ਦਿਲਜੀਤ ਦੋਸਾਂਝ: ਪੰਜਾਬ ਦੇ ਕਿਹੜੇ ਸਪੈਲਿੰਗ ਠੀਕ ਹਨ 'Punjab ਜਾਂ Panjab'

ਤਸਵੀਰ ਸਰੋਤ, Getty Images
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਚੰਡੀਗੜ੍ਹ ਸ਼ੋਅ ਤੋਂ ਪਹਿਲਾਂ ਕੀਤੇ ਗਏ ਇੱਕ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਿਵਾਦ ਛਿੜਿਆ ਹੋਇਆ ਹੈ।
ਦਰਅਸਲ ਦਿਲਜੀਤ ਨੇ ਸੋਸ਼ਲ ਮੀਡੀਆ ਐਕਸ ਉੱਤੇ ਕੀਤੇ ਇੱਕ ਟਵੀਟ ਵਿੱਚ ਪੰਜਾਬ ਦੇ ਅੰਗਰੇਜ਼ੀ ਦੇ ਸਪੈਲਿੰਗ Panjab ਨਾਲ ਲਿਖੇ ਹਨ।
ਜਿਸ ਤੋਂ ਬਾਅਦ 'Panjab ਬਨਾਮ Punjab' ਦੀ ਬਹਿਸ ਛਿੜੀ ਹੋਈ ਹੈ। ਦਿਲਜੀਤ ਨੇ 'ਪੰਜਾਬ' (Panjab) ਸ਼ਬਦ ਦੇ ਨਾਲ ਚੰਡੀਗੜ੍ਹ ਹਵਾਈ ਅੱਡੇ 'ਤੇ ਪਹੁੰਚਣ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ।
ਇਹ ਸਪੈਲਿੰਗ ਸ਼ਾਇਦ ਵਿਵਾਦ ਨਾ ਬਣਦੇ, ਪਰ ਕਿਉਂਕਿ ਉਨ੍ਹਾਂ ਦੇ ਪੋਸਟ ਪਾਉਣ ਸਮੇਂ ਭਾਰਤ ਦੇ ਕੌਮੀ ਝੰਡੇ ਦਾ ਨਿਸ਼ਾਨ ਨਹੀਂ ਲੱਗਿਆ ਸੀ, ਜਿਸ ਤੋਂ ਬਾਅਦ ਕੁਝ ਲੋਕ ਇਸ ਨੂੰ ਸਾਜਿਸ਼ ਵਾਂਗ ਦੇਖ਼ਣ ਲੱਗੇ।
ਕਈਆਂ ਨੇ ਦਲੀਲ ਦਿੱਤੀ ਕਿ ਇਹ ਸਪੈਲਿੰਗ ਮੁੱਖ ਤੌਰ 'ਤੇ ਪਾਕਿਸਤਾਨ ਵਿਚਲੇ ਪੰਜਾਬ ਦੇ ਹਨ। ਉਨ੍ਹਾਂ ਨੇ ਉਸ 'ਤੇ ਪੰਜਾਬ ਦੀ ਪਾਕਿਸਤਾਨੀ ਪਛਾਣ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਇਲਜ਼ਾਮ ਲਾਇਆ।
ਉਨ੍ਹਾਂ ਖਿਲਾਫ਼ ਟਰੋਲਿੰਗ ਕਰਨ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਇੱਕ ਸਾਜਿਸ਼ ਤਹਿਤ ਭਾਰਤ ਦੇ ਕੌਮੀ ਝੰਡੇ ਦੀ ਇਮੋਜੀ ਹਟਾ ਦਿੱਤੀ ਸੀ।

ਦਿਲਜੀਤ ਦਾ ਜਵਾਬ
ਇਸ ਮਾਮਲੇ ਵਿੱਚ ਆਪਣਾ ਪੱਖ਼ ਰੱਖਦਿਆਂ ਦਿਲਜੀਤ ਨੇ ਇੱਕ ਹੋਰ ਟਵੀਟ ਕੀਤਾ। ਦਿਲਜੀਤ ਨੇ "ਸਾਜ਼ਿਸ਼ ਦੇ ਸਿਧਾਂਤ" ਨੂੰ ਰੱਦ ਕਰਦਿਆਂ ਲਿਖਿਆ।
"ਟਵੀਟ ਵਿੱਚ ਪੰਜਾਬ ਦਾ ਜ਼ਿਕਰ ਕਰਦੇ ਹੋਏ ਜੇਕਰ ਤਿਰੰਗੇ ਦੀ ਇਮੋਜੀ ਇੱਕ ਵਾਰ ਨਾਲ ਨਹੀਂ ਲੱਗੀ ਤਾਂ ਇਸਨੂੰ ਸਾਜ਼ਿਸ਼ ਕਿਹਾ ਜਾਂਦਾ ਹੈ। ਬੰਗਲੁਰੂ ਬਾਰੇ ਇੱਕ ਟਵੀਟ ਵਿੱਚ ਵੀ ਇੱਕ ਵਾਰ ਛੁੱਟ ਗਈ ਸੀ। ਜੇਕਰ Punjab ਨੂੰ Panjab ਲਿਖਿਆ ਜਾਵੇ ਤਾਂ ਇਸਨੂੰ ਸਾਜ਼ਿਸ਼ ਕਿਹਾ ਜਾਂਦਾ ਹੈ। ਚਾਹੇ ਤੁਸੀਂ ਇਸਨੂੰ Panjab ਲਿਖੋ ਜਾਂ Punjab...ਇਹ ਹਮੇਸ਼ਾ ਪੰਜਾਬ ਹੀ ਰਹੇਗਾ।''
ਜਿੱਥੇ ਕੁਝ ਲੋਕ ਦਿਲਜੀਤ ਦੀ ਟਰੋਲਿੰਗ ਕਰ ਰਹੇ ਹਨ, ਉੱਥੇ ਕੁਝ ਲੋਕ ਅਜਿਹੀ ਟਰੋਲਿੰਗ ਨੂੰ ਗੰਭੀਰਤਾ ਨਾਲ ਨਾ ਲੈਣ ਅਤੇ ਅਣਗੌਲਿਆਂ ਕਰਨ ਦੀ ਸਲਾਹ ਦੇ ਰਹੇ ਹਨ।
ਜਿਸ ਤੋਂ ਬਾਅਦ ਦਿਲਜੀਤ ਨੇ ਲਿਖਿਆ, "ਮੈਨੂੰ ਪਤਾ ਹੈ ਕਿ ਤੁਸੀਂ ਨਹੀਂ ਰੁਕੋਗੇ। ਲੱਗੇ ਰਹੋ! ਕਿੰਨੀ ਵਾਰ ਸਾਬਤ ਕਰੀਏ... ਅਸੀਂ ਭਾਰਤ ਨੂੰ ਪਿਆਰ ਕਰਦੇ ਹਾਂ। ਕੋਈ ਨਵੀਂ ਗੱਲ ਕਰੋ, ਯਾਰ!''

ਤਸਵੀਰ ਸਰੋਤ, X/DILJITDOSANJH
Panjab ਜਾਂ Punjab ਕਿਹੜਾ ਸਹੀ ਹੈ
ਹੁਣ ਸੋਸ਼ਲ ਮੀਡੀਆ ਉੱਤੇ ਇਹ ਬਹਿਸ ਛਿੜੀ ਹੋਈ ਹੈ ਕਿ ਪੰਜਾਬ ਨੂੰ Panjab ਲਿਖਿਆ ਜਾਵੇ ਜਾਂ Punjab. ਪੰਜਾਬ ਦੇ ਸਾਰੇ ਦਸਤਾਵੇਜਾਂ ਵਿੱਚ ਸੂਬੇ ਦੇ ਸਪੈਲਿੰਗ Punjab ਨਾਲ ਹੀ ਲਿਖੇ ਜਾਂਦੇ ਹਨ ਪਰ ਇਹ ਸਪੈਲਿੰਗ ਬਰਤਾਨਵੀਂ ਹਾਕਮਾਂ ਦੇ ਦਿੱਤੇ ਹੋਏ ਹਨ।
ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਪੰਜਾਬ ਦੇ ਆਹ ਸਪੈਲਿੰਗ ਸਹੀ ਹਨ ਅਤੇ ਇਹ ਗਲਤ। ਪੰਜਾਬ ਨੂੰ ਅੰਗਰੇਜ਼ ਰਾਜ ਤੋਂ ਪਹਿਲਾਂ Panjab ਨਾਲ ਲਿਖਿਆ ਜਾਂਦਾ ਸੀ।
ਬੀਬੀਸੀ ਪੱਤਰਕਾਰ ਅਵਤਾਰ ਸਿੰਘ ਨੇ ਇਸ ਬਾਰੇ ਅੰਗਰੇਜ਼ੀ ਦੇ ਸਾਹਿਤਕਾਰ ਅਤੇ ਪੰਜਾਬ ਉੱਪਰ Panjab: Journeys Through Fault Lines ਨਾਂ ਦੀ ਕਿਤਾਬ ਲਿਖਣ ਵਾਲੇ ਅਮਨਦੀਪ ਸੰਧੂ ਨਾਲ ਗੱਲ ਕੀਤੀ।
ਸੰਧੂ ਕਹਿੰਦੇ ਹਨ, ''ਮੈਂ ਵੀ ਪੰਜਾਬ ਦੇ ਅੰਗਰੇਜ਼ੀ ਵਿੱਚ ਸਪੈਲਿੰਗ Panjab ਹੀ ਲਿਖਦਾ ਹਾਂ ਕਿਉਂਕਿ ਜਦੋਂ ਅਸੀਂ ਗੁਰਮੁੱਖੀ ਤੋਂ ਅੰਗਰੇਜ਼ੀ ਵਿੱਚ ਲਿਖਦੇ ਹਾਂ ਇਹ Panjab ਹੀ ਲਿਖਿਆ ਜਾਂਦਾ ਹੈ।''
ਅਮਨਦੀਪ ਸੰਧੂ ਅੱਗੇ ਕਹਿੰਦੇ ਹਨ ਕਿ ਜਦੋਂ ਇਤਿਹਾਸਕਾਰ ਇਬਨ ਬਤੂਤਾ 14ਵੀਂ ਸਦੀ ਵਿੱਚ ਭਾਰਤ ਆਇਆ ਤਾਂ ਉਸ ਨੇ ਵੀ ਆਪਣੀਆਂ ਲਿਖਤਾਂ (The Rihla) ਵਿੱਚ ਪੰਜ-ਆਬ (Panj +Ab) ਦਾ ਜ਼ਿਕਰ ਕੀਤਾ ਜੋ ਕਿ ਪੰਜ ਦਰਿਆਵਾਂ ਦੀ ਧਰਤੀ ਨੂੰ ਦਰਸਾਉਂਦਾ ਸੀ।
ਇਸੇ ਤਰ੍ਹਾਂ ਸੰਧੂ ਅੱਗੇ ਕਹਿੰਦੇ ਹਨ ਕਿ ਜਦੋਂ ਅੰਗਰੇਜ਼ ਭਾਰਤ ਵਿੱਚ ਆਏ ਸਨ ਤਾਂ ਉਨ੍ਹਾਂ ਦੇ ਬਹੁਤ ਸਾਰੇ ਡਾਕੂਮੈਂਟਸ ਵਿੱਚ ਪੰਜਾਬ ਨੂੰ Punjab ਲਿਖਿਆ ਗਿਆ, ਜਿਸ ਤੋਂ ਬਾਅਦ ਇਹ Punjab ਨਾਲ ਮਸ਼ਹੂਰ ਹੋ ਗਿਆ।
ਅਮਨਦੀਪ ਸੰਧੂ ਕਹਿੰਦੇ ਹਨ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਾਮ ਮੌਲਿਕ ਰੂਪ ਵਿੱਚ ਲਿਖਿਆ ਗਿਆ ਹੈ। ਅਮਨਦੀਪ ਸੰਧੂ ਇਹ ਵੀ ਕਹਿੰਦੇ ਹਨ ਕਿ ਅੰਗਰੇਜ਼ਾਂ ਨੇ ਬਹੁਤ ਸਾਰੇ ਸ਼ਹਿਰਾਂ ਦੇ ਨਾਮ ਵਿੱਚ ਅੰਗਰੇਜ਼ੀ ਦੇ U ਸ਼ਬਦ ਦੀ ਵਰਤੋਂ ਕੀਤੀ, ਜਿਸ ਵਿੱਚ ਅੰਬਾਲਾ (Umbala) ਅਤੇ ਅੰਮ੍ਰਿਤਸਰ (Umritsar) ਵੀ ਸ਼ਾਮਲ ਸਨ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਾਂ Panjab ਕਿਉਂ ਹੈ

ਤਸਵੀਰ ਸਰੋਤ, X/DILJITDOSANJH
ਸੁਖਦੇਵ ਸਿੰਘ ਸਿਰਸਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਸਾਹਿਤਕਾਰ ਹਨ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਸਿਰਸਾ ਨੇ ਕਿਹਾ ਕਿ ਜਦੋਂ ਭਾਰਤ ਦੀ ਆਜ਼ਾਦੀ ਤੋਂ ਬਾਅਦ ਲਾਹੌਰ ਤੋਂ ਬਾਅਦ ਚੜ੍ਹਦੇ ਪੰਜਾਬ ਵਿੱਚ ਪੰਜਾਬ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਤਾਂ ਇਸ ਦੇ ਲਾਹੌਰ ਵਾਲੀ ਯੂਨੀਵਰਸਿਟੀ ਤੋਂ ਅਲੱਗ ਸਪੈਲਿੰਗ ਕਰਨੇ ਸਨ, ਜਿਸ ਕਰਕੇ ਇਸ ਨੂੰ Panjab ਹੀ ਲਿਖਿਆ ਗਿਆ ਜਦਕਿ ਲਾਹੌਰ ਵਾਲੀ ਪੰਜਾਬ ਯੂਨੀਵਰਸਿਟੀ ਨੂੰ Punjab ਨਾਲ ਲਿਖਿਆ ਜਾਂਦਾ ਹੈ।
ਪੰਜਾਬ ਦੇ ਅੰਗਰੇਜ਼ੀ ਵਿੱਚ ਅਸਲ ਸਪੈਲਿੰਗ ਹੋਣ ਬਾਰੇ ਸਿਰਸਾ ਕਹਿੰਦੇ ਹਨ ਕਿ ਇਹ Punjab ਨਾਲ ਹੀ ਲਿਖਿਆ ਜਾਂਦਾ ਹੈ, ਜੋ ਕਿ ਆਮ ਤੌਰ 'ਤੇ ਸਰਕਾਰੀ ਦਸਤਾਵੇਜਾਂ ਲਈ ਵੀ ਮਾਨਤਾ ਪ੍ਰਾਪਤ ਹੈ।
ਪੰਜਾਬ ਸ਼ਬਦ ਦਾ ਅਰਥ ਕੀ ਹੈ
ਪੰਜਾਬ ਸ਼ਬਦ ਫਾਰਸੀ ਦੇ ਦੋ ਸ਼ਬਦਾਂ ਪੰਜ ਆਬ ਦਾ ਗਠਜੋੜ ਹੈ। ਪੰਜ ਆਬ ਜਾਣੀ ਪੰਜ ਦਰਿਆਵਾਂ ਦੀ ਧਰਤੀ। 1947 ਤੋਂ ਪਹਿਲਾਂ ਪੰਜਾਬ ਵਿੱਚ ਪੰਜ ਦਰਿਆ ਸਤਲੁਜ, ਰਾਵੀ, ਬਿਆਸ, ਝਨਾਬ ਅਤੇ ਜਿਹਲਮ ਵਗਦੇ ਹਨ।
1947 ਵਿੱਚ ਬਰਤਾਨਵੀਂ ਹੂਕਮਤ ਦਾ ਅੰਤ ਹੋਣ ਸਮੇਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੰਡ ਹੋਈ ਤਾਂ ਪੰਜਾਬ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਭਾਰਤੀ ਪੰਜਾਬ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਜਿਸ ਵਿੱਚ ਸਤਲੁਜ, ਬਿਆਸ ਅਤੇ ਰਾਵੀ ਤਿੰਨ ਦਰਿਆ ਵਗਦੇ ਹਨ।
ਪਾਕਿਸਤਾਨ ਦੇ ਹਿੱਸੇ ਆਏ ਪੰਜਾਬ ਵਿੱਚ ਝਨਾਬ ਅਤੇ ਜਿਹਲਮ ਦੋ ਦਰਿਆ ਵਗਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












