ਪੀਟਰ ਵਿਰਦੀ ਕੌਣ ਹਨ, ਜਿਨ੍ਹਾਂ ਉੱਤੇ ਯੂਕੇ ਵਿੱਚ ਵਿਦੇਸ਼ੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਲੱਗੇ ਇਲਜ਼ਾਮ

ਪੀਟਰ ਵਿਰਦੀ

ਤਸਵੀਰ ਸਰੋਤ, Peter Virdee/FB

ਤਸਵੀਰ ਕੈਪਸ਼ਨ, ਪੀਟਰ ਵਿਰਦੀ ਵੀਪੀ ਐਨਰਜੀ ਲਿਮਿਟਡ ਦੇ ਡਾਇਰੈਕਟਰ ਹਨ

50 ਸਾਲਾ ਪੀਟਰ ਵਿਰਦੀ, ਜਿਨ੍ਹਾਂ ਨੂੰ ਹਰਦੀਪ ਸਿੰਘ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਨ੍ਹਾਂ ‘ਤੇ ਯੂਕੇ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨਸੀਏ) ਨੇ ਵਿਦੇਸ਼ੀ ਅਧਿਕਾਰੀਆਂ ਨੂੰ ਕਈ ਮਿਲੀਅਨ ਪੌਂਡ ਰਿਸ਼ਵਤ ਦੇਣ ਦੇ ਇਲਜ਼ਾਮ ਲਗਾਏ ਹਨ।

ਐੱਨਸੀਏ ਦੀ ਵੈੱਬਸਾਇਟ ਉੱਤੇ ਜਾਰੀ ਪ੍ਰੈੱਸ ਬਿਆਨ ਮੁਤਾਬਕ 23 ਮਈ ਨੂੰ ਪੀਟਰ ਵਿਰਦੀ ਵੈਸਟਮਿਨਸਟਰ ਮੈਜਿਸਟ੍ਰੇਟ ਕੋਰਟ ਵਿੱਚ ਪੇਸ਼ ਹੋਏ, ਜਿੱਥੇ ਉਨ੍ਹਾਂ ਉੱਤੇ ਵਿਦੇਸ਼ੀ ਸਰਕਾਰੀ ਅਧਿਕਾਰੀ ਨੂੰ ਰਿਸ਼ਵਤ ਦੇਣ ਦੇ ਇਲਜ਼ਾਮ ਲਾਏ ਗਏ।

ਉਨ੍ਹਾਂ ਦੇ ਨਾਲ ਹੀ ਵਿਰਦੀ ਦੀ ਕੰਪਨੀ ਉੱਤੇ ਵੀ ਰਿਸ਼ਵਤ ਦੇਣ ਦੇ ਇਲਜ਼ਾਮ ਲਗਾਏ ਗਏ ਹਨ।

ਐੱਨਸੀਏ ਦੇ ਇਲਜ਼ਾਮ ਹਨ ਕਿ ਜਨਵਰੀ 2015 ਅਤੇ ਜੁਲਾਈ 2017 ਦੇ ਵਿਚਕਾਰ ਉਨ੍ਹਾਂ ਨੇ ਪੀਵੀ ਐਨਰਜੀ ਲਿਮਟਿਡ ਨੂੰ ਲਾਭ ਪਹੁੰਚਾਉਣ ਲਈ ਅਸੋਟ ਮਾਈਕਲ, ਸੰਸਦ ਮੈਂਬਰ ਅਤੇ ਐਂਟੀਗੁਆ ਅਤੇ ਬਰਬੁਡਾ ਦੇ ਸੈਰ-ਸਪਾਟਾ, ਆਰਥਿਕ ਵਿਕਾਸ ਨਿਵੇਸ਼ ਅਤੇ ਊਰਜਾ ਮੰਤਰੀ ਨੂੰ ਰਿਸ਼ਵਤ ਦਿੱਤੀ।

ਪੀਟਰ ਵਿਰਦੀ ਵੀਪੀ ਐਨਰਜੀ ਲਿਮਿਟਡ ਦੇ ਡਾਇਰੈਕਟਰ ਹਨ।

ਪੀਵੀ ਐਨਰਜੀ ਸਵਿਸ-ਅਧਾਰਤ ਮੀਕੋ ਗਰੁੱਪ ਅਤੇ ਬੀਐਂਡਐੱਸ ਪ੍ਰਾਪਰਟੀ (ਯੂਕੇ) ਵਿਚਕਾਰ ਸੋਲਰ ਫੋਟੋਵੋਲਟੇਇਕ (ਪੀਵੀ) ਪ੍ਰੋਜੈਕਟਾਂ ਨੂੰ ਵਿਕਸਤ ਕਰਨ, ਬਣਾਉਣ, ਚਲਾਉਣ ਅਤੇ ਵੇਚਣ ਲਈ ਇੱਕ ਸਾਂਝਾ ਉੱਦਮ ਹੈ।

ਐੱਨਸੀਏ ਨੇ ਇਹ ਵੀ ਕਿਹਾ ਹੈ ਕਿ ਪੀਵੀ ਐਨਰਜੀ ਲਿਮਟਿਡ 'ਤੇ ਵੀ ਉਸੇ ਅਪਰਾਧਾਂ ਦੇ ਸਬੰਧ ਵਿੱਚ ਰਿਸ਼ਵਤਖੋਰੀ ਨੂੰ ਰੋਕਣ ਵਿੱਚ ਅਸਫ਼ਲ ਰਹਿਣ ਦੇ ਇਲਜ਼ਾਮ ਲੱਗੇ ਹਨ।

ਹਾਲਾਂਕਿ, ਪੀਟਰ ਵਿਰਦੀ ਨੂੰ 20 ਜੂਨ 2024 ਨੂੰ ਸਾਊਥਵਾਰਕ ਕਰਾਊਨ ਕੋਰਟ ਵਿੱਚ ਪੇਸ਼ ਹੋਣ ਲਈ ਜ਼ਮਾਨਤ ਮਿਲ ਗਈ ਹੈ।

ਪੀਟਰ ਵਿਰਦੀ

ਤਸਵੀਰ ਸਰੋਤ, @petervirdee/X

ਤਸਵੀਰ ਕੈਪਸ਼ਨ, ਪੀਟਰ ਸਿੰਘ ਉੱਤੇ ਰਿਸ਼ਵਤ ਦੇਣ ਦੇ ਇਲਜ਼ਾਮ ਲੱਗੇ ਹਨ

ਕੌਣ ਹਨ ਪੀਟਰ ਵਿਰਦੀ

ਪੀਟਰ ਵਿਰਦੀ ਦੀ ਅਧਿਕਾਰਤ ਵੈਬਸਾਈਟ ਮੁਤਾਬਕ ਉਹ ਬਰਮਿੰਘਮ ਵਿੱਚ ਜੰਮੇ-ਪਲ਼ੇ ਕਾਰੋਬਾਰੀ ਹਨ।

ਪੀਟਰ ਵਿਰਦੀ ਇੱਕ ਮੀਡੀਆ ਇੰਟਰਵਿਊ ਵਿੱਚ ਦੱਸਦੇ ਹਨ ਕਿ ਉਨ੍ਹਾਂ ਦਾ ਜਨਮ ਇੰਗਲੈਂਡ ਦਾ ਹੈ, ਪਰ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਭਾਰਤੀ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਨਾਲ ਹੈ।

ਉਨ੍ਹਾਂ ਦੇ ਪਿੰਡ ਦਾ ਨਾਂ ਕੋਲੀਆਵਾਲ ਹੈ, ਜੋ ਸੁਲਤਾਨਪੁਰ ਤੇ ਕਪੂਰਥਲਾ ਵਿਚਾਲੇ ਪੈਂਦਾ ਹੈ। ਉਹ ਦੱਸਦੇ ਹਨ ਕਿ ਇਹ 70-80 ਘਰਾਂ ਵਾਲਾ ਛੋਟਾ ਜਿਹਾ ਪਿੰਡ ਹੈ ਅਤੇ ਇੱਥੋਂ ਇੱਕ ਅੱਧਾ ਹੋਰ ਪਰਿਵਾਰ ਇੰਗਲੈਂਡ ਗਿਆ ਹੋਇਆ ਹੈ।

ਉਨ੍ਹਾਂ ਦਾ ਨਾਨਕਾ ਪਿੰਡ ਨਕੋਦਰ ਨੇੜੇ ਪਿੰਡ ਲੁਹਾਰਾ ਹੈ, ਉਨ੍ਹਾਂ ਦੇ ਮਾਤਾ-ਪਿਤਾ ਛੋਟੀ ਉਮਰ ਵਿੱਚ ਹੀ ਇੰਗਲੈਂਡ ਚਲੇ ਗਏ ਸਨ ਅਤੇ ਦੋਵਾਂ ਦਾ ਵਿਆਹ ਇੱਥੇ ਹੀ ਹੋਇਆ ਸੀ।

ਪੀਟਰ ਦੱਸਦੇ ਹਨ, ‘‘ਮੇਰੇ ਦੇ ਭੂਆ ਇੰਗਲੈਂਡ ਰਹਿੰਦੇ ਸਨ ਅਤੇ ਉਨ੍ਹਾਂ ਨੇ ਹੀ ਉਨ੍ਹਾਂ ਦੇ ਪਿਤਾ ਨੂੰ ਇੰਗਲੈਂਡ ਬੁਲਾਇਆ ਸੀ। ਉਦੋਂ ਉਨ੍ਹਾਂ ਦੀ ਉਮਰ 8-9 ਸਾਲ ਦੇ ਕਰੀਬ ਸੀ।“

ਪੀਟਰ ਮੁਤਾਬਕ ਉਹ ਇੰਗਲੈਂਡ ਵਿੱਚ ਪੜ੍ਹੇ ਲਿਖੇ ਹਨ, ਪਰ ਉਹ 2 ਸਾਲ ਦੀ ਉਮਰ ਤੋਂ ਹੀ ਹਰ ਸਾਲ ਛੁੱਟੀਆਂ ਵਿੱਚ ਪੰਜਾਬ ਆਪਣੇ ਪਿੰਡ ਆਉਂਦੇ ਸਨ। ਜਿਸ ਕਾਰਨ ਉਹ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਧਰਮ ਪ੍ਰਤੀ ਜਾਗਰੂਕ ਹੋਏ।

ਪੀਟਰ ਵਿਰਦੀ ਵੈਬਸਾਇਟ ਉੱਤੇ ਉਪਲੱਬਧ ਸਿੰਘ ਅਤੇ ਕੌਰ ਮੈਗ਼ਜ਼ੀਨ ਵਿੱਚ ਪ੍ਰਕਾਸ਼ਿਤ ਉਨ੍ਹਾਂ ਦੇ ਇੰਟਰਵਿਊ ਮੁਤਾਬਕ ਉਹ ਆਖਦੇ ਹਨ ਕਿ ਜਦੋਂ ਉਨ੍ਹਾਂ ਦਾ ਪਰਿਵਾਰ ਯੂਕੇ ਪਹੁੰਚਿਆ ਤਾਂ ਹੋਰਨਾਂ ਪਰਵਾਸੀਆਂ ਵਾਂਗ ਉਨ੍ਹਾਂ ਦਾ ਮਕਸਦ ਵੀ ਪੈਸੇ ਕਮਾਉਣਾ ਅਤੇ ਭਾਰਤ ਵਾਪਸ ਜਾਣਾ ਸੀ।

ਉਹ ਆਖਦੇ ਹਨ, ਇਸ ਲਈ ਉਨ੍ਹਾਂ ਦੇ ਪਰਿਵਾਰ ਨੇ ਇੰਗਲੈਂਡ ਵਿੱਚ ਹੱਡ ਭੰਨਵੀਂ ਮਿਹਨਤ ਕੀਤੀ ਅਤੇ ਉਨ੍ਹਾਂ ਨੂੰ ਸਕੂਲਾਂ ਵਿੱਚ ਵੀ ਨਸਲੀ ਵਿਤਕਰੇ ਤੱਕ ਦਾ ਸਾਹਮਣਾ ਕਰਨਾ ਪਿਆ।

ਪੀਟਰ ਵਿਰਦੀ

ਤਸਵੀਰ ਸਰੋਤ, @petervirdee/X

ਤਸਵੀਰ ਕੈਪਸ਼ਨ, ਪੀਟਰ ਦਾ ਪਰਿਵਾਰਕ ਪਿਛੋਕੜ ਭਾਰਤੀ ਪੰਜਾਬ ਦੇ ਕਪੂਰਥਲਾ ਜਿਲ੍ਹੇ ਨਾਲ ਹੈ।

ਕੀ ਕਾਰੋਬਾਰ ਕਰਦੇ ਹਨ

ਪੀਟਰ ਵਿਰਦੀ ਪਿਛਲੇ 19 ਸਾਲਾਂ ਤੋਂ ਰੀਅਲ ਅਸਟੇਟ ਦੇ ਕਾਰੋਬਾਰ ਵਿੱਚ ਕੰਮ ਕਰ ਰਹੇ ਹਨ। ਪੀਟਰ ਬੀਐਂਡਐਸ (B&S) ਪ੍ਰਾਪਰਟੀ ਦੇ ਇੱਕ ਸੰਸਥਾਪਕ ਭਾਈਵਾਲ ਹਨ ਅਤੇ ਕਈ ਹੋਰ ਕਾਰੋਬਾਰਾਂ ਵਿੱਚ ਵੀ ਦਿਲਚਸਪੀ ਰੱਖਦੇ ਹਨ।

ਉਹ ਵਰਤਮਾਨ ਵਿੱਚ ਇੰਗਲਿਸ਼ ਨੈਸ਼ਨਲ ਓਪੇਰਾ ਦੇ ਬੋਰਡ ਵਿੱਚ ਪਹਿਲੇ ਸਿੱਖ ਸਰਪ੍ਰਸਤ ਹਨ ਅਤੇ ਯੂਕੇ ਫਿਲੈਨਥਰੋਪੀ ਬੋਰਡ ਆਫ ਕਾਉਟਸ ਐਂਡ ਕੰਪਨੀ ਪ੍ਰਾਈਵੇਟ ਬੈਂਕ ਯੂਕੇ ਵਿੱਚ ਬੈਠਦੇ ਹਨ।

ਵਿਰਦੀ ਦੀ ਵੈਬਸਾਈਟ ‘ਤੇ ਦਿੱਤੇ ਗਏ ਹਵਾਲਿਆਂ ਮੁਤਾਬਕ, ਫਰਾਂਸ ਦੇ ਨਿਊਵ-ਚੈਪਲ ਵਿੱਚ ਭਾਰਤੀ ਜੰਗੀ ਯਾਦਗਾਰ ਵਿਖੇ ਐੱਚਆਰਐੱਚ ਦਿ ਪ੍ਰਿੰਸ ਆਫ਼ ਵੇਲਜ਼ ਦਾ ਸਵਾਗਤ ਕਰਨ ਲਈ ਚੁਣੇ ਗਏ ਸਿੱਖ ਵਫ਼ਦ ਦਾ ਹਿੱਸਾ ਸੀ।

2010 ਵਿੱਚ ਪੀਟਰ ਨੂੰ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਯੋਗਦਾਨ ਪਾਉਣ ਵਾਲੇ ਲੋਕਾਂ ਦੀ ਯਾਦ ਵਿੱਚ ਬੈਰੋਨੈਸ ਥੈਚਰ ਦੇ ਨਾਲ ਇੱਕ ਸ਼ਰਧਾਂਜਲੀ ਭੇਟ ਕਰਨ ਦਾ ਸਨਮਾਨ ਦਿੱਤਾ ਗਿਆ ਸੀ।

ਪੀਟਰ ਵਿਰਦੀ ਨੇ ਵਿਰਦੀ ਫਾਊਂਡੇਸ਼ਨ ਨਾਂ ਦੀ ਇੱਕ ਸਵੈਸੇਵੀ ਸੰਸਥਾ ਬਣਾਈ ਹੋਈ ਹੈ, ਉਹ ਭਾਰਤ-ਪਾਕਿਸਤਾਨ ਵਿੱਚ ਸਮਾਜ ਸੇਵਾ ਦੇ ਕੰਮ ਕਰਦੇ ਹਨ।

ਕੋਵਿਡ ਦੌਰਨ ਭਾਰਤੀ ਪੰਜਾਬ ਵਿੱਚ ਉਨ੍ਹਾਂ ਆਕਸੀਜਨ ਸਪਲਾਈ ਲਈ ਵਿਸ਼ੇਸ਼ ਉੱਦਮ ਕਰਵਾਇਆ ਸੀ।

ਪੀਟਰ ਵਿਰਦੀ

ਤਸਵੀਰ ਸਰੋਤ, @petervirdee/X

ਤਸਵੀਰ ਕੈਪਸ਼ਨ, ਪੀਟਰ ਦੇ ਮਾਤਾ-ਪਿਤਾ ਛੋਟੀ ਉਮਰ ਵਿੱਚ ਹੀ ਇੰਗਲੈਂਡ ਚਲੇ ਗਏ ਸਨ ਅਤੇ ਦੋਵਾਂ ਦਾ ਵਿਆਹ ਇੱਥੇ ਹੀ ਹੋਇਆ ਸੀ

ਸਮਾਜ ਸੇਵੀ ਵਜੋਂ ਯੋਗਦਾਨ

ਵੈਬਸਾਈਟ ‘ਤੇ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਬੀਐਂਡਐੱਸ ਪ੍ਰਾਪਰਟੀ ਨੇ ਐੱਚਕੇ ਐਂਡ ਜੇਐੱਚ ਚੈਰੀਟੇਬਲ ਟਰੱਸਟ ਅਤੇ ਵਿਰਦੀ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਹੈ।

ਇਸ ਦਾ ਉਦੇਸ਼ ਦੁਨੀਆ ਭਰ ਦੇ ਲੋਕਾਂ ਨੂੰ ਸਥਾਨਕ, ਕੌਮੀ ਜਾਂ ਕੌਮਾਂਤਰੀ ਆਫ਼ਤ ਜਾਂ ਸਮਾਜਿਕ ਜਾਂ ਆਰਥਿਕ ਸਥਿਤੀਆਂ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਜਾਂ ਬਿਪਤਾ ਤੋਂ ਰਾਹਤ ਦਿਵਾਉਣ ਲਈ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕੇ।

ਇਸੇ ਚੈਰੀਟੇਬਲ ਟਰੱਸਟ ਨੇ ਗੁਜਰਾਤ ਸਥਿਤ ਭਰੂਚ ਵੈਲਫੇਅਰ ਹਸਪਤਾਲ ਨੂੰ ਸਹਾਇਤਾ ਪ੍ਰਦਾਨ ਕੀਤੀ ਹੈ, ਜਿਸ ਵਿੱਚ 700 ਬਿਸਤਰੇ ਹਨ। ਇਸ ਚੈਰਿਟੀ ਨੇ ਗੁਜਰਾਤ ਸੰਕਟ ਵਿੱਚ ਸਕਾਰਾਤਮਕ ਯੋਗਦਾਨ ਪਾਇਆ ਹੈ, ਜਿਸਦੇ ਤਹਿਤ 2001 ਵਿੱਚ ਭੂਚਾਲ ਤੋਂ ਬਾਅਦ ਖੇਤਰ ਵਿੱਚ 172 ਘਰ ਬਣਾਏ ਗਏ ਸਨ।

ਇਸ ਤੋਂ ਵੈਬਸਾਈਟ ‘ਤੇ ਕਈ ਹੋਰ ਚੈਰਿਟੀਜ਼ ਦਾ ਜ਼ਿਕਰ ਹੈ ਜਿੱਥੇ ਇਹ ਕੰਪਨੀ ਆਪਣਾ ਯੋਗਦਾਨ ਪਾਉਂਦੀ ਹੈ।

ਵਿਰਦੀ ਸਮਾਜ ਸੇਵਾ ਨੂੰ ਆਪਣਾ ਉਦੇਸ਼ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਸੇਵਾ ਸਿੱਖਾਂ ਦੇ ਡੀਐੱਨਏ ਵਿੱਚ ਹੈ।

‘‘ਮੈਂ ਸੋਚ ਕੇ ਕੁਝ ਨਹੀਂ ਕੀਤਾ, ਨਾ ਸੋਚਿਆ ਸੀ ਕਿ ਪ੍ਰੋਫੈਸਰ ਬਣਾਗਾਂ ਨਾ ਕਾਰੋਬਾਰ ਬਾਰੇ ਸੋਚਿਆ ਸੀ। ਸੁਪਨਾ ਤਾਂ ਬਹੁਤ ਦੂਰ ਦੀ ਗੱਲ ਹੈ ਪਰ ਅਸੀਂ ਤਾਂ ਸੋਚਿਆ ਵੀ ਨਹੀਂ ਸੀ।’’

ਪੀਟਰ ਵਿਰਦੀ

ਤਸਵੀਰ ਸਰੋਤ, @petervirdee/X

ਤਸਵੀਰ ਕੈਪਸ਼ਨ, ਪੀਰਟ ਵਿਰਦੀ ਯੂਕੇ ਦੇ ਸਿੱਖ ਭਾਈਚਾਰੇ ਵਿੱਚ ਪੰਥਕ ਗਤੀਵਿਧੀਆਂ ਅਤੇ ਸੇਵਾ ਦੇ ਕਾਰਜਾਂ ਲਈ ਵੀ ਜਾਣੇ ਜਾਂਦੇ ਹਨ

ਪਾਕਸਿਤਾਨ ਦੇ ਗੁਰਦੁਆਰਿਆਂ ਲਈ ਦਾਨ

ਪੀਰਟ ਵਿਰਦੀ ਯੂਕੇ ਦੇ ਸਿੱਖ ਭਾਈਚਾਰੇ ਵਿੱਚ ਪੰਥਕ ਗਤੀਵਿਧੀਆਂ ਅਤੇ ਸੇਵਾ ਦੇ ਕਾਰਜਾਂ ਲਈ ਵੀ ਜਾਣੇ ਜਾਂਦੇ ਹਨ।

ਜਦੋਂ 2019 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘਾ ਖੁੱਲਿਆ ਸੀ ਤਾਂ ਪੀਟਰ ਵਿਰਦੀ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੀ ਸਾਂਭ-ਸੰਭਾਲ ਲਈ ਫੰਡ ਇਕੱਠਾ ਕਰਨ ਕਰਕੇ ਚਰਚਾ ਵਿੱਚ ਆਏ ਸਨ।

ਪਾਕਿਸਤਾਨ ਦੇ ਜੀਓ ਟੀਵੀ ਦੀ ਇੱਕ ਰਿਪੋਰਟ ਮੁਤਾਬਕ, ਸਾਲ 2019 ਵਿੱਚ ਜਦੋਂ ਪਾਕਿਸਤਾਨ ਅਤੇ ਭਾਰਤ ਵਿਚਾਲੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਗੱਲ ਹੋਈ ਤਾਂ ਪੀਟਰ ਵਿਰਦੀ ਨੇ ਪਾਕਿਸਤਾਨ ਵਿੱਚ ਗੁਰਦੁਆਰਿਆਂ ਲਈ 500 ਮਿਲੀਅਨ ਪੌਂਡ ਦੇਣ ਦਾ ਐਲਾਨ ਕੀਤਾ ਸੀ।

ਉਨ੍ਹਾਂ ਨੇ ਇਹ ਰਕਮ ਦੂਜੇ ਸਿੱਖ ਸੰਗਠਨਾਂ ਅਤੇ ਸੰਸਥਾਵਾਂ ਨਾਲ ਮਿਲ ਕੇ ਇਕੱਠਾ ਕਰਨ ਦਾ ਐਲਾਨ ਕੀਤਾ ਸੀ। ਇਹ ਫੰਡ ਪਾਕਿਸਤਾਨ ਵਿਚਲੇ ਪੁਰਾਤਨ ਗੁਰਦੁਆਰਿਆਂ ਦੀ ਮੁਰੰਮਤ ਕਰਵਾਉਣ ਅਤੇ ਸਾਂਭ ਸੰਭਾਲ ਲਈ ਵਰਤਿਆ ਜਾਣਾ ਸੀ।

ਪੀਟਰ ਮੀਡੀਆ ਇੰਟਰਵਿਊ ਵਿੱਚ ਦੱਸਦੇ ਹਨ ਕਿ ਇਮਰਾਨ ਖ਼ਾਨ ਨਾਲ ਦੋਸਤੀ ਹੈ, ਅਸੀਂ ਕਿਹਾ ਸੀ ਕਿ 500 ਮਿਲੀਅਨ ਇਕੱਠੇ ਕਰਕੇ ਲਾਵਾਂਗੇ। ਇਸ ’ਤੇ ਕੰਮ ਚੱਲ ਰਿਹਾ ਹੈ। ਪੀਟਰ ਮੁਤਾਬਕ ਜਦੋਂ ਕਰਤਾਰਪੁਰ ਸਾਹਿਬ ਜਾਣ ਲਈ ਭਾਰਤ ਤੋਂ ਪਾਸਪੋਰਟ ਦੀ ਸ਼ਰਤ ਰੱਖੀ ਸੀ ਤਾਂ ਉਨ੍ਹਾਂ ਪਾਕਿਸਤਾਨ ਸਰਕਾਰ ਤੋਂ ਇਹ ਸ਼ਰਤ ਨੂੰ ਹਟਵਾਇਆ ਸੀ।

ਵਿਦੇਸ਼ੀ ਅਧਿਕਾਰੀਆਂ ਨੂੰ ਆਪਣੇ ਉੱਤੇ ਲੱਗੇ ਇਲਜ਼ਾਮਾਂ ਉੱਤੇ ਪੀਟਰ ਵਿਰਦੀ ਨੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ, ਪਰ ਉਹ ਆਪਣੇ ਖ਼ਿਲਾਫ਼ ਪਹਿਲਾਂ ਵੀ ਲੱਗਦੇ ਅਜਿਹੇ ਇਲਜ਼ਾਮਾਂ ਨੂੰ ਰੱਦ ਕਰਦੇ ਰਹੇ ਹਨ।

ਇੱਕ ਮੀਡੀਆ ਇੰਟਰਵਿਊ ਦੌਰਾਨ ਉਨ੍ਹਾਂ ਨੂੰ ਪੱਤਰਕਾਰ ਨੇ ਜਦੋਂ ਸਿੱਧਾ ਸਵਾਲ ਪੁੱਛਿਆ ਕਿ ਉਹ ਆਪਣੇ ਉੱਤੇ ਦੋ ਨੰਬਰ ਦਾ ਕਾਰੋਬਾਰ ਕਰਨ ਅਤੇ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਇਲਜ਼ਾਮਾਂ ਬਾਰੇ ਕੀ ਕਹੋਗੇ।

ਪੀਟਰ ਨੇ ਇਸ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਸੀ, ‘‘ਮੈਂ ਸਿਰਫ਼ ਸਿਆਸਤਦਾਨਾਂ ਅਤੇ ਕਾਰੋਬਾਰੀਆਂ ਨੂੰ ਹੀ ਨਹੀਂ ਹਰ ਕਿਸੇ ਤਰ੍ਹਾਂ ਦੇ ਬੰਦੇ ਨੂੰ ਮਿਲਦਾ ਹਾਂ।“

“ਜੇਕਰ ਕੋਈ ਮਾੜਾ ਬੰਦਾ ਹੈ ਤਾਂ ਉਸ ਨੂੰ ਮੁੱਖਧਾਰਾ ਵਿੱਚ ਲਿਆਉਣ ਲ਼ਈ ਉੱਦਮ ਕਰਨਾ ਚਾਹੀਦਾ ਹੈ। ਜੇਕਰ ਕੋਈ ਬੰਦਾ ਮਾੜਾ ਕੰਮ ਕਰ ਰਿਹਾ ਹਾਂ ਤਾਂ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਉਹ ਕਿਹੜੇ ਹਾਲਾਤ ਸਨ, ਜਿਸ ਕਾਰਨ ਉਹ ਇਸ ਹਾਲਤ ਵਿੱਚ ਪਹੁੰਚਿਆ।“

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)