ਅਮਰੀਕੀ ਮੱਧਵਰਤੀ ਚੋਣਾਂ : ਡੋਨਲਡ ਟਰੰਪ ਸਮਰਥਕ ਹਥਿਆਰ ਚੁੱਕਣ ਤੇ ਅਮਰੀਕਾ ਵਿਚ ਖਾਨਾਜੰਗੀ ਛੇੜਨ ਦੀਆਂ ਕਿਉਂ ਕਰ ਰਹੇ ਗੱਲਾਂ

ਅਮਰੀਕਾ ਮਿਡ-ਟਰਮ ਚੋਣਾਂ
ਤਸਵੀਰ ਕੈਪਸ਼ਨ, ਕੈਟੀ ਕੇਅ ਐਰੀਜ਼ੋਨਾ ’ਚ ਇੱਕ ਬਜ਼ੁਰਗ ਨਾਲ ਜੋ ਡੋਨਲਡ ਟਰੰਪ ਨਾਲ ਸਬੰਧਤ ਸਮਾਨ ਵੇਚਦੇ ਹਨ

ਦੋ ਸਾਲ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਮਰਥਕਾਂ ਵਲੋਂ ਕੈਪੀਟੋਲ ਉੱਤੇ ਕੀਤੇ ਹੰਗਾਮੇ ਤੋਂ ਬਾਅਦ ਮੁਲਕ ਵਿਚ ਪਹਿਲੀਆਂ ਮੱਧਵਰਤੀ ਚੋਣਾਂ ਹੋ ਰਹੀਆਂ ਹਨ।

ਅਮਰੀਕੀ ਸੰਸਦ (ਕਾਂਗਰਸ) ਦੇ ਮੈਂਬਰਾਂ ਦੇ ਕਾਰਜਕਾਲ ਖਤਮ ਹੋਣ ਕਾਰਨ ਖਾਲੀ ਹੋਈਆਂ ਸੀਟਾਂ ਲਈ ਹੋਣ ਵਾਲੀਆਂ ਚੋਣਾਂ ਨੂੰ ਮੱਧਵਰਤੀ ਚੋਣਾਂ ਕਿਹਾ ਜਾਂਦਾ ਹੈ।

ਇਸ ਵਾਰ ਦੀਆਂ ਚੋਣਾਂ ਇਸ ਲਈ ਖਾਸ ਹਨ ਕਿਉਂ ਕਿ ਮੁਲਕ ਵਿਚ ਪੈਦਾ ਹੋਣ ਵਾਲੇ ਹਾਲਾਤ ਨੂੰ ਲੈ ਕੇ ਲੋਕ ਚਿੰਤਤ ਨਜ਼ਰ ਆ ਰਹੇ ਹਨ।

ਬੀਬੀਸੀ ਪੱਤਰਕਾਰ ਕੈਟੀ ਕੇਅ ਇਸ ਚਿੰਤਾ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰਦਿਆਂ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮੇ। ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ, ਫ਼ਿਕਰ ਪਿਛਲਾ ਤਰਕ ਸਮਝਣ ਲਈ ਲੋਕਾਂ ਦੇ ਮਨਾਂ ਨੂੰ ਅਤੇ ਸਿਆਸਤ ਨੂੰ ਭਾਂਪਿਆ।

ਕੇਰਨ ਅਤੇ ਸਟੀਵ ਹਥਿਆਰ ਨਹੀਂ ਚੁੱਕਣਾ ਚਾਹੁੰਦੇ। ਐਰੀਜ਼ੋਨਾ ਦਾ ਰਹਿਣ ਵਾਲਾ ਇਹ ਬਜ਼ੁਰਗ ਜੋੜਾ ਕਹਿੰਦਾ ਹੈ ਕਿ ਪਰ ਜੇ ਰਿਪਬਲਿਕਨ ਹਾਰਦੇ ਹਨ ਤਾਂ ਗ੍ਰਹਿ ਯੁੱਧ ਹੋਏਗਾ ਅਤੇ ਉਹ ਲੜਾਈ ਲੜਨਗੇ।

ਉਨ੍ਹਾਂ ਨੇ ਆਪਸ ਵਿੱਚ ਇਸ ਬਾਰੇ ਪਹਿਲਾਂ ਹੀ ਵਿਚਾਰ-ਵਿਟਾਂਦਰਾ ਕੀਤਾ ਹੋਇਆ ਹੈ ਅਤੇ ਉਹ ਮਹਿਸੂਸ ਕਰਦੇ ਹਨ ਕਿ ਹਥਿਆਰ ਚੁੱਕਣਾ ਹੀ ਉਨ੍ਹਾਂ ਲਈ ਸਭ ਤੋਂ ਸਹੀ ਵਿਕਲਪ ਹੈ।

ਇਹ ਉਹ ਮੋੜ ਸੀ, ਜਦੋਂ ਸਾਡੀ ਗੱਲਬਾਤ ਗੰਭੀਰ ਹੋ ਗਈ ਅਤੇ ਅਮਰੀਕੀ ਲੋਕਤੰਤਰ ਦੀ ਤਾਕਤ ਬਾਰੇ ਮੇਰਾ ਵਿਸ਼ਵਾਸ ਥੋੜ੍ਹਾ ਡੋਲ ਗਿਆ।

ਅਮਰੀਕੀ ਟਰੰਪ ਨੂੰ ਪਿਆਰ ਕਰਦੇ ਹਨ

ਮੈਂ ਸਲੈਟਨਜ਼ ਨੂੰ ਉਨ੍ਹਾਂ ਦੇ ਐਰੀਜ਼ੋਨਾ ਸਥਿਤ ਟਰੰਪ ਨਾਲ ਸਬੰਧਤ ਸਮਾਨ ਵਾਲੀ ਦੁਕਾਨ (ਸਟੋਰ) ਵਿੱਚ ਮਿਲੀ।

ਇਨ੍ਹਾਂ ਗਰਮੀਆਂ ਵਿੱਚ ਅਮਰੀਕਾ ਦੀ ਇੱਕ-ਮਹੀਨੇ ਦੀ ਸੜਕ ਯਾਤਰਾ ਦੌਰਾਨ ਇਹ ਮੇਰੇ ਪਹਿਲੇ ਪੜਾਵਾਂ ਵਿੱਚੋਂ ਇੱਕ ਸੀ।

ਇਹ ਟੂਰ, ਮੈਂ ਇਹ ਸਮਝਣ ਲਈ ਕਰ ਰਹੀ ਸੀ ਕਿ ਅਗਾਮੀ ਯੂ.ਐਸ ਚੋਣਾਂ ਇਨ੍ਹੀਆਂ ਅਹਿਮ ਕਿਉਂ ਲੱਗ ਰਹੀਆਂ ਹਨ ਅਤੇ ਸ਼ਾਇਦ ਥੋੜ੍ਹੀਆਂ ਬਦਸ਼ਗਨੀਆਂ ਵੀ।

ਉਹ ਬਜ਼ੁਰਗ ਜੋੜਾ ਖੁਸ਼ਦਿਲ ਮੇਜ਼ਬਾਨ ਸੀ। ਉਹ ਮਜ਼ਾਕੀਆ ਅਤੇ ਦਿਆਲੂ ਸੀ। ਉਨ੍ਹਾਂ ਨੇ ਮੈਨੂੰ ਟਰੰਪ ਨਾਲ ਸਬੰਧਤ ਸਮਾਨ ਨਾਲ ਭਰਿਆ ਸਟੋਰ ਦਿਖਾਇਆ।

ਅਮਰੀਕਾ ਮਿਡ-ਟਰਮ ਚੋਣਾਂ
ਤਸਵੀਰ ਕੈਪਸ਼ਨ, ਅਮਰੀਕੀ ਰੈਂਬੋ' ਦੇ ਰੂਪ ਵਿੱਚ ਟਰੰਪ ਨੂੰ ਪਸੰਦ ਕਰਦੇ ਹਨ

ਮੈਂ ਦੇਖਿਆ ਵਾਕਈ ਅਜਿਹੇ ਲੋਕ ਹਨ, ਜੋ ਸਾਬਕਾ ਰਾਸ਼ਟਰਪਤੀ ਟਰੰਪ ਦਾ ਆਦਮ-ਕੱਦ ਕੱਟਆਊਟ 100 ਡਾਲਰ ਕੀਮਤ ਅਦਾ ਕਰਕੇ ਖ਼ਰੀਦ ਦੇ ਹਨ ਤਾਂ ਜੋ ਆਪਣੇ ਘਰ ਦੇ ਲਿਵਿੰਗ ਰੂਮ ਵਿੱਚ ਰੱਖ ਸਕਣ।

ਦਰਅਸਲ, ਅਜਿਹੇ ਕਾਫ਼ੀ ਲੋਕ ਹਨ। 'ਰੈਂਬੋ' ਦੇ ਰੂਪ ਵਿੱਚ ਟਰੰਪ, ਉਨ੍ਹਾਂ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਚੀਜ਼ਾਂ ਵਿੱਚੋਂ ਹੈ।

ਅਸੀਂ ਇਤਿਹਾਸ, ਆਰਥਿਕਤਾ ਅਤੇ ਇੱਥੋਂ ਤੱਕ ਕਿ ਗਰਭਪਾਤ ਵਰਗੇ ਮੁੱਦਿਆਂ ਬਾਰੇ ਵੀ ਗੱਲਬਾਤ ਕੀਤੀ।

ਉਦੋਂ ਹੀ ਮੈਂ 2020 ਦੀਆਂ ਚੋਣਾਂ ਗ਼ਲਤ ਢੰਗ ਨਾਲ ਹੋਣ ਦੇ ਉਨ੍ਹਾਂ ਦੇ ਵਿਸ਼ਵਾਸ ਬਾਰੇ ਸਵਾਲ ਚੁੱਕਿਆ।

ਕੀ ਇਹ ਸੰਭਵ ਨਹੀਂ ਸੀ ਕਿ ਲੱਖਾਂ ਦੀ ਗਿਣਤੀ ਵਿੱਚ ਅਮਰੀਕੀਆਂ ਨੂੰ ਰਾਸ਼ਟਰਪਤੀ ਟਰੰਪ ਪਸੰਦ ਨਾ ਹੋਣ ਅਤੇ ਇਸੇ ਲਈ ਜੋਅ ਬਾਇਡਨ ਜਿੱਤੇ ਹੋਣ ?

ਕੈਰਨ ਨੇ ਜਵਾਬ ਦਿੱਤਾ, "ਜੇ ਤੁਸੀਂ ਇੱਕ ਪਾਗ਼ਲ ਲਿਬਰਲ ਹੋ ਤਾਂ ਸਾਨੂੰ ਤੁਹਾਡੀ ਗੱਲਬਾਤ ਵਿਚ ਦਿਲਚਸਪੀ ਨਹੀਂ ਹੈ।

ਬੀਬੀਸੀ

ਟਰੰਪ ਸਮਰਥਕਾਂ ਤੇ ਵਿਰੋਧੀਆਂ ਵਿੱਚ ਰੌਲਾ ਕਿਉਂ

  • ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਜਿਸ ਦਿਨ ਤੋਂ ਵੋਟਾਂ ਪਈਆਂ ਹਨ, ਉਸੇ ਰਾਤ ਡੌਨਲਡ ਟਰੰਪ ਨੇ ਵ੍ਹਾਈਟ ਹਾਊਸ ਦੇ ਈਸਟ ਰੂਮ ਦੀ ਸਟੇਜ 'ਤੇ ਆ ਕੇ ਜਿੱਤ ਦਾ ਐਲਾਨ ਕੀਤਾ ਸੀ।
  • ਨਤੀਜਿਆਂ ਤੋਂ ਇੱਕ ਘੰਟਾ ਪਹਿਲਾਂ ਉਨ੍ਹਾਂ ਟਵੀਟ ਕੀਤਾ ਸੀ, "ਉਹ ਲੋਕ ਚੋਣਾਂ ਦੇ ਨਤੀਜੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।"
  • 65 ਦਿਨਾਂ ਦੇ ਬਾਅਦ ਦੰਗਾਕਾਰੀਆਂ ਵਲੋਂ ਸਮੂਹ ਨੇ ਅਮਰੀਕਾ ਦੀ ਕੈਪੀਟਲ ਬਿਲਡਿੰਗ ਨੂੰ ਤਹਿਸ ਨਹਿਸ ਕਰ ਦਿੱਤਾ।
  • ਇੰਨ੍ਹਾਂ ਦੰਗਾਈਆਂ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਸ਼ਾਮਿਲ ਸਨ, ਕੱਟੜ ਸੱਜੇ-ਪੱਖੀ, ਆਨਲਾਈਨ ਟਰੋਲ ਕਰਨ ਵਾਲੇ ਅਤੇ ਡੌਨਲਡ ਟਰੰਪ ਸਮਰਥਕ ਕੁਆਨਨ ਦਾ ਸਮੂਹ ਜੋ ਮੰਨਦਾ ਹੈ ਕਿ ਦੁਨੀਆਂ ਨੂੰ ਪੀਡੋਫ਼ਾਈਲ ਲੋਕਾਂ ਦਾ ਸਮੂਹ ਚਲਾ ਰਿਹਾ ਹੈ ਅਤੇ ਟਰੰਪ ਸਭ ਨੂੰ ਸਬਕ ਸਿਖਾਏਗਾ।
  • ਹਾਊਸ ਆਫ ਰਿਪਰਜ਼ੈਨਟੇਟਿਵਸ ਵਿੱਚ ਇੱਕ ਸੰਖੇਪ ਇਜਲਾਸ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ਼ ਮਹਾਂਦੋਸ਼ ਦਾ ਮੁਕੱਦਮ ਚਲਾਉਣ ਲਈ ਪ੍ਰਸਤਾਵ ਪੇਸ਼ ਕਰ ਦਿੱਤਾ ਹੈ।
  • ਇਸ ਘਟਨਾ ਤੋਂ ਬਾਅਦ ਟਰੰਪ ਸਮਰਥਕਾਂ ਤੇ ਵਿਰੋਧੀਆਂ ਵਿੱਚ ਵਖਰੇਵੇਂ ਪ੍ਰਤੱਖ ਤੌਰ ’ਤੇ ਨਜ਼ਰ ਆਉਣ ਲੱਗੇ।
  • ਕਈ ਅਮਰੀਕੀ ਨਾਗਰਿਕਾਂ ਦਾ ਚੋਣ ਪ੍ਰੀਕ੍ਰਿਆ ਵਿੱਚ ਵਿਸ਼ਵਾਸ ਘਟਿਆ।
  • ਕਿਉਂਜੋ ਮਿਡ-ਟਰਮ ਚੋਣਾਂ ਵਾਈਟ੍ਹ ਹਾਊਸ ਵਿੱਚ ਨਹੀਂ ਹੁੰਦੀਆਂ ਇਸ ਲਈ ਇਨ੍ਹਾਂ ਵਿੱਚ ਲੋਕ ਵਧੇਰੇ ਦਿਲਚਸਪੀ ਨਹੀਂ ਲੈਂਦੇ ਤੇ ਕਰੀਬ 40 ਫ਼ੀਸਦੀ ਹੀ ਵੋਟਾਂ ਪੈਂਦੀਆਂ ਹਨ।
  • ਜਦਕਿ ਰਾਸ਼ਟਰਪਤੀ ਚੋਣਾਂ ਵਿੱਚ 50-60 ਫ਼ੀਸਦੀ ਵੋਟਾਂ ਪੈ ਜਾਂਦੀਆਂ ਹਨ।
ਬੀਬੀਸੀ

'ਦਾ ਸੈਂਟਰਲ ਨਿਊਜ਼', ਮੈਂ ਉਨ੍ਹਾਂ ਨੂੰ 'ਝੂਠੀ ਖ਼ਬਰ' ਨਹੀਂ ਕਹਾਂਗੀ ਪਰ ਇਹ ਜ਼ਰੂਰ ਹੀ ਗ਼ਲਤ ਖ਼ਬਰ ਹੈ ਕਿ ਅਮਰੀਕਾ ਟਰੰਪ ਨੂੰ ਪਸੰਦ ਨਹੀਂ ਕਰਦਾ। ਅਮਰੀਕਾ ਤਾਂ ਟਰੰਪ ਨੂੰ ਪਿਆਰ ਕਰਦਾ ਹੈ।"

ਬੀਬੀਸੀ ਫੇਕ ਨਿਊਜ਼ ਨਹੀਂ ਹੈ, ਪਰ ਮੈਂ ਗੱਲ ਛੱਡ ਦਿੱਤੀ, ਕਿਉਂ ਕਿ ਉਨ੍ਹਾਂ ਦੇ ਖਾਨਾਜੰਗੀ ਦੇ ਵਿਚਾਰ ਬਾਰੇ ਸਪੱਸ਼ਟੀਕਰਨ ਦੀ ਲੋੜ ਸੀ।

ਸਟੀਵ ਨੇ ਇਸ ਬਾਰੇ ਚੰਗੀ ਤਰ੍ਹਾਂ ਸੋਚਿਆ ਹੋਇਆ ਸੀ, "ਇਹ ਛੋਟੇ ਪੱਧਰ ਤੋਂ ਸ਼ੁਰੂ ਹੋਏਗੀ। ਜਿਵੇਂ ਕਿ ਸ਼ਹਿਰ ਬਨਾਮ ਸ਼ਹਿਰ, ਸਟੇਟ ਬਨਾਮ ਸਟੇਟ।

ਲੋਕ ਦੂਜੇ ਅਮਰੀਕੀ ਖਾਨਾਜੰਗੀ ਦੇ ਵਿਚਾਰ ਬਾਰੇ ਹੁਣ ਪਿਛਲੇ ਕਈ ਸਾਲਾਂ ਤੋਂ ਗੱਲ ਕਰ ਰਹੇ ਹਨ। ਸਾਲ 2020 ਦੀਆ ਚੋਣਾਂ ਤੋਂ ਲੈ ਕੇ, 6 ਜਨਵਰੀ 2021 ਨੂੰ ਕੈਪੀਟੋਲ ਵਿੱਚ ਹੋਏ ਦੰਗਿਆਂ ਤੋਂ ਇਸ ਬਾਰੇ ਵਿਚਾਰ ਕਰਦੇ ਆ ਰਹੇ ਹਨ।

ਮੈਨੂੰ ਇਸ 'ਤੇ ਯਕੀਨ ਕਰਨਾ ਬੇਹਦ ਮੁਸ਼ਕਿਲ ਲੱਗਦਾ ਹੈ, ਸ਼ਾਇਦ ਮੇਰੀ ਕਲਪਨਾ ਸ਼ਕਤੀ ਘੱਟ ਹੈ।

ਪਰ ਚੋਣਾਂ ਹਾਰਨ ਕਰਕੇ ਅਮਰੀਕੀਆਂ ਵੱਲੋਂ ਜੰਗ 'ਤੇ ਜਾਣ ਦਾ ਵਿਚਾਰ ਅਸੰਭਵ ਜਿਹਾ ਲੱਗਦਾ ਹੈ।

ਅਮਰੀਕਾ ਮਿਡ-ਟਰਮ ਚੋਣਾਂ
ਤਸਵੀਰ ਕੈਪਸ਼ਨ, ਕੈਰਨ ਕਹਿੰਦੇ ਹਨ ਉਹ ਆਪਣੇ ਵਿਸ਼ਵਾਸ ਲਈ ਲੜਨਗੇ

ਪਰ ਸਟੀਵ ਕਹਿੰਦਾ ਹੈ, "ਜਦੋਂ ਲਿੰਕਨ ਜਿੱਤੇ, ਉਸ ਨੇ ਸਾਊਥ ਨੂੰ ਹਿਲਾਇਆ।" ਅਮਰੀਕੀ ਗ੍ਰਹਿ-ਯੁੱਧਾਂ ਦਾ ਸਿਰਫ਼ ਇਹੀ ਮੂਲ ਨਹੀਂ ਹੈ, ਪਰ ਇਹ ਇਤਿਹਾਸ ਵਿੱਚ ਬਹਿਸ ਦਾ ਮੌਕਾ ਨਹੀਂ ਬਣਿਆ, ਜਦਕਿ ਵਰਤਮਾਨ ਨੂੰ ਧਿਆਨ ਦੇਣ ਦੀ ਲੋੜ ਹੈ।

ਮੈਂ ਜਦੋਂ ਇਸ ਬਜ਼ੁਰਗ ਜੋੜੇ ਕੋਲ਼ੋਂ ਵਾਪਸ ਮੁੜ ਰਹੀ ਸੀ ਤਾਂ ਸਟੀਵ ਨੇ ਚੇਤਾਵਨੀ ਦਿੱਤੀ।

ਇਹ ਅਮਰੀਕੀਆਂ ਨੇ ਮੁਸਕਰਾਹਟ ਨਾਲ ਕਿਹਾ ਸੀ ਪਰ ਫ਼ਿਰ ਵੀ ਕਰੂਰ ਸੀ, "ਇਹ ਅਸਲ ਵਿੱਚ ਬਹੁਤ ਖਤਰਨਾਕ ਹੋ ਸਕਦਾ ਹੈ", ਕਿੰਨਾ ਖਤਰਨਾਕ, ਮੈਂ ਇਹੀ ਜਾਨਣ ਦੀ ਕੋਸ਼ਿਸ਼ ਕਰ ਰਹੀ ਸੀ।

ਅਮਰੀਕਾ ਵਿੱਚ ਹਰ ਦੋ ਸਾਲ ਬਾਅਦ ਕਾਂਗਰਸ ਲਈ ਚੋਣਾਂ ਹੁੰਦੀਆਂ ਹਨ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਮੱਧ ਕਾਲ ਚੋਣਾਂ ਵਿੱਚ ਲੋਕਾਂ ਦੀ ਘੱਟ ਦਿਲਚਸਪੀ

ਇੱਕ ਸਾਲ ਬਾਅਦ ਹੋਣ ਵਾਲੀਆਂ ਚੋਣਾਂ, ਜੋ ਰਾਸ਼ਟਰਪਤੀ ਦੀ ਚੋਣ ਲਈ ਨਹੀਂ ਹੁੰਦੀਆਂ, ਉਨ੍ਹਾਂ ਨੂੰ ਮਿਡ-ਟਰਮ ਚੋਣਾਂ ਕਿਹਾ ਜਾਂਦਾ ਹੈ।

ਕਿਉਂਜੋ ਇਹ ਵਾਈਟ ਹਾਊਸ ਲਈ ਨਹੀਂ ਹੁੰਦੀਆਂ, ਇਸ ਲਈ ਮਿਡ-ਟਰਮ ਚੋਣਾਂ ਨੂੰ ਵਧੇਰੇ ਦਿਲਚਸਪੀ ਨਹੀਂ ਮਿਲਦੀ ਅਤੇ ਕਰੀਬ 40 ਫ਼ੀਸਦੀ ਹੀ ਵੋਟਾਂ ਪੈਂਦੀਆਂ ਹਨ।

ਜਦਕਿ ਰਾਸ਼ਟਰਪਤੀ ਚੋਣਾਂ ਵਿੱਚ 50-60 ਫ਼ੀਸਦੀ ਵੋਟਾਂ ਪੈ ਜਾਂਦੀਆਂ ਹਨ। ਪਰ ਇਸ ਸਾਲ ਹੋਣ ਜਾ ਰਹੀਆਂ ਮਿਡ-ਟਰਮ ਚੋਣਾਂ ਕੁਝ ਵੱਖਰੀਆਂ ਹਨ।

ਕੈਪੀਟੋਲ ਹਿੰਸਾ ਤੋਂ ਬਾਅਦ ਉੱਥੇ ਹੋ ਰਹੀਆਂ ਪਹਿਲੀਆਂ ਕੌਮੀ ਪੱਧਰ ਦੀਆਂ ਚੋਣਾਂ ਹਨ। ਇਹ ਵੀ ਪਰਖਿਆ ਜਾਣਾ ਹੈ ਕਿ ਅਮਰੀਕਾ ਵਿੱਚ ਬਿਨ੍ਹਾਂ ਹਿੰਸਾ ਤੋਂ ਚੋਣ ਹੋ ਸਕਦੀ ਹੈ ਜਾਂ ਨਹੀਂ।

ਸਪੱਸ਼ਟ ਕਰ ਦੇਈਏ, ਸਲੈਟਨਜ਼ ਜਿਹੇ ਬਜ਼ੁਰਗ ਜੋੜੇ ਵੱਲੋਂ ਚੋਣਾਂ ਤੋਂ ਪਹਿਲਾਂ ਜੰਗ ਦੀਆਂ ਗੱਲਾਂ ਕਰਨਾ ਸਧਾਰਨ ਨਹੀਂ ਹੈ।

ਪਿਛਲੇ ਢਾਈ ਦਹਾਕਿਆਂ ਵਿੱਚ ਮੈਂ 10 ਅਮਰੀਕੀ ਚੋਣ ਗੇੜ ਕਵਰ ਕੀਤੇ ਹਨ, ਮੈਂ ਕਦੇ ਵੀ ਵੋਟਰਾਂ ਨੂੰ ਸਿਆਸਤ ਬਾਰੇ ਇਸ ਹਿੰਸਕ ਅੰਦਾਜ਼ ਵਿੱਚ ਗੱਲ ਕਰਦੇ ਨਹੀਂ ਸੁਣਿਆ।

ਕੇਰਨ ਅਤੇ ਸਟੀਵ ਦੇ ਵਿਚਾਰ ਦਰਕਿਨਾਰ ਨਹੀਂ ਕੀਤੇ ਜਾ ਸਕਦੇ। ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਬਾਰੇ ਕੁਝ ਲੋਕਾਂ ਦੀ ਧਾਰਨਾ

ਅਮਰੀਕਾ ਮਿਡ-ਟਰਮ ਚੋਣਾਂ

2020 ਦੀਆਂ ਚੋਣਾਂ ਹਾਈਜੈਕ ਹੋਣ ਦਾ ਵਿਸ਼ਵਾਸ ਮੁੱਖ-ਧਾਰਾ ਵਿੱਚ ਲਾਗ਼ ਵਾਂਗ ਫੈਲ ਚੁੱਕਿਆ ਹੈ ਅਤੇ ਹੁਣ ਸਾਰੀ ਲੋਕਤੰਤਰਿਕ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਚੋਣਾਂ ਤੋਂ ਬਾਅਦ ਲੋਕਾਂ ਦੀ ਰਾਇ ਮੁਤਾਬਕ 70 ਫ਼ੀਸਦੀ ਰਿਪਬਲਿਕਨ ਮੰਨਦੇ ਹਨ ਕਿ ਜੋਅ ਬਾਇਡਨ ਜਾਇਜ਼ ਤਰੀਕੇ ਨਾਲ ਰਾਸ਼ਟਰਪਤੀ ਨਹੀਂ ਬਣੇ ਸਨ।

ਇਨ੍ਹਾਂ ਗਰਮੀਆਂ ਵਿੱਚ ਐਰੀਜ਼ੋਨਾ, ਵਾਇਓਮਿੰਗ, ਜੌਰਜੀਆ ਅਤੇ ਪੈਨਸਿਲਵਾਨੀਆ ਦੇ ਟੂਰ ਦੌਰਾਨ ਮੈਂ ਦਰਜਨਾਂ ਵੋਟਰਾਂ ਨੂੰ ਮਿਲੀ, ਜੋ ਮੰਨਦੇ ਸੀ ਕਿ ਜੋਅ ਬਾਇਡਨ ਅਮਰੀਕਾ ਦੇ ਜਾਇਜ਼ ਢੰਗ ਨਾਲ ਬਣੇ ਰਾਸ਼ਟਰਪਤੀ ਨਹੀਂ ਹਨ।

ਜੇ ਤੁਹਾਨੂੰ ਮਹਿਸੂਸ ਹੋਵੇ ਕਿ ਤੁਹਾਡੀਆਂ ਚੋਣਾਂ ਹਾਈਜੈਕ ਹੋਈਆਂ ਹਨ, ਤਾਂ ਤੁਹਾਡੇ ਅੰਦਰ ਵੀ ਗ਼ੁੱਸਾ ਹੋਏਗਾ।

ਤੁਹਾਨੂੰ ਲੱਗੇਗਾ ਕਿ ਇਸ ਲਈ ਲੜਨਾ ਚਾਹੀਦਾ ਹੈ। ਮੁਸ਼ਕਿਲ ਇਹ ਹੈ ਕਿ ਚੋਣਾਂ ਦੇ ਗ਼ੈਰ-ਕਾਨੂੰਨੀ ਹੋਣ ਬਾਰੇ ਕੋਈ ਸਬੂਤ ਨਹੀਂ ਹੈ।

ਡੋਨਲਡ ਟਰੰਪ ਦੇ ਵਕੀਲਾਂ ਵੱਲੋਂ ਚੋਣਾਂ ਵਿੱਚ ਘੁਟਾਲਾ ਹੋਣ ਬਾਰੇ 60 ਤੋਂ ਵੱਧ ਕਾਨੂੰਨੀ ਕੇਸ ਦਾਇਰ ਕੀਤੇ ਗਏ ਸੀ। ਇੱਕ ਨੂੰ ਛੱਡ ਕੇ ਸਾਰੇ ਮਾਮਲੇ ਸਬੂਤਾਂ ਦੀ ਘਾਟ ਹੋਣ ਕਾਰਨ ਰੱਦ ਕਰ ਦਿੱਤੇ ਗਏ ਹਨ।

ਇਨ੍ਹਾਂ ਵਿੱਚੋਂ ਕੁਝ ਕੇਸ ਤਾਂ ਟਰੰਪ ਦੁਆਰਾ ਨਿਯੁਕਤ ਜੱਜਾਂ ਵੱਲੋਂ ਸੁਣੇ ਗਏ ਸੀ, ਪਰ ਫਿਰ ਵੀ ਉਹ ਕੇਸ ਰੱਦ ਹੋ ਗਏ।

ਐਰੀਜ਼ੋਨਾ ਅਤੇ ਜੌਰਜੀਆ ਜਿਹੇ ਰਾਜਾਂ ਵਿੱਚ ਚੋਣ ਅਫ਼ਸਰ ਵੀ ਕਹਿੰਦੇ ਹਨ ਕਿ ਚੋਣ ਪ੍ਰਕਿਰਿਆ ਨਿਰਪੱਖ ਅਤੇ ਸਹੀ ਢੰਗ ਨਾਲ ਹੋਈ ਹੈ। ਘੁਟਾਲੇ ਦਾ ਕੋਈ ਸਬੂਤ ਨਹੀਂ ਹੈ, ਜਿਸ ਨਾਲ ਜੋਅ ਬਾਇਡਨ ਦੀ ਜਿੱਤ ਨੂੰ ਝੁਠਲਾਇਆ ਜਾ ਸਕੇ।

ਪਰ ਇਸ ਸਭ ਨਾਲ ਚੋਣ ਘੁਟਾਲੇ ਵਾਲਾ ਵਾਇਰਸ ਫੈਲਣੋ ਨਾ ਰੁਕ ਸਕਿਆ। ਇਹ ਮਸਲਾ ਭਾਵੇਂ ਟਰੰਪ ਤੋਂ ਸ਼ੁਰੂ ਹੋਇਆ ਹੋਵੇ, ਪਰ ਹੁਣ ਇਹ ਦੇਸ਼ ਭਰ ਵਿੱਚ ਫੈਲ ਚੁੱਕਿਆ ਹੈ ਅਤੇ ਬਹੁਤ ਵੱਡਾ ਬਣ ਗਿਆ ਹੈ।

ਇਹ ਹਥਿਆਰਾਂ ਤੇ ਟੈਕਸ ਬਾਰੇ ਨੀਤੀ ਸਬੰਧੀ ਮਸਲਿਆਂ ਤੋਂ ਬਹੁਤ ਵੱਖ ਹੈ। ਲੋਕਾਂ ਦੇ ਉਨ੍ਹਾਂ ਚੀਜ਼ਾਂ ਬਾਰੇ ਮਜ਼ਬੂਤ ਮਤ ਹਨ- ਪਰ ਉਨ੍ਹਾਂ ਮਸਲਿਆਂ ਵਿੱਚ ਅਸਹਿਮਤੀਆਂ ਬਾਰੇ ਬਹਿਸ ਲਈ ਦੋਹਾਂ ਪੱਖਾਂ ਕੋਲ ਤੱਥ ਹਨ।

'ਚੋਣ ਵਿੱਚ ਘਪਲਾ ਹੋਣ' ਬਾਰੇ ਬਹਿਸ ਕੀਤੀ ਹੀ ਨਹੀਂ ਜਾ ਸਕਦੀ। ਦਲੀਲ ਦੇ ਉਸ ਪਾਰ ਕੋਈ ਤੱਥ ਨਹੀਂ ਹਨ। ਇਹ ਇੱਕ ਅੰਨ੍ਹਾ ਭਰੋਸਾ ਲਗਦਾ ਹੈ।

ਮੇਰੀਆਂ ਇੰਟਰਵਿਊਜ਼ ਤੋਂ ਮੈਨੂੰ ਲਗਦਾ ਹੈ ਕਿ ਜੇ ਟਰੰਪ ਵੀ ਕਹਿ ਦੇਣ ਕਿ ਬਾਇਡਨ ਨਿਰਪੱਖ ਤਰੀਕੇ ਨਾਲ ਜਿੱਤੇ, ਤਾਂ ਵੀ ਉਨ੍ਹਾਂ ਲੋਕਾਂ ਦੀ ਰਾਇ ਨਹੀਂ ਬਦਲੇਗੀ।

ਅਮਰੀਕਾ ਮਿਡ-ਟਰਮ ਚੋਣਾਂ
ਤਸਵੀਰ ਕੈਪਸ਼ਨ, ਡਾਇਡਰ ਹੋਲਡਨ, ਇੱਕ ਅਣਚੁਣੇ ਸਿਵਲ ਅਧਿਕਾਰੀ ਨੂੰ 2020 ਵਿੱਚ ਗੁੱਸੇ ਵਿੱਚ ਆਏ ਮਤਦਾਤਾਵਾਂ ਵਲੋਂ ਧਮਕੀਆਂ ਦਿੱਤੀਆਂ ਗਈਆਂ

"ਮੈਂ ਡਰੀ ਨਹੀਂ ਸੀ, ਮੈਂ ਗ਼ੁੱਸੇ ਵਿੱਚ ਸੀ"

ਇਸ ਸਾਜਿਸ਼ ਦਾ ਅਮਰੀਕੀ ਮੱਧਵਰਤੀ ਚੋਣਾਂ ਉੱਤੇ ਅਸਰ ਮੈਨੂੰ ਜੌਰਜੀਆ ਦੇ ਚੋਣ ਦਫ਼ਤਰਾਂ ਵਿੱਚ ਜਾ ਕੇ ਸਪੱਸ਼ਟ ਹੋਇਆ, ਜਿੱਥੇ ਅਫਸਰ ਥੋੜ੍ਹੀ ਘਬਰਾਹਟ ਨਾਲ ਮੱਧਵਰਤੀ ਚੋਣਾਂ ਦੀ ਤਿਆਰੀ ਕਰ ਰਹੇ ਹਨ।

ਡਾਇਡਰ ਹੋਲਡਨ ਸਿਵਲ ਅਧਿਕਾਰੀ ਹਨ, ਜੋ ਵੋਟਾਂ ਦੀ ਪ੍ਰਕਿਰਿਆ ਅਤੇ ਵੋਟਰ ਰਜਿਸਟਰੇਸ਼ਨ ਦੇ ਸੁਪਰਵਾਈਜ਼ਰ ਵਜੋਂ ਕੰਮ ਕਰ ਰਹੇ ਹਨ।

ਉਹ ਚੋਣ ਪ੍ਰਕਿਰਿਆ ਦੀ ਇੰਚਾਰਜ ਹੈ, ਹਰ ਪੋਲਿੰਗ ਸਟੇਸ਼ਨ ਵਿੱਚ ਬਿਨ੍ਹਾਂ ਰੁਕਾਵਟ ਵੋਟਾਂ ਪੈਣ, ਵੋਟਿੰਗ ਬੈਲਟ ਸੁਰੱਖਿਅਤ ਤਰੀਕੇ ਨਾਲ ਇਕੱਠੇ ਕਰਨ ਅਤੇ ਵੋਟਾਂ ਦੀ ਸਹੀ ਗਿਣਤੀ ਕਰਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।

ਹੋਲਡਨ ਜਲਦੀ ਕਿਤੇ ਕਮਜ਼ੋਰ ਨਹੀਂ ਪੈਂਦੀ, ਪਰ ਜਦੋਂ ਉਹ 2020 ਦੀਆਂ ਚੋਣਾਂ ਬਾਅਦ ਉਸ ਨੂੰ ਆਇਆ ਧਮਕੀ ਭਰਿਆ ਪੱਤਰ ਦੁਬਾਰਾ ਪੜ੍ਹਦੀ ਹੈ ਤਾਂ ਇੱਕ ਸੈਕਿੰਡ ਲਈ ਗਲਾ ਭਰ ਜਾਂਦਾ ਹੈ।

ਉਸ ਵਿੱਚ ਲਿਖਿਆ, " ਇਹ ਚੋਣ ਬੜੀ ਸਖ਼ਤ ਹੋ ਰਹੀ ਹੈ। ਇਸ ਕਾਊਂਟੀ (ਕਿਸੇ ਦੇਸ਼ ਜਾਂ ਸੂਬੇ ਦੀ ਪ੍ਰਬੰਧਕੀ ਡਵੀਜ਼ਨ) ਦੇ ਸਾਰੇ ਪੋਲਿੰਗ ਸਟੇਸ਼ਨਾਂ ਵਿੱਚ ਧਮਾਕੇ ਹੋਣਗੇ। ਕਿਸੇ ਨੂੰ ਨਹੀਂ ਬਖ਼ਸ਼ਿਆ ਜਾਏਗਾ। ਯਕੀਨ ਨਹੀਂ ਆ ਰਿਹਾ, ਤਾਂ ਕੋਸ਼ਿਸ਼ ਕਰ ਕੇ ਦੇਖੋ। ਤੁਹਾਨੂੰ ਚੇਤਵਾਨੀ ਦੇ ਦਿੱਤੀ ਗਈ ਹੈ। ਤੁਸੀਂ ਸਭ ਖਤਮ ਹੋਵੋਗੇ।"

ਡਾਇਡਰ ਨੇ ਖ਼ਤ ਰੱਖਿਆ ਅਤੇ ਆਪਣੀ ਅੱਖ ਪੂੰਝੀ।

ਜੇ ਮੈਨੂੰ ਇਹ ਸੁਨੇਹਾ ਮਿਲਿਆ ਤਾਂ ਮੈ ਕੰਮ 'ਤੇ ਆਉਣ ਤੋਂ ਡਰਾਂਗੀ, ਪਰ ਮੈਨੂੰ ਡਰ ਦੀ ਬਜਾਇ ਗ਼ੁੱਸਾ ਦਿਖ ਰਿਹਾ ਹੈ। ਡਾਇਡਰ ਨੇ ਜਵਾਬ ਦਿੱਤਾ, "ਮੈਨੂੰ ਕਦੇ ਡਰ ਨਹੀਂ ਲੱਗਿਆ। ਮੈਂ ਗ਼ੁੱਸੇ ਵਿੱਚ ਸੀ।

ਇਸ ਗੱਲ ਦਾ ਗੁੱਸਾ ਕਿ ਕੋਈ ਸਾਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਨ੍ਹਾਂ ਲੋਕਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਸਿਰਫ਼ ਵੋਟ ਪਾਉਣਾ ਚਾਹੁੰਦੇ ਹਨ। ਇਹ ਗੱਲ ਮੈਨੂੰ ਹਜ਼ਮ ਨਹੀਂ ਹੁੰਦੀ।"

ਜਦੋਂ 2020 ਦੀਆਂ ਚੋਣਾਂ ਤੋਂ ਬਾਅਦ ਉਸ ਦੇ ਪੌਲਿੰਗ ਕਾਊਂਟੀ ਦੇ ਦਫ਼ਤਰ ਨੂੰ ਉਹ ਧਮਕੀ ਆਈ, ਤਾਂ ਉਨ੍ਹਾਂ ਨੇ ਐਫਬੀਆਈ ਨੂੰ ਦੱਸਿਆ।

ਅਮਰੀਕਾ ਮਿਡ-ਟਰਮ ਚੋਣਾਂ

ਤਸਵੀਰ ਸਰੋਤ, Getty Images

ਐੱਫ਼ਬੀਆਈ ਏਜੰਟਾਂ ਨੇ ਉਸ ਨੂੰ ਕਾਰ ਦਫ਼ਤਰ ਦੀ ਖਿੜਕੀ ਦੇ ਬਾਹਰ ਪਾਰਕ ਕਰਨ ਦੀ ਨਸਹੀਤ ਦਿੱਤੀ, ਕਿ ਇਸ ਨਾਲ ਧਮਾਕੇ ਦਾ ਅਸਰ ਘਟਾਉਣ ਵਿੱਚ ਮਦਦ ਮਿਲੇਗੀ।

ਡਾਇਡਰ ਇਕਲੌਤੀ ਅਫ਼ਸਰ ਨਹੀਂ ਹੈ, ਜਿਸ ਨੂੰ ਚੋਣਾਂ ਤੋਂ ਬਾਅਦ ਧਮਕਾਇਆ ਗਿਆ। ਕੈਪਟੋਲ ਹਿੰਸਾ ਦੀ ਜਾਂਚ ਕਰ ਰਹੀ ਸਿਲੈਕਟ ਕਮੇਟੀ ਨੇ ਕਈ ਗਵਾਹਾਂ ਨਾਲ ਗੱਲ-ਬਾਤ ਕੀਤੀ, ਜਿਨ੍ਹਾਂ ਨੂੰ ਧਮਕਾਇਆ ਗਿਆ ਸੀ।

ਜਦੋਂ ਫ਼ਿਲਾਡੈਲਫੀਆ ਵਿੱਚ ਚੁਣੇ ਹੋਏ ਸ਼ਹਿਰ ਦੇ ਰਿਪਬਲਿਕਨ ਕਮਿਸ਼ਨਰ ਨੇ ਚੋਣਾਂ ਸਹੀ ਹੋਣ ਦੀ ਗੱਲ ਕੀਤੀ ਅਤੇ ਜੋਅ ਬਾਇਡਨ ਦੀ ਜਿੱਤ ਦੀ ਪੁਸ਼ਟੀ ਕੀਤੀ ਤਾਂ ਉਨ੍ਹਾਂ ਨੂੰ ਮੈਸੇਜ ਆਇਆ, "ਤੂੰ ਝੂਠ ਬੋਲਿਆ, ਤੂੰ ਗ਼ੱਦਾਰ ਹੈਂ। 75 ਚੀਰੇ ਅਤੇ 20 ਗੋਲੀਆਂ ਜਲਦੀ ਸਹਿਣੀਆਂ ਪੈਣਗੀਆਂ।"

2020 ਦੀਆਂ ਚੋਣਾਂ ਤੋਂ ਬਾਅਦ ਦੀ ਬਰੈਨਨ ਸੈਂਟਰ ਫ਼ਾਰ ਪਬਲਿਕ ਜਸਟਿਸ ਨੇ ਜਾਂਚ ਕੀਤੀ ਅਤੇ ਸਿੱਟਾ ਕੱਢਿਆ ਕਿ ਚੁਣੇ ਅਤੇ ਅਣ-ਚੁਣੇ ਦੋਹਾਂ ਹੀ ਤਰ੍ਹਾਂ ਦੇ ਵੱਡੀ ਗਿਣਤੀ ਚੋਣ ਅਫ਼ਸਰਾਂ ਨੂੰ ਧਮਕੀਆਂ ਮਿਲੀਆਂ।

ਤਿੰਨ ਵਿੱਚੋਂ ਇੱਕ ਚੋਣ ਅਫ਼ਸਰ ਨੇ ਕਿਹਾ ਕਿ ਡਿਊਟੀ ਦੌਰਾਨ ਉਨ੍ਹਾਂ ਨੇ ਅਸੁਰੱਖਿਅਤ ਮਹਿਸੂਸ ਕੀਤਾ। 2020 ਬਾਅਦ ਬਹੁਤ ਸਾਰੇ ਛੱਡ ਕੇ ਗਏ।

ਸਵਾਲ ਹੈ ਕਿ ਹੁਣ ਇੰਨੀ ਜ਼ਿਆਦਾ ਬੇ-ਭਰੋਸਗੀ ਅਤੇ ਗੁੱਸਾ ਕਿਉਂ?

ਦਹਾਕਿਆਂ ਤੋਂ ਅਮਰੀਕੀਆਂ ਦਾ ਧਰੁਵੀਕਰਨ ਹੋਇਆ ਹੈ ਅਤੇ ਇਹ ਇੱਥੇ ਹੋਈ ਕੋਈ ਪਹਿਲੀ ਸਾਜ਼ਿਸ਼ ਨਹੀਂ ਹੈ।

ਪਰ ਅਸੀਂ ਇਸ ਤੋਂ ਪਹਿਲਾਂ ਕੈਪੀਟੋਲ 'ਤੇ ਉਹ ਹੰਗਾਮਾ ਕਦੇ ਨਹੀਂ ਦੇਖਿਆ ਅਤੇ ਨਾ ਹੀ ਚੋਣ ਅਧਿਕਾਰੀਆਂ ਨੂੰ ਇੰਨੀਆਂ ਧਮਕੀਆਂ, ਨਾ ਹੀ ਚੋਣਾਂ ਦੇ ਨਿਯਮ ਬਦਲਣ ਬਾਰੇ ਬਹੁਤਾ ਧਿਆਨ ਦਿੱਤਾ ਗਿਆ ਸੀ।

ਜਵਾਬ ਹੈ, ਜ਼ਿਆਦਾਤਰ ਸਿਆਸੀ ਨਿਰੀਖਕ ਸੁਝਾਅ ਦਿੰਦੇ ਹਨ ਕਿ ਬਹੁਤ ਸਾਰੀਆਂ ਘਟਨਾਵਾਂ ਦੇ ਸੁਮੇਲ ਨੇ ਚੋਣਾਂ ਨੂੰ ਨਕਾਰਨ ਦੀ ਸਾਜ਼ਿਸ਼ ਨੂੰ ਜਨਮ ਦਿੱਤਾ ਅਤੇ ਸਾਰੇ ਢਾਂਚੇ ਨੂੰ ਕਮਜ਼ੋਰ ਕਰ ਦਿੱਤਾ।

ਪਹਿਲੀ ਗੱਲ, ਟਰੰਪ ਨੇ ਚੋਣਾਂ ਤੋਂ ਬਹੁਤ ਪਹਿਲਾਂ ਹੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਚੋਣਾਂ ਵਿੱਚ ਉਨ੍ਹਾਂ ਖ਼ਿਲਾਫ ਧਾਂਦਲੀ ਕੀਤੀ ਜਾਏਗੀ।

ਵੋਟਾਂ ਪੈਣ ਤੋਂ ਪਹਿਲਾਂ ਹੀ ਟਰੰਪ ਨੇ ਭਰੋਸੇ ਨੂੰ ਕਮਜ਼ੋਰ ਕਰ ਦਿੱਤਾ। ਫਿਰ, ਕੋਵਿਡ ਸਬੰਧੀ ਪਾਬੰਦੀਆਂ ਦੇ ਮੱਦੇਨਜ਼ਰ 2020 ਵਿੱਚ ਚੋਣਾਂ ਦੇ ਨਿਯਮ ਬਦਲ ਦਿੱਤੇ ਗਏ।

ਅਮਰੀਕਾ ਮਿਡ-ਟਰਮ ਚੋਣਾਂ

ਤਸਵੀਰ ਸਰੋਤ, Getty Images

ਚੋਣਾਂ ਨੂੰ ਨਕਾਰਨ ਵਾਲੇ ਕਹਿੰਦੇ ਹਨ ਕਿ ਉਹ ਬਦਲਾਅ ਜਿਸ ਵਿੱਚ ਵੋਟਿੰਗ ਜਲਦੀ ਸ਼ੁਰੂ ਹੋਣਾ ਅਤੇ ਵਧੇਰੇ ਪੋਸਟਲ ਵੋਟਾਂ ਹੋਣ ਨੇ, ਢਾਂਚੇ ਨੂੰ ਧਾਂਦਲੀਆਂ ਲਈ ਖੋਲ੍ਹ ਦਿੱਤਾ। (ਹਾਲਾਂਕਿ ਇਸ ਦਾ ਕੋਈ ਸਬੂਤ ਨਹੀਂ ਹੈ)

‘ਦਾ ਬਰੈਨਨ’ ਰਿਪੋਰਟ ਵਿੱਚ ਸੋਸ਼ਲ ਮੀਡੀਆ ਦੇ ਅਸਰ ਬਾਰੇ ਵੀ ਜ਼ਿਕਰ ਹੈ। ਰਿਪੋਰਟ ਮੁਤਾਬਕ, "2020 ਵਿੱਚ ਸਿਆਸੀ ਅਦਾਕਾਰਾਂ ਨੇ ਅਕਸਰ ਸੋਸ਼ਲ ਮੀਡੀਆ 'ਤੇ ਚੋਣ ਪ੍ਰਕਿਰਿਆ ਬਾਰੇ ਵਧ ਚੜ੍ਹ ਕੇ ਝੂਠ ਬੋਲਿਆ। ਇਸ ਗਲਤ ਜਾਣਕਾਰੀ ਨੇ ਚੋਣ ਅਧਿਕਾਰੀਆਂ ਦੀ ਜ਼ਿੰਦਗੀ ਅਤੇ ਕਰੀਅਰ ਵਿੱਚ ਬਹੁਤ ਤਬਦੀਲੀਆਂ ਲਿਆਂਦੀਆਂ।"

ਰਿਪੋਰਟ ਮੁਤਾਬਕ, 80 ਫ਼ੀਸਦੀ ਚੋਣ ਅਧਿਕਾਰੀਆਂ ਨੇ ਕਿਹਾ ਕਿ ਗ਼ਲਤ ਜਾਣਕਾਰੀਆਂ ਵਿੱਚ ਵਾਧੇ ਨੇ ਉਨ੍ਹਾਂ ਦਾ ਕੰਮ ਬਹੁਤ ਔਖਾ ਕਰ ਦਿੱਤਾ ਹੈ। ਤਕਰੀਬਨ ਅੱਧਿਆਂ ਨੇ ਕਿਹਾ ਕਿ ਇਹ ਖ਼ਤਰਨਾਕ ਹੋ ਗਿਆ ਹੈ।

ਚੋਣ ਅਧਿਕਾਰੀ ਡਾਇਡਰ ਨੇ ਕਿਹਾ, "ਲੋਕਾਂ ਦਾ ਭਰੋਸਾ ਉੱਠ ਗਿਆ ਹੈ, ਇਹੀ ਗੱਲ ਮੇਰਾ ਦਿਲ ਤੋੜਦੀ ਹੈ।"

ਸਲੈਟਨਜ਼ ਦੀ ਤਰ੍ਹਾਂ ਡਾਇਡਰ ਵੀ ਮੈਨੂੰ ਇੱਕ ਚੇਤਾਵਨੀ ਨਾਲ ਛੱਡ ਗਈ-"ਨਵੰਬਰ ਵਿੱਚ ਹੋਣ ਵਾਲੀਆਂ ਮੱਧਵਰਤੀ ਚੋਣਾਂ ਉਸ ਤੋਂ ਵੀ ਬੁਰੀਆਂ ਹੋਣ ਜਾ ਰਹੀਆਂ ਹਨ।"

ਚੋਣਾਂ ਵਿੱਚ ਭਰੋਸਾ ਘਟ ਰਿਹਾ ਹੈ

ਡਾਇਡਰ ਨਿਰਪੱਖ ਹੈ। ਮੈਂ ਉਸ ਨਾਲ ਕੁਝ ਘੰਟੇ ਬਿਤਾਏ ਅਤੇ ਮੈਂ ਇਮਾਨਦਾਰੀ ਨਾਲ ਕਹਿ ਸਕਦੀ ਹਾਂ ਕਿ ਮੈਨੂੰ ਉਸ ਦੇ ਵੋਟ ਪਾਉਣ ਦੇ ਤਰੀਕੇ ਬਾਰੇ ਕੁਝ ਨਹੀਂ ਪਤਾ। ਇਹੀ ਹੋਣਾ ਚਾਹੀਦਾ ਹੈ।

ਲੋਕਤੰਤਰ ਵਿੱਚ ਚੋਣ ਪ੍ਰਕਿਰਿਆ ਦਾ ਕੰਮ ਉਨ੍ਹਾਂ ਅਧਿਕਾਰੀਆਂ ਦੇ ਹੱਥ ਹੀ ਹੋਣਾ ਚਾਹੀਦਾ ਹੈ, ਜੋ ਪੱਖਪਾਤੀ ਨਾ ਹੋਣ। ਜੋ ਲੋਕ ਵੋਟਿੰਗ ਦੇ ਪ੍ਰਬੰਧ ਕਰਦੇ ਹਨ, ਬੈਲਟ ਪੇਪਰ ਗਿਣਦੇ ਹਨ ਅਤੇ ਨਤੀਜੇ ਪ੍ਰਮਾਣਿਤ ਕਰਦੇ ਹਨ, ਚੋਣ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਆਪਣੀ ਸਿਆਸੀ ਰਾਇ ਦਾ ਦਖਲ ਨਹੀਂ ਹੋਣਾ ਚਾਹੀਦਾ। ਜਦੋਂ ਅਜਿਹਾ ਕਰਦੇ ਹਨ, ਤਾਂ ਭਰੋਸਾ ਟੁੱਟਦਾ ਹੈ।

2020 ਦੀਆਂ ਚੋਣਾਂ ਦੇ ਵਿਵਾਦ ਨੇ ਦਿਖਾਇਆ ਹੈ ਕਿ ਅਮਰੀਕੀ ਢਾਂਚੇ ਦੀ ਕਮਜ਼ੋਰੀ ਦਿਖਾਈ ਹੈ।

ਅਮਰੀਕਾ ਪੱਛਮੀ ਦੇਸ਼ਾਂ ਵਿੱਚ ਇਕਲੌਤਾ ਲੋਕਤੰਤਰ ਹੈ, ਜਿੱਥੇ ਸੀਨੀਅਰ ਚੋਣ ਅਧਿਕਾਰੀ, ਸਿਵਲ ਸਰਵੈਂਟ ਨਹੀਂ ਹੁੰਦੇ।

ਸੂਬੇ ਦੇ ਪੱਧਰ 'ਤੇ ਸੂਬੇ ਦਾ ਸਕੱਤਰ ਚੋਣਾਂ ਕਰਵਾਉਂਦਾ ਹੈ ਅਤੇ ਉਸ ਸ਼ਖ਼ਸ ਨੂੰ ਡੈਮੋਕਰੈਟ ਜਾਂ ਰਿਪਬਲਿਕਨ ਵਜੋਂ ਚੁਣਿਆ ਜਾਂਦਾ ਹੈ।

ਇਸ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਲਈ 200 ਰਿਪਬਲਿਕਨ ਅਜਿਹੇ ਹਨ, ਜੋ ਮੰਨਦੇ ਹਨ ਕਿ 2020 ਦੀ ਚੋਣ ਵਿੱਚ ਧਾਂਦਲੀ ਹੋਈ।

ਘੱਟੋ-ਘੱਟ ਸੱਤ ਸੂਬਿਆਂ ਵਿੱਚ ਚੋਣਾਂ ਨੂੰ ਨਕਾਰਨ ਵਾਲੇ ਚੋਣ ਡਿਊਟੀ ਵਿੱਚ ਸ਼ਾਮਿਲ ਹਨ ਜੋ ਸਿੱਧੇ ਰੂਪ ਵਿੱਚ ਵੋਟਿੰਗ ਪ੍ਰੀਕ੍ਰਿਆ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਵਾਈਟ੍ਹ ਹਾਊਸ ਕੌਣ ਜਾਏਗਾ, 2024 ਦੀ ਚੋਣ ਵਿੱਚ ਇਹ ਫ਼ੈਸਲਾ ਹੋਣ ਵਿੱਚ, ਇਨ੍ਹਾਂ ਲੋਕਾਂ ਦੀ ਖ਼ਾਸ ਭੂਮਿਕਾ ਹੋ ਸਕਦੀ ਹੈ।

ਇਨ੍ਹਾਂ ਸੰਵੇਦਨਸ਼ੀਲ ਅਹੁਦਿਆਂ ਵਿੱਚੋਂ ਇੱਕ ਹੈ ਸੂਬੇ ਦੇ ਸਕੱਤਰ ਦਾ ਅਹੁਦਾ। ਇਤਿਹਾਸ ਵਿੱਚ ਇਸ ਅਹੁਦੇ ਨੂੰ ਚੋਣ ਮੁਹਿੰਮਾਂ ਵਿੱਚ ਖਾਸ ਅਹਿਮੀਅਤ ਨਹੀਂ ਮਿਲੀ।

ਇਹ ਬਿਲਕੁਲ ਵੀ ਉਹ ਅਹੁਦਾ ਨਹੀਂ ਜਿਸ ਨੂੰ ਕੌਮੀ ਜਾਂ ਕੌਮਾਂਤਰੀ ਮੀਡੀਆ ਦੀ ਤਵੱਜੋ ਮਿਲਦੀ।

ਇਹ ਖਿਆਲ ਮੇਰੇ ਮਨ ਵਿੱਚ ਉਦੋਂ ਆਇਆ ਜਦੋਂ ਮੈਂ ਪ੍ਰਾਈਵੇਟ ਪਲੇਨ ਵਿੱਚ ਐਰੀਜ਼ੋਨਾ ਦੇ ਸੂਬਾ ਸਕੱਤਰ ਉਮੀਦਵਾਰ ਦਾ ਇੰਟਰਵਿਊ ਕਰ ਰਹੀ ਸੀ ਅਤੇ ਅਸੀਂ ਰੇਗਿਸਤਾਨ ਉੱਤੋਂ ਲੰਘ ਰਹੇ ਸੀ, ਇਸ ਤੋਂ ਪਤਾ ਲਗਦਾ ਹੈ ਕਿ ਇਹ ਮੱਧ-ਕਾਲੀ ਚੋਣਾਂ ਕਿੰਨੀਆਂ ਵੱਖ ਹਨ।

ਜਦੋਂ ਚੋਣ ਨਤੀਜਿਆਂ ਦਾ ਮੁਕਾਬਲਾ ਹੋਵੇ, ਸੂਬੇ ਦਾ ਸਕੱਤਰ ਅਚਾਨਕ ਬਹੁਤ ਮਹੱਤਵਪੂਰਨ ਬਣ ਜਾਂਦਾ ਹੈ।

ਉਨ੍ਹਾਂ ਕੋਲ ਯੋਗਤਾ ਹੁੰਦੀ ਹੈ ਕਿ ਲੋਕਾਂ ਦੇ ਵੋਟ ਪਾਉਣ ਦੇ ਤਰੀਕੇ ਨੂੰ ਬਦਲ ਸਕਦੇ ਹਨ ਅਤੇ ਗਿਣਤੀ ਦੇ ਨਿਯਮ ਵੀ ਬਦਲ ਸਕਦੇ ਹਨ।

ਟਰੰਪ ਇਸ ਅਹੁਦੇ ਦੀ ਅਹਿਮੀਅਤ ਪੂਰੀ ਤਰ੍ਹਾਂ ਸਮਝਦੇ ਹਨ। 2 ਜਨਵਰੀ, 2021 ਨੂੰ ਟਰੰਪ ਨੇ ਜੌਰਜੀਆ ਦੇ ਸੂਬਾ ਸਕੱਤਰ ਬਰੈਡ ਰੈਫਨਸਪਰਗਰ ਨਾਲ ਗੱਲ ਕਰਕੇ ਉਨ੍ਹਾਂ ਲਈ 11,780 ਵਾਧੂ ਵੋਟਾਂ ਲੱਭਣ ਦੀ ਤਾਕੀਦ ਕੀਤੀ ਸੀ ਤਾਂ ਕਿ ਟਰੰਪ ਸੂਬੇ ਵਿੱਚੋਂ ਜਿੱਤ ਸਕਣ।

ਰੈਫ਼ਨਸਪਰਗਰ ਨੇ ਟਰੰਪ ਦੀ ਤਾਕੀਦ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

ਅਮਰੀਕਾ ਮਿਡ-ਟਰਮ ਚੋਣਾਂ

ਤਸਵੀਰ ਸਰੋਤ, Getty Images

ਹੁਣ ਸਾਬਕਾ ਰਾਸ਼ਟਰਪਤੀ ਟਰੰਪ ਯਕੀਨੀ ਕਰਨਾ ਚਾਹੁੰਦੇ ਹਨ ਕਿ ਸੂਬਾ ਸਕੱਤਰ ਦੇ ਅਹੁਦੇ 'ਤੇ ਉਨ੍ਹਾਂ ਦੇ ਸਾਥੀ ਹੋਣ ਅਤੇ ਜੇ ਉਹ 2024 ਵਿੱਚ ਚੋਣ ਲੜਦੇ ਹਨ ਤਾਂ ਉਨ੍ਹਾਂ ਤੋਂ ਮਦਦ ਲੈ ਸਕਣ।

ਮੱਧਵਰਤੀ ਚੋਣਾਂ ਵਿੱਚ ਕਰੀਬ ਅੱਧੀ ਦਰਜਨ ਸੂਬਿਆਂ ਅੰਦਰ ਦੋਵੇਂ ਹੀ ਪਾਰਟੀਆਂ ਸੂਬਾ ਸਕੱਤਰ ਦੀ ਦੌੜ ਲਈ ਅਤੇ ਪੈਸਾ ਵਹਾ ਰਹੀਆਂ ਹਨ ਅਤੇ ਪੂਰੀ ਵਾਹ ਲੱਗਾ ਰਹੀਆਂ ਹਨ।

ਇਹੀ ਕਾਰਨ ਹੈ ਕਿ ਮੈਂ ਇੱਕ ਦਿਨ ਅਤੇ ਪਲੇਨ ਦਾ ਡਰਾਉਣਾ ਸਫ਼ਰ ਮਾਰਕ ਫਿੰਚਮ ਨਾਲ ਕੀਤਾ ਅਤੇ ਉਨ੍ਹਾਂ ਨੂੰ ਪ੍ਰਾਈਵੇਟ ਜੈਟ ਦਿੱਤਾ ਹੀ ਕਿਉਂ ਗਿਆ ਹੈ?

ਜੋਅ ਬਾਇਡਨ ਐਰੀਜ਼ੋਨਾ ਵਿਚ 10,000 ਵੋਟਾਂ ਤੋਂ ਜਿੱਤੇ ਸੀ। ਫਿੰਚਮ ਚੋਣਾਂ ਨਕਾਰਨ ਵਾਲੇ ਉਹ ਕੱਟੜ ਹਨ ਜੋ ਮੰਨਦੇ ਹਨ ਕਿ ਸੂਬੇ ਵਿੱਚ ਟਰੰਪ ਨਾਲ ਠੱਗੀ ਹੋਈ ਅਤੇ ਉਹ 2020 ਦੇ ਨਤੀਜਿਆਂ ਨੂੰ ਬਦਲਣਾ ਚਾਹੁਣਗੇ।

ਜੇ ਇਨ੍ਹਾਂ ਚੋਣਾਂ ਵਿੱਚ ਉਹ ਚੁਣੇ ਜਾਂਦੇ ਹਨ ਤਾਂ 2024 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੱਕ ਉਹ ਮੇਲ ਜ਼ਰੀਏ ਵੋਟਿੰਗ, ਛੇਤੀ ਸ਼ੁਰੂ ਹੁੰਦੀ ਵੋਟਿੰਗ ਨੂੰ ਬੈਨ ਕਰਨ ਅਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਤੋਂ ਛੁਟਕਾਰਾ ਪਾਉਣ ਦੀ ਯੋਜਨਾ ਵਿੱਚ ਹਨ।

ਉਹ ਕਹਿੰਦੇ ਹਨ ਕਿ ਧਾਂਦਲੀ ਦੀ ਸੰਭਾਵਨਾ ਨੂੰ ਖਤਮ ਕਰਨਾ ਚਾਹੁੰਦੇ ਹਨ।

ਉਸ ਦੇ ਅਲੋਚਕ ਕਹਿੰਦੇ ਹਨ ਕਿ ਫਿੰਚਮ ਵੋਟਿੰਗ ਪ੍ਰਕਿਰਿਆ ਨੂੰ ਇਸ ਤਰ੍ਹਾਂ ਬਣਾਉਣਾ ਚਾਹੁੰਦੇ ਹਨ ਤਾਂ ਜੋ ਰਿਪਬਲਿਕਨ ਨੂੰ ਫ਼ਾਇਦਾ ਮਿਲ ਸਕੇ ਅਤੇ ਇਸ ਕਰਕੇ ਉਹ ਲੋਕਤੰਤਰ ਲਈ ਖਤਰਾ ਹਨ।

ਇੱਕ ਰਿਪਬਲਿਕਨ ਸਟੇਟ ਪ੍ਰਤੀਨਿਧੀ ਫਿੰਚਮ ਨਾਲ਼ੋਂ ਟੁੱਟ ਕੇ ਦੌੜ ਵਿੱਚ ਡੈਮੋਕਰੇਟਿਕ ਉਮੀਦਵਾਰ ਦੀ ਹਮਾਇਤ ਵੀ ਕਰ ਰਿਹਾ ਹੈ।

ਫਿੰਚਮ ਨੇ ਮੈਨੂੰ ਦੱਸਿਆ ਕਿ ਉਹ ਵਿਸ਼ਵਾਸ ਨਹੀਂ ਕਰ ਸਕਦੇ ਕਿ ਡੈਮੋਕਰੇਟਸ ਕਦੇ ਐਰੀਜ਼ੋਨਾ ਤੋਂ ਜਿੱਤ ਸਕਦੇ ਹਨ, ਨਾ 2020 ਵਿੱਚ, ਨਾ 2022 ਵਿੱਚ ਅਤੇ ਨਾ ਹੀ 2024 ਵਿੱਚ।

ਅਮਰੀਕਾ ਮਿਡ-ਟਰਮ ਚੋਣਾਂ

ਤਸਵੀਰ ਸਰੋਤ, Getty Images

ਉਹ ਡੈਮੋਕਰੇਟ ਉਮੀਦਵਾਰ ਐਡਰੀਅਨ ਫੋਂਟਸ ਖ਼ਿਲਾਫ਼ ਚੋਣ ਮੈਦਾਨ ਵਿੱਚ ਹਨ ਅਤੇ ਮਜ਼ਬੂਤੀ ਵਿੱਚ ਹਨ। ਸਤੰਬਰ ਮਹੀਨੇ, 'ਓ.ਐੱਚ ਪ੍ਰਡਿਕਟਿਵ ਇਨਸਾਈਟਸ' ਵੱਲੋਂ ਲਈ ਲੋਕਾਂ ਦਾ ਰਾਇ ਵਿੱਚ ਫਿੰਚਮ, ਫੋਂਟਸ ਨੂੰ ਲੀਡ ਕਰ ਰਹੇ ਹਨ।

ਇਸ ਲਈ ਜਦੋਂ ਇੱਕ ਆਦਮੀ ਕਹਿੰਦਾ ਹੈ ਕਿ ਪਿਛਲੀਆਂ ਚੋਣਾਂ ਵਿੱਚ ਧਾਂਦਲੀ ਹੋਈ ਸੀ ਅਤੇ ਜੋ ਇਹ ਵੀ ਯਕੀਨ ਨਹੀਂ ਕਰਦਾ ਕਿ ਰਿਪਬਲਿਕਨ ਸੂਬੇ ਵਿੱਚੋਂ ਚੋਣ ਹਾਰ ਸਕਦੇ ਹਨ ਅਤੇ ਉਹ ਚੋਣਾਂ ਕਰਵਾਉਣ ਲਈ ਇੰਚਾਰਜ ਬਣ ਸਕਦਾ ਹੈ।

ਦੇਖਣਾ ਮੁਸ਼ਕਿਲ ਨਹੀਂ ਕਿ ਇਹ ਕਿੱਥੇ ਤੱਕ ਜਾਵੇਗਾ। ਜੇ ਫਿੰਚਮ ਅਤੇ ਉਸ ਵਰਗੇ ਉਮੀਦਵਾਰ ਦੇ ਭਰ ਵਿੱਚ ਵੋਟਿੰਗ ਪ੍ਰੀਕ੍ਰਿਆ ਇਸ ਤਰ੍ਹਾਂ ਬਦਲ ਦੇਣ ਜਿਸ ਕਰਕੇ ਉਨ੍ਹਾਂ ਦਾ ਹਾਰਨਾ ਅਸੰਭਵ ਹੋ ਜਾਵੇ ਤਾਂ 2024 ਵਿੱਚ ਡੈਮੋਕਰੇਟ ਸਮਰਥਕ ਵੀ ਨਤੀਜਿਆਂ 'ਤੇ ਯਕੀਨ ਨਹੀਂ ਕਰਨਗੇ।

ਦੇਸ ਭਰ ਵਿੱਚ ਮੀਲਾਂ ਦਾ ਸਫ਼ਰ ਕਰਦਿਆਂ ਮੈਨੂੰ ਇਹ ਸਪਸ਼ਟ ਸੀ ਕਿ ਦੋਹੇਂ ਧਿਰਾਂ ਮੰਨਦੀਆਂ ਹਨ ਕਿ ਅਮਰੀਕੀ ਲੋਕਤੰਤਰ ਸੰਕਟ ਵਿੱਚ ਹੈ। ਦੋਹਾਂ ਧਿਰਾਂ ਲਈ ਕਾਰਨ ਵੱਖਰੇ ਸੀ। ਹਰ ਧਿਰ, ਵਿਰੋਧੀ ਨੂੰ ਇਲਜ਼ਾਮ ਦਿੰਦੀ ਹੈ।

ਭਰੋਸਗੀ ਦੇ ਜਾਲ ਦਾ ਕੋਈ ਸਪਸ਼ਟ ਹੱਲ ਨਹੀਂ ਹੈ। ਦੇਸ ਭਰ ਵਿੱਚ ਮੈਂ ਗ਼ੁੱਸੇ, ਘਬਰਾਹਟ ਅਤੇ ਹਿੰਸਾ ਤੱਕ ਬਾਰੇ ਸੁਣਿਆ।

ਅਸੀਂ ਇਨ੍ਹਾਂ ਮੱਧਵਰਤੀ ਚੋਣਾਂ ਨੂੰ ਨੇੜਿਓਂ ਵੇਖ ਰਹੇ ਹਾਂ। 6 ਜਨਵਰੀ ਦੇ ਹਮਲੇ ਕਰਕੇ ਅਤੇ ਇਸ ਲਈ ਕਿਉਂਕਿ ਇਨ੍ਹਾਂ ਤੋਂ ਤੈਅ ਹੋਏਗਾ ਕਿ ਟਰੰਪ ਦੁਬਾਰਾ ਚੋਣ ਲੜਣਗੇ ਜਾਂ ਨਹੀਂ।

2024 ਵੀ ਦੂਰ ਨਹੀਂ। ਇਹ ਸਾਲ ਗੜਬੜੀਆਂ ਭਰੇ ਹੋ ਸਕਦੇ ਹਨ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)