ਕਰਨਾਟਕ ’ਚ ਭਾਜਪਾ ਦੀ ਹਾਰ ਪੀਐੱਮ ਮੋਦੀ ਨੂੰ 2024 ਦੀਆਂ ਚੋਣਾਂ ਵਿੱਚ ਕਿੰਨਾ ਨੁਕਸਾਨ ਪਹੁੰਚਾ ਸਕਦੀ ਹੈ

ਤਸਵੀਰ ਸਰੋਤ, Getty Images
- ਲੇਖਕ, ਰਜਨੀਸ਼ ਕੁਮਾਰ
- ਰੋਲ, ਬੀਬੀਸੀ ਪੱਤਰਕਾਰ
ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਤੋਂ ਬਾਅਦ, ਇੱਕ ਵਾਰ ਫਿਰ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ 'ਚ ਨਰਿੰਦਰ ਮੋਦੀ ਦਾ ਰਾਹ ਮੁਸ਼ਕਿਲ ਹੋ ਗਿਆ ਹੈ?
ਕੀ ਮੋਦੀ ਦੀ ਲੋਕਪ੍ਰਿਅਤਾ ਘਟ ਰਹੀ ਹੈ? ਕੀ ਕਾਂਗਰਸ ਹੁਣ ਭਾਜਪਾ ਨੂੰ ਹਰਾਉਣ ਦੇ ਯੋਗ ਹੋ ਗਈ ਹੈ?
ਭਾਜਪਾ ਪਿਛਲੇ ਨੌਂ ਸਾਲਾਂ ਤੋਂ ਕੇਂਦਰ ਦੀ ਸੱਤਾ ਵਿੱਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਜਿੱਤਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਪਰ ਮੋਦੀ ਦੀਆਂ ਇਹ ਕੋਸ਼ਿਸਾਂ ਕਰਨਾਟਕ ਵਿੱਚ ਰੰਗ ਨਹੀਂ ਲਿਆ ਸਕੀਆਂ।
ਕਰਨਾਟਕ ਵਿੱਚ ਕਾਂਗਰਸ ਦੀ ਜਿੱਤ ਨਾਲ ਇਹ ਦਾਅਵਾ ਮਜ਼ਬੂਤ ਹੋਇਆ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਵਿਰੋਧੀ ਖੇਮੇ ਦੀ ਅਗਵਾਈ, ਕਾਂਗਰਸ ਪਾਰਟੀ ਕਰ ਸਕਦੀ ਹੈ।
ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਈ ਹੋਰ ਸੂਬਿਆਂ ਵਿੱਚ ਵੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਸੂਬਿਆਂ ਵਿੱਚ ਹੁਣ ਛੱਤੀਸਗੜ੍ਹ ਅਤੇ ਰਾਜਸਥਾਨ ’ਚ ਕਾਂਗਰਸ ਦੀ ਸਰਕਾਰ ਹੈ। ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਹੈ।
ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਇਸ ਸਾਲ ਨਵੰਬਰ ਮਹੀਨੇ ਅਤੇ ਰਾਜਸਥਾਨ ਵਿੱਚ ਦਸੰਬਰ ਮਹੀਨੇ ਚੋਣਾਂ ਹਨ। ਇਹ ਕਿਹਾ ਜਾ ਰਿਹਾ ਹੈ ਕਿ ਜਿਵੇਂ ਮੱਧ ਪ੍ਰਦੇਸ਼ ਦੀਆਂ ਚੋਣਾਂ ਭਾਜਪਾ ਲਈ ਮੁਸ਼ਕਲ ਭਰੀਆਂ ਹਨ, ਉਸੇ ਤਰ੍ਹਾਂ ਰਾਜਸਥਾਨ 'ਚ ਕਾਂਗਰਸ ਲਈ ਵੀ ਮੁਸ਼ਕਲਾਂ ਹਨ।

ਤਸਵੀਰ ਸਰੋਤ, Getty Images
ਵਿਧਾਨ ਸਭਾ ਚੋਣਾਂ ਦਾ ਪ੍ਰਭਾਵ
ਇਨ੍ਹਾਂ ਤਿੰਨ ਅਹਿਮ ਸੂਬਿਆਂ ਤੋਂ ਇਲਾਵਾ ਮਿਜ਼ੋ ਨੈਸ਼ਨਲ ਫਰੰਟ ਦੇ ਸ਼ਾਸਨ ਵਾਲੇ ਮਿਜ਼ੋਰਮ ਵਿੱਚ ਨਵੰਬਰ ਮਹੀਨੇ ਚੋਣਾਂ ਹਨ।
ਤੇਲੰਗਾਨਾ ਰਾਸ਼ਟਰ ਸਮਿਤੀ ਤੋਂ ਭਾਰਤ ਰਾਸ਼ਟਰ ਸਮਿਤੀ ਬਣਾਉਣ ਵਾਲੇ ਕੇ ਚੰਦਰਸ਼ੇਖਰ ਰਾਓ ਦੇ ਸ਼ਾਸਨ ਵਾਲੇ ਤੇਲੰਗਾਨਾ ਵਿੱਚ ਦਸੰਬਰ ਮਹੀਨੇ ਚੋਣਾਂ ਹੋਣੀਆਂ ਹਨ।
ਵਿਧਾਨ ਸਭਾ ਚੋਣਾਂ ਦਾ ਸਿਲਸਿਲਾ ਇੱਥੇ ਹੀ ਖਤਮ ਨਹੀਂ ਹੁੰਦਾ।
ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਸਿੱਕਮ ਅਤੇ ਓਡੀਸ਼ਾ ਵਿੱਚ ਵੀ ਵਿਧਾਨ ਸਭਾ ਚੋਣਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਾਂ ਇਸ ਦੇ ਨਾਲ ਹੀ ਹੋਣੀਆਂ ਹਨ।

ਤਸਵੀਰ ਸਰੋਤ, Getty Images
ਇਨ੍ਹਾਂ ਸੂਬਿਆਂ ਵਿੱਚ ਅਗਲੇ ਸਾਲ ਅਪ੍ਰੈਲ ਵਿੱਚ ਚੋਣਾਂ ਹਨ ਅਤੇ ਲੋਕ ਸਭਾ ਚੋਣਾਂ ਮਈ ਮਹੀਨੇ ਵਿੱਚ ਹਨ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਜਿੱਤ ਕਿਸੇ ਵੀ ਤਰੀਕੇ ਨਾਲ ਭਾਜਪਾ ਲਈ ਚੰਗੀ ਖ਼ਬਰ ਨਹੀਂ ਹੋ ਸਕਦੀ।
ਓਡੀਸ਼ਾ ਵਿੱਚ ਨਵੀਨ ਪਟਨਾਇਕ, ਆਂਧਰਾ ਪ੍ਰਦੇਸ਼ ਵਿੱਚ ਜਗਨ ਮੋਹਨ ਰੈੱਡੀ ਅਤੇ ਤੇਲੰਗਾਨਾ ਵਿੱਚ ਕੇ ਚੰਦਰਸ਼ੇਖਰ ਰਾਓ ਕਾਫੀ ਹਰਮਨ ਪਿਆਰੇ ਨੇਤਾ ਹਨ।
ਇਨ੍ਹਾਂ ਤਿੰਨਾਂ ਸੂਬਿਆਂ ਵਿੱਚ ਭਾਜਪਾ ਦੀ ਮੌਜੂਦਗੀ ਕਿਤੇ ਵੀ ਪ੍ਰਭਾਵਸ਼ਾਲੀ ਨਹੀਂ ਹੈ। ਅਜਿਹੇ 'ਚ ਕਰਨਾਟਕ ਤੋਂ ਬਾਅਦ ਇਨ੍ਹਾਂ ਸੂਬਿਆਂ 'ਚ ਭਾਜਪਾ ਲਈ ਉਮੀਦ ਦਾ ਕੋਈ ਠੋਸ ਕਾਰਨ ਨਹੀਂ ਹੈ।
ਭਾਰਤ ਦੇ ਵੋਟਰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਵੱਖ-ਵੱਖ ਤਰੀਕਿਆਂ ਨਾਲ ਫਤਵਾ ਦਿੰਦੇ ਹਨ।
ਉਦਾਹਰਣ ਵਜੋਂ, ਰਾਜਸਥਾਨ ਵਿੱਚ 2018 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਜਿੱਤ ਹਾਸਿਲ ਕੀਤੀ ਸੀ, ਪਰ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਰਾਜਸਥਾਨ ਦੀਆਂ 25 ਵਿੱਚੋਂ 24 ਸੀਟਾਂ ਜਿੱਤੀਆਂ ਸਨ।
ਇਸੇ ਤਰ੍ਹਾਂ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਨਤੀਜੇ ਸਨ।
ਹਿੰਦੀ ਸੂਬਿਆਂ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਪਿਛਲੀਆਂ ਕਈ ਚੋਣਾਂ ਨਾਲੋਂ ਵੱਖਰੇ ਹਨ।
ਪਰ ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਤੇਲੰਗਾਨਾ ਦੀਆਂ ਵਿਧਾਨ ਸਭਾ ਅਤੇ ਲੋਕ ਸਭਾ ਦੇ ਨਤੀਜੇ ਇੱਕੋ ਜਿਹੇ ਹਨ।

ਹਿੰਦੀ ਸੂਬਿਆਂ ਤੋਂ ਵੱਖਰਾ ਫ਼ਤਵਾ
ਜਗਨ ਮੋਹਨ ਰੈੱਡੀ ਦੀ ਪਾਰਟੀ ਵਾਈਐੱਸਆਰਸੀਪੀ ਨੇ ਆਂਧਰਾ ਪ੍ਰਦੇਸ਼ ਵਿੱਚ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ ਸੀ।
ਉਨ੍ਹਾਂ ਨੇ ਲੋਕ ਸਭਾ ਚੋਣਾਂ ਵਿੱਚ ਕੁੱਲ 25 ਵਿੱਚੋਂ 22 ਸੀਟਾਂ ਜਿੱਤੀਆਂ। ਤਿੰਨ ਸੀਟਾਂ ਟੀਡੀਪੀ ਦੇ ਖਾਤੇ ਵਿੱਚ ਗਈਆਂ। ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੀ।
ਓਡੀਸ਼ਾ ਵਿੱਚ ਵੀ ਨਵੀਨ ਪਟਨਾਇਕ ਨੇ ਵਿਧਾਨ ਸਭਾ ਚੋਣਾਂ ਜਿੱਤੀਆਂ ਅਤੇ ਲੋਕ ਸਭਾ ਚੋਣਾਂ ਵਿੱਚ 21 ਵਿੱਚੋਂ 12 ਸੀਟਾਂ ਜਿੱਤੀਆਂ।
ਤੇਲੰਗਾਨਾ ਵਿੱਚ ਵੀ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੱਖਰੇ ਨਹੀਂ ਰਹੇ।
ਨਵੀਨ ਪਟਨਾਇਕ ਮਾਰਚ 2000 ਵਿੱਚ ਓਡੀਸ਼ਾ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਦੇ ਵੀ ਚੋਣ ਨਹੀਂ ਹਾਰੇ।
ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਵੀ ਕਾਂਗਰਸ ਇਹ ਯਕੀਨ ਨਹੀਂ ਕਰ ਸਕਦੀ ਕਿ ਉਹ ਲੋਕ ਸਭਾ ਵਿੱਚ ਵੀ ਜਿੱਤੇਗੀ।
ਸਾਲ 2013 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ 'ਚ ਭਾਜਪਾ 224 ਵਿਧਾਨ ਸਭਾ ਸੀਟਾਂ 'ਚੋਂ 40 'ਤੇ ਸਿਮਟ ਗਈ ਸੀ
ਹਾਲਾਂਕਿ, 2014 ਦੀਆਂ ਆਮ ਚੋਣਾਂ 'ਚ ਭਾਜਪਾ ਨੇ ਸੂਬੇ ਦੀਆਂ 28 'ਚੋਂ 17 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।
ਇਸ ਦੇ ਨਾਲ ਹੀ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ ਨੇ 28 ਵਿੱਚੋਂ 25 ਸੀਟਾਂ ਜਿੱਤੀਆਂ ਸਨ।
ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਦਾ ਕਹਿਣਾ ਹੈ ਕਿ ਕਰਨਾਟਕ ਵਿਧਾਨ ਸਭਾ ਦੇ ਚੋਣ ਨਤੀਜਿਆਂ ਦੇ ਆਧਾਰ 'ਤੇ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਨੂੰ ਘੱਟ ਸਮਝਣਾ ਜਲਦਬਾਜ਼ੀ ਹੋਵੇਗੀ।

ਤਸਵੀਰ ਸਰੋਤ, ANI

ਕਰਨਾਟਕ ਚੋਣਾਂ ਤੇ ਮੋਦੀ ਦੀ ਪ੍ਰਸਿੱਧੀ ਬਾਰੇ ਖਾਸ ਗੱਲਾਂ
- ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸ਼ਾਨਦਾਰ ਜਿੱਤ ਮਿਲੀ ਹੈ, ਕਾਂਗਰਸ ਨੂੰ 135 ਸੀਟਾਂ ਮਿਲੀਆਂ ਹਨ
- ਕਰਨਾਟਕ ਦੀ ਸੱਤਾ ਵਿੱਚ ਰਹੀ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ, ਭਾਜਪਾ ਨੂੰ ਇਨ੍ਹਾਂ ਚੋਣਾਂ ਵਿੱਚ 66 ਸੀਟਾਂ ਮਿਲੀਆਂ ਹਨ
- ਇਹਨਾਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਫੀ ਪ੍ਰਚਾਰ ਕੀਤਾ ਸੀ
- ਕਰਨਾਟਕ ਦੇ ਚੋਣ ਨਤੀਜਿਆਂ ਨੂੰ ਸਾਲ 2024 ਦੀਆਂ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ


ਤਸਵੀਰ ਸਰੋਤ, ANI
'ਮੋਦੀ ਦੀ ਲੋਕਪ੍ਰਿਅਤਾ ਘੱਟ ਨਹੀਂ'
ਨੀਰਜਾ ਚੌਧਰੀ ਦਾ ਕਹਿਣਾ ਹੈ, "ਕਰਨਾਟਕ ਵਿੱਚ ਭਾਜਪਾ ਦੀ ਸਥਾਨਕ ਲੀਡਰਸ਼ਿਪ ਕਾਂਗਰਸ ਦੇ ਮੁਕਾਬਲੇ ਬਹੁਤ ਕਮਜ਼ੋਰ ਹੈ। ਭਾਜਪਾ ਕੋਲ ਯੇਦੀਯੁਰੱਪਾ ਨੂੰ ਛੱਡ ਕੇ ਕੋਈ ਮਜ਼ਬੂਤ ਨੇਤਾ ਨਹੀਂ ਹੈ।”
“ਯੇਦੀਯੁਰੱਪਾ ਦੀ ਪ੍ਰਸਿੱਧੀ ਵੀ ਹੁਣ ਘਟੀ ਹੈ। ਕਰਨਾਟਕ 'ਚ ਭਾਜਪਾ ਦੀ ਹਾਰ ਨਾਲੋਂ ਕਾਂਗਰਸ ਦੀ ਜਿੱਤ ਜ਼ਿਆਦਾ ਮਹੱਤਵਪੂਰਨ ਹੈ।''

ਤਸਵੀਰ ਸਰੋਤ, ANI
ਨੀਰਜਾ ਕਹਿੰਦੇ ਹਨ, "ਮੈਂ ਨਹੀਂ ਮੰਨਦੀ ਕਿ ਕਰਨਾਟਕ ਵਿੱਚ ਕਾਂਗਰਸ ਦੀ ਜਿੱਤ ਮੋਦੀ ਦੀ ਲੋਕਪ੍ਰਿਅਤਾ ਘੱਟ ਹੋਣ ਕਾਰਨ ਹੋਈ ਹੈ। ਹਾਂ, ਮੈਂ ਇਹ ਜ਼ਰੂਰ ਕਹਿ ਸਕਦੀ ਹਾਂ ਕਿ ਭਾਜਪਾ ਦੀ ਸਥਾਨਕ ਲੀਡਰਸ਼ਿਪ ਘੱਟ ਲੋਕਪ੍ਰਿਅਤਾ ਵਾਲੀ ਸੀ। ਦੂਜੀ ਗੱਲ, ਕਾਂਗਰਸ ਦੀ ਜਿੰਨੀ ਵੱਡੀ ਜਿੱਤ ਹੋਈ, ਇਸ ਤੋਂ ਸਪੱਸ਼ਟ ਹੈ ਕਿ ਲਿੰਗਾਇਤ ਜੋ ਰਵਾਇਤੀ ਤੌਰ 'ਤੇ ਭਾਜਪਾ ਨੂੰ ਵੋਟ ਕਰਦੇ ਹਨ, ਉਹਨਾਂ ਨੇ ਵੀ ਕਾਂਗਰਸ ਨੂੰ ਵੋਟ ਪਾਈ ਹੈ।”
ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਨੂੰ ਭਾਜਪਾ ਨਾਲੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਰਾਜਸਥਾਨ ਵਿੱਚ ਸਚਿਨ ਪਾਇਲਟ ਬਨਾਮ ਅਸ਼ੋਕ ਗਹਿਲੋਤ ਵਿਵਾਦ ਵੱਧਦਾ ਜਾ ਰਿਹਾ ਹੈ। ਦੋਵੇਂ ਆਗੂ ਵੱਖਰੀਆਂ ਸੁਰਾਂ ਵਿੱਚ ਗੱਲ ਕਰ ਰਹੇ ਹਨ।
ਮੱਧ ਪ੍ਰਦੇਸ਼ 'ਚ ਜੋਤੀਰਾਦਿੱਤਿਆ ਸਿੰਧੀਆ ਭਾਜਪਾ 'ਚ ਸ਼ਾਮਲ ਹੋ ਗਏ ਹਨ ਅਤੇ ਇਸ ਦਾ ਸਿੱਧਾ ਅਸਰ ਸੂਬਾ ਕਾਂਗਰਸ ਦੀ ਸਿਹਤ 'ਤੇ ਪਿਆ ਹੈ।
ਦੂਜੇ ਪਾਸੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਭਾਜਪਾ ਦੇ ਅੰਦਰ ਅਜਿਹੀ ਕੋਈ ਲੜਾਈ ਨਹੀਂ ਹੈ।
ਸੀਨੀਅਰ ਪੱਤਰਕਾਰ ਰਾਧਿਕਾ ਰਾਮਾਸ਼ੇਸ਼ਨ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਨਰਿੰਦਰ ਮੋਦੀ ਨੇ ਕਰਨਾਟਕ 'ਚ ਪੂਰਾ ਜ਼ੋਰ ਲਗਾਇਆ ਸੀ, ਉਸ ਹਿਸਾਬ ਨਾਲ ਉਨ੍ਹਾਂ ਨੂੰ ਵੱਡਾ ਝਟਕਾ ਲੱਗਾ ਹੈ।

ਤਸਵੀਰ ਸਰੋਤ, Getty Images
ਮੋਦੀ ਦੀ ਅਪੀਲ ਕੰਮ ਨਹੀਂ ਆਈ
ਰਾਮਾਸ਼ੇਸ਼ਨ ਕਹਿਦੇ ਹਨ, "ਮੋਦੀ ਨੇ ਚੋਣ ਪ੍ਰਚਾਰ ਦੇ ਅੰਤ 'ਚ ਬਜਰੰਗਬਲੀ ਦੇ ਨਾਂ 'ਤੇ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਕਈ ਰੋਡ ਸ਼ੋਅ ਕੀਤੇ ਪਰ ਉਨ੍ਹਾਂ ਦੀਆਂ ਅਪੀਲਾਂ ਕੰਮ ਨਹੀਂ ਆਈਆਂ। ਭਾਜਪਾ ਨੇ ਯੇਦੀਯੁਰੱਪਾ ਦੀ ਥਾਂ ਬਸਵਰਾਜ ਬੋਮਈ ਨੂੰ ਮੁੱਖ ਮੰਤਰੀ ਬਣਾਇਆ ਸੀ ਤਾਂ ਇਸ ਦਾ ਵੀ ਉਲਟਾ ਅਸਰ ਹੋਇਆ।"
"ਕਰਨਾਟਕ ਵਿੱਚ ਭਾਜਪਾ ਦਾ ਮਤਲਬ ਯੇਦੀਯੁਰੱਪਾ ਹੈ। ਸਾਲ 2012 ਵਿੱਚ ਭਾਜਪਾ ਨੇ ਯੇਦੀਯੁਰੱਪਾ ਨੂੰ ਹਟਾ ਕੇ ਆਪਣੀ ਹੈਸੀਅਤ ਦਾ ਅੰਦਾਜ਼ਾ ਲਗਾਇਆ ਸੀ। ਇਹ ਗਲਤੀ ਐਲਕੇ ਅਡਵਾਨੀ ਨੇ ਕੀਤੀ ਸੀ ਅਤੇ ਮੋਦੀ ਨੇ ਵੀ ਉਹੀ ਗਲਤੀ ਫਿਰ ਦੁਹਰਾਈ।"
ਉਹ ਕਹਿੰਦੇ ਹਨ, "ਭਾਵੇਂ ਕਰਨਾਟਕ ਚੋਣਾਂ ਦਾ ਨਤੀਜਾ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦਾ ਫੈਸਲਾ ਨਹੀਂ ਕਰ ਸਕਦਾ, ਪਰ ਇਹ ਸੱਚਾਈ ਹੈ ਕਿ ਕਰਨਾਟਕ ਦੇ ਲੋਕਾਂ ਨੇ ਮੋਦੀ ਦੀ ਹਰ ਅਪੀਲ ਨੂੰ ਠੁਕਰਾ ਦਿੱਤਾ।"
"ਇਹ ਭਾਜਪਾ ਲਈ ਇੱਕ ਸਬਕ ਹੈ ਕਿ ਉਹ ਸੂਬੇ ਦੇ ਸਥਾਨਕ ਨੇਤਾਵਾਂ ਨੂੰ ਬਰਖਾਸਤ ਕਰਕੇ ਲੰਬੇ ਸਮੇਂ ਤੱਕ ਚੋਣਾਂ ਨਹੀਂ ਜਿੱਤ ਸਕਦੇ। ਭਾਜਪਾ ਹਰਿਆਣਾ ਅਤੇ ਉੱਤਰਾਖੰਡ ਵਾਂਗ ਹਰ ਸੂਬੇ 'ਤੇ ਰਾਜ ਨਹੀਂ ਕਰ ਸਕਦੀ।"
ਉੱਤਰਾਖੰਡ ਵਿੱਚ ਪੁਸ਼ਕਰ ਸਿੰਘ ਧਾਮੀ ਦੇ ਵਿਧਾਨ ਸਭਾ ਚੋਣ ਹਾਰ ਜਾਣ ਦੇ ਬਾਅਦ ਵੀ ਭਾਜਪਾ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਸੀ।

ਤਸਵੀਰ ਸਰੋਤ, ANI
ਸੁਨੇਹਾ ਕੀ ਹੈ?
ਪਿਛਲੇ ਸਾਲ ਦਸੰਬਰ ਵਿੱਚ ਗੁਜਰਾਤ ’ਚ ਭਾਜਪਾ ਨੂੰ ਸ਼ਾਨਦਾਰ ਜਿੱਤ ਮਿਲੀ ਸੀ ਅਤੇ ਕਾਂਗਰਸ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀ ਜਿੱਤ ਹੋਈ।
ਹਾਲਾਂਕਿ ਹਿਮਾਚਲ ਵਿੱਚ ਭਾਜਪਾ ਅਤੇ ਕਾਂਗਰਸ ਦੇ ਵੋਟ ਸ਼ੇਅਰ ਵਿੱਚ ਮਾਮੂਲੀ ਫਰਕ ਸੀ।
ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦਾ ਵੋਟ ਸ਼ੇਅਰ 43.90 ਸੀ ਅਤੇ ਪਾਰਟੀ ਨੇ 40 ਸੀਟਾਂ ਜਿੱਤੀਆਂ ਸਨ।
ਭਾਜਪਾ ਦਾ ਵੋਟ ਸ਼ੇਅਰ 43 ਫੀਸਦੀ ਰਿਹਾ ਅਤੇ ਉਸ ਨੇ 25 ਸੀਟਾਂ ਜਿੱਤੀਆਂ।
ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਰਹੇ ਮਸ਼ਹੂਰ ਸਿਆਸੀ ਕਾਰਕੁਨ ਯੋਗੇਂਦਰ ਲਿਖਦੇ ਹਨ, “ਮੇਰਾ ਮੰਨਣਾ ਹੈ ਕਿ ਇਨ੍ਹਾਂ ਨਤੀਜਿਆਂ ਦਾ ਮਨੋਵਿਗਿਆਨਕ ਪ੍ਰਭਾਵ ਪਵੇਗਾ। ਕਾਂਗਰਸ ਦੀ ਜਿੱਤ ਇਹ ਸੰਦੇਸ਼ ਦੇਵੇਗੀ ਕਿ ਭਾਜਪਾ ਨੂੰ ਵੀ ਹਰਾਇਆ ਜਾ ਸਕਦਾ ਹੈ।''
''ਭਾਰਤ ਜੋੜੋ ਯਾਤਰਾ ਤੋਂ ਬਾਅਦ ਬਣਿਆ ਮਾਹੌਲ ਜਿਉਂ ਦਾ ਤਿਉਂ ਰਹੇਗਾ। ਕਰਨਾਟਕ ਚੋਣਾਂ ਦੇ ਨਤੀਜਿਆਂ ਤੋਂ ਬਾਅਦ 2024 ਦੀਆਂ ਆਮ ਚੋਣਾਂ ਲਈ ਮੈਦਾਨ ਖੁੱਲਾ ਰਹੇਗਾ। ਕਾਂਗਰਸ ਦੀ ਜਿੱਤ ਇਹ ਵੀ ਦੱਸ ਰਹੀ ਹੈ ਕਿ ਫਿਰਕਾਪ੍ਰਸਤੀ ਚੋਣਾਂ ਜਿੱਤਣ ਦੀ ਗਾਰੰਟੀ ਨਹੀਂ ਹੈ।"
ਮਨਮੋਹਨ ਸਿੰਘ ਦੀ ਸਰਕਾਰ ਵਿੱਚ ਆਰਥਿਕ ਸਲਾਹਕਾਰ ਰਹੇ ਅਤੇ ਮੰਨੇ-ਪ੍ਰਮੰਨੇ ਅਰਥ ਸ਼ਾਸਤਰੀ ਕੌਸ਼ਿਕ ਬਾਸੂ ਨੇ ਕਾਂਗਰਸ ਦੀ ਜਿੱਤ ਬਾਰੇ ਲਿਖਿਆ, "ਕਰਨਾਟਕ ਜੋ ਅੱਜ ਕਰਦਾ ਹੈ, ਭਾਰਤ ਉਹ ਕੱਲ੍ਹ ਕਰਦਾ ਹੈ।"
ਬਾਸੂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਰਨਾਟਕ ਦਾ ਅੱਜ ਦਾ ਫਤਵਾ ਆਉਣ ਵਾਲੇ ਸਮੇਂ ਦਾ ਪ੍ਰਤੀਬਿੰਬ ਹੈ।












