ਜੌਰਜੀਆ ਗੈਸ ਹਾਦਸੇ ਵਿੱਚ ਮਰਨ ਵਾਲੇ ਹੋਰ ਪੰਜਾਬੀਆਂ ਦੀ ਪਛਾਣ ਹੋਈ,ਪਟਿਆਲਾ ਦੀਆਂ ਨਨਾਣ-ਭਰਜਾਈ ਵੀ ਮ੍ਰਿਤਕਾਂ 'ਚ ਸ਼ਾਮਿਲ

ਅਮਰਿੰਦਰ ਕੌਰ ਅਤੇ ਮਨਿੰਦਰ ਕੌਰ

ਤਸਵੀਰ ਸਰੋਤ, kulvir Singh/BBC

ਤਸਵੀਰ ਕੈਪਸ਼ਨ, ਅਮਰਿੰਦਰ ਕੌਰ ਅਤੇ ਮਨਿੰਦਰ ਕੌਰ ਦੋਵੇਂ ਨਨਾਣ ਭਰਜਾਈ ਸਨ
    • ਲੇਖਕ, ਗੁਰਮਿੰਦਰ ਗਰੇਵਾਲ ਅਤੇ ਕੁਲਵੀਰ ਨਮੋਲ
    • ਰੋਲ, ਬੀਬੀਸੀ ਸਹਿਯੋਗੀ

ਜੌਰਜੀਆ ਵਿੱਚ ਹਾਲ ਹੀ 'ਚ ਇੱਕ ਰੈਸਟੋਰੈਂਟ ਵਿੱਚ ਵਾਪਰੀ ਘਟਨਾ ਦੌਰਾਨ ਮ੍ਰਿਤ ਮਿਲੇ 12 ਜਣਿਆਂ ਵਿੱਚੋਂ 11 ਪੰਜਾਬ ਨਾਲ ਸੰਬੰਧਿਤ ਹਨ।

ਮਰਨ ਵਾਲਿਆਂ ਵਿੱਚ 32 ਸਾਲਾ ਅਮਰਿੰਦਰ ਕੌਰ ਅਤੇ 28 ਸਾਲਾ ਮਨਿੰਦਰ ਕੌਰ ਵੀ ਸ਼ਾਮਲ ਹਨ।

ਜੌਰਜੀਆ ਦੇ ਗੁਦੌਰੀ ਵਿੱਚ ਇੱਕ ਹੋਟਲ ਵਿੱਚ 12 ਜਣਿਆਂ ਦੀਆਂ ਲਾਸ਼ਾਂ ਮਿਲੀਆਂ ਸਨ, ਜਿਨ੍ਹਾਂ ਦੀ ਮੌਤ ਪ੍ਰਸ਼ਾਸਨ ਮੁਤਾਬਕ ਗੈਸ ਚੜ੍ਹਨ ਨਾਲ ਹੋਈ ਹੈ।

ਅਮਰਿੰਦਰ ਤੇ ਮਨਿੰਦਰ ਦੋਵੇਂ ਹੀ ਨਨਾਣ-ਭਰਜਾਈ ਸਨ। ਮਨਿੰਦਰ ਕੌਰ ਦਾ ਪੇਕਾ ਪਿੰਡ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਹੈ।

ਮਨਿੰਦਰ ਕੌਰ ਦਾ ਜਤਿੰਦਰ ਸਿੰਘ ਨਾਲ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਅਗਲੇ ਸਾਲ ਉਨ੍ਹਾਂ ਨੇ ਭਾਰਤ ਆਉਣਾ ਸੀ।

ਉੱਥੇ ਹੀ ਬਾਰਵੀਂ ਜਮਾਤ ਕਰਨ ਤੋਂ ਬਾਅਦ ਅਮਰਿੰਦਰ ਕੌਰ 9 ਸਾਲ ਪਹਿਲਾਂ ਜੌਰਜੀਆ ਗਏ ਸਨ।

ਪਰਿਵਾਰ ਮੁਤਾਬਕ ਜੌਰਜੀਆ ਦੇ ਇੱਕ ਹੋਟਲ ਵਿੱਚ ਚੰਗੀ ਨੌਕਰੀ ਬਾਰੇ ਪਤਾ ਲੱਗਣ ʼਤੇ ਉਨ੍ਹਾਂ ਦੇ ਪਰਿਵਾਰ ਨੇ ਕੁਝ ਜ਼ਮੀਨ ਵੇਚ ਉਨ੍ਹਾਂ ਨੂੰ ਭੇਜ ਦਿੱਤਾ ਸੀ।

ਬਾਅਦ ਵਿੱਚ ਉਨ੍ਹਾਂ ਨੇ ਆਪਣੇ ਭਰਾ ਜਤਿੰਦਰ ਅਤੇ ਭਰਜਾਈ ਮਨਿੰਦਰ ਕੌਰ ਨੂੰ ਵੀ ਉੱਥੇ ਬੁਲਾ ਲਿਆ। ਪਰ ਜਤਿੰਦਰ ਸਿੰਘ ਸਾਲ 2018 ਵਿੱਚ ਦੱਖਣੀ ਕੋਰੀਆ ਚਲੇ ਗਏ ਅਤੇ ਅਮਰਿੰਦਰ ਕੌਰ ਅਤੇ ਉਸ ਦੀ ਭਰਜਾਈ ਮਨਿੰਦਰ ਕੌਰ ਜੌਰਜੀਆ ਵਿੱਚ ਹੀ ਰਹਿੰਦੀਆਂ ਰਹੀਆਂ।

ਬੀਬੀਸੀ ਪੱਤਰਕਾਰ ਰਵਿੰਦਰ ਸਿੰਘ ਰੋਬਿਨ ਮੁਤਾਬਕ ਮਰਨ ਵਾਲੇ 11 ਵਿੱਚ ਸਮੀਰ ਕੁਮਾਰ ਵਾਸੀ ਖੰਨਾ, ਗਗਨਦੀਪ ਸਿੰਘ ਵਾਸੀ ਘੱਲ ਕਲਾਂ (ਮੋਗਾ), ਹਰਵਿੰਦਰ ਸਿੰਘ, ਸੰਦੀਪ ਸਿੰਘ, ਵਰਿੰਦਰ ਸਿੰਘ, ਰਵਿੰਦਰ ਕੁਮਾਰ, ਰਵਿੰਦਰ ਸਿੰਘ ਵਾਸੀ ਸੁਨਾਮ, ਅਮਰਿੰਦਰ ਕੌਰ ਵਾਸੀ ਪਿੰਡ ਮਹਿਮਾ ਤਹਿਸੀਲ ਰਾਜਪੁਰਾ (ਪਟਿਆਲਾ), ਮਨਿੰਦਰ ਕੌਰ ਵਾਸੀ ਪਿੰਡ ਝੰਡਾ ਕਲਾਂ (ਮਾਨਸਾ), ਗੁਰਵਿੰਦਰ ਕੌਰ ਤੇ ਪ੍ਰੀਤਮ ਲਾਲ ਸ਼ਾਮਲ ਹਨ।

ਇਸ ਤਰ੍ਹਾਂ ਹੀ ਵਰਿੰਦਰ ਸਿੰਘ ਵਾਸੀ ਸਮਾਣਾ ਜ਼ਿਲ੍ਹਾ ਪਟਿਆਲਾ ਵੀ ਇਸੇ ਹੋਟਲ ਵਿੱਚ ਡੇਢ ਸਾਲ ਤੋਂ ਨੌਕਰੀ ਕਰ ਰਹੇ ਸਨ।

ਕਿੱਥੇ ਵਾਪਰਿਆ ਹਾਦਸਾ

ਰਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਵਿੰਦਰ ਕੌਰ

ਤਸਵੀਰ ਸਰੋਤ, kulvir Singh/BBc

ਤਸਵੀਰ ਕੈਪਸ਼ਨ, ਰਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਵਿੰਦਰ ਕੌਰ ਦੀ ਵੀ ਮੌਤ ਹੋ ਗਈ ਹੈ

ਪੁਲਿਸ ਮੁਤਾਬਕ, ਇਹ 12 ਲਾਸ਼ਾਂ ਸਾਬਕਾ ਸੋਵੀਅਤ ਰਾਜ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਉੱਚੇ ਸਕੀ ਰਿਜ਼ੌਰਟ ਗੁਦੌਰੀ ਦੇ ਇੱਕ ਰੈਸਟੋਰੈਂਟ ਦੇ ਉੱਤੇ ਬਣਾਈ ਗਈ ਸੌਣ ਵਾਲੀ ਥਾਂ ਵਿੱਚ ਮਿਲੀਆਂ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦਾ ਕਾਰਨ ਕਾਰਬਨ ਮੋਨੋਓਕਸਾਈਡ ਦਾ ਜ਼ਹਿਰ ਹੈ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿੱਚ ਸੁਨਾਮ ਦੇ ਰਹਿਣ ਵਾਲੇ ਰਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਵਿੰਦਰ ਕੌਰ , ਇਸ ਤੋਂ ਇਲਾਵਾ ਖੰਨਾ ਦੇ ਰਹਿਣ ਵਾਲੇ ਸਮੀਰ ਕੁਮਾਰ ਵੀ ਸ਼ਾਮਲ ਹਨ।

ਏਐੱਫਪੀ ਖ਼ਬਰ ਏਜੰਸੀ ਮੁਤਾਬਕ ਪੁਲਿਸ ਦਾ ਕਹਿਣਾ ਹੈ, "ਸ਼ੁਰੂਆਤੀ ਜਾਂਚ ਵਿੱਚ ਲਾਸ਼ਾਂ ʼਤੇ ਹਿੰਸਾ ਦੇ ਕੋਈ ਸੰਕੇਤ ਨਹੀਂ ਮਿਲੇ ਹਨ ਅਤੇ ਇਹ ਇੱਕ ਹਾਦਸਾ ਜਾਪਦਾ ਹੈ।"

ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਇਮਾਰਤ ਦੀ ਬਿਜਲੀ ਜਾਣ ਕਾਰਨ ਉੱਥੇ ਤੇਲ ਨਾਲ ਚੱਲਣ ਵਾਲਾ ਜਨਰੇਟਰ ਚਾਲੂ ਕਰ ਦਿੱਤਾ ਗਿਆ ਸੀ।

ਲਾਸ਼ਾਂ ਸ਼ਨੀਵਾਰ ਨੂੰ ਭਾਰਤੀ ਰੈਸਟੋਰੈਂਟ ਵਾਲੀ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਮਿਲੀਆਂ ਸਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪ੍ਰਸ਼ਾਸਨ ਨੇ ਹਾਦਸੇ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਮ੍ਰਿਤਕਾਂ ਦੀ ਪਛਾਣ ਲਈ ਕਾਰਵਾਈ ਸ਼ੁਰੂ ਦਿੱਤੀ ਹੈ।

11 ਭਾਰਤੀਆਂ ਦੀ ਮੌਤ ਸਬੰਧੀ ਜੌਰਜੀਆ ਦੀ ਰਾਜਧਾਨੀ ਤਬਲਿਸੀ ਸਥਿਤ ਭਾਰਤੀ ਦੂਤਾਵਾਸ ਨੇ ਆਪਣੇ ਐਕਸ ਅਕਾਊਂਟ 'ਤੇ ਬਿਆਨ ਜਾਰੀ ਕੀਤਾ ਹੈ।

ਉਨ੍ਹਾਂ ਨੇ ਲਿਖਿਆ,"ਮਿਸ਼ਨ ਨੂੰ ਹੁਣੇ-ਹੁਣੇ ਜੌਰਜੀਆ ਦੇ ਗੁਦੌਰੀ ਵਿੱਚ ਭਾਰਤੀ ਨਾਗਰਿਕਾਂ ਦੀ ਮੌਤ ਬਾਰੇ ਪਤਾ ਲੱਗਿਆ ਹੈ। ਮਾਰੇ ਗਏ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਪ੍ਰਤੀ ਸਾਡੀ ਡੂੰਘੀ ਹਮਦਰਦੀ ਹੈ।"

"ਇਸ ਬਾਰੇ ਵਧੇਰੇ ਜਾਣਕਾਰੀ ਲਈ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਾਂ। ਮਾਰੇ ਗਏ ਭਾਰਤੀ ਨਾਗਰਿਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।"

ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਕੀ ਦੱਸਿਆ

ਮ੍ਰਿਤਕਾਂ ਵਿੱਚ ਖੰਨਾ ਦੇ ਰਹਿਣ ਵਾਲੇ ਸਮੀਰ ਕੁਮਾਰ ਵੀ ਸ਼ਾਮਲ ਹਨ।

ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਨੇ ਖੰਨਾ ਰਹਿੰਦੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ।

ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ। ਮ੍ਰਿਤਕ ਦੇ ਭਰਾ ਗੁਰਦੀਪ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਛੋਟਾ ਭਰਾ ਕੁਝ ਕੁ ਮਹੀਨੇ ਪਹਿਲਾਂ ਹੀ ਜੌਰਜੀਆ ਕੰਮ ਕਰਨ ਲਈ ਗਿਆ ਸੀ।

ਉਨ੍ਹਾਂ ਨੇ ਦੱਸਿਆ, "14 ਦਸੰਬਰ ਨੂੰ ਸਮੀਰ ਦਾ ਜਨਮ ਦਿਨ ਸੀ ਅਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡਾ ਕੋਈ ਸੰਪਰਕ ਨਹੀਂ ਹੋਇਆ। ਸਾਨੂੰ ਅਗਲੇ ਦਿਨ ਤੱਕ ਕੁਝ ਪਤਾ ਨਹੀਂ ਲੱਗਿਆ। ਫਿਰ ਅਸੀਂ ਆਨਲਾਈਨ ਜਾਣਕਾਰੀ ਕੱਢ ਕੇ ਰੈਸਟੋਰੈਂਟ ਮਾਲਕ ਨਾਲ ਗੱਲ ਕੀਤੀ।"

"ਉਦੋਂ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਠੰਢ ਜ਼ਿਆਦਾ ਹੋਣ ਕਾਰਨ ਉਨ੍ਹਾਂ ਜੈਨਰੇਟਰ ਚਾਲੂ ਕਰ ਕੇ ਹੀਟਰ ਲਗਾਇਆ ਸੀ, ਕਾਰਬਨ ਮੋਨੋਓਕਸਾਈਡ ਕਾਰਨ ਉਨ੍ਹਾਂ ਸਾਰਿਆਂ ਦੀ ਰਾਤ ਨੂੰ ਹੀ ਮੌਤ ਹੋ ਗਈ।"

ਸਮੀਰ ਕੁਮਾਰ

ਤਸਵੀਰ ਸਰੋਤ, Gurminder Grewal/BBC

ਤਸਵੀਰ ਕੈਪਸ਼ਨ, ਖੰਨਾ ਦੇ ਰਹਿਣ ਵਾਲੇ ਸਮੀਰ ਕੁਮਾਰ ਦੇ ਘਰ ਪਸਰਿਆ ਮਾਤਮ

ਇੱਕ ਦਿਨ ਪਹਿਲਾਂ ਹੀ ਸਮੀਰ ਦੀ ਉਨ੍ਹਾਂ ਦੀ ਮਾਤਾ ਨਾਲ ਗੱਲ ਹੋਈ ਸੀ ਅਤੇ ਉਸ ਦਿਨ ਉਸਦਾ ਜਨਮਦਿਨ ਵੀ ਸੀ ,ਜਦਕਿ ਬਾਅਦ ਵਿੱਚ ਉਸਦਾ ਕੋਈ ਫੋਨ ਨਹੀਂ ਆਇਆ।

ਗੁਰਦੀਪ ਕੁਮਾਰ ਨੇ ਆਪਣੇ ਭਰਾ ਸਮੀਰ ਕੁਮਾਰ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਤਾਂ ਕਿ ਜੋ ਉਨ੍ਹਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਜਾ ਸਕਣ।

ਉਧਰ ਸੁਨਾਮ ਦੇ ਰਹਿਣ ਵਾਲੇ ਰਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਵਿੰਦਰ ਕੌਰ ਦੀ ਮੌਤ ਦੀ ਖ਼ਬਰ ਮਿਲਦੇ ਹੀ ਘਰ ਵਿੱਚ ਮਾਤਮ ਪਸਰ ਗਿਆ।

ਮ੍ਰਿਤਕ ਰਵਿੰਦਰ ਸਿੰਘ ਦੇ ਮਾਮਾ ਕੁਲਦੀਪ ਸਿੰਘ ਬਾਵਾ ਕੈਂਚੀ ਨੇ ਦੱਸਿਆ ਕਿ ਉਨ੍ਹਾਂ ਦਾ ਭਾਣਜਾ ਰਵਿੰਦਰ ਸਿੰਘ ਤੇ ਘਰਵਾਲੀ ਗੁਰਵਿੰਦਰ ਕੌਰ ਸੁਨਾਮ ਤੋਂ ਮਾਰਚ ਵਿੱਚ 13 ਲੱਖ ਰੁਪਏ ਖਰਚ ਕੇ ਜੌਰਜੀਆ ਵਿੱਚ ਰੁਜ਼ਗਾਰ ਅਤੇ ਚੰਗੇ ਭਵਿੱਖ ਲਈ ਗਏ ਸਨ।

ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਮ੍ਰਿਤਕ ਦੇਹਾਂ ਨੂੰ ਭਾਰਤ ਲਿਆਂਦਾ ਜਾਵੇ।

ਗੁਦੌਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਦੌਰੀ ਦੀ ਸੁੰਦਰਤਾ (ਸੰਕੇਤਕ ਤਸਵੀਰ)

ਗੁਦੌਰੀ ਕਿਉਂ ਹੈ ਮਸ਼ਹੂਰ

ਗੁਦੌਰੀ ਸਕੀਇੰਗ ਅਤੇ ਸਨੋਬੋਰਡਿੰਗ ਦੇ ਸ਼ੌਕੀਨਾਂ ਲਈ ਇੱਕ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈ, ਜਿੱਥੇ ਹਰ ਪੱਧਰ ਦੇ ਸੈਲਾਨੀਆਂ ਲਈ ਸਰਦੀਆਂ ਦੀਆਂ ਖੇਡਾਂ ਦੀਆਂ ਗਤੀਵਿਧੀਆਂ ਹੁੰਦੀਆਂ ਹਨ।

ਇਸ ਦਾ ਇਤਿਹਾਸ 19ਵੀਂ ਸਦੀ ਦਾ ਹੈ ਜਦੋਂ ਇਹ ਰੂਸ ਨੂੰ ਜੌਰਜੀਆ ਨਾਲ ਜੋੜਨ ਵਾਲੀ ਪ੍ਰਾਚੀਨ ਜੌਰਜੀਅਨ ਮਿਲਟਰੀ ਰੋਡ 'ਤੇ ਇੱਕ ਵਪਾਰਕ ਚੌਕੀ ਵਜੋਂ ਜਾਣਿਆ ਜਾਂਦਾ ਸੀ।

ਗੁਦੌਰੀ ਸਮੁੰਦਰੀ ਤਲ ਤੋਂ ਲਗਭਗ 2,200 ਮੀਟਰ (7,200 ਫੁੱਟ) ਉੱਪਰ ਮਤਸਖੇਟਾ-ਮਤਿਆਨੇਤੀ ਖੇਤਰ ਵਿੱਚ ਕਾਕੇਸ਼ਸ ਪਹਾੜਾਂ ਵਿੱਚ ਸਥਿਤ ਹੈ ਅਤੇ ਇਹ ਜੌਰਜੀਆ ਦੀ ਰਾਜਧਾਨੀ ਤਬਲਿਸੀ ਦੇ ਉੱਤਰ ਵਿੱਚ ਲਗਭਗ 120 ਕਿਲੋਮੀਟਰ (75 ਮੀਲ) ਫੈਲਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)