ਜੀਭ ਨੂੰ ਦੋ ਹਿੱਸਿਆਂ 'ਚ ਕੱਟਣ ਤੇ ਅਜੀਬ ਟੈਟੂ ਬਣਾਉਣ ਵਾਲੇ ਇਹ ਨੌਜਵਾਨ ਕੌਣ ਹਨ, ਪੁਲਿਸ ਨੇ ਕਿਵੇਂ ਕਾਬੂ ਕੀਤੇ

ਤਸਵੀਰ ਸਰੋਤ, Getty Images
- ਲੇਖਕ, ਵਿਜਯਾਨੰਦ ਅਰੁਮੁਗਮ
- ਰੋਲ, ਬੀਬੀਸੀ ਤਮਿਲ
ਚੇਤਾਵਨੀ: ਇਸ ਲੇਖ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ।
ਤ੍ਰਿਚੀ ਵਿੱਚ ਇੱਕ ਟੈਟੂ ਸਟੂਡੀਓ ਚਲਾਉਣ ਵਾਲਾ ਨੌਜਵਾਨ ਕਥਿਤ ਤੌਰ 'ਤੇ ਆਪਣੇ ਗਾਹਕਾਂ ਦੀਆਂ ਜੀਭਾਂ ਨੂੰ ਦੋ ਹਿੱਸਿਆਂ 'ਚ ਕੱਟ ਕੇ, ਉਨ੍ਹਾਂ 'ਤੇ ਟੈਟੂ ਬਣਾਉਣ ਅਤੇ ਉਨ੍ਹਾਂ ਦੀਆਂ ਅੱਖਾਂ ਨੂੰ ਪੇਂਟ ਕਰਨ ਲਈ ਜਾਣਿਆ ਜਾਂਦਾ ਹੈ। ਇਸ ਨੌਜਵਾਨ ਨੇ ਇਹ ਸਭ ਆਪਣੇ ਇੰਸਟਾਗ੍ਰਾਮ ਪੇਜ 'ਤੇ ਵੀ ਸਾਂਝਾ ਕੀਤਾ ਹੈ।
ਇਸ ਹੈਰਾਨੀਜਨਕ ਮਾਮਲੇ ਦਾ ਪਿਛੋਕੜ ਕੀ ਹੈ? ਲੋਕਾਂ ਦੀਆਂ ਜੀਭਾਂ ਸੱਪਾਂ ਵਾਂਗ ਕਿਵੇਂ ਬਣਾ ਦਿੱਤੀਆਂ ਜਾਂਦੀਆਂ ਹਨ? ਟੈਟੂ ਦੇ ਨਾਮ 'ਤੇ ਤ੍ਰਿਚੀ 'ਚ ਸਨਸਨੀ ਫੈਲਾਉਣ ਵਾਲੇ ਇਹ ਲੋਕ ਕਿਵੇਂ ਫੜੇ ਗਏ?
ਇੱਕ ਵੀਡੀਓ ਵਿੱਚ ਬੋਲ ਰਹੇ ਨੌਜਵਾਨ ਨੂੰ ਕਿਸੇ ਤਰ੍ਹਾਂ ਦੀ ਝਿਜਕ ਜਾਂ ਡਰ ਨਹੀਂ ਹੈ। ਉਹ ਵੀਡੀਓ ਵਿੱਚ ਇੱਕ ਵਿਅਕਤੀ ਦੀ ਜੀਭ ਨੂੰ 2 ਹਿੱਸਿਆਂ 'ਚ ਕੱਟ ਕੇ ਟਾਂਕੇ ਲਗਾਉਂਦਾ ਨਜ਼ਰ ਆ ਰਿਹਾ ਹੈ।
ਤ੍ਰਿਚੀ ਫੋਰਟ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਪੇਰੀਯਾਸਾਮੀ ਨੇ ਕਿਹਾ, "ਉਹ ਲੋਕ ਇਸ ਨੂੰ ਇੱਕ ਵੱਡੀ ਸਮੱਸਿਆ ਵਾਂਗ ਨਹੀਂ ਦੇਖਦੇ ਹਨ ਅਤੇ ਨਾ ਹੀ ਉਹ ਅਜਿਹੀ ਸਰਜਰੀ ਕਰਨਾ ਗਲਤ ਸਮਝਦੇ ਹਨ।"

ਤ੍ਰਿਚੀ ਪੁਲਿਸ ਨੇ ਹਰੀਹਰਨ ਅਤੇ ਉਸ ਦੇ ਦੋਸਤ ਜਯਾਰਮਨ ਨੂੰ ਬੀਤੇ ਐਤਵਾਰ (15 ਦਸੰਬਰ) ਨੂੰ ਇੰਸਟਾਗ੍ਰਾਮ 'ਤੇ 'ਏਲੀਅਨ ਇਮੋ ਟੈਟੂ' ਨਾਂ ਹੇਠ ਇਹ ਵੀਡੀਓ ਅਪਲੋਡ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ।
ਏਲੀਅਨ ਇਮੋ ਟੈਟੋ ਨਾਮ ਦੀ ਇਹ ਦੁਕਾਨ ਮੇਲਾ ਚਿੰਤਾਮਣੀ, ਤ੍ਰਿਚੀ ਜ਼ਿਲ੍ਹੇ ਦੇ ਨੇੜੇ ਇੱਕ ਪੁਰਾਣੀ ਇਮਾਰਤ ਵਿੱਚ ਸਥਿਤ ਹੈ।
ਇਸ ਦੁਕਾਨ ਨੂੰ ਚਲਾਉਣ ਵਾਲੇ ਹਰੀਹਰਨ ਦੇ ਇੰਸਟਾਗ੍ਰਾਮ 'ਤੇ 1 ਲੱਖ 43 ਹਜ਼ਾਰ ਫਾਲੋਅਰਜ਼ ਹਨ। ਉਨ੍ਹਾਂ ਦੀਆਂ 'ਹਾਈ ਏਲੀਅਨਜ਼' ਕਹਿ ਕੇ ਸੰਬੋਧਨ ਕਰਨ ਵਾਲੀਆਂ ਵੀਡੀਓਜ਼ ਨੂੰ ਦਰਸ਼ਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਦਾ ਹੈ।
ਹਰੀਹਰਨ ਦੇ ਇੰਸਟਾਗ੍ਰਾਮ ਪੇਜ 'ਤੇ, ਸਰੀਰ ਦੀ ਦਿੱਖ ਬਦਲਣ ਵਾਲੀਆਂ 100 ਤੋਂ ਵੱਧ ਵੀਡੀਓਜ਼ ਅਪਲੋਡ ਕੀਤੀਆਂ ਗਈਆਂ ਹਨ। ਜਿਵੇਂ ਕਿ ਅੱਖਾਂ 'ਚ ਨਕਲੀ ਰੰਗਾਂ ਦੀ ਵਰਤੋਂ ਕਰਨਾ, ਜੀਭ ਨੂੰ ਕੱਟਣਾ ਅਤੇ ਕਈ ਤਰ੍ਹਾਂ ਦੇ ਟੈਟੂ ਬਣਾਉਣਾ। ਹਰੀਹਰਨ ਇੱਕ ਵੀਡੀਓ ਵਿੱਚ ਇਸਨੂੰ 'ਸੱਭਿਆਚਾਰ' ਕਹਿੰਦੇ ਹਨ।
ਇਸ ਨਾਲ ਸਬੰਧਿਤ 2 ਘਟਨਾਵਾਂ

ਤਸਵੀਰ ਸਰੋਤ, alien_emo_tattoo/Instagram
ਫੋਰਟ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਪੇਰੀਯਾਸਾਮੀ ਦਾ ਦਾਅਵਾ ਹੈ ਕਿ ਹਰੀਹਰਨ ਨੇ 9 ਅਤੇ 11 ਦਸੰਬਰ ਨੂੰ ਦੋ ਲੋਕਾਂ ਦੀਆਂ ਜੀਭਾਂ 'ਤੇ ਕੱਟ ਲਗਾਏ ਸਨ।
ਇਸ ਸਬੰਧੀ ਹਰੀਹਰਨ ਵੱਲੋਂ ਅਪਲੋਡ ਕੀਤੀਆਂ ਦੋ ਵੀਡੀਓਜ਼ ਵੇਖ ਪੁਲਿਸ ਅਤੇ ਸਿਹਤ ਅਧਿਕਾਰੀ ਹੱਕੇ-ਬੱਕੇ ਰਹਿ ਗਏ।
ਵੀਡੀਓ ਵਿੱਚ, ਉਹ ਲੋਕਾਂ ਦੀਆਂ ਜੀਭਾਂ ਨੂੰ ਸੱਪ ਵਾਂਗ ਵਿਚਾਲੇ ਤੋਂ ਕੱਟ ਦੇਣ ਅਤੇ ਉਹਨਾਂ 'ਤੇ ਰੰਗ ਕਰਨ ਨੂੰ ਇੱਕ ਪ੍ਰਾਪਤੀ ਮੰਨਦੇ ਹਨ।
ਇਸੇ ਸਭ ਦੇ ਸਬੰਧ 'ਚ ਸ਼੍ਰੀਰੰਗਮ ਦੇ ਹੈਲਥ ਇੰਸਪੈਕਟਰ ਕਾਰਤੀਕੇਯਨ ਦੀ ਸ਼ਿਕਾਇਤ ਦੇ ਆਧਾਰ 'ਤੇ ਫੋਰਟ ਥਾਣਾ ਪੁਲਿਸ ਨੇ 25 ਸਾਲਾ ਹਰੀਹਰਨ ਅਤੇ 24 ਸਾਲਾ ਜਯਾਰਮਨ ਨੂੰ ਗ੍ਰਿਫਤਾਰ ਕੀਤਾ ਹੈ।
ਹਰੀਹਰਨ ਨੇ ਪੁਲਿਸ ਜਾਂਚ ਦੌਰਾਨ ਦੱਸਿਆ ਕਿ ਆਪਣੀ ਜੀਭ ਨੂੰ 2 ਹਿੱਸਿਆਂ 'ਚ ਕੱਟਣ ਲਈ ਅਤੇ ਰੰਗ ਕਰਾਉਣ ਲਈ ਉਹ ਖ਼ੁਦ ਵੀ ਮੁੰਬਈ ਗਏ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਲਈ 2 ਲੱਖ ਰੁਪਏ ਤੱਕ ਦਾ ਖਰਚ ਆਇਆ ਸੀ।
ਉਨ੍ਹਾਂ ਦੀ ਟੈਟੂ ਵਾਲੀ ਦੁਕਾਨ 'ਤੇ ਕੀਤੀ ਗਈ ਪੁਲਿਸ ਜਾਂਚ ਦੌਰਾਨ ਸਰਜਰੀ ਲਈ ਵਰਤੇ ਜਾਣ ਵਾਲੇ ਚਾਕੂ, ਬਲੇਡ, ਸੂਈਆਂ, ਐਨਸਥੀਸੀਆ ਆਦਿ ਜ਼ਬਤ ਕੀਤਾ ਗਿਆ ਹੈ।
ਕਿਹੜੀਆਂ ਧਾਰਾਵਾਂ ਤਹਿਤ ਕੇਸ ਦਰਜ ਹੋਇਆ

ਤਸਵੀਰ ਸਰੋਤ, HANDOUT
ਗ੍ਰਿਫ਼ਤਾਰ ਕੀਤੇ ਗਏ ਦੋਵਾਂ ਵਿਅਕਤੀਆਂ ਖਿਲਾਫ਼ ਧਾਰਾ 118 (1), 125, 123, 212, 223 ਬੀਐੱਨਐੱਸ, 75 ਅਤੇ 77 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਅਨੁਸਾਰ, ਐਕਟ ਦੀ ਧਾਰਾ 118 (1) ਮੁਤਾਬਕ ਕਿਸੇ ਵਿਅਕਤੀ ਨੂੰ ਨੁਕਸਾਨ ਪਹੁੰਚਾਉਣ ਲਈ ਜਾਣ ਬੁੱਝ ਕੇ ਖਤਰਨਾਕ ਯੰਤਰਾਂ ਦੀ ਵਰਤੋਂ ਕਰਨਾ ਅਪਰਾਧ ਹੈ।
ਧਾਰਾ 123 ਬੀਐੱਨਐੱਸ (ਭਾਰਤੀ ਸੰਹਿਤਾ) ਵਿੱਚ ਕਿਸੇ ਵਿਅਕਤੀ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਹਿਰੀਲੇ, ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਦਾ ਜ਼ਿਕਰ ਆਉਂਦਾ ਹੈ।
ਕਾਨੂੰਨ ਅਨੁਸਾਰ ਇਸ ਕਿਸਮ ਦੇ ਅਪਰਾਧ ਲਈ 10 ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਹੋ ਸਕਦਾ ਹੈ।
ਬੀਬੀਸੀ ਤਮਿਲ ਨੂੰ ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਫੋਰਟ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਪੇਰੀਯਾਸਾਮੀ ਨੇ ਕਿਹਾ, "ਇਹ ਸਰਜਰੀ ਟੈਟੂ ਦੀ ਦੁਕਾਨ ਵਿੱਚ ਹੀ ਕੀਤੀ ਗਈ ਸੀ, ਪਰ ਹਰੀਹਰਨ ਕੋਲ ਇਸ ਨਾਲ ਸਬੰਧਤ ਕਿਸੇ ਕਿਸਮ ਦੀ ਸਿੱਖਿਆ ਜਾਂ ਉਚਿਤ ਲਾਇਸੈਂਸ ਨਹੀਂ ਹੈ।"
ਉਨ੍ਹਾਂ ਨੇ ਅੱਗੇ ਦੱਸਿਆ ਕਿ, "ਕੁਝ ਦਿਨ ਪਹਿਲਾਂ, ਹਰੀਹਰਨ ਨੇ ਇੱਕ 17 ਸਾਲ ਦੇ ਮੁੰਡੇ ਦੀ ਜੀਭ ਨੂੰ 2 ਹਿੱਸਿਆਂ 'ਚ ਕੱਟਿਆ ਸੀ, ਜਿਸ 'ਤੇ ਅਸੀਂ ਕੇਸ ਦਰਜ ਕਰ ਲਿਆ ਹੈ ਕਿਉਂਕਿ ਇੱਕ ਨਾਬਾਲਗ ਦੀ ਸਰਜਰੀ ਕਰਨਾ ਗੰਭੀਰ ਅਪਰਾਧ ਹੈ।''
ਫੋਰਟ ਪੁਲਿਸ ਨੇ ਕਿਹਾ ਕਿ ਹਰੀਹਰਨ 'ਜੈੱਨ-ਜ਼ੀ' ਪੀੜ੍ਹੀ ਨੂੰ ਆਕਰਸ਼ਿਤ ਕਰਨ ਲਈ ਅਜਿਹੇ ਨਵੇਂ-ਨਵੇਂ ਟੈਟੂ ਡਿਜ਼ਾਈਨ ਪੇਸ਼ ਕਰ ਰਿਹਾ ਹੈ।
'ਖਤਰਨਾਕ ਸੰਦਾਂ ਦੀ ਵਰਤੋਂ'

ਤਸਵੀਰ ਸਰੋਤ, VijayChandran
ਤ੍ਰਿਚੀ ਦੇ ਮਿਉਂਸਪਲ ਵੈਲਫੇਅਰ ਅਫਸਰ ਡਾ. ਵਿਜੇ ਚੰਦਰਨ ਦਾ ਕਹਿਣਾ ਹੈ ਕਿ ਹਰੀਹਰਨ ਕਾਰਪੋਰੇਸ਼ਨ ਤੋਂ ਲਾਇਸੈਂਸ ਲਏ ਬਿਨਾਂ ਹੀ ਟੈਟੂ ਦੀ ਦੁਕਾਨ ਚਲਾ ਰਿਹਾ ਸੀ।
ਉਨ੍ਹਾਂ ਨੇ ਬੀਬੀਸੀ ਤਮਿਲ ਨੂੰ ਦੱਸਿਆ ਕਿ, "ਇਹ ਦੁਕਾਨ ਕਿਸੇ ਤਰ੍ਹਾਂ ਦੀ ਨਿਗਰਾਨੀ ਹੇਠ ਨਹੀਂ ਹੈ। ਇਸ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ ਕਿਉਂਕਿ ਇਹ ਦੁਕਾਨ ਕਾਰਪੋਰੇਸ਼ਨ ਐਕਟ ਦੇ ਅਧੀਨ ਨਹੀਂ ਚਲਾਈ ਜਾ ਰਹੀ ਸੀ।"
ਵਿਜੇ ਚੰਦਰਨ ਦੱਸਦੇ ਹਨ ਕਿ, "ਕੱਟ ਲਗਾਉਣ ਸਮੇਂ, ਹਰੀਹਰਨ ਨੇ ਬੇਹੋਸ਼ ਕਰਨ ਵਾਲੀ ਦਵਾਈ ਦਾ ਟੀਕਾ ਜੀਭ 'ਤੇ ਲਗਾਇਆ ਸੀ। ਹੁਣ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਕੀ ਉਸ ਨੇ ਦੂਜੇ ਲੋਕਾਂ 'ਤੇ ਵੀ ਇਹੀ ਟੀਕਾ ਲਗਾਇਆ ਸੀ।"
ਉਨ੍ਹਾਂ ਕਿਹਾ ਕਿ, ਅਜਿਹਾ ਕਰਨ ਨਾਲ ਛੂਤ ਦੀਆਂ ਬਿਮਾਰੀਆਂ ਫੈਲਣ ਦੀਆਂ ਸੰਭਾਵਨਾਵਾਂ ਹਨ।
ਡਾ. ਵਿਜੇ ਚੰਦਰਨ ਨੇ ਕਿਹਾ ਕਿ, "ਉਸ ਨੇ ਅੱਖਾਂ ਵਿੱਚ ਵੀ ਟੀਕੇ ਲਗਾ ਕੇ ਨਕਲੀ ਰੰਗ ਭਰਨ ਦਾ ਕੰਮ ਕੀਤਾ। ਉਸ ਨੇ ਉਨ੍ਹਾਂ ਲੋਕਾਂ ਦੀਆਂ ਅੱਖਾਂ ਨੂੰ ਰੰਗ ਨਹੀਂ ਕੀਤਾ, ਜਿਨ੍ਹਾਂ ਦੀਆਂ ਜੀਭਾਂ 'ਤੇ ਕੱਟ ਲਗਾਏ ਗਏ ਸਨ।"
ਉਨ੍ਹਾਂ ਨੇ ਦੱਸਿਆ ਕਿ, "ਉਸ ਨੇ ਸਰੀਰ ਦੇ ਅੰਗਾਂ ਨੂੰ ਵਿੰਨ੍ਹਣ ਅਤੇ ਟੈਟੂ ਬਣਾਉਣ ਲਈ ਡਾਕਟਰਾਂ ਦੁਆਰਾ ਵਰਤੀਆਂ ਜਾਣ ਵਾਲੀਆਂ ਸੂਈਆਂ ਅਤੇ ਬਲੇਡਾਂ ਦੀ ਵਰਤੋਂ ਕੀਤੀ। ਇਨ੍ਹਾਂ ਸੰਦਾਂ ਨੂੰ ਐਂਟੀਸੈਪਟਿਕ ਨਾਲ ਚੰਗੀ ਤਰ੍ਹਾਂ ਸਾਫ਼ ਵੀ ਨਹੀਂ ਕੀਤਾ ਗਿਆ ਸੀ। ਉਨ੍ਹਾਂ 'ਤੇ ਕਾਰਵਾਈ ਇਸ ਲਈ ਕੀਤੀ ਗਈ ਕਿਉਂਕਿ ਇਹ ਲੋਕਾਂ ਦੀ ਜਾਨ ਲਈ ਖ਼ਤਰਾ ਬਣ ਸਕਦੇ ਸਨ।"

ਤਸਵੀਰ ਸਰੋਤ, alien_emo_tattoo/Instagram
ਡਾ. ਵਿਜੇ ਚੰਦਰਨ ਨੇ ਅੱਗੇ ਦੱਸਿਆ ਕਿ, "ਹਰੀਹਰਨ ਕੋਲ ਜੀਭ 'ਤੇ ਕੱਟ ਲਗਾਉਣ ਅਤੇ ਨੱਕ 'ਚ ਮੁੰਦਰਾਂ ਪਾਉਣ ਲਈ ਕੁਝ ਸੰਦ ਹਨ, ਜੋ ਕਿ ਬਹੁਤ ਖਤਰਨਾਕ ਹਨ। ਜੇਕਰ ਥੋੜਾ ਜਿਹਾ ਵੀ ਤੇਜ਼ੀ ਨਾਲ ਦਬਾਇਆ ਜਾਵੇ ਤਾਂ ਇਹ ਲੋਕਾਂ ਦੇ ਨੱਕ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੇ ਹਨ।"
ਡਾ. ਵਿਜੇ ਚੰਦਰਨ ਮੁਤਾਬਕ ਹਰੀਹਰਨ ਨੇ ਆਪਣੀ ਜੀਭ ਨੂੰ 2 ਹਿੱਸਿਆਂ 'ਚ ਕੱਟਣ ਵਾਲਿਆਂ ਨਾਲ ਕੁਝ ਵਾਅਦੇ ਵੀ ਕੀਤੇ ਸਨ।
ਉਨ੍ਹਾਂ ਕਿਹਾ ਕਿ, "ਉਸ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਹ ਇੰਸਟਾਗ੍ਰਾਮ 'ਤੇ ਜੀਭ ਨੂੰ ਕੱਟਣ ਅਤੇ ਉਸ ਦੀ ਦਿੱਖ ਬਦਲਣ ਵਾਲੇ ਵੀਡੀਓ ਦਾ ਪ੍ਰਚਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਬਦਲੇ ਵਿੱਚ ਕੇਂਦਰੀ ਤਿਰੂਵਰਮਪੁਰ ਅਤੇ ਤ੍ਰਿਚੀ ਵਿੱਚ ਨਵੇਂ ਟੈਟੂ ਸੈਂਟਰ ਖੋਲ੍ਹਣ ਲਈ ਦਿੱਤੇ ਜਾਣਗੇ।"
ਜੀਭ 'ਤੇ ਕੱਟ ਲਗਾਉਣ ਨਾਲ ਕੀ ਹੁੰਦਾ ਹੈ?

ਤਸਵੀਰ ਸਰੋਤ, TheraniRajan
ਰਾਜੀਵ ਗਾਂਧੀ ਸਰਕਾਰੀ ਮੈਡੀਕਲ ਕਾਲਜ ਹਸਪਤਾਲ, ਚੇਨਈ ਦੇ ਪ੍ਰਿੰਸੀਪਲ ਡਾ. ਥੇਰਾਨੀ ਰਾਜਨ ਨੇ ਚੇਤਾਵਨੀ ਦਿੱਤੀ ਕਿ, "ਜਦੋਂ ਲੋਕ ਸੋਸ਼ਲ ਮੀਡੀਆ 'ਤੇ ਵੀਡੀਓ ਦੇਖ ਕੇ ਗੈਰ-ਵਿਗਿਆਨਕ ਚੀਜ਼ਾਂ ਕਰਦੇ ਹਨ, ਤਾਂ ਉਹ ਉਨ੍ਹਾਂ ਲਈ ਜਾਨਲੇਵਾ ਹੋ ਸਕਦਾ ਹੈ।"
ਬੀਬੀਸੀ ਤਮਿਲ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ, "ਇੱਕ ਵਿਅਕਤੀ ਲਈ ਬੋਲਣ ਲਈ ਜੀਭ ਬਹੁਤ ਜ਼ਰੂਰੀ ਹੈ। ਜਦੋਂ ਜੀਭ ਕੱਟੀ ਜਾਂਦੀ ਹੈ ਤਾਂ ਬੋਲ-ਚਾਲ 'ਤੇ ਅਸਰ ਪੈਂਦਾ ਹੈ, ਸਵਾਦ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ। ਅਜਿਹਾ ਕਰਨ ਕਰਕੇ ਸਹੀ ਢੰਗ ਨਾਲ ਬੋਲਣ ਵਿੱਚ ਵੀ ਦਿੱਕਤ ਆਵੇਗੀ।"
ਡਾ. ਥੇਰਾਨੀ ਰਾਜਨ ਕਹਿੰਦੇ ਹਨ ਕਿ ਅਜਿਹੀਆਂ ਵੀਡੀਓਜ਼ ਦਾ ਨੌਜਵਾਨਾਂ ਦੇ ਮਨਾਂ 'ਤੇ ਕਾਫ਼ੀ ਅਸਰ ਪੈਂਦਾ ਹੈ।
ਉਹ ਕਹਿੰਦੇ ਹਨ, "ਜਦੋਂ ਅੱਖਾਂ 'ਚ ਰੰਗਾਂ ਵਾਲਾ ਟੀਕਾ ਲਗਾਇਆ ਜਾਂਦਾ ਹੈ, ਤਾਂ ਦੇਖਣ ਦੀ ਸਮਰੱਥਾ 'ਤੇ ਅਸਰ ਪੈਂਦਾ ਹੈ। ਜਦੋਂ ਰੈਟੀਨਾ 'ਚ ਟੀਕਾ ਲਗਾਇਆ ਜਾਂਦਾ ਹੈ ਤੇ ਰੰਗ ਭਰਿਆ ਜਾਂਦਾ ਹੈ ਤਾਂ ਅੱਖਾਂ ਦੀ ਦ੍ਰਿਸ਼ਟੀ ਖਤਮ ਹੋ ਜਾਂਦੀ ਹੈ।"
ਟੈਟੂ ਦਾ ਮਨੋਵਿਗਿਆਨਕ ਪਿਛੋਕੜ ਕੀ ਹੈ?

ਚੇਨਈ ਦੇ ਕਿਲਪੌਕ ਸਾਈਕੈਟ੍ਰਿਕ ਹਸਪਤਾਲ ਦੇ ਡਾਇਰੈਕਟਰ ਡਾ. ਮਲਯੱਪਨ ਕਹਿੰਦੇ ਹਨ, "ਸਰੀਰ ਨੂੰ ਨੁਕਸਾਨ ਪਹੁੰਚਾਉਣ ਲਈ ਟੈਟੂ ਬਣਵਾਉਣਾ ਇੱਕ ਮਨੋਵਿਗਿਆਨਕ ਸਮੱਸਿਆ ਹੈ।"
ਮਲਯੱਪਨ ਅਨੁਸਾਰ, ਉਹ ਕੁਦਰਤ ਦੇ ਵਿਰੁੱਧ ਜਾ ਕੇ ਆਪਣੇ ਸਰੀਰ ਦੀ ਬਣਤਰ ਨੂੰ ਬਦਲ ਕੇ ਖੁਦ ਨੂੰ ਦੂਜਿਆਂ ਤੋਂ ਵੱਖ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।
ਉਹ ਕਹਿੰਦੇ ਹਨ, ਇਸ ਤਰ੍ਹਾਂ ਕੁਝ ਲੋਕਾਂ ਦੀ ਬਹੁਤ ਜ਼ਿਆਦਾ ਟੈਟੂ ਬਣਾਉਣ ਦੀ ਆਦਤ ਨੂੰ ਆਮ ਵਿਵਹਾਰ ਵਜੋਂ ਨਹੀਂ ਦੇਖਿਆ ਜਾ ਸਕਦਾ।"
ਡਾ. ਮਲਯੱਪਨ ਕਹਿੰਦੇ ਹਨ ਕਿ, "ਇਸ ਨੂੰ ਮਾਨਸਿਕ ਬਿਮਾਰੀ ਨਾ ਕਹਿ ਕੇ, ਇੱਕ ਕੁਦਰਤੀ ਵਿਗਾੜ ਦੇ ਸੁਭਾਅ ਵਜੋਂ ਦੇਖਿਆ ਜਾ ਸਕਦਾ ਹੈ। ਸਰੀਰ ਦੇ ਅੰਗਾਂ 'ਚ ਬਦਲਾਅ ਲਿਆਉਣਾ ਤਾਂ ਜੋ ਦੂਜਿਆਂ ਦਾ ਧਿਆਨ ਖਿੱਚਿਆ ਜਾਵੇ, ਇਸ ਨੂੰ ਇੱਕ ਮਨੋਵਿਗਿਆਨਕ ਸਮੱਸਿਆ ਦੇ ਰੂਪ ਵਿੱਚ ਵੇਖਿਆ ਜਾਣਾ ਚਾਹੀਦਾ ਹੈ।"
ਉਨ੍ਹਾਂ ਨੇ ਇਹ ਵੀ ਸਮਝਾਇਆ ਕਿ ਜੋ ਲੋਕ ਅਜਿਹੀਆਂ ਮਨੋਵਿਗਿਆਨਕ ਸਮੱਸਿਆਵਾਂ ਦਾ ਸ਼ਿਕਾਰ ਹਨ, ਉਨ੍ਹਾਂ ਨੂੰ ਸਹੀ ਮਾਨਸਿਕ ਸਲਾਹ ਰਾਹੀਂ ਅਨੁਸ਼ਾਸਨ ਸਿਖਾਇਆ ਜਾ ਸਕਦਾ ਹੈ। ਅਤੇ ਜੇ ਉਨ੍ਹਾਂ ਨੂੰ ਲੋਕਾਂ ਦਾ ਧਿਆਨ ਖਿੱਚਣ ਦੇ ਹੋਰ ਤਰੀਕਿਆਂ ਬਾਰੇ ਸਲਾਹ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਦੀ ਇਸ ਤੋਂ ਛੁਟਕਾਰਾ ਪਾਉਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।
ਟੈਟੂ ਵਾਲੀਆਂ ਦੁਕਾਨਾਂ ਦਾ ਨਿਰੀਖਣ ਕਰਨ ਵਾਲੀ ਕਮੇਟੀ
ਤ੍ਰਿਚੀ ਕਾਰਪੋਰੇਸ਼ਨ ਦੇ ਸ਼ਹਿਰੀ ਭਲਾਈ ਅਧਿਕਾਰੀ ਵਿਜੇ ਚੰਦਰਨ ਨੇ ਇਹ ਦੱਸਦੇ ਹੋਏ ਕਿ ਤ੍ਰਿਚੀ ਦੀ ਇਹ ਘਟਨਾ ਟੈਟੂ ਦੀਆਂ ਦੁਕਾਨਾਂ ਨੂੰ ਨਿਯਮਤ ਕਰਨ ਲਈ ਇੱਕ ਉਦਾਹਰਣ ਬਣ ਗਈ ਹੈ।
ਉਨ੍ਹਾਂ ਕਿਹਾ, "ਕਾਰਪੋਰੇਸ਼ਨ ਕੋਲ ਦੁਕਾਨਾਂ ਨੂੰ ਰਜਿਸਟਰ ਕਰਨ ਵੇਲੇ ਉਹ ਖੁਦ ਨੂੰ 'ਕਲਾਕਰਾਂ' ਵਜੋਂ ਦੱਸਦੇ ਹਨ ਪਰ ਜਦੋਂ ਅਸੀਂ ਵਿਅਕਤੀਗਤ ਤੌਰ 'ਤੇ ਨਿਰੀਖਣ ਕਰਦੇ ਹਾਂ ਤਾਂ ਉਹ ਟੈਟੂ ਦੀਆਂ ਦੁਕਾਨਾਂ ਹੁੰਦੀਆਂ ਹਨ।"
ਉਨ੍ਹਾਂ ਨੇ ਬੀਬੀਸੀ ਤਮਿਲ ਨੂੰ ਇਹ ਵੀ ਦੱਸਿਆ ਕਿ ਤ੍ਰਿਚੀ ਘਟਨਾ ਦੀ ਜਾਂਚ ਲਈ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ ਵਿੱਚ ਇੱਕ ਕਮੇਟੀ ਵੀ ਬਣਾਈ ਗਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












