ਮਨਮੋਹਨ ਸਿੰਘ: ਉਦਾਰੀਕਰਨ ਦੇ ਸਮਰਥਕ ਤੋਂ ਪ੍ਰਧਾਨ ਮੰਤਰੀ ਤੱਕ ਦਾ ਸਫ਼ਰ, ਸਾਬਕਾ ਪੀਐੱਮ ਕਿਹੜੀਆਂ ਨੀਤੀਆਂ ਲਈ ਯਾਦ ਰੱਖੇ ਜਾਣਗੇ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਡਾ. ਮਨਮੋਹਨ ਸਿੰਘ ਭਾਰਤ ਦੇ ਸਭ ਤੋਂ ਲੰਬਾ ਸਮਾਂ ਪ੍ਰਧਾਨ ਮੰਤਰੀ ਰਹਿਣ ਵਾਲਿਆਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਆਪਣੀ ਬੇਦਾਗ ਸ਼ਖ਼ਸੀਅਤ ਲਈ ਸਤਿਕਾਰ ਖੱਟਿਆ।

ਉਨ੍ਹਾਂ ਨੂੰ ਪਹਿਲਾਂ ਵਿੱਤ ਮੰਤਰੀ ਵਜੋਂ ਅਤੇ ਫਿਰ 2004-14 ਦਰਮਿਆਨ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਆਰਥਿਕਤਾ ਦੇ ਉਦਾਰੀਕਰਨ ਦੇ ਮੋਢੀ ਹੋਣ ਦਾ ਸਿਹਰਾ ਦਿੱਤਾ ਜਾਂਦਾ ਹੈ।

ਡਾ. ਮਨਮੋਹਨ ਸਿੰਘ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ।

ਉਹ ਜਵਾਹਰ ਲਾਲ ਨਹਿਰੂ ਤੋਂ ਬਾਅਦ ਆਪਣਾ ਪਹਿਲਾ ਕਾਰਜਕਾਲ ਪੂਰਾ ਕਰਨ ਤੋਂ ਮਗਰੋਂ ਦੁਬਾਰਾ ਚੁਣੇ ਜਾਣ ਵਾਲੇ ਦੂਜੇ ਪ੍ਰਧਾਨ ਮੰਤਰੀ ਵੀ ਬਣੇ।

ਉਨ੍ਹਾਂ ਨੇ ਸਾਲ 1984 ਦੇ ਸਿੱਖ ਕਤਲੇਆਮ ਲਈ ਸੰਸਦ ਵਿੱਚ ਜਨਤਕ ਮੁਆਫ਼ੀ ਮੰਗੀ, ਜਿਸ ਵਿੱਚ ਕਰੀਬ 3000 ਸਿੱਖਾਂ ਦੀ ਜਾਨ ਗਈ ਸੀ।

ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਦੂਜਾ ਕਾਰਜਕਾਲ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਕਾਰਨ ਵਿਵਾਦਾਂ ਵਿੱਚ ਰਿਹਾ। ਇਨ੍ਹਾਂ ਵਿੱਚ ਘਪਲਿਆਂ ਬਾਰੇ ਕਈਆਂ ਦਾ ਕਹਿਣਾ ਹੈ ਕਿ ਇਹੀ ਸਾਲ 2014 ਦੀਆਂ ਆਮ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਨਮੋਸ਼ੀ ਭਰੀ ਹਾਰ ਦਾ ਕਾਰਨ ਬਣੇ।

ਡਾ. ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਅਣਵੰਡੇ ਭਾਰਤ ਦੇ ਪੰਜਾਬ ਦੇ ਇੱਕ ਦੂਰ-ਦੁਰਾਡੇ ਪਿੰਡ ਵਿੱਚ ਹੋਇਆ, ਜਿਥੇ ਬਿਜਲੀ ਅਤੇ ਪਾਣੀ ਵੀ ਨਹੀਂ ਸੀ।

ਪੰਜਾਬ ਯੂਨੀਵਰਸਿਟੀ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਮਾਸਟਰਜ਼ ਦੀ ਡਿਗਰੀ ਅਤੇ ਫਿਰ ਆਕਸਫੋਰਡ ਯੂਨੀਵਰਸਿਟੀ ਤੋਂ ਡੀਫਿਲ ਦੀ ਉਪਾਧੀ ਹਾਸਲ ਕੀਤੀ।

ਉਨ੍ਹਾਂ ਦੀ ਧੀ ਦਮਨ ਸਿੰਘ ਆਪਣੇ ਮਾਪਿਆਂ ਬਾਰੇ ਲਿਖੀ ਕਿਤਾਬ ਵਿੱਚ ਲਿਖਦੇ ਹਨ ਕਿ ਕੈਂਬਰਿਜ ਵਿੱਚ ਆਪਣੀ ਪੜ੍ਹਾਈ ਦੌਰਾਨ, ਪੈਸੇ ਦੀ ਤੰਗੀ ਨਾਲ ਉਨ੍ਹਾਂ ਨੂੰ ਹਮੇਸ਼ਾ ਜੂਝਣਾ ਪਿਆ।

"ਉਨ੍ਹਾਂ ਦੇ ਟਿਊਸ਼ਨ ਅਤੇ ਰਹਿਣ ਸਹਿਣ ਦੇ ਖ਼ਰਚੇ ਕਰੀਬ 600 ਪੌਂਡ ਸਾਲਾਨਾ ਹੁੰਦੇ ਸਨ। ਪੰਜਾਬ ਯੂਨੀਵਰਸਿਟੀ ਦਾ ਵਜੀਫ਼ਾ ਉਨ੍ਹਾਂ ਨੂੰ 160 ਪੌਂਡ ਦਿੰਦਾ ਸੀ। ਬਕਾਏ ਲਈ ਉਨ੍ਹਾਂ ਨੂੰ ਆਪਣੇ ਪਿਤਾ ਉੱਤੇ ਨਿਰਭਰ ਰਹਿਣਾ ਪੈਂਦਾ ਸੀ। ਮਨਮੋਹਨ ਸਿੰਘ ਬਹੁਤ ਕਿਰਸ ਵਾਲਾ ਜੀਵਨ ਜਿਉਂਦੇ ਸਨ। ਦੋ ਸ਼ਿਲਿੰਗ ਵਿੱਚ ਡਾਈਨਿੰਗ ਹਾਲ ਤੋਂ ਉਨ੍ਹਾਂ ਨੂੰ ਖਾਣਾ ਤੁਲਨਾਤਮਿਕ ਰੂਪ ਵਿੱਚ ਸਸਤਾ ਮਿਲ ਜਾਂਦਾ ਸੀ।"

ਦਮਨ ਸਿੰਘ ਆਪਣੇ ਪਿਤਾ ਨੂੰ ਯਾਦ ਕਰਦੇ ਹਨ ਕਿ ਘਰ ਵਿੱਚ ਕਿਵੇਂ ਉਹ, "ਬਿਲਕੁਲ ਅਸਹਾਇ ਹੁੰਦੇ ਸਨ ਅਤੇ ਇੱਕ ਆਂਡਾ ਤੱਕ ਨਹੀਂ ਉਬਾਲ ਸਕਦੇ ਸਨ, ਨਾ ਹੀ ਟੈਲੀਵਿਜ਼ਨ ਚਲਾ ਸਕਦੇ ਸਨ।"

ਵਿੱਤ ਮੰਤਰੀ ਵਜੋਂ ਪਹਿਲਾ ਭਾਸ਼ਣ

ਮਨਮੋਹਨ ਸਿੰਘ ਦਾ ਭਾਰਤ ਦੀ ਸਿਆਸਤ ਵਿੱਚ ਉਭਾਰ 1991 ਵਿੱਚ ਕੇਂਦਰੀ ਵਿੱਤ ਮੰਤਰੀ ਬਣਨ ਦੇ ਨਾਲ ਹੋਇਆ, ਜਦੋਂ ਦੇਸ਼ ਦੀਵਾਲੇਪਨ ਦੀ ਕਗਾਰ ਉੱਤੇ ਖੜ੍ਹਾ ਸੀ।

ਉਨ੍ਹਾਂ ਦੀ ਇਸ ਅਚਾਨਕ ਨਿਯੁਕਤੀ ਨੇ ਅਕਾਦਮਿਕ ਅਤੇ ਪ੍ਰਸ਼ਾਸਕ ਵਜੋਂ ਉਨ੍ਹਾਂ ਦੇ ਜੀਵਨ ਨੂੰ ਰੋਕ ਦਿੱਤਾ। ਇਸ ਤੋਂ ਪਹਿਲਾਂ ਉਹ ਭਾਰਤ ਸਰਕਾਰ ਦੇ ਆਰਥਿਕ ਸਲਾਹਕਾਰ ਅਤੇ ਰਿਜ਼ਰਵ ਬੈਂਕ ਦੇ ਗਵਰਨਰ ਵੀ ਸਨ।

ਵਿੱਤ ਮੰਤਰੀ ਵਜੋਂ ਉਨ੍ਹਾਂ ਦਾ ਪਹਿਲਾ ਭਾਸ਼ਣ ਵਿਕਟਰ ਹਿਊਗੋ ਦੇ ਕਥਨ ਦਾ ਹਵਾਲਾ ਦੇਣ ਲਈ ਮਸ਼ਹੂਰ ਹੈ ਕਿ, "ਜਿਸ ਵਿਚਾਰ ਦਾ ਸਮਾਂ ਆ ਗਿਆ ਹੈ, ਉਸ ਨੂੰ ਕੋਈ ਨਹੀਂ ਰੋਕ ਸਕਦਾ।"

ਇਸ ਨੇ ਦੇਸ਼ ਵਿੱਚ ਬੇਮਿਸਾਲ ਆਰਥਿਕ ਸੁਧਾਰਾਂ ਦੇ ਆਗਾਜ਼ ਦਾ ਮੁੱਢ ਬੰਨ੍ਹਿਆ। ਉਨ੍ਹਾਂ ਨੇ ਟੈਕਸਾਂ ਵਿੱਚ ਕਟੌਤੀ ਕੀਤੀ, ਰੁਪਏ ਦੀ ਕੀਮਤ ਵਿੱਚ ਕਮੀ ਕੀਤੀ ਅਤੇ ਵਿਦੇਸ਼ੀ ਪੂੰਜੀ ਨਿਵੇਸ਼ ਨੂੰ ਖਿੱਚਣ ਲਈ ਸਰਕਾਰੀ ਕੰਪਨੀਆਂ ਦਾ ਨਿੱਜੀਕਰਨ ਕੀਤਾ।

ਆਰਥਿਕਤਾ ਨੇ ਅੱਖਾਂ ਖੋਲ੍ਹੀਆਂ ਅਤੇ ਸਨਅਤ ਨੇ ਗਤੀ ਫੜੀ, ਮਹਿੰਗਾਈ ਵਿੱਚ ਕਮੀ ਆਈ ਅਤੇ 1990 ਦੇ ਦਹਾਕੇ ਵਿੱਚ ਵਾਧੇ ਦੀ ਦਰ ਨਿਰੰਤਰ ਉੱਚੀ ਹੀ ਰਹੀ।

ਪ੍ਰਧਾਨ ਮੰਤਰੀ ਬਣਨਾ

ਮਨਮੋਹਨ ਸਿੰਘ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਨ੍ਹਾਂ ਦਾ ਕੋਈ ਸਿਆਸੀ ਆਧਾਰ ਨਹੀਂ ਸੀ। ਉਨ੍ਹਾਂ ਨੇ ਇੱਕ ਵਾਰ ਕਿਹਾ ਸੀ, "ਸਿਆਸਤਦਾਨ ਹੋਣਾ ਚੰਗਾ ਹੈ, ਪਰ ਲੋਕਤੰਤਰ ਵਿੱਚ ਸਿਆਸਤਦਾਨ ਬਣਨ ਲਈ ਤੁਹਾਨੂੰ ਪਹਿਲਾਂ ਚੋਣਾਂ ਜਿੱਤਣੀਆਂ ਪੈਂਦੀਆਂ ਹਨ।"

ਜਦੋਂ 1999 ਵਿੱਚ ਉਨ੍ਹਾਂ ਨੇ ਲੋਕ ਸਭਾ ਦੀਆਂ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਪਰ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਚੁਣ ਕੇ ਰਾਜ ਸਭਾ ਭੇਜ ਦਿੱਤਾ।

ਸਾਲ 2004 ਵਿੱਚ ਵੀ ਅਜਿਹਾ ਹੀ ਹੋਇਆ, ਜਦੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਪਿੱਛੇ ਹਟ ਜਾਣ ਤੋਂ ਬਾਅਦ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ। ਅਜਿਹਾ ਕਾਂਗਰਸ ਨੂੰ ਸੋਨੀਆ ਗਾਂਧੀ ਦੇ ਇਟਾਲਵੀ ਪਿਛੋਕੜ ਕਾਰਨ ਹੋਣ ਵਾਲੇ ਹਮਲਿਆਂ ਤੋਂ ਬਚਾਉਣ ਲਈ ਕੀਤਾ ਗਿਆ। ਆਲੋਚਕਾਂ ਦਾ ਕਹਿਣਾ ਹੈ ਕਿ ਅਮਲੀ ਰੂਪ ਵਿੱਚ ਤਾਂ ਸੱਤਾ ਦੇ ਕੇਂਦਰ ਵਿੱਚ ਸੋਨੀਆ ਗਾਂਧੀ ਹੀ ਸਨ ਅਤੇ ਡਾ. ਮਨਮੋਹਨ ਸਿੰਘ ਦੇ ਹੱਥ ਕਮਾਂਡ ਕਦੇ ਆਈ ਹੀ ਨਹੀਂ।

ਉਨ੍ਹਾਂ ਦੇ ਪਹਿਲੇ ਕਾਰਜਕਾਲ ਦੀ ਸਭ ਤੋਂ ਵੱਡੀ ਜਿੱਤ ਤਾਂ ਭਾਰਤ ਨੂੰ ਵਰ੍ਹਿਆਂ ਦੇ ਪਰਮਾਣੂ ਅਲਗਾਵ ਵਿੱਚੋਂ ਬਾਹਰ ਕੱਢਣਾ ਅਤੇ ਅਮਰੀਕਾ ਨਾਲ ਪਰਮਾਣੂ ਤਕਨੀਕ ਸੰਬੰਧੀ ਸਮਝੌਤਾ ਕਰਨਾ ਸੀ।

ਲੇਕਿਨ ਇਸ ਸਮਝੌਤੇ ਦੀ ਇੱਕ ਕੀਮਤ ਸੀ, ਉਨ੍ਹਾਂ ਦੀ ਸਰਕਾਰ ਨੂੰ ਬਾਹਰੋਂ ਸਮਰਥਨ ਦੇਣ ਵਾਲੀ ਕਮਿਊਨਿਸਟ ਪਾਰਟੀ ਨੇ ਸਮਝੌਤੇ ਦੇ ਵਿਰੋਧ ਵਿੱਚ ਹਮਾਇਤ ਵਾਪਸ ਲੈ ਲਈ। ਸਰਕਾਰ ਬਚਾਉਣ ਲਈ ਕਾਂਗਰਸ ਨੂੰ ਹੋਰ ਲੋਕਾਂ ਦੀ ਹਮਾਇਤ ਲੈਣੀ ਪਈ ਅਤੇ ਉਸ ਉੱਪਰ ਵੋਟਾਂ ਖ਼ਰੀਦਣ ਦੇ ਇਲਜ਼ਾਮ ਲੱਗੇ।

ਇੱਕ ਸਹਿਮਤੀ ਬਣਾਉਣ ਵਾਲੇ ਵਜੋਂ ਡਾ. ਮਨਮੋਹਨ ਸਿੰਘ ਨੇ ਇੱਕ ਸਮਝੌਤਾ ਸਰਕਾਰ ਦੀ ਅਗਵਾਈ ਕੀਤੀ ਜਿਸ ਵਿੱਚ ਬਾਗੀ ਸੁਰਾਂ ਵਾਲੇ ਖੇਤਰੀ ਦਲ ਅਤੇ ਹਮਾਇਤੀ ਸ਼ਾਮਲ ਸਨ। ਇਹ ਇੱਕ ਮੁਸ਼ਕਿਲ ਕੰਮ ਸੀ।

ਭਾਵੇਂ ਕਿ ਡਾ. ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਇਮਾਨਦਾਰੀ ਅਤੇ ਬੁੱਧੀਮਾਨੀ ਲਈ ਜਾਣਿਆ ਜਾਂਦਾ ਹੈ ਲੇਕਿਨ ਉਨ੍ਹਾਂ ਦੀ ਨਰਮ ਅਤੇ ਨਿਰਨਾ ਨਾ ਕਰਨ ਵਾਲੇ ਵਜੋਂ ਆਲੋਚਨਾ ਵੀ ਕੀਤੀ ਜਾਂਦੀ ਹੈ।

ਕੁਝ ਆਲੋਚਕਾਂ ਮੁਤਾਬਕ ਉਨ੍ਹਾਂ ਦੇ ਪ੍ਰਧਾਨ ਮੰਤਰੀ ਹੁੰਦਿਆਂ ਸੁਧਾਰਾਂ ਦੀ ਗਤੀ ਹੌਲੀ ਹੋ ਗਈ ਸੀ ਅਤੇ ਉਹ ਵਿੱਤ ਮੰਤਰੀ ਵਾਲੀ ਫੁਰਤੀ ਨਾਲ ਕੰਮ ਨਹੀਂ ਕਰ ਸਕੇ।

ਜਦੋਂ ਉਨ੍ਹਾਂ ਦੀ ਅਗਵਾਈ ਵਿੱਚ ਕਾਂਗਰਸ ਨੇ ਸਾਲ 2009 ਵਿੱਚ ਦੂਜੀ ਵਾਰ ਸਰਕਾਰ ਬਣਾਈ ਤਾਂ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਉਮੀਦਾਂ ਉੱਤੇ ਪੂਰੀ ਉੱਤਰੇਗੀ।

ਲੇਕਿਨ ਚਮਕ ਜਲਦੀ ਹੀ ਮੱਧਮ ਪੈ ਗਈ ਅਤੇ ਉਨ੍ਹਾਂ ਦਾ ਦੂਜਾ ਕਾਰਜਕਾਲ ਜ਼ਿਆਦਾਤਰ ਗਲਤ ਕਾਰਨਾਂ ਕਰਕੇ ਹੀ ਖ਼ਬਰਾਂ ਵਿੱਚ ਰਿਹਾ।

ਕਈ ਘਪਲੇ ਜਿਨ੍ਹਾਂ ਵਿੱਚ ਉਨ੍ਹਾਂ ਦੇ ਕੈਬਨਿਟ ਮੰਤਰੀ ਵੀ ਸ਼ਾਮਲ ਸਨ ਅਤੇ ਜਿਨ੍ਹਾਂ ਬਾਰੇ ਇਲਜ਼ਾਮ ਹੈ ਕਿ ਦੇਸ਼ ਦੇ ਕਰੋੜਾਂ ਡਾਲਰ ਦਾ ਨੁਕਸਾਨ ਹੋਇਆ, ਸੰਸਦ ਦੀ ਕਾਰਵਾਈ ਵਿਰੋਧੀ ਧਿਰ ਚੱਲਣ ਨਹੀਂ ਦਿੰਦੀ ਸੀ, ਗੰਭੀਰ ਨਿਤੀਗਤ ਲਕਵੇ ਦਾ ਨਤੀਜਾ ਆਰਥਿਕਤਾ ਵਿੱਚ ਗੰਭੀਰ ਮੰਦੀ ਦੇ ਰੂਪ ਵਿੱਚ ਨਿਕਲਿਆ।

ਵਿਰੋਧੀ ਧਿਰ ਭਾਜਪਾ ਦੇ ਇੱਕ ਸੀਨੀਅਰ ਆਗੂ, ਲਾਲ ਕ੍ਰਿਸ਼ਣ ਅਡਵਾਨੀ ਨੇ ਡਾ. ਮਨਮੋਹਨ ਸਿੰਘ ਨੂੰ ਸਭ ਤੋਂ ਕਮਜ਼ੋਰ ਪ੍ਰਧਾਨ ਮੰਤਰੀ ਕਿਹਾ। ਮਨਮੋਹਨ ਸਿੰਘ ਨੇ ਆਪਣੇ ਰਿਕਾਰਡ ਦਾ ਬਚਾਅ ਕਰਦਿਆਂ ਕਿਹਾ ਕਿ ਉਨ੍ਹਾਂ ਦੀ "ਸਰਕਾਰ ਨੇ ਦੇਸ਼ ਅਤੇ ਲੋਕਾਂ ਦੀ ਭਲਾਈ ਲਈ ਪੂਰੀ ਵਚਨਬੱਧਤਾ ਅਤੇ ਸਮਰਪਣ ਨਾਲ ਕੰਮ ਕੀਤਾ ਹੈ।"

ਵਿਹਾਰਕ ਵਿਦੇਸ਼ ਨੀਤੀ

ਆਪਣੇ ਦੋ ਪੂਰਬ-ਅਧਿਕਾਰੀਆਂ ਵਾਂਗ ਹੀ ਮਨਮੋਹਨ ਸਿੰਘ ਨੇ ਇੱਕ ਵਿਹਾਰਕ ਵਿਦੇਸ਼ ਨੀਤੀ ਨੂੰ ਅਪਣਾਇਆ।

ਉਨ੍ਹਾਂ ਨੇ ਪਾਕਿਸਤਾਨ ਨਾਲ ਸ਼ਾਂਤੀ ਪ੍ਰਕਿਰਿਆ ਜਾਰੀ ਰੱਖੀ— ਹਾਲਾਂਕਿ ਇਸ ਪ੍ਰਕਿਰਿਆ ਵਿੱਚ ਪਾਕਿਸਤਾਨੀ ਮਿਲੀਟੈਂਟ ਭੰਗ ਪਾਉਂਦੇ ਰਹੇ। ਇਸ ਦੀ ਸਿਖਰ ਨਵੰਬਰ 2008 ਵਿੱਚ ਹੋਏ ਮੁੰਬਈ ਹਮਲੇ ਸਨ।

ਉਨ੍ਹਾਂ ਨੇ ਚੀਨ ਨਾਲ ਸਰਹੱਦੀ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਚਾਲੀ ਸਾਲ ਤੋਂ ਜ਼ਿਆਦਾ ਸਮੇਂ ਤੋਂ ਬੰਦ ਪਏ ਨਾਥੂ ਲਾ ਦੱਰੇ ਨੂੰ ਤਿੱਬਤ ਵਿੱਚ ਖੋਲ੍ਹਣ ਲਈ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਨੇ ਅਫ਼ਗਾਨਿਸਤਾਨ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ ਵਿੱਚ ਇਜ਼ਾਫ਼ਾ ਕੀਤਾ ਅਤੇ ਲਗਭਗ 30 ਸਾਲਾਂ ਬਾਅਦ ਅਫ਼ਗਾਨਿਸਤਾਨ ਜਾਣ ਵਾਲੇ ਪਹਿਲੇ ਭਾਰਤੀ ਆਗੂ ਬਣੇ।

ਅਜਿਹਾ ਸਮਝਿਆ ਗਿਆ ਕਿ ਉਹ ਭਾਰਤ ਦੇ ਪੁਰਾਣੇ ਦੋਸਤ ਈਰਾਨ ਨਾਲ਼ ਰਿਸ਼ਤੇ ਖ਼ਤਮ ਕਰ ਰਹੇ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਵਿਰੋਧੀ ਧਿਰ ਵਿੱਚ ਕਈ ਆਗੂਆਂ ਦੀ ਨਾਰਾਜ਼ਗੀ ਝੱਲਣੀ ਪਈ।

ਇੱਕ ਨਿਮਰ ਆਗੂ

ਇੱਕ ਪੜ੍ਹਾਕੂ ਅਕਾਦਮਿਕ ਅਤੇ ਨੌਕਰਸ਼ਾਹ, ਉਨ੍ਹਾਂ ਨੂੰ ਆਪਣੇ ਸਾਦੇ ਜੀਵਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਟਵਿੱਟਰ ਅਕਾਊਂਟ ਨੂੰ ਨੀਰਸ ਟਵੀਟਾਂ ਅਤੇ ਬਹੁਤ ਥੋੜ੍ਹੇ ਫਾਲੋਅਰਾਂ ਲਈ ਜਾਣਿਆ ਜਾਂਦਾ ਸੀ।

ਉਹ ਥੋੜ੍ਹੇ ਸ਼ਬਦਾਂ ਦੇ ਆਦਮੀ ਸਨ, ਉਨ੍ਹਾਂ ਦੇ ਸ਼ਾਂਤ ਵਿਵਹਾਰ ਨੇ, ਉਨ੍ਹਾਂ ਲਈ ਬਹੁਤ ਸਾਰੇ ਪ੍ਰਸ਼ੰਸਕ ਵੀ ਜਿੱਤੇ।

ਕੋਲਾ ਘੋਟਾਲੇ ਵਿੱਚ ਉਨ੍ਹਾਂ ਦੀ ਸਰਕਾਰ ਉੱਤੇ ਅਰਬਾਂ ਡਾਲਰ ਦੇ ਲਾਇਸੈਂਸਾਂ ਦੀ ਗੈਰ-ਕਾਨੂੰਨੀ ਵੰਡ ਕਰਨ ਦੇ ਇਲਜ਼ਾਮ ਲੱਗੇ। ਇਸ ਮਾਮਲੇ ਵਿੱਚ ਉਨ੍ਹਾਂ ਨੇ ਆਪਣੀ ਚੁੱਪੀ ਦਾ ਬਚਾਅ ਇਸ ਤਰ੍ਹਾਂ ਕੀਤਾ, "ਹਜ਼ਾਰਾਂ ਉੱਤਰਾਂ ਤੋਂ ਬਿਹਤਰ ਹੈ।"

ਸਾਲ 2015 ਵਿੱਚ ਉਨ੍ਹਾਂ ਨੂੰ ਇੱਕ ਅਪਰਾਧਿਕ ਸਾਜਿਸ਼, ਭਰੋਸਾ ਤੋੜਨ ਅਤੇ ਭ੍ਰਿਸ਼ਟਾਚਾਰ ਨਾਲ ਜੁੜੇ ਇਲਜ਼ਾਮਾਂ ਦੀ ਸੁਣਵਾਈ ਲਈ ਅਦਾਲਤ ਵਿੱਚ ਬੁਲਾਇਆ ਗਿਆ। ਦੁਖੀ ਡਾ਼ ਮਨਮੋਹਨ ਸਿੰਘ ਨੇ ਕਿਹਾ ਕਿ ਉਹ "ਕਾਨੂੰਨੀ ਜਾਂਚ ਲਈ ਖੁੱਲ੍ਹੇ" ਸਨ ਅਤੇ "ਸੱਚਾਈ ਦੀ ਜਿੱਤ ਹੋਵੇਗੀ"।

ਆਪਣੀ ਢਲਦੀ ਉਮਰ ਦੇ ਬਾਵਜੂਦ ਉਹ ਪ੍ਰਧਾਨ ਮੰਤਰੀ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਵੀ ਮੁੱਖ ਵਿਰੋਧੀ ਧਿਰ ਕਾਂਗਰਸ ਇੱਕ ਸੀਨੀਅਰ ਆਗੂ ਵਜੋਂ ਸਰਗਰਮ ਰਹੇ।

ਸਾਲ 2020 ਵਿੱਚ ਬੀਬੀਸੀ ਨੂੰ ਦਿੱਤੇ ਇੱਕ ਦੁਰਲਭ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਰੋਕਣ ਲਈ ਤਿੰਨ ਕਦਮ ਫੌਰੀ ਤੌਰ ਉੱਤੇ ਚੁੱਕਣ ਦੀ ਲੋੜ ਹੈ, ਜਿਸ ਨੇ ਦੇਸ ਦੀ ਆਰਥਿਕਤਾ ਨੂੰ ਮੰਦੀ ਵਿੱਚ ਧੱਕ ਦਿੱਤਾ ਸੀ।

ਸਰਕਾਰ ਨੂੰ ਲੋਕਾਂ ਨੂੰ ਸਿੱਧੀ ਨਗਦ ਸਹਾਇਤਾ, ਕਾਰੋਬਾਰਾਂ ਨੂੰ ਪੂੰਜੀ ਮੁਹੱਈਆ ਕਰਵਾਉਣੀ ਪਈ ਅਤੇ ਵਿੱਤ ਖੇਤਰ ਦੇ ਪੇਚ ਕਸਣੇ ਪਏ।

ਅਖੀਰ ਵਿੱਚ ਇਤਿਹਾਸ ਡਾ਼ ਮਨਮੋਹਨ ਸਿੰਘ ਨੂੰ ਆਰਥਿਕ ਅਤੇ ਪਰਮਾਣੂ ਇਕਾਂਤਵਾਸ ਵਿੱਚੋਂ ਬਾਹਰ ਕੱਢਣ ਵਾਲੇ ਵਜੋਂ ਯਾਦ ਕਰੇਗਾ। ਹਾਲਾਂਕਿ ਕੁਝ ਲੋਕ ਕਹਿ ਸਕਦੇ ਹਨ ਕਿ ਉਨ੍ਹਾਂ ਨੂੰ ਜਲਦੀ ਸੇਵਾ-ਮੁਕਤੀ ਲੈ ਲੈਣੀ ਚਾਹੀਦੀ ਸੀ।

ਉਨ੍ਹਾਂ ਨੇ ਸਾਲ 2014 ਵਿੱਚ ਇੱਕ ਇੰਟਰਵਿਊ ਦੌਰਾਨ ਕਿਹਾ, "ਮੇਰਾ ਇਮਾਨਦਾਰੀ ਨਾਲ ਮੰਨਣਾ ਹੈ ਕਿ ਇਤਿਹਾਸ ਮੇਰੇ ਪ੍ਰਤੀ ਤਤਕਾਲੀ ਮੀਡੀਆ ਨਾਲੋਂ ਜ਼ਿਆਦਾ ਦਇਆ ਦਿਖਾਵੇਗਾ, ਅਤੇ ਜਾਂ ਸੰਸਦ ਵਿੱਚ ਵਿਰੋਧੀ ਧਿਰਾਂ ਨਾਲੋਂ ਜ਼ਿਆਦਾ ਦਇਆ ਦਿਖਾਵੇਗਾ।"

ਡਾ਼ ਮਨਮੋਹਨ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਤੇ ਤਿੰਨ ਧੀਆਂ ਛੱਡ ਗਏ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)