ਟੀ-20 ਵਰਲਡ ਕੱਪ ਭਾਰਤ-ਪਾਕ ਮੈਚ: 'ਟਿਕਟ ਪਾਕਿਸਤਾਨੀ ਨੇ ਦਿਵਾਈ ਪਰ ਸਾਥ ਇੰਡੀਆ ਦਾ ਦੇਵਾਂਗੇ'

ਟੀ-20 ਵਰਲਡ ਕੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਅਤੇ ਪਾਕਿਸਤਾਨ ਵਿਚਾਲੇ 9 ਜੂਨ ਨੂੰ ਨਿਊਯਾਰਕ 'ਚ ਮੈਚ ਹੋਣ ਜਾ ਰਿਹਾ ਹੈ
    • ਲੇਖਕ, ਨੁਖ਼ਬਤ ਮਲਿਕ
    • ਰੋਲ, ਬੀਬੀਸੀ ਵਾਸ਼ਿੰਗਟਨ

ਜੇ ਤੁਸੀਂ ਕਿਸੇ ਵੀ ਸ਼ੋਅ ਜਾਂ ਮੈਚ ਦੀਆਂ ਟਿਕਟਾਂ ਖਰੀਦਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਸ਼ਾਇਦ ਤੁਸੀਂ ਉਸ ਸਾਈਟ ਲਈ ਔਨਲਾਈਨ ਖੋਜ ਕਰੋਗੇ ਜਿੱਥੇ ਟਿਕਟਾਂ ਮਿਲ ਰਹੀਆਂ ਹਨ।

ਉਹ ਵੈੱਬਸਾਈਟ ਸਾਹਮਣੇ ਆ ਜਾਵੇਗੀ ਅਤੇ ਪੂਰੀ ਜਾਣਕਾਰੀ ਦੇਖਣ ਤੋਂ ਬਾਅਦ ਤੁਸੀਂ ਆਸਾਨੀ ਨਾਲ ਟਿਕਟ ਖਰੀਦ ਸਕੋਗੇ।

ਇਹ ਉਹ ਤਰੀਕਾ ਹੈ ਜੋ ਈਵੈਂਟਸ ਜਾਂ ਪ੍ਰੋਗਰਾਮ ਦੀ ਟਿਕਟਿੰਗ ਲਈ ਅਮਰੀਕਾ ਸਮੇਤ ਦੁਨੀਆ ਭਰ ਵਿੱਚ ਅਪਣਾਇਆ ਜਾਂਦਾ ਹੈ।

ਅਮਰੀਕਾ ਵਿੱਚ ਕਿਸੇ ਵੀ ਕੌਨਸਰਟ ਜਾਂ ਬ੍ਰਾਡਵੇਅ ਸ਼ੋਅ ਦੀਆਂ ਟਿਕਟਾਂ ਲਾਟਰੀ ਰਾਹੀਂ ਵੀ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਲੋਕਾਂ ਨੂੰ ਬਰਾਬਰੀ ਨਾਲ ਟਿਕਟਾਂ ਖਰੀਦਣ ਦਾ ਪਾਰਦਰਸ਼ੀ ਮੌਕਾ ਦਿੱਤਾ ਜਾਵੇ।

ਅਜਿਹਾ ਹੀ ਕੁਝ ਇਸ ਸਾਲ ਅਮਰੀਕਾ 'ਚ ਰਹਿਣ ਵਾਲੇ ਕ੍ਰਿਕਟ ਪ੍ਰੇਮੀਆਂ ਲਈ ਕੀਤਾ ਗਿਆ ਜਿੱਥੇ ਜੂਨ 'ਚ ਟੀ-20 ਵਿਸ਼ਵ ਕੱਪ ਦਾ ਮੇਲਾ ਲੱਗਣ ਜਾ ਰਿਹਾ ਹੈ।

ਰਵਾਇਤੀ ਵਿਰੋਧੀਆਂ ਭਾਰਤ ਅਤੇ ਪਾਕਿਸਤਾਨ ਵਿਚਾਲੇ 9 ਜੂਨ ਨੂੰ ਨਿਊਯਾਰਕ 'ਚ ਮੈਚ ਹੋਣ ਜਾ ਰਿਹਾ ਹੈ। ਆਈਸੀਸੀ ਮੁਤਾਬਕ ਇਸ ਸਟੇਡੀਅਮ ਦੀ ਸਮਰੱਥਾ 34 ਹਜ਼ਾਰ ਸੀਟਾਂ ਹੈ।

ਇਸ ਲਈ ਅਜਿਹੇ 'ਚ ਇਸ ਮੈਚ ਲਈ ਟਿਕਟ ਹਾਸਲ ਕਰਨਾ ਕੋਈ ਆਸਾਨ ਕੰਮ ਨਹੀਂ ਹੈ।

ਟੀ-20 ਵਰਲਡ ਕੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਟੇਡੀਅਮ ਜਿੱਥੇ ਮੈਚ ਹੋਣਾ ਹੈ

ਟਿਕਟਾਂ ਦੀ ਵਿਕਰੀ ਕਿਸ ਦੀ ਜ਼ਿੰਮੇਵਾਰੀ ਹੈ?

ਅਮਰੀਕਾ ਵਿੱਚ ਟੀ-20 ਵਿਸ਼ਵ ਕੱਪ ਦੇ ਅੱਠ ਮੈਚਾਂ ਲਈ ਆਇਜ਼ਨਹਾਵਰ ਪਾਰਕ ਵਿੱਚ ਇੱਕ ਅਸਥਾਈ ਸਟੇਡੀਅਮ ਬਣਾਇਆ ਜਾ ਰਿਹਾ ਹੈ, ਜਿਸ ਵਿੱਚ 34 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਹੋਵੇਗੀ।

ਨਸਾਓ ਕਾਊਂਟੀ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਟਿਕਟਾਂ ਦੀ ਖਰੀਦੋ-ਫਰੋਖਤ ਦਾ ਮਾਮਲਾ ਪੂਰੀ ਤਰ੍ਹਾਂ ਨਾਲ ਆਈਸੀਸੀ ਦੇ ਕੰਟਰੋਲ 'ਚ ਹੈ ਅਤੇ ਉਹ ਇਸ ਮਾਮਲੇ 'ਚ ਕਿਸੇ ਦੀ ਕੋਈ ਮਦਦ ਨਹੀਂ ਕਰ ਸਕਦੇ।

ਉਨ੍ਹਾਂ ਦੀ ਜ਼ਿੰਮੇਵਾਰੀ ਸਟੇਡੀਅਮ ਦੀ ਉਸਾਰੀ ਅਤੇ ਮੈਚਾਂ ਲਈ ਹੋਰ ਪ੍ਰਬੰਧ ਕਰਨ ਦੀ ਹੈ।

ਇਸ ਬਾਰੇ ਜਦੋਂ ਬੀਬੀਸੀ ਨੇ ਨਸਾਓ ਕਾਉਂਟੀ ਵੱਲੋਂ ਬਣਾਈ ਕ੍ਰਿਕਟ ਟੀ-20 ਮੇਜ਼ਬਾਨ ਕਮੇਟੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਈ ਈਮੇਲਾਂ ਤੋਂ ਬਾਅਦ ਵੀ ਕੋਈ ਜਵਾਬ ਨਹੀਂ ਮਿਲ ਸਕਿਆ।

ਅਮਰੀਕਾ 'ਚ ਰਹਿਣ ਵਾਲਾ ਦੱਖਣੀ ਏਸ਼ੀਆਈ ਭਾਈਚਾਰਾ ਇਸ ਗੱਲ ਤੋਂ ਖੁਸ਼ ਹੈ ਕਿ ਅਮਰੀਕਾ 'ਚ ਕ੍ਰਿਕਟ ਆਪਣੀ ਜਗ੍ਹਾ ਬਣਾ ਰਿਹਾ ਹੈ ਪਰ ਨਾਲ ਹੀ ਨਿਰਾਸ਼ ਹੈ ਕਿ ਆਇਜ਼ਨਹਾਵਰ ਪਾਰਕ 'ਚ ਹੋਣ ਵਾਲੇ ਇਸ ਮਹੱਤਵਪੂਰਨ ਕ੍ਰਿਕਟ ਮੈਚ ਦੀਆਂ ਟਿਕਟਾਂ ਹੁਣ ਮਿਲ ਨਹੀਂ ਰਹੀਆਂ ਹਨ। ਇਸ ਵਿੱਚ ਅਮਰੀਕੀ ਪ੍ਰਸ਼ਾਸਨ ਵੀ ਕੋਈ ਮਦਦ ਨਹੀਂ ਕਰ ਸਕਦਾ।

ਆਈਸੀਸੀ ਨੇ 7 ਫਰਵਰੀ ਨੂੰ ਟੀ-20 ਵਿਸ਼ਵ ਕੱਪ ਦੇ ਸਾਰੇ ਮੈਚਾਂ ਦੀਆਂ ਟਿਕਟਾਂ ਦੀ ਲਾਟਰੀ ਵਿੱਚ ਹਿੱਸਾ ਲੈਣ ਲਈ ਦਰਸ਼ਕਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਸੀ।

ਭਾਰਤ ਬਨਾਮ ਪਾਕਿਸਤਾਨ ਮੈਚ ਲਈ 'ਸਟੈਂਡਰਡ' ਟਿਕਟ ਦੀ ਕੀਮਤ 175 ਅਮਰੀਕੀ ਡਾਲਰ ਰੱਖੀ ਗਈ ਸੀ ਜਦੋਂ ਕਿ ਇੱਕ ਵੀਆਈਪੀ ਟਿਕਟ ਦੀ ਕੀਮਤ 300 ਅਮਰੀਕੀ ਡਾਲਰ ਅਤੇ 400 ਅਮਰੀਕੀ ਡਾਲਰ ਰੱਖੀ ਗਈ ਸੀ।

ਆਈਸੀਸੀ ਮੁਤਾਬਕ ਲਾਟਰੀ ਵਿੱਚ ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ ਦੀ ਮੰਗ ਹੋਰ ਮੈਚਾਂ ਦੇ ਮੁਕਾਬਲੇ ਅੱਠ ਗੁਣਾ ਵੱਧ ਸੀ।

ਵਾਸ਼ਿੰਗਟਨ ਡੀਸੀ ਦੀ ਵਸਨੀਕ ਸ਼ੁਭਾਂਗੀ ਮਾਥੁਰ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਇੱਕ ਨਾਮਾਂਕਣ 'ਤੇ ਛੇ ਟਿਕਟਾਂ ਲਈ ਅਰਜ਼ੀ ਦੇ ਸਕਦੇ ਹਾਂ। ਜੇ ਮੈਨੂੰ ਛੇ ਟਿਕਟਾਂ ਮਿਲ ਜਾਂਦੀਆਂ ਤਾਂ ਪੈਸੇ ਦੇਣੇ ਮੇਰੇ ਲਈ ਥੋੜ੍ਹੇ ਔਖੇ ਹੋ ਜਾਂਦੇ ਸਨ। ਇਸੇ ਲਈ ਭਾਰਤ-ਪਾਕਿਸਤਾਨ ਮੈਚ ਲਈ ਮੈਂ ਸਿਰਫ਼ ਤਿੰਨ ਟਿਕਟਾਂ ਹੀ ਮੰਗੀਆਂ ਸਨ। ਪਰ ਉਹ ਵੀ ਨਹੀਂ ਮਿਲਿਆ।”

ਉਨ੍ਹਾਂ ਨੇ ਕਿਹਾ, "ਇਸ ਨੂੰ ਲਾਟਰੀ ਦਾ ਨਾਮ ਇਸ ਲਈ ਦਿੱਤਾ ਗਿਆ ਕਿ ਇਹ ਦੱਸਿਆ ਜਾ ਸਕੇ ਕਿ ਜੇਕਰ ਤੁਹਾਡੀ ਮੈਚ ਟਿਕਟ ਨਿਕਲ ਆਈ ਹੈ ਤਾਂ ਤੁਸੀਂ ਖੁਸ਼ਕਿਸਮਤ ਹੋ। ਜੇਕਰ ਅਜਿਹਾ ਨਹੀਂ ਹੁੰਦਾ ਹੈ, ਤਾਂ ਤੁਸੀਂ ਮੈਚ ਦੇਖਣ ਦਾ ਮੌਕਾ ਮਿਲਣ ਵਾਲਿਆਂ ਵਿੱਚੋਂ ਨਹੀਂ ਹੋ।"

ਟੀ-20 ਵਿਸ਼ਵ ਕੱਪ

ਤਸਵੀਰ ਸਰੋਤ, SOCIAL MEDIA

ਇਹ ਵੀ ਪੜ੍ਹੋ-

'15 ਸਾਲਾਂ ਤੋਂ ਨਹੀਂ ਮਿਲ ਰਹੀਆਂ ਟਿਕਟਾਂ'

ਨਿਊਯਾਰਕ ਦੇ ਰਹਿਣ ਵਾਲੇ ਡਾਕਟਰ ਰਜਨੀਸ਼ ਜੈਸਵਾਲ ਕਹਿੰਦੇ ਹਨ, “ਇਹ ਕੋਈ ਨਵੀਂ ਗੱਲ ਨਹੀਂ ਹੈ। ਭਾਰਤੀ ਕ੍ਰਿਕਟ ਟੀਮ ਦੇ ਮੈਚ ਦੁਨੀਆਂ ਵਿੱਚ ਕਿਤੇ ਹੋਣ, ਉਨ੍ਹਾਂ ਦੀਆਂ ਟਿਕਟਾਂ ਸਿੱਧੇ ਰਾਹ ਨਹੀਂ ਮਿਲਦੀਆਂ।"

ਉਨ੍ਹਾਂ ਨੇ ਕਿਹਾ, “ਜਦੋਂ ਗੱਲ ਭਾਰਤ ਬਨਾਮ ਪਾਕਿਸਤਾਨ ਵਰਗੇ ਹਾਈ ਪ੍ਰੋਫਾਈਲ ਮੈਚ ਦੀ ਆਉਂਦੀ ਹੈ, ਤਾਂ ਇਹ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਬੀਸੀਸੀਆਈ ਨੇ ਹੁਣ ਤੱਕ ਇਸ ਲਈ ਕੋਈ ਪ੍ਰਬੰਧ ਨਹੀਂ ਕੀਤਾ ਹੈ।"

“ਇਹ ਜਾਣਬੁੱਝ ਕੇ ਕੀਤਾ ਜਾਂਦਾ ਹੈ ਕਿਉਂਕਿ ਉਹ ਜਾਣਦੇ ਹਨ ਕਿ ਇਹ ਟਿਕਟਾਂ ਕਿੰਨੀਆਂ ਕੀਮਤੀ ਹਨ।”

ਉਨ੍ਹਾਂ ਦਾ ਕਹਿਣਾ ਹੈ, "ਮੈਂ ਇਸ ਸਵਾਲ ਦਾ ਜਵਾਬ ਪੰਦਰਾਂ ਸਾਲਾਂ ਤੋਂ ਲੱਭ ਰਿਹਾ ਹਾਂ ਕਿ ਜਦੋਂ ਆਨਲਾਈਨ ਟਿਕਟਾਂ ਇੰਨੀ ਆਸਾਨੀ ਨਾਲ ਨਹੀਂ ਮਿਲਦੀਆਂ ਤਾਂ ਜੋ ਲੋਕ ਸਟੇਡੀਅਮ ਵਿੱਚ ਮੈਚ ਦੇਖਦੇ ਹਨ ਤਾਂ ਉਨ੍ਹਾਂ ਨੂੰ ਕਿਵੇਂ ਮਿਲਦੀਆਂ ਹਨ।"

"ਪਰ ਹੁਣ ਮੈਨੂੰ ਇਹ ਵੀ ਸਮਝ ਆ ਗਿਆ ਹੈ ਕਿ ਜੇ ਇੰਨੇ ਲੋਕ ਸਮਝ ਗਏ ਹਨ ਕਿ ਟਿਕਟ ਕਿਵੇਂ ਖਰੀਦਣੀ ਹੈ, ਤਾਂ ਮੈਂ ਕਿੰਨਾ ਮੂਰਖ ਹਾਂ ਜੋ ਮੈਂ ਅੱਜ ਤੱਕ ਨਹੀਂ ਸਮਝ ਸਕਿਆ।"

ਜ਼ਾਰਾ ਅਲੀ

ਤਸਵੀਰ ਸਰੋਤ, ZARA ALI

ਤਸਵੀਰ ਕੈਪਸ਼ਨ, ਜ਼ਾਰਾ ਅਲੀ ਜਾਰਜਟਾਊਨ ਯੂਨੀਵਰਸਿਟੀ, ਵਾਸ਼ਿੰਗਟਨ ਦੀ ਵਿਦਿਆਰਥਣ ਹੈ

'ਦੋ ਹਜ਼ਾਰ ਡਾਲਰ ਦੀ ਇੱਕ ਟਿਕਟ ਮਿਲੀ'

ਜ਼ਾਰਾ ਅਲੀ ਜਾਰਜਟਾਊਨ ਯੂਨੀਵਰਸਿਟੀ, ਵਾਸ਼ਿੰਗਟਨ ਦੀ ਵਿਦਿਆਰਥਣ ਹੈ ਅਤੇ ਯੂਨੀਵਰਸਿਟੀ ਦੇ ਕ੍ਰਿਕਟ ਬੋਰਡ ਕਲੱਬ ਨਾਲ ਜੁੜੀ ਹੋਈ ਹੈ।

ਉਸ ਨੇ ਜਾਰਜਟਾਊਨ ਯੂਨੀਵਰਸਿਟੀ ਦੀ ਕਤਰ ਸ਼ਾਖਾ ਦੇ ਖ਼ਿਲਾਫ਼ ਤਿੰਨ ਮੈਚਾਂ ਵਿੱਚ ਆਪਣੀ ਯੂਨੀਵਰਸਿਟੀ ਦੀ ਨੁਮਾਇੰਦਗੀ ਵੀ ਕੀਤੀ ਹੈ।

ਉਹ ਕਹਿੰਦੀ ਹੈ, "ਮੈਂ ਇਸ ਟੀ-20 ਟੂਰਨਾਮੈਂਟ ਵਿੱਚ ਪਾਕਿਸਤਾਨ ਬਨਾਮ ਕੈਨੇਡਾ ਦਾ ਮੈਚ ਦੇਖਣ ਜਾ ਰਹੀ ਹਾਂ ਅਤੇ ਬਹੁਤ ਖੁਸ਼ ਹਾਂ।"

ਉਨ੍ਹਾਂ ਨੇ ਦੱਸਿਆ, “ਹਰ ਕਿਸੇ ਵਾਂਗ ਮੈਂ ਅਤੇ ਮੇਰੇ ਪਿਤਾ ਨੇ ਭਾਰਤ-ਪਾਕਿਸਤਾਨ ਮੈਚ ਲਈ ਟਿਕਟ ਲਾਟਰੀ ਲਈ ਅਰਜ਼ੀ ਦਿੱਤੀ ਸੀ। ਉਨ੍ਹਾਂ ਨੂੰ ਦੋ ਹਜ਼ਾਰ ਡਾਲਰ ਦੀ ਇੱਕ ਟਿਕਟ ਮਿਲ ਗਈ ਹੈ ਅਤੇ ਹੁਣ ਉਹ ਮੈਚ ਦੇਖਣ ਜਾਣਗੇ। ਸਾਨੂੰ ਉਹ ਟਿਕਟ ਤਾਂ ਨਹੀਂ ਮਿਲੀ ਪਰ ਬਾਕੀ ਮੈਚਾਂ ਲਈ ਰਸਤਾ ਆਸਾਨ ਹੋ ਗਿਆ।''

“ਇੱਕ ਈਮੇਲ ਵਿੱਚ ਸਾਨੂੰ ਦੱਸਿਆ ਗਿਆ ਸੀ ਕਿ ਅਸੀਂ ਪਾਕਿਸਤਾਨ ਕ੍ਰਿਕਟ ਟੀਮ ਦੇ ਕੁਝ ਹੋਰ ਮੈਚਾਂ ਲਈ ਟਿਕਟਾਂ ਲੈ ਸਕਦੇ ਹਾਂ। ਇਸ ਲਈ ਮੈਂ ਪਾਕਿਸਤਾਨ ਅਤੇ ਕੈਨੇਡਾ ਵਿਚਾਲੇ ਮੈਚ ਨੂੰ ਚੁਣਿਆ।"

ਜਾਰਜਟਾਊਨ ਯੂਨੀਵਰਸਿਟੀ ਦੇ ਇੱਕ ਹੋਰ ਵਿਦਿਆਰਥੀ 18 ਸਾਲਾ ਪੀਰ ਅਬਦੁਲ ਕਾਦਿਰ ਖ਼ਾਨ ਨੂੰ ਵੀ ਲਾਟਰੀ ਤੋਂ ਭਾਰਤ ਬਨਾਮ ਪਾਕਿਸਤਾਨ ਮੈਚ ਦੀ ਟਿਕਟ ਨਹੀਂ ਮਿਲ ਸਕੀ।

ਇਸ ਤੋਂ ਬਾਅਦ ਉਨ੍ਹਾਂ ਨੂੰ ਦੱਖਣੀ ਅਫ਼ਰੀਕਾ ਬਨਾਮ ਬੰਗਲਾਦੇਸ਼ ਮੈਚ ਦੀਆਂ ਟਿਕਟਾਂ ਖਰੀਦਣ ਦਾ ਮੌਕਾ ਮਿਲਿਆ, ਜੋ ਉਨ੍ਹਾਂ ਮੁਤਾਬਕ ਮਹਿੰਗਾ ਸੀ, ਪਰ ਬਹੁਤਾ ਨਹੀਂ।

ਉਹ ਕਹਿੰਦੇ ਹਨ, “ਮੈਂ ਨਿਊਜ਼ੀਲੈਂਡ ਵਿੱਚ ਪੈਦਾ ਹੋਇਆ ਸੀ ਅਤੇ ਫਿਰ ਅਮਰੀਕਾ ਆਇਆ ਸੀ। ਮੈਂ ਬਚਪਨ ਤੋਂ ਲੈ ਕੇ ਅੱਜ ਤੱਕ ਕ੍ਰਿਕਟ ਖੇਡ ਰਿਹਾ ਹਾਂ। ਅਮਰੀਕਾ ਵਿੱਚ ਮੇਰੀ ਪੀੜ੍ਹੀ ਲਈ ਇਹ ਇੱਕ ਅਨੋਖਾ ਮੌਕਾ ਹੈ।”

“ਮੈਂ ਕਦੇ ਸਟੇਡੀਅਮ ਵਿੱਚ ਕੋਈ ਕ੍ਰਿਕਟ ਮੈਚ ਨਹੀਂ ਦੇਖਿਆ ਅਤੇ ਇਹ ਅਨੁਭਵ ਅਮਰੀਕੀ ਸਪੋਰਸਟ ਜਿਵੇਂ ਬੇਸਬਾਲ ਆਦਿ ਨੂੰ ਸਟੇਡੀਅਮ ਵਿੱਚ ਦੇਖਣ ਤੋਂ ਬਿਲਕੁਲ ਵੱਖਰਾ ਤੇ ਖ਼ਾਸ ਹੋਵੇਗਾ। ਇਸ ਲਈ ਮੈਂ ਇਸ ਨੂੰ ਗੁਆਉਣਾ ਨਹੀਂ ਚਾਹੁੰਦਾ।"

ਪੀਰ ਅਬਦੁੱਲ ਕਾਦਿਰ ਖ਼ਾਨ

ਤਸਵੀਰ ਸਰੋਤ, PIR ABDUL QADIR KHAN

ਤਸਵੀਰ ਕੈਪਸ਼ਨ, 18 ਸਾਲਾ ਪੀਰ ਅਬਦੁਲ ਕਾਦਿਰ ਖ਼ਾਨ ਨੂੰ ਵੀ ਲਾਟਰੀ ਤੋਂ ਭਾਰਤ ਬਨਾਮ ਪਾਕਿਸਤਾਨ ਮੈਚ ਦੀ ਟਿਕਟ ਨਹੀਂ ਮਿਲ ਸਕੀ

ਪਰ ਜਾਰਜਟਾਊਨ ਯੂਨੀਵਰਸਿਟੀ ਦੇ ਹੀ ਉਨ੍ਹਾਂ ਸ਼ੌਕੀਨਾਂ ਵਿੱਚੋਂ ਇੱਕ ਅਜਿਹਾ ਵੀ ਹੈ ਜਿਨ੍ਹਾਂ 9 ਜੂਨ ਨੂੰ ਨਸਾਓ ਕਾਉਂਟੀ ਵਿੱਚ ਬਣਨ ਵਾਲੇ ਵਿਸ਼ੇਸ਼ ਸਟੇਡੀਅਮ ਵਿੱਚ ਭਾਰਤ ਬਨਾਮ ਪਾਕਿਸਤਾਨ ਮੈਚ ਦੇਖਣ ਨੂੰ ਮਿਲ ਰਿਹਾ ਹੈ।

21 ਸਾਲਾ ਸ਼ੋਭਿਤ ਕੁਮਾਰ ਕੋਲ ਇਹ ਕੀਮਤੀ ਟਿਕਟ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਉਹ ਨਿਊਯਾਰਕ ਵਿੱਚ ਇੱਕ ਇਨਵੈਸਟਮੈਂਟ ਬੈਂਕ ਵਿੱਚ ਕੰਮ ਕਰ ਰਹੇ ਸੀ। ਉਨ੍ਹਾਂ ਦੇ 'ਸੀਵੀ' 'ਚ ਲਿਖਿਆ ਗਿਆ ਸੀ ਕਿ ਉਹ ਜਾਰਜਟਾਊਨ ਯੂਨੀਵਰਸਿਟੀ ਕ੍ਰਿਕਟ ਕਲੱਬ ਦੇ ਉਪ ਪ੍ਰਧਾਨ ਹਨ।

ਉਸ ਬੈਂਕ ਵਿੱਚ ਇੰਟਰਵਿਊ ਦੌਰਾਨ ਉਨ੍ਹਾਂ ਦੇ ਸੁਪਰਵਾਈਜ਼ਰ ਨੇ ਕਲੱਬ ਬਾਰੇ ਚਰਚਾ ਕੀਤੀ। ਉਹ ਖ਼ੁਦ ਪਾਕਿਸਤਾਨੀ ਮੂਲ ਦੇ ਅਮਰੀਕੀ ਸੀ।

ਉਹ ਇਸ ਗੱਲ 'ਤੇ ਹੈਰਾਨ ਸੀ ਕਿ ਅਮਰੀਕੀ ਯੂਨੀਵਰਸਿਟੀ ਵਿੱਚ ਕ੍ਰਿਕਟ ਕਲੱਬ ਬਣਨ ਲੱਗੇ ਹਨ। ਉਨ੍ਹਾਂ ਦੋਵਾਂ ਨੇ ਕ੍ਰਿਕਟ 'ਤੇ ਵੀ ਦੋਸਤਾਨਾ ਗੱਲਬਾਤ ਕੀਤੀ।

ਉਹ ਦੱਸਦੇ ਹਨ, “ਕੁਝ ਸਮੇਂ ਬਾਅਦ ਮੈਂ ਵਾਸ਼ਿੰਗਟਨ ਵਾਪਸ ਆ ਗਿਆ ਅਤੇ ਮੇਰੀ ਉਨ੍ਹਾਂ ਨਾਲ ਗੱਲਬਾਤ ਵੀ ਖ਼ਤਮ ਹੋ ਗਈ। ਪਰ ਫਿਰ ਕੁਝ ਦਿਨ ਪਹਿਲਾਂ ਮੈਨੂੰ ਅਚਾਨਕ ਉਨ੍ਹਾਂ ਦੀ ਇੱਕ ਈਮੇਲ ਮਿਲੀ ਜਿਸ ਵਿੱਚ ਲਿਖਿਆ ਸੀ ਕਿ ਇਸ ਸਮੇਂ ਅਤੇ ਇਸ ਮਿਤੀ ਨੂੰ ਨਿਊਯਾਰਕ ਪਹੁੰਚੋ। ਮੇਰੇ ਕੋਲ ਸਾਡੇ ਦੋਵਾਂ ਲਈ ਭਾਰਤ ਬਨਾਮ ਪਾਕਿਸਤਾਨ ਦੀਆਂ ਟਿਕਟਾਂ ਹਨ।”

ਸ਼ੋਭਿਤ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦੇ ਹਨ। “ਮੇਰੇ ਲਈ ਇਹ ਬਹੁਤ ਖ਼ਾਸ ਅਤੇ ਯਾਦਗਾਰੀ ਹੈ ਕਿ ਇੱਕ ਪਾਕਿਸਤਾਨੀ ਵਿਅਕਤੀ ਮੈਨੂੰ ਇਹ ਮੈਚ ਦੇਖਣ ਲਈ ਸੱਦਾ ਦੇ ਰਿਹਾ ਹੈ। ਪਰ ਮੈਂ ਫਿਰ ਵੀ ਭਾਰਤ ਦਾ ਸਮਰਥਨ ਕਰਾਂਗਾ।"

ਲਾਟਰੀ ਤੋਂ ਬਾਅਦ, 2024 ਦੇ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਦੇ ਆਮ ਟਿਕਟ ਇਸ ਸਾਲ 22 ਫਰਵਰੀ ਨੂੰ ਟੂਰਨਾਮੈਂਟ ਦੀ ਵੈਬਸਾਈਟ 'ਤੇ 'ਪਹਿਲਾਂ ਆਓ, ਪਹਿਲਾਂ ਪਾਓ' ਨੀਤੀ 'ਤੇ ਉਪਲਬਧ ਹੋ ਗਈਆਂ ਸਨ।

 ਸ਼ੋਭਿਤ ਕੁਮਾਰ

ਤਸਵੀਰ ਸਰੋਤ, SHOBHIT KUMAR

ਤਸਵੀਰ ਕੈਪਸ਼ਨ, 21 ਸਾਲਾ ਸ਼ੋਭਿਤ ਕੁਮਾਰ ਕੋਲ ਇਹ ਕੀਮਤੀ ਟਿਕਟ ਹੈ

ਸਭ ਤੋਂ ਮਹਿੰਗੀ ਟਿਕਟ 40 ਹਜ਼ਾਰ ਡਾਲਰ ਤੋਂ ਵੱਧ

ਅਮਰੀਕਾ ਵਿੱਚ, ਨਸਾਓ ਕਾਉਂਟੀ (ਨਿਊਯਾਰਕ), ਡੈਲਸ (ਟੈਕਸਾਸ) ਅਤੇ ਫੋਰਟ ਲਾਡਰਡੇਲ (ਫਲੋਰੀਡਾ) ਵਿੱਚ ਖੇਡੇ ਜਾਣ ਵਾਲੇ ਮੈਚਾਂ ਲਈ ਟਿਕਟਾਂ ਦੀ ਵਿਕਰੀ 35 ਅਮਰੀਕੀ ਡਾਲਰਾਂ ਤੋਂ ਸ਼ੁਰੂ ਹੋਈ।

ਪਰ ਆਮ ਵਿਕਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਚਾਰ ਮੈਚਾਂ ਦੀਆਂ ਟਿਕਟਾਂ ਪੂਰੀ ਤਰ੍ਹਾਂ ਵਿਕ ਗਈਆਂ ਸਨ, ਜਿਨ੍ਹਾਂ ਵਿੱਚ 1 ਜੂਨ ਨੂੰ ਅਮਰੀਕਾ ਬਨਾਮ ਕੈਨੇਡਾ, 9 ਜੂਨ ਨੂੰ ਭਾਰਤ ਬਨਾਮ ਪਾਕਿਸਤਾਨ, 15 ਜੂਨ ਨੂੰ ਭਾਰਤ ਬਨਾਮ ਕੈਨੇਡਾ ਅਤੇ 29 ਜੂਨ ਨੂੰ ਬਾਰਬਾਡੋਸ ਵਿੱਚ ਹੋਣ ਵਾਲੇ ਫਾਈਨਲ ਮੈਚ ਸ਼ਾਮਲ ਹਨ।

ਜਿਨ੍ਹਾਂ ਮੈਚਾਂ ਦੀਆਂ ਪੂਰੀਆਂ ਟਿਕਟਾਂ ਵਿਕ ਚੁੱਕੀਆਂ ਹਨ, ਉਨ੍ਹਾਂ ਵਿੱਚ ਕੁਝ ਟਿਕਟਾਂ 'ਰੀਸੇਲ' ਲਈ ਬਾਜ਼ਾਰ 'ਚ ਪਹੁੰਚ ਗਈਆਂ ਹਨ।

ਇਹ ਅਜੇ ਵੀ ਸਟੱਬ ਹੱਟ ਅਤੇ ਵਿਵਿਡ ਸੀਟਸ ਵਰਗੀਆਂ ਵੈੱਬਸਾਈਟਾਂ 'ਤੇ ਮਿਲ ਰਹੀਆਂ ਹਨ।

ਇਸ ਹਫ਼ਤੇ ਭਾਰਤ ਬਨਾਮ ਪਾਕਿਸਤਾਨ ਲਈ, ਸਟਬ ਹੱਟ 'ਤੇ ਵਿਕਣ ਵਾਲੀ ਸਭ ਤੋਂ ਮਹਿੰਗੀ ਟਿਕਟ ਚਾਲੀ ਹਜ਼ਾਰ ਡਾਲਰ ਤੋਂ ਵੱਧ ਹੈ ਅਤੇ ਸਭ ਤੋਂ ਸਸਤੀ ਟਿਕਟ ਸਾਢੇ ਬਾਰਾਂ ਸੌ ਡਾਲਰ ਦੀ ਰਹੀ।

ਇਕ ਅੰਤਰਰਾਸ਼ਟਰੀ ਸੰਸਥਾ ਨਾਲ ਕੰਮ ਕਰਨ ਵਾਲੇ ਬੇਂਗਲੁਰੂ ਤੋਂ ਅਮਰੀਕਾ ਆਏ ਆਦਿਤਿਆ ਦਾ ਕਹਿਣਾ ਹੈ ਕਿ ਉਨ੍ਹਾਂ ਵਰਗੇ ਨੌਕਰੀਪੇਸ਼ਾ ਲੋਕ ਇੰਨੀਆਂ ਮਹਿੰਗੀਆਂ ਟਿਕਟਾਂ ਨਹੀਂ ਖਰੀਦ ਸਕਦੇ। ਪਰ ਉਹ ਖੁਸ਼ ਹਨ ਕਿ ਅਮਰੀਕਾ ਵਿੱਚ ਅਜਿਹਾ ਹੋ ਰਿਹਾ ਹੈ।

ਉਹ ਕਹਿੰਦੇ ਹਨ, "ਮੈਨੂੰ ਅਮਰੀਕੀ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ। ਯਕੀਨਨ ਇੱਕ ਸ਼ਾਨਦਾਰ ਟੂਰਨਾਮੈਂਟ ਦਾ ਪ੍ਰਬੰਧ ਹੋਵੇਗਾ। ਮੈਨੂੰ ਖੁਸ਼ੀ ਹੈ ਕਿ ਇਹ ਸਹੀ ਦਿਸ਼ਾ 'ਚ ਪਹਿਲਾ ਕਦਮ ਹੈ ਅਤੇ ਜੇਕਰ ਕਦੇ ਕੁਝ ਲੋਕ ਹੁਣ ਇਸ ਗੱਲ ਤੋਂ ਖੁਸ਼ ਨਹੀਂ ਹਾਂ ਕਿ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ ਤਾਂ ਉਹ ਅਗਲੇ ਕੁਝ ਸਾਲਾਂ 'ਚ ਬਹੁਤ ਖੁਸ਼ ਹੋਣਗੇ।"

ਉਨ੍ਹਾਂ ਨੇ ਕਿਹਾ, "ਇਸ ਵਿੱਚ ਸਮਾਂ ਲੱਗੇਗਾ ਪਰ ਫਿਰ ਕੁਝ ਸਾਲਾਂ ਵਿੱਚ ਸਾਨੂੰ ਇਹ ਟੂਰਨਾਮੈਂਟ ਯਾਦ ਹੀ ਨਹੀਂ ਰਹੇਗਾ ਕਿਉਂਕਿ ਸਾਡੀ ਨਜ਼ਰ ਅਗਲੇ ਅਜਿਹੇ ਟੂਰਨਾਮੈਂਟ 'ਤੇ ਹੋਵੇਗੀ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)