ਜੌਰਜੀਆ 'ਚ ਜ਼ਮੀਨ ਦੇ ਮਰੱਬੇ ਖ਼ਰੀਦਣ ਗਏ ਪੰਜਾਬੀ ਕਿਸਾਨਾਂ ਦਾ ਮੋਹ ਭੰਗ ਕਿਉਂ ਹੋਇਆ? ਹੁਣ ਇੱਥੇ ਪੰਜਾਬੀ ਕੀ ਕਾਰੋਬਾਰ ਕਰਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਜੌਰਜੀਆ ਦੇ ਇੱਕ ਰੈਸਟੋਰੈਂਟ ਵਿੱਚ 11 ਪੰਜਾਬੀਆਂ ਸਣੇ 12 ਜਣਿਆਂ ਦੇ ਰਾਤੀਂ ਸੁੱਤਿਆਂ ਪਏ ਮਾਰੇ ਜਾਣ ਤੋਂ ਬਾਅਦ ਇਹ ਮੁਲਕ ਕਾਫੀ ਚਰਚਾ ਵਿੱਚ ਹੈ।
ਜੌਰਜੀਆਂ ਕੌਕਸਸ ਖੇਤਰ ਦਾ ਮੁਲਕ ਹੈ, ਜਿਸ ਦੀਆਂ ਸਰਹੱਦਾਂ ਰੂਸ, ਤੁਰਕੀ, ਅਜ਼ਰਬਾਈਜਾਨ ਅਤੇ ਅਰਮੀਨੀਆ ਨਾਲ ਲੱਗਦੀਆਂ ਹਨ।
ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਇਸ ਮੁਲਕ ਦੇ ਸੈਰ-ਸਪਾਟੇ ਲਈ ਮਸ਼ਹੂਰ ਸ਼ਹਿਰ ਗੁਦੌਰੀ ਵਿੱਚ ਇੱਕ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੇ 12 ਜਣਿਆਂ ਦੀ ਸੁੱਤਿਆਂ ਹੋਏ ਦਮ ਘੁੱਟਣ ਕਾਰਨ ਮੌਤ ਹੋ ਗਈ।
ਇਸ ਘਟਨਾ ਤੋਂ ਬਾਅਦ ਜੌਰਜੀਆਂ ਵਿੱਚ ਪੰਜਾਬੀਆਂ ਦੀ ਮੌਜੂਦਗੀ ਵੀ ਚਰਚਾ ਵਿੱਚ ਆ ਗਈ ਹੈ।

ਜੌਰਜੀਆਂ ਵਿੱਚ ਪੰਜਾਬੀ

ਤਸਵੀਰ ਸਰੋਤ, Getty Images
ਜੌਰਜੀਆਂ ਵਿੱਚ ਪੰਜਾਬੀਆਂ ਦੇ ਪਰਵਾਸ ਦਾ ਇਤਿਹਾਸ ਅਮਰੀਕਾ ਅਤੇ ਕੈਨੇਡਾ ਵਾਂਗ ਸਦੀਆਂ ਪੁਰਾਣਾ ਨਹੀਂ ਹੈ।
ਮਹਿਜ਼ 37 ਲੱਖ ਦੀ ਆਬਾਦੀ ਵਾਲੇ ਜੌਰਜੀਆ ਨਾਲ ਪੰਜਾਬੀਆਂ ਦਾ ਰਿਸ਼ਤਾ ਕੁਝ ਦਹਾਕੇ ਪੁਰਾਣਾ ਹੀ ਹੈ। ਪਹਿਲਾਂ ਆਮ ਤੌਰ ਉੱਤੇ ਕੋਈ ਭਾਰਤੀ ਜਾਂ ਪੰਜਾਬੀ ਇੱਥੇ ਮੈਡੀਕਲ ਦੀ ਪੜ੍ਹਾਈ ਕਰਨ ਜਾਂਦਾ ਸੀ।
ਪਰ 2012 ਤੋਂ ਬਾਅਦ ਇਹ ਮੁਲਕ ਪੰਜਾਬੀਆਂ ਖ਼ਾਸ ਤੌਰ ਉੱਤੇ ਕਿਸਾਨਾਂ ਵਿੱਚ ਕਾਫ਼ੀ ਮਕਬੂਲ ਹੋਇਆ। ਦਰਅਸਲ ਜੌਰਜੀਆਂ ਦੀ ਸਰਕਾਰ ਵੱਲੋਂ 2010 ਵਿੱਚ ਖੇਤੀਬਾੜੀ ਖੇਤਰ ਵਿੱਚ ਵਿਦੇਸ਼ੀ ਕਿਸਾਨਾਂ ਨੂੰ ਨਿਵੇਸ਼ ਕਰਨ ਲਈ ਖੁੱਲ੍ਹ ਦਿੱਤੀ।
ਜਿਸ ਤੋਂ ਬਾਅਤ ਬਹੁਤ ਸਾਰੇ ਪੰਜਾਬੀ ਮੂਲ ਦੇ ਕਿਸਾਨਾਂ ਨੇ ਇਸ ਦੇਸ਼ ਦਾ ਰੁਖ਼ ਕੀਤਾ ਅਤੇ ਵਾਹੀਯੋਗ ਜ਼ਮੀਨਾਂ ਖ਼ਰੀਦੀਆਂ ਅਤੇ ਖੇਤੀ ਸ਼ੁਰੂ ਕੀਤੀ।
ਜਾਣਕਾਰਾਂ ਮੁਤਾਬਕ ਕਿਸਾਨਾਂ ਦਾ ਜੌਰਜੀਆ ਵੱਲ ਇਹ ਰੁਝਾਨ 2016 ਤੱਕ ਰਿਹਾ। ਜੌਰਜੀਆ ਸਰਕਾਰ ਵੱਲੋਂ ਨੀਤੀਆਂ ਵਿੱਚ ਬਦਲਾਅ ਕਰਨ ਤੋਂ ਬਾਅਦ ਕਿਸਾਨਾਂ ਦਾ ਇਸ ਦੇਸ਼ ਤੋਂ ਮੋਹ ਭੰਗ ਹੋ ਗਿਆ।
ਹਾਲਾਂਕਿ, ਪੰਜਾਬੀਆਂ ਦੀ ਜੌਰਜੀਆ ਵਿੱਚ ਗਿਣਤੀ ਦਾ ਕੋਈ ਅਧਿਕਾਰਤ ਅੰਕੜਾ ਮੌਜੂਦਾ ਨਹੀਂ ਹੈ ਪਰ ਉੱਥੇ ਰਹਿਣ ਵਾਲੇ ਲੋਕਾਂ ਮੁਤਾਬਕ 600-700 ਪੰਜਾਬੀ ਇਸ ਵਕਤ ਇਸ ਦੇਸ਼ ਵਿੱਚ ਮੌਜੂਦ ਹਨ, ਜੋ ਕਿ ਖੇਤੀਬਾੜੀ ਅਤੇ ਕਈ ਹੋਰ ਕਾਰੋਬਾਰ ਕਰ ਰਹੇ ਹਨ।
ਭਾਰਤੀ ਵਿਦੇਸ਼ ਮੰਤਰਾਲੇ ਦੇ ਅੰਕੜੇ ਮੁਤਾਬਕ 5767 ਭਾਰਤੀ ਜੌਰਜੀਆ ਵਿੱਚ ਹਨ।
ਪੰਜਾਬੀਆਂ ਨੇ ਕਦੋਂ ਕੀਤਾ ਜੌਰਜੀਆ ਦਾ ਰੁਖ਼

ਤਸਵੀਰ ਸਰੋਤ, Navtej Singh Raja
2010 -12 ਦਰਮਿਆਨ ਪੰਜਾਬ ਦੇ ਇਮੀਗ੍ਰੇਸ਼ਨ ਕਾਰੋਬਾਰੀਆਂ ਨੇ ਅਖ਼ਬਾਰਾਂ ਅਤੇ ਮੀਡੀਆ ਦੇ ਹੋਰ ਮਾਧਿਆਮਾਂ ਰਾਹੀਂ ਵੱਡੇ-ਵੱਡੇ ਇਸ਼ਤਿਹਾਰਾਂ ਰਾਹੀਂ ਜੌਰਜੀਆ ਵਿੱਚ ਸਸਤੀਆਂ ਜ਼ਮੀਨਾਂ ਖ਼ਰੀਦਣ ਦਾ ਪ੍ਰਚਾਰ ਕੀਤਾ।
ਪੰਜਾਬ ਵਿੱਚ ਵੱਖ-ਵੱਖ ਥਾਵਾਂ ਉੱਤੇ ਸੈਮੀਨਾਰ ਹੋਏ, ਜਿਸ ਵਿੱਚ ਆਮ ਲੋਕਾਂ ਖ਼ਾਸ ਤੌਰ ਉੱਤੇ ਕਿਸਾਨਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਰੂਸ ਤੋਂ ਵੱਖ ਹੋਣ ਤੋਂ ਬਾਅਦ ਜੌਰਜੀਆ ਦੇ ਛੇਤੀ ਹੀ ਯੂਰਪੀਅਨ ਯੂਨੀਅਨ ਦਾ ਹਿੱਸਾ ਬਣਨ ਦਾ ਪ੍ਰਚਾਰ ਵੀ ਇਹਨਾਂ ਸੈਮੀਨਾਰਾਂ ਵਿੱਚ ਕੀਤਾ ਗਿਆ। ਜੌਰਜੀਆਂ ਵਿੱਚ ਜ਼ਮੀਨ ਖਰੀਦਣ ਵਾਲੇ ਪਟਿਆਲਾ ਦੇ ਜੋਤਵਿੰਦਰ ਸਿੰਘ ਵੀ ਭਾਰਤੀ ਕਿਸਾਨਾਂ ਵਿੱਚੋਂ ਇਕ ਹਨ।
ਉਨ੍ਹਾਂ ਨੇ 2012 ਵਿੱਚ 25 ਹੈਕਟੇਅਰ ਵਾਹੀਯੋਗ ਜ਼ਮੀਨ ਵਿੱਚ ਨਿਵੇਸ਼ ਕੀਤਾ, ਇਸ ਦੇ ਨਾਲ ਹੀ ਉਨ੍ਹਾਂ ਨੂੰ ਉੱਥੋਂ ਦੀ ਪੱਕੀ ਰਿਹਾਇਸ਼ (ਪੀਆਰ) ਵੀ ਮਿਲ ਗਈ ਅਤੇ ਉਨ੍ਹਾਂ ਆਪਣਾ ਪਰਿਵਾਰ ਵੀ ਜੌਰਜੀਆਂ ਬੁਲਾ ਲਿਆ।
ਉਨ੍ਹਾਂ ਦੱਸਿਆ ਕਿ ਜੌਰਜੀਆ ਦੀ ਸਰਕਾਰ ਨੇ ਸ਼ੁਰੂ ਵਿੱਚ ਭਾਰਤੀ ਕਿਸਾਨਾਂ ਦੀ ਬਹੁਤ ਮਦਦ ਕੀਤੀ ਅਤੇ ਸਥਾਨਕ ਲੋਕਾਂ ਦਾ ਰਵੱਈਆ ਵੀ ਚੰਗਾ ਰਿਹਾ। ਇੱਥੇ ਸਿੰਜਾਈ ਲਈ ਨਹਿਰਾਂ ਦਾ ਜਾਲ ਵਿਛਾਇਆ ਹੋਇਆ ਹੈ।
ਜੌਤਵਿੰਦਰ ਸਿੰਘ ਮੁਤਾਬਕ 2015 ਤੋਂ ਬਾਅਦ ਜੌਰਜੀਆ ਦੀ ਸਰਕਾਰ ਨੇ ਵਿਦੇਸ਼ੀ ਲੋਕਾਂ ਦੇ ਉੱਥੇ ਜ਼ਮੀਨ ਖ਼ਰੀਦਣ ਦੀ ਨੀਤੀ ਵਿੱਚ ਬਦਲਾਅ ਕਰ ਦਿੱਤਾ, ਜਿਸ ਤੋਂ ਬਾਅਦ ਕਿਸਾਨ ਨੇ ਉੱਥੇ ਜਾਣਾ ਬੰਦ ਕਰ ਦਿੱਤਾ ਹੈ।
ਜੀਵਨਜੋਤ ਸਿੰਘ ਹੁਣ ਜੌਰਜੀਆ ਛੱਡ ਚੁੱਕੇ ਹਨ ਪਰ ਉਨ੍ਹਾਂ ਦੀ ਜ਼ਮੀਨ ਅਜੇ ਵੀ ਉੱਥੇ ਹੈ। ਉਨ੍ਹਾਂ ਮੁਤਾਬਕ ਉਹ ਅਕਸਰ ਉੱਥੇ ਆਉਂਦੇ ਜਾਂਦੇ ਹਨ ਪਰ ਆਪਣਾ ਕਾਰੋਬਾਰ ਉਨ੍ਹਾਂ ਪੰਜਾਬ ਵਿੱਚ ਹੀ ਸਥਾਪਤ ਕਰ ਲਿਆ ਹੈ।
ਖੇਤੀ ਤੋਂ ਇਲਾਵਾ ਪੰਜਾਬੀਆਂ ਦੇ ਕੀ ਕਾਰੋਬਾਰ
ਪਿਛਲੇ 12 ਸਾਲਾਂ ਵਿੱਚ ਜੌਰਜੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬੀਆਂ ਨੇ ਆਪਣੇ ਟਿਕਾਣੇ ਬਣਾਏ ਹੋਏ ਹਨ, ਜਿਨ੍ਹਾਂ ਵਿੱਚ ਤਬਿਲਿਸੀ, ਗਰਦਾਬਾਨੀ, ਗੁਰਜਾਨੀ, ਰੁਸਤਵੀ ਅਤੇ ਸਮਗਰੇਲੋ ਅਤੇ ਤਸਨੌਰੀ ਪ੍ਰਮੁੱਖ ਹਨ।
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਦੇ ਧਮਾਲੀ ਪਿੰਡ ਦੇ ਧਰਮ ਸਿੰਘ ਜੌਰਜੀਆ ਦੀ ਰਾਜਧਾਨੀ ਤਬਿਲਿਸੀ ਵਿੱਚ ਗਰੌਸਰੀ ਸਟੋਰ ਦੇ ਮਾਲਕ ਹਨ।

ਤਸਵੀਰ ਸਰੋਤ, Getty Images
ਧਰਮ ਸਿੰਘ 2014 ਵਿੱਚ ਖੇਤੀ ਕਰਨ ਦੇ ਮਕਸਦ ਨਾਲ ਜੌਰਜੀਆ ਆਏ ਸਨ ਅਤੇ ਉਨ੍ਹਾਂ ਭਾਰਤ ਦੇ ਮਹਿਜ਼ ਡੇਢ ਲੱਖ ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਜ਼ਮੀਨ ਖ਼ਰੀਦੀ ਸੀ, ਇੱਕ ਹੈਕਟੇਅਰ ਪੰਜਾਬ ਦੇ ਢਾਈ ਕਿੱਲਿਆਂ ਦੇ ਆਸਪਾਸ ਹੁੰਦੀ ਹੈ।
ਧਰਮ ਸਿੰਘ ਨੇ ਦੱਸਿਆ ਕਿ ਜ਼ਮੀਨਾਂ ਇੱਥੇ ਸਸਤੀਆਂ ਸਨ, ਇਸ ਕਰ ਕੇ ਉਨ੍ਹਾਂ ਇਸ ਦੇਸ਼ ਦਾ ਰੁਖ਼ ਕੀਤਾ। ਉਨ੍ਹਾਂ ਦੱਸਿਆ ਕਿ ਸ਼ੁਰੂ ਵਿੱਚ ਉਨ੍ਹਾਂ ਖੇਤੀਬਾੜੀ ਕੀਤੀ ਪਰ ਬਾਅਦ ਵਿੱਚ ਉਨ੍ਹਾਂ ਨੇ ਆਪਣਾ ਕਾਰੋਬਾਰ ਸਥਾਪਤ ਕਰ ਲਿਆ।
ਜੌਰਜੀਆ ਦੀ ਰਾਜਧਾਨੀ ਤਬਿਲਿਸੀ ਵਿੱਚ "ਬਾਬੇ ਦੀ ਹੱਟੀ" ਨਾਮਕ ਗਰੌਸਰੀ ਸਟੋਰ ਦੇ ਮਾਲਕ ਧਰਮ ਸਿੰਘ ਨੇ ਦੱਸਿਆ ਕਿ 700 ਦੇ ਕਰੀਬ ਪੰਜਾਬੀ ਇਸ ਸਮੇਂ ਇੱਥੇ ਹਨ ਅਤੇ ਖੇਤੀਬਾੜੀ ਦੇ ਨਾਲ-ਨਾਲ ਉਹ ਆਪਣਾ ਕਾਰੋਬਾਰ ਜਿਵੇਂ ਰੇਸਤਰਾਂ, ਗਰੌਸਰੀ ਸਟੋਰ ਅਤੇ ਡਿਲਿਵਰੀ ਦੇ ਕੰਮ ਕਰਦੇ ਹਨ।
ਜੌਰਜੀਆ ਦੀ ਪੀਆਰ ਹਾਸਲ ਕਰ ਚੁੱਕੇ ਧਰਮ ਸਿੰਘ ਆਖਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਇਸ ਸਮੇਂ ਉਨ੍ਹਾਂ ਦੇ ਨਾਲ ਹੈ ਅਤੇ ਬੱਚੇ ਜੌਰਜੀਆ ਦੇ ਸਕੂਲਾਂ ਵਿੱਚ ਹੀ ਸਿੱਖਿਆ ਹਾਸਲ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਇੱਥੋਂ ਦੇ ਮੂਲ ਵਾਸੀ ਲੋਕ ਬਹੁਤ ਚੰਗੇ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਉਨ੍ਹਾਂ ਨੂੰ ਪਿਛਲੇ ਸਾਲਾਂ ਦੌਰਾਨ ਨਿੱਜੀ ਤੌਰ ਉੱਤੇ ਦੇਖਣ ਨੂੰ ਨਹੀਂ ਮਿਲਿਆ।
ਪੰਜਾਬੀ ਕਿਸਾਨਾਂ ਦਾ ਪਰਵਾਸ ਕਿਉਂ ਘਟਿਆ
ਧਰਮ ਸਿੰਘ ਨੇ ਦੱਸਿਆ ਕਿ ਵਿਦੇਸ਼ੀਆਂ ਦੇ ਖੇਤੀਯੋਗ ਜ਼ਮੀਨ ਖ਼ਰੀਦਣ ਦੀ ਨੀਤੀ ਵਿੱਚ ਤਬਦੀਲੀ ਕੀਤੇ ਜਾਣ ਤੋਂ ਬਾਅਦ ਪੰਜਾਬੀਆਂ ਖ਼ਾਸ ਤੌਰ ਉੱਤੇ ਕਿਸਾਨਾਂ ਦਾ ਇੱਥੇ ਆਉਣਾ ਘੱਟ ਗਿਆ।
ਉਨ੍ਹਾਂ ਆਖਿਆ ਕਿ ਪਹਿਲਾਂ ਜੇਕਰ ਕੋਈ ਵਿਦੇਸ਼ੀ ਵਿਅਕਤੀ ਜੌਰਜੀਆ ਵਿੱਚ ਜ਼ਮੀਨ ਦੀ ਖਰੀਦ ਕਰਦਾ ਸੀ ਤਾਂ ਉਹ ਉਸ ਦੇ ਨਾਮ ਹੁੰਦੀ ਸੀ ਪਰ 2014 ਤੋਂ ਬਾਅਦ ਇਹ ਨਿਯਮ ਬਦਲ ਗਿਆ ਤਾਂ ਕਿਸਾਨਾਂ ਨੇ ਇੱਥੇ ਆਉਣ ਬੰਦ ਕਰ ਦਿੱਤਾ।
ਧਰਮ ਸਿੰਘ ਮੁਤਾਬਕ ਜੌਰਜੀਆ ਦਾ ਮੌਸਮ ਹਿਮਾਚਲ ਪ੍ਰਦੇਸ਼ ਵਾਂਗ ਹੈ ਅਤੇ ਇੱਥੇ ਪੰਜਾਬੀਆਂ ਦਾ ਇੱਕ ਗੁਰਦੁਆਰਾ ਸਾਹਿਬ ਹੈ, ਜਿੱਥੇ ਹਰ ਐਤਵਾਰ ਨੂੰ ਸੰਗਤ ਜੁੜਦੀ ਹੈ।

ਤਸਵੀਰ ਸਰੋਤ, Getty Images
ਜੌਰਜੀਆ ਦੀ ਰਾਜਧਾਨੀ ਤਬਿਲਿਸੀ ਵਿੱਚ ਟੂਰ ਅਤੇ ਟਰੈਵਲ ਦਾ ਕਾਰੋਬਾਰ ਕਰ ਰਹੇ ਨਵਜੋਤ ਸਿੰਘ ਉਰਫ਼ ਰਾਜਾ ਆਖਦੇ ਹਨ ਕਿ ਮੈਡੀਕਲ ਸਿੱਖਿਆ ਦੀ ਪ੍ਰਾਪਤ ਲਈ ਭਾਰਤੀਆਂ ਦੇ ਇੱਥੇ ਆਉਣ ਦੇ ਰੁਝਾਨ ਵਿੱਚ ਵਾਧਾ ਹੋਇਆ ਹੈ ਪਰ ਪੰਜਾਬੀ ਕਿਸਾਨਾਂ ਦਾ ਹੁਣ ਇਸ ਦੇਸ਼ ਤੋਂ ਮੋਹ ਭੰਗ ਹੋ ਗਿਆ ਹੈ।
ਉਨ੍ਹਾਂ ਮੁਤਾਬਕ ਸ਼ੁਰੂ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਇੱਥੇ ਜ਼ਮੀਨਾਂ ਖਰੀਦੀਆਂ ਪਰ ਬਾਅਦ ਵਿੱਚ ਦਿੱਕਤਾਂ ਦੇ ਚੱਲਦੇ ਹੋਏ ਕੁਝ ਤਾਂ ਵੇਚ ਗਏ ਅਤੇ ਕੁਝ ਸਭ ਕੁਝ ਇੱਥੇ ਹੀ ਛੱਡ ਕੇ ਵਾਪਸ ਪਰਤ ਗਏ।
2014 ਵਿੱਚ ਸਥਾਨਕ ਸਰਕਾਰ ਨੇ ਲੀਜ਼ ਉੱਤੇ ਜ਼ਮੀਨ ਲੈਣ ਦਾ ਨਿਯਮ ਬਣਾ ਦਿੱਤਾ, ਜਿਸ ਕਾਰਨ ਜ਼ਿਆਦਾਤਰ ਕਿਸਾਨ ਜ਼ਮੀਨਾਂ ਇੱਥੋਂ ਵੇਚ ਕੇ ਚਲੇ ਗਏ ਅਤੇ ਸਿਰਫ਼ 10 ਫ਼ੀਸਦੀ ਪੰਜਾਬੀ ਕਿਸਾਨ ਹੀ ਹੁਣ ਇੱਥੇ ਖੇਤੀ ਕਰਦੇ ਹਨ। ਉਨ੍ਹਾਂ ਮੁਤਾਬਕ ਭਾਰਤੀ ਕਿਸਾਨ ਇਥੇ ਕਣਕ, ਮੱਕੀ ਅਤੇ ਸੂਰਜਮੁਖੀ ਦੀ ਜ਼ਿਆਦਾਤਰ ਖੇਤੀ ਕਰਦੇ ਹਨ।
ਉਨ੍ਹਾਂ ਆਖਿਆ ਕਿ ਕੁਝ ਕਿਸਾਨ ਇੱਥੇ ਟਿਕੇ ਹੋਏ ਹਨ, ਜੋ ਇਸ ਸਮੇਂ ਖੇਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਪੰਜਾਬੀ ਕਿਸਾਨਾਂ ਨੂੰ ਸਥਾਨਕ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਕਿਉਂਕਿ ਸਰਕਾਰ ਵੱਲੋਂ ਵਾਹੀਯੋਗ ਜ਼ਮੀਨ ਵਿੱਚ ਨਿਵੇਸ਼ ਕਰਨ ਵਾਲੇ ਕਿਸਾਨਾਂ ਨੂੰ ਕਾਫ਼ੀ ਸਹੂਲਤਾਂ ਦਿੱਤੀਆਂ ਗਈਆਂ, ਜਿਸ ਦਾ ਸਥਾਨਕ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ।
ਪੰਜਾਬੀਆਂ ਦੀ ਮੌਜੂਦਾ ਸਥਿਤੀ ਦੀ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਨੌਜਵਾਨ ਇੱਥੇ ਆਏ ਹਨ ਅਤੇ ਖੇਤੀਬਾੜੀ ਦੀ ਥਾਂ ਨਵੇਂ ਕੰਮ ਜਿਵੇਂ ਰੇਸਤਰਾਂ ਅਤੇ ਸਾਮਾਨ ਦੀ ਢੋਆ-ਢੁਆਈ ਦੇ ਕੰਮ ਕਰਨ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












