ਕੇਸੀਆਰ ਕੌਮੀ ਸਿਆਸਤ ਵਿੱਚ ਐਨੇ ਸਰਗਰਮ ਕਿਉਂ ਹੋ ਗਏ ਹਨ, 5 ਨੁਕਤਿਆਂ ਵਿੱਚ ਸਮਝੋ

- ਲੇਖਕ, ਜੀਐੱਸ ਰਾਮ ਮੋਹਨ
- ਰੋਲ, ਬੀਬੀਸੀ ਤੇਲਗੂ
ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਐਤਵਾਰ ਨੂੰ ਚੰਡੀਗੜ੍ਹ ਵਿੱਚ ਹਨ ਜਿੱਥੇ ਉਨ੍ਹਾਂ ਨੇ ਇੱਕ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕੀਤੀ।
ਕੇਸੀਐਰ ਰਾਓ ਦੀ ਆਂਧਰਾ ਪ੍ਰਦੇਸ਼ ਦੇ ਪੁਨਰਗਠਨ ਅਤੇ ਵੱਖਰੇ ਤੇਲੰਗਾਨਾ ਸੂਬੇ ਦੇ ਨਿਰਮਾਣ ਲਈ ਚੱਲੇ ਅੰਦੋਲਨ ਵਿੱਚ ਮੋਹਰੀ ਭੂਮਿਕਾ ਰਹੀ ਹੈ। ਇਨ੍ਹੀਂ ਦਿਨੀਂ ਉਹ ਉੱਤਰੀ ਭਾਰਤ ਦੇ ਦੌਰੇ ਉੱਪਰ ਹਨ।
ਸ਼ਨਿੱਚਰਵਾਰ ਨੂੰ ਪਹਿਲਾਂ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ ਫਿਰ ਉਹ ਦਿੱਲੀ ਗਏ ਜਿੱਥੇ ਉਨ੍ਹਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਕੂਲ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਵੀ ਕੀਤਾ।
ਅਰਵਿੰਦ ਕੇਜਰੀਵਾਲ ਦੇ ਨਾਲ ਹੀ ਉਨ੍ਹਾਂ ਨੇ ਚੰਡੀਗੜ੍ਹ ਪਹੁੰਚ ਕੇ ਗਲਵਾਨ ਘਾਟੀ ਵਿੱਚ ਮਾਰੇ ਗਏ ਭਾਰਤੀ ਫ਼ੌਜੀਆਂ ਅਤੇ ਕਿਸਾਨ ਅੰਦੋਲਨ ਵਿੱਚ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਤਸਵੀਰ ਸਰੋਤ, Telangana CMO/FB
ਇਸ ਮੌਕੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਦੋਵਾਂ ਮੁੱਖ ਮੰਤਰੀਆਂ ਦੇ ਨਾਲ ਮੌਜੂਦ ਰਹੇ।
ਇਸ ਤੋਂ ਪਹਿਲਾਂ ਕੇਸੀਆਰ ਮਹਾਰਾਸ਼ਟਰ ਵੀ ਗਏ ਸਨ ਜਿੱਥੇ ਉਨ੍ਹਾਂ ਨੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਪ੍ਰਮੁੱਖ ਉੱਧਵ ਠਾਕਰੇ ਅਤੇ ਐੱਨਸੀਪੀ ਮੁਖੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਸੀ।
ਕੇਸੀਆਰ ਦੀ ਤਾਜ਼ਾ ਸਿਆਸੀ ਸਰਗਰਮੀ ਚਰਚਾ ਦਾ ਵਿਸ਼ਾ ਹੈ ਅਤੇ ਉਨ੍ਹਾਂ ਨਾਲ ਜੁੜੀਆਂ ਖ਼ਬਰਾਂ ਅਤੇ ਵਿਸ਼ਲੇਸ਼ਣ ਦੇਸ਼ ਦੇ ਕਈ ਅਖ਼ਬਾਰਾਂ ਵਿੱਚ ਛਪ ਰਹੇ ਹਨ।

ਚੰਡੀਗੜ੍ਹ ਵਿੱਚ ਜੋ ਕੇਸੀਆਰ ਦੇ ਸਵਾਗਤੀ ਬੋਰਡ ਲਗਾਏ ਗਏ ਹਨ ਉਨ੍ਹਾਂ ਵਿੱਚ ਸੱਜੇ ਪਾਸੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਉੱਪਰੋ-ਥੱਲੀ ਫੋਟੋਆਂ ਹਨ। ਖੱਬੇ ਪਾਸੇ ਕੇਸੀਆਰ ਦਾ ਪੂਰਾ ਕੱਟਆਊਟ ਹੈ, ਅਤੇ ਲਿਖਿਆ ਹੈ ''ਦੇਸ਼ ਕਾ ਨੇਤਾ ਕੇਸੀਆਰ''।
ਕੇਸੀਆਰ ਇਨ੍ਹਾਂ ਦੌਰਿਆਂ ਵਿੱਚ ਕੁਝ ਥੀਮ ਵਾਰ-ਵਾਰ ਚੁੱਕ ਰਹੇ ਹਨ, ਕੇਸੀਆਰ ਭਾਰਤੀ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਦੇ ਹੋਏ ਸੂਬਾ ਸਰਕਾਰ ਦੇ ਅਧਿਕਾਰਾਂ ਵਿੱਚ ਦਖਲ, ਜੀਐੱਸਟੀ, ਪ੍ਰਸ਼ਾਸਨਿਕ ਸੇਵਾਵਾਂ ਵਿੱਚ ਨਿਯੁਕਤੀ ਵਰਗੇ ਮੁੱਦੇ ਚੁੱਕ ਰਹੇ ਹਨ।

ਤਸਵੀਰ ਸਰੋਤ, Telangana CMO/FB
ਕੇਸੀਆਰ ਦੀ ਕੌਮੀ ਸਿਆਸਤ ਵਿੱਚ ਵਧ ਰਹੀ ਸਰਗਰਮੀ ਦੇ ਕਾਰਨਾਂ ਨੂੰ ਇਨ੍ਹਾਂ ਪੰਜ ਗੱਲਾਂ ਤੋਂ ਸਮਝਿਆ ਜਾ ਸਕਦਾ ਹੈ।
1. ਤੀਜੀ ਪਾਰੀ
ਤੁਸੀਂ ਪਹਿਲੀ ਪਾਰੀ ਅਤੇ ਦੂਜੀ ਪਾਰੀ ਦੇ ਬਾਰੇ ਤਾਂ ਸੁਣਿਆ ਹੋਵੇਗਾ। ਇਹ ਤੀਜੀ ਪਾਰੀ ਕੀ ਹੈ? ਸਿਆਸਤ ਵਿੱਚ ਕੁਝ ਵੀ ਸੰਭਵ ਹੈ। ਕੇਸੀਆਰ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਨੂੰ ਤੀਜੀ ਪਾਰੀ ਖੇਡਣ ਦਾ ਮੌਕਾ ਮਿਲ ਸਕਦਾ ਹੈ।
ਹਾਲ ਹੀ ਦੀਆਂ ਪ੍ਰੈੱਸ ਮੀਟਿੰਗਾਂ ਵਿੱਚ ਉਹ ਕਹਿੰਦੇ ਹਨ, ''ਜਦੋਂ ਮੇਰਾ ਜਨਮ ਹੋਇਆ ਹੋਵੇਗਾ, ਉਦੋਂ ਕੀ ਮੇਰੇ ਪਿਤਾ ਨੇ ਸੋਚਿਆ ਹੋਵੇਗਾ ਕਿ ਇੱਕ ਦਿਨ ਮੈਂ ਮੁੱਖ ਮੰਤਰੀ ਬਣਾਂਗਾ। ਰਾਜਨੀਤੀ ਵਿੱਚ ਕੁਝ ਵੀ ਸੰਭਵ ਹੈ।''
ਕੇਸੀਆਰ ਮਰਹੂਮ ਐੱਨਟੀ ਰਾਮਾਰਾਓ ਦੇ ਇੰਨੇ ਵੱਡੇ ਪ੍ਰਸ਼ੰਸਕ ਹਨ ਕਿ ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂਅ ਉਨ੍ਹਾਂ ਦੇ ਨਾਅ 'ਤੇ ਹੀ ਰੱਖਿਆ ਹੈ।

ਤਸਵੀਰ ਸਰੋਤ, Telangana CMO/FB
ਇਹ ਵੀ ਪੜ੍ਹੋ:
ਉਨ੍ਹਾਂ ਨੇ ਆਪਣਾ ਸਿਆਸੀ ਜੀਵਨ ਤੇਲਗੂ ਦੇਸ਼ਮ ਪਾਰਟੀ ਨਾਲ ਸ਼ੁਰੂ ਕੀਤਾ ਸੀ। ਉਹ ਪਾਰਟੀ ਵਿੱਚ ਮਿਡਲ ਲੈਵਲ ਦੇ ਆਗੂ ਸਨ ਅਤੇ ਕੁਝ ਸਮੇਂ ਤੱਕ ਉਨ੍ਹਾਂ ਨੇ ਇਸੇ ਸਥਿਤੀ ਵਿੱਚ ਕੰਮ ਕੀਤਾ। ਇਹ ਉਨ੍ਹਾਂ ਦੇ ਸਿਆਸੀ ਜੀਵਨ ਦੀ ਪਹਿਲੀ ਪਾਰੀ ਸੀ।
ਸਿਆਸੀ ਜੀਵਨ ਦੀ ਦੂਜੀ ਪਾਰੀ ਵਿੱਚ ਉਨ੍ਹਾਂ ਨੇ ਆਪਣੀ ਪਾਰਟੀ ਦਾ ਗਠਨ ਕੀਤਾ ਅਤੇ ਬੀਤੇ ਦੋ ਦਹਾਕਿਆਂ ਦੌਰਾਨ ਉਨ੍ਹਾਂ ਨੇ ਅਨੇਕ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਆਪਣੀ ਪਾਰਟੀ ਨੂੰ ਸਥਾਪਿਤ ਕੀਤਾ।
ਤੇਲੰਗਾਨਾ ਦੇ ਗਠਨ ਨਾਲ ਨਾ ਕੇਵਲ ਉਹ ਤੇਲੰਗਾਨਾ ਦੇ ਮੁੱਖ ਮੰਤਰੀ ਬਣੇ, ਬਲਕਿ ਨਿਰਵਿਵਾਦ ਰੂਪ ਨਾਲ ਸੂਬੇ ਦੇ ਸਭ ਤੋਂ ਵੱਡੇ ਆਗੂ ਬਣ ਗਏ।
ਮੌਜੂਦਾ ਸਮੇਂ ਵਿੱਚ ਉਨ੍ਹਾਂ ਨੇ ਆਪਣੇ ਲਏ ਵੱਡੇ ਟੀਚੇ ਰੱਖੇ ਹਨ। ਉਨ੍ਹਾਂ ਦਾ ਧਿਆਨ ਦਿੱਲੀ ਵੱਲ ਹੈ। ਕਿਹਾ ਜਾ ਸਕਦਾ ਹੈ ਕਿ ਇਹ ਉਨ੍ਹਾਂ ਦੀ ਤੀਜੀ ਪਾਰੀ ਹੈ।

ਤਸਵੀਰ ਸਰੋਤ, Noah Seelam/Contributor
2. ਨਵਾਂ ‘ਦੁਸ਼ਮਣ ਮੋਦੀ’
ਕਹਿੰਦੇ ਹਨ ਕਿ ਸਿਆਸਤ ਵਿੱਚ ਕੇਵਲ ਵਿਰੋਧੀ ਹੁੰਦੇ ਹਨ, ਕੋਈ ਦੁਸ਼ਮਣ ਨਹੀਂ ਹੁੰਦਾ। ਪਰ ਕੇਸੀਆਰ ਦੀ ਸਿਆਸਤ ਵਿੱਚ ਹਮੇਸ਼ਾ ਇੱਕ ਦੁਸ਼ਮਣ ਰਿਹਾ ਹੈ।
ਭਾਜਪਾ ਦੀ ਸਿਆਸਤ ਦੀ ਤਰ੍ਹਾਂ ਹੀ ਤੇਲੰਗਾਨਾ ਰਾਸ਼ਟਰ ਸਮਿਤੀ ਦੀ ਸਿਆਸਤ ਵਿੱਚ ਧਰੁਵੀਕਰਨ ਦਾ ਪਹਿਲੂ ਰਿਹਾ ਹੈ।
ਕੇਸੀਆਰ ਦੀ ਰਣਨੀਤੀ ਖੁਦ ਨੂੰ ਤੇਲੰਗਾਨਾ ਦੇ ਹਮਾਇਤੀ ਅਤੇ ਆਪਣੇ ਵਿਰੋਧੀਆਂ ਨੂੰ ਤੇਲੰਗਾਨਾ ਦੇ ਦੁਸ਼ਮਣ ਦੇ ਤੌਰ 'ਤੇ ਪੇਸ਼ ਕਰਨ ਦੀ ਰਹੀ ਹੈ।
'ਆਂਧਰਾ ਪ੍ਰਦੇਸ਼ ਦੀ ਵੰਡ ਦੌਰਾਨ ਸੰਸਦੀ ਪ੍ਰਕਿਰਿਆ ਦਾ ਸਹੀ ਨਾਲ ਪਾਲਣ ਨਹੀਂ ਹੋਇਆ' ਅਤੇ 'ਤੇਲੰਗਾਨਾ ਦੇ ਗਠਨ ਦਾ ਪ੍ਰਸਤਾਵ ਸੰਸਦ ਵਿੱਚ ਬੰਦ ਦਰਵਾਜ਼ੇ ਅੰਦਰ ਹਨੇਰੇ ਵਿੱਚ ਲਿਆ ਗਿਆ' ਵਰਗੇ ਮੋਦੀ ਦੇ ਬਿਆਨ ਦੀ ਵਰਤੋਂ ਕਰਦੇ ਹੋਏ ਕੇਸੀਆਰ ਉਨ੍ਹਾਂ ਨੂੰ ਸੁਬੇ ਦੇ ਦੁਸ਼ਮਣ ਦੇ ਤੌਰ 'ਤੇ ਪੇਸ਼ ਕਰਦੇ ਹਨ।
ਸੀਨੀਅਰ ਪੱਤਰਕਾਰ ਜਿਨਕਾ ਨਾਗਾਰਾਜੂ ਕਹਿੰਦੇ ਹਨ, ''2009 ਵਿੱਚ ਵਾਈ ਐੱਸ ਰਾਜਸ਼ੇਖਰ ਰੈੱਡੀ ਦੀ ਅਗਵਾਈ ਵਾਲੀ ਕਾਂਗਰਸ ਦੁਸ਼ਮਣ ਸੀ। 2014 ਵਿੱਚ ਆਂਧਰਾ ਪ੍ਰਦੇਸ਼ ਦੇ ਆਗੂ ਦੁਸ਼ਮਣ ਸਨ। 2019 ਵਿੱਚ ਚੰਦਰਬਾਬੂ ਨਾਇਡੂ ਦੁਸ਼ਮਣ ਸਨ। ਹਰ ਚੋਣ ਵਿੱਚ ਵੋਟਰਾਂ ਨੂੰ ਭਾਵਨਾਤਮਕ ਰੂਪ ਨਾਲ ਜੋੜਨ ਲਈ ਉਹ ਕਿਸੇ ਨਾ ਕਿਸੇ ਨੂੰ ਦੁਸ਼ਮਣ ਬਣਾਉਂਦੇ ਰਹੇ ਹਨ। ਅੱਜ ਦੀ ਤਰੀਕ ਵਿੱਚ ਮੋਦੀ ਉਨ੍ਹਾਂ ਦੇ ਨਵੇਂ ਦੁਸ਼ਮਣ ਹਨ।''
3. ਬਦਲਦੇ ਸਮੀਕਰਨ ਅਤੇ ਭਾਜਪਾ ਦਾ ਨਵਾਂ ਟੀਚਾ
ਹੁਣ ਤੱਕ ਤੇਲੰਗਾਨਾ ਵਿੱਚ ਭਾਜਪਾ ਵਿਰੋਧੀ ਦਲ ਸੀ, ਪਰ ਟੀਆਰਐੱਸ ਨਾਲ ਉਸ ਦੇ ਰਿਸ਼ਤੇ ਚੰਗੇ ਸਨ। ਭਾਜਪਾ ਸੰਸਦ ਵਿੱਚ ਜੋ ਪ੍ਰਸਤਾਵ ਰੱਖਦੀ ਸੀ, ਟੀਆਰਐੱਸ ਉਸ ਦਾ ਸਮਰਥਨ ਕਰਦੀ ਸੀ। ਜਦੋਂ ਤੱਕ ਤੇਲੰਗਾਨਾ ਭਾਜਪਾ ਦੀ ਕਮਾਨ ਕਿਸ਼ਨ ਰੈੱਡੀ ਦੇ ਹੱਥਾਂ ਵਿੱਚ ਸੀ, ਉਦੋਂ ਤੱਕ ਦੋਵੇਂ ਪਾਰਟੀਆਂ ਇੱਕ ਸੀਮਾ ਤੱਕ ਹੀ ਇੱਕ ਦੂਜੇ ਦੀ ਆਲੋਚਨਾ ਕਰਦੀਆਂ ਸਨ।
ਪਰ ਹੁਣ ਸਥਿਤੀ ਬਦਲ ਗਈ ਹੈ। ਉੱਤਰੀ ਭਾਰਤ ਵਿੱਚ ਆਪਣੀ ਤਾਕਤ ਵਧਾਉਣ ਲਈ ਭਾਜਪਾ ਕੋਲ ਹੁਣ ਜ਼ਿਆਦਾ ਜਗ੍ਹਾ ਨਹੀਂ ਹੈ। ਅਜਿਹੇ ਵਿੱਚ ਪਾਰਟੀ ਉਨ੍ਹਾਂ ਸੂਬਿਆਂ ਵੱਲ ਧਿਆਨ ਦੇ ਰਹੀ ਹੈ, ਜਿੱਥੇ ਉਹ ਆਪਣੀ ਤਾਕਤ ਵਧਾ ਸਕਦੀ ਹੈ। ਪਾਰਟੀ ਦੱਖਣੀ ਭਾਰਤ ਵਿੱਚ ਆਪਣਾ ਵਿਸਥਾਰ ਚਾਹੁੰਦੀ ਹੈ ਅਤੇ ਤੇਲੰਗਾਨਾ ਉਸੇ ਰਣਨੀਤੀ ਦਾ ਹਿੱਸਾ ਹੈ।

ਤਸਵੀਰ ਸਰੋਤ, Getty Images
ਤੇਲੰਗਾਨਾ ਵਿੱਚ ਭਾਜਪਾ ਦੀ ਨੌਜਵਾਨ ਲੀਡਰਸ਼ਿਪ ਹੁਣ ਕੇਸੀਆਰ 'ਤੇ ਰੋਜ਼ਾਨਾ ਹਮਲੇ ਕਰ ਰਹੀ ਹੈ। ਹੈਦਰਾਬਾਦ ਨਗਰ ਨਿਗਮ ਵਿੱਚ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਅਤੇ ਦੋ ਵਿਧਾਨ ਸਭਾ ਸੀਟਾਂ ਦੀ ਜ਼ਿਮਨੀ ਚੋਣ ਵਿੱਚ ਜਿੱਤ ਨੇ ਭਾਜਪਾ ਕਾਰਕੁਨਾਂ ਦਾ ਉਤਸ਼ਾਹ ਵਧਾ ਦਿੱਤਾ ਹੈ।
ਜਾਤੀ ਆਧਾਰਿਤ ਸਮੀਕਰਨਾਂ ਵਿੱਚ ਵੀ ਬਦਲਾਅ ਹੋਇਆ ਹੈ। ਰਾਜਨੀਤਕ ਵਿਗਿਆਨ ਦੇ ਸੇਵਾਮੁਕਤ ਪ੍ਰੋਫੈਸਰ ਕੇ. ਸ਼੍ਰੀਨਿਵਾਸੁਲੂ ਕਹਿੰਦੇ ਹਨ, ''ਅਤੀਤ ਵਿੱਚ ਸੂਬਾ ਭਾਜਪਾ ਦੀ ਕਮਾਨ ਵੇਲੰਮਾ ਅਤੇ ਰੈੱਡੀ ਜਾਤ ਦੇ ਆਗੁਆਂ ਕੋਲ ਸੀ। ਹੁਣ ਟੀਆਰਐੱਸ ਦੀ ਕਮਾਨ ਵੀ ਵੇਲੰਮਾ ਲੀਡਰਸ਼ਿਪ ਦੇ ਹੱਥਾਂ ਵਿੱਚ ਹੈ। ਅਜਿਹੇ ਵਿੱਚ ਭਾਜਪਾ ਪੱਛੜੀਆਂ ਜਾਤੀਆਂ 'ਤੇ ਭਰੋਸਾ ਕਰ ਰਹੀ ਹੈ। ਪੱਛੜੀਆਂ ਜਾਤੀਆਂ ਭਾਜਪਾ ਦੀ ਮਜ਼ਬੂਤੀ ਦੀ ਸਭ ਤੋਂ ਵੱਡੀ ਵਜ੍ਹਾ ਹਨ ਅਤੇ ਇਹ ਟੀਆਰਐੱਸ ਲਈ ਖ਼ਤਰਾ ਹੋ ਸਕਦਾ ਹੈ।''
ਹੁਣ ਇਹ ਸਵਾਲ ਨਹੀਂ ਰਿਹਾ ਕਿ ਤੇਲੰਗਾਨਾ ਵਿੱਚ ਭਾਜਪਾ ਅਤੇ ਕਾਂਗਰਸ ਵਿੱਚ ਕੌਣ ਮੁੱਖ ਵਿਰੋਧੀ ਦਲ ਹੈ। ਮੋਦੀ ਦੀ ਲਗਾਤਾਰ ਆਲੋਚਨਾ ਦੇ ਸੰਕੇਤ ਮਿਲਦੇ ਹਨ ਕਿ ਟੀਆਰਐੱਸ ਲਈ ਮੁੱਖ ਵਿਰੋਧੀ ਦਲ ਹੁਣ ਭਾਜਪਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਦੋਵੇਂ ਰਾਜਨੀਤਕ ਦਲਾਂ ਵਿੱਚ ਟਕਰਾਅ ਵਧ ਸਕਦਾ ਹੈ।
4. ਇੱਕ ਰਣਨੀਤੀ ਨਾਲ ਦੋ ਨਿਸ਼ਾਨੇ
ਕੇਸੀਆਰ ਲਈ ਚੋਣ ਰਾਜਨੀਤੀ ਵਿੱਚ ਮੋਦੀ ਨੂੰ ਚੁਣੌਤੀ ਦੇਣ ਦਾ ਫੈਸਲਾ ਬੇਹੱਦ ਅਹਿਮ ਹੈ। ਉਹ ਇੱਕ ਰਣਨੀਤੀ ਨਾਲ ਦੋ ਨਿਸ਼ਾਨੇ ਸਾਧਣਾ ਚਾਹੁੰਦੇ ਹਨ।
ਜਦੋਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਰਕਾਰ ਤੋਂ ਸਰਜੀਕਲ ਸਟਰਾਈਕ ਸਬੰਧੀ ਸਬੂਤ ਮੰਗਿਆ ਤਾਂ ਅਸਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਰਾਹੁਲ ਗਾਂਧੀ 'ਤੇ ਹਮਲਾ ਕੀਤਾ ਅਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ। ਅਸਮ ਦੇ ਮੁੱਖ ਮੰਤਰੀ ਦੇ ਬਿਆਨ ਨੂੰ ਆਧਾਰ ਬਣਾ ਕੇ ਕੇਸੀਆਰ ਨੇ ਮੋਦੀ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ, ''ਅਜਿਹੀ ਅਪਮਾਨਜਨਕ ਭਾਸ਼ਾ ਨਾਲ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਤੁਸੀਂ ਅਜਿਹੀ ਭਾਸ਼ਾ ਦੀ ਵਰਤੋਂ ਕਰਦੇ ਹੋ? ਇਹ ਤੁਹਾਡੀ ਸੰਸਕ੍ਰਿਤੀ ਹੈ? ਕੀ ਤੁਸੀਂ ਉਨ੍ਹਾਂ ਨੂੰ ਪਾਰਟੀ ਤੋਂ ਹਟਾਓਗੇ?''
ਕੇਸੀਆਰ ਦੀ ਇਹੀ ਰਣਨੀਤੀ ਰਹੀ ਹੈ ਕਿ ਉਹ ਜਿਸ ਨੂੰ ਆਪਣਾ ਦੁਸ਼ਮਣ ਐਲਾਨ ਦਿੰਦੇ ਹਨ, ਉਸ 'ਤੇ ਹਮਲਾ ਸ਼ੁਰੂ ਕਰ ਦਿੰਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸੂਬੇ ਵਿੱਚ ਕਾਂਗਰਸ ਉਨ੍ਹਾਂ ਦੀ ਵਿਰੋਧੀ ਪਾਰਟੀ ਹੈ, ਪਰ ਕਾਂਗਰਸ ਆਗੂ ਪ੍ਰਤੀ ਹਮਦਰਦੀ ਦਿਖਾ ਕੇ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਸੂਬੇ ਵਿੱਚ ਉਨ੍ਹਾਂ ਨੂੰ ਕਾਂਗਰਸ ਤੋਂ ਕੋਈ ਖ਼ਤਰਾ ਨਹੀਂ। ਅਹਿਮ ਗੱਲ ਇਹ ਹੈ ਕਿ ਉਨ੍ਹਾਂ ਨੇ ਚੋਣਾਂ ਦੇ ਬਾਅਦ ਗੱਠਜੋੜ ਦੀ ਦਿਸ਼ਾ ਵਿੱਚ ਵੀ ਪਹਿਲ ਕੀਤੀ।
ਰਾਜਨੀਤਕ ਵਿਸ਼ਲੇਸ਼ਕਾਂ ਮੁਤਾਬਿਕ ਕਾਂਗਰਸ ਪਾਰਟੀ ਦੇ ਬਿਨਾਂ ਕਿਸੇ ਤੀਜੇ ਮੋਰਚੇ ਦਾ ਅੱਗੇ ਵਧ ਸਕਣਾ ਸੰਭਵ ਨਹੀਂ ਹੋਵੇਗਾ। ਜਿਨਕਾ ਨਾਗਾਰਾਜੂ ਕਹਿੰਦੇ ਹਨ, ''ਅਸਲ ਵਿੱਚ, ਇਸ ਪਹਿਲ ਨਾਲ ਕੇਸੀਆਰ ਨੇ ਆਉਣ ਵਾਲੇ ਦਿਨਾਂ ਵਿੱਚ ਜ਼ਰੂਰਤ ਹੋਣ 'ਤੇ ਕਾਂਗਰਸ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਦਾ ਰਸਤਾ ਖੋਲ੍ਹ ਦਿੱਤਾ ਹੈ।''
ਕਾਂਗਰਸ ਨਾਲ ਗੱਠਜੋੜ ਟੀਆਰਐੱਸ ਲਈ ਨਵੀਂ ਗੱਲ ਨਹੀਂ ਹੈ, ਦੋਵੇਂ ਪਾਰਟੀਆਂ ਪਹਿਲਾਂ ਵੀ ਇਕੱਠੀਆਂ ਆ ਚੁੱਕੀਆਂ ਹਨ। ਕੇਸੀਆਰ, ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦੀ ਨਾਲ ਪ੍ਰਚਾਰ ਕਰ ਚੁੱਕੇ ਹਨ।
ਅਤੀਤ ਵਿੱਚ ਦੇਖੀਏ ਤਾਂ ਕੇਸੀਆਰ ਨੇ ਇੱਥੋਂ ਤੱਕ ਐਲਾਨ ਕੀਤਾ ਸੀ ਕਿ ਜੇਕਰ ਤੇਲੰਗਾਨਾ ਨੂੰ ਸੂਬੇ ਦਾ ਦਰਜਾ ਮਿਲ ਜਾਂਦਾ ਹੈ ਤਾਂ ਉਹ ਟੀਆਰਐੱਸ ਨੂੰ ਕਾਂਗਰਸ ਵਿੱਚ ਮਿਲਾ ਦੇਣਗੇ। ਤੇਲੰਗਾਨਾ ਦੇ ਗਠਨ ਦੇ ਬਾਅਦ ਸੋਨੀਆ ਗਾਂਧੀ ਪ੍ਰਤੀ ਧੰਨਵਾਦ ਪ੍ਰਗਟਾਉਣ ਲਈ ਉਹ ਆਪਣੇ ਪੂਰੇ ਪਰਿਵਾਰ ਨਾਲ ਉਨ੍ਹਾਂ ਦੇ ਘਰ ਗਏ ਸਨ।
ਜਿਨਕਾ ਨਾਗਾਰਾਜੂ ਉਸ ਦਿਨ ਦੇ ਗਵਾਹ ਹਨ ਜਿਸ ਦਿਨ ਕੇਸੀਆਰ ਦੀ ਮੁਲਾਕਾਤ ਸੋਨੀਆ ਗਾਂਧੀ ਨਾਲ ਹੋਈ ਸੀ।
ਨਾਗਾਰਾਜੂ ਕਹਿੰਦੇ ਹਨ, ''ਕੇਸੀਆਰ ਉਸ ਦਿਨ ਕਾਫ਼ੀ ਉਤਸ਼ਾਹਿਤ ਸਨ। ਉਨ੍ਹਾਂ ਨੇ ਕੁਝ ਕਾਂਗਰਸੀ ਆਗੁਆਂ ਨੂੰ ਫੋਨ ਕਰਕੇ ਵੀ ਕਿਹਾ ਕਿ ਉਹ ਸੋਨੀਆ ਗਾਂਧੀ ਦੇ ਸਲਾਹਕਾਰ ਬਣਨ ਜਾ ਰਹੇ ਹਨ ਅਤੇ ਸੋਨੀਆ ਗਾਂਧੀ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਭੇਜ ਰਹੇ ਹਨ, ਇਹ ਸਭ ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਕੀਤਾ ਸੀ।''
5. ਗਤੀ ਬਦਲੀ ਹੈ, ਟੀਚਾ ਨਹੀਂ
ਰਾਸ਼ਟਰੀ ਮੀਡੀਆ ਵਿੱਚ ਕੇਸੀਆਰ ਨੂੰ ਲੈ ਕੇ ਖ਼ਬਰਾਂ ਅਤੇ ਵਿਸ਼ਲੇਸ਼ਣ ਲਿਖੇ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਵਧੇਗਾ। ਕੇਸੀਆਰ ਦਾ ਕੇਂਦਰ ਵਿੱਚ ਦਿੱਸਣਾ ਨਵਾਂ ਬੇਸ਼ੱਕ ਹੈ, ਪਰ ਉਨ੍ਹਾਂ ਦੀ ਹਸਰਤ ਪੁਰਾਣੀ ਹੈ। ਤੇਲੰਗਾਨਾ ਵਿੱਚ ਦੂਜੀ ਬਾਰ ਸਰਕਾਰ ਬਣਾਉਣ ਦੇ ਬਾਅਦ ਅਤੇ 2019 ਦੀਆਂ ਆਮ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਇੱਕ ਮੋਰਚਾ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ।
ਜਦੋਂ ਸਿਆਸੀ ਪਾਰਟੀਆਂ ਆਪਣੇ ਸੂਬਿਆਂ ਵਿੱਚ ਰੁੱਝੀਆਂ ਹੋਈਆਂ ਸਨ ਅਤੇ ਕਾਂਗਰਸ ਮੁਸ਼ਕਿਲ ਵਿੱਚ ਸੀ, ਉਦੋਂ ਉਨ੍ਹਾਂ ਨੇ ਮੌਕੇ ਨੂੰ ਲਪਕਣ ਦੀ ਕੋਸ਼ਿਸ਼ ਕੀਤੀ ਸੀ। ਉਹ ਮਮਤਾ ਬੈਨਰਜੀ ਨੂੰ ਮਿਲਣ ਬੰਗਾਲ ਗਏ। ਉਨ੍ਹਾਂ ਨੇ ਪਿਨਰਈ ਵਿਜਯਨ, ਐੱਮਕੇ ਸਟਾਲਿਨ, ਨਵੀਨ ਪਟਨਾਇਕ ਨਾਲ ਵੀ ਗੱਲਬਾਤ ਕੀਤੀ।

ਤਸਵੀਰ ਸਰੋਤ, Getty Images
ਉਹ ਦੇਵਗੌੜਾ ਨੂੰ ਵੀ ਮਿਲੇ, ਜੋ ਅਜਿਹੀ ਹਸਰਤ ਵਾਲੇ ਕਿਸੇ ਨੇਤਾ ਲਈ ਵੀ ਉਮੀਦ ਦੀ ਰੋਸ਼ਨੀ ਹਨ। ਜਿਵੇਂ ਭੌਤਿਕ ਵਿਗਿਆਨ ਵਿੱਚ ਲੋਕ ਰਮਨ ਪ੍ਰਭਾਵ ਦੀ ਚਰਚਾ ਕਰਦੇ ਹਨ, ਉਸੇ ਤਰ੍ਹਾਂ ਹੀ ਭਾਰਤੀ ਸਿਆਸਤ ਵਿੱਚ ਦੇਵਗੌੜਾ ਪ੍ਰਭਾਵ ਦੀ ਚਰਚਾ ਕੀਤੀ ਜਾਂਦੀ ਹੈ। ਸਭ ਨੂੰ ਹੈਰਾਨ ਕਰਦੇ ਹੋਏ ਉਹ ਸੰਯੁਕਤ ਮੋਰਚਾ ਦੀ ਸਰਕਾਰ ਵਿੱਚ ਪ੍ਰਧਾਨ ਮੰਤਰੀ ਬਣ ਚੁੱਕੇ ਹਨ।
ਛੋਟੀ ਸਿਆਸੀ ਪਾਰਟੀ ਦੇ ਆਗੂਆਂ 'ਤੇ ਇਸ ਪ੍ਰਭਾਵ ਦਾ ਅਸਰ ਰਹਿੰਦਾ ਹੈ। ਪਰ ਅਤੀਤ ਵਿੱਚ ਕੇਸੀਆਰ ਲਈ ਇਹ ਕਾਰਗਰ ਨਹੀਂ ਰਿਹਾ। ਅਜਿਹਾ ਲੱਗਿਆ ਕਿ ਗਲਤ ਸਮੇਂ ਵਿੱਚ ਉਨ੍ਹਾਂ ਨੇ ਉਮੀਦਾਂ ਲਾ ਲਈਆਂ ਸਨ।
ਭਾਜਪਾ 2019 ਵਿੱਚ ਬਹੁਮਤ ਨਾਲ ਸਰਕਾਰ ਬਣਾਉਣ ਵਿੱਚ ਸਫਲ ਰਹੀ। ਹੁਣ ਦੋ ਸਾਲ ਬਾਅਦ ਲੋਕ ਸਭਾ ਦੀ ਚੋਣ ਹੋਣੀ ਹੈ, ਪਰ ਕੇਸੀਆਰ ਇੱਕ ਬਾਰ ਫਿਰ ਆਪਣੀਆਂ ਕੋਸ਼ਿਸ਼ਾਂ ਸ਼ੁਰੂ ਕਰ ਚੁੱਕੇ ਹਨ। ਤੀਜਾ ਮੋਰਚਾ ਬਣਾਉਣ ਲਈ ਉਹ ਖੇਤਰੀ ਦਲਾਂ ਦੇ ਆਗੂਆਂ ਨੂੰ ਮਿਲ ਰਹੇ ਹਨ।
ਉਨ੍ਹਾਂ ਨੇ ਚੋਣ ਜੰਗ ਦਾ ਬਿਗੁਲ ਵਜਾ ਦਿੱਤਾ ਹੈ ਅਤੇ ਸੰਕੇਤ ਦੇ ਰਹੇ ਹਨ ਕਿ ਮੋਦੀ ਨੂੰ ਚੁਣੌਤੀ ਦੇਣ ਵਾਲੇ ਸੰਭਾਵਿਤ ਆਗੂਆਂ ਵਿੱਚੋਂ ਉਹ ਸਭ ਤੋਂ ਅੱਗੇ ਹਨ। ਉਹ ਸੂਬੇ ਦੀ ਸਿਆਸਤ ਦੀ ਕਮਾਨ ਆਪਣੇ ਪੁੱਤਰ ਨੂੰ ਦੇਣ ਲਈ ਉਚਿੱਤ ਸਮੇਂ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਨਵੀਂ ਦਿੱਲੀ ਨੂੰ ਆਪਣਾ ਠਿਕਾਣਾ ਬਣਾਉਣਾ ਚਾਹੁੰਦੇ ਹਨ।
ਮੌਜੂਦਾ ਸਮੇਂ ਵਿੱਚ ਤੇਲਗੂ ਭਾਸ਼ੀ ਖੇਤਰ ਵਿੱਚ ਕੇਸੀਆਰ ਵਰਗਾ ਬੁਲਾਰਾ ਕੋਈ ਹੋਰ ਆਗੂ ਨਹੀਂ ਹੈ। ਰਾਸ਼ਟਰੀ ਪੱਧਰ 'ਤੇ ਵੀ ਉਹ ਦੂਜਿਆਂ ਤੋਂ ਥੋੜ੍ਹਾ ਅੱਗੇ ਦਿੱਸ ਰਹੇ ਹਨ। ਬਿਨਾਂ ਰੁਕੇ, ਸ਼ੁੱਧ ਹਿੰਦੀ ਬੋਲਣਾ ਉਨ੍ਹਾਂ ਦੀ ਖਾਸੀਅਤ ਹੈ। ਕੇਸੀਆਰ ਨੂੰ ਰਾਜਨੀਤਕ ਤੌਰ 'ਤੇ ਅਜਿਹਾ ਲੱਗ ਰਿਹਾ ਹੋਵੇਗਾ ਕਿ ਜਿਸ ਦੌਰ ਵਿੱਚ ਅਜੇ ਭਾਰਤੀ ਰਾਜਨੀਤੀ ਹੈ, ਉਸ ਸਥਿਤੀ ਵਿੱਚ ਆਉਣ ਵਾਲੇ ਸਾਲਾਂ ਵਿੱਚ ਕੁਝ ਵੀ ਸੰਭਵ ਹੈ।
ਉਨ੍ਹਾਂ ਨੇ ਇਹ ਵੀ ਅੰਦਾਜ਼ਾ ਲਗਾਇਆ ਹੋਵੇਗਾ ਕਿ ਤੇਲੰਗਾਨਾ ਤੋਂ ਲੋਕ ਸਭਾ ਦੀਆਂ ਸੀਟਾਂ ਘੱਟ ਹਨ। ਅਜਿਹੇ ਵਿੱਚ ਮੋਦੀ ਨੂੰ ਚੁਣੌਤੀ ਦੇਣ ਵਾਲੇ ਆਗੂਆਂ ਵਿੱਚ ਸਭ ਤੋਂ ਅੱਗੇ ਰਹਿਣਾ ਹੈ ਤਾਂ ਉਨ੍ਹਾਂ ਨੂੰ ਮੋਦੀ 'ਤੇ ਹਮਲਾ ਕਰਦੇ ਰਹਿਣਾ ਹੋਵੇਗਾ ਅਤੇ ਲਗਾਤਾਰ ਖ਼ਬਰਾਂ ਵਿੱਚ ਬਣੇ ਰਹਿਣਾ ਹੋਵੇਗਾ।
ਫਿਲਹਾਲ, ਤੇਲੰਗਾਨਾ ਦੇ ਕੇਸੀਆਰ ਨੇ ਇਹ ਯਕੀਨੀ ਬਣਾ ਲਿਆ ਹੈ ਕਿ ਲੋਕ ਉਨ੍ਹਾਂ ਦੁਆਰਾ ਹਮਲਾਵਰ ਹੋਣ 'ਤੇ ਧਿਆਨ ਦੇ ਰਹੇ ਹਨ ਅਤੇ ਉਹ ਚਰਚਾ ਵਿੱਚ ਬਣੇ ਹੋਏ ਹਨ, ਮਤਲਬ ਰੇਸ ਅਜੇ ਜਾਰੀ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












