ਛੱਤਰਪਤੀ ਸ਼ਿਵਾਜੀ ਦੇ ਸਹਾਰੇ ਕੀ ਭਾਜਪਾ ਤੇਲੰਗਾਨਾ ਜਿੱਤਣਾ ਚਾਹੁੰਦੀ ਹੈ

- ਲੇਖਕ, ਵਿਨੀਤ ਖਰੇ
- ਰੋਲ, ਬੀਬੀਸੀ ਪੱਤਰਕਾਰ
ਛੱਤੀਸਗੜ੍ਹ, ਮਿਜ਼ੋਰਮ, ਮੱਧ ਪ੍ਰਦੇਸ਼, ਰਾਜਸਥਾਨ, ਅਤੇ ਤੇਲੰਗਾਨਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਕਈ ਹਲਕਿਆਂ ਵਿੱਚ ਆਉਂਦੇ ਸਾਲ ਦੀਆਂ ਸੰਸਦੀ ਚੋਣਾਂ ਦਾ ਸੈਮੀ ਫਾਈਨਲ ਮੰਨਿਆ ਜਾ ਰਿਹਾ ਹੈ।
ਇਨ੍ਹਾਂ ਪੰਜ ਸੂਬਿਆਂ ਵਿੱਚੋਂ ਤਿੰਨ ਸੂਬਿਆਂ ਵਿੱਚ ਭਾਜਪਾ ਦਾ ਸਿੱਧਾ ਮੁਕਾਬਲਾ ਕਾਂਗਰਸ ਨਾਲ ਹੈ। ਮਿਜ਼ੋਰਮ ਅਤੇ ਤੇਲੰਗਾਨਾ ਅਜਿਹੇ ਦੋ ਸੂਬੇ ਹਨ, ਜਿੱਥੇ ਮੁਕਾਬਲਾ ਸਥਾਨਕ ਪਾਰਟੀਆਂ ਵਿਚਕਾਰ ਹੈ।
119 ਵਿਧਾਨ ਸਭਾ ਸੀਟਾਂ ਅਤੇ 17 ਲੋਕ ਸਭਾ ਸੀਟਾਂ ਵਾਲੇ ਤੇਲੰਗਾਨਾ ਵਿੱਚ ਰਾਸ਼ਟਰੀ ਪਾਰਟੀਆਂ, ਭਾਜਪਾ ਅਤੇ ਕਾਂਗਰਸ ਦੇ ਲਈ ਸੱਤਾਧਾਰੀ ਦਲ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੇ ਖ਼ਿਲਾਫ਼ ਬਿਹਤਰ ਪ੍ਰਦਰਸ਼ਨ ਕਰਨ ਦੀ ਚੁਣੌਤੀ ਹੈ।
ਤੇਲੰਗਾਨਾ ਦਾ ਗਠਨ 10 ਸਾਲ ਪਹਿਲਾਂ ਹੀ ਹੋਇਆ ਸੀ।
ਬੀਆਰਐੱਸ ਨੂੰ ਭਰੋਸਾ ਹੈ ਕਿ ਕਿਸਾਨਾਂ ਅਤੇ ਸਮਾਜ ਦੇ ਕਈ ਵਰਗਾਂ ਦੇ ਲਈ ਕੰਮ ਕਰ ਰਹੀਆਂ ਉਨ੍ਹਾਂ ਦੀਆਂ ਸਰਕਾਰੀ ਯੋਜਨਾਵਾਂ ਨਾਲ ਉਨ੍ਹਾਂ ਨੂੰ ਚੋਣਾਂ ਵਿੱਚ ਜਿੱਤ ਹਾਸਲ ਹੋ ਜਾਵੇਗੀ।
ਭਾਜਪਾ ਦੇ ਲਈ ਵੀ ਤੇਲੰਗਾਨਾ ਦੇ ਨਤੀਜੇ ਬੇਹੱਦ ਮਹੱਤਵਪੂਰਨ ਹਨ।
ਕਈ ਜਾਣਕਾਰਾਂ ਮੁਤਾਬਕ, ਉੱਤਰ ਭਾਰਤ ਵਿੱਚ ਭਾਜਪਾ ਆਪਣੇ ਸਿਖਰ ਉੱਤੇ ਪਹੁੰਚ ਚੁੱਕੀ ਹੈ ਅਤੇ ਉੱਥੇ 2024 ਦੀਆਂ ਸੰਸਦੀ ਚੋਣਾਂ ਵਿੱਚ ਸੰਭਾਵਿਤ ਸੀਟਾਂ ਦੇ ਨੁਕਸਾਨ ਦੀ ਭਰਪਾਈ ਕਰਨ ਦੇ ਲਈ ਜ਼ਰੂਰੀ ਹੈ ਕਿ ਪਾਰਟੀ ਆਪਣੇ ਗੜ੍ਹ ਤੋਂ ਬਾਹਰ ਆਪਣੀ ਪਕੜ ਮਜ਼ਬੂਤ ਕਰੇ।

ਭਾਜਪਾ ਨੂੰ ਤੇਲੰਗਾਨਾ ਕੋਲੋਂ ਉਮੀਦਾਂ ਇਸ ਲਈ ਵੀ ਹਨ, ਕਿਉਂਕਿ ਪਾਰਟੀ ਨੇ ਸਾਲ 2019 ਵਿੱਚ ਕਰੀਬ 20 ਫ਼ੀਸਦ ਵੋਟਾਂ ਦੇ ਨਾਲ ਤੇਲੰਗਾਨਾ ਵਿੱਚ ਚਾਰ ਲੋਕ ਸਭਾ ਸੀਟਾਂ ਜਿੱਤ ਕੇ ਕਈ ਮਾਹਰਾਂ ਨੂੰ ਹੈਰਾਨ ਕਰ ਦਿੱਤਾ ਸੀ।
ਸਾਲ 2020 ਵਿੱਚ ਹੈਦਰਾਬਾਦ ਦੀਆਂ ਸਥਾਨਕ ਚੁੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਤੋਂ ਬਾਅਦ ਭਾਜਪਾ ਦੀਆਂ ਉਮੀਦਾਂ ਬਹੁਤ ਵੱਧ ਗਈਆਂ ਸਨ।
ਪਰ ਪਾਰਟੀ ਨੇ ਪੰਜ ਸਾਲ ਪਹਿਲਾਂ ਵਿਧਾਨ ਸਭਾ ਵਿੱਚ ਟੀ ਰਾਜਾ ਸਿੰਘ ਦੇ ਰੂਪ ਵਿੱਚ ਸਿਰਫ਼ ਇੱਕ ਸੀਟ ਜਿੱਤੀ ਅਤੇ ਪਾਰਟੀ ਦਾ ਕੁਲ ਵੋਟਾਂ ਵਿੱਚ ਹਿੱਸਾ ਸਿਰਫ਼ 7.1 ਫ਼ੀਸਦ ਸੀ।
ਕਾਂਗਰਸ ਅਤੇ ਓਵੈਸੀ

ਕਰਨਾਟਕ ਵਿਧਾਨ ਸਭਾ ਵਿੱਚ ਜਿੱਤ ਤੋਂ ਬਾਅਦ ਕਾਂਗਰਸ ਜਾਤ ਮਰਦਮਸ਼ੁਮਾਰੀ, ਔਰਤਾਂ, ਕਿਸਾਨਾਂ ਅਤੇ ਬਜ਼ੁਰਗਾਂ ਨੂੰ ਫਾਇਦਾ ਪਹੁੰਚਾਉਣ ਵਾਲੀਆਂ ਯੋਜਨਾਵਾਂ ਨੂੰ ਛੇ ਗਰੰਟੀਆਂ ਦੇ ਵਾਅਦੇ ਵਿੱਚ ਲਪੇਟਕੇ ਜਿੱਤ ਦੀ ਉਮੀਦ ਲਾ ਰਹੀ ਹੈ।
ਜਾਣਕਾਰਾਂ ਦੇ ਮੁਤਾਬਕ ਭਾਜਪਾ ਨੇਤਾ ਅਤੇ ਭਾਸ਼ਣਾ ਤੋਂ ਲਗਾਤਾਰ ਹਿੰਦੂ ਵੋਟਾਂ ਨੂੰ ਵੰਡਣ ਦੀ ਕੋਸ਼ਿਸ਼ ਵਿੱਚ ਹਨ ਅਤੇ ਲਗਾਤਾਰ ਇਹ ਇਲਜ਼ਾਮ ਲਾ ਰਹੇ ਹਨ ਕਿ ਸੱਤਾਧਾਰੀ ਬੀਆਰਐੱਸ ਅਤੇ ਅਸਦੁਦੀਨ ਓਵੈਸੀ ਦੀ ਪਾਰਟੀ ਆਲ ਇੰਡੀਆਂ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਨਾਲ-ਨਾਲ ਹਨ।
ਬੀਆਰਐੱਸ ਅਤੇ ਏਆਈਐੱਮਆਈਐੱਮ ਦੇ ਵਿੱਚ ਕੋਈ ਰਸਮੀ ਚੋਣ ਸਮਝੌਤਾ ਨਹੀਂ ਹੈ। ਪਰ ਅਸਦੁਦੀਨ ਓਵੈਸੀ ਨੇ ਬੀਆਰਐੱਸ ਦੀਆਂ ਨੀਤੀਆਂ ਦੀ ਤਾਰੀਫ਼ ਕਰਦੇ ਹੋਏ ਮੁਸਲਮਾਨਾਂ ਨੂੰ ਬੀਆਰਐੱਸ ਨੂੰ ਵੋਟ ਪਾਉਣ ਲਈ ਕਿਹਾ ਹੈ।
ਇਸਦਾ ਕਾਰਨ ਸਮਝਾਉਣਾ ਮੁਸ਼ਕਲ ਨਹੀਂ ਹੈ। ਕਈ ਹਿੰਦੁਤਵ ਸਮਰਥਕ ਓਵੈਸੀ ਦੇ ਕੱਟੜ ਵਿਰੋਧੀ ਰਹੇ ਹਨ।
ਚੋਣਾਂ ਤੋਂ ਪਹਿਲਾਂ ਰਜ਼ਾਕਾਰ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਣਾ ਅਤੇ ਪੈਗ਼ੰਬਰ ਮੁਹੰਮਦ ਉੱਤੇ ਕਥਿਤ ਵਿਵਾਦਤ ਬਿਆਨ ਦੇ ਕਾਰਨ ਮੁਅੱਤਲ ਕੀਤੇ ਗਏ ਭਾਜਪਾ ਵਿਧਾਇਕ ਰਾਜਾ ਸਿੰਘ ਦੀ ਮੁਅੱਤਲੀ ਰੱਦ ਕਰਨ ਨੂੰ ਵੀ ਤੇਲੰਗਾਨਾ ਵਿੱਚ ਭਾਜਪਾ ਦੇ ਹਿੰਦੁਤਵ ਨੂੰ ਅੱਗੇ ਵਧਾਉਣ ਦੇ ਨਜ਼ਰੀਏ ਤੋਂ ਵੇਖਿਆ ਜਾ ਰਿਹਾ ਹੈ।
ਤੇਲੰਗਾਨਾ ਵਿੱਚ ਰਾਜਾ ਸਿੰਘ ਨੂੰ ਹਿੰਦੁਤਵ ਦਾ ਪੋਸਟਰ ਬੁਆਏ ਦੱਸਿਆ ਜਾਂਦਾ ਹੈ।
ਤੇਲੰਗਾਨਾ ਵਿੱਚ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਹਿੰਦੁਤਵ ਦਾ ਚਿਹਰਾ ਮੰਨੇ ਜਾਣ ਵਾਲੇ ਬੰਡੀ ਸੰਜੇ ਕੁਮਾਰ ਨੇ ਮਈ ਵਿੱਚ ਇੱਕ ਟਵੀਟ ਵਿੱਚ ਕਿਹਾ ਸੀ, “ਹਿੰਦੁਤਵ ਤੋਂ ਬਿਨਾਂ ਇਹ ਦੇਸ਼ ਬਿਖਰ ਜਾਂਦਾ। ਇਹ ਪਾਕਿਸਤਾਨ, ਬੰਗਲਾਦੇਸ਼ ਜਾਂ ਅਫ਼ਗਾਨਿਸਤਾਨ ਬਣ ਜਾਂਦਾ, ਹਿੰਦੁਤਵ ਤੋਂ ਬਿਨਾਂ ਭਾਰਤ ਦੀ ਹੋਂਦ ਨਾ ਹੁੰਦੀ, ਮਕਸਦ ਤੇਲੰਗਾਨਾ ਵਿੱਚ ਰਾਮ ਰਾਜ ਲਿਆਉਣਾ ਹੈ।”
ਸ਼ਿਵਾਜੀ ਦੀਆਂ ਮੂਰਤੀਆਂ ਅਤੇ ਹਿੰਦੁਤਵ

ਤਸਵੀਰ ਸਰੋਤ, X/BANDISANJAY_BJP
ਭਾਜਪਾ ਦੇ ਵਿਰੋਧੀ ਪਾਰਟੀ ਉੱਤੇ ਹਿੰਦੂਆਂ ਨੂੰ ਇੱਕਜੁੱਟ ਕਰਨ ਦੇ ਮਕਸਦ ਨਾਲ ਸ਼ਿਵਾਜੀ ਮਹਾਰਾਜ ਨਾਲ ਜੁੜੇ ਇਤਿਹਾਸ ਦਾ ਚੋਣਾਂ ਵਿੱਚ ਫਾਇਦਾ ਚੁੱਕਣ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗਦੇ ਰਹੇ ਹਨ।
ਆਪਣੇ ਵੇਲੇ ਦੇ ਸਭ ਤੋਂ ਤਾਕਤਵਰ ਮੁਗ਼ਲ ਸਮਾਰਾਜ ਦੇ ਛੇਵੇਂ ਸ਼ਾਸਕ ਔਰੰਗਜ਼ੇਬ ਦੇ ਖ਼ਿਲਾਫ਼ ਸ਼ਿਵਾਜੀ ਦੀ ਜੰਗ ਛੇੜਨ ਦੀ ਕਹਾਣੀ ਸਾਰਿਆਂ ਨੂੰ ਪਤਾ ਹੈ।
ਭਾਜਪਾ ਅਤੇ ਹਿੰਦੂ ਸੰਗਠਨਾਂ ਉੱਤੇ ਤੇਲੰਗਾਨਾ ਵਿੱਚ ਹੀ ਅਜਿਹੇ ਇਲਜ਼ਾਮ ਲਾਏ ਜਾ ਰਹੇ ਹਨ।
ਤੇਲੰਗਾਨਾ ਵਿੱਚ ਸਥਾਨਕ ਲੋਕਾਂ ਦੇ ਮੁਤਾਬਕ, ਪਿਛਲੇ ਕੁਝ ਮਹੀਨਿਆਂ ਅਤੇ ਸਾਲਾਂ ਵਿੱਚ ਛੱਤਰਪਤੀ ਸ਼ਿਵਾਜੀ ਦੀਆਂ ਮੂਰਤੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਹਾਲਾਂਕਿ ਇਸ ਬਾਰੇ ਅੰਕੜੇ ਨਹੀਂ ਮਿਲਦੇ।
ਵਿਰੋਧੀਆਂ ਵੱਲੋਂ ਭਾਜਪਾ ਆਗੂ ਬੰਡੀ ਸੰਜੇ ਕੁਮਾਰ ਦੇ ਫਰਵਰੀ ਦੇ ਬਿਆਨ ਵੱਲ ਧਿਆਨ ਦਵਾਇਆ ਜਾਂਦਾ ਹੈ।
ਜਦੋਂ ਉਨ੍ਹਾਂ ਨੇ ਤੇਲੰਗਾਨਾ ਦੇ ਸਾਰੇ ਪਿੰਡਾਂ ਵਿੱਚ ਮੂਰਤੀ ਸਥਾਪੁਿਤ ਕਰਨ ਦੀ ਗੱਲ ਕਰਦੇ ਹੋਏ ਕਿਹਾ ਸੀ, “ਹਿੰਦੂ ਧਰਮ ਨੂੰ ਬਚਾਉਣ ਦੇ ਲਈ ਅਸੀਂ ਸ਼ਿਵਾਜੀ ਦੀ ਮੂਰਤੀ ਲਗਾਈ ਹੈ, ਹਰ ਪਿੰਡ ਵਿੱਚ ਲੋਕਾਂ ਨੂੰ ਅਜਿਹੇ ਆਗੂਆਂ ਨੂੰ ਵੋਟ ਪਾਉਣੀ ਚਾਹੀਦੀ ਹੈ ਜਿਹੜੇ ਹਿੰਦੂ ਧਰਮ ਦੇ ਲਈ ਕੰਮ ਕਰਨ।”
ਸ਼ਿਵਾਜੀ ਦੀ ਵਿਰਾਸਤ

ਫੂਲੇ-ਅੰਬੇਡਕਰ ਰਿਸਰਚ ਸਕਾਲਰ ਅਤੇ ਹੈਦਰਾਬਾਦ ਦੇ ਫੂਲੇ-ਅੰਬੇਡਕਰ ਸੈਂਟਰ ਫਾਰ ਫ਼ਿਲਾਸਫ਼ਿਕਲ ਐਂਡ ਇੰਗਲਿਸ਼ ਟ੍ਰੇਨਿੰਗ ਵਿੱਚ ਰਾਜਨੀਤੀ ਵਿਗਿਆਨ ਪੜ੍ਹਾਉਣ ਵਾਲੇ ਪ੍ਰੋਫ਼ੈਸਰ ਪੀ ਮਣੀਕੰਟਾ, ਬੰਡੀ ਸੰਜੇ ਕੁਮਾਰ ਦੇ ਸ਼ਿਵਾਜੀ ਬਾਰੇ ਦਿੱਤੇ ਬਿਆਨ ਨੂੰ ਅਹਿਮ ਮੰਨਦੇ ਹਨ ਅਤੇ ਕਹਿੰਦੇ ਹਨ, “ਉਨ੍ਹਾਂ(ਹਿੰਦੂ ਸੰਗਠਨਾਂ ਨੂੰ) ਸਾਰੇ ਹਿੰਦੂਆਂ ਨੂੰ ਮਿਲਾਉਣ ਲਈ ਸ਼ਿਵਾਜੀ ਵਿੱਚ ਇੱਕ ਚਿੰਨ੍ਹ ਮਿਲਿਆ ਹੈ।”
ਭਾਜਪਾ ਵਿਧਾਇਕ ਰਾਜਾ ਸਿੰਘ ਦੇ ਮਤਾਬਕ ਉਨ੍ਹਾਂ ਨੇ ਤੇਲੰਗਾਨਾ ਵਿੱਚ ਸ਼ਿਵਾਜੀ ਦੀਆਂ “300 ਤੋਂ ਵੱਧ ਮੂਰਤੀਆਂ” ਦਾ ਉਦਘਾਟਨ ਕੀਤਾ ਹੈ।
ਹੈਦਰਾਬਾਦ ਦੇ ਉਨ੍ਹਾਂ ਦੇ ਦਫ਼ਤਰ ਵਿੱਚ ਸ਼ਿਵਾਜੀ ਦੀਆਂ ਮੂਰਤੀਆਂ ਹਨ। ਰਾਜਾ ਸਿੰਘ ਦੇ ਮੁਤਾਬਕ, “ਸ਼ਿਵਾਜੀ ਮਹਾਰਾਜ ਹਿੰਦੂਆਂ ਦੇ ਲਈ ਰੱਬ ਹਨ, ਅਤੇ ਉਹ ਰੱਬ ਹੀ ਰਹਿਣਗੇ।”
ਉਹ ਕਹਿੰਦੇ ਹਨ, “ਇਸ ਦੀ ਸ਼ੁਰੂਆਤ ਅਸੀਂ 2010 ਵਿੱਚ ਕੀਤੀ ਹੈ ਤੇ ਇਸਦਾ ਮਕਸਦ ਹਰ ਨੌਜਵਾਨ ਨੂੰ ਛੱਤਰਪਤੀ ਸ਼ਿਵਾਜੀ ਮਹਾਰਾਜ ਵਰਗਾ ਬਣਾਉਣਾ ਹੈ, ਉਹ ਸਿਰਫ਼ ਹਿੰਦੂਆਂ ਦੇ ਹੀ ਨਹੀਂ ਮੁਸਲਮਾਨਾਂ ਦੇ ਵੀ ਰਾਜਾ ਸਨ।”
ਸ਼ਿਵਾਜੀ ਦੀ ਕਰਮਭੂਮੀ ਮੁੱਖ ਰੂਪ ਵਿੱਚ ਆਧੁਨਿਕ ਮਹਾਰਾਸ਼ਟਰ ਅਤੇ ਕਰਨਾਟਕ ਰਹੀ ਹੈ, ਪਰ ਡਾਕਟਰ ਬੀਆਰ ਅੰਬੇਡਕਰ ਓਪਨ ਵਿਸ਼ਵਵਿਦਿਆਲੇ ਵਿੱਚ ਪ੍ਰੋਫ਼ੈਸਰ ਸ਼ਿਵਾਜੀ ਦੇ ਗੋਲਕੁੰਡਾ ਕਿਲੇ ਦੇ ਰਿਸ਼ਤੇ ਨੂੰ ਵੀ ਯਾਦ ਕਰਵਾਉਂਦੇ ਹਨ।
ਸਾਲ 1677 ਵਿੱਚ ਸ਼ਿਵਾਜੀ ਨੇ ਔਰੰਗਜ਼ੇਬ ਦੇ ਖਿਲਾਫ਼ ਕੁਤੁਬ ਸ਼ਾਹੀ ਰਾਜਾ ਅਬੁਲ ਹਸਮ ਤਾਨਾਸ਼ਾਹ ਦੇ ਨਾਲ ਫੌਜੀ ਗਠਜੋੜ ਦੇ ਲਈ ਗੋਲਕੁੰਡਾ ਕਿਲੇ ਦਾ ਦੌਰਾ ਕੀਤਾ ਸੀ।
ਮੂਰਤੀ ਸਥਾਪਨਾ ਨੂੰ ਲੈ ਕੇ ਵਿਵਾਦ

ਸ਼ਿਵਾਜੀ ਮਹਾਰਾਜ ਦੇ ਧਾਰਮਿਕ ਵਿਵਹਾਰ ਅਤੇ ਵਿਚਾਰਾਂ ਬਾਰੇ ਗੋਵਿੰਦ ਪਾਨਸਰੇ ਨੇ ਆਪਣੀ ਕਿਤਾਬ ‘ਹੂ ਇਜ਼ ਸ਼ਿਵਾਜੀ’ ਵਿੱਚ ਲਿਖਿਆ ਹੈ, “ਸ਼ਿਵਾਜੀ ਧਰਮ ਵਿੱਚ ਵਿਸ਼ਵਾਸ ਨਹੀਂ ਕਰਦੇ ਸੀ, ਉਹ ਧਰਮ ਨਿਰਪੱਖ ਸਨ ਜਾਂ ਕਹੀਏ ਕਿ ਉਨ੍ਹਾਂ ਨੇ ਆਪਣੇ ਰਾਜ ਨੂੰ ਧਰਮ ਨਿਰਪੱਖ ਰਾਜ ਐਲਾਨਿਆ ਸੀ।”
ਪਰ ਕੀ ਉਹ ਇਸਲਾਮ ਦੇ ਵਿਰੁੱਧ ਸਨ? ਕੀ ਉਹ ਹਿੰਦੂ ਧਰਮ ਵਿੱਚ ਵਿਸ਼ਵਾਸ ਰੱਖਦੇ ਸਨ, ਯਾਨਿ ਮੁਸਲਿਮ ਧਰਮ ਨਾਲ ਨਫ਼ਰਤ ਕਰਦੇ ਸਨ? ਕੀ ਉਹ ਮੁਸਲਮਾਨਾਂ ਦਾ ਹਿੰਦੂਕਰਨ ਕਰਨਾ ਚਾਹੁੰਦੇ ਸੀ ਜਾਂ ਇਹ ਉਨ੍ਹਾਂ ਦੀ ਮਹਾਰਾਸ਼ਟਰੀਕਰਨ ਕਰਨ ਦੀ ਕੋਸ਼ਿਸ਼ ਸੀ।”
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਨਹੀਂ ਹਨ।
ਅਸੀਂ ਮਹਾਰਾਸ਼ਟਰ ਨਾਲ ਲਗਦੇ ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ ਵਿੱਚ ਬੋਧਨ ਸ਼ਹਿਰ ਪਹੁੰਚੇ, ਇੱਥੇ ਪਿਛਲੇ ਸਾਲ ਮਾਰਚ ਵਿੱਚ ਛੱਤਰਪਤੀ ਸ਼ਿਵਾਜੀ ਦੀ ਮੂਰਤੀ ਸਥਾਪਨਾ ਨੂੰ ਲੈ ਕੇ ਹਿੰਸਾ ਭੜਕ ਗਈ ਸੀ।
ਉਸ ਸਮੇਂ ਦੇ ਮੋਬਾਈਲ ਵੀਡੀਓ ਵਿੱਚ ਪ੍ਰਦਰਸ਼ਨਕਾਰੀ ਅਤੇ ਪਲਿਸ ਤੋਂ ਇਲਾਵਾ ਸ਼ਿਵ ਸੈਨਾ ਦੇ ਸ਼ਿੰਦੇ ਧੜੇ ਦੇ ਗੋਪੀਕਿਸ਼ਨ ਪਸਪੁਲੇਟੀ ਵੀ ਨਜ਼ਰ ਆਉਂਦੇ ਹਨ।
ਗੋਪੀ ਕਿਸ਼ਨ ਨੇ ਦੱਸਿਆ ਕਿ ਜਦੋਂ ਸ਼ਹਿਰ ਦੇ ਅੰਬੇਡਕਰ ਚੌਰਾਹੇ ਦੀ ਮੂਰਤੀ ਲਗਵਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਲੰਬੇ ਸਮੇਂ ਤੱਕ ਰਸਮੀ ਉਲਝਣਾਂ ਵਿੱਚ ਫਸੀਆਂ ਰਹੀਆਂ ਤਾਂ ਇੱਕ ਦਿਨ ਉਨ੍ਹਾਂ ਨੇ ਇੱਕ ਟੀਮ ਦੇ ਨਾਲ ਚੌਰਾਹੇ ਉੱਤੇ ਮੂਰਤੀ ਸਥਾਪਿਤ ਕਰ ਦਿੱਤੀ।
ਵਿਰੋਧ ਪ੍ਰਦਰਸ਼ਨ ਦੇ ਚਲਦਿਆਂ ਇਸ ਮਾਮਲੇ ਨੇ ਛੇਤੀ ਹੀ ਸਿਆਸੀ ਰੰਗ ਲੈ ਲਿਆ।
ਗੋਪੀਕਿਸ਼ਨ ਕਹਿੰਦੇ ਹਨ, “ਅੱਜ ਸ਼ਿਵਾਜੀ ਦੇ ਕਾਰਨ ਹਿੰਦੂ ਲੋਕ ਇਸ ਦੇਸ਼ ਵਿੱਚ ਬਚੇ ਹਨ, ਇਸ ਲਈ ਅਸੀਂ ਲੋਕ ਸ਼ਿਵਾਜੀ ਨੂੰ ਬਹੁਤ ਆਸਥਾ ਨਾਲ ਮੰਨਦੇ ਹਾਂ।”
ਉਸ ਦਿਨ ਵਿਰੋਧ ਕਰਨ ਵਾਲਿਆਂ ਵਿੱਚ ਏਆਈਐੱਮਆਈਐੱਮ ਦੇ ਮੁਹੰਮਦ ੳਬਦੁਲ ਇਜਾਜ਼ ਖ਼ਾਨ ਵੀ ਸਨ।
ਇਜਾਜ਼ ਖ਼ਾਨ ਦੇ ਮੁਤਾਬਕ, “ਸ਼ਿਵਾਜੀ ਇੱਕ ਧਰਮ ਨਿਰਪੱਖ ਮਨੁੱਖ ਸਨ, ਅਸੀਂ ਹਮੇਸ਼ਾ ਹੀ ਉਨ੍ਹਾਂ ਨੂੰ ਧਰਮ ਨਿਰਪੱਖ ਸਮਝਾਂਗੇ, ਹਿੰਦੂ ਸੰਗਠਨ ਉਨ੍ਹਾਂ ਨੂੰ ਕੀ ਮੰਨਦੇ ਹਨ ਇਸ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ।”
ਉਹ ਕਹਿੰਦੇ ਹਨ, “ਸਾਨੂੰ ਸ਼ਿਵਾਜੀ ਦੀ ਮੂਰਤੀ ਲਗਵਾਉਣ ‘ਤੇ ਕੋਈ ਇਤਰਾਜ਼ ਨਹੀਂ ਸੀ, ਪਰ (ਮੂਰਤੀ ਨੂੰ) ਬਿਨਾਂ ਮਨਜ਼ੂਰੀ ਤੋਂ ਲਗਾਉਣ ਕਾਰਨ ਅਸੀਂ ਇਤਰਾਜ਼ ਕੀਤਾ ਅਤੇ ਪ੍ਰਦਰਸ਼ਨ ਕੀਤਾ।”
ਉੱਥੋਂ ਦੇ ਨਿਵਾਸੀ ਅਸ਼ੋਕ ਨੇ ਦੱਸਿਆ ਕਿ ਪਹਿਲੇ ਲੋਕਾਂ ਨੂੰ ਛੱਤਰਪਤੀ ਸ਼ਿਵਾਜੀ ਦੇ ਬਾਰੇ ਪਤਾ ਨਹੀਂ ਸੀ, ਪਰ ਹੁਣ ਨੌਜਵਾਨ ਉਨ੍ਹਾਂ ਦੇ ਬਾਰੇ ਪੜ੍ਹ ਰਹੇ ਹਨ।
ਉਹ ਕਹਿੰਦੇ ਹਨ, “ਕਲਦੁਰਕੀ ਹੀ ਨਹੀਂ ਹਰ ਪਿੰਡ ਵਿੱਚ ਅਸੀਂ ਛੱਤਰਪਤੀ ਦੀ ਮੂਰਤੀ ਬਣਾਵਾਂਗੇ, ਇਹ ਛੱਤਰਪਤੀ ਦੀ ਮੂਰਤੀ ਨਹੀਂ ਹੈ, ਉਹ ਹਿੰਦੂਆਂ ਦੀ ਇੱਕ ਸ਼ਕਤੀ ਹੈ।”
ਨੇੜੇ ਦੇ ਇੱਕ ਹੋਰ ਪਿੰਡ ਰਾਨਮਪੱਲੀ ਵਿੱਚ ਕੁਝ ਮਹੀਨੇ ਪਹਿਲਾਂ ਹੀ ਸ਼ਿਵਾਜੀ ਦੀਆਂ ਮੂਰਤੀਆਂ ਸਥਾਪਿਤ ਹੋਈਆ ਹਨ।
ਗੋਪੀ ਕਿਸ਼ਨ ਦੇ ਮੁਤਾਬਕ ਹਿੰਦੂ ਸੰਗਠਨਾਂ ਦੇ ਲਈ ਸ਼ਿਵਾਜੀ ਆਸਥਾ ਦਾ ਵਿਸ਼ਾ ਹੈ ਨਾ ਕਿ ਸਿਆਸੀ, ਪਰ ਵਿਰੋਧੀ ਇਸ ਨਾਲ ਸਹਿਮਤ ਨਹੀਂ ਹਨ।
ਭਾਜਪਾ ਦੇ ਹਿੰਦੁਤਵ ਦੇ ਜਵਾਬ ਵਿੱਚ ਕੇਸੀਆਰ ਅਤਪਣੇ ਹਿੰਦੁਤਵ ਨੂੰ “ਅਸਲੀ” ਦੱਸਦੇ ਹਨ।
ਬੀਬੀਸੀ ਨਾਲ ਗੱਲਬਾਤ ਵਿੱਚ ਬੀਆਰਐੱਸ ਦੀ ਨੇਤਾ ਕਵਿਤਾ ਨੇ ਕਿਹਾ “ਮੈਂ ਵੀ ਬਹੁਤ ਜ਼ਿਆਦਾ ਧਾਰਮਿਕ ਹਾਂ, ਪਰ ਮੇਰਾ ਪੂਜਾ ਪਾਠ ਮੇਰੇ ਘਰ ਵਿੱਚ ਹੈ।”
ਉਹ ਕਹਿੰਦੇ ਹਨ, “ਸ਼ਿਵਾਜੀ ਮਹਾਰਾਜ ਨੂੰ ਅਸੀਂ ਵੀ ਮੰਨਦੇ ਹਾਂ, ਕਿਉਂਕਿ ਉਹ ਆਏ ਅਤੇ ਉਨ੍ਹਾਂ ਨੇ ਲੋਕਾਂ ਨੂੰ ਆਸ ਦਿੱਤੀ, ਇਤਿਹਾਸ ਵਿੱਚ ਮਹੱਤਵਪੂਰਨ ਲੋਕਾਂ ਬਾਰੇ ਗਲਤ ਚੀਜ਼ਾਂ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨਾ ਭਾਜਪਾ ਦੀ ਰਣਨੀਤੀ ਹੈ।”
ਰਜ਼ਾਕਾਰ ਫ਼ਿਲਮ ਉੱਤੇ ਵਿਵਾਦ
ਇੱਕ ਭਾਸ਼ਣ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਿਰਫ਼ ਭਾਜਪਾ ਤੇਲੰਗਾਨਾ ਨੂੰ ਆਧੁਨਿਕ ‘ਰਜ਼ਾਕਾਰਾਂ’ ਤੋਂ ਬਚਾ ਸਕਦੀ ਹੈ।
ਰਜ਼ਾਕਾਰ ਯਾਨਿ ਵਾਲੰਟੀਅਰ ਜਾਂ ਸਵਅਮਸੇਵਕ। ਸਾਲ 1947 ਵਿੱਚ ਭਾਰਤ ਦੀ ਆਜ਼ਾਦੀ ਵੇਲੇ ਹੈਦਰਾਬਾਦ ਦੇ ਮੁਸਲਮਾਨ ਸ਼ਾਸਕ ਨਿਜ਼ਾਮ ਮੀਰ ਉਸਮਾਨ ਅਲੀ ਪਾਸ਼ਾ ਨੇ ਭਾਰਤ ਵਿੱਚ ਸ਼ਾਮਲ ਨਾ ਕਰਕੇ ਆਜ਼ਾਦ ਰਹਿਣ ਉੱਤੇ ਜ਼ੋਰ ਦਿੱਤਾ ਸੀ।
ਇਤਿਹਾਸਕਾਰਾਂ ਦੇ ਮੁਤਾਬਕ, ਉਸ ਦੌਰਾਨ ਨਿਜ਼ਾਮ ਦੇ ਨਜ਼ਦੀਕੀ ਕਾਸਿਮ ਰਿਜ਼ਵੀ ਦੀ ਅਗਵਾਈ ਵਿੱਚ ਰਜ਼ਾਕਾਰ ਕਹੇ ਜਾਣ ਵਾਲੇ ਹਥਿਆਰਬੰਦ ਗੁੱਟਾਂ ਨੇ ਕਈ ਹਿੰਦੂਆਂ ਉੱਤੇ ਜ਼ੁਲਮ ਢਾਹਿਆ ਸੀ
ਇੱਕ ਅੰਕੜੇ ਦੇ ਮੁਤਾਬਕ ਤੇਲੰਗਾਨਾ ਦੀ ਜਨਸੰਖਿਆ ਵਿੱਚ 13-14 ਫ਼ੀਸਦ ਮੁਸਲਮਾਨ ਹਨ।
ਚੋਣਾਂ ਤੋਂ ਕੁਝ ਵਕਤ ਪਹਿਲਾਂ ਹੀ ਰਿਲੀਜ਼ ਹੋਈ ‘ਰਜ਼ਾਕਾਰ’ ਫ਼ਿਲਮ ਦੇ ਟੀਜ਼ਰ ਉੱਤੇ ਵੀ ਤੇਲੰਗਾਨਾ ਵਿੱਚ ਸਿਆਸਤ ਤੇਜ਼ ਹੋਈ ਹੈ ਅਤੇ ਵਿਰੋਧੀ ਇਸ ਨੂੰ ਵੀ ਭਾਜਪਾ ਹਿੰਦੂ ਵੋਟ ਦੇ ਵੰਡੇ ਜਾਣ ਦੀਆਂ ਕਥਿਤ ਕੋਸ਼ਿਸ਼ਾਂ ਨਾਲ ਜੋੜ ਰਹੇ ਹਨ।
ਫ਼ਿਲਮ ਨਿਰਮਾਤਾ ਅਤੇ ਭਾਜਪਾ ਨੇਤਾ ਗੁਡੂਰ ਨਾਰਾਇਣ ਰੈੱਡੀ ਦੇ ਮੁਤਾਬਕ ਉਹ ਬਚਪਨ ਤੋਂ ਹੀ ਰਜ਼ਾਕਾਰਾਂ ਦੇ ਬਾਰੇ ਕਹਾਣੀਆਂ ਸੁਣ ਰਹੇ ਹਨ ਅਤੇ ਫ਼ਿਲਮ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਗੁਡੂਰ ਨਾਰਾਇਣ ਰੈੱਡੀ ਦੇ ਮੁਤਾਬਕ, “ਫ਼ਿਲਮ ਦੀ ਕਹਾਣੀ, ਨਾ ਅੱਜ ਦੇ ਮੁਸਲਮਾਨਾਂ ਬਾਰੇ ਹੈ ਤੇ ਨਾ ਹੀ ਕਿਸੇ ਹੋਰ ਦੇ ਬਾਰੇ।”
ਫ਼ਿਲਮ ਦੇ ਟੀਜ਼ਰ ਵਿੱਚ ਰਜ਼ਾਕਾਰ ਹਿੰਦੂ ਜਨਤਾ ਉੱਤੇ ਜ਼ੁਲਮ ਕਰਦੇ ਹੋਏ ਦਿਖਾਏ ਗਏ ਹਨ। 45 ਕਰੋੜ ਦੇ ਬਜਟ ਨਾਲ ਬਣੀ ਇਸ ਫ਼ਿਲਮ ਨੂੰ ਪੰਜ ਭਾਸ਼ਾਵਾਂ ਵਿੱਚ ਛੇਤੀ ਹੀ ਰਿਲੀਜ਼ ਕਰਨ ਦੀ ਯੋਜਨਾ ਹੈ।
ਰਾਜ ਵਿੱਚ ਵੋਟਿੰਗ ਤੋਂ ਠੀਕ ਪਹਿਲਾਂ ਫ਼ਿਲਮ ਦੇ ਟੀਜ਼ਰ ਰਿਲੀਜ਼ ਉੱਤੇ ਭੜਕੇ ਸੱਤਾਧਾਰੀ ਪਾਰਟੀ ਬੀਆਰਐੱਸ ਦੇ ਨੇਤਾ ਕੇਟੀਆਰ ਨੇ ਇੱਕ ਟਿਵੀਟ ਵਿੱਚ ਭਾਜਪਾ ਉੱਤੇ ਸਿਆਸੀ ਪ੍ਰਾਪੇਗੰਡਾ ਕਰਨ ਦੇ ਮਕਸਦ ਨਾਲ ਭਾਈਚਾਰਕ ਹਿੰਸਾ ਭੜਕਾਉਣ ਅਤੇ ਧਰੁਵੀਕਰਨ ਦੀ ਕੋਸ਼ਿਸ਼ ਦੱਸਿਆ।
ਕੌਣ ਸੀ ਰਜ਼ਾਕਾਰ

ਅਸੀਂ ਜਦੋਂ ਹੈਦਰਾਬਾਦ ਦੇ ਰਾਮੋਜੀ ਫ਼ਿਲਮ ਸਿਟੀ ਪਹੁੰਚੇ, ਤਾਂ ਫ਼ਿਲਮ ਦੀ ਸ਼ੂਟਿੰਗ ਆਖ਼ਰੀ ਪੜਾਅ ਉੱਤੇ ਸੀ।
ਫ਼ਿਲਮ ਦੇ ਸੈੱਟ ਉੱਤੇ ਰਜ਼ਾਕਾਰ ਅਤੇ ਪਿੰਡ ਵਾਲਿਆਂ ਦੀ ਪੌਸ਼ਾਕ ਪਾ ਕੇ ਆਏ ਕਲਾਕਾਰਾਂ ਉੱਤੇ ਇੱਕ ਸੀਨ ਫਿਲਮਾਇਆ ਜਾ ਰਿਹਾ ਹੇ।
ਕਲਾਕਾਰ ਬੌਬੀ ਸਿਮਹਾ ਦੇ ਮੁਤਾਬਕ ਫ਼ਿਲਮ ਦੇ “ਪਿੱਛੇ ਕੋਈ ਸਿਆਸਤ ਨਹੀਂ ਹੈ, ਮਕਸਦ ਇੱਕ ਹੀ ਹੈ(ਦੱਸਣਾ) ਕਿ ਤੇਲੰਗਾਨਾ ਦਾ ਇਤਿਹਾਸ ਕਿਹੋ ਜਿਹਾ ਹੈ।”
ਹਦਾਇਤਕਾਰ ਯਾਟਾ ਸੱਤਿਆਨਾਰਾਇਣ ਦੇ ਦੱਸਿਆ ਕਿ ਉਨ੍ਹਾਂ ਨੇ ਫ਼ਿਲਮ ਲਈ ਖੋਜ ਦੇ ਲਈ ਕਈ ਕਿਤਾਬਾਂ ਪੜ੍ਹੀਆਂ ਅਤੇ ਫ਼ਿਲਮ ਨੂੰ ਬਣਾਉਣ ਦਾ ਮਕਸਦ ਇਹ ਹੈ ਕਿ ਇਸ ਪੀੜ੍ਹੀ ਨੂੰ ਇਸ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ।

ਡਾ. ਬੀਆਰ ਅੰਬੇਡਕਰ ਓਪਨ ਯੂਨੀਵਰਸਿਟੀ ਵਿੱਚ ਸੀਨੀਅਰ ਪ੍ਰੋਫ਼ੈਸਰ ਘੰਟਾ ਚਕਰਪਾਣੀ ਦੇ ਮੁਤਾਬਕ, ਫ਼ਿਲਮ ਟੀਜ਼ਰ ਦਾ ਮਕਸਦ ਚੋਣਾਂ ਨਾਲ ਜੁੜਿਆ ਹੈ, ਉਨ੍ਹਾਂ ਦੇ ਮੁਤਾਬਕ ਰਜ਼ਾਕਾਰਾਂ ਵਿੱਚ ਕੁਝ ਹਿੰਦੂ ਅਤੇ ਉਨ੍ਹਾਂ ਦੀ ਹਿੰਸਾ ਦੇ ਸ਼ਿਕਾਰ ਹੋਣ ਵਾਲਿਆਂ ਵਿੱਚ ਮੁਸਲਮਾਨ ਵੀ ਸ਼ਾਮਲ ਸਨ।
ਉਹ ਕਹਿੰਦੇ ਹਨ, “ਇਹ ਵਲੰਟੀਅਰ ਸਾਰੇ ਮੁਸਲਮਾਨ ਨਹੀਂ ਸਨ, ਕੁਝ ਹਿੰਦੂ ਵੀ ਸਨ, ਹਿੰਦੂਆਂ ਵਿੱਚ ਕੁਝ ਓਬੀਸੀ ਸਨ, ਦਲਿਤ ਸਨ, ਕੁਝ ਰੈੱਡੀ ਵੀ ਸਨ, ਉੱਚ ਜਾਤੀ ਦੇ ਸਨ, ਸਾਰੇ ਲੋਕ ਸਨ, ਇਹ ਇੱਕ ਛੋਟਾ ਸਮੂਹ ਸੀ, ਇਹ ਰਜ਼ਾਕਾਰ ਪਿੰਡਾਂ ਵਿੱਚ ਗਏ, ਉਨ੍ਹਾਂ ਨੂੰ ਵੱਡੇ ਜ਼ਿਮੀਦਾਰਾਂ ਦੀ ਸੁਰੱਖਿਆ ਦੇ ਲਈ ਵਰਤਿਆ ਗਿਆ।”
“ਕੌਣ ਹਨ ਇਹ ਜ਼ਿਮੀਦਾਰ, ਉਹ ਸਥਾਨਕ ਹਿੰਦੂ ਜ਼ਿਮੀਦਾਰ ਹਨ, ਇਨ੍ਹਾਂ ਜ਼ਿਮੀਦਾਰਾਂ ਨੇ ਕਮਿਊਨਿਸਟਾਂ ਨੂੰ ਦਬਾਉਣ ਦੇ ਲਈ ਰਜ਼ਾਕਾਰਾਂ ਨੂੰ ਵਰਤਿਆ।”

ਪ੍ਰੋਫ਼ੈਸਰ ਚਕ੍ਰਪਾਣੀ ਦੇ ਮੁਤਾਬਕ, ਸੂਬੇ ਦੇ ਕਮਿਊਨਿਸਟਾਂ ਦੀ ਲੜਾਈ ਬੰਧੂਆ ਮਜ਼ਦੂਰੀ ਦੇ ਖ਼ਿਲਾਫ਼ ਵੀ ਸੀ, ਅਤੇ ਉਹ ਇਸ ਵਿਵਸਥਾ ਵਿੱਚ ਦੱਬੇ ਹੋਏ ਲੋਕਾਂ ਦੀ ਆਜ਼ਾਦੀ ਚਾਹੁੰਦੇ ਸਨ, ਇਹ ਪੂਰਾ ਮਾਮਲਾ ਹਿੰਦੂ ਮੁਸਲਮਾਨ ਜਿਹਾ ਨਹੀਂ ਸੀ, ਜਿਹੋ ਜਿਹਾ ਇਸ ਨੂੰ ਪੇਸ਼ ਕੀਤਾ ਗਿਆ।
ਉਨ੍ਹਾਂ ਦੇ ਮੁਤਾਬਕ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਰਜ਼ਾਕਾਰਾਂ ਨੂੰ ਨਿਜ਼ਾਮ ਨੇ ਆਰਥਿਕ ਸੁਰੱਖਿਆ ਦਿੱਤੀ।
ਫ਼ਿਲਮ ਰਜ਼ਾਕਾਰ ਨੂੰ ਲੈ ਕੇ ਵਿਵਾਦ ਉੱਤੇ ਭਾਰਤ ਰਾਸ਼ਟਰ ਸਮਿਤੀ ਦੀ ਨੇਤਾ ਕੇ ਕਵਿਤਾ ਦੇ ਮੁਤਾਬਕ, “ਹਰ ਇੱਕ ਰਾਸ਼ਟਰ, ਹਰ ਇੱਕ ਦੇਸ਼ ਦੇ ਇਤਿਹਾਸ ਵਿੱਚ ਕਾਲੇ ਪੰਨੇ ਹੁੰਦੇ ਹਨ, ਪਰ ਉਨ੍ਹਾਂ ਕਾਲੇ ਪੰਨਿਆਂ ਤੋਂ ਤੁਸੀਂ ਸਿੱਖਦੇ ਹੋ।''
''ਤੁਸੀਂ ਅੱਜ ਦੇ ਸਮਾਜ ਨੂੰ ਕਿਸ ਤਰ੍ਹਾ ਦੀ ਦਿਸ਼ਾ ਦਿੰਦੇ ਹੋ, ਉਹ ਪਾਰਟੀ ਦੇ ਤੌਰ ਉੱਤੇ ਲੀਡਰ ਦੇ ਤੌਰ ਉੱਤੇ ਤੁਹਾਡੀ ਸ਼ਖ਼ਸੀਅਤ ਨੂੰ ਦਿਖਾਉਂਦੇ ਹਨ।”
ਉਹ ਕਹਿੰਦੇ ਹਨ, “ਭਾਜਪਾ ਦਾ ਇੱਕ ਵਿਅਕਤੀ ਫ਼ਿਲਮ ਬਣਾਉਂਦਾ ਹੈ, ਜੋ ਬਿਲਕੁਲ ਚੋਣਾਂ ਦੇ ਵੇਲੇ ਰਿਲੀਜ਼ ਹੁੰਦੀ ਹੈ, ਤਾਂ ਜ਼ਾਹਰ ਹੈ ਉਨ੍ਹਾਂ ਦਾ ਬਿਲੀਫ ਸਿਸਟਮ ਹੈ, ਉਸਦਾ ਪ੍ਰਚਾਰ ਕਰਨ ਵਾਲੀਆਂ ਭਾਵਨਾਵਾਂ ਇਸ ਵਿੱਚ ਭਰੀਆ ਹਨ, ਪਰ ਤੇਲੰਗਾਨਾ ਦਾ ਬਿਲੀਫ਼ ਸਿਸਟਮ ਉਹ ਨਹੀਂ ਹੈ।”
ਭਾਜਪਾ ਆਗੂ ਦੀ ਮੁਅੱਤਲੀ ਰੱਦ ਕਰਨਾ ਵੀ ਇਸ਼ਾਰਾ
ਪਿਛਲੇ ਸਾਲ ਪੈਗ਼ੰਬਰ ਮੁਹੰਮਦ ਉੱਤੇ ਕਥਿਤ ਵਿਵਾਦਤ ਬਿਆਨ ਦੇ ਕਾਰਨ ਭਾਜਪਾ ਵਿਧਾਇਕ ਰਾਜਾ ਸਿੰਘ ਨੁੰ ਮੁਅੱਤਲ ਕਰ ਦਿੱਤਾ ਗਿਆ ਸੀ।
ਤੇਲੰਗਾਨਾ ਵਿੱਚ ਉਨ੍ਹਾਂ ਨੂੰ ਹਿੰਦੁਤਵ ਦਾ ਪੋਸਟਰ ਬੁਆਏ ਦੱਸਿਆ ਜਾਂਦਾ ਹੈ।
ਪਾਰਟੀ ਵੱਲੋਂ ਉਨ੍ਹਾਂ ਦੀ ਮੁਅੱਤਲੀ ਰੱਦ ਕੀਤੇ ਜਾਣ ਨੂੰ ਮਾਹਰ ਚੋਣਾਂ ਵਿੱਚ ਸੰਭਾਵਿਤ ਫ਼ਾਇਦੇ ਨਾਲ ਜੋੜਕੇ ਦੇਖ ਰਹੇ ਹਨ।
ਟੀ ਰਾਜਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਉੱਤੇ 80 ਤੋਂ ਵੱਧ ਪੁਲਿਸ ਕੇਸ ਦਰਜ ਹਨ ਜਿਨ੍ਹਾਂ ਵਿੱਚ ਕਈ ਮਾਮਲੇ ਹੇਟ ਸਪੀਚ ਦੇ ਹਨ। ਉਨ੍ਹਾਂ ਦੇ ਮੁਤਾਬਕ ਇਹ ਸਾਰੇ ਮਾਮਲੇ ਸਿਆਸੀ ਹਨ।
ਆਪਣੇ ਵਿਵਾਦਤ ਬਿਆਨ ਉੱਤੇ ਉਨ੍ਹਾਂ ਨੇ ਕਿਹਾ, “ਮੈਨੂੰ ਕੋਈ ਅਫ਼ਸੋਸ ਨਹੀਂ ਹੈ ਅਤੇ ਕਦੇ ਜ਼ਿੰਦਗੀ ਵਿੱਚ ਮੈਂ ਕੋਈ ਗਲਤ ਕੰਮ ਨਹੀਂ ਕੀਤਾ। ਮੇਰਾ ਏਜੰਡਾ ਇਹੀ ਹੈ ਕਿ ਹਿੰਦੂ ਹੋਣ ਦੇ ਨਾਤੇ ਹਿੰਦੁਤਵ ਦੀ ਗੱਲ ਕਰਾਂ।”
ਟੀ ਰਾਜਾ ਸਿੰਘ ਦੇ ਮੁਤਾਬਕ, “ਭਾਰਤ ਵਿੱਚ ਜੇਕਰ ਕੋਈ ਦੇਸ਼ਭਗਤ ਪਾਰਟੀ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਹੈ, ਪੂਰੇ ਭਾਰਤ ਵਿੱਚ ਜੇਕਰ ਹਿੰਦੂਆਂ ਦੇ ਬਾਰੇ ਵਿੱਚ ਭਲਾ ਸੋਚਣ ਵਾਲੀ ਜੇਕਰ ਕੋਈ ਪਾਰਟੀ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਹੈ।''
''ਹੁਣ ਜਿਹੜੀਆਂ 2023 ਦੀਆਂ ਚੋਣਾਂ ਹਨ ਸਾਡਾ ਬੱਸ ਇੱਕ ਹੀ ਮੁੱਦਾ ਹੈ, ਕੇਸੀਆਰ ਦੀ ਸਰਕਾਰ ਨੂੰ ਖ਼ਤਮ ਕਰਨਾ, ਜਿਹੜੀ ਕਿ ਭਾਰੀ ਭ੍ਰਿਸ਼ਟਾਚਾਰ ਵਾਲੀ ਸਰਕਾਰ ਹੈ, ਤੇਲੰਗਾਨਾ ਨੂੰ ਇਸ ਸਰਕਾਰ ਨੇ ਕਰਜ਼ੇ ਵਿੱਚ ਡੁਬੋ ਦਿੱਤਾ ਹੈ।
ਕੇਸੀਆਰ ਮੁਕਤ ਤੇਲੰਗਾਨਾ ਅਤੇ ਡਬਲ ਇੰਜਣ ਦੀ ਸਰਕਾਰ ਇੱਥੇ ਬਣਾਉਣੀ ਹੈ ਅਤੇ ਵਿਕਾਸ ਦਾ ਹੀ ਸਾਡਾ ਸਭ ਤੋਂ ਵੱਡਾ ਮੁੱਦਾ ਤੇਲੰਗਾਨਾ ਦੀਆਂ ਇਨ੍ਹਾਂ ਚੋਣਾਂ ਵਿੱਚ ਹੈ।”
ਇੱਕ ਭਾਜਪਾ ਨੇਤਾ ਦੇ ਮੁਤਾਬਕ, ਜਦੋਂ ਤੱਕ ਬੰਡੀ ਸੰਜੇ ਕੁਮਾਰ ਸੂਬੇ ਵਿੱਚ ਪਾਰਟੀ ਦੇ ਮੁਖੀ ਸਨ, ਹਿੰਦੁਤਵ ਉਨ੍ਹਾਂ ਦੇ ਜ਼ੋਰ ਰਾਜ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਸੀ, ਪਰ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤੇ ਜਾਣ ਨਾਲ ਸੂਬੇ ਵਿੱਚ ਪਾਰਟੀ ਨੂੰ ਝਟਕਾ ਲੱਗਾ ਹੈ।
ਉਨ੍ਹਾਂ ਨੂੰ ਅਹੁਦੇ ਤੋਂ ਕਿਉਂ ਹਟਾਇਆ ਗਿਆ, ਇਹ ਸਪਸ਼ਟ ਨਹੀਂ ਪਰ ਇਸ ਨੂੰ ਪਾਰਟੀ ਦੀ ਅੰਦਰੂਨੀ ਸਿਆਸਤ ਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।
ਕੋਸ਼ਿਸ਼ਾਂ ਦੇ ਬਾਵਜੂਦ ਸਾਡੀ ਬੰਡੀ ਸੰਜੇ ਕੁਮਾਰ ਨਾਲ ਗੱਲ ਨਹੀਂ ਹੋ ਸਕੀ।
ਉਨ੍ਹਾਂ ਦੀ ਥਾਂ ਜੀ ਕਿਸ਼ਨ ਰੈੱਡੀ ਨੂੰ ਸੂਬੇ ਵਿੱਚ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ।
ਭਾਜਪਾ ਅਤੇ ਤੇਲੰਗਾਨਾ
ਤੇਲੰਗਾਨਾ ਦੇ ਗਠਨ ਤੋਂ ਬਾਅਦ ਭਾਜਪਾ ਨੇ ਸੂਬੇ ਵਿੱਚ 2014 ਦੀਆਂ ਵਿਧਾਨ ਸਭਾ ਚੋਣਾਂ ਤੇਲੂਗੂਦੇਸਮ ਪਾਰਟੀ ਦੇ ਨਾਲ ਰਲਕੇ ਲੜੀਆਂ ਸਨ। ਇਸ ਵਿਧਾਨਸਭਾ ਚੋਣਾਂ ਵਿੱਚ ਪਾਰਟੀ ਦੇ ਹਿੱਸੇ ਪੰਜ ਸੀਟਾਂ ਆਈਆਂ ਸਨ।
ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਤੇਲੰਗਾਨਾ ਰਾਸ਼ਟਰ ਸਮਿਤੀ(ਟੀਆਰਐੱਸ) ਨੂੰ ਬਹੁਮਤ ਮਿਲੀ ਅਤੇ ਕੇ ਚੰਦਰਸ਼ੇਖਰ ਰਾਓ ਸੂਬੇ ਦੇ ਮੁੱਖ ਮੰਤਰੀ ਬਣੇ।
2014 ਦੀਆਂ ਲੋਕਸਭਾ ਚੋਣਾਂ ਵਿੱਚ ਭਾਜਪਾ ਨੇ ਸਿਕੰਦਰਾਬਾਦ ਸੰਸਦੀ ਸੀਟ ਉੱਤੇ ਜਿੱਤ ਹਾਸਲ ਕੀਤੀ ਸੀ।
ਸਾਲ 2018 ਵਿੱਚ ਵਿਧਾਨਸਭਾ ਨੂੰ ਸਮੇਂ ਤੋਂ ਪਹਿਲਾਂ ਭੰਗ ਕਰ ਦਿੱਤਾ ਗਿਆ ਅਤੇ ਚੋਣਾ ਹੋਈਆਂ। ਪਰ ਭਾਜਪਾ ਨੂੰ ਇਸ ਸਾਲ ਵਿਧਾਨਸਭਾ ਚੋਣਾਂ ਵਿੱਚ ਸਿਰਫ਼ ਇੱਕ ਸੀਟ ਉੱਤੇ ਜਿੱਤ ਹਾਸਲ ਹੋਈ।
ਇਸ ਵਾਰੀ ਵੀ ਟੀਆਰਐੱਸ ਨੂੰ ਬਹੁਮਤ ਮਿਲਿਆ ਅਤੇ ਕੇ ਚੰਦਰਸ਼ੇਖਰ ਰਾਓ ਮੁੜ ਸੀਐੱਮ ਬਣੇ। ਹਾਲਾਂਕਿ 2019 ਦੀਆਂ ਸੰਸਦੀ ਚੋਣਾਂ ਵਿੱਚ ਭਾਜਪਾ ਨੇ 17 ਵਿੱਚੋਂ ਚਾਰ ਸੀਟਾਂ ਉੱਤੇ ਜਿੱਤ ਹਾਸਲ ਕੀਤੀ।
ਇਸ ਜਿੱਤ ਤੋਂ ਬਾਅਦ ਹੀ ਸੂਬੇ ਦੇ ਭਾਜਪਾ ਦੇ ਕੈਂਪ ਵਿੱਚ ਉਮੀਦ ਦੀ ਕਿਰਨ ਦਿਖਣ ਲੱਗੀ ਅਤੇ ਸੂਬੇ ਦੇ ਨੇਤਾ ਇਹ ਦਾਅਵਾ ਕਰਨ ਲੱਗੇ ਕਿ ਉਨ੍ਹਾਂ ਦੀ ਪਾਰਟੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਸਰਕਾਰ ਬਣਾਏਗੀ।
ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ 19.45 ਫ਼ੀਸਦੀ ਵੋਟਾਂ ਵੀ ਹਾਸਲ ਹੋਈਆਂ।
ਭਾਜਪਾ ਨੂੰ ਉਮੀਦ ਹੈ 10 ਸਾਲਾਂ ਦੀ ਸੱਤਾ ਵਿਰੋਧੀ ਲਹਿਰ ਅਤੇ ਡਬਲ ਇੰਜਣ ਦੀ ਸਰਕਾਰ ਦਾ ਨਾਅਰਾ ਸੱਤਾਧਾਰੀ ਬੀਆਰਐੱਸ ਦੇ ਖ਼ਿਲਾਫ਼ ਜਾਵੇਗਾ।
ਪਰ ਇਹ ਲੜਾਈ ਇੰਨੀ ਸੌਖੀ ਵੀ ਨਹੀਂ ਹੈ।















