ਕਸ਼ਮੀਰ: ਫੌਜ ਦੀ ਪੁੱਛਗਿੱਛ ਲਈ ਬੁਲਾਏ ਗਏ ਤਿੰਨ ਲੋਕਾਂ ਦੀ ਮੌਤ ਮਗਰੋਂ ਕੀ ਹਾਲਾਤ ਬਣੇ ਹੋਏ ਹਨ

ਤਸਵੀਰ ਸਰੋਤ, ANI
ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਪੁੱਛਗਿੱਛ ਲਈ ਲੈ ਕੇ ਗਏ ਅੱਠ 'ਚੋਂ ਤਿੰਨ ਲੋਕਾਂ ਦੀ ਮੌਤ ਤੋਂ ਬਾਅਦ ਫੌਜ ਨੇ ਜਾਂਚ ਦੇ ਹੁਕਮ ਦਿੱਤੇ ਹਨ।
ਪਿਛਲੇ ਹਫ਼ਤੇ ਵੀਰਵਾਰ ਯਾਨਿ 21 ਦਸੰਬਰ ਨੂੰ ਪੁੰਛ ਜ਼ਿਲੇ 'ਚ ਫੌਜ ਦੇ ਦੋ ਵਾਹਨਾਂ 'ਤੇ ਹਮਲਾ ਹੋਇਆ ਸੀ, ਜਿਸ 'ਚ ਚਾਰ ਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਦੋ ਲੋਕ ਜ਼ਖਮੀ ਹੋ ਗਏ ਸਨ।
ਇਸ ਹਮਲੇ ਦੇ ਸਿਲਸਿਲੇ 'ਚ ਪੁੱਛਗਿੱਛ ਲਈ ਸ਼ੁੱਕਰਵਾਰ ਨੂੰ ਸੁਰੱਖਿਆ ਬਲ ਅੱਠ ਲੋਕਾਂ ਨੂੰ ਆਪਣੇ ਨਾਲ ਲੈ ਗਏ ਸਨ।
ਇਨ੍ਹਾਂ ਅੱਠ ਵਿਅਕਤੀਆਂ ਵਿੱਚੋਂ ਤਿੰਨ ਦੀ ਰਾਤ ਨੂੰ ਟੋਪਾ ਪੀਰ ਇਲਾਕੇ ਵਿੱਚ ਮੌਤ ਹੋ ਗਈ, ਜਿਸ ਤੋਂ ਬਾਅਦ ਇਲਾਕੇ ਵਿੱਚ ਤਣਾਅ ਹੈ।
ਫੌਜ ਨੇ ਇਸ ਮਾਮਲੇ 'ਚ ਇਕ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਭਾਰਤੀ ਫੌਜ ਜਾਂਚ 'ਚ ਪੂਰਾ ਸਹਿਯੋਗ ਦੇਣ ਲਈ ਵਚਨਬੱਧ ਹੈ।
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਤਣਾਅ ਦੇ ਮੱਦੇਨਜ਼ਰ ਪੁੰਛ ਅਤੇ ਰਾਜੌਰੀ 'ਚ ਇੰਟਰਨੈੱਟ 'ਤੇ ਪਾਬੰਦੀ ਲਗਾ ਦਿੱਤੀ ਹੈ। ਆਰਮੀ ਚੀਫ਼ ਜਨਰਲ ਮਨੋਜ ਪਾਂਡੇ ਵੀ ਰਾਜੌਰੀ ਅਤੇ ਪੁੰਛ ਵਿੱਚ ਚੱਲ ਰਹੇ ਫ਼ੌਜੀ ਅਪਰੇਸ਼ਨਾਂ ਦਾ ਜਾਇਜ਼ਾ ਲੈਣ ਜੰਮੂ ਪਹੁੰਚ ਗਏ ਹਨ।
ਮਰਨ ਵਾਲੇ ਤਿੰਨ ਲੋਕਾਂ ਵਿੱਚ 48 ਸਾਲਾ ਸਫ਼ੀਰ ਅਹਿਮਦ ਅਤੇ ਉਨ੍ਹਾਂ ਦੇ ਪਿੰਡ ਵਿੱਚ ਰਹਿਣ ਵਾਲੇ ਉਸ ਦੇ ਦੋ ਰਿਸ਼ਤੇਦਾਰ 28 ਸਾਲਾ ਮੁਹੰਮਦ ਸ਼ੌਕਤ ਅਤੇ 25 ਸਾਲਾ ਸ਼ਬੀਰ ਅਹਿਮਦ ਸ਼ਾਮਲ ਹਨ।
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਤਿੰਨਾਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਅਤੇ ਨੌਕਰੀਆਂ ਦਾ ਐਲਾਨ ਕੀਤਾ। ਹਾਲਾਂਕਿ, ਇਨ੍ਹਾਂ ਤਿੰਨਾਂ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਮਹਿਬੂਬਾ ਮੁਫ਼ਤੀ, ਫ਼ਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਸਮੇਤ ਕਸ਼ਮੀਰ ਦੇ ਸਾਰੇ ਵੱਡੇ ਆਗੂਆਂ ਨੇ ਇਸ ਹਮਲੇ 'ਤੇ ਭਾਜਪਾ ਸਰਕਾਰ ਨੂੰ ਘੇਰਿਆ ਹੈ।

ਤਸਵੀਰ ਸਰੋਤ, @JKPDP
ਫੌਜ 'ਤੇ ਤਸ਼ੱਦਦ ਦਾ ਇਲਜ਼ਾਮ
ਨਿਊਜ਼ ਏਜੰਸੀ ਏਪੀ ਨੇ ਆਪਣੀ ਰਿਪੋਰਟ 'ਚ ਸਥਾਨਕ ਲੋਕਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਪੁੱਛਗਿੱਛ ਲਈ ਲੈ ਕੇ ਗਏ ਤਿੰਨ ਲੋਕਾਂ ਦੀ ਫੌਜ ਦੀ ਹਿਰਾਸਤ 'ਚ ਮੌਤ ਤੋਂ ਬਾਅਦ ਇਲਾਕੇ 'ਚ ਤਣਾਅ ਹੈ।
ਰਿਪੋਰਟ 'ਚ ਸਥਾਨਕ ਲੋਕਾਂ ਦੇ ਹਵਾਲੇ ਨਾਲ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਫੌਜ ਦੇ ਜਵਾਨ ਲੋਕਾਂ ਨੂੰ ਨੇੜਲੇ ਫੌਜੀ ਕੈਂਪ 'ਚ ਲੈ ਗਏ ਅਤੇ ਉਨ੍ਹਾਂ 'ਤੇ ਤਸ਼ੱਦਦ ਕੀਤਾ ਤੇ ਉਨ੍ਹਾਂ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਲਾਸ਼ਾਂ ਨੂੰ ਸਥਾਨਕ ਪੁਲਿਸ ਨੂੰ ਸੌਂਪ ਦਿੱਤਾ ਗਿਆ ਅਤੇ ਫਿਰ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ ਗਈ। ਸਥਾਨਕ ਲੋਕਾਂ ਨੇ ਇਹ ਵੀ ਦਾਅਵਾ ਕੀਤਾ ਕਿ ਲਾਸ਼ਾਂ 'ਤੇ ਤਸ਼ੱਦਦ ਦੇ ਨਿਸ਼ਾਨ ਸਨ।
ਇਸ ਦੇ ਨਾਲ ਹੀ ਹਿਰਾਸਤ ਵਿੱਚ ਲਏ ਗਏ ਪੰਜ ਹੋਰ ਵਿਅਕਤੀਆਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਬੁਰੀ ਤਰ੍ਹਾਂ ਤਸ਼ੱਦਦ ਕਰਨ ਤੋਂ ਬਾਅਦ ਆਰਮੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਸ ਦੌਰਾਨ ਐਤਵਾਰ ਨੂੰ ਬਾਰਾਮੂਲਾ ਦੀ ਇਕ ਮਸਜਿਦ 'ਚ ਅਜ਼ਾਨ ਵੇਲੇ ਕੱਟੜਪੰਥੀਆਂ ਨੇ ਇਕ ਸੇਵਾਮੁਕਤ ਪੁਲਿਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਤਸਵੀਰ ਸਰੋਤ, ANI
ਤਿੱਖੀ ਪ੍ਰਤੀਕਿਰਿਆ
ਤਿੰਨ ਆਮ ਲੋਕਾਂ ਦੀ ਮੌਤ ਤੋਂ ਬਾਅਦ ਇਸ ਪੂਰੇ ਮਾਮਲੇ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓਜ਼ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਜੋ ਇਨ੍ਹਾਂ ਤਿੰਨਾਂ ਦੀ ਮੌਤ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ।
ਇਸ 'ਚ ਕੁਝ ਲੋਕ ਜ਼ਮੀਨ 'ਤੇ ਬੇਹੋਸ਼ ਪਏ ਲੋਕਾਂ 'ਤੇ ਮਿਰਚਾਂ ਦਾ ਪਾਊਡਰ ਪਾਉਂਦੇ ਨਜ਼ਰ ਆ ਰਹੇ ਹਨ।
ਹਾਲਾਂਕਿ, ਇਹਨਾਂ ਵੀਡੀਓਜ਼ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ। ਪਰ ਦਿ ਵਾਇਰ ਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਫੌਜ ਦੀ ਹਿਰਾਸਤ ਵਿੱਚ ਇਨ੍ਹਾਂ ਤਿੰਨਾਂ ਲੋਕਾਂ ਨਾਲ ਕਥਿਤ ਬੇਰਹਿਮੀ ਦੇ ਵੀਡੀਓ ਇੰਟਰਨੈੱਟ 'ਤੇ ਸਾਹਮਣੇ ਆਉਣ ਤੋਂ ਬਾਅਦ ਖੇਤਰ ਵਿੱਚ ਤਣਾਅ ਵਧ ਗਿਆ ਹੈ।
ਸੋਮਵਾਰ ਨੂੰ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਸੁਰਨਕੋਟ ਜਾਣ ਵਾਲੇ ਸਨ। ਹਾਲਾਂਕਿ, ਪੀਡੀਪੀ ਨੇ ਦਾਅਵਾ ਕੀਤਾ ਹੈ ਕਿ ਮੁਫ਼ਤੀ ਨੂੰ ਇਸ ਦੌਰੇ ਤੋਂ ਪਹਿਲਾਂ ਹੀ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਐਤਵਾਰ ਨੂੰ ਮਹਿਬੂਬਾ ਮੁਫ਼ਤੀ ਨੇ ਇਕ ਟਵੀਟ 'ਚ ਭਾਰਤ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ।
ਉਨ੍ਹਾਂ ਨੇ ਲਿਖਿਆ, "ਨਿਸ਼ਾਨਾ ਲਗਾ ਕੇ ਹਮਲੇ 'ਚ ਪੰਜ ਫੌਜੀ ਮਾਰੇ ਗਏ, ਤਿੰਨ ਬੇਕਸੂਰ ਨਾਗਰਿਕਾਂ ਨੂੰ ਫੌਜ ਦੀ ਹਿਰਾਸਤ 'ਚ ਤਸੀਹੇ ਦੇ ਕੇ ਮਾਰ ਦਿੱਤਾ ਗਿਆ, ਬਹੁਤ ਸਾਰੇ ਲੋਕ ਅਜੇ ਵੀ ਹਸਪਤਾਲ 'ਚ ਆਪਣੀ ਜਾਨ ਦੀ ਲੜਾਈ ਲੜ ਰਹੇ ਹਨ ਅਤੇ ਹੁਣ ਇਕ ਸੇਵਾਮੁਕਤ ਐੱਸਪੀ ਨੂੰ ਮਾਰ ਦਿੱਤਾ ਗਿਆ ਹੈ।"
"ਭਾਰਤ ਸਰਕਾਰ ਜਿਸ ਆਮ ਹਾਲਾਤ ਦਾ ਦਾਅਵਾ ਕਰਦੀ ਹੈ, ਉਸ ਨੂੰ ਕਾਇਮ ਰੱਖਣ ਲਈ ਨਿਰੋਦਸ਼ ਲੋਕ ਨੁਕਸਾਨ ਝੱਲ ਰਹੇ ਹਨ।"
ਮੁਫ਼ਤੀ ਨੇ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ 'ਚ ਹਰ ਜਾਨ ਨੂੰ ਖ਼ਤਰਾ ਹੈ ਅਤੇ ਭਾਰਤ ਸਰਕਾਰ ਹਰ ਚੀਜ਼ ਨੂੰ ਸਿਰਫ਼ ਇਸ ਲਈ ਦਬਾ ਦੇਣਾ ਚਾਹੁੰਦੀ ਹੈ ਕਿਉਂਕਿ ਜ਼ਮੀਨੀ ਹਕੀਕਤ ਉਨ੍ਹਾਂ ਦੇ ਫਰਜ਼ੀ ਬਿਰਤਾਂਤ ਨੂੰ ਖ਼ਤਮ ਕਰ ਦੇਵੇਗੀ।

ਇਸ ਦੇ ਨਾਲ ਹੀ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕੇਂਦਰ ਸਰਕਾਰ ਨੂੰ ਕੱਟਰਵਾਦ ਦੀ ਜੜ੍ਹ ਦਾ ਪਤਾ ਲਗਾਉਣ ਲਈ ਕਿਹਾ ਹੈ।
ਇਕ ਕਿਤਾਬ ਦੀ ਲਾਂਚਿੰਗ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਆਮ ਸਥਿਤੀ ਦੇ ਦਾਅਵੇ ਕਰਨਾ ਅਤੇ ਸੈਲਾਨੀਆਂ ਦੀ ਆਮਦ ਨਾਲ ਸ਼ਾਂਤੀ ਬਹਾਲੀ ਵਜੋਂ ਉਤਸ਼ਾਹਿਤ ਕਰਨ ਨਾਲ ਅੱਤਵਾਦ ਖ਼ਤਮ ਨਹੀਂ ਹੋਵੇਗਾ, ਉਹ ਅਜੇ ਵੀ ਜ਼ਿੰਦਾ ਹੈ।"
"ਇਹ ਦਾਅਵਾ ਕਰ ਰਹੇ ਸਨ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਅੱਤਵਾਦ ਖ਼ਤਮ ਹੋ ਗਿਆ ਪਰ ਚਾਰ ਸਾਲ ਬੀਤ ਚੁੱਕੇ ਹਨ, ਅੱਤਵਾਦ ਅਜੇ ਵੀ ਹੈ ਅਤੇ ਇਸ ਦਾ ਮੂਲ ਕਾਰਨ ਜਾਣਨ ਦੀ ਕੋਸ਼ਿਸ਼ ਕੀਤੇ ਬਿਨਾਂ ਇਹ ਖ਼ਤਮ ਨਹੀਂ ਹੋਵੇਗਾ।"
ਸਾਬਕਾ ਸੀਐੱਮ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਲਿਖਿਆ ਹੈ, "ਜੇਕਰ ਹਿਰਾਸਤ ਵਿੱਚ ਕਤਲ ਦੇ ਇਲਜ਼ਾਮ ਸੱਚ ਹਨ ਤਾਂ ਇਹ ਸੁਰੱਖਿਆ ਬਲਾਂ ਅਤੇ ਅਫਸਪਾ ਦੇ ਤਹਿਤ ਸੁਰੱਖਿਆ ਬਲਾਂ ਨੂੰ ਮਿਲਣ ਵਾਲੀ ਸੁਰੱਖਿਆ ਦੀ ਦੁਰਵਰਤੋਂ ਹੈ।"
"ਹੁਣ ਤਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕਿਸੇ ਵੀ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਸਜ਼ਾ ਦੀ ਮੰਗ ਵੀ ਹੁਣ ਬੇਤੁਕੀ ਹੈ ਕਿਉਂਕਿ ਜਿਹੜੇ ਦੋਸ਼ੀ ਮੰਨੇ ਵੀ ਗਏ ਸਨ, ਉਹ ਵੀ ਆਪਣੀ ਸਜ਼ਾ ਪੂਰੀ ਕੀਤੇ ਬਿਨਾਂ ਆਜ਼ਾਦ ਘੁੰਮ ਰਹੇ ਹਨ।"
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਨੇਤਾ ਸੀਤਾਰਾਮ ਯੇਚੁਰੀ ਨੇ ਵੀ ਇੱਕ ਟਵੀਟ ਵਿੱਚ ਇਸ ਮਾਮਲੇ ਦੀ ਜਲਦੀ ਤੋਂ ਜਲਦੀ ਜਾਂਚ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਲਿਖਿਆ, "ਫੌਜ ਦੀ ਹਿਰਾਸਤ ਵਿੱਚ ਤਸ਼ੱਦਦ ਨਾਲ ਹੋਈਆਂ ਤਿੰਨਾਂ ਨਾਗਰਿਕਾਂ ਦੀ ਮੌਤ ਦੀ ਜਲਦ ਤੋਂ ਜਲਦ ਜਾਂਚ ਹੋਣੀ ਚਾਹੀਦੀ ਹੈ ਅਤੇ ਜਵਾਬਦੇਹੀ ਤੈਅ ਕਰ ਕੇ ਨਿਆਂ ਮਿਲਣਾ ਚਾਹੀਦਾ ਹੈ। ਮ੍ਰਿਤਕਾਂ ਦੇ ਪਰਿਵਾਰ ਪ੍ਰਤੀ ਡੂੰਘੀ ਹਮਦਰਦੀ।"

ਤਸਵੀਰ ਸਰੋਤ, ANI
ਸਰਕਾਰ ਨੇ ਕੀ ਕਿਹਾ ?
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਤਿੰਨਾਂ ਲੋਕਾਂ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਹਾਲਾਂਕਿ, ਇਹ ਕਿਹਾ ਗਿਆ ਹੈ ਕਿ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਆਵਜ਼ੇ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ।
ਜੰਮੂ-ਕਸ਼ਮੀਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਸੋਸ਼ਲ ਮੀਡੀਆ 'ਤੇ ਕਿਹਾ, "ਪੁੰਛ ਦੇ ਬੁਫ਼ਲਿਆਜ਼ 'ਚ ਤਿੰਨ ਲੋਕਾਂ ਦੀ ਮੌਤ ਦੀ ਖ਼ਬਰ ਹੈ। ਇਸ ਮਾਮਲੇ 'ਚ ਮੈਡੀਕੋ ਲੀਗਲ ਪ੍ਰਕਿਰਿਆ ਕੀਤੀ ਗਈ ਹੈ ਅਤੇ ਅਧਿਕਾਰੀ ਕਾਨੂੰਨੀ ਕਾਰਵਾਈ ਕਰ ਰਹੇ ਹਨ।"
"ਸਰਕਾਰ ਨੇ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਹੈ, ਮ੍ਰਿਤਕਾਂ ਦੇ ਪਰਿਵਾਰ ਦੇ ਇੱਕ ਵਿਅਕਤੀ ਨੂੰ ਨੌਕਰੀ ਵੀ ਦਿੱਤੀ ਜਾਵੇਗੀ।"
ਇੰਡੀਅਨ ਐਕਸਪ੍ਰੈੱਸ ਨੇ ਆਪਣੀ ਇਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਤਿੰਨਾਂ ਲੋਕਾਂ ਦੀ ਮੌਤ ਕਿਹੜੇ ਹਾਲਾਤ ਵਿੱਚ ਹੋਈ ਇਹ ਪਤਾ ਲਗਾਉਣ ਲਈ ਫੌਜ ਨੇ ਕੋਰਟ ਆਫ ਐਨਕੁਆਇਰੀ ਦੇ ਆਦੇਸ਼ ਦਿੱਤੇ ਹਨ।
ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਪੁਲਿਸ ਨੇ ਪੁੰਛ ਦੇ ਸੁਰਨਕੋਟ ਥਾਣੇ 'ਚ ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਵੀ ਦਰਜ ਕੀਤਾ ਹੈ।
ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਵੀ ਇਹ ਕਿਹਾ ਗਿਆ ਹੈ ਕਿ ਪੀਰ ਪੰਜਾਲ ਰੇਂਜ ਦੇ ਦੱਖਣੀ ਇਲਾਕਿਆਂ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ 16ਵੀਂ ਕੋਰ ਕਮਾਂਡ ਦੀ ਬਜਾਇ ਹੁਣ ਇਹ ਜਾਂਚ ਅਖ਼ਨੂਰ ਸਥਿਤ ਕਮਾਂਡ ਨੂੰ ਸੌਂਪ ਦਿੱਤੀ ਗਈ ਹੈ।
ਜਾਂਚ ਵਿੱਚ ਨਿਰਪੱਖਤਾ ਯਕੀਨੀ ਬਣਾਉਣ ਲਈ ਜੰਮੂ-ਕਸ਼ਮੀਰ ਪੁਲਿਸ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਇਹ ਫਾਸਟ ਟਰੈਕ ਜਾਂਚ 72 ਘੰਟਿਆਂ ਦੇ ਅੰਦਰ ਪੂਰੀ ਕੀਤੀ ਜਾਵੇਗੀ ਅਤੇ ਫੌਜੀਆਂ 'ਤੇ ਹੋਏ ਹਮਲੇ ਅਤੇ ਹਮਲੇ ਦੀ ਵੀ ਜਾਂਚ ਕੀਤੀ ਜਾਵੇਗੀ।
ਉੱਥੇ ਹੀ ਕੁਝ ਅਧਿਕਾਰੀਆਂ ਦੇ ਹਵਾਲੇ ਨਾਲ ਅਖ਼ਬਾਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ 16ਵੀਂ ਕੋਰ ਕਮਾਂਡ ਦੇ ਕੁਝ ਮੋਹਰੀ ਅਧਿਕਾਰੀਆਂ ਨੂੰ ਵੀ ਹਟਾਏ ਜਾਣ ਦਾ ਫ਼ੈਸਲਾ ਲਿਆ ਗਿਆ ਹੈ।
ਹਾਲਾਂਕਿ, ਇਨ੍ਹਾਂ ਵਿੱਚ ਕੁਝ ਪਹਿਲਾਂ ਤੋਂ ਹਟਾਉਣਾ ਤੈਅ ਸੀ ਪਰ ਕੁਝ ਅਧਿਕਾਰੀਆਂ ਨੂੰ ਤਿੰਨ ਨਾਗਰਿਕਾਂ ਦੀ ਮੌਤ ਦੇ ਜਵਾਬ ਵਿੱਚ ਹਟਾਇਆ ਜਾਣਾ ਹੈ।
ਇਸ ਦੇ ਨਾਲ ਹੀ 16ਵੀਂ ਕੋਰ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਸੰਦੀਪ ਜੈਨ ਵੀ ਛੇਤੀ ਹੀ ਦੇਹਰਾਦੂਨ ਵਿੱਚ ਇੰਡੀਅਨ ਮਿਲਟਰੀ ਅਕੈਡਮੀ ਵਿੱਚ ਕਮਾਂਡੈਂਟ ਦੇ ਅਹੁਦੇ 'ਤੇ ਤੈਨਾਤ ਹੋਣਗੇ। ਉਨ੍ਹਾਂ ਦੀ ਥਾਂ ਲੈਫਟੀਨੈਂਟ ਜਨਰਲ ਨਵੀਨ ਸਚਦੇਵਾ ਲੈਣਗੇ।












