ਗੁਰੂਜਸ ਕੌਰ ਖਾਲਸਾ ਕੌਣ ਹਨ, ਜਿਨ੍ਹਾਂ ਨੇ ਦੂਜੀ ਵਾਰ ਜਿੱਤਿਆ ਗ੍ਰੈਮੀ ਐਵਾਰਡ

ਤਸਵੀਰ ਸਰੋਤ, Getty Images
- ਲੇਖਕ, ਸੁਮਨਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
ਵ੍ਹਾਈਟ ਸੰਨ ਮਿਊਜ਼ਿਕ ਗਰੁੱਪ ਦੀ ਗੁਰੂਜਸ ਕੌਰ ਖਾਲਸਾ ਨੇ ਸੰਗੀਤ ਜਗਤ ਦਾ ਵੱਕਾਰੀ ਐਵਾਰਡ ਗ੍ਰੈਮੀ ਜਿੱਤਿਆ ਹੈ।
ਗੁਰੂਜਸ ਕੌਰ ਖਾਲਸਾ ਨੇ ਐਲਬਮ 'ਮਿਸਟਿਕ ਮਿਰਰ' ਵਿੱਚ ਆਪਣੇ ਗਾਇਨ ਲਈ ਇਹ ਐਵਾਰਡ ਹਾਸਿਲ ਕੀਤਾ ਹੈ।
ਇਸ ਐਲਬਮ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸ਼ਬਦ ਵੀ ਸ਼ਾਮਿਲ ਹਨ।
ਗੁਰੂਜਸ ਕੌਰ ਖਾਲਸਾ ਦਾ ਇਹ ਦੂਜਾ ਗ੍ਰੈਮੀ ਐਵਾਰਡ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2017 ਵਿੱਚ ਵੀ ਜਿੱਤਿਆ ਸੀ।
ਆਪਣੇ ਟਵਿੱਟਰ ਹੈਂਡਲ 'ਤੇ ਉਨ੍ਹਾਂ ਨੇ ਇਸ ਬਾਰੇ ਲਿਖਿਆ ਹੈ, "ਅਸੀਂ ‘ਨਿਊ ਏਜ(ਨਵੇਂ ਯੁੱਗ), ਅਮਬਿਅੰਟ(ਸੁਖਦ) ਜਾਂ ਚਾਂਟ(ਸ਼ਬਦ ਉਚਾਰਣ’ ਸ਼੍ਰੇਣੀ ਵਿੱਚ ਆਪਣੀ ਐਲਬਮ "ਮਿਸਟਿਕ ਮਿਰਰ" ਲਈ ਹੁਣੇ ਇੱਕ ਗ੍ਰੈਮੀ ਜਿੱਤਿਆ ਹੈ।”
“ਅਸੀਂ ਰਿਕਾਰਡਿੰਗ ਅਕਾਦਮੀ ਦਾ ਨਾ ਸਿਰਫ਼ ਸ਼ਾਨਦਾਰ ਐਵਾਰਡ ਪ੍ਰੋਗਰਾਮ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ, ਸਗੋਂ ਸੰਗੀਤ ਸਿਰਜਣਹਾਰਾਂ ਦੇ ਵੱਲੋਂ ਉਨ੍ਹਾਂ ਦੇ ਕੀਤੇ ਸਾਰੇ ਸ਼ਾਨਦਾਰ ਕੰਮ ਲਈ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ।"

ਤਸਵੀਰ ਸਰੋਤ, Tw/whitesun
ਗੁਰੂਜਸ ਨੂੰ ਐਵਾਰਡ ਮਿਲਣ ’ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਇੰਸਟਾਗ੍ਰਾਮ ਪੋਸਟ 'ਤੇ ਵਧਾਈ ਦਿੱਤੀ।
ਉਨ੍ਹਾਂ ਨੇ ਲਿਖਿਆ, "ਇਹ ਸਾਡੇ ਲਈ ਮਾਣ ਵਾਲਾ ਪਲ਼ ਹੈ। ਲਾਸ ਏਂਜਲਸ ਅਧਾਰਤ ਬੈਂਡ ਵ੍ਹਾਈਟ ਸੰਨ ਨੂੰ ਉਨ੍ਹਾਂ ਦੀ ਐਲਬਮ 'ਮਿਸਟਿਕ ਮਿਰਰ' ਲਈ ਗ੍ਰੈਮੀ ਜਿੱਤਣ 'ਤੇ ਢੇਰ ਸਾਰੀਆਂ ਵਧਾਈਆਂ, ਇਸ ਐਲਬਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸ਼ਬਦ ਸ਼ਾਮਲ ਹਨ। ਇਹ ਗੁਰੂ ਸਾਹਿਬ ਦੇ ਸੰਦੇਸ਼ ਨੂੰ ਵਿਸ਼ਵ ਭਰ ਵਿੱਚ ਪ੍ਰਚਾਰਨ ਲਈ ਪ੍ਰਸ਼ੰਸਾ ਦੇ ਹੱਕਦਾਰ ਹਨ।"

ਤਸਵੀਰ ਸਰੋਤ, Insta/captamrinder
ਵ੍ਹਾਈਟ ਸੰਨ ਦੀ ਨਵੇਕਲੀ ਐਲਬਮ ਮਿਸਟਿਕ ਮਿਰਰ ਨੂੰ 15 ਨਵੰਬਰ, 2022 ਨੂੰ ਗ੍ਰੈਮੀ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਲੰਘੇ ਐਤਵਾਰ ਨੂੰ ਉਨ੍ਹਾਂ ਦੀ ਝੋਲੀ ਇਹ ਦੂਜਾ ਗ੍ਰੈਮੀ ਵੀ ਪੈ ਗਿਆ।
ਮਿਸਟਿਕ ਮਿਰਰ ਸਤੰਬਰ 2023 ਨੂੰ ਰਿਲੀਜ ਹੋਈ ਸੀ। ਇਸ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚੋਂ ਤਿੰਨ ਸ਼ਬਦ ਲਏ ਗਏ ਹਨ, ਜਿਨ੍ਹਾਂ ਵਿੱਚ ‘ਪਵਨ ਗੁਰੂ ਪਾਣੀ ਪਿਤਾ’ ਸ਼ਬਦ ਵੀ ਸ਼ਾਮਿਲ ਹੈ।

- ਵ੍ਹਾਈਟ ਸੰਨ ਮਿਊਜ਼ਿਕ ਗਰੁੱਪ ਦੀ ਗੁਰੂਜਸ ਕੌਰ ਖਾਲਸਾ ਨੇ ਸੰਗੀਤ ਜਗਤ ਦਾ ਵੱਕਾਰੀ ਐਵਾਰਡ ਗ੍ਰੈਮੀ ਜਿੱਤਿਆ ਹੈ।
- ਇਹ ਐਵਾਰਡ ਗੁਰੂਜਸ ਕੌਰ ਖਾਲਸਾ ਨੂੰ ਐਲਬਮ 'ਮਿਸਟਿਕ ਮਿਰਰ' ਲਈ ਮਿਲਿਆ ਹੈ।
- ਮਿਸਟਿਕ ਮਿਰਰ ਸਤੰਬਰ 2023 ਨੂੰ ਰਿਲੀਜ ਹੋਈ ਸੀ।
- ਗੁਰੂਜਸ ਕੌਰ ਖਾਲਸਾ ਦਾ ਇਹ ਦੂਜਾ ਗ੍ਰੈਮੀ ਐਵਾਰਡ ਹੈ।
- ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2017 ਵਿੱਚ ਵੀ ਜਿੱਤਿਆ ਸੀ।
- ਗੁਰੂਜਸ ਅਮਰੀਕਾ ਦੇ ਲਾਸ ਏਂਜਲਸ ਵਿੱਚ ਇੱਕ ਅਧਿਆਪਕ, ਸੰਗੀਤਕਾਰ ਅਤੇ ਵ੍ਹਾਈਟ ਸੰਨ ਵਿੱਚ ਮੁੱਖ ਗਾਇਕਾ ਹਨ।
- ਗੁਰੂਜਸ ਕੁੰਡਲਿਨੀ ਯੋਗਾ ਵੀ ਸਿਖਾਉਂਦੇ ਹਨ।

ਕੌਣ ਹਨ ਗੁਰੂਜਸ ਕੌਰ ਖਾਲਸਾ
ਗੁਰੂਜਸ ਦੇ ਅਧਿਆਪਕ ਹਰਜੀਵਨ ਸਿੰਘਦੀ ਵੈਬਸਾਈਟ ਮੁਤਾਬਕ ਗੁਰੂਜਸ ਕੌਰ ਖਾਲਸਾ ਅਮਰੀਕਾ ਦੇ ਲਾਸ ਏਂਜਲਸ ਵਿੱਚ ਇੱਕ ਅਧਿਆਪਕ, ਸੰਗੀਤਕਾਰ ਅਤੇ ਵ੍ਹਾਈਟ ਸੰਨ ਵਿੱਚ ਮੁੱਖ ਗਾਇਕਾ ਹਨ।

ਤਸਵੀਰ ਸਰੋਤ, Getty Images
ਉਹ ਕੁੰਡਲਿਨੀ ਯੋਗਾ ਸਿਖਾਉਂਦੇ ਹਨ, ਜੋ ਇੱਕ ਅਨੁਭਵ-ਆਧਾਰਿਤ ਪ੍ਰਣਾਲੀ ਹੈ ਜਿਸ ਵਿੱਚ ਆਨੰਦ, ਪੂਰਤੀ ਅਤੇ ਪਿਆਰ ਦਾ ਵਿਗਿਆਨ ਸ਼ਾਮਿਲ ਹੁੰਦਾ ਹੈ। ਉਹ ਇਹ ਵੀ ਮੰਨਦੇ ਹਨ ਕਿ ਖੁਸ਼ੀ ਇੱਕ ਵਾਈਬ੍ਰੇਸ਼ਨਲ ਬਾਰੰਬਾਰਤਾ ਹੈ ਅਤੇ ਇੱਕ ਸਥਾਈ ਅਵਸਥਾ ਹੋ ਸਕਦੀ ਹੈ।
ਗੁਰੂਜਸ ਕਈ ਅਧਿਆਪਕ ਸਿਖਲਾਈ ਕੋਰਸਾਂ ਦਾ ਹਿੱਸਾ ਰਹੇ ਹਨ ਅਤੇ ਅਮਰੀਕਾ ਤੇ ਵਿਦੇਸ਼ਾਂ ਵਿੱਚ ਕੁੰਡਲਿਨੀ ਯੋਗਾ ਸਿਖਾਉਂਦੇ ਹਨ। ਉਹ ਆਪਣੇ ਅਧਿਆਪਕ ਹਰਜੀਵਨ ਦੇ ਅਧੀਨ ਗਿਆਨ ਲੈਂਦੇ ਹਨ, ਜਿਨ੍ਹਾਂ ਨੇ ਮਹਾਨ ਤਾਂਤਰਿਕ ਯੋਗੀ ਭਜਨ ਤੋਂ ਕੁੰਡਲਿਨੀ ਯੋਗ ਦਾ ਵਿਗਿਆਨ ਹਾਸਿਲ ਕੀਤਾ ਸੀ।
ਉਹ ਉਨ੍ਹਾਂ ਨਾਲ ਯਾਤਰਾ ਕਰਦੇ ਹਨ, ਜਾਪ ਕਰਦੇ ਹਨ, ਉਪਦੇਸ਼ ਦਿੰਦੇ ਹਨ ਅਤੇ ਅਭਿਆਸ ਕਰਦੇ ਹਨ।
ਸੰਗੀਤ ਬਾਰੇ ਇੱਕ ਨਿੱਜੀ ਵੈਬਸਾਈਟ ਨਾਲ ਹੋਈ ਗੱਲਬਾਤ ਦੌਰਾਨ ਗੁਰੂਜਸ ਕੌਰ ਖਾਲਸਾ ਕਹਿੰਦੇ ਹਨ ਕਿ ਸੰਗੀਤ ਨੂੰ ਲੈ ਕੇ ਬਹੁਤ ਸਾਰੇ ਬਦਲ ਹੁੰਦੇ ਹਨ ਕਿ ਤੁਸੀਂ ਇਸ ਨੂੰ ਕਿਵੇਂ ਵਰਤਣਾ ਚਾਹੋਗੇ, ਅਤੇ ਇਹ ਅਸਲ ਵਿੱਚ ਹਰੇਕ ਵਿਅਕਤੀ 'ਤੇ ਨਿਰਭਰ ਕਰਦਾ ਹੈ।
ਉਹ ਆਖਦੇ ਹਨ, "ਉਹ ਧੁਨੀਆਂ ਦੀ ਵਰਤੋਂ ਕਿਵੇਂ ਕਰਨਾ ਚਾਹੁੰਦੇ ਹਨ। ਇਨ੍ਹਾਂ ਵਿੱਚੋਂ ਇੱਕ 62 ਮਿੰਟ ਦਾ ਸਿਮਰਨ ਹੈ, ਜਦੋਂ ਤੁਸੀਂ ਬੈਠਦੇ ਹੋ, ਸੁਣਦੇ ਹੋ ਅਤੇ ਪੂਰਾ ਜਾਪ ਕਰਦੇ ਹੋ। ਇੱਕ ਹੋਰ ਤਰੀਕਾ ਇਹ ਹੈ ਕਿ ਤੁਸੀਂ ਇਸ ਨੂੰ ਸੌਣ ਵੇਲੇ ਚਲਾ ਸਕਦੇ ਹੋ। ਇਸ ਲਈ ਇਹ ਉਹ ਚੀਜ਼ ਹੈ ਜਿਸ ਦੀ ਅਸੀਂ ਜ਼ੋਰਦਾਰ ਸਿਫਾਰਸ਼ ਕਰਦੇ ਹਾਂ। ਇੱਕ ਹੋਰ ਤਰੀਕਾ ਹੈ, ਹੋ ਸਕਦਾ ਹੈ ਤੁਸੀਂ ਪਸੰਦੀਦਾ ਦੇ ਗੀਤ ਨੂੰ ਚਲਾਓ ਅਤੇ ਇੱਕ ਜਾਂ ਦੋ ਮਿੰਟ ਲਈ ਗਾਓ, ਇਸ ਨੂੰ ਕਰਨ ਦਾ ਅਸਲ ਵਿੱਚ ਕੋਈ ਵੀ ਗ਼ਲਤ ਤਰੀਕਾ ਨਹੀਂ ਹੈ।"
ਇੱਕ ਹੋਰ ਵੈਬਸਾਈਟ ਨਾਲ ਗੱਲਬਾਤ ਦੌਰਾਨ ਗੁਰੂਜਸ ਵ੍ਹਾਈਟ ਸੰਨ ਦੇ ਸੰਗੀਤ ਬਾਰੇ ਆਖਦੇ ਹਨ, "ਮੈਂ ਕਹਾਂਗੀ ਇਹ ਇੱਕ ਨਿਊ ਏਜ ਪੋਪ ਸੰਗੀਤ ਹੈ। ਆਖ਼ਰਕਾਰ ਸਾਡਾ ਸੰਗੀਤ ਅਜਿਹੀ ਥਾਂ ਤੋਂ ਆਉਂਦਾ ਹੈ ਜਿਸ ਨੂੰ ਮੈਂ ਪੂਰੀ ਤਰ੍ਹਾਂ ਨਹੀਂ ਸਮਝਦੀ ਅਤੇ ਅਸੀਂ ਜੋ ਵੀ ਕਰਦੇ ਹਾਂ ਉਸ ਲਈ ਕੋਈ ਮਾਡਲ ਨਹੀਂ ਹੈ।"

ਤਸਵੀਰ ਸਰੋਤ, Gurujaskhalsa/insta
"ਅਸੀਂ ਸੰਗੀਤ ਨੂੰ ਉਸੇ ਤਰ੍ਹਾਂ ਹੀ ਆਕਾਰ ਦਿੰਦੇ ਹਾਂ ਜਿਵੇਂ ਸੰਗੀਤ ਸਾਨੂੰ ਦਿੰਦਾ ਹੈ। ਹਰ ਵਾਰ ਜਦੋਂ ਵੀ ਅਸੀਂ ਕੋਈ ਗੀਤ ਬਣਾਉਂਦੇ ਹਾਂ ਤਾਂ ਮੈਨੂੰ ਲਗਦਾ ਹੈ ਕੁਝ ਨਵਾਂ ਕੀਤਾ ਹੈ। ਜਿਸਦਾ ਮੇਰੇ ਕੋਲ ਪ੍ਰਸੰਗ ਨਹੀਂ ਹੈ। ਇਹ ਮੇਰਾ ਨਿੱਜੀ ਅਨੁਭਵ ਹੈ।"
ਗੁਰੂਜਸ ਦੇ ਅਧਿਆਪਕ ਹਰਜੀਵਨ ਸਿੰਘ
ਹਰਜੀਵਨ ਸਿੰਘ ਦੀ ਵੈਬਸਾਈਟ ਮੁਤਾਬਕ ਉਹ 1975 ਤੋਂ ਕੁੰਡਲਿਨੀ ਯੋਗਾ ਸਿਖਾ ਰਹੇ ਹਨ। ਉਹ ਵ੍ਹਾਈਟ ਸੰਨ ਦੇ ਸੰਸਥਾਪਕ ਵੀ ਹਨ।
ਕੁੰਡਲਿਨੀ ਯੋਗਾ ਦੇ ਵਿਗਿਆਨ ਵਿੱਚ ਹਰਜੀਵਨ ਸਿੰਘ ਨੂੰ 46 ਸਾਲਾਂ ਤੋਂ ਵੱਧ ਦਾ ਤਜ਼ਰਬਾ ਹੈ।
ਇਸ ਟੈਕਨਾਲੋਜੀ ਦੀ ਉਨ੍ਹਾਂ ਦੀ ਸੂਝ ਅਤੇ ਉਪਯੋਗ ਵਿਲੱਖਣ ਹਨ। ਕਈ ਸਾਲਾਂ ਤੱਕ ਹਰਜੀਵਨ ਨੇ ਆਪਣੇ ਗੁਰੂ, ਯੋਗੀ ਭਜਨ ਦੀ ਸਿੱਧੀ ਸੇਵਾ ਕੀਤੀ ਅਤੇ ਉਨ੍ਹਾਂ ਨਾਲ ਵਿਆਪਕ ਤੌਰ 'ਤੇ ਦੁਨੀਆ ਦੀ ਯਾਤਰਾ ਵੀ ਕੀਤੀ।
ਕੁੰਡਲਿਨੀ ਯੋਗਾ ਕੀ ਹੈ
ਹਰਜੀਵਨ ਦੀ ਵੈਬਸਾਈਟ ਮੁਤਾਬਕ, ਕੁੰਡਲਨੀ ਯੋਗਾ ਵਿੱਚ ਵਿਅਕਤੀਗਤ ਅਤੇ ਸਮਾਜਕ ਆਧਾਰ 'ਤੇ ਅਵਚੇਤਨ ਮਨ ਨਾਲ ਨਜਿੱਠਣ ਲਈ ਤਕਨੀਕੀ ਜਾਣਕਾਰੀ ਹੈ।
ਇਸ ਵਿੱਚ ਦੱਸਿਆ ਜਾਂਦਾ ਹੈ ਕਿ ਕਿਵੇਂ ਪਿਛਲੀਆਂ ਗ਼ਲਤੀਆਂ ਨਾ ਦੁਹਰਾਈਆਂ ਜਾਣ ਅਤੇ ਅਤੀਤ ਦੇ ਦੁੱਖਾਂ ’ਚ ਨਾ ਜੀਵਿਆ ਜਾਵੇ। ਇਹ ਇਸ ਸਮੇਂ ਲਈ ਜ਼ਰੂਰੀ ਸਿੱਖਿਆਵਾਂ ਹਨ।
ਤੁਹਾਨੂੰ ਆਪਣੇ ਅਧਿਆਪਕ ਆਪ ਬਣਨਾ ਪਵੇਗਾ, ਜਿਵੇਂ ਇੱਕ ਮੋਮਬੱਤੀ ਦੀ ਰੌਸ਼ਨੀ ਹਜ਼ਾਰਾਂ ਮੋਮਬੱਤੀਆਂ ਨੂੰ ਰੌਸ਼ਨ ਕਰ ਸਕਦੀ ਹੈ, ਉਸੇ ਤਰ੍ਹਾਂ ਹੀ ਤੁਹਾਨੂੰ ਪਹਿਲਾਂ ਆਪਣੀ ਚੇਤਨਾ ਨੂੰ ਪ੍ਰਕਾਸ਼ਮਾਨ ਕਰਨਾ ਚਾਹੀਦਾ ਹੈ। ਆਪਣੀ ਖ਼ੁਦ ਦੀ ਜਾਗਰੂਕਤਾ ਨੂੰ ਜਗਾਉਣਾ ਚਾਹੀਦਾ ਹੈ ਤਾਂ ਹੀ ਫਿਰ ਤੁਸੀਂ ਦੂਜਿਆਂ ਦੀ ਮਦਦ ਕਰ ਸਕਦੇ ਹੋ।
ਕੁੰਡਲਨੀ ਸਿਖਲਾਈ ਟੈਕਨਾਲੋਜੀ ਬਾਰੇ ਹੈ, ਨਿੱਜੀ ਤਬਦੀਲੀ ਦੀ ਤਕਨਾਲੋਜੀ ਬਾਰੇ, ਜਿਸ ਵਿੱਚ ਪਤਾ ਲਗਦਾ ਹੈ ਕਿ ਤਾਕਤ, ਸਪੱਸ਼ਟਤਾ ਅਤੇ ਕਿਰਪਾ ਕਿਵੇਂ ਹਾਸਿਲ ਕੀਤੀ ਜਾਵੇ। ਇਹ ਵਿਵਸਥਿਤ, ਵਿਆਪਕ ਅਤੇ ਸੰਪੂਰਨ ਹੈ।
ਕਦੋਂ ਹੋਂਦ 'ਚ ਆਇਆ ਵ੍ਹਾਈਟ ਸੰਨ
ਵ੍ਹਾਈਟ ਸਨ ਦੀ ਵੈਬਸਾਈਟ ਮੁਤਾਬਕ, ਇਹ ਇੱਕ ਸੰਗੀਤਕ ਗਰੁੱਪ ਹੈ ਜੋ 2015 ਵਿੱਚ ਲਾਸ ਏਂਜਲਸ, ਕੈਲੀਫੋਰਨੀਆ ਵਿੱਚ ਬਣਾਇਆ ਗਿਆ ਸੀ।

ਤਸਵੀਰ ਸਰੋਤ, Getty Images
ਇਸ ਨੂੰ ਬਣਾਉਣ ਲਈ ਗੁਰੂਜਸ, ਹਰਜੀਵਨ, ਅਤੇ ਐਡਮ ਬੇਰੀ ਸ਼ਾਮਲ ਹਨ। ਵ੍ਹਾਈਟ ਸਨ ਨੇ 2017 ਵਿੱਚ ਆਪਣੀ ਦੂਜੀ ਐਲਬਮ, ਵ੍ਹਾਈਟ ਸਨ II, ਲਈ ਇੱਕ ਗ੍ਰੈਮੀ ਐਵਾਰਡ ਜਿੱਤਿਆ ਸੀ।
ਵ੍ਹਾਈਟ ਸੰਨ ਨੇ ਦੁਨੀਆਂ ਦੀਆਂ ਕੁਝ ਮਹਾਨ ਸੰਗੀਤਕ ਪ੍ਰਤਿਭਾਵਾਂ ਨਾਲ ਕੌਲੈਬਰੇਸ਼ਨ ਕੀਤਾ ਹੈ।
ਇਸ ਸੂਚੀ ਵਿੱਚ 3-ਵਾਰ ਦੇ ਗ੍ਰੈਮੀ ਜੇਤੂ ਨਿਰਮਾਤਾ, ਗੀਤਕਾਰ ਅਤੇ ਸੰਗੀਤਕਾਰ ਮਾਰਕ ਬੈਟਸਨ, ਗ੍ਰੈਮੀ ਲਾਈਫ ਟਾਈਮ ਐਵਾਰਡ ਜੇਤੂ ਅਬ੍ਰਾਹਮ ਲੇਬੋਰੀਅਲ ਲੋਪੇਜ਼, 3-ਵਾਰ ਦਾ ਗ੍ਰੈਮੀ ਐਵਾਰਡ ਅਤੇ 6-ਵਾਰ ਦਾ ਲੈਟਿਨ ਗ੍ਰੈਮੀ ਪੁਰਸਕਾਰ ਜੇਤੂ ਸਣੇ ਆਸਕਰ ਜੇਤੂ ਏਆਰ ਰਹਿਮਾਨ ਤੇ ਕਈ ਹੋਰ ਵੀ ਸ਼ਾਮਿਲ ਰਹੇ ਹਨ।
ਇਹ ਵੀ ਪੜ੍ਹੋ-













