ਡੌਨਲਡ ਟਰੰਪ: ਹੋਟਲ ਤੇ ਕੈਸੀਨੋ ਦੇ ਮਾਲਿਕ ਰਹੇ ਟਰੰਪ ਰਾਸ਼ਟਰਪਤੀ ਦੀ ਕੁਰਸੀ ਤੱਕ ਕਿਵੇਂ ਪਹੁੰਚੇ

ਤਸਵੀਰ ਸਰੋਤ, Getty Images
ਅਮਰੀਕਾ ਦੇ ਰਾਸ਼ਟਰਪਤੀ ਦੀ ਦਾਅਵੇਦਾਰੀ ਤੋਂ ਲੰਬਾ ਸਮਾਂ ਪਹਿਲਾਂ ਡੌਨਲਡ ਟਰੰਪ ਅਮਰੀਕਾ ਦੇ ਮਸ਼ਹੂਰ ਅਰਬਪਤੀਆਂ ਵਿੱਚੋਂ ਇੱਕ ਸਨ।
ਕਿਸੇ ਸਮੇਂ ਔਖੀ ਗੱਲ ਲਗਦੀ ਸੀ ਪਰ ਹੁਣ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਹਨ। ਟਰੰਪ ਦੀ ਉਮੀਦਵਾਰੀ 'ਤੇ ਸ਼ੱਕ ਨਾ ਸਿਰਫ਼ ਉਨ੍ਹਾਂ ਦੇ ਇਮੀਗ੍ਰੇਸ਼ਨ ਬਾਰੇ ਵਿਚਾਰਾਂ ਜਾਂ ਉਨ੍ਹਾਂ ਦੀ ਪ੍ਰਚਾਰਕ ਮੁਹਿੰਮ ਦੇ ਵਿਵਾਦ ਭਰੇ ਤਰੀਕੇ ਕਰਕੇ ਹੋਇਆ ਸਗੋਂ ਉਨ੍ਹਾਂ ਦੇ ਇੱਕ ਚਰਚਿਤ ਵਿਅਕਤੀ (ਸੈਲੀਬ੍ਰਿਟੀ) ਵਜੋਂ ਬਿਤਾਏ ਜੀਵਨ ਕਰਕੇ ਵੀ ਹੋਇਆ।
ਇਹ ਵੀ ਪੜ੍ਹੋ:
ਇੱਕ ਰਾਜਨੇਤਾ ਦੇ ਰੂਪ ਵਿੱਚ ਟਰੰਪ ਉਦੋਂ ਉਭਰੇ ਜਦੋਂ ਉਨ੍ਹਾਂ ਨੇ ਹੰਢੇ ਹੋਏ ਸਿਆਸੀ ਲੀਡਰਾਂ ਨੂੰ ਰਾਸ਼ਟਰਪਤੀ ਦੀ ਚੋਣ ਵਿੱਚ ਮਾਤ ਦਿੱਤੀ।
ਹੁਣ ਉਹ ਰਾਸ਼ਟਰਪਤੀ ਦੀ ਚੋਣ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਇੱਕ ਕਦਮ ਅੱਗੇ ਵੱਧ ਗਏ ਹਨ ਜਦੋਂ ਉਨ੍ਹਾਂ ਨੇ ਆਪਣੀ ਵਿਰੋਧੀ ਡੈਮੋਕ੍ਰੇਟ ਪਾਰਟੀ ਦੀ ਹਿਲੇਰੀ ਕਲਿੰਟਨ ਨੂੰ ਹੁਣ ਤੱਕ ਦੇ ਸਭ ਤੋਂ ਵੱਧ ਵੰਡ ਪਾਉਣ ਵਾਲੇ ਅਤੇ ਵਿਵਾਦਪੂਰਣ ਮੁਕਾਬਲੇ ਵਿੱਚ ਹਰਾਇਆ ਹੈ।
ਮੁੱਢਲਾ ਜੀਵਨ
ਡੌਨਲਡ ਟਰੰਪ ਨਿਊ ਯਾਰਕ ਦੇ ਰੀਅਲ ਇਸਟੇਟ ਬਿਜ਼ਨਸਮੈਨ ਫ੍ਰੈਡ ਟਰੰਪ ਦੀ ਚੌਥੀ ਔਲਾਦ ਹਨ। ਪਰਿਵਾਰ ਕੋਲ ਵਿੱਤੀ ਖ਼ੁਸ਼ਹਾਲੀ ਦੇ ਬਾਵਜੂਦ ਉਨ੍ਹਾਂ ਨੂੰ ਆਪਣੇ ਪਿਤਾ ਦੀ ਕੰਪਨੀ ਵਿੱਚ ਹੇਠਲੇ ਪੱਧਰ ਦੇ ਅਹੁਦਿਆਂ 'ਤੇ ਕੰਮ ਕਰਨਾ ਪਿਆ।
13 ਸਾਲਾਂ ਦੀ ਉਮਰ ਵਿੱਚ ਸਕੂਲ 'ਚ ਮਾੜੇ ਵਿਹਾਰ ਕਾਰਨ ਉਨ੍ਹਾਂ ਨੂੰ ਮਿਲਟਰੀ ਅਕੈਡਮੀ ਭੇਜ ਦਿੱਤਾ ਗਿਆ।

ਤਸਵੀਰ ਸਰੋਤ, Getty Images
ਉਹ ਯੂਨੀਵਰਸਿਟੀ ਆਫ਼ ਪੈਨਸਲਵੇਨੀਆ ਦੇ ਵਾਰਟਨ ਸਕੂਲ ਵਿੱਚ ਪੜ੍ਹੇ ਅਤੇ ਆਪਣੇ ਪਿਤਾ ਦਾ ਕਾਰੋਬਾਰ ਸੰਭਾਲਣ ਤੋਂ ਬਾਅਦ ਪਿਤਾ ਦੇ ਚਹੇਤੇ ਬਣ ਗਏ।
ਉਨ੍ਹਾਂ ਦੇ ਭਰਾ ਫ੍ਰੈਡ ਟਰੰਪ ਦੀ 43 ਸਾਲ ਦੀ ਉਮਰ ਵਿੱਚ ਵਧੇਰੇ ਸ਼ਰਾਬ ਪੀਣ ਕਾਰਨ ਮੌਤ ਹੋ ਗਈ, ਅਜਿਹਾ ਵਾਕਿਆ ਜਿਸ ਬਾਰੇ ਡੌਨਲਡ ਦੇ ਭਰਾ ਦੱਸਦੇ ਹਨ ਕਿ ਉਸ ਤੋਂ ਬਾਅਦ ਉਹ ਉਮਰ ਭਰ ਲਈ ਸ਼ਰਾਬ ਅਤੇ ਸਿਗਰਟ ਤੋਂ ਦੂਰ ਹੋ ਗਏ।
ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਟਰੰਪ ਦਾ ਕਹਿਣਾ ਹੈ ਕਿ ਉਹ ਰੀਅਲ ਅਸਟੇਟ ਦੇ ਧੰਦੇ ਵਿੱਚ ਕੰਪਨੀ ਜੁਆਇਨ ਕਰਨ ਲਈ ਆਪਣੇ ਪਿਤਾ ਤੋਂ ਲਏ ਬਹੁਤ ਹੀ ਛੋਟੇ ਇੱਕ ਲੱਖ ਦੇ ਕਰਜ਼ੇ ਨਾਲ ਆਏ ਸਨ। ਉਨ੍ਹਾਂ ਨੇ ਆਪਣੇ ਪਿਤਾ ਦੀ ਨਿਊ ਯਾਰਕ ਸ਼ਹਿਰ ਵਿੱਚ ਰਿਹਾਇਸ਼ੀ ਘਰ ਬਣਾਉਣ ਦੇ ਇੱਕ ਵੱਡੇ ਪ੍ਰੌਜੈਕਟ ਵਿੱਚ ਮਦਦ ਕੀਤੀ ਸੀ ਅਤੇ ਉਸ ਤੋਂ ਬਾਅਦ ਕੰਪਨੀ ਦੀ ਵਾਗਡੋਰ ਆਪਣੇ ਹੱਥ ਵਿੱਚ ਲੈ ਲਈ ਜਿਸ ਦਾ ਉਨ੍ਹਾਂ ਨੇ 1971 ਵਿੱਚ ਦੁਬਾਰਾ ਨਾਮ ਰੱਖਿਆ-ਟਰੰਪ ਆਰਗੇਨਾਈਜ਼ੇਸ਼ਨ।
ਉਨ੍ਹਾਂ ਦੇ ਪਿਤਾ ਦੀ 1999 ਵਿੱਚ ਮੌਤ ਹੋ ਗਈ। ਟਰੰਪ ਨੇ ਇੱਕ ਵਾਰ ਕਿਹਾ ਸੀ, 'ਮੇਰੇ ਪਿਤਾ ਮੇਰੀ ਪ੍ਰੇਰਨਾ ਸਨ।'
ਟਰੰਪ ਦਾ ਵਪਾਰ
ਟਰੰਪ ਨੇ ਆਪਣਾ ਪਰਿਵਾਰਕ ਬਿਜ਼ਨੈਸ ਬਰੁਕਲੇਨ ਅਤੇ ਕੁਈਨਜ਼ ਵਿੱਚ ਰਿਹਾਇਸ਼ੀ ਯੂਨਿਟਾਂ ਤੋਂ ਚਮਕਦਾਰ ਮੈਨਹੈਟਨ ਪ੍ਰੋਜੈਕਟ ਵਿੱਚ ਬਦਲ ਦਿੱਤਾ। ਉਨ੍ਹਾਂ ਨੇ ਕੋਮੋਡੋਰ ਹੋਟਲ ਨੂੰ ਗਰੈਂਡ ਹਿਆਤ ਵਿੱਚ ਬਦਲ ਦਿੱਤਾ ਅਤੇ ਪੰਜਵੇਂ ਐਵੀਨਿਊ ਵਿੱਚ ਮਸ਼ਹੂਰ 68 ਮੰਜ਼ਿਲਾ ਟਰੰਪ ਟਾਵਰ ਬਣਵਾਇਆ।

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ ਜਿਨ੍ਹਾਂ ਇਮਾਰਤਾਂ ਦੇ ਮਸ਼ਹੂਰ ਨਾਮ ਹਨ ਉਨ੍ਹਾਂ ਵਿੱਚ ਟਰੰਪ ਪੈਲੇਸ, ਟਰੰਪ ਵਰਲਡ ਟਾਵਰ, ਟਰੰਪ ਇੰਟਰਨੈਸ਼ਨਲ ਹੋਟਲ ਅਤੇ ਟਾਵਰ ਆਦਿ ਵੀ ਸ਼ਾਮਲ ਹਨ। ਟਰੰਪ ਟਾਵਰ ਮੁੰਬਈ, ਇਸਤਾਨਬੁਲ ਅਤੇ ਫ਼ਿਲੀਪਾਈਨਜ਼ ਵਿੱਚ ਵੀ ਹਨ।
ਟਰੰਪ ਨੇ ਹੋਟਲ ਅਤੇ ਕਸੀਨੋ ਵੀ ਬਣਵਾਏ। ਵਪਾਰਾਂ ਦੀ ਲੰਬੀ ਲਿਸਟ ਜਿਸ ਨੇ ਚਾਰ ਵਾਰ ਦਿਵਾਲੀਆ ਹੋਣ ਤੱਕ ਪਹੁੰਚਾਇਆ।
ਟਰੰਪ ਨੇ ਮਨੋਰੰਜਨ ਦੇ ਵਪਾਰ ਵਿੱਚ ਆਪਣਾ ਸਾਮਰਾਜ ਬਣਾਇਆ।
ਸਾਲ 1996 ਤੋਂ 2015 ਤੱਕ ਉਹ ਮਿਸ ਯੂਨੀਵਰਸ, ਮਿਸ ਯੂਐੱਸਏ ਅਤੇ ਮਿਸ ਟੀਨ ਯੂਐੱਸਏ ਸੁੰਦਰਤਾ ਮੁਕਾਬਲਿਆਂ ਦੇ ਮਾਲਕ ਰਹੇ।
ਇਹ ਵੀ ਪੜ੍ਹੋ:
ਸਾਲ 2003 ਵਿੱਚ ਐੱਨਬੀਸੀ 'ਤੇ ਇੱਕ ਰਿਐਲਟੀ ਸ਼ੋ 'ਦਾ ਅਪਰੈਂਟਿਸ' ਜਿਸ ਵਿੱਚ ਪ੍ਰਤੀਯੋਗੀ, ਟਰੰਪ ਦੀ ਸੰਸਥਾ ਵਿੱਚ ਮੈਨੇਜਮੈਂਟ ਦੀ ਨੌਕਰੀ ਲਈ ਹਿੱਸਾ ਲੈਂਦੇ ਸਨ। ਉਨ੍ਹਾਂ ਨੇ ਇਸ ਸ਼ੋਅ ਦੀ ਮੇਜ਼ਬਾਨੀ 14 ਸੀਜ਼ਨਜ਼ ਤੱਕ ਕੀਤੀ ਅਤੇ ਦਾਅਵਾ ਕੀਤਾ ਕਿ ਇਸ ਸ਼ੋਅ ਲਈ ਨੈੱਟਵਰਕ ਦੁਆਰਾ ਉਨ੍ਹਾਂ ਨੂੰ 213 ਲੱਖ ਡਾਲਰ ਦਾ ਭੁਗਤਾਨ ਕੀਤਾ ਗਿਆ।
ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਅਤੇ ਉਹ ਇੱਕ ਵਪਾਰੀ ਵੀ ਹਨ, ਜਿਨ੍ਹਾਂ ਦੀ ਕੰਪਨੀ ਨੈੱਕ ਟਾਈਆਂ ਤੋਂ ਲੈ ਕੇ ਪਾਣੀ ਦੀਆਂ ਬੋਤਲਾਂ ਤੱਕ ਸਭ ਕੁਝ ਵੇਚਦੀ ਹੈ।
ਫ਼ੋਰਬਸ ਮੁਤਾਬਕ ਟਰੰਪ ਦੀ ਕੁੱਲ ਜਾਇਦਾਦ 3.7 ਅਰਬ ਡਾਲਰ ਹੈ, ਹਾਲਾਂਕਿ ਟਰੰਪ ਨੇ ਵਾਰ-ਵਾਰ ਜਾਇਦਾਦ ਦੇ 10 ਅਰਬ ਹੋਣ ਦਾ ਦਾਅਵਾ ਕੀਤਾ ਹੈ।
ਪਤੀ ਅਤੇ ਪਿਤਾ
ਟਰੰਪ ਨੇ ਤਿੰਨ ਵਿਆਹ ਕਰਵਾਏ, ਭਾਵੇਂ ਉਨ੍ਹਾਂ ਦੀ ਸਭ ਤੋਂ ਵਧੇਰੇ ਮਨਪਸੰਦ ਪਹਿਲੀ ਪਤਨੀ ਇਵਾਨਾ ਜ਼ੈਲਨਿਕੋਵਾ ਸਨ ਜੋ ਚੈੱਕ ਐਥਲੀਟ ਤੇ ਮਾਡਲ ਸਨ।
1990 ਵਿੱਚ ਤਲਾਕ ਹੋਣ ਤੋਂ ਪਹਿਲਾਂ ਇਸ ਜੋੜੇ ਦੇ ਤਿੰਨ ਬੱਚੇ ਸਨ - ਡੌਨਲਡ ਜੂਨੀਅਰ, ਇਵਾਂਕਾ ਅਤੇ ਐਰਿਕ।

ਤਸਵੀਰ ਸਰੋਤ, Getty Images
ਤਲਾਕ ਨੂੰ ਲੈ ਕੇ ਚੱਲੀ ਅਦਾਲਤੀ ਲੜਾਈ ਬਾਰੇ ਟੈਬਲਾਇਡ ਪ੍ਰੈੱਸ ਵਿੱਚ ਬਹੁਤ ਸਾਰੀਆਂ ਖ਼ਬਰਾਂ ਛਪੀਆਂ। ਇਨ੍ਹਾਂ ਵਿੱਚ ਇਵਾਨਾ ਲਈ ਟਰੰਪ ਵੱਲੋਂ ਵਰਤੀ ਮੰਦੀ ਭਾਸ਼ਾ ਦੇ ਇਲਜ਼ਾਮਾਂ ਨਾਲ ਸਬੰਧਤ ਖ਼ਬਰਾਂ ਸ਼ਾਮਲ ਸਨ, ਭਾਵੇਂ ਇਵਾਨਾ ਨੇ ਬਾਅਦ ਵਿੱਚ ਇਨ੍ਹਾਂ ਘਟਨਾਵਾਂ ਨੂੰ ਅਣਗੌਲਿਆਂ ਕੀਤਾ।
ਉਨ੍ਹਾਂ ਨੇ 1993 ਵਿੱਚ ਅਦਾਕਾਰਾ ਮਾਰਲਾ ਮੇਪਲਜ਼ ਨਾਲ ਵਿਆਹ ਕਰਵਾਇਆ। 1990 ਵਿੱਚ ਤਲਾਕ ਲੈਣ ਤੋਂ ਪਹਿਲਾਂ ਉਨ੍ਹਾਂ ਦੇ ਇੱਕ ਬੱਚੀ ਟਿਫ਼ਨੀ ਸੀ। ਉਨ੍ਹਾਂ ਨੇ ਆਪਣੀ ਮੌਜੂਦਾ ਪਤਨੀ ਮੇਲਾਨੀਆ ਕਨਾਉਸ, ਜੋ ਇੱਕ ਮਾਡਲ ਹਨ, ਨਾਲ 2005 ਵਿੱਚ ਵਿਆਹ ਕਰਵਾਇਆ ਅਤੇ ਉਨ੍ਹਾਂ ਦਾ ਇਕ ਪੁੱਤਰ ਬੈਰਨ ਵਿਲੀਅਮ ਟਰੰਪ ਹੈ।
ਪਹਿਲੇ ਵਿਆਹ ਦੇ ਬੱਚੇ ਹੁਣ ਟਰੰਪ ਸੰਸਥਾ ਚਲਾਉਣ ਵਿੱਚ ਮਦਦ ਕਰ ਰਹੇ ਹਨ, ਭਾਵੇਂ ਟਰੰਪ ਖ਼ੁਦ ਹਾਲੇ ਵੀ ਚੀਫ਼ ਐਗਜੀਕਿਊਟਿਵ ਹਨ।
ਰਾਸ਼ਟਰਪਤੀ ਉਮੀਦਵਾਰ
ਟਰੰਪ ਨੇ ਰਾਸ਼ਟਰਪਤੀ ਬਣਨ ਦੀ ਦੌੜ ਪ੍ਰਤੀ 1987 ਵਿੱਚ ਆਪਣੀ ਦਿਲਚਸਪੀ ਪ੍ਰਗਟਾਈ ਅਤੇ ਉਹ ਰਿਫ਼ੌਰਮ ਪਾਰਟੀ ਦੇ ਉਮੀਦਵਾਰ ਵਜੋਂ 2000 ਵਿੱਚ ਇਸ ਦੌੜ ਵਿੱਚ ਸ਼ਾਮਲ ਹੋ ਗਏ।
2008 ਤੋਂ ਬਾਅਦ ਉਹ ਉਸ 'ਬਰਥਰ' ਮੁਹਿੰਮ ਦੇ ਸਭ ਤੋਂ ਵਧੇਰੇ ਬੋਲਣ ਵਾਲੇ ਮੈਂਬਰ ਬਣ ਗਏ, ਜਿਨ੍ਹਾਂ ਨੇ ਸਵਾਲ ਚੁੱਕਿਆ ਕਿ ਕੀ ਬਰਾਕ ਓਬਾਮਾ ਅਮਰੀਕਾ ਵਿੱਚ ਜਨਮੇ ਸਨ?
ਇਹ ਦਾਅਵੇ ਪੂਰੀ ਤਰ੍ਹਾਂ ਬੇਬੁਨਿਆਦ ਸਨ, ਓਬਾਮਾ ਦਾ ਜਨਮ ਹਵਾਏ ਵਿੱਚ ਹੋਇਆ ਸੀ। ਟਰੰਪ ਨੇ ਆਖ਼ਰ ਮੰਨ ਲਿਆ ਕਿ ਰਾਸ਼ਟਰਪਤੀ ਅਹੁਦੇ ਦੀ ਦੌੜ ਦੌਰਾਨ ਇਨ੍ਹਾਂ ਦਾਅਵਿਆਂ ਵਿੱਚ ਕੋਈ ਸੱਚਾਈ ਨਹੀਂ ਸੀ, ਭਾਵੇਂ ਉਚੇਚੇ ਰੂਪ ਵਿੱਚ ਕੋਈ ਮਾਫ਼ੀ ਨਹੀਂ ਮੰਗੀ ਗਈ।

ਤਸਵੀਰ ਸਰੋਤ, Getty Images
2015 ਤੱਕ ਟਰੰਪ ਵੱਲੋਂ ਰਸਮੀ ਤੌਰ 'ਤੇ ਵ੍ਹਾਈਟ ਹਾਊਸ ਲਈ ਦੌੜ ਵਿੱਚ ਆਪਣੀ ਆਮਦ ਦਾ ਐਲਾਨ ਨਹੀਂ ਕੀਤਾ ਗਿਆ ਸੀ।
ਉਨ੍ਹਾਂ ਨੇ ਆਪਣੇ ਐਲਾਨ ਸਮੇਂ ਦਿੱਤੇ ਭਾਸ਼ਨ ਵਿੱਚ ਕਿਹਾ, ''ਸਾਨੂੰ ਕਿਸੇ ਅਜਿਹੇ ਸ਼ਖਸ ਦੀ ਜ਼ਰੂਰਤ ਹੈ ਜੋ ਮੁਲਕ ਨੂੰ ਅਸਲ 'ਚ ਅੱਗੇ ਵਧਾਏ ਅਤੇ ਮੁੜ ਮਹਾਨ ਬਣਾ ਸਕੇ। ਅਸੀਂ ਅਜਿਹਾ ਕਰ ਸਕਦੇ ਹਾਂ।''
ਉਨ੍ਹਾਂ ਨੇ ਵਿਸ਼ੇਸ ਨਿੱਜੀ ਹਿੱਤਾਂ ਸਬੰਧੀ ਪੁੱਛੇ ਜਾਣ 'ਤੇ ਕਿਹਾ ਕਿ ਉਮੀਦਵਾਰ ਵਜੋਂ ਫੰਡ ਇਕੱਠੇ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਖੁਦ ਨੂੰ ਮੁਕੰਮਲ ਤੌਰ 'ਤੇ ਬਾਹਰੀ ਉਮੀਦਵਾਰ ਦੱਸਿਆ।
ਅਮਰੀਕਾ ਨੂੰ ਮੁੜ ਮਹਾਨ ਬਣਾਉਣ ਦੇ ਝੰਡੇ ਹੇਠ, ਟਰੰਪ ਨੇ ਵਿਵਾਦਤ ਮੁਹਿੰਮ ਚਲਾਈ ਜੋ ਅਮਰੀਕੀ ਅਰਥਚਾਰੇ ਨੂੰ ਮਜ਼ਬੂਤ ਬਣਾਉਣ, ਅਮਰੀਕਾ-ਮੈਕਸੀਕੋ ਸਰਹੱਦ 'ਤੇ ਕੰਧ ਬਣਵਾਉਣ ਅਤੇ ਮੁਸਲਿਮ ਇਮੀਗ੍ਰੇਸ਼ਨ 'ਤੇ ਆਰਜ਼ੀ ਪਾਬੰਦੀ ਲਗਾਉਣ, ਜਦੋਂ ਤੱਕ ਸਾਡੇ ਮੁਲਕ ਦੇ ਪ੍ਰਤੀਨਿਧੀ ਇਹ ਨਾ ਸਾਹਮਣੇ ਲਿਆਉਣ ਕਿ ਕੀ ਚੱਲ ਰਿਹਾ ਹੈ, ਦੇ ਵਾਅਦਿਆਂ 'ਤੇ ਉਸਰੀ ਹੋਈ ਸੀ।
ਉਨ੍ਹਾਂ ਦੇ ਚੋਣ ਮੁਹਿੰਮ ਪ੍ਰੋਗਰਾਮਾਂ 'ਤੇ ਹੋਏ ਵੱਡੇ ਵਿਰੋਧ ਅਤੇ ਉਨ੍ਹਾਂ ਦੇ ਰਿਪਬਲੀਕਨ ਵਿਰੋਧੀਆਂ ਟੈੱਡ ਕਰੁਜ਼ ਅਤੇ ਮਾਰਕੋ ਰੂਬੀਓ ਦੇ ਉੱਤਮ ਯਤਨਾਂ ਦੇ ਬਾਵਜੂਦ, ਟਰੰਪ ਨੂੰ ਇੰਡੀਆਨਾ ਪ੍ਰਾਈਮਰੀ ਤੋਂ ਬਾਅਦ ਰਾਸ਼ਟਰਪਤੀ ਲਈ ਰਿਪਬਲੀਕਨ ਪਾਰਟੀ ਦਾ ਸੰਭਾਵੀ ਨਾਮਜ਼ਦ ਉਮੀਦਵਾਰ ਬਣਾਇਆ ਗਿਆ।
ਚੋਣ ਜੇਤੂ
ਰਾਸ਼ਟਰਪਤੀ ਚੋਣ ਲਈ ਟਰੰਪ ਦੀ ਮੁਹਿੰਮ ਕਈ ਵਿਵਾਦਾਂ ਵਿੱਚ ਘਿਰੀ ਰਹੀ, ਜਿਨ੍ਹਾਂ ਵਿੱਚ ਉਨ੍ਹਾਂ ਵੱਲੋਂ ਔਰਤਾਂ ਬਾਰੇ ਘਟੀਆ ਟਿੱਪਣੀਆਂ ਦੀ ਸਾਲ 2005 ਦੀ ਸਾਹਮਣੇ ਆਈ ਰਿਕਾਰਡਿੰਗ ਸ਼ਾਮਲ ਸੀ ਅਤੇ ਉਨ੍ਹਾਂ ਦੀ ਆਪਣੀ ਪਾਰਟੀ ਦੇ ਮੈਂਬਰਾਂ ਵੱਲੋਂ ਕੀਤੇ ਦਾਅਵੇ ਕਿ ਉਹ ਅਹੁਦੇ ਲਈ ਢੁੱਕਵੇਂ ਨਹੀਂ, ਸ਼ਾਮਲ ਸਨ।

ਤਸਵੀਰ ਸਰੋਤ, Reuters
ਪਰ ਟਰੰਪ ਲਗਾਤਾਰ ਆਪਣੇ ਸਮਰਥਕਾਂ ਦੀ ਫੌਜ ਨੂੰ ਦੱਸਦੇ ਰਹੇ ਕਿ ਉਹ ਚੋਣ ਸਰਵੇਖਣਾਂ ਨੂੰ ਰੱਦ ਕਰਦੇ ਹਨ, ਜੋ ਜ਼ਿਆਦਾਤਰ ਉਨ੍ਹਾਂ ਨੂੰ ਹਿਲੇਰੀ ਕਲਿੰਟਨ ਤੋਂ ਪਿੱਛੇ ਰੱਖ ਰਹੇ ਸਨ ਅਤੇ ਉਨ੍ਹਾਂ ਦੀ ਚੋਣ ਰਾਜਨੀਤਕ ਸਥਾਪਤੀ ਨੂੰ ਝਟਕਾ ਦੇਵੇਗੀ ਅਤੇ ਵਾਸ਼ਿੰਗਟਨ ਵਿੱਚ ਇਹ ਹੂੰਝਾ ਫੇਰ ਜਿੱਤ ਹੋਵੇਗੀ।
ਉਨ੍ਹਾਂ ਨੇ ਯੂਰਪੀਅਨ ਯੂਨੀਅਨ ਤੋਂ ਯੂਕੇ ਦੇ ਬਾਹਰ ਲੈ ਕੇ ਜਾਣ ਦੀ ਸਫ਼ਲ ਮੁਹਿੰਮ ਤੋਂ ਇਹ ਕਹਿੰਦਿਆਂ ਪ੍ਰੇਰਣਾ ਲਈ ਕਿ ਉਹ ''ਬ੍ਰੈਗਜ਼ਿਟ ਟਾਈਮਜ਼ 10'' ਤੋਂ ਬਾਹਰ ਕੱਢ ਲੈਣਗੇ।
ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਸਨ ਸਿਆਸੀ ਪੰਡਤਾਂ ਨੂੰ ਯਕੀਨ ਸੀ ਕਿ ਅਜਿਹਾ ਹੋਵੇਗਾ ਇਸ ਦੇ ਬਾਵਜੂਦ ਟਰੰਪ ਦੇ ਵਿਰੋਧੀ ਦੀਆਂ ਈਮੇਲਾਂ ਵਿੱਚ ਐਫ਼ਬੀਆਈ ਦੀ ਜਾਂਚ ਤੋਂ ਹੋਏ ਵਿਵਾਦ ਤੋਂ ਬਾਅਦ ਉਨ੍ਹਾਂ ਦੀ ਮੁਹਿੰਮ ਨੂੰ ਕੁਝ ਦੇਰ ਹੁਲਾਰਾ ਮਿਲਿਆ।
ਜਿਵੇਂ-ਜਿਵੇਂ ਟਰੰਪ ਦੀ ਸ਼ਾਨਦਾਰ ਜਿੱਤ ਪੂਰੇ ਅਮਰੀਕਾ 'ਚ ਰਚੀ ਜਾ ਰਹੀ ਸੀ ਤਾਂ ਉਨ੍ਹਾਂ ਦੇ ਸਮਰਥਕਾਂ ਨੂੰ ਟਰੰਪ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਚੋਣਾਂ ਤੋਂ ਦੋ ਦਿਨ ਬਾਅਦ ਓਵਲ ਦਫ਼ਤਰ ਵਿੱਚ ਗੱਲਬਾਤ ਕਰਦੇ ਦੇਖਣ ਦਾ ਮੌਕਾ ਮਿਲਿਆ।
ਉਹ ਅਮਰੀਕਾ ਦੇ ਪਹਿਲਾ ਰਾਸ਼ਟਰਪਤੀ ਬਣੇ ਜੋ ਪਹਿਲਾਂ ਕਦੇ ਵੀ ਕਿਸੇ ਚੁਣੇ ਹੋਏ ਅਹੁਦੇ 'ਤੇ ਨਹੀਂ ਰਹੇ ਅਤੇ ਨਾ ਹੀ ਮਿਲਟਰੀ ਵਿੱਚ ਰਹੇ ਹਨ। ਯਾਨਿ ਕਿ ਉਨ੍ਹਾਂ ਨੇ 20 ਜਨਵਰੀ 2017 ਨੂੰ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਹੀ ਇਤਿਹਾਸ ਰੱਚ ਦਿੱਤਾ ਸੀ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












