ਹਜ਼ਾਰਾਂ ਲਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਵਾਲੀ ਪੂਜਾ ਨੂੰ ਇਹ ਹਿੰਮਤ ਕਿਵੇਂ ਮਿਲੀ, ਰਿਸ਼ਤੇਦਾਰਾਂ ਨੇ ਸਾਥ ਕਿਉਂ ਛੱਡਿਆ

ਪੂਜਾ
ਤਸਵੀਰ ਕੈਪਸ਼ਨ, ਹਿੰਦੂ ਧਰਮ ਵਿੱਚ ਅੰਤਿਮ ਸੰਸਕਾਰ ਇੱਕ ਮਰਦ ਰਿਸ਼ਤੇਦਾਰ ਕਰਦਾ ਹੈ, ਪਰ ਪੂਜਾ ਨੇ ਇਸ ਧਾਰਨਾ ਨੂੰ ਤੋੜ ਦਿੱਤਾ
    • ਲੇਖਕ, ਸ਼ਕੀਲ ਅਖ਼ਤਰ
    • ਰੋਲ, ਬੀਬੀਸੀ ਲਈ

ਦਿੱਲੀ ਵਿੱਚ ਆਪਣੇ ਛੋਟੇ ਜਿਹੇ ਫਲੈਟ ਵਿੱਚ ਇੱਕ ਪਾਸੇ ਬੈਠੀ ਪੂਜਾ ਸ਼ਰਮਾ ਆਪਣੇ ਮੌਬਾਈਲ ਫੋਨ ʼਤੇ ਹਸਪਤਾਲ ਵਿੱਚ ਕਿਸੇ ਨਾਲ ਗੱਲ ਕਰ ਰਹੀ ਹੈ।

ਇਸ ਗੱਲਬਾਤ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਦੱਖਣੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਇੱਕ ਲਾਵਾਰਿਸ ਲਾਸ਼ ਦਾ ਪੋਸਟਮਾਰਟਮ ਹੋ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਇਸ ਦਾ ਅੰਤਿਮ ਸਸਕਾਰ ਕਰਵਾਉਣਾ ਹੈ।

ਪੂਜਾ ਆਪਣੀ ਐਂਬੂਲੈਂਸ ਲੈ ਕੇ ਉਸ ਹਸਪਤਾਲ ਪਹੁੰਚਦੀ ਹੈ। ਉੱਥੇ ਕਾਗ਼ਜ਼ੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ।

ਉਹ ਇਸ ਲਾਸ਼ ਨੂੰ ਇੱਕ ਆਧੁਨਿਕ ਇਲੈਕਟ੍ਰਾਨਿਕ ਸ਼ਮਸ਼ਾਨ ਘਾਟ ਲੈ ਕੇ ਜਾਂਦੀ ਅਤੇ ਧਾਰਮਿਕ ਰੀਤੀ-ਰਿਵਾਜ ਨਾਲ ਉਸ ਦਾ ਸਸਕਾਰ ਕਰ ਦਿੰਦੀ ਹੈ।

ਉਹ ਦਿਨ ਵਿੱਚ ਕਈ ਵਾਰ ਇਸੇ ਤਰ੍ਹਾਂ ਵੱਖ-ਵੱਖ ਹਸਪਤਾਲਾਂ ਵਿੱਚ ਮੁਰਦਾਘਰਾਂ ਤੋਂ ਲਾਵਾਰਿਸ ਅਤੇ ਗ਼ੁਮਨਾਮ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਵਾਉਂਦੀ ਹੈ। ਉਨ੍ਹਾਂ ਲਈ ਇਹ ਰੋਜ਼ਾਨਾ ਦਾ ਕੰਮ ਹੈ।

27 ਸਾਲ ਦੀ ਪੂਜਾ ਸ਼ਰਮਾ ਮੁਤਾਬਕ, ਉਹ ਹੁਣ ਤੱਕ ਕਰੀਬ ਪੰਜ ਹਜ਼ਾਰ ਲਾਵਾਰਿਸ ਲਾਸ਼ਾਂ ਦਾ ਆਪਣੇ ਹੱਥਾਂ ਤੋਂ ਇਸੇ ਤਰ੍ਹਾਂ ਅੰਤਿਮ ਸੰਸਕਾਰ ਕਰ ਚੁੱਕੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਗੁੰਮਨਾਮ ਲਾਸ਼ਾਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਮੁਰਦਾਂ ਮਿਲੇ ਲੋਕਾਂ ਦੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਪਛਾਣ ਕਰਨ ਵਾਲਾ ਜਾਂ ਕੋਈ ਵਾਰਸ ਅਤੇ ਰਿਸ਼ਤੇਦਾਰ ਸਾਹਮਣੇ ਨਹੀਂ ਆਉਂਦਾ।

ਪੂਜਾ ਸ਼ਰਮਾ ਕਹਿੰਦੇ ਹਨ ਕਿ ਉਹ ਉਨ੍ਹਾਂ ਦਾ ਅੰਤਿਮ ਸੰਸਕਾਰ ਇਸ ਲਈ ਕਰਦੇ ਹਨ ਤਾਂ ਜੋ ਘੱਟੋ-ਘੱਟ ਮਰਨ ਮਗਰੋਂ ਉਨ੍ਹਾਂ ਦੀ ਪਰਵਾਹ ਕਰਨ ਵਾਲਾ ਕੋਈ ਤਾਂ ਹੋਵੇ।

ਉਹ ਕਹਿੰਦੇ ਹਨ, "ਜੇਕਰ ਮਰਨ ਵਾਲਾ ਮੁਸਲਮਾਨ ਹੋਵੇ ਤਾਂ ਮੈਂ ਉਸ ਨੂੰ ਕਬਰਿਸਤਾਨ ਲੈ ਜਾਂਦੀ ਹਾਂ, ਜੇ ਉਹ ਈਸਾਈ ਹੈ ਤਾਂ ਮੈਂ ਉਸ ਨੂੰ ਸਿਮੈਂਟ੍ਰੀ ਲੈ ਜਾਂਦੀ ਹਾਂ ਅਤੇ ਜੇ ਉਹ ਸਨਾਤਨੀ ਹੋਵੇ, ਭਾਵ ਹਿੰਦੂ ਹੈ ਤਾਂ ਮੈਂ ਉਸ ਨੂੰ ਸ਼ਮਸ਼ਾਨਘਾਟ ਲੈ ਜਾਂਦੀ ਹਾਂ। ਹੁਣ ਤੱਕ ਮੈਂ ਪੰਜ ਹਜ਼ਾਰ ਤੋਂ ਵੱਧ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਵਾ ਚੁੱਕੀ ਹਾਂ।"

ਪੂਜਾ ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਲਈ ਦਿੱਲੀ ਵਿੱਚ ਇੱਕ ਗ਼ੈਰ-ਸਰਕਾਰੀ ਸੰਸਥਾ (ਐੱਨਜੀਓ) ਵੀ ਚਲਾਉਂਦੇ ਹਨ। ਉਹ ਲਾਵਾਰਿਸ ਲਾਸ਼ਾਂ ਦਾ ਪਤਾ ਲਗਾਉਣ ਅਤੇ ਸ਼ਮਸ਼ਾਨਘਾਟ ਤੱਕ ਪਹੁੰਚਾਉਣ ਲਈ ਸ਼ਹਿਰ ਦੇ ਹਸਪਤਾਲਾਂ ਅਤੇ ਪੁਲਿਸ ਨਾਲ ਸੰਪਰਕ ਵਿੱਚ ਰਹਿੰਦੇ ਹਨ। ਜਦੋਂ ਵੀ, ਜਿੱਥੇ ਵੀ ਲੋੜ ਹੁੰਦੀ ਹੈ, ਉਹ ਉੱਥੇ ਪਹੁੰਚ ਜਾਂਦੇ ਹਨ।

ਪ੍ਰੇਰਨਾ ਕਿੱਥੋਂ ਮਿਲੀ?

ਪੂਜਾ ਨੇ ਦੱਸਿਆ ਕਿ ਪਹਿਲਾਂ ਸ਼ੁਰੂ ਵਿੱਚ ਤਾਂ ਉਨ੍ਹਾਂ ਨੇ ਸਮਾਜ ਸੇਵਾ ਦਾ ਇਹ ਕੰਮ ਆਪਣੇ ਮਾਤਾ-ਪਿਤਾ ਤੋਂ ਪੈਸੇ ਲੈ ਕੇ ਕੀਤਾ ਜਾਂ ਫਿਰ ਆਪਣੇ ਖਰਚੇ 'ਤੇ ਕੀਤਾ।

ਉਹ ਕਹਿੰਦੇ ਹਨ, "ਪਰ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਮੇਰੇ ਬਾਰੇ ਵਿੱਚ ਲੋਕਾਂ ਨੂੰ ਪਤਾ ਲੱਗਾ, ਜਿਸ ਤੋਂ ਬਾਅਦ ਲੋਕਾਂ ਨੇ ਮੇਰੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਮੈਂ ਲੋਕਾਂ ਦੀ ਮਦਦ ਨਾਲ ਇੱਕ ਐਂਬੂਲੈਂਸ ਖਰੀਦੀ, ਜਿਸ ਦੀ ਵਰਤੋਂ ਗੁੰਮਨਾਮ ਲਾਸ਼ਾਂ ਦਾ ਸਸਕਾਰ ਕਰਨ ਅਤੇ ਗਰੀਬ ਲੋਕਾਂ ਦੀ ਮਦਦ ਲਈ ਕੀਤੀ ਜਾਂਦੀ ਹੈ।"

ਪੂਜਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਕਰਨ ਦਾ ਖ਼ਿਆਲ ਆਪਣੇ ਸਕੇ ਭਰਾ ਦੀ ਮੌਤ ਤੋਂ ਬਾਅਦ ਆਇਆ ਕਿਉਂਕਿ ਆਪਣੇ ਘਰ ਵਿੱਚ ਆਪਣੇ ਪਿਤਾ ਤੋਂ ਬਾਅਦ ਉਹੀ ਸਨ ਜਿਨ੍ਹਾਂ ਨੂੰ ਸਾਰਾ ਕੰਮ ਕਰਨਾ ਪਿਆ ਸੀ।

ਉਸ ਵੇਲੇ ਨੂੰ ਯਾਦ ਕਰਦੇ ਹੋਏ ਪੂਜਾ ਕਹਿੰਦੇ ਹਨ, "13 ਮਾਰਚ, 2022 ਦਾ ਦਿਨ, ਜਦੋਂ ਮੇਰੇ ਵੱਡੇ ਭਰਾ ਦੀ ਮੌਤ ਹੋ ਗਈ ਸੀ। ਇਸ ਦਾ ਸਦਮਾ ਮੇਰੇ ਪਿਤਾ ਨੂੰ ਇੰਨਾ ਜ਼ਿਆਦਾ ਸੀ ਕਿ ਉਹ ਸਹਿ ਨਹੀਂ ਸਕੇ ਅਤੇ ਕੋਮਾ ਵਿੱਚ ਚਲੇ ਗਏ।"

ਉਹ ਕਹਿੰਦੇ ਹਨ, "ਮੇਰੇ ਪਿਤਾ ਦੀ ਹਾਲਤ ਅਤੇ ਮੇਰੇ ਵੱਡੇ ਭਰਾ ਦੀ ਮੌਤ ਤੋਂ ਬਾਅਦ, ਜੋ ਵੀ ਕਰਨਾ ਸੀ, ਉਹ ਮੈਨੂੰ ਹੀ ਕਰਨਾ ਸੀ। ਅਜਿਹੀ ਸਥਿਤੀ ਵਿੱਚ ਹਿੰਮਤ ਕਰ ਕੇ ਸਭ ਕੁਝ ਕਰਨ ਦੀ ਠਾਨ ਲਈ ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਭਰਾ ਦਾ ਅੰਤਿਮ ਸੰਸਕਾਰ ਕਰਨ ਲਈ ਘਰ ਵਿੱਚ ਕੁਝ ਵੀ ਨਹੀਂ ਹੈ।"

ਪੂਜਾ ਸ਼ਰਮਾ
ਤਸਵੀਰ ਕੈਪਸ਼ਨ, ਪੂਜਾ ਸ਼ਰਮਾ ਨੂੰ ਇਸ ਲਈ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ

ਪੂਜਾ ਨੇ ਦੱਸਿਆ, "ਰਵਾਇਤੀ ਤੌਰ ʼਤੇ ਕੇਵਲ ਪੁਰਸ਼ ਹੀ ਅੰਤਿਮ ਸੰਸਾਰ ਕਰ ਸਕਦੇ ਹਨ ਪਰ ਜਦੋਂ ਕੁਝ ਸਮਝ ਨਹੀਂ ਆਇਆ ਤਾਂ ਮੈਂ ਇਹ ਸਭ ਕੁਝ ਖ਼ੁਦ ਕਰਨ ਦੀ ਠਾਨੀ ਅਤੇ ਹਿੰਮਤ ਕਰ ਕੇ ਰਹੁ-ਰੀਤਾਂ ਨਾਲ ਅੱਗੇ ਨਿਕਲ ਕੇ ਆਪਣੇ ਭਰਾ ਦਾ ਅੰਤਿਮ ਸੰਸਕਾਰ ਖ਼ੁਦ ਇਕੱਲੇ ਕੀਤਾ।"

ਆਪਣੀ ਇਸ ਨਿੱਜੀ ਪੀੜਾ ਅਤੇ ਮੁਸ਼ਕਲ ਦੀ ਘੜੀ ਵਿੱਚ ਕਿਸੇ ਦੇ ਨਾਲ ਨਾ ਹੋਣ ਦੇ ਤਜਰਬੇ ਨੇ ਉਨ੍ਹਾਂ ਦੇ ਮਨ ʼਤੇ ਡੂੰਘਾ ਅਸਰ ਪਾਇਆ।

ਪੂਜਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੋਚਿਆ ਕਿ ਜਦੋਂ ਸਮਾਜ ਵਿੱਚ ਲੋਕ ਮਦਦ ਲਈ ਅੱਗੇ ਨਹੀਂ ਆਉਂਦੇ ਤਾਂ ਉਨ੍ਹਾਂ ਲੋਕਾਂ ਨੂੰ ਤਾਂ ਕੋਈ ਪੁੱਛਣ ਵਾਲਾ ਨਹੀਂ ਹੋਵੇਗਾ ਜਿਨ੍ਹਾਂ ਦਾ ਇਸ ਦੁਨੀਆਂ ਵਿੱਚ ਕੋਈ ਨਹੀਂ ਹੈ।

ਪੂਜਾ ਨੇ ਫ਼ੈਸਲਾ ਕੀਤਾ ਕਿ ਉਹ ਉਨ੍ਹਾਂ ਗ਼ੁੰਮਨਾਮ ਅਤੇ ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਖ਼ੁਦ ਕਰਵਾਏਗੀ ਜਿਨ੍ਹਾਂ ਦਾ ਇਸ ਦੁਨੀਆਂ ਵਿੱਚ ਕੋਈ ਵਾਰਸ ਨਹੀਂ।

ਪੂਜਾ ਸ਼ਰਮਾ
ਤਸਵੀਰ ਕੈਪਸ਼ਨ, ਪੂਜਾ ਸ਼ਰਮਾ ਲਾਸ਼ਾਂ ਦੇ ਧਰਮ ਦੇ ਮੁਤਾਬਕ ਉਨ੍ਹਾਂ ਦੀਆਂ ਅੰਤਿਮ ਰਸਮਾਂ ਕਰਦੀ ਹੈ

ਧਾਰਨਾਵਾਂ ਤੋੜਨ ਦੀ ਚੁਣੌਤੀ

ਹਾਲਾਂਕਿ, ਪੂਜਾ ਦੱਸਦੇ ਹਨ ਕਿ ਉਨ੍ਹਾਂ ਲਈ ਇਹ ਰਸਤਾ ਸੌਖਾ ਨਹੀਂ ਸੀ। ਇਸ ਕੰਮ ਵਿੱਚ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਕੰਮ ਵਿੱਚ ਰੁਕਾਵਟਾਂ ਵੀ ਪਾਈਆਂ ਗਈਆਂ। ਸਾਲਾਂ ਤੋਂ ਚੱਲੀਆਂ ਆ ਰਹੀਆਂ ਰਹੁ-ਰੀਤਾਂ ਨੂੰ ਤੋੜਨ ਕਾਰਨ ਉਹ ਆਲੋਚਨਾ ਦਾ ਸ਼ਿਕਾਰ ਵੀ ਬਣੇ।

ਪੂਜਾ ਨੇ ਦੱਸਿਆ, "ਅਸੀਂ ਬਚਪਨ ਤੋਂ ਸੁਣਿਆ ਸੀ ਕਿ ਔਰਤਾਂ ਸ਼ਮਸ਼ਾਨ ਘਾਟ ਨਹੀਂ ਜਾਂਦੀਆਂ। ਮੈਂ ਇਹ ਕੰਮ ਕਰ ਕੇ ਸਮਾਜ ਦੀ ਸੋਚ ਅਤੇ ਪੁਰਾਣੀ ਪਰੰਪਰਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਸਾਡੇ ਸਮਾਜ ਕੋਲੋਂ ਇਹ ਸਭ ਬਰਦਾਸ਼ਤ ਨਹੀਂ ਹੋ ਰਿਹਾ ਸੀ। ਸਮਾਜ ਨੂੰ ਲੱਗਦਾ ਸੀ ਕਿ ਇੱਕ ਔਰਤ ਇਹ ਸਭ ਆਖ਼ਰ ਕਿਉਂ ਕਰ ਰਹੀ ਹੈ।"

ਪਰ ਪੂਜਾ ਕਹਿੰਦੇ ਹਨ ਕਿ ਇਹ ਸਮਾਜਕ ਸੇਵਾ ਦੀ ਭਾਵਨਾ ਸੀ ਅਤੇ ਇਸ ਲਈ ਉਹ ਸਮਾਜ ਦੇ ਅੱਗੇ ਡਟੀ ਰਹੀ।

ਉਹ ਕਹਿੰਦੇ ਹਨ ਕਿ ਹੌਲੀ-ਹੌਲੀ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਦੀ ਗਿਣਤੀ ਘੱਟ ਗਈ ਅਤੇ ਨਾਲ ਖੜ੍ਹੇ ਹੋਣ ਵਾਲਿਆਂ ਦੀ ਵਧਣ ਲੱਗੀ।

ਪੂਜਾ ਨੇ ਪਰੰਪਰਾ ਨੂੰ ਤੋੜਿਆ ਜਿਸ ਦੇ ਤਹਿਤ ਹਿੰਦੂ ਧਰਮ ਵਿੱਚ ਮਰਨ ਵਾਲਿਆਂ ਦਾ ਅੰਤਿਮ ਸੰਸਕਾਰ ਘਰ ਦਾ ਪੁਰਸ਼ ਮੈਂਬਰ ਹੀ ਕਰਦਾ ਹੈ।

ਪੂਜਾ ਸ਼ਰਮਾ
ਤਸਵੀਰ ਕੈਪਸ਼ਨ, ਪੂਜਾ ਸ਼ਰਮਾ ਦਾ ਕਹਿਣਾ ਹੈ ਕਈ ਲੋਕ ਤਾਂ ਉਨ੍ਹਾਂ ਨਾਲ ਗੱਲ ਵੀ ਨਹੀਂ ਕਰਦੇ

ਪੂਜਾ ਕਹਿੰਦੇ ਹਨ, "ਮੈਂ ਪੜ੍ਹਨਾ ਸ਼ੁਰੂ ਕੀਤਾ। ਮੈਂ ਵੇਦਾਂ ਨੂੰ ਪੜਿਆ, ਗ੍ਰੰਥਾਂ ਨੂੰ ਪੜਿਆ ਅਤੇ ਦੂਜੇ ਧਰਮ ਦੀਆਂ ਕਿਤਾਬਾਂ ਵੀ ਪੜੀਆਂ। ਉਨ੍ਹਾਂ ਕਿਤਾਬਾਂ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਇਹ ਪਤਾ ਲੱਗਾ ਕਿ ਕਿਸੇ ਵੀ ਧਾਰਮਿਕ ਕਿਤਾਬ ਵਿੱਚ ਇਹ ਨਹੀਂ ਲਿਖਿਆ ਹੈ ਕਿ ਇੱਕ ਔਰਤ ਅੰਤਿਮ ਸੰਸਕਾਰ ਨਹੀਂ ਕਰ ਸਕਦੀ।"

ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨਾ ਬੇਹੱਦ ਮੁਸ਼ਕਲ ਕੰਮ ਤਾਂ ਨਹੀਂ ਹੈ ਪਰ ਇਸ ਕੰਮ ਅਤੇ ਇਸ ਦੇ ਪਿੱਛੇ ਦੀ ਸਮਾਜਕ ਸੇਵਾ ਦੀ ਭਾਵਨਾ ਨੇ ਪੂਜਾ ਦੇ ਵਿਅਕਤੀਗਤ ਜੀਵਨ ʼਤੇ ਵੀ ਡੂੰਘਾ ਅਸਰ ਪਾਇਆ।

ਪੂਜਾ ਸ਼ਰਮਾ ਦਾ ਕਹਿਣਾ ਹੈ, "ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਤਾਂ ਮੇਰੇ ਨੇੜਲੇ ਲੋਕਾਂ ਨੇ ਮੇਰੇ ਨਾਲ ਗੱਲਬਾਤ ਕਰਨਾ ਬੰਦ ਕਰ ਦਿੱਤਾ ਹੈ। ਉਨ੍ਹਾਂ ਨੂੰ ਲੱਗਦਾ ਸੀ ਕਿ ਮੇਰੇ ਪਿੱਛੇ ਆਤਮਾਵਾਂ ਤੁਰਦੀਆਂ ਹਨ।"

"ਮੇਰੇ ਪਰਿਵਾਰ ਵਾਲਿਆਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੀ ਧੀ ਦਾ ਵਿਆਹ ਨਹੀਂ ਹੋਵੇਗਾ। ਲੋਕ ਕਹਿੰਦੇ ਹਨ ਕਿ ਇਹ ਜਿਸ ਘਰ ਜਾਵੇਗੀ ਉਸ ਨੂੰ ਤਬਾਹ ਕਰ ਦੇਵੇਗੀ। ਇੱਥੋਂ ਤੱਕ ਕਿ ਮੇਰੇ ਬਚਪਨ ਦੀਆਂ ਸਹੇਲੀਆਂ ਵੀ ਮੇਰੇ ਨਾਲ ਗੱਲ ਨਹੀਂ ਕਰਦੀਆਂ ਸਨ।"

ਪਰ ਇਹ ਸਾਰੀਆਂ ਮੁਸ਼ਕਲਾਂ ਵੀ ਪੂਜਾ ਨੂੰ ਉਨ੍ਹਾਂ ਦੇ ਰਸਤੇ ਤੋਂ ਹਟਾ ਨਹੀਂ ਸਕੀਆਂ।

ਪੂਜਾ ਦੱਸਦੇ ਹਨ, "ਇਹ ਦੁਨੀਆਂ ਖੁੱਲ੍ਹ ਕੇ ਜਿਉਣ ਲਈ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਹਰ ਧਰਮ ਦੇ ਲੋਕਾਂ ਦੀ ਬਿਨਾਂ ਵਿਤਕਰਾ ਸੇਵਾ ਕਰ ਰਹੀ ਹਾਂ। ਮੇਰੇ ਲਈ ਸਭ ਬਰਾਬਰ ਹੈ। ਜੇਕਰ ਅਸੀਂ ਸਾਰੇ ਮਿਲਜੁਲ ਕੇ ਕੰਮ ਕਰੀਏ ਅਤੇ ਇੱਕ-ਦੂਜੇ ਦਾ ਸਾਥ ਦਈਏ ਤਾਂ ਇਹ ਦੁਨੀਆਂ ਵੀ ਖ਼ੂਬਸੂਰਤ ਹੋ ਜਾਵੇਗੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)