ਟਰੰਪ ਦੋਸ਼ੀ ਕਰਾਰ, ਕੀ ਉਹ ਹੁਣ ਚੋਣ ਲੜ ਸਕਣਗੇ?

 ਡੋਨਾਲਡ ਟਰੰਪ

ਤਸਵੀਰ ਸਰੋਤ, Reuters

ਡੋਨਾਲਡ ਟਰੰਪ ਨੂੰ ਨਿਊਯਾਰਕ ਵਿੱਚ ਆਪਣੇ ਇਤਿਹਾਸਕ ਅਪਰਾਧਿਕ ਮੁਕੱਦਮੇ ਵਿੱਚ ਝੂਠੇ ਕਾਰੋਬਾਰੀ ਰਿਕਾਰਡਾਂ ਦੇ ਸਾਰੇ 34 ਮਾਮਲਿਆਂ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ।

ਅਮਰੀਕੀ ਇਤਿਹਾਸ ਵਿੱਚ ਇਹ ਇੱਕ ਲਾਮਿਸਾਲ ਮਾਮਲਾ ਹੈ ਜਦੋਂ ਕਿਸੇ ਸਾਬਕਾ ਜਾਂ ਮੌਜੂਦਾ ਅਮਰੀਕੀ ਰਾਸ਼ਟਰਪਤੀ ਨੂੰ ਕਿਸੇ ਅਪਰਾਧ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਉਸਨੂੰ 11 ਜੁਲਾਈ ਨੂੰ ਸਜ਼ਾ ਸੁਣਾਈ ਜਾਵੇਗੀ - ਸਾਬਕਾ ਰਾਸ਼ਟਰਪਤੀ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ, ਪਰ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਜੁਰਮਾਨਾ ਹੋਣ ਦੀ ਵਧੇਰੇ ਸੰਭਾਵਨਾ ਹੈ।

ਟਰੰਪ ਨੇ ਫੈਸਲੇ ਨੂੰ “ਅਪਮਾਨ” ਕਿਹਾ ਹੈ ਅਤੇ ਕੇਸ ਦੀ ਪ੍ਰਧਾਨਗੀ ਕਰਨ ਵਾਲੇ ਜੱਜ ਮਰਚਨ ਉੱਤੇ ਹਮਲਾ ਕੀਤਾ।

ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਉਹ ਨਵੰਬਰ ਦੀਆਂ ਚੋਣਾਂ ਵਿੱਚ ਜੋ ਬਾਇਡੇਨ ਨੂੰ ਹਰਾਉਣ ਅਤੇ ਵ੍ਹਾਈਟ ਹਾਊਸ ਵਾਪਸ ਜਾਣ ਲਈ ਮੁਹਿੰਮ ਚਲਾ ਰਹੇ ਹਨ।

ਅਦਾਲਤ ਨੇ ਸਟੌਰਮੀ ਡੇਨੀਅਲਸ ਸਮੇਤ 22 ਗਵਾਹਾਂ ਤੋਂ ਛੇ ਹਫ਼ਤਿਆਂ ਵਿੱਚ ਸੁਣਵਾਈ ਕੀਤੀ, ਜਿਨ੍ਹਾਂ ਨਾਲ ਟਰੰਪ ਦੇ ਕਥਿਤ ਜਿਨਸੀ ਸੰਬੰਧ ਇਸ ਕੇਸ ਦੇ ਕੇਂਦਰ ਵਿੱਚ ਸੀ।

ਟਰੰਪ ਉੱਤੇ 2016 ਦੀਆਂ ਚੋਣਾਂ ਤੋਂ ਥੋੜ੍ਹੀ ਦੇਰ ਪਹਿਲਾਂ ਸਾਬਕਾ ਅਡਲਟ ਫਿਲਮ ਅਦਾਕਾਰ ਦੀ ਚੁੱਪ ਖਰੀਦਣ ਲਈ ਆਪਣੇ ਸਾਬਕਾ ਵਕੀਲ ਦੁਆਰਾ ਕੀਤੀ ਗਈ ਅਦਾਇਗੀ ਨੂੰ ਲੁਕਾਉਣ ਦਾ ਇਲਜ਼ਾਮ ਹੈ।

ਸਰਬਸੰਮਤੀ ਨਾਲ ਫੈਸਲੇ 'ਤੇ ਪਹੁੰਚਣ ਲਈ 12 ਜੱਜਾਂ ਨੇ ਦੋ ਦਿਨ ਵਿਚਾਰ-ਵਟਾਂਦਰਾ ਕੀਤਾ।

ਹੁਣ ਕੀ ਉਹ ਚੋਣਾਂ ਲੜ ਸਕਣਗੇ

ਅਦਾਲਤ ਦਾ ਫੈਸਲਾ ਅਜਿਹੇ ਸਮੇਂ ਉੱਤੇ ਆਇਆ ਹੈ ਜਦੋਂ ਟਰੰਪ ਇੱਕ ਵਾਰ ਫਿਰ ਰਾਸ਼ਟਰਪਤੀ ਬਣਨ ਅਤੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਨੂੰ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਟੱਕਰ ਦੇਣ ਦੀ ਤਿਆਰੀ ਕਰ ਰਹੇ ਸਨ।

ਜਦੋਂ ਕੁਝ ਵੀ ਵੱਡਾ ਹੁੰਦਾ ਹੈ ਤਾਂ ਅਸੀਂ ਅਕਸਰ ਇਤਿਹਾਸ ਵਿੱਚ ਉਸਦੀ ਮਿਸਾਲ ਦੇਖਦੇ ਹਾਂ ਅਤੇ ਅੰਦਜ਼ਾ ਲਗਾਉਂਦੇ ਹਾਂ ਕਿ ਅੱਗੇ ਕੀ ਹੋ ਸਕਦਾ ਹੈ।

ਜੈਨੀਫਰੀ ਐਂਜੇਲ ਜੋ ਕਿ ਸਦਰਨ ਮੈਥੋਡੈਸਿਟ ਯੂਨੀਵਰਿਸਿਟੀ ਵਿੱਚ ਸੈਂਟਰ ਫਾਰ ਪਰੈਜ਼ੀਡੈਂਸ਼ੀਅਲ ਹਿਸਟਰੀ ਦੇ ਨਿਰਦੇਸ਼ਕ ਹਨ।

ਉਹ ਕਹਿੰਦੇ ਹਨ, "ਅੱਗੇ ਕੀ ਹੋਣ ਜਾ ਰਿਹਾ ਹੈ ਇਸਦਾ ਇਸ਼ਾਰਾ ਲੈਣ ਲਈ ਅਸੀਂ ਅਕਸਰ ਇਤਿਹਾਸ ਵੱਲ ਦੇਖਦੇ ਹਾਂ ਪਰ ਇਸ ਮਾਮਲੇ ਵਿੱਚ ਕੁਝ ਵੀ ਅਜਿਹਾ ਨਹੀਂ ਹੈ ਜੋ ਇਸਦੇ ਨੇੜੇ ਵੀ ਪਹੁੰਚਦਾ ਹੋਵੇ।"

ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਕਿ ਅਮਰੀਕਾ ਦੇ ਕਿਸੇ ਸਾਬਕਾ ਜਾਂ ਮੌਜੂਦਾ ਰਾਸ਼ਟਰਪਤੀ ਨੂੰ ਕਿਸੇ ਅਪਰਾਧਿਕ ਕੇਸ ਵਿੱਚ ਮੁਜਰਮ ਕਰਾਰ ਦਿੱਤਾ ਗਿਆ ਹੋਵੇ।

ਓਪੀਨੀਅਨ ਪੋਲ ਦਰਸਾਉਂਦੇ ਹਨ ਕਿ ਟਰੰਪ ਚੋਣਾਂ ਦੇ ਮਾਮਲੇ ਵਿੱਚ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਤੋਂ ਅੱਗੇ ਹਨ।

ਹਾਲਾਂਕਿ ਇਸ ਫੈਸਲੇ ਤੋਂ ਬਾਅਦ ਵੋਟਰ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਵੀ ਕਰ ਸਕਦੇ ਹਨ।

ਟਰੰਪ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਬਣਾਇਆ ਗਿਆ ਸੀ ਅਤੇ ਜਿਸ ਦਿਨ ਸਜ਼ਾ ਸੁਣਾਈ ਜਾਣੀ ਹੈ ਉਸ ਤੋਂ ਕੁਝ ਦਿਨ ਬਾਅਦ ਹੀ ਪਾਰਟੀ ਦੀ ਕਨਵੈਨਸ਼ਨ ਵਿੱਚ ਉਨ੍ਹਾਂ ਦੀ ਤਾਜਪੋਸ਼ੀ ਕੀਤੀ ਜਾਣੀ ਸੀ।

ਟਰੰਪ ਦੀ ਪਾਰਟੀ ਨੇ ਉਨ੍ਹਾਂ ਉੱਪਰ ਲੱਗੇ ਦੋ ਮਹਾਂਦੋਸ਼ ਅਤੇ ਉਨ੍ਹਾਂ ਦੇ ਕਾਰਜਕਾਲ ਦੇ ਖਤਮ ਹੋਣ ਤੋਂਣ ਬਾਅਦ ਜਦੋਂ ਉਨ੍ਹਾਂ ਦੇ ਹਮਾਇਤੀ ਕੈਪੀਟਲ ਹਿੱਲ ਵਿੱਚ ਦਾਖਲ ਹੋ ਗਏ ਸਨ, ਉਨ੍ਹਾਂ ਦਾ ਸਾਥ ਦਿੱਤਾ ਹੈ।

ਹਾਲਾਂਕਿ ਉਹ ਅਗਲੇ ਰਾਸ਼ਟਰਪਤੀ ਬਣਦੇ ਹਨ ਜਾਂ ਨਹੀਂ ਇਹ ਤਾਂ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਹੀ ਤੈਅ ਕਰਨਗੀਆਂ।

'ਨਿਆਂ ਪ੍ਰਣਾਲੀ ਦੀ ਜਿੱਤ'

ਡੋਨਾਲਡ ਟਰੰਪ ਦਾ ਸਕੈਚ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਡੋਨਾਲਡ ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਸਨ

ਇੱਕ ਸਾਬਕਾ ਪ੍ਰੋਸੀਕਿਊਟਰ ਨੇ ਇਸ ਫੈਸਲੇ ਨੂੰ ਨਿਆਂ ਪ੍ਰਸ਼ਾਸਨ ਦੀ ਵੱਡੀ ਜਿੱਤ ਦੱਸਿਆ ਹੈ।

ਮੈਨਹਟਨ ਦੇ ਸਾਬਕਾ ਪ੍ਰੋਸੀਕਿਊਟਰ ਡੰਕਨ ਲਿਊਇਨ ਨੇ ਕਿਹਾ ਕਿ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਨੇ ਇੱਕ ਮੁਕੰਮਲ ਕੇਸ ਪੇਸ਼ ਕੀਤਾ। ਜਿਸ ਨੇ ਬਿਨਾਂ ਸ਼ੱਕ ਸਾਬਤ ਕੀਤਾ ਕਿ ਟਰੰਪ ਨੇ ਖਾਮੋਸ਼ੀ ਖ਼ਰੀਦਣ ਲਈ ਪੈਸੇ ਦਿੱਤੇ ਅਤੇ ਫਿਰ ਇਸ ਭੁਗਤਾਨ ਨੂੰ ਛੁਪਾਉਣ ਲਈ ਕਾਰੋਬਾਰੀ ਰਿਕਾਰਡ ਵਿੱਚ ਹੇਰ-ਫੇਰ ਕੀਤੀ।

ਕੇਸ ਦੇ ਪੱਖ ਵਿੱਚ ਗਵਾਹੀਆਂ ਸਨ ਜੋ ਕਿਸੇ ਇੱਕ ਵਿਅਕਤੀ ਦੇ ਦੁਆਲੇ ਨਹੀਂ ਸਗੋਂ ਲਿਖਤੀ ਸਮੱਗਰੀ, ਈਮੇਲ ਅਤੇ ਫੋਨ ਰਿਕਾਰਡ ਉੱਪਰ ਅਧਾਰਿਤ ਸਨ, ਪੇਸ਼ ਕੀਤੀਆਂ ਗਈਆਂ।

ਸਰਕਾਰੀ ਪੱਖ ਦਾ ਕੇਸ ਵਿਧੀ ਨਾਲ ਤਿਆਰ ਕੀਤਾ ਗਿਆ ਸੀ ਅਤੇ ਜੱਜਾਂ ਨੇ ਇਸ ਵੱਲ ਧਿਆਨ ਦਿੱਤਾ।

ਉਨ੍ਹਾਂ ਨੇ ਕਿਹਾ, “ਆਪਣੀ ਸ਼ਕਤੀ ਨਾਲ ਇਸ ਨਿਆਂ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਲਈ ਜੋ ਕੁਝ ਵੀ ਕਰ ਸਕਦੇ ਸਨ, ਉਨ੍ਹਾਂ ਨੇ ਕੀਤਾ।“

“ਫਿਰ ਵੀ ਸਿਸਟਮ ਨੇ ਉਨ੍ਹਾਂ ਨੂੰ ਇੱਕ ਸੁਣਵਾਈ ਦਿੱਤੀ ਜੋ ਕਿ ਬੁਨਿਆਦੀ ਤੌਰ ਉੱਤੇ ਇੱਕ ਨਿਰਪੱਖ ਸੀ।

ਉੱਧਰ ਮੌਜੂਦਾ ਅਤੇ ਸਾਬਕਾ ਰਾਸ਼ਟਰਪਤੀਆਂ ਦੀ ਸੁਰੱਖਿਆ ਲਈ ਜ਼ਿਮੇਵਾਰ ਖੂਫੀਆ ਸੇਵਾ ਨੇ ਇਸ ਫੈਸਲੇ ਤੋਂ ਬਾਅਦ ਇੱਕ ਸੰਖੇਪ ਬਿਆਨ ਜਾਰੀ ਕੀਤਾ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਫੈਸਲੇ ਤੋਂ ਬਾਅਦ ਟਰੰਪ ਨੂੰ ਮੁਹੱਈਆ ਕਰਵਾਈ ਗਈ ਸੁਰੱਖਿਆ ਵਿੱਚ ਕੋਈ ਕਮੀ ਨਹੀਂ ਆਵੇਗੀ।

ਹਾਲਾਂਕਿ ਕਰਾਊਡ ਫੰਡਿੰਗ ਰਾਹੀਂ ਟਰੰਪ ਲਈ ਚੰਗਾ ਇਕੱਠਾ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਫੈਸਲੇ ਤੋਂ ਬਾਅਦ ਦਾਨੀਆਂ ਵਿੱਚ ਵਾਧਾ ਹੋਇਆ ਹੈ।

ਟਰੰਪ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਟਰੰਪ ਨੇ ਅਦਾਲਤ ਦੇ ਫ਼ੈਸਲੇ ਨੂੰ ਇੱਕ ‘ਧਾਂਦਲੀ’ ਦੱਸਿਆ

ਟਰੰਪ ਨੇ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਕੀ ਕਿਹਾ

ਟਰੰਪ ਨੇ ਅਦਾਲਤ ਦੇ ਫ਼ੈਸਲੇ ਨੂੰ ਇੱਕ ‘ਧਾਂਦਲੀֹ’ ਦੱਸਿਆ। ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨਾਲ ਜੱਜ ਦਾ ਵਿਵਹਾਰ ਇਨਸਾਫ਼ਕੁੰਨ ਨਹੀਂ ਸੀ।

ਉਨ੍ਹਾਂ ਕਿਹਾ, "ਅਸੀਂ ਸਥਾਨ ਬਦਲਣਾ ਚਾਹੁੰਦੇ ਸੀ, ਇਨਕਾਰ ਕਰ ਦਿੱਤਾ ਗਿਆ... ਅਸੀਂ ਜੱਜ ਬਦਲਣਾ ਚਾਹੁੰਦੇ ਸੀ, ਸਾਨੂੰ ਇਨਕਾਰ ਕਰ ਦਿੱਤਾ ਗਿਆ।"

ਡਿਸਟ੍ਰਿਕਟ ਅਟਾਰਨੀ ਮੈਨਹਟਨ ਨੂੰ ‘ਭ੍ਰਿਸ਼ਟ’ ਦੱਸਦਿਆਂ ਟਰੰਪ ਨੇ ਨਿਊਯਾਰਕ ਵਿੱਚ ਇੱਕ ਮੈਕਡੋਨਲਡਜ਼ ਹਾਲ ਉੱਤੇ ਹੋਏ ਹਮਲੇ ਦਾ ਜ਼ਿਕਰ ਕੀਤਾ।

ਟਰੰਪ ਨੇ ਕਿਹਾ ਕਿ ਜਸਟਿਸ ਜੌਹਨ ਵੱਲੋਂ ਉਨ੍ਹਾਂ ਨੂੰ ਗੈਗ ਆਰਡਰ ਦਿੱਤੇ ਗਿਆ ਅਤੇ, "ਮੈਨੂੰ ਹਜ਼ਾਰਾਂ ਡਾਲਰ ਜੁਰਮਾਨੇ ਅਤੇ ਜੁਰਮਾਨੇ ਵਜੋਂ ਅਦਾ ਕਰਨੇ ਪਏ ਹਨ।"

ਉਨ੍ਹਾਂ ਨੇ ਜਸਟਿਸ ਜੌਹਨ ਮਰਚਨ ਦਾ ਹਵਾਲਾ ਦਿੰਦੇ ਹੋਏ ਕਹਿੰਦਾ ਹੈ, "ਮੈਂ ਰਾਸ਼ਟਰਪਤੀ ਲਈ ਮੋਹਰੀ ਵਿਅਕਤੀ ਹਾਂ ਅਤੇ ਮੈਂ ਇੱਕ ਅਜਿਹੇ ਵਿਅਕਤੀ ਦੁਆਰਾ ਗੈਗ ਆਰਡਰ ਦੇ ਅਧੀਨ ਹਾਂ ਜੋ ਦੋ ਵਾਕਾਂ ਇੱਕਠੇ ਨਹੀਂ ਬੋਲ ਸਕਦਾ।"

ਗੈਗ ਆਰਡਰ ਅਧੀਨ ਜੱਜ ਨੇ ਟਰੰਪ ਨੂੰ ਮਰਚਨ ਦੇ ਪਰਿਵਾਰ ਸਮੇਤ ਕਈ ਤਰ੍ਹਾਂ ਦੇ ਲੋਕਾਂ ਬਾਰੇ ਗੱਲ ਕਰਨ ਤੋਂ ਰੋਕ ਦਿੱਤਾ ਸੀ।

ਪਰ ਮਰਚਨ ਬਾਰੇ ਗੱਲ ਕਰਨ 'ਤੇ ਗੈਗ ਆਰਡਰ ਲਾਗੂ ਨਹੀਂ ਹੋਇਆ।

ਉਨ੍ਹਾਂ ਕਿਹਾ,“ਜੇ ਮੇਰੇ ਨਾਲ ਅਜਿਹਾ ਕੀਤਾ ਜਾ ਸਕਦਾ ਹੈ ਤਾਂ ਕਿਸੇ ਨਾਲ ਵੀ ਅਜਿਹਾ ਕੀਤਾ ਜਾ ਸਕਦਾ ਹੈ।”

ਉਨ੍ਹਾਂ ਸਪੱਸ਼ਟ ਕੀਤਾ ਕਿ ਅਪੀਲ ਕਰਨਗੇ।

ਸਟੋਰਮੀ ਡੇਨੀਅਲਸ ਕੌਣ ਹੈ?

ਸਟੋਰਮੀ ਡੇਨੀਅਲਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੋਨਾਲਡ ਟਰੰਪ ਨੇ ਸਟੋਰੀਮੀ ਡੇਨੀਅਲਸ ਦੇ ਇਲਜ਼ਾਮਾਂ ਦਾ ਹਮੇਸ਼ਾ ਖੰਡਨ ਕੀਤਾ ਹੈ

ਟਰੰਪ ਦੇ ਪੂਰੇ ਕੇਸ ਵਿੱਚ ਇੱਕ ਨਾਮ ਸਭ ਦੀ ਚਰਚਾ ਦਾ ਵਿਸ਼ਾ ਹੈ, 45 ਸਾਲਾ ਸਾਬਕਾ ਅਡਲਟ ਫਿਲਮ ਅਦਾਕਾਰ ਸਟੋਰਮੀ ਡੇਨੀਅਲਸ ਹੈ।

ਲੂਸੀਆਨਾ ਵਿੱਚ ਜਨਮੀ ਸਟੋਰਮੀ ਦਾ ਅਸਲੀ ਨਾਮ ਸਟਿਫ਼ਨੀ ਕਲਿਫੋਰਡ ਹੈ। ਫਿਲਮਾਂ ਵਿੱਚ ਆਪਣੇ ਕੰਮ ਲਈ ਉਨ੍ਹਾਂ ਨੇ ਕਈ ਇਨਾਮ ਵੀ ਹਾਸਲ ਕੀਤੇ ਹਨ।

ਅਡਲਟ ਫਿਲਮਾਂ ਤੋਂ ਇਲਾਵਾ ਉਨ੍ਹਾਂ ਨੇ ਹਾਲੀਵੁੱਡ ਦੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ, ਜਿਵੇਂ ਦਿ 40-ਈਰਸ-ਓਲਡ-ਵਰਜਿਨ ਅਤੇ ਨੌਕਡ ਅਪ।

ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਸਿਆਸਤ ਕਰਨਗੇ ਅਤੇ ਆਪਣੇ-ਆਪ ਨੂੰ ਟਰੰਪ ਦੀ ਹੀ ਰਿਪਬਲਿਕਨ ਪਾਰਟੀ ਦੀ ਹਮਾਇਤੀ ਘੋਸ਼ਿਤ ਕਰ ਦਿੱਤਾ।

ਕੇਸ ਦੀ ਸੁਣਵਾਈ ਦੌਰਾਨ ਡੇਨੀਅਲ ਨੇ ਅਦਾਲਤ ਦੇ ਸਾਹਮਣੇ ਟਰੰਪ ਨਾਲ ਆਪਣੇ ਉਨ੍ਹਾਂ ਕਥਿਤ ਸਰੀਰਕ ਸੰਬੰਧਾਂ ਦੇ ਕਈ ਅਸ਼ਲੀਲ ਵੇਰਵੇ ਸਾਂਝੇ ਕੀਤੇ, ਜਿਨ੍ਹਾਂ ਬਾਰੇ ਚੁੱਪ ਰਹਿਣ ਲਈ ਟਰੰਪ ਵੱਲ਼ੋਂ ਉਨ੍ਹਾਂ ਨੂੰ ਪੈਸੇ ਦਿੱਤੇ ਗਏ।

ਅਦਾਲਤ ਵਿੱਚ ਡੇਨੀਅਲ ਨੇ ਦਾਅਵਾ ਕੀਤਾ ਕਿ ਟਰੰਪ ਨਾਲ ਉਨ੍ਹਾਂ ਦੇ ਪਹਿਲੇ ਸੰਬੰਧ ਸਾਲ ਜੁਲਾਈ 2006 ਵਿੱਚ ਇੱਕ ਗੌਲਫ਼ ਟੂਰਨਾਮੈਂਟ ਦੌਰਾਨ ਬਣੇ ਸਨ।

ਟਰੰਪ ਨੇ ਉਨ੍ਹਾਂ ਨੂੰ ਖਾਣੇ ਲਈ ਪੁੱਛਿਆ, ਉਹ ਜਾਣਾ ਨਹੀਂ ਚਾਹੁੰਦੇ ਸਨ ਪਰ ਉਨ੍ਹਾਂ ਦੇ ਪ੍ਰਚਾਰਕ ਨੇ ਕਿਹਾ ਕਿਹਾ ਉਨ੍ਹਾਂ ਨੂੰ ਜਾਣਾ ਚਾਹੀਦਾ ਹੈ।

ਡੇਨੀਅਲ ਮੁਤਾਬਕ ਉਸ ਸਮੇਂ ਟਰੰਪ ਦੀ ਪਤਨੀ ਮਲੇਨੀਆ ਉਸ ਸਮੇਂ ਉੱਥੇ ਮੌਜੂਦ ਨਹੀਂ ਸਨ ਅਤੇ ਹਾਲ ਹੀ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਸੀ।

ਡੇਨੀਅਲ ਨੇ ਕਿਹਾ ਕਿ ਫਿਰ ਉਹ ਰਾਤ ਦੇ ਖਾਣੇ ਲਈ ਕੈਲੀਫੋਰਨੀਆ ਅਤੇ ਨਵੇਦਾ ਦੇ ਵਿਚਕਾਰ ਇੱਕ ਰਿਜ਼ੋਰਟ ਇਲਾਕੇ ਵਿੱਚ ਟਰੰਪ ਦੇ ਸੂਇਟ ਵਿੱਚ ਗਏ।

ਜਿੱਥੇ ਉਨ੍ਹਾਂ ਨੇ ਆਪਸੀ ਸਹਿਮਤੀ ਨਾਲ ਸੰਬੰਧ ਬਣਾਏ ਪਰ ਉਸ ਤੋਂ ਬਾਅਦ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਹੋ ਗਏ।

ਡੇਨੀਅਲ ਦਾ ਦਾਅਵਾ ਹੈ ਕਿ ਸਾਲ 2016 ਦੀਆਂ ਚੋਣਾਂ ਤੋਂ ਪਹਿਲਾਂ ਕੋਹਨ ਨੇ ਉਨ੍ਹਾਂ ਨੂੰ 1,30,000 ਅਮਰੀਕੀ ਡਾਲਰ ਇਸ ਮਾਮਲੇ ਵਿੱਚ ਚੁੱਪ ਰਹਿਣ ਲਈ ਦਿੱਤੇ।

ਉਨ੍ਹਾਂ ਕਿਹਾ ਕਿ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਫਿਕਰਮੰਦ ਸਨ, ਇਸ ਲਈ ਉਨ੍ਹਾਂ ਨੇ ਇਹ ਪੈਸੇ ਲੈ ਲਏ। ਉਨ੍ਹਾਂ ਨੂੰ ਕਾਨੂੰਨੀ ਅਤੇ ਸਰੀਰਕ ਰੂਪ ਵਿੱਚ ਧਮਕਾਇਆ ਗਿਆ।

ਸਾਲ 2018 ਵਿੱਚ ਜਦੋਂ ਉਹ ਇੱਕ ਪਾਰਕਿੰਗ ਵਿੱਚ ਆਪਣੀ ਛੋਟੀ ਬੱਚੀ ਨਾਲ ਸਨ ਤਾਂ ਪਾਰਕਿੰਗ ਵਿੱਚ ਇੱਕ ਅਣਪਛਾਤਾ ਵਿਅਕਤੀ ਉਨ੍ਹਾਂ ਕੋਲ ਆਇਆ ਅਤੇ “ਟਰੰਪ ਨੂੰ ਇਕੱਲਾ ਛੱਡ ਦੇਣ” ਲਈ ਕਿਹਾ।

ਇਹ ਘਟਨਾ ਜਦੋਂ ਉਹ ਟੱਚ ਰਸਾਲੇ ਨੂੰ ਟਰੰਪ ਨਾਲ ਆਪਣੇ ਰਿਸ਼ਤਿਆਂ ਬਾਰੇ ਇੱਕ ਇੰਟਰਵਿਊ ਦੇਣ ਲਈ ਸਹਿਮਤ ਹੋਏ ਹਨ, ਉਸ ਤੋਂ ਤੁਰੰਤ ਬਾਅਦ ਹੋਈ ਸੀ।

ਜਦੋਂ ਉਨ੍ਹਾਂ ਦੀ ਇੰਟਰਵਿਊ ਨਸ਼ਰ ਹੋਈ ਤਾਂ ਕੋਹਨ ਨੇ ਡੇਨੀਅਲ ਉੱਪਰ ਦੋ ਕਰੋੜ ਡਾਲਰ ਦਾ ਮੁਕੱਦਮਾ ਦਾਇਰ ਕਰਨ ਲਈ ਧਮਕਾਇਆ ਕਿ ਉਨ੍ਹਾਂ ਨੇ ਚੁੱਪ ਰਹਿਣ ਲਈ ਕੀਤਾ ਕਰਾਰ ਤੋੜਿਆ ਹੈ।

ਹਾਲਾਂਕਿ ਉਨ੍ਹਾਂ ਨੇ ਸੀਬੀਸ ਦੇ ਪ੍ਰੋਗਰਾਮ ਵਿੱਚ ਕਿਹਾ ਕਿ ਕੌਮੀ ਟੀਵੀ ਉੱਤੇ ਬੋਲ ਕੇ ਉਹ ਵੱਡੇ ਜ਼ੁਰਮਾਨੇ ਦਾ ਖ਼ਤਰਾ ਚੁੱਕ ਰਹੇ ਹਨ ਪਰ ਉਨ੍ਹਾਂ ਲਈ ਬੋਲਣਾ ਜ਼ਰੂਰੀ ਸੀ।

ਕੀ ਚੁੱਪ ਰਹਿਣ ਲਈ ਪੈਸਾ ਦੇਣਾ ਕਾਨੂੰਨੀ ਹੈ?

ਮਾਈਕਲ ਕੋਹਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਮਾਈਕਲ ਕੋਹਨ ਨੇ ਅਦਾਲਤ ਵਿੱਚ ਮੰਨਿਆ ਕਿ ਡੇਨੀਅਲ ਨੂੰ ਪੈਸੇ ਉਨ੍ਹਾਂ ਨੇ ਟਰੰਪ ਦੇ ਕਹਿਣ ਉੱਤੇ ਦਿੱਤੇ ਸਨ

ਉਜਾਗਰ ਨਾ ਕਰਨ ਦੇ ਸਮਝੌਤੇ ਦੇ ਬਦਲੇ ਵਿੱਚ ਕਿਸੇ ਨੂੰ ਪੈਸੇ ਦੇਣਾ ਗੈਰ-ਕਾਨੂੰਨੀ ਨਹੀਂ ਹੈ।

ਸਰਕਾਰੀ ਵਕੀਲਾਂ ਨੇ ਤਾਂ ਆਪਣਾ ਧਿਆਨ ਇਸ ਗੱਲ ਉੱਤੇ ਦਿੱਤਾ ਹੈ ਕਿ ਇਹ ਪੈਸਾ ਟਰੰਪ ਦੇ ਕਾਰੋਬਾਰ ਵਿੱਚ ਕਿਵੇਂ ਦਰਜ ਕੀਤਾ ਗਿਆ।

ਉਨ੍ਹਾਂ ਉੱਪਰ ਇਲਜ਼ਾਮ ਹੈ ਕਿ ਉਨ੍ਹਾਂ ਨੇ ਇਹ ਪੈਸਾ ਕਾਨੂੰਨੀ ਫੀਸ ਵਜੋਂ ਦਿੱਤਾ ਹੋਣਾ ਦਰਸਾਇਆ।

ਪੈਸਾ ਰਾਸ਼ਟਰਪਤੀ ਚੋਣਾਂ ਤੋਂ ਮਹਿਜ਼ ਕੁਝ ਦਿਨ ਪਹਿਲਾਂ ਦੀ ਵਾਇਰ ਟ੍ਰਾਂਸਫਰ ਕੀਤਾ ਗਿਆ।

ਡਿਸਟ੍ਰਿਕਟ ਅਟਾਰਨੀ ਐਲਵਿਨ ਬਰੈਗ ਦਾ ਇਲਜ਼ਾਮ ਹੈ ਕਿ ਟਰੰਪ ਨੇ “ਉਹ ਅਪਰਾਧ ਛੁਪਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਵੋਟ ਕਰ ਰਹੀ ਜਨਤਾ ਤੋਂ ਨੁਕਸਾਨਦਾਇਕ ਜਾਣਕਾਰੀ ਲਕੋਈ।”

ਸਾਲ 2018 ਵਿੱਚ ਮਾਈਕਲ ਕੋਹਨ ਨੂੰ ਟੈਕਸ ਚੋਰੀ, ਡੇਨੀਅਲ ਅਤੇ ਟਰੰਪ ਦੀ ਇੱਕ ਹੋਰ ਕਥਿਤ ਪ੍ਰੇਮਿਕਾ ਨੂੰ ਕੀਤੇ ਭੁਗਤਾਨ ਵਿੱਚ ਆਪਣੀ ਸ਼ਮੂਲੀਅਤ ਅਤੇ ਪ੍ਰਚਾਰ ਦੇ ਪੈਸੇ ਸੰਬੰਧੀ ਨਿਯਮਾਂ ਨੂੰ ਤੋੜਨ ਦੇ ਮਾਮਲਿਆਂ ਵਿੱਚ ਕੈਦ ਸੁਣਾਈ ਗਈ ਸੀ।

ਪਹਿਲਾਂ ਤਾਂ ਕੋਹਨ ਨੇ ਕਿਹਾ ਸੀ ਕਿ ਇਸ ਭੁਗਤਾਨ ਵਿੱਚ ਟਰੰਪ ਦਾ ਕੋਈ ਲੈਣ-ਦੇਣ ਨਹੀ ਸੀ।

ਹਾਲਾਂਕਿ ਬਾਅਦ ਵਿੱਚ ਸਹੁੰ ਖਾ ਕੇ ਕਿਹਾ ਕਿ ਇੱਕ ਲੱਖ ਤੀਹ ਹਜ਼ਾਰ ਡਾਲਰ ਦੇਣ ਲਈ ਟਰੰਪ ਨੇ ਹੀ ਉਨ੍ਹਾਂ ਨੂੰ ਕਿਹਾ ਸੀ ਅਤੇ ਬਾਅਦ ਵਿੱਚ ਉਹ ਪੈਸੇ ਟਰੰਪ ਨੇ ਉਨ੍ਹਾਂ ਨੂੰ ਦੇ ਵੀ ਦਿੱਤੇ ਸਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)