ਜ਼ਾਕਿਰ ਹੁਸੈਨ: ਜਿਸ ਨੂੰ ਸਾਰੀ ਦੁਨੀਆ ਉਸਤਾਦ ਮੰਨਦੀ ਸੀ ਉਹ ਕਿਸ ਦੇ ਸ਼ਗਿਰਦ ਰਹੇ

ਜ਼ਾਕਿਰ ਹੁਸੈਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 73 ਸਾਲ ਦੀ ਉਮਰ ਵਿੱਚ ਜ਼ਾਕਿਰ ਹੁਸੈਨ ਦਾ ਦੇਹਾਂਤ ਹੋ ਗਿਆ ਹੈ

ਭਾਰਤ ਦੇ ਮਸ਼ਹੂਰ ਤਬਲਾ ਵਾਦਕ ਅਤੇ ਗ੍ਰੈਮੀ ਐਵਾਰਡ ਜੇਤੂ ਉਸਤਾਦ ਜ਼ਾਕਿਰ ਹੁਸੈਨ ਦਾ ਦੇਹਾਂਤ ਹੋ ਗਿਆ ਹੈ। ਉਹ 73 ਸਾਲਾਂ ਦੇ ਸਨ ਅਤੇ ਅਮਰੀਕਾ ਵਿੱਚ ਰਹਿ ਰਹੇ ਸਨ।

ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਸੈਨ ਫਰਾਂਸਿਸਕੋ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਉਨ੍ਹਾਂ ਦੇ ਪਰਿਵਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਸ਼ਾਸਤਰੀ ਸੰਗੀਤ ਦੇ ਪ੍ਰਤੀਕ ਦੀ ਸੈਨ ਫਰਾਂਸਿਸਕੋ ਦੇ ਇੱਕ ਹਸਪਤਾਲ ਵਿੱਚ ਇਡੀਓਪੈਥਿਕ ਪੁਲੋਮਨਰੀ ਫਾਈਬਰੋਸਿਸ (ਇੱਕ ਫੇਫੜਿਆਂ ਦੀ ਬਿਮਾਰੀ) ਨਾਲ ਮੌਤ ਹੋ ਗਈ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅਮਰੀਕਾ ਦੇ ਜਨਤਕ ਪ੍ਰਸਾਰਕ ਨੈਸ਼ਨਲ ਪਬਲਿਕ ਰੇਡੀਓ (ਐੱਨਪੀਆਰ) ਨੇ ਜ਼ਾਕਿਰ ਹੁਸੈਨ ਦੇ ਪਰਿਵਾਰ ਦਾ ਬਿਆਨ ਛਾਪਿਆ ਹੈ।

ਉਹਨਾਂ ਨੇ ਬਿਆਨ ਵਿੱਚ ਲਿਖਿਆ ਹੈ, "ਇੱਕ ਅਧਿਆਪਕ ਵਜੋਂ ਉਨ੍ਹਾਂ ਦੇ ਕੰਮ ਨੇ ਅਣਗਿਣਤ ਸੰਗੀਤਕਾਰਾਂ 'ਤੇ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਨੇ ਅਗਲੀ ਪੀੜ੍ਹੀ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਹ ਇੱਕ ਸੱਭਿਆਚਾਰਕ ਰਾਜਦੂਤ ਅਤੇ ਹਰ ਸਮੇਂ ਦੇ ਮਹਾਨ ਸੰਗੀਤਕਾਰਾਂ ਵਜੋਂ ਅਦੁੱਤੀ ਵਿਰਾਸਤ ਛੱਡ ਗਏ ਹਨ।"

ਉਸਤਾਦ ਜ਼ਾਕਿਰ ਹੁਸੈਨ ਦੇ ਦੇਹਾਂਤ 'ਤੇ ਸ਼ਾਸਤਰੀ ਸੰਗੀਤਕਾਰ ਉਸਤਾਦ ਵਸੀਫ਼ੂਦੀਨ ਡਾਗਰ ਨੇ ਪੀਟੀਆਈ ਨੂੰ ਦੱਸਿਆ, "ਜ਼ਾਕਿਰ ਭਾਈ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਸਨ। ਪ੍ਰਮਾਤਮਾ ਨੇ ਉਨ੍ਹਾਂ ਨੂੰ ਬਹੁਤ ਚੰਗਾ ਹੁਨਰ ਦਿੱਤਾ ਸੀ। ਇਹ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਆਪਣੇ ਹੁਨਰ ਨਾਲ ਉਨ੍ਹਾਂ ਨੇ ਲੋਕਾਂ ਦਾ ਦਿਲ ਜਿੱਤਿਆ।"

ਜ਼ਾਕਿਰ ਹੁਸੈਨ ਸਿਰਫ਼ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਸੰਗੀਤ ਦੀ ਦੁਨੀਆਂ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਸੀ।

ਜ਼ਾਕਿਰ ਹੁਸੈਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਾਕਿਰ ਹੁਸੈਨ ਨੂੰ 4 ਵਾਰ ਗ੍ਰੈਮੀ ਮਿਲ ਚੁੱਕਿਆ

ਤਬਲਾ ਵਾਦਕ ਉਸਤਾਦ ਅੱਲ੍ਹਾ ਰੱਖਾ ਖ਼ਾਨ ਦੇ ਪੁੱਤਰ, ਜ਼ਾਕਿਰ ਹੁਸੈਨ ਇੱਕ ਬਾਲ ਉਦਮੀ ਸਨ ਜਿਨ੍ਹਾਂ ਨੇ ਸੱਤ ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਸੰਗੀਤ ਸਮਾਗਮ ਕੀਤਾ ਸੀ।

1951 ਵਿੱਚ ਜਨਮੇ ਜ਼ਾਕਿਰ ਹੁਸੈਨ ਦੀ ਗਿਣਤੀ ਮਹਾਨ ਤਬਲਾ ਵਾਦਤਾਂ ਵਿੱਚ ਕੀਤੀ ਜਾਂਦੀ ਹੈ। ਉਨ੍ਹਾਂ ਨੂੰ 1988 ਵਿੱਚ ਪਦਸ਼੍ਰੀ, 2002 ਵਿੱਚ ਪਦਮ ਭੂਸ਼ਣ ਅਤੇ 2023 ਵਿੱਚ ਪਦਮ ਵਿਭੂਸ਼ਣ ਨਾਲ ਨਵਾਜ਼ਿਆ ਗਿਆ ਸੀ।

ਦਿ ਬੀਟਲਸ ਸਣੇ ਕਈ ਪੱਛਮੀ ਸੰਗੀਤਕਾਰਾਂ ਦੇ ਨਾਲ ਪੇਸ਼ਕਾਰੀ ਦੇਣ ਲਈ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ।

ਸੰਗੀਤ ਦੇ ਓਸਕਰ ਮੰਨੇ ਜਾਣ ਵਾਲੇ ਗ੍ਰੈਮੀ ਐਵਾਰਡਸ ਲਈ ਉਨ੍ਹਾਂ ਨੂੰ ਸੱਤ ਵਾਰ ਨਾਮਜ਼ਦ ਕੀਤਾ ਗਿਆ ਸੀ। ਉਹ ਕੁੱਲ ਚਾਰ ਵਾਰ ਇਹ ਐਵਾਰਡ ਜਿੱਤ ਵੀ ਚੁੱਕੇ ਹਨ।

ਸਾਲ 2009 ਵਿੱਚ ਉਨ੍ਹਾਂ ਨੇ ਇਹ ਐਵਾਰਡ ਪਹਿਲੀ ਵਾਰ ਜਿੱਤਿਆ ਸੀ। ਉਸ ਸਮੇਂ ਉਨ੍ਹਾਂ ਨੂੰ ਇਹ ਐਵਾਰਡ 'ਗਲੋਬਲ ਡਰੱਮ ਪ੍ਰੋਜੈਕਟ' ਲਈ ਦਿੱਤਾ ਗਿਆ ਸੀ।

ਹੁਸੈਨ ਨੇ ਇਸ ਲਈ ਮਿਕੀ ਹਾਰਟ ਅਤੇ ਜਿਓਵਾਨੀ ਹਿਡਾਲਗੋ ਨਾਲ ਮਿਲ ਕੇ ਕੰਮ ਕੀਤਾ ਸੀ। ਇਹ ਪੁਰਸਕਾਰ ਉਨ੍ਹਾਂ ਨੂੰ ਬੈਸਟ ਕੰਟੈਂਪਰਰੀ ਵਰਲਡ ਮਿਊਜ਼ਿਕ ਐਲਬਮ ਕੈਟੇਗਰੀ ਵਿੱਚ ਦਿੱਤਾ ਗਿਆ ਸੀ।

ਉਸ ਤੋਂ ਬਾਅਦ ਉਨ੍ਹਾਂ ਨੇ ਸਾਲ 2024 ਵਿੱਚ 66ਵੇਂ ਗ੍ਰੈਮੀ ਐਵਾਰਡ ਵਿੱਚ ਤਿੰਨ ਗ੍ਰੈਮੀ ਐਵਾਰਡ ਮਿਲੇ।

ਉਨ੍ਹਾਂ ਨੂੰ ਬੈਸਟ ਕੰਟੈਂਪਰਰੀ ਇੰਸਟਰੂਮੈਂਟਲ ਐਲਬਮ ਕੈਟੇਗਰੀ ਵਿੱਚ 'ਐਜ਼ ਵੀ ਸਪੀਕ' ਲਈ, ਬੈਸਟ ਗਲੋਬਲ ਮਿਊਜ਼ਿਕ ਐਲਬਮ ਕੈਟੇਗਰੀ ਵਿੱਚ 'ਇਸ ਮੋਮੈਂਟ' ਲਈ ਅਤੇ ਬੈਸਟ ਗਲੋਬਲ ਮਿਊਜ਼ਿਕ ਪਰਫਾਰਮੈਂਸ ਕੈਟੇਗਰੀ ਵਿੱਚ 'ਪਸ਼ਤੋ' ਲਈ ਐਵਾਰਡ ਮਿਲੇ।

ਜ਼ਾਕਿਰ ਹੁਸੈਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 4 ਫਰਵਰੀ, 2024 ਨੂੰ 66ਵੇਂ ਗ੍ਰੈਮੀ ਐਵਾਰਡ ਦੌਰਾਨ, ਜ਼ਾਕਿਰ ਹੁਸੈਨ ਨੂੰ 'ਪਸ਼ਤੋ' ਲਈ 'ਗਲੋਬਲ ਸੰਗੀਤ ਪ੍ਰਦਰਸ਼ਨ' ਪੁਰਸਕਾਰ ਮਿਲਿਆ।

ਸਾਲ 2009 ਵਿੱਚ ਬੀਬੀਸੀ ਹਿੰਦੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਜ਼ਾਕਿਰ ਹੁਸੈਨ ਨੇ ਸੰਗੀਤ ਜਗਤ ਵਿਚਲੀ ਆਪਣੀ ਯਾਤਰਾ ਨੂੰ ਲੈ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ।

ਜ਼ਾਕਿਰ ਹੁਸੈਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਾਕਿਰ ਹੁਸੈਨ ਆਪਣੇ ਆਖ਼ਰੀ ਸਾਹ ਅਮਰੀਕਾ ਦੇ ਇੱਕ ਹਸਪਤਾਲ ਵਿੱਚ ਲਏ

ਜਦੋਂ ਇੰਨੇ ਸਾਰੇ ਐਵਾਰਡ ਮਿਲਦੇ ਹਨ ਤਾਂ ਕੀ ਇਹ ਰੂਟੀਨ ਜਿਹਾ ਬਣ ਜਾਂਦਾ ਹੈ?

ਮੇਰਾ ਮੰਨਣਾ ਹੈ ਕਿ ਐਵਾਰਡ ਨੂੰ ਕੰਮ ਦੇ ਹਿਸਾਬ ਨਾਲ ਲਿਆ ਜਾਣਾ ਚਾਹੀਦਾ ਹੈ। ਐਵਾਰਡ ਮਿਲਣਾ ਇਸ ਗੱਲ ਦੀ ਪੁਸ਼ਟੀ ਹੈ ਕਿ ਤੁਸੀਂ ਸਹੀ ਰਸਤੇ ʼਤੇ ਜਾ ਰਹੇ ਹੋ।

ਐਵਾਰਡ ਨੂੰ ਇੱਕ ਆਸ਼ੀਰਵਾਦ ਵਾਂਗ ਮੰਨਿਆ ਜਾ ਸਕਦਾ ਹੈ। ਗ੍ਰੈਮੀ ਐਵਾਰਡ ਦੀ ਜਿਊਰੀ ਵਿੱਚ ਸਾਰੇ ਕਲਾਕਾਰ ਸ਼ਾਮਲ ਹੁੰਦੇ ਹਨ। ਮੇਰੇ ਮੁਤਾਬਕ ਜੇਕਰ ਮੈਨੂੰ ਇਹ ਐਵਾਰਡ 17 ਸਾਲ ਬਾਅਦ ਮਿਲਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਨਵੇਂ ਯੁੱਗ ਨਾਲ ਅੱਗੇ ਵਧ ਰਹੇ ਹਾਂ। ਨਹੀਂ ਤਾਂ ਇਸ ਉਮਰ 'ਚ ਲਾਈਫਟਾਈਮ ਅਚੀਵਮੈਂਟ ਐਵਾਰਡ ਮਿਲਦੇ ਹਨ।

ਜ਼ਾਕਿਰ ਹੁਸੈਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਾਕਿਰ ਹੁਸੈਨ ਨੇ ਕਈ ਲੋਕਾਂ ਨਾਲ ਕੰਮ ਕੀਤਾ ਹੈ

ਤੁਸੀਂ ਜਦੋਂ 17-18 ਸਾਲ ਦੇ ਸੀ ਤਾਂ ਤੁਸੀਂ ਕਾਫ਼ੀ ਮਸ਼ਹੂਰ ਸੀ?

ਮੈਨੂੰ ਚੰਗਾ ਐਕਸਪੋਜ਼ਰ ਮਿਲਿਆ। ਇਸ ਦਾ ਸਿਹਰਾ ਮੈਂ ਆਪਣੇ ਪਿਤਾ ਨੂੰ ਦੇਵਾਂਗਾ। ਉਨ੍ਹਾਂ ਕਾਰਨ ਮੈਂ ਕਈ ਲੋਕਾਂ ਨੂੰ ਸੁਣਿਆ ਅਤੇ ਉਨ੍ਹਾਂ ਨਾਲ ਮਿਲਿਆ।

12 ਸਾਲ ਦੀ ਉਮਰ ਵਿੱਚ ਮੈਂ ਵੱਡੇ ਗ਼ੁਲਾਮ ਅਲੀ, ਆਮਿਰ ਖ਼ਾਨ, ਓਂਕਾਰਨਾਥ ਠਾਕੁਰ ਨਾਲ ਤਬਲਾ ਵਜਾ ਰਿਹਾ ਸੀ।

16-17 ਸਾਲ ਦੀ ਉਮਰ ਵਿੱਚ ਮੈਂ ਰਵੀ ਸ਼ੰਕਰ, ਅਲੀ ਅਕਬਰ ਖ਼ਾਨ ਨਾਲ ਸੰਗਤ ਕਰ ਰਿਹਾ ਸੀ।

ਇਸ ਤੋਂ ਬਾਅਦ ਮੈਂ ਅਗਲੀ ਪੀੜ੍ਹੀ ਦੇ ਹਰੀ ਪ੍ਰਸਾਦ, ਸ਼ਿਵ ਕੁਮਾਰ, ਅਮਜਦ ਭਾਈ ਅਤੇ ਫਿਰ ਅੱਜ ਦੀ ਪੀੜ੍ਹੀ ਦੇ ਸ਼ਾਹਿਦ ਪਰਵੇਜ਼, ਰਾਹੁਲ ਸ਼ਰਮਾ, ਅਮਨ-ਅਯਾਨ ਨਾਲ ਵਜਾਇਆ।

ਇਸ ਲਈ ਮੈਂ ਇਹ ਕਹਿ ਰਿਹਾ ਹਾਂ ਕਿ ਮੈਨੂੰ ਚਾਰ ਪੀੜ੍ਹੀਆਂ ਦਾ ਚੰਗਾ ਅਨੁਭਵ ਮਿਲਿਆ। ਫਿਰ ਮੈਨੂੰ ਬਾਲੀਵੁੱਡ ਅਤੇ ਹਾਲੀਵੁੱਡ ਦੀਆਂ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।

ਤੁਹਾਡੇ ਪਿਤਾ ਅੱਲ੍ਹਾ ਰੱਖਾ ਖ਼ਾਨ ਆਪਣੇ ਆਪ ਵਿੱਚ ਸੰਗੀਤ ਦਾ ਸਕੂਲ ਸਨ, ਤਾਂ ਕੀ ਤੁਹਾਡੇ ਪ੍ਰੇਰਨਾ ਸਰੋਤ ਉਹੀ ਸਨ?

ਮੇਰੇ ʼਤੇ ਸਭ ਤੋਂ ਜ਼ਿਆਦਾ ਅਸਰ ਮੇਰੇ ਪਿਤਾ ਦਾ ਹੀ ਹੈ। ਮੇਰੇ ਪਿਤਾ ਨੇ ਹੀ ਮੈਨੂੰ ਸ਼ੁਰੂਆਤੀ ਤਾਲੀਮ ਦਿੱਤੀ ਕਿ ਕਿਵੇਂ ਕਿੱਥੇ ਹੱਥ ਰੱਖਣਾ ਹੈ, ਬੋਲ ਦੇ ਨਾਲ ਕਿਵੇਂ ਸੰਤੁਲਨ ਬਿਠਾਉਣਾ ਹੈ, ਕਿਸ ਘਰਾਣੇ ਦੀ ਕੀ ਖ਼ਾਸੀਅਤ ਹੈ।

ਇਸ ਤੋਂ ਬਾਅਦ ਮੈਂ ਵੱਖ-ਵੱਖ ਥਾਵਾਂ ʼਤੇ ਵਜਾਉਣ ਲੱਗਾ ਅਤੇ ਦੂਜੇ ਤਬਲਾ ਵਾਦਕਾਂ ਨੂੰ ਵੀ ਸੁਣਿਆ ਤਾਂ ਉਨ੍ਹਾਂ ਕੋਲੋਂ ਵੀ ਪ੍ਰੇਰਿਤ ਹੋਇਆ।

ਮੇਰੇ ਪਿਤਾ ਨੇ ਵੀ ਮੈਨੂੰ ਚੰਗੀਆਂ ਚੀਜ਼ਾਂ ਲੈਣ ਤੋਂ ਨਹੀਂ ਰੋਕਿਆ। ਤਾਂ ਮੇਰੇ ਪਿਤਾ ਦੀ ਤਾਲੀਮ ਨੀਂਹ ਸੀ, ਪਰ ਬਾਕੀ ਲੋਕਾਂ ਵਿੱਚ ਉਸਤਾਦ ਹਬੀਬੂਦੀਨ ਖ਼ਾਨ, ਖ਼ਲੀਫ਼ਾ ਵਾਜ਼ਿਦ ਹੁਸੈਨ, ਕੰਠਾ ਮਹਾਰਾਜਜੀ, ਸ਼ਾਂਤਾ ਪ੍ਰਸਾਦ ਦੀ ਤਾਂ ਅਸਰ ਵੀ ਮੇਰੇ ʼਤੇ ਪਿਆ।

ਜ਼ਾਕਿਰ ਹੁਸੈਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਾਕਿਰ ਹੁਸੈਨ ਆਪਣੇ ਪਿਤਾ ਨੂੰ ਪ੍ਰੇਰਨਾ ਸਰੋਤ ਮੰਨਦੇ ਹਨ

ਕਦੇ ਲੱਗਾ ਕਿ ਤਬਲਾ ਨਹੀਂ ਬਲਕਿ ਕੁਝ ਹੋਰ ਵਜਾਉਣਾ ਚਾਹੀਦਾ ਸੀ?

ਨਹੀਂ, ਕੁਝ ਹੋਰ ਚੁਣਨ ਦਾ ਤਾਂ ਸਵਾਲ ਹੀ ਨਹੀਂ ਸੀ। ਬਚਪਨ ਵਿੱਚ ਕਈ ਵਾਰ ਅਜਿਹਾ ਹੋਇਆ ਹੈ ਕਿ ਰਿਆਜ਼ ਕਰਨ ਤੋਂ ਬਾਅਦ ਮੈਂ ਸੌਂਦਾ ਸੀ ਤਾਂ ਤਬਲਾ ਵੀ ਨਾਲ ਹੀ ਹੁੰਦਾ ਸੀ।

ਦਿਮਾਗ਼ ਵਿੱਚ ਕਦੇ ਆਇਆ ਹੀ ਨਹੀਂ ਕਿ ਕੁਝ ਹੋਰ ਵਜਾਇਆ ਜਾਵੇ। ਵੈਸੇ ਮੇਰੇ ਪਿਤਾ ਨੇ ਮੈਨੂੰ ਥੋੜ੍ਹੇ ਦਿਨਾਂ ਲਈ ਪਿਆਨੋ ਸਿੱਖਣ ਲਈ ਭੇਜਿਆ ਸੀ।

ਸ਼ਾਇਦ ਉਨ੍ਹਾਂ ਨੂੰ ਖ਼ਬਰ ਸੀ ਕਿ ਇਸ ਨਾਲ ਮੈਨੂੰ ਪੱਛਮੀ ਸੰਗੀਤ ਦਾ ਕੁਝ ਅੰਦਾਜ਼ਾ ਹੋ ਜਾਵੇ। ਤਾਂ ਮੈਂ ਥੋੜ੍ਹਾ ਪਿਆਨੋ ਅਤੇ ਗਿਟਾਰ ਵਜਾਇਆ। ਸਿਤਾਰ ʼਤੇ ਵੀ ਥੋੜ੍ਹਾ ਹੱਥ ਅਜਮਾਇਆ।

ਪਰ ਮੇਰਾ ਜੋ ਰੁਝਾਨ ਤਬਲੇ ਵੱਲ ਰਿਹਾ ਉਹ ਕਿਸੇ ਹੋਰ ਸਾਜ਼ ਵੱਲ ਨਹੀਂ ਗਿਆ।

ਜ਼ਾਕਿਰ ਹੁਸੈਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਾਕਿਰ ਹੁਸੈਨ ਮੁਤਾਬਕ ਉਹ ਤਬਲਾ ਵਜਾਉਣ ਦਾ ਆਨੰਦ ਮਾਣਦੇ ਸਨ

ਤੁਸੀਂ ਤਬਲਾ ਵਜਾਉਣ ਨਾਲ ਜੋ ਸੈਕਸ ਅਪੀਲ ਦਿੱਤੀ ਸੀ, ਉਸ ਬਾਰੇ ਤੁਸੀਂ ਕੀ ਕਹੋਗੇ?

ਦੇਖੋ, ਜਦੋਂ ਅਸੀਂ ਸਟੇਜ 'ਤੇ ਆਉਂਦੇ ਹਾਂ, ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਆਪਣੇ ਵਾਲ ਇਸ ਤਰ੍ਹਾਂ ਬਣਾਉਣੇ ਹਨ, ਇਸ ਤਰ੍ਹਾਂ ਕੱਪੜੇ ਪਹਿਨਣੇ ਹਨ। ਮੈਂ 1960-70 ਦੀ ਗੱਲ ਕਰ ਰਿਹਾ ਹਾਂ।

ਉਸ ਸਮੇਂ ਮੀਡੀਆ ਦਾ ਵੀ ਇੰਨਾ ਪ੍ਰਭਾਵ ਨਹੀਂ ਸੀ। 20-25 ਸਾਲ ਦੀ ਮਿਹਨਤ ਤੋਂ ਬਾਅਦ ਕੁਝ ਰੁਤਬਾ ਹਾਸਲ ਹੋਇਆ। ਉਸ ਤੋਂ ਪਹਿਲਾਂ ਅਸੀਂ ਟਰੇਨ ਵਿੱਚ ਥਰਡ ਕਲਾਸ ਵਿੱਚ ਸਫ਼ਰ ਕਰਦੇ ਸੀ।

ਮੁੰਬਈ ਤੋਂ ਪਟਨਾ, ਬਨਾਰਸ ਅਤੇ ਕੋਲਕਾਤਾ ਜਾਣ ਲਈ ਤਿੰਨ-ਤਿੰਨ ਦਿਨ ਲੱਗ ਜਾਂਦੇ ਸਨ। ਕਈ ਵਾਰ ਤਾਂ ਸੀਟ ਵੀ ਨਹੀਂ ਹੁੰਦੀ ਸੀ। ਅਖ਼ਬਾਰ ਵਿਛਾ ਕੇ ਬੈਠ ਜਾਂਦੇ ਸਨ। ਪਿਤਾ ਜੀ ਦਾ ਹੁਕਮ ਸੀ ਕਿ ਤਬਲਾ ਸਰਸਵਤੀ ਹੈ, ਇਸ ਨੂੰ ਪੈਰ ਨਹੀਂ ਲੱਗਣਾ ਚਾਹੀਦਾ।

ਇਹ ਲਗਭਗ 20-22 ਸਾਲ ਚੱਲਦਾ ਰਿਹਾ। ਮੈਂ 1961-62 ਤੋਂ ਤਬਲਾ ਵਜਾਉਂਦਾ ਆ ਰਿਹਾ ਹਾਂ ਅਤੇ ਸੱਤਰਵਿਆਂ ਦੇ ਅਖ਼ੀਰ ਵਿੱਚ ਪਛਾਣ ਮਿਲੀ।

ਜਿੱਥੋਂ ਤੱਕ ਸੈਕਸ ਅਪੀਲ ਦਾ ਸਵਾਲ ਹੈ, ਮੈਂ ਇਹ ਕਹਿਣਾ ਚਾਹਾਂਗਾ ਕਿ ਜਦੋਂ ਮੈਂ ਅਮਰੀਕਾ ਗਿਆ ਸੀ ਅਤੇ ਉੱਥੇ ਅਲੀ ਅਕਬਰ ਖ਼ਾਨ ਨਾਲ ਕਈ ਟੂਰ ਕੀਤੇ ਸਨ। ਇਸ ਤੋਂ ਬਾਅਦ ਕੁਝ ਆਤਮ-ਵਿਸ਼ਵਾਸ਼ ਆਇਆ।

ਭਾਰਤ ਤੋਂ ਬਾਹਰ ਰਹਿੰਦਿਆਂ ਮੈਂ ਇੱਕ ਗੱਲ ਹੋਰ ਸਿੱਖੀ ਕਿ ਮੰਚ 'ਤੇ ਬੈਠਣ ਦਾ ਮੇਰਾ ਉਦੇਸ਼ ਸਰੋਤਿਆਂ ਕੋਲੋਂ ਤਾੜੀਆਂ ਵਜਵਾਉਣਾ ਨਹੀਂ ਹੋਣਾ ਚਾਹੀਦਾ, ਸਗੋਂ ਤਬਲਾ ਵਜਾਉਣ ਦਾ ਆਨੰਦ ਲੈਣਾ ਚਾਹੀਦਾ ਹੈ। ਲੋਕਾਂ ਨੂੰ ਮੇਰਾ ਆਨੰਦ ਮਾਣਨਾ ਨਜ਼ਰ ਵੀ ਆਉਂਦਾ ਹੈ।

ਮੈਂ ਲੋਕਾਂ ਨੂੰ ਦੇਖ ਕੇ ਹੱਸ ਰਿਹਾ ਹਾਂ, ਜੋ ਗੱਲ ਮੈਨੂੰ ਚੰਗੀ ਲੱਗਦੀ ਹੈ ਉਸ ਦੀ ਸ਼ਲਾਘਾ ਵੀ ਕਰ ਰਿਹਾਂ ਹਾਂ। ਸ਼ਾਇਦ ਇਹੀ ਗੱਲ ਮੈਨੂੰ ਹੋਰ ਕਲਾਕਾਰਾਂ ਤੋਂ ਵੱਖ ਕਰਦੀ ਹੈ। ਮੇਰਾ ਮੰਨਣਾ ਹੈ ਕਿ ਜੇਕਰ ਤੁਸੀਂ ਆਪਣੇ ਆਪ ਨੂੰ ਕਿਸੇ ਚੀਜ਼ ਲਈ ਸਮਰਪਿਤ ਕਰਦੇ ਹੋ ਅਤੇ ਇਹ ਦੂਜਿਆਂ ਨੂੰ ਦਿਖਾਈ ਦਿੰਦਾ ਹੈ, ਤਾਂ ਇਹ ਤੁਹਾਨੂੰ ਦੂਜਿਆਂ ਤੋਂ ਵੱਖਰਾ ਬਣਾਉਂਦਾ ਹੈ।

ਜ਼ਾਕਿਰ ਹੁਸੈਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਾਕਿਰ ਹੁਸੈਨ ਨੇ ਕਈ ਕੌਮੀ ਤੇ ਕੌਮਾਂਤਰੀ ਪ੍ਰੋਗਰਾਮ ਕੀਤੇ ਹੋਏ ਹਨ

ਤੁਹਾਡਾ ਹੇਅਰ ਸਟਾਈਲ ਕਦੋਂ ਤੋਂ ਅਜਿਹਾ ਹੈ?

ਹੇਅਰ ਸਟਾਈਲ ਕਦੇ ਸੋਚ ਕੇ ਨਹੀਂ ਬਣਾਇਆ। ਸ਼ਾਇਦ ਕਈ ਵਾਰ ਇਉਂ ਹੋਇਆ ਕਿ ਨਹਾ ਕੇ ਬਾਹਰ ਨਿਕਲੇ। ਜਾਣ ਦੀ ਕਾਹਲੀ ਵਿੱਚ ਸੀ ਤਾਂ ਵਾਲਾਂ ਨੂੰ ਸੁਕਾਉਣ ਅਤੇ ਕੰਘੀ ਕਰਨ ਦਾ ਮੌਕਾ ਨਹੀਂ ਮਿਲਿਆ। ਉਸ ਦੌਰਾਨ ਅਮਰੀਕੀ ਵਿੱਚ ਹਿੱਪੀ ਸਟਾਇਲ ਚੱਲ ਰਿਹਾ ਸੀ। ਲੰਬੇ ਵਾਲ, ਲੰਬੀ ਦਾੜ੍ਹੀ।

ਮੈਂ ਵੀ ਕਦੇ ਧਿਆਨ ਨਹੀਂ ਦਿੱਤਾ। ਫਿਰ ਮੈਂ ਤਾਜ ਚਾਹ ਵਾਲਿਆਂ ਨਾਲ ਇੱਕ ਸਮਝੌਤਾ ਵੀ ਹੋਇਆ ਅਤੇ ਉਨ੍ਹਾਂ ਨੇ ਇਕਰਾਰਨਾਮੇ ਵਿੱਚ ਇਹ ਸ਼ਰਤ ਵੀ ਰੱਖੀ ਕਿ ਤੁਸੀਂ ਆਪਣੇ ਵਾਲ ਨਹੀਂ ਕੱਟ ਸਕਦੇ। ਇਸ ਲਈ ਇਹ ਮੇਰੀ ਮਜਬੂਰੀ ਬਣ ਗਈ।

ਇੱਕ ਜ਼ਮਾਨਾ ਅਜਿਹਾ ਸੀ ਕਿ ਮੇਰੇ ਬਹੁਤ ਸੰਘਣੇ ਵਾਲ ਸਨ।

ਤੁਹਾਡੇ ਪਾਰਟ-ਟਾਈਮ ਸ਼ੌਂਕ ਕੀ ਹਨ?

ਮੈਨੂੰ ਅਤੇ ਮੇਰੀ ਪਤਨੀ ਨੂੰ ਹਾਈਕਿੰਗ ਪਸੰਦ ਹੈ। ਪੜ੍ਹਨਾ ਵੀ ਮੈਨੂੰ ਚੰਗਾ ਲੱਗਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਪ੍ਰਾਂਤਾਂ ਅਤੇ ਵੱਖ-ਵੱਖ ਦੇਸ਼ਾਂ ਦਾ ਲੋਕ ਸੰਗੀਤ ਵੀ ਮੈਨੂੰ ਪਸੰਦ ਹੈ ਕਿਉਂਕਿ ਇਸ ਤੋਂ ਲੋਕਾਂ ਦੇ ਰਹਿਣ-ਸਹਿਣ ਅਤੇ ਜੀਵਨਸ਼ੈਲੀ ਦਾ ਪਤਾ ਲੱਗਦਾ ਹੈ।

ਜ਼ਾਕਿਰ ਹੁਸੈਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਾਕਿਰ ਹੁਸੈਨ ਨੂੰ ਹਾਈਕਿੰਗ ਕਰਨਾ ਪਸੰਦ ਹੈ

ਤੁਸੀਂ ਦੋ ਵਾਕਾਂ ਵਿੱਚ ਖ਼ੁਦ ਨੂੰ ਕਿਵੇਂ ਦੱਸਣਾ ਚਾਹੋਗੇ?

ਮੈਂ ਖ਼ੁਦ ਨੂੰ ਸ਼ਾਗਿਰਦ ਕਹਿਣਾ ਚਾਹਾਂਗਾ। ਮੈਂ ਹਰ ਰੋਜ਼ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ।

ਮੇਰੇ ਪਿਤਾ ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਸਨ ਬੇਟਾ ਉਸਤਾਦ ਬਣਨ ਦੀ ਕੋਸ਼ਿਸ਼ ਕਦੇ ਨਾ ਕਰਨਾ, ਚੰਗੇ ਸ਼ਾਗਿਰਦ ਬਣੋਗੇ ਤਾਂ ਬਹੁਤ ਕੁਝ ਸਿੱਖੋਗੇ।

ਮੈਂ ਇਹ ਨਿਮਰਤਾ ਨਾਲ ਨਹੀਂ ਕਹਿ ਰਿਹਾ ਹਾਂ। ਹਰ ਰੋਜ਼ ਜਦੋਂ ਮੈਂ ਘਰੋਂ ਨਿਕਲਦਾ ਹਾਂ, ਮੈਨੂੰ ਪਤਾ ਹੁੰਦਾ ਹੈ ਕਿ ਮੈਂ ਅੱਜ ਕੁਝ ਨਵਾਂ ਸਿੱਖਾਂਗਾ। ਇਸ ਲਈ ਮੇਰੇ ਅਨੁਸਾਰ, ਜ਼ਿੰਦਗੀ ਮੰਜ਼ਿਲ 'ਤੇ ਪਹੁੰਚਣ ਬਾਰੇ ਨਹੀਂ, ਬਲਕਿ ਜ਼ਿੰਦਗੀ ਦੇ ਸਫ਼ਰ ਦਾ ਅਨੰਦ ਲੈਣ ਬਾਰੇ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)