲ ਰਹੀ ਹੈ ਪਰ ਅਸੀਂ ਉਨ੍ਹਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਸਾਡਾ ਸਾਥ ਦੇਣ।"
ਟਰੱਕ ਯੂਨੀਅਨਾਂ ਦੇ ਸਮਰਥਨ ਮਿਲਣ ਦਾ ਦਾਅਵਾ ਕਰਦਿਆਂ ਸੁਰਜੀਤ ਫੂਲ ਨੇ ਕਿਹਾ ਕਿ ਪੰਜਾਬ ਵਿੱਚ 30 ਦਸੰਬਰ ਨੂੰ ਟਰੱਕ, ਟੈਂਪੂ ਵੀ ਨਹੀਂ ਚੱਲਣਗੇ।
ਪੰਜਾਬ ਬੰਦ ਦੌਰਾਨ ਕਿਸਨੂੰ ਛੂਟ ਹੋਵੇਗੀ?
- ਐਮਬੂਲੈਂਸ, ਮੈਡੀਕਲ ਸਟੋਰਾਂ, ਹਸਪਤਾਲਾਂ ਨੂੰ ਛੂਟ ਰਹੇਗੀ
- ਵਿਦਿਆਰਥੀ ਜਿਨ੍ਹਾਂ ਦਾ ਕੋਈ ਇਮਤਿਹਾਨ ਜਾਂ ਇੰਟਰਵਿਊ ਹੋਵੇਗਾ ਉਨ੍ਹਾਂ ਨੂੰ ਛੂਟ ਹੋਵੇਗੀ
- ਕਿਸੇ ਦਾ ਵਿਆਹ ਹੈ ਤਾਂ ਬਰਾਤ ਅਤੇ ਰਿਸ਼ਤੇਦਾਰਾਂ ਨੂੰ ਛੂਟ ਹੋਵੇਗੀ
- ਕੋਈ ਵਿਅਕਤੀ ਵਿਦੇਸ਼ ਜਾ ਰਿਹਾ ਜਾਂ ਆ ਰਿਹਾ ਉਨ੍ਹਾਂ ਨੂੰ ਛੂਟ ਹੋਵੇਗੀ
ਸਕੂਲ-ਹਸਪਤਾਲ ਬੰਦ ਹੋਣਗੇ ਜਾਂ ਖੁੱਲ੍ਹੇ?
ਸੁਰਜੀਤ ਫੂਲ ਨੇ ਦੱਸਿਆ ਕਿ ਸਕੂਲਾਂ-ਕਾਲਜਾਂ ਵਿੱਚ ਵਿਦਿਆਰਥੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ, ਇਸ ਕਰਕੇ ਸਕੂਲ-ਕਾਲਜ ਬੰਦ ਹੀ ਹੋਣਗੇ।
ਉਨ੍ਹਾਂ ਇਹ ਵੀ ਕਿਹਾ, "ਹਸਪਤਾਲਾਂ ਨੂੰ ਬੰਦ ਨਹੀਂ ਕੀਤਾ ਜਾਵੇਗਾ, ਪਰ ਉੱਥੇ ਕੰਮ ਕਰਦੇ ਕਰਮਚਾਰੀਆਂ ਨੂੰ ਅਸੀਂ ਅਪੀਲ ਕਰਾਂਗੇ ਕਿ ਉਹ ਸਾਡਾ ਸਾਥ ਦੇਣ।"
ਪੰਜਾਬ ਸਰਕਾਰ ਅੱਗੇ ਕੀ ਅਪੀਲ?
ਸੁਰਜੀਤ ਫੂਲ ਨੇ ਕਿਹਾ, "ਜਿਵੇਂ ਪੰਜਾਬ ਸਰਕਾਰ ਦੇ ਨੁਮਾਇੰਦੇ ਸਾਨੂੰ ਇਹ ਵਿਸ਼ਵਾਸ਼ ਦਵਾ ਰਹੇ ਹਨ ਕਿ ਉਹ ਕਿਸਾਨਾਂ ਦੇ ਨਾਲ ਹਨ ਉਸੇ ਹੀ ਤਰ੍ਹਾਂ ਉਹ ਇਸ ਪੰਜਾਬ ਬੰਦ ਦਾ ਵੀ ਸਾਥ ਦੇਣ।"
"ਜੇਕਰ ਪੰਜਾਬ ਬੰਦ ਦੌਰਾਨ ਸਰਕਾਰ ਨੇ ਕਿਸੇ ਵੀ ਯੂਨੀਅਨ, ਜਥੇਬੰਦੀ ਉੱਤੇ ਕੋਈ ਕਾਰਵਾਈ ਕੀਤੀ ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਨਹੀਂ ਹੈ।"
ਕੌਣ ਦੇ ਰਿਹਾ ਕਿਸਾਨਾਂ ਦਾ ਸਾਥ?
ਕਿਸਾਨ ਆਗੂਆਂ ਦੇ ਦਾਅਵੇ ਮੁਤਾਬਕ ਅੱਜ ਵਪਾਰੀ, ਆਵਾਜਾਈ, ਬਿਜਲੀ ਕਰਮਚਾਰੀ, ਆਸ਼ਾ ਵਰਕਰ, ਸਾਬਕਾ ਸੈਨਿਕਾਂ ਨੇ ਕਿਸਾਨਾਂ ਨਾਲ ਬੈਠਕ ਵਿੱਚ ਹਿੱਸਾ ਲੈ ਕੇ ਪੰਜਾਬ ਬੰਦ ਨੂੰ ਸਮਰਥਨ ਦਿੱਤਾ ਹੈ।
ਪਰ ਜੇਕਰ ਕੋਈ ਬਾਜ਼ਾਰ ਖੋਲ੍ਹੇਗਾ ਤਾਂ ਉਨ੍ਹਾਂ ਨੂੰ ਸਮਝਾ ਕੇ ਪੰਜਾਬ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਜਾਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ