ਬਾਇਡਨ ਤੇ ਟਰੰਪ ਦੀ ਪਹਿਲੀ ਬਹਿਸ ਕਿੰਨੀ ਕੁ ਦਮਦਾਰ, ਰਾਸ਼ਟਰਪਤੀ ਕਿਉਂ ਲੜਖੜਾਏ, ਟਰੰਪ ਪੋਰਨ ਸਟਾਰ ਬਾਰੇ ਕੀ ਬੋਲੇ

ਤਸਵੀਰ ਸਰੋਤ, Getty Images
ਵੀਰਵਾਰ ਦੀ ਸ਼ਾਮ ਤੋਂ ਪਹਿਲਾਂ ਕਈ ਲੋਕਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਸਿਹਤ, ਉਮਰ ਅਤੇ ਅਹੁਦੇ ਲਈ ਤੰਦਰੁਸਤੀ ਨੂੰ ਲੈ ਕੇ ਖਦਸ਼ੇ ਜ਼ਾਹਰ ਕੀਤੇ ਸਨ।
ਜੇ ਕਿਹਾ ਜਾਵੇ ਕਿ ਤਾਜ਼ਾ ਬਹਿਸ ਨੇ ਉਨ੍ਹਾਂ ਸਵਾਲਾਂ ਉੱਤੇ ਵਿਰਾਮ ਲਾ ਦਿੱਤਾ ਹੈ ਤਾਂ ਇਹ ਇਸ ਸਾਲ ਦੀ ਸਭ ਤੋਂ ਵੱਡੀ ਅਤਿਕਥਨੀ ਹੋ ਸਕਦੀ ਹੈ।
ਜਦੋਂ ਰਾਸ਼ਟਰਪਤੀ ਬਹਿਸ ਵਿੱਚ ਆਏ ਤਾਂ ਉਹ ਘਬਰਾਏ ਹੋਏ ਅਤੇ ਉਲਝੇ ਹੋਏ ਸਨ। ਉਹ ਲੜਖੜਾ ਗਏ।
ਬਹਿਸ ਦੇ ਲਗਭਗ ਅੱਧ ਵਿਚਕਾਰ ਬਾਇਡਨ ਖੇਮੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਸ਼ਟਰਪਤੀ ਨੂੰ ਜ਼ੁਖਾਮ ਹੈ। ਇਹ ਉਨ੍ਹਾਂ ਦੀ ਖੁਰਦਰੀ ਅਵਾਜ਼ ਉੱਤੇ ਪਰਦਾ ਪਾਉਣ ਦੀ ਇੱਕ ਕੋਸ਼ਿਸ਼ ਸੀ। ਅਜਿਹਾ ਹੋ ਵੀ ਸਕਦਾ ਹੈ ਕਿ ਉਨ੍ਹਾਂ ਦੀ ਤਬੀਅਤ ਵਾਕਈ ਖ਼ਰਾਬ ਹੋਵੇ ਪਰ ਇਹ ਇੱਕ ਬਹਾਨੇ ਵਰਗਾ ਲੱਗਿਆ।
ਡੇਢ ਘੰਟੇ ਦੌਰਾਨ ਅਕਸਰ ਲੱਗਿਆ ਕਿ ਬਾਇਡਨ ਰੱਸੀ ਉੱਤੇ ਤੁਰ ਰਹੇ ਹਨ। ਖਾਸ ਕਰਕੇ ਦੇਰ ਸ਼ਾਮ ਜਦੋਂ ਉਹ ਬੇਤੁਕੇ ਜਵਾਬ ਦੇ ਰਹੇ ਸਨ। ਆਪਣੇ ਖਿਆਲਾਂ ਦੀ ਲੜੀ ਗੁਆਚ ਜਾਣ ਤੋਂ ਬਾਅਦ ਉਨ੍ਹਾਂ ਨੇ ਇੱਕ ਸਵਾਲ ਦੇ ਜਵਾਬ ਵਿੱਚ ਬੜੇ ਬੇਤੁਕੇ ਤਰੀਕੇ ਨਾਲ ਮੁਕਾਇਆ। ਉਨ੍ਹਾਂ ਨੇ ਬਜ਼ੁਰਗਾਂ ਦੀ ਸਿਹਤ ਸੰਭਾਲ ਦੀ ਸਰਕਾਰੀ ਸਕੀਮ ਦਾ ਪ੍ਰਸੰਗੋਂ ਬਾਹਰਲਾ ਜ਼ਿਕਰ ਕੀਤਾ।
ਬਾਇਡਨ ਦੀ ਸਾਬਕਾ ਸੰਚਾਰ ਨਿਰਦੇਸ਼ਕ ਕੇਟ ਬਾਇਡਿੰਗਫੀਲਡ ਨੇ ਬਹਿਸ ਤੋਂ ਤੁਰੰਤ ਬਾਅਦ ਸੀਐੱਨਐੱਨ ਉੱਤੇ ਆ ਕੇ ਮੰਨਿਆ, “ਇਸ ਬਾਰੇ ਕੋਈ ਦੋ ਰਾਇ ਨਹੀਂ ਹੈ, ਇਹ ਬਾਇਡਨ ਲਈ ਬਿਲਕੁਲ ਵੀ ਚੰਗੀ ਬਹਿਸ ਨਹੀਂ ਸੀ।”

ਤਸਵੀਰ ਸਰੋਤ, Getty Images
ਕੇਟ ਨੇ ਕਿਹਾ ਕਿ ਬਾਇਡਨ ਲਈ ਸਭ ਤੋਂ ਵੱਡਾ ਮਸਲਾ ਇਹ ਸਾਬਤ ਕਰਨਾ ਸੀ ਕਿ ਉਨ੍ਹਾਂ ਵਿੱਚ (ਰਾਸ਼ਟਰਪਤੀ ਬਣਨ ਲਈ) ਊਰਜਾ ਅਤੇ ਸਟੈਮਿਨਾ ਹੈ ਅਤੇ ਉਹ ਅਜਿਹਾ ਨਹੀਂ ਕਰ ਸਕੇ।
ਜਿਵੇਂ-ਜਿਵੇਂ ਬਹਿਸ ਅੱਗੇ ਵਧੀ, ਬਾਇਡਨ ਨੇ ਬਹਿਸ ਦਾ ਮੂੰਹ ਆਪਣੇ ਵਿਰੋਧੀ ਵੱਲ ਮੋੜਨ ਲਈ ਟਰੰਪ ਉੱਤੇ ਵੱਡੇ ਹਮਲੇ ਕਰਨੇ ਸ਼ੁਰੂ ਕੀਤੇ। ਕੁਝ ਹਮਲੇ ਨਿਸ਼ਾਨੇ ਉੱਤੇ ਲੱਗੇ ਵੀ ਅਤੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਕੁਝ ਗੁੱਸੇ ਨਾਲ ਭਰੀਆਂ ਟਿੱਪਣੀਆਂ ਕੀਤੀਆਂ।
ਅਮਰੀਕਾ ਵਿੱਚ ਆਰਥਿਕਤਾ ਅਤੇ ਪਰਵਾਸ ਵੋਟਰਾਂ ਲਈ ਅਹਿਮ ਮੁੱਦੇ ਹਨ। ਸੀਐੱਨਐੱਨ ਦੇ ਮੌਡਰੇਟਰਾਂ ਨੇ ਸ਼ੁਰੂ ਵਿੱਚ ਇਨ੍ਹਾਂ ਨੂੰ ਹੀ ਚੁੱਕਿਆ। ਪੋਲਸ ਮੁਤਾਬਕ ਅਮਰੀਕੀਆਂ ਨੂੰ ਮਸਲਿਆਂ ਵਿੱਚ ਬਾਇਡਨ ਨਾਲੋਂ ਟਰੰਪ ਉੱਤੇ ਜ਼ਿਆਦਾ ਭਰੋਸਾ ਹੈ। ਇਸ ਨੇ ਬਾਇਡਨ ਲਈ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ।
ਟਰੰਪ ਨੇ ਬਾਇਡਨ ਤੋਂ ਬਾਅਦ ਬੋਲਦਿਆਂ ਇੱਕ ਵਾਰ ਕਿਹਾ,“ਮੈਨੂੰ ਸੱਚੀਂ ਨਹੀਂ ਪਤਾ ਕਿ ਉਸ ਵਾਕ ਦੇ ਅੰਤ ਵਿੱਚ ਉਨ੍ਹਾਂ ਨੇ ਕੀ ਕਿਹਾ ਅਤੇ ਮੈਂ ਨਹੀਂ ਸੋਚਦਾ ਕਿ ਉਨ੍ਹਾਂ ਨੇ ਕੁਝ ਕਿਹਾ ਵੀ ਹੈ।”
ਟਰੰਪ ਦਾ ਇਹ ਕਹਿਣਾ ਇਸ ਬਹਿਸ ਦਾ ਕੇਂਦਰੀ ਭਾਵ ਹੈ।

ਟਰੰਪ ਜ਼ਿਆਦਾ ਸ਼ਾਂਤ ਅਤੇ ਇਕਾਗਰ ਨਜ਼ਰ ਆਏ

ਤਸਵੀਰ ਸਰੋਤ, Getty Images
ਸਾਬਕਾ ਰਾਸ਼ਟਰਪਤੀ ਨੇ ਸਮੁੱਚੇ ਤੌਰ ਉੱਤੇ ਜ਼ਿਆਦਾ ਅਨੁਸ਼ਾਸ਼ਿਤ, ਚੰਚਲ ਪੇਸ਼ਕਾਰੀ ਕੀਤੀ। ਸਾਲ 2020 ਦੀ ਆਪਣੀ ਬਹਿਸ ਦੇ ਮੁਕਾਬਲੇ ਇਸ ਵਾਰ ਉਨ੍ਹਾਂ ਨੇ ਝਗੜੇ ਵਿੱਚ ਪੈਣ ਤੋਂ ਗੁਰੇਜ਼ ਕੀਤਾ ਅਤੇ ਬਹਿਸ ਦੀ ਤੋਪ ਦਾ ਮੂੰਹ ਬਾਇਡਨ ਵੱਲ ਮੋੜਨ ਵਿੱਚ ਸਫ਼ਲ ਰਹੇ।
ਟਰੰਪ ਨੇ ਕਥਿਤ ਤੌਰ ਉੱਤੇ ਤੱਥਾਂ ਤੋਂ ਉਲਟ ਦਾਅਵੇ ਕੀਤੇ ਪਰ ਬਾਇਡਨ ਉਨ੍ਹਾਂ ਨੁਕਤਿਆਂ ਵਿੱਚ ਉਨ੍ਹਾਂ ਨੂੰ ਘੇਰ ਨਹੀਂ ਸਕੇ।
ਮਿਸਾਲ ਵਜੋਂ ਜਦੋਂ ਗਰਭਪਾਤ ਦਾ ਮੁੱਦਾ ਉੱਠਿਆ ਤਾਂ ਸਾਬਕਾ ਰਾਸ਼ਟਰਪਤੀ ਨੇ ਧਿਆਨ ਇਸ ਗੱਲ ਵੱਲ ਮੋੜ ਦਿੱਤਾ ਕਿ ਉਨ੍ਹਾਂ ਨੇ ਜੋ ਕਿਹਾ ਉਹ ‘ਡੈਮੋਕਰੇਟਿਕ ਐਕਸਟਰੀਮਿਜ਼ਮ’ ਸੀ। ਉਨ੍ਹਾਂ ਨੇ ਗਲਤ ਦਾਅਵਾ ਕੀਤਾ ਕਿ ਡੇਮੋਕਰੇਟ ਬੱਚਿਆਂ ਦੇ ਜਨਮ ਤੋਂ ਬਾਅਦ ਗਰਭਪਾਤ ਦੀ ਹਮਾਇਤ ਕਰਦੇ ਹਨ।
ਗਰਭਪਾਤ ਟਰੰਪ ਅਤੇ ਉਨ੍ਹਾਂ ਦੀ ਪਾਰਟੀ ਲਈ ਕੁੱਲ ਮਿਲਾ ਕੇ ਕਮਜ਼ੋਰੀ ਸਾਬਤ ਹੋਇਆ ਹੈ। ਖਾਸ ਕਰਕੇ ਜਦੋਂ ਸੁਪਰੀਮ ਕੋਰਟ ਨੇ 2022 ਵਿੱਚ ਰੋਅ ਬਨਾਮ ਵੇਡ ਦੇ ਫੈਸਲੇ ਨੂੰ ਪਲਟ ਦਿੱਤਾ ਸੀ। ਜੋ ਅਮਰੀਕਾ ਵਿੱਚ ਗਰਭਪਾਤ ਦੇ ਸੰਵਿਧਾਨਿਕ ਹੱਕ ਦੀ ਰਾਖੀ ਕਰਦਾ ਸੀ। ਬਾਇਡਨ ਇੱਥੇ ਅਰਾਮ ਨਾਲ ਸਕੋਰ ਖੜ੍ਹਾ ਕਰ ਸਕਦੇ ਸਨ ਪਰ ਨਹੀਂ ਕਰ ਸਕੇ।
ਰਾਸ਼ਟਰਪਤੀ ਨੇ ਬਸ ਕਿਹਾ, “ਜੋ ਤੁਸੀਂ ਕੀਤਾ ਹੈ ਉਹ ਬਹੁਤ ਬੁਰੀ ਚੀਜ਼ ਹੈ।”
ਰੱਸੀਆਂ ਉੱਤੇ ਪਿਆ ਬਾਕਸਰ
ਬਹਿਸ ਖਤਮ ਹੋਣ ਤੋਂ ਤੁਰੰਤ ਮਗਰੋਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਮੰਨਿਆ ਕਿ ਰਾਸ਼ਟਰਪਤੀ ਦੀ ਸ਼ੁਰੂਆਤ ਮੱਧਮ ਜ਼ਰੂਰ ਸੀ ਪਰ ਉਨ੍ਹਾਂ ਨੇ ਅੰਤ ਮਜ਼ਬੂਤੀ ਨਾਲ ਕੀਤਾ। ਇਸ ਬਿਆਨ ਵਿੱਚੋਂ ਬਹੁਤ ਜ਼ਿਆਦਾ ਉਮੀਦ ਦੀ ਝਲਕ ਪੈ ਸਕਦੀ ਹੈ ਪਰ ਵਾਕਈ ਕਿ ਬਾਇਡਨ ਹੌਲੀ-ਹੌਲੀ ਖੁਦ ਨੂੰ ਬਹਿਸ ਵਿੱਚ ਸਥਾਪਿਤ ਕਰਨ ਵਿੱਚ ਕਾਮਯਾਬ ਜ਼ਰੂਰ ਰਹੇ ਸਨ।
ਇੱਕ ਜਗ੍ਹਾ ਉੱਤੇ ਬਾਇਡਨ ਨੇ ਹਸ਼ ਮਨੀ ਕੇਸ ਵਿੱਚ ਟਰੰਪ ਨੂੰ ਮੁਜਰਮ ਕਰਾਰ ਦਿੱਤੇ ਜਾਣ ਦਾ ਮਸਲਾ ਚੁੱਕਿਆ ਜੋ ਕਿ ਸਾਬਕਾ ਰਾਸ਼ਟਰਪਤੀ ਦੇ ਅਡਲਟ ਫਿਲਮ ਅਦਾਕਾਰਾ ਸਟੋਰਨੀ ਡੇਨੀਅਲਸ ਨਾਲ ਰਿਸ਼ਤਿਆਂ ਵਿੱਚੋਂ ਪੈਦਾ ਹੋਇਆ ਸੀ। ਬਾਇਡਨ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੀਆਂ “ਐਥਿਕ ਇੱਕ ਅਵਾਰਾ ਬਿੱਲੀ ਵਰਗੇ ਹਨ”।
ਟਰੰਪ ਨੇ ਪਰਤ ਕੇ ਜਵਾਬ ਦਿੱਤਾ, “ਮੈਂ ਕਿਸੇ ਪੋਰਨ ਸਟਾਰ ਨਾਲ ਸੈਕਸ ਨਹੀਂ ਕੀਤਾ”।
ਟਰੰਪ ਛੇ ਜਨਵਰੀ ਨੂੰ ਅਮਰੀਕਾ ਦੀ ਕੈਪੀਟਲ ਹਿਲ ਬਿਲਡਿੰਗ ਉੱਤੇ ਹਜੂਮੀ ਹਮਲੇ ਪ੍ਰਤੀ ਆਪਣੀ ਪ੍ਰਤੀਕਿਰਿਆ ਬਾਰੇ ਵੀ ਘਿਰੇ ਨਜ਼ਰ ਆਏ। ਸ਼ੁਰੂ ਵਿੱਚ ਉਨ੍ਹਾਂ ਨੇ ਇਸ ਦੀ ਜ਼ਿੰਮੇਵਾਰੀ ਬਾਇਡਨ ਸਰਕਾਰ ਉੱਤੇ ਪਾਉਣ ਦੀ ਕੋਸ਼ਿਸ਼ ਕੀਤੀ ਪਰ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਦੋਸ਼ ਮੁਕਤ ਨਹੀਂ ਹੋਣ ਦਿੱਤਾ।
“ਇਨ੍ਹਾਂ ਨੇ ਲੋਕਾਂ ਨੂੰ ਕੈਪੀਟਲ ਹਿਲ ਵਿੱਚ ਵੜਨ ਲਈ ਹੱਲਾਸ਼ੇਰੀ ਦਿੱਤੀ। ਜਦੋਂ ਸਹਾਇਕ ਕੁਝ ਕਰਨ ਲਈ ਤਰਲੇ ਪਾ ਰਹੇ ਸਨ ਤਾਂ ਇਹ ਤਿੰਨ ਘੰਟੇ ਬੈਠੇ ਰਹੇ। ਕੁਝ ਨਹੀਂ ਕੀਤਾ।”
ਸਾਬਕਾ ਰਾਸ਼ਟਰਪਤੀ ਲਗਾਤਾਰ ਇਸ ਸਵਾਲ ਤੋਂ ਚਤੁਰਾਈ ਨਾਲ ਬਚਦੇ ਰਹੇ ਕਿ ਉਹ 2024 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਮੰਨਣਗੇ ਜਾਂ ਨਹੀਂ।
ਅੱਗੇ ਕੀ ਹੋਵੇਗਾ

ਤਸਵੀਰ ਸਰੋਤ, getty
ਬਾਇਡਨ ਖੇਮਾ ਕੁਝ ਹੱਦ ਤੱਕ ਇਹ ਬਹਿਸ ਇਸੇ ਤਰ੍ਹਾਂ ਦੀ ਚਾਹੁੰਦਾ ਸੀ। ਪਹਿਲਾ ਕਾਰਨ ਤਾਂ ਇਹ ਹੈ ਕਿ ਉਹ ਚੋਣ ਪ੍ਰਚਾਰ ਦੇ ਸ਼ੁਰੂ ਵਿੱਚ ਹੀ ਇਸਦਾ ਕੇਂਦਰ ਟਰੰਪ ਨੂੰ ਬਣਾ ਦੇਣਾ ਚਾਹੁੰਦੇ ਹਨ। ਉਹ ਉਮੀਦ ਕਰਦੇ ਹਨ ਕਿ ਇਸ ਦੇ ਜ਼ਰੀਏ ਅਮਰੀਕੀ ਲੋਕਾਂ ਨੂੰ ਟਰੰਪ ਦਾ ਅਫਰਾ-ਤਫਰੀ ਵਾਲਾ ਕਾਰਜਕਾਲ ਯਾਦ ਆ ਜਾਵੇਗਾ।
ਲੇਕਿਨ ਇਸ ਬਹਿਸ ਤੋਂ ਬਾਅਦ ਲੋਕ ਸਾਬਕਾ ਰਾਸ਼ਟਰਪਤੀ ਦੇ ਮੁਕਾਬਲੇ ਮੌਜੂਦਾ ਰਾਸ਼ਟਰਪਤੀ ਦੀ ਚਰਚਾ ਜ਼ਿਆਦਾ ਕਰਨ ਲੱਗਣਗੇ।
ਬਾਇਡਨ ਖੇਮਾ ਇਹ ਬਹਿਸ ਇੰਨੀ ਜਲਦੀ ਕਿਉਂ ਕਰਵਾਉਣਾ ਚਾਹੁੰਦਾ ਸੀ? ਇਸਦੀ ਇੱਕ ਹੋਰ ਵਜ੍ਹਾ ਇਹ ਹੈ ਕਿ ਇਸ ਨਾਲ ਉਨ੍ਹਾਂ ਦੇ ਉਮੀਦਵਾਰ ਨੂੰ ਉੱਭਰਨ ਦਾ ਸਮਾਂ ਮਿਲ ਜਾਵੇਗਾ।
ਡੇਮੋਕਰੇਟ ਪਾਰਟੀ ਦੀ ਕਨਵੈਨਸ਼ਨ ਅਗਸਤ ਵਿੱਚ ਹੋਣੀ ਹੈ, ਜਿਸ ਦੌਰਾਨ ਉਹ ਅਮਰੀਕੀਆਂ ਲਈ ਬਾਇਡਨ ਦੇ ਦੂਜੇ ਕਾਰਜਕਾਲ ਲਈ ਜ਼ਿਆਦਾ ਪੁਖਤਾ ਵਿਜ਼ਨ ਪੇਸ਼ ਕਰ ਸਕਣਗੇ। ਇੱਕ ਹੋਰ ਬਹਿਸ ਸਤੰਬਰ ਵਿੱਚ ਹੋਣੀ ਹੈ। ਜੇ ਉਹ ਬਹਿਸ ਹੁੰਦੀ ਹੈ ਤਾਂ ਵੋਟਾਂ ਤੋਂ ਪਹਿਲਾਂ ਵੋਟਰਾਂ ਦੇ ਦਿਮਾਗ ਵਿੱਚ ਜ਼ਿਆਦਾ ਤਾਜ਼ਾ ਹੋਵੇਗੀ।
ਲੇਕਿਨ ਕਈ ਡੇਮੋਕਰੇਟ ਸਮਰਥਕ ਸੋਚ ਰਹੇ ਹੋਣਗੇ ਕੀ ਬਹਿਸ ਦੇ ਮੰਚ ਉੱਤੇ ਟੰਰਪ ਨਾਲ ਇੱਕ ਹੋਰ ਆਹਮੋ-ਸਾਹਮਣਾ, ਉਨ੍ਹਾਂ ਦੇ ਉਮੀਦਵਾਰ ਦਾ ਕੀ ਭਲਾ ਕਰੇਗਾ। ਦੂਸਰੇ ਹੋ ਸਕਦਾ ਹੈ ਸੋਚ ਰਹੇ ਹੋਣ ਕਿ ਨਵਾਂ ਉਮੀਦਵਾਰ ਕਿਵੇਂ ਲਿਆਂਦਾ ਜਾਵੇ।
ਬਾਇਡਨ ਖੇਮੇ ਕੋਲ ਪਾਣੀ ਸ਼ਾਂਤ ਕਰਨ ਲਈ ਦੋ ਮਹੀਨੇ ਹਨ। ਭਾਵੇਂ ਕਿ ਬਾਇਡ ਨੇ ਨੌਮੀਨੇਸ਼ਨ ਦੌਰਾਨ ਪਾਰਟੀ ਦੇ ਮੁਢਲੇ ਮੈਂਬਰਾਂ ਦੇ ਵੋਟ ਅਸਾਨੀ ਨਾਲ ਹਾਸਲ ਕਰ ਲਏ ਸਨ ਪਰ ਪਾਰਟੀ ਵਿੱਚ ਬਾਇਡਨ ਦੀ ਥਾਂ ਹੋਰ ਉਮੀਦਵਾਰ ਖੜ੍ਹਾ ਕਰਨ ਦੀ ਮੰਗ ਉੱਠ ਸਕਦੀ ਹੈ। ਘੱਟੋ-ਘੱਟ ਹੁਣ ਤੱਕ ਤਾਂ ਕਿਸੇ ਅਹਿਮ ਡੇਮੋਕਰੇਟ ਆਗੂ ਨੇ ਬਗਾਵਤ ਨਹੀਂ ਕੀਤੀ ਪਰ ਕੁਝ ਨੇ ਪੱਤਰਕਾਰਾਂ ਕੋਲ ਇਸ ਬਾਰੇ ਆਪਣੇ ਸ਼ੰਕੇ ਜ਼ਰੂਰ ਜਾਹਰ ਕੀਤੇ ਹਨ।
ਜਦੋਂ ਬੀਬੀਸੀ ਵੱਲੋਂ ਕਨਵੈਨਸ਼ਨ ਵਿੱਚ ਹੋਰ ਉਮੀਦਵਾਰਾਂ ਲਈ ਰਾਹ ਖੋਲ੍ਹਣ ਅਤੇ ਰਾਸ਼ਟਰਪਤੀ ਦੀ ਥਾਂ ਕਿਸੇ ਹੋਰ ਨੂੰ ਲਿਆਉਣ ਬਾਰੇ ਪੁੱਛਿਆ ਗਿਆ ਤਾਂ ਚੋਣ ਪ੍ਰਚਾਰ ਦੇ ਡਿਪਟੀ ਪ੍ਰਬੰਧਕ ਕੁਇਨਟਨ ਫੁਲਕਸ ਨੇ ਕਿਹਾ ਕਿ ਇਹ ‘ਸਵਾਲ ਜਵਾਬ ਦੇਣ ਯੋਗ ਨਹੀਂ ਹੈ।’
ਉਨ੍ਹਾਂ ਨੇ ਅੱਗੇ ਕਿਹਾ,“ਰਾਸ਼ਟਰਪਤੀ ਡੈਮੋਕਰੇਟ ਉਮੀਦਵਾਰ ਹੋਣਗੇ ਅਤੇ ਰਾਸ਼ਟਰਪਤੀ ਬਾਇਡਨ ਚੋਣਾਂ ਜਿੱਤਣਗੇ।”
ਜੇ ਬਾਇਡਨ ਆਉਣ ਵਾਲੇ ਦਿਨਾਂ ਵਿੱਚ ਆਪਣੇ ਪਿੱਛੇ ਫੌਜ ਜੋੜ ਲੈਂਦੇ ਹਨ ਤਾਂ ਪਹਿਲੀ ਧਾਰਨਾ ਸੱਚ ਹੋ ਸਕਦੀ ਹੈ। ਡੌਨਾਲਡ ਟਰੰਪ ਨੇ ਵੀ ਸਾਬਤ ਕੀਤਾ ਹੈ ਕਿ ਸਿਆਸਤਦਾਨਾਂ ਨੂੰ ਵੀ ਬੁਰੇ ਸਮੇਂ ਵਿੱਚੋਂ ਪਿਸ-ਪਿਸ ਕੇ ਲੰਘਣਾ ਪੈ ਸਕਦਾ ਹੈ।
ਇਸ ਬਹਿਸ ਤੋਂ ਬਾਅਦ, ਬਹੁਤ ਸਾਰੇ ਡੇਮੋਕਰੇਟ ਸਮਰਥਕਾਂ ਨੂੰ ਨਵੰਬਰ ਦੀਆਂ ਚੋਣਾਂ ਦਾ ਫਿਕਰ ਸਤਾ ਰਿਹਾ ਹੋਵੇਗਾ।












