ਡੌਨਲਡ ਟਰੰਪ ਅਮਰੀਕੀ ਰਾਸ਼ਟਰਪਤੀ ਚੋਣਾਂ ਲੜਨ ਦੇ ਇਛੁੱਕ, ਪਰ ਕੀ ਹਨ ਰਾਹ ਦੇ 6 ਰੋੜੇ

ਤਸਵੀਰ ਸਰੋਤ, Getty Images
- ਲੇਖਕ, ਐਨਥਨੀ ਜ਼ੁਰਚਰ
- ਰੋਲ, ਬੀਬੀਸੀ ਪੱਤਰਕਾਰ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਲਗਾਤਾਰ ਤੀਜੀ ਵਾਰ ਰਾਸ਼ਟਰਪਤੀ ਚੋਣ ਲੜਣ ਦੀ ਇੱਛਾ ਪ੍ਰਗਟਾਈ ਹੈ, ਕਿਸੇ ਸਾਬਕਾ ਅਮਰੀਕੀ ਆਗੂ ਵੱਲੋਂ ਚੋਣ ਹਾਰਨ ਤੋਂ ਬਾਅਦ ਅਜਿਹੀ ਕੋਸ਼ਿਸ਼ ਘੱਟ ਹੀ ਦੇਖਣ ਨੂੰ ਮਿਲਦੀ ਹੈ।
ਰਿਪੋਰਟਾਂ ਮੁਤਾਬਕ, ਸਾਬਕਾ ਰਾਸ਼ਟਰਪਤੀ ਟਰੰਪ ਦੇ ਸਾਥੀ ਕਹਿੰਦੇ ਹਨ ਕਿ ਇਹ ਐਲਾਨ ਅਤੇ ਚੋਣ ਮੁਹਿੰਮ 2016 ਅਤੇ 2020 ਵਰਗੀ ਹੀ ਨਜ਼ਰ ਆਵੇਗੀ।
ਸੱਤਾ ਤੋਂ ਬਾਹਰ ਹੋਏ ਟਰੰਪ, ਖ਼ੁਦ ਨੂੰ ਇੱਕ ‘ਆਊਟਸਾਈਡਰ’ ਵਜੋਂ ਹੀ ਪੇਸ਼ ਕਰਨਗੇ ਤਾਂ ਕਿ ਆਪਣੇ ਸਿਆਸੀ ਵਿਰੋਧੀਆਂ ਨੂੰ ਮਾਤ ਦੇ ਸਕਣ।
2016 ਵਿੱਚ, ਕਾਫ਼ੀ ਸੰਭਾਵਨਾਵਾਂ ਦੇ ਬਾਵਜੂਦ ਟਰੰਪ ਨੇ ਪਹਿਲਾਂ ਆਪਣੇ ਰਿਪਬਲੀਕਨ ਵਿਰੋਧੀਆਂ ਨੂੰ ਹਰਾਇਆ ਅਤੇ ਫ਼ਿਰ ਲਗਾਤਾਰ ਤੀਜੀ ਵਾਰ ਜਿੱਤ ਦੀ ਕੋਸ਼ਿਸ਼ ਕਰ ਰਹੇ ਡੈਮੋਕਰੇਟ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਮਾਤ ਦਿੱਤੀ।

ਤਸਵੀਰ ਸਰੋਤ, Getty Images
ਇਹ ਇੱਕ ਅਸੰਭਵ ਪ੍ਰਾਪਤੀ ਵਾਂਗ ਸੀ ਪਰ ਇਸ ਜ਼ਰੀਏ ਟਰੰਪ ਸ਼ਕਤੀਸ਼ਾਲੀ ਆਗੂ ਬਣ ਕੇ ਉੱਭਰੇ।
ਜ਼ਮੀਨੀ ਪੱਧਰ ਉੱਤੇ ਅਹਿਮ ਮਸਲਿਆਂ ਨੂੰ ਸਮਝਣ ਵਿੱਚ, ਟਰੰਪ ਬਾ-ਕਮਾਲ ਹਨ।
ਉਨ੍ਹਾਂ ਦਾ ਆਮ ਨਾਲੋਂ ਵੱਖਰਾ ਅਤੇ ਜੋਸ਼ੀਲਾ ਅੰਦਾਜ਼ ਉਨ੍ਹਾਂ ਨੂੰ ਸੁਰਖ਼ੀਆਂ ਵਿੱਚ ਜਗ੍ਹਾ ਵੀ ਦਿਵਾਉਂਦਾ ਹੈ ਤੇ ਇਸ ਦੇ ਨਾਲ ਵਿਰੋਧੀਆਂ ਦੀ ਚਮਕ ਵੀ ਮੱਧਮ ਪੈ ਜਾਂਦੀ ਹੈ।
ਉਨ੍ਹਾਂ ਕੋਲ ਵੱਡੀ ਗਿਣਤੀ ਵਫ਼ਾਦਾਰ ਸਮਰਥਕ ਵੀ ਹਨ ਜੋ ਆਮ ਅਮਰੀਕੀਆਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰ ਸਕਦੇ ਹਨ।
ਟਰੰਪ ਦੇ ਚਾਰ ਸਾਲ ਦੇ ਕਾਰਜ-ਕਾਲ ਤੋਂ ਬਾਅਦ, ਉਨ੍ਹਾਂ ਦੇ ਬਹੁਤ ਸਾਰੇ ਸਮਰਥਕ ਰਿਪਬਲਿਕਨ ਪਾਰਟੀ ਵਿੱਚ ਚੰਗੇ ਅਹੁਦਿਆਂ ’ਤੇ ਹਨ, ਜੋ ਉਨ੍ਹਾਂ ਨੂੰ ਫ਼ਾਇਦਾ ਪਹੁੰਚਾ ਸਕਦੇ ਹਨ।
ਫਿਰ ਵੀ, ਟਰੰਪ ਲਈ ਅਗਲਾ ਰਾਹ ਔਖਾ ਰਹੇਗਾ। ਇਸ ਦੇ ਕੁਝ ਅਹਿਮ ਕਾਰਨ ਵੀ ਹਨ।

ਤਸਵੀਰ ਸਰੋਤ, Getty Images
ਪਿਛਲਾ ਲੇਖਾ ਜੋਖਾ ਤੇ ਭਵਿੱਖੀ ਚੋਣਾਂ
ਅੱਠ ਸਾਲ ਪਹਿਲਾਂ, ਡੋਨਲਡ ਟਰੰਪ ਸਾਫ਼ ਸਲੇਟ ਦੀ ਤਰ੍ਹਾਂ ਸੀ। ਕਿਸੇ ਅਹੁਦੇਦਾਰ ਵਜੋਂ ਉਨ੍ਹਾਂ ਦਾ ਕੋਈ ਰਿਕਾਰਡ ਨਹੀਂ ਸੀ।
ਵੋਟਰ ਉਨ੍ਹਾਂ ਵਿੱਚ ਆਪਣੀਆਂ ਉਮੀਦਾਂ ਤੇ ਇੱਛਾਵਾਂ ਨੂੰ ਵੇਖ ਸਕਦੇ ਸੀ। ਉਹ ਵੱਡੇ-ਵੱਡੇ ਵਾਅਦੇ ਕਰ ਸਕਦੇ ਸੀ ਅਤੇ ਕਿਸੇ ਅਲੋਚਕ ਕੋਲ ਅਹੁਦੇਦਾਰ ਵਜੋਂ ਉਨ੍ਹਾਂ ਦੀਆਂ ਕਮੀਆਂ ਗਿਣਵਾਉਣ ਲਈ ਕੁਝ ਨਹੀਂ ਸੀ।
ਪਰ ਹੁਣ ਅਜਿਹਾ ਨਹੀਂ ਹੈ। ਜਿੱਥੇ ਡੋਨਲਡ ਟਰੰਪ ਦੇ ਚਾਰ ਸਾਲ ਦੇ ਕਾਰਜ-ਕਾਲ ਦੌਰਾਨ ਟੈਕਸ ਕਟੌਤੀ ਅਤੇ ਅਪਰਾਧਿਕ ਨਿਆਂ ਸੁਧਾਰ ਜਿਹੀਆਂ ਪ੍ਰਾਪਤੀਆਂ ਹਨ, ਉੱਥੇ ਹੀ ਕੁਝ ਅਸਫਲਤਾਵਾਂ ਵੀ ਹਨ।

ਇਹ ਵੀ ਪੜ੍ਹੋ-

ਰਿਪਬਲਿਕਨ ਟਰੰਪ ਵੱਲੋਂ ਡੈਮੋਕ੍ਰੇਟਿਕ ਸਿਹਤ ਸੰਭਾਲ ਸੁਧਾਰਾਂ ਨੂੰ ਰੱਦ ਕਰਨ ਵਿੱਚ ਅਸਮਰਥ ਰਹਿਣ ਨੂੰ ਯਾਦ ਰੱਖਣਗੇ।
ਬੁਨਿਆਦੀ ਢਾਂਚੇ ਬਾਰੇ ਨਿਵੇਸ਼ ਦੇ ਵਾਅਦੇ ਜਿਨ੍ਹਾਂ ਨੂੰ ਕਦੇ ਫੁੱਲ ਨਾ ਚੜ੍ਹ ਸਕੇ, ਇਹ ਵੀ ਯਾਦ ਰਹੇਗਾ। ਅਤੇ ਫਿਰ, ਕਰੋਨਾਵਾਇਰਸ ਮਾਹਾਂਮਾਰੀ ਦੌਰਾਨ ਟਰੰਪ ਨੇ ਜਿਸ ਤਰੀਕੇ ਨਾਲ ਇਸ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਸੀ, ਉਸ ਤਰੀਕੇ ’ਤੇ ਵੀ ਸਵਾਲ ਖੜੇ ਹੋ ਸਕਦੇ ਹਨ।
ਡੈਮੋਕ੍ਰੇਟਾਂ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਲੋੜੀਂਦੀਆਂ ਕਾਰਗਰ ਨਾ ਕਹਿਦਿੰਆਂ ਅਲੋਚਨਾ ਕੀਤੀ ਪਰ ਕਈ ਉਨ੍ਹਾਂ ਦੇ ਹੱਕ ਵਿਚ ਵੀ ਖੜ੍ਹੇ।

ਤਸਵੀਰ ਸਰੋਤ, Getty Images
ਛੇ ਜਨਵਰੀ ਦੀ ਘਟਨਾ ਦਾ ਪਰਛਾਵਾਂ
ਡੋਨਲਡ ਟਰੰਪ ਦੀ ਲੜਾਈ ਸਿਰਫ਼ ਉਨ੍ਹਾਂ ਦੇ ਰਾਸ਼ਟਰਪਤੀ ਕਾਰਜ-ਕਾਲ ’ਤੇ ਨਿਰਭਰ ਨਹੀਂ ਹੋਏਗੇ ਬਲਕਿ ਜਿਸ ਤਰ੍ਹਾਂ ਉਨ੍ਹਾਂ ਦਾ ਕਾਰਜਕਾਲ ਸਮਾਪਤ ਹੋਇਆ ਉਸ ਬਾਰੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ।
ਟਰੰਪ ਨੂੰ 6 ਜਨਵਰੀ ਨੂੰ ਅਮਰੀਕੀ ਕੈਪੀਟੋਲ ’ਤੇ ਹੋਈ ਹਿੰਸਾ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਵੀ ਜਵਾਬ ਦੇਣਾ ਪਵੇਗਾ ਤੇ ਦੇਖਣਾ ਬਣਦਾ ਹੈ ਕਿ ਉਹ ਖ਼ੁਦ ਦਾ ਬਚਾਅ ਕਿਵੇਂ ਕਰ ਪਾਉਂਦੇ ਹਨ।
ਉਸ ਦਿਨ ਦੀਆਂ ਤਸਵੀਰਾਂ, ਜਿਨ੍ਹਾਂ ਵਿੱਚ ਕੈਪਟੋਲ ’ਤੇ ਹੰਗਾਮੇ ਦੌਰਾਨ ਟਰੰਪ ਦੇ ਸਮਰਥਕ ਹੰਝੂ ਗੈਸ ਵਿਚਕਾਰ ਟਰੰਪ ਦੇ ਬੈਨਰ ਲਹਿਰਾ ਰਹੇ ਸੀ, ਅਮਰੀਕੀਆਂ ਨੂੰ ਕਦੇ ਨਹੀਂ ਭੁੱਲਣਗੀਆਂ।
ਮੱਧਵਰਤੀ ਚੋਣਾਂ ਨੇ ਜ਼ਾਹਿਰ ਕੀਤਾ ਕਿ ਉਸ ਦਿਨ ਜੋ ਹੋਇਆ ਅਤੇ ਉਸ ਤੋਂ ਪਹਿਲਾਂ ਡੋਨਲਡ ਟਰੰਪ ਦੇ ਬੋਲ ਅਤੇ ਕਾਰਵਾਈਆਂ, ਹੁਣ ਵੀ ਵੋਟਰਾਂ ਦੇ ਵਤੀਰੇ ਨੂੰ ਪ੍ਰਭਾਵਿਤ ਕਰ ਰਹੇ ਹਨ ਤੇ ਭਵਿੱਖ ਵਿੱਚ ਵੀ ਕਰ ਸਕਦੇ ਹਨ।
ਬਹੁਤ ਸਾਰੇ ਰਿਪਬਲਿਕਨ ਉਮੀਦਵਾਰ, ਜਿਨ੍ਹਾਂ ਨੇ ਖੁੱਲ੍ਹ ਕੇ 2020 ਚੋਣਾਂ ਦੌਰਾਨ ਟਰੰਪ ਦੀ ਹਾਰ ਮੰਨਣ ਤੋਂ ਇਨਕਾਰ ਕੀਤਾ, ਉਨ੍ਹਾਂ ਦਾ ਮੱਧਵਰਤੀ ਚੋਣਾਂ ਵਿੱਚ ਪ੍ਰਦਰਸ਼ਨ ਇਸ ਮਸਲੇ ’ਤੇ ਚੁੱਪ ਰਹਿਣ ਵਾਲਿਆਂ ਦੇ ਮੁਕਾਬਲੇ ਮਾੜਾ ਰਿਹਾ।

ਤਸਵੀਰ ਸਰੋਤ, Getty Images
ਕਾਨੂੰਨੀ ਅੜਚਣਾ
ਟਰੰਪ ਦੇ ਰਾਸ਼ਟਰਪਤੀ ਚੋਣਾਂ ਲੜਣ ਲਈ ਕਾਹਲ਼ੇ ਹੋਣ ਦਾ ਇੱਕ ਹੋਰ ਕਾਰਨ ਜੋ ਦੱਸਿਆ ਜਾ ਰਿਹਾ ਹੈ, ਉਹ ਇਹ ਕਿ ਇਸ ਜ਼ਰੀਏ ਟਰੰਪ ਉਨ੍ਹਾਂ ਖ਼ਿਲਾਫ਼ ਚੱਲ ਰਹੇ ਅਪਰਾਧਿਕ ਅਤੇ ਸਿਵਲ ਕੇਸਾਂ ਨੂੰ ਸਿਆਸੀ ਬਦਲਾਖੋਰੀ ਦੱਸ ਸਕਣਗੇ।
ਭਾਵੇਂ ਇਹ ਜਨ-ਸੰਪਰਕ ਦੇ ਮੰਤਵ ਨਾਲ ਕੀਤੇ ਕੰਮਾਂ ਵਜੋਂ ਹੋਵੇ, ਪਰ ਇਨ੍ਹਾਂ ਮਾਮਲਿਆਂ ਵਿੱਚ ਕਾਨੂੰਨ ਦਾ ਸਾਹਮਣਾ ਟਰੰਪ ਲਈ ਅਸਲ ਵਿੱਚ ਕਰਨਾ ਹੀ ਪਵੇਗਾ।
ਸਾਬਕਾ ਰਾਸ਼ਟਰਪਤੀ ਟਰੰਪ ਇਸ ਵੇਲੇ ਜੌਰਜੀਆ ਵਿੱਚ ਚੋਣਾਂ ਪ੍ਰਭਾਵਿਤ ਕਰਨ ਦੇ ਇੱਕ ਅਪਰਾਧਿਕ ਮਾਮਲੇ, ਨਿਊਯਾਰਕ ਵਿੱਚ ਇੱਕ ਧੋਖਾਧੜੀ ਦੇ ਮਾਮਲੇ ਜਿਸ ਵਿੱਚ ਇੱਕ ਕਾਰੋਬਾਰੀ ਸੰਸਥਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਇਕ ਮਾਣਹਾਨੀ ਦਾ ਮਾਮਲਾ, ਜਿਸ ਵਿੱਚ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਵੀ ਸ਼ਾਮਲ ਹਨ, ਵਰਗੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਦੀ ਕੈਪੀਟੋਲ ਹਮਲੇ ਭੂਮਿਕਾ ਸਬੰਧੀ ਮਾਮਲੇ ਦੀ ਵੀ ਜਾਂਚ ਚੱਲ ਰਹੀ ਹੈ।
ਇਨ੍ਹਾਂ ਵਿੱਚੋਂ ਕੋਈ ਵੀ ਜਾਂਚ ਮੁਕੱਦਮੇ ਵਿੱਚ ਬਦਲ ਸਕਦੀ ਹੈ ਅਤੇ ਸੁਰਖ਼ੀਆਂ ਵਿੱਚ ਛਾ ਸਕਦੀ ਹੈ। ਇਸ ਨਾਲ ਟਰੰਪ ਦੀ ਚੋਣ ਮੁਹਿੰਮ ਪ੍ਰਭਾਵਿਤ ਹੋ ਸਕਦੀ ਹੈ।
ਇਸ ਦਾ ਘੱਟੋ-ਘੱਟ ਅਸਰ ਉਨ੍ਹਾਂ ਦੇ ਰਾਹ ਵਿੱਚ ਰੋੜੇ ਬਣਨਾ ਹੋ ਸਕਦਾ ਹੈ। ਸਭ ਤੋਂ ਮਾੜੇ ਹਾਲਾਤ ਵਿੱਚ ਭਾਰੀ ਜੁਰਮਾਨਾ ਅਤੇ ਜੇਲ੍ਹ ਭੁਗਤਣੀ ਪੈ ਸਕਦੀ ਹੈ।

ਤਸਵੀਰ ਸਰੋਤ, Getty Images
ਇੱਕ ਮਜ਼ਬੂਤ ਵਿਰੋਧੀ
ਅੱਠ ਸਾਲ ਪਹਿਲਾਂ ਜਦੋਂ ਟਰੰਪ ਨੇ ਰਿਪਬਲਿਕਨ ਰਾਸ਼ਟਰਪਤੀ ਚੋਣ ਵਿੱਚ ਪੈਰ ਧਰੇ, ਤਾਂ ਪਾਰਟੀ ਦੇ ਪਸੰਦੀਦਾ ਮੰਨੇ ਜਾਣ ਵਾਲੇ ਫਲੋਰੀਡਾ ਦੇ ਗਵਰਨਰ ਜੇਬ ਬੁਸ਼ ਦਾ ਸਾਹਮਣਾ ਕਰ ਰਹੇ ਸੀ, ਪਰ ਜੇਬ ਬੁਸ਼ ਕਾਗਜ਼ੀ ਸ਼ੇਰ ਨਿਕਲੇ ਅਤੇ ਟਰੰਪ ਸਾਹਮਣੇ ਕਮਜ਼ੋਰ ਸਾਬਤ ਹੋਏ।
ਟਰੰਪ ਲਈ ਉਸ ਸਮੇਂ ਵੀ ਇੱਕ ਵੱਡੀ ਚੋਣ ਮੁਹਿੰਮ ਅਤੇ ਮਸ਼ਹੂਰ ਖ਼ਾਨਦਾਨ ਤੋਂ ਆਉਣਾ ਕਾਫ਼ੀ ਨਹੀਂ ਸੀ।
ਪਰਵਾਸ ਅਤੇ ਵਿੱਦਿਆ ਨੀਤੀ ਬਾਰੇ ਰਿਪਬਲਿਕਨਜ਼ ਨਾਲੋਂ ਵੱਖਰੀ ਰਾਇ ਰੱਖਦੇ ਸੀ ਅਤੇ ਪਾਰਟੀ ਵਿੱਚ ਹੁਣ ਬੁਸ਼ ਨਾਮ ਦਾ ਉਹ ਪ੍ਰਭਾਵ ਨਹੀਂ ਸੀ, ਜੋ ਕਿਸੇ ਵੇਲੇ ਹੋਇਆ ਕਰਦਾ ਸੀ।
ਜੇ ਟਰੰਪ 2024 ਵਿੱਚ ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਚਾਹੁੰਦੇ ਹਨ ਤਾਂ ਇੱਕ ਵਾਰ ਫਿਰ ਫਲੋਰੀਡਾ ਦੇ ਗਵਰਨਰ ਦਾ ਸਾਹਮਣਾ ਕਰਨਾ ਪਵੇਗਾ।
ਜੇਬ ਬੁਸ਼ ਤੋਂ ਉਲਟ, ਰੌਨ ਡੀਸੈਂਟਿਸ ਨੇ ਹਾਲ ਹੀ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ। ਜਿਸ ਨਾਲ ਉਨ੍ਹਾਂ ਦਾ ਪਾਰਟੀ ਦੇ ਸਮਰਥਕਾਂ ਨਾਲ ਤਾਲਮੇਲ ਜ਼ਾਹਿਰ ਹੁੰਦਾ ਹੈ।
ਹਾਲਾਂਕਿ ਉਨ੍ਹਾਂ ਦਾ ਕੌਮੀ ਪੱਧਰ ’ਤੇ ਇਮਿਤਿਹਾਨ ਹਾਲੇ ਬਾਕੀ ਹੈ, ਪਰ ਉਨ੍ਹਾਂ ਦੇ ਸਿਆਸੀ ਸਿਤਾਰੇ ਚੜ੍ਹਤ ਵਿੱਚ ਹਨ।
ਇਹ ਹਾਲੇ ਸਪੱਸ਼ਟ ਨਹੀਂ ਕਿ ਡੀਸੈਂਟਿਸ ਮੈਦਾਨ ਵਿੱਚ ਹੋਣਗੇ ਜਾਂ ਨਹੀਂ, ਜਾਂ ਹੋਰ ਕੌਣ ਕੌਣ ਰਿਪਬਲਿਕਨ ਰਾਸ਼ਟਰਪਤੀ ਚੋਣ ਦਾ ਹਿੱਸਾ ਹੋਏਗਾ।
ਟਰੰਪ ਨੂੰ ਹੋਰ ਮੌਕਾ ਨਾ ਦੇਣ ਦੇ ਇੱਛੁਕ ਪਾਰਟੀ ਮੈਂਬਰ ਫਲੋਰੀਡਾ ਦੇ ਗਵਰਨਰ ਨੂੰ ਸਹਿਮਤੀ ਨਾਲ ਚੁਣ ਸਕਦੇ ਹਨ।
ਜੇ ਅਜਿਹਾ ਹੋਇਆ ਤਾਂ, ਰਿਪਬਲਿਕਨ ਵੋਟਰਾਂ ਕੋਲ ਇੱਕ ਵਿਕਲਪ ਹੋਏਗਾ, ਜਿਸ ਨਾਲ ਨਾਮਜ਼ਦਗੀ ਤੋਂ ਪਹਿਲਾਂ ਹੀ ਟਰੰਪ ਨੂੰ ਰੋਕਿਆ ਜਾ ਸਕੇਗਾ।

ਤਸਵੀਰ ਸਰੋਤ, EPA-EFE/REX/SHUTTERSTOCK
ਲੋਕਾਂ ਦੇ ਪੰਸਦੀਦਾ ਆਗੂ ਨਹੀਂ ਰਹੇ ਟਰੰਪ
ਡੋਨਲਡ ਟਰੰਪ ਦੇ ਰਾਸ਼ਟਰਪਤੀ ਚੋਣਾਂ ਬਾਰੇ ਐਲਾਨ ਤੋਂ ਪਹਿਲਾਂ ਦੀ ਸ਼ਾਮ, ਇੱਕ ਕੰਜ਼ਰਵੇਟਿਵ ਗਰੁੱਪ ਨੇ ਲੋਵਾ ਅਤੇ ਨਿਊ ਹੈਂਪਸ਼ਾਇਰ ਤੋਂ ਰਿਪਬਲਿਕਨ ਵੋਟਰਾਂ ਦੀ ਰਾਇ ਦੇ ਅੰਕੜੇ ਜਾਰੀ ਕੀਤੇ।
ਜਿਸ ਵਿੱਚ ਕਾਂਟੇ ਦੀ ਟੱਕਰ ਵਿੱਚ ਡੋਨਲਡ ਟਰੰਪ, ਰੌਨ ਡੀਸੈਂਟਿਸ ਤੋਂ ਪਿੱਛੇ ਚੱਲ ਰਹੇ ਸਨ।
ਰਿਪਬਲਿਕਨ ਨਾਮਜ਼ਦਗੀ ਪ੍ਰਕਿਰਿਆ ਵਿੱਚ ਉਨ੍ਹਾਂ ਸੂਬਿਆਂ ਵਿੱਚ ਵੋਟਿੰਗ ਜਲਦੀ ਹੁੰਦੀ ਹੈ।
ਡੀਸੈਂਟਿਸ, ਫਲੋਰੀਡਾ ਤੋਂ 26 ਅਤੇ ਜੌਰਜੀਆ ਤੋਂ 20 ਅੰਕਾਂ ਨਾਲ ਅੱਗੇ ਸੀ। ਇਨ੍ਹਾਂ ਸਾਰੇ ਸੂਬਿਆਂ ਵਿੱਚ ਡੋਨਲਡ ਟਰੰਪ ਦੇ ਨੰਬਰ ਸਰਵੇਖਣਾਂ ਵਿੱਚ ਘੱਟ ਸੀ।
ਹਾਲ ਹੀ ਵਿੱਚ ਹੋਈਆਂ ਮਿਡਟਰਮ ਚੋਣਾਂ ਦੇ ਐਗਜ਼ਿਟ ਪੋਲ ਮੁਤਾਬਕ, ਡੋਨਲਡ ਟਰੰਪ ਬਹੁਤੇ ਪਸੰਦੀਦਾ ਆਗੂ ਨਹੀਂ ਹਨ, ਉਨ੍ਹਾਂ ਸੂਬਿਆਂ ਵਿੱਚ ਵੀ ਨਹੀਂ, ਜਿੱਥੇ ਰਾਸ਼ਟਰਪਤੀ ਅਹੁਦੇ ਲਈ ਜਿੱਤਣਾ ਉਨ੍ਹਾਂ ਲਈ ਜ਼ਰੂਰੀ ਹੋਏਗਾ।
ਨਿਊ ਹੈਂਪਸ਼ਾਇਰ ਵਿੱਚ ਸਿਰਫ਼ 30 ਫ਼ੀਸਦ ਵੋਟਰਾਂ ਨੇ ਕਿਹਾ ਕਿ ਉਹ ਟਰੰਪ ਨੂੰ ਦੁਬਾਰਾ ਰਾਸ਼ਟਰਪਤੀ ਚੋਣ ਵਿੱਚ ਲੜਦਿਆਂ ਵੇਖਣਾ ਚਾਹੁੰਦੇ ਹਨ।
ਫਲੋਰੀਡਾ ਵਿੱਚ ਵੀ ਸਿਰਫ਼ 33 ਫ਼ੀਸਦ ਲੋਕਾਂ ਦੀ ਇਹ ਰਾਏ ਸੀ।
ਟਰੰਪ 2015 ਵਿੱਚ ਵੀ ਉਨ੍ਹਾਂ ਦੀ ਉਮੀਦਵਾਰੀ ਨੂੰ ਲੈ ਕੇ ਨਾਂ-ਪੱਖੀ ਵਿਚਾਰਾਂ ਨਾਲ ਲੜੇ ਪਰ ਅੱਠ ਸਾਲ ਬਾਅਦ ਇੱਕ ਕੌਮੀ ਹਸਤੀ ਵਜੋਂ, ਉਹ ਵਿਚਾਰ ਇਸ ਵਾਰ ਬਦਲਣਗੇ ਔਖੇ ਲਗਦੇ ਹਨ।

ਤਸਵੀਰ ਸਰੋਤ, Reuters
ਵੱਧਦੀ ਉਮਰ ਦਾ ਤਕਾਜ਼ਾ
ਜੇ ਡੋਨਲਡ ਟਰੰਪ ਰਾਸ਼ਟਰਪਤੀ ਚੋਣ ਜਿੱਤਦੇ ਹਨ, ਤਾਂ ਸਹੁੰ ਚੁੱਕਣ ਵੇਲੇ ਉਹ 78 ਸਾਲ ਦੇ ਹੋਣਗੇ।
ਇਸੇ ਉਮਰ ਵਿੱਚ ਹੀ ਜੋ ਬਾਇਡਨ ਵਾਈਟ ਹਾਊਸ ਤੱਕ ਪਹੁੰਚੇ ਸੀ। ਇਸ ਨਾਲ ਉਹ ਅਮਰੀਕਾ ਦੇ ਇਤਿਹਾਸ ਵਿੱਚ ਦੂਜੇ ਸਭ ਤੋਂ ਵੱਡੀ ਉਮਰ ਦੇ ਰਾਸ਼ਟਰਪਤੀ ਹੋਣਗੇ।
ਸਮੇਂ ਦਾ ਚੱਕਰ ਵੱਖ-ਵੱਖ ਲੋਕਾਂ ਲਈ ਵੱਖੋ-ਵੱਖਰਾ ਹੁੰਦਾ ਹੈ ਪਰ ਵਧਦੀ ਉਮਰ ਦਾ ਭਾਰ ਟਾਲਿਆ ਨਹੀਂ ਜਾ ਸਕਦਾ।
ਇਸ ਦੀ ਕੋਈ ਗਾਰੰਟੀ ਨਹੀਂ ਕਿ ਡੋਨਲਡ ਟਰੰਪ ਰਿਪਬਲਿਕਨ ਨਾਮਜ਼ਦਗੀ ਹਾਸਿਲ ਕਰਨ ਲਈ ਲੋੜੀਂਦੀ ਸਖ਼ਤ ਮਹਿਨਤ ਕਰ ਸਕਣਗੇ ਤੇ ਮੁਹਿੰਮ ਵੀ ਚਲਾ ਸਕਣਗੇ ਜਾਂ ਨਹੀਂ, ਉਹ ਵੀ ਉਸ ਸਮੇਂ ਜਦੋਂ ਉਨ੍ਹਾਂ ਸਾਹਮਣੇ ਇੱਕ ਛੋਟੀ ਉਮਰ ਦਾ ਉਮੀਦਵਾਰ ਹੋਵੇਗਾ।
ਡੋਨਲਡ ਟਰੰਪ ਨੇ ਪਿਛਲੇ ਸਮੇਂ ਵਿੱਚ ਕਮਾਲ ਦੀ ਦ੍ਰਿੜਤਾ ਦਿਖਾਈ ਹੈ, ਪਰ ਹਰ ਕਿਸੇ ਦੀ ਇੱਕ ਸਮਰੱਥਾ ਹੁੰਦੀ ਹੈ।

ਇਹ ਵੀ ਪੜ੍ਹੋ-













