ਪੰਜਾਬ: 'ਅਰੱਟ ਦੇਸ' ਤੋਂ ਮੌਜੂਦਾ ਪੰਜਾਬੀ ਸੂਬਾ ਬਣਨ ਤੱਕ ਦਾ ਇਤਿਹਾਸ ਅਤੇ ਪੰਜਾਬ ਦੇ ਨਾਵਾਂ ਦੀ ਪੂਰੀ ਕਹਾਣੀ

ਪੰਜਾਬ

ਤਸਵੀਰ ਸਰੋਤ, Getty Images

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪੰਜਾਬ ਨੂੰ ਅੰਗਰੇਜ਼ੀ ਵਿੱਚ Punjab ਦੀ ਬਜਾਇ Panjab ਲਿਖਣ ਨਾਲ ਸੋਸ਼ਲ ਮੀਡੀਆ ਉੱਤੇ ਪੰਜਾਬ ਸ਼ਬਦ ਦੇ ਸਰੂਪ ਬਾਰੇ ਬਹਿਸ ਛਿੜੀ ਗਈ ਸੀ।

ਇਸ ਬਹਿਸ ਵਿੱਚ ਭਾਰਤ ਦੇ ਕੁਝ ਰਾਸ਼ਟਰਵਾਦੀਆਂ ਤੋਂ ਲੈ ਕੇ ਡੌਨਲਡ ਟਰੰਪ ਵਲੋਂ ਆਪਣੀ ਨਵੀਂ ਸਰਕਾਰ ਲਈ ਸਹਾਇਕ ਅਟਾਰਨੀ ਨਿਯੁਕਤ ਕੀਤੀ ਹਰਮੀਤ ਕੌਰ ਢਿੱਲੋਂ ਤੱਕ ਸ਼ਾਮਲ ਹੋ ਗਏ ਸਨ।

ਸੋਸ਼ਲ ਮੀਡੀਆ ਦੀ ਇਸ ਬਹਿਸ ਦੌਰਾਨ ਅਸੀਂ ਪੰਜਾਬ ਦੀ ਹੋਂਦ, ਮੌਜੂਦਾ ਸਰੂਪ ਅਤੇ ਇਸ ਦੇ ਸਫ਼ਰ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ।

ਮਿਸਾਲ ਵਜੋਂ ਪੰਜਾਬ ਸ਼ਬਦ ਕਦੋਂ ਤੇ ਕਿਵੇਂ ਬਣਿਆ, ਹੁਣ ਤੱਕ ਇਸ ਨੂੰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਰਿਹਾ, ਵੱਖ ਵੱਖ ਸ਼ਾਸਕਾਂ ਦੇ ਰਾਜ ਅਧੀਨ ਪੰਜਾਬ ਦੀਆਂ ਸਰਹੱਦਾਂ ਕਿਵੇਂ ਬਦਲੀਆਂ ਆਦਿ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪੰਜਾਬ ਵਿੱਚ ਮਨੁੱਖੀ ਹੋਂਦ

ਪੰਜਾਬ ਦੀ ਧਰਤੀ 'ਤੇ ਕਰੀਬ ਲੱਖਾਂ ਸਾਲ ਪਹਿਲਾਂ ਪੱਥਰ ਯੁੱਗ ਤੋਂ ਮਨੁੱਖੀ ਵਸੋਂ ਦੇ ਨਿਸ਼ਾਨ ਮਿਲਦੇ ਹਨ।

ਇਤਿਹਾਸਕਾਰ ਹਰਜੇਸ਼ਵਰ ਪਾਲ ਸਿੰਘ ਨੇ ਦੱਸਿਆ ਕਿ ਉਸ ਯੁੱਗ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਆਲੇ-ਦੁਆਲੇ ਮਨੁੱਖ ਦੇ ਰਹਿਣ ਦੇ ਅਵਸ਼ੇਸ਼ ਮਿਲਦੇ ਹਨ। ਮਨੁੱਖ ਦੇ ਪੜ੍ਹੇ ਲਿਖੇ ਨਾ ਹੋਣ ਕਰਕੇ ਹਾਲਾਂਕਿ ਉਸ ਵੇਲੇ ਇਸ ਖੇਤਰ ਦਾ ਕੋਈ ਨਾਮ ਨਹੀਂ ਸੀ।

ਪੰਜਾਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਦੀ ਧਰਤੀ 'ਤੇ ਕਰੀਬ ਲੱਖਾਂ ਸਾਲ ਪਹਿਲਾਂ ਪੱਥਰ ਯੁੱਗ ਤੋਂ ਮਨੁੱਖੀ ਵਸੋਂ ਦੇ ਨਿਸ਼ਾਨ ਮਿਲਦੇ ਹਨ।

ਉਸ ਯੁੱਗ ਦੇ ਲੋਕ ਜ਼ਿਆਦਾਤਾਰ ਸ਼ਿਕਾਰੀ ਸਨ, ਗੁਫਾਵਾਂ ਵਿੱਚ ਰਹਿੰਦੇ ਸਨ ਅਤੇ ਸ਼ਿਕਾਰ ਕਰਕੇ ਢਿੱਡ ਭਰਦੇ ਸਨ। ਉਨ੍ਹਾਂ ਨੂੰ ਧਾਤਾਂ ਦੀ ਵਰਤੋਂ ਜਾਂ ਖੇਤੀਬਾੜੀ ਬਾਰੇ ਜਾਣਕਾਰੀ ਨਹੀਂ ਸੀ।

ਕਿਤਾਬ 'ਸਾਡਾ ਪੰਜਾਬ' ਵਿੱਚ ਮੁਨੀਸ਼ ਜਿੰਦਲ ਨੇ ਲਿਖਿਆ ਹੈ ਕਿ ਮੰਨਿਆ ਜਾਂਦਾ ਕਿ ਚੰਡੀਗੜ੍ਹ ਦੇ ਖੇਤਰ ਨੇੜੇ ਇੱਕ ਵੱਡੀ ਝੀਲ ਸੀ ਜਿੱਥੇ ਹਾਥੀ ਰਿਹਾ ਕਰਦੇ ਸਨ। ਇਸ ਖੇਤਰ ਵਿੱਚ ਗੈਂਡੇ ਅਤੇ ਹੋਰ ਜੰਗਲੀ ਜਾਨਵਰ ਰਹਿੰਦੇ ਸਨ।

ਇਸ ਤੋਂ ਬਾਅਦ ਜਿਵੇਂ ਜਿਵੇਂ ਮਨੁੱਖ ਵਿਕਸਿਤ ਹੋਇਆ, ਉਸ ਨੇ ਖੇਤੀਬਾੜੀ ਕਰਨੀ ਅਤੇ ਪਸ਼ੂ ਪਾਲਣੇ ਤੇ ਮਿੱਟੀ ਦੇ ਭਾਂਡੇ ਬਣਾਉਣੇ ਸਿੱਖੇ।

ਅੱਗ ਜਲਾਉਣਾ, ਮਿੱਟੀ ਦੇ ਘਰ ਬਣਾਉਣੇ, ਪੌਦਿਆਂ ਦੇ ਰੇਸ਼ਿਆਂ ਤੇ ਜਾਨਵਰਾਂ ਦੇ ਵਾਲਾਂ ਨਾਲ ਕੱਪੜਾ ਬਣਾਉਣਾ ਸਿੱਖਿਆ। ਯਾਨੀ ਕਿ ਪੰਜਾਬ ਦੀ ਧਰਤੀ 'ਤੇ ਮਨੁੱਖੀ ਵਸੋਂ ਉਦੋਂ ਤੋਂ ਹੈ ਜਦੋਂ ਮਨੁੱਖੀ ਵਿਕਾਸ ਸ਼ੁਰੂਆਤੀ ਦੌਰ ਵਿੱਚ ਸੀ।

ਹਰਜੇਸ਼ਵਰਪਾਲ ਸਿੰਘ ਦੱਸਦੇ ਹਨ ਕਿ ਕਰੀਬ 4000-5000 ਈ.ਪੂ ਦੇ ਕਾਲ ਵਿੱਚ ਸਿੰਧ ਤੇ ਬਲੋਚਿਸਤਾਨ ਦੇ ਇਲਾਕਿਆਂ ਵਿੱਚ ਖੇਤਾਬੀੜੀ ਦੇ ਅਵਸ਼ੇਸ਼ ਮਿਲਦੇ ਹਨ।

ਇਸ ਤੋਂ ਬਾਅਦ ਧਾਂਤ ਯੁੱਗ ਵਿੱਚ ਮਨੁੱਖ ਨੇ ਪੱਥਰ ਤੋਂ ਇਲਾਵਾ ਤਾਂਬੇ ਤੇ ਕਾਂਸੇ ਨਾਲ ਸੰਦ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਮੁਨੀਸ਼ ਜਿੰਦਲ ਦੀ ਕਿਤਾਬ ਵਿੱਚ ਲਿਖਿਆ ਹੈ ਕਿ ਚੰਡੀਗੜ੍ਹ ਨੇੜਲੇ ਇਲਾਕਿਆਂ ਵਿੱਚ ਉਸ ਯੁੱਗ ਦੇ ਨਿਸ਼ਾਨ ਮਿਲ ਚੁੱਕੇ ਹਨ।

ਇਹ ਵੀ ਪੜ੍ਹੋ

ਸਭ ਤੋਂ ਪਹਿਲੀ ਵਿਕਸਿਤ ਸੱਭਿਅਤਾ ਦਾ ਗਵਾਹ ਪੰਜਾਬ

ਪੁਰਾਤਨ ਯੁੱਗ ਵਿੱਚ ਪੰਜਾਬ ਵੀ ਉਨ੍ਹਾਂ ਖੇਤਰਾਂ ਵਿੱਚੋਂ ਰਿਹਾ ਹੈ, ਜਿੱਥੇ ਸਿੰਧੂ ਘਾਟੀ ਦੀ ਸੱਭਿਅਤਾ ਦਾ ਵਿਕਾਸ ਹੋਇਆ। ਸਿੰਧੂ ਘਾਟੀ ਦੀ ਸੱਭਿਅਤਾ ਨੂੰ ਸੰਸਾਰ ਦੀਆਂ ਸਭ ਤੋਂ ਪਹਿਲੀਆਂ ਵਿਕਸਿਤ ਤਿੰਨ ਸੱਭਿਅਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਸਿੰਧੂ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਕਿਨਾਰੇ ਜਦੋਂ ਕਾਂਸੀ ਯੁੱਗ ਵਿੱਚ ਵਸੋਂ ਹੋਣੀ ਸ਼ੁਰੂ ਹੋਈ ਤਾਂ ਉਸ ਨੂੰ ਸਿੰਧੂ ਘਾਟੀ ਦੀ ਸੱਭਿਅਤਾ ਕਿਹਾ ਗਿਆ।

ਹਰਜੇਸ਼ਵਰ ਪਾਲ ਸਿੰਘ ਦੱਸਦੇ ਹਨ ਕਿ ਇਸ ਦਾ ਕਾਲ 2500 ਈ.ਪੂ -1750 ਈ.ਪੂ ਮੰਨਿਆ ਜਾਂਦਾ ਹੈ।

ਸਿੰਧੂ ਘਾਟੀ ਦੀ ਸੱਭਿਅਤਾ

ਤਸਵੀਰ ਸਰੋਤ, Getty Images

ਕਿਤਾਬ 'ਸਾਡਾ ਪੰਜਾਬ' ਵਿੱਚ ਮੁਨੀਸ਼ ਜਿੰਦਲ ਨੇ ਲਿਖਿਆ ਹੈ ਕਿ ਸਿੰਧੂ ਘਾਟੀ ਦੀ ਸੱਭਿਅਤਾ ਅਰਬ ਸਾਗਰ ਤੋਂ ਲੈ ਕੇ ਕਰਾਚੀ ਅਤੇ ਸ਼ਿਵਾਲਿਕ ਦੇ ਪੈਰਾਂ ਵਿਚਲੇ ਰੂਪਨਗਰ ਤੱਕ ਫੈਲੀ ਹੋਈ ਸੀ। ਇਸ ਨੇ ਮੌਜੂਦਾ ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਪੱਛਮੀ ਉੱਤਰ ਪ੍ਰਦੇਸ਼, ਉੱਤਰੀ ਮਹਾਰਾਸ਼ਟਰ ਤੋਂ ਇਲਾਵਾ ਸਿੰਧ ਤੇ ਬਲੋਚਿਸਤਾਨ ਦਾ ਇਲਾਕਾ ਘੇਰਿਆ ਹੋਇਆ ਸੀ।

ਸਿੰਧੂ ਘਾਟੀ ਦੀ ਸੱਭਿਅਤਾ ਦੀਆਂ ਨਿਸ਼ਾਨੀਆਂ ਹਾਲੇ ਤੱਕ ਪੰਜਾਬ ਦੇ ਕਈ ਜ਼ਿਲ੍ਹੇ ਸਮੋਈ ਬੈਠੇ ਹਨ, ਜ਼ਿਲ੍ਹਾ ਰੂਪਨਗਰ ਦੇ ਕਈ ਹਿੱਸਿਆਂ, ਮਲੇਰਕੋਟਲਾ, ਫਤਹਿਗੜ੍ਹ ਸਾਹਿਬ, ਲੁਧਿਆਣਾ ਵਿੱਚ ਇਸ ਸੱਭਿਅਤਾ ਦੀਆਂ ਥਾਵਾਂ ਅਤੇ ਨਿਸ਼ਾਨੀਆਂ ਮਿਲ ਚੁੱਕੀਆਂ ਹਨ।

ਹਰਜੇਸ਼ਵਰ ਪਾਲ ਸਿੰਘ ਨੇ ਦੱਸਿਆ ਕਿ ਸਿੰਧ ਘਾਟੀ ਦੀ ਸੱਭਿਅਤਾ ਦੌਰਾਨ ਵੀ ਇੱਥੋਂ ਦੀ ਧਰਤੀ ਦੇ ਇੰਨਾ ਉਪਜਾਊ ਹੋਣ ਦੇ ਸਬੂਤ ਮਿਲਦੇ ਹਨ ਕਿ ਦਰਿਆ ਦੇ ਨੇੜੇ ਸਾਲ ਵਿਚ ਦੋ ਫਸਲਾਂ ਵੀ ਹੁੰਦੀਆਂ ਸੀ।

ਪੰਜਾਬ ਦਾ ਪਹਿਲਾ ਨਾਮ

ਅੰਮ੍ਰਿਤਸਰ

ਤਸਵੀਰ ਸਰੋਤ, Getty Images

ਸਿੰਧੂ ਘਾਟੀ ਦੀ ਸੱਭਿਅਤਾ ਦੇ ਤਬਾਹ ਹੋਣ ਦਾ ਸਮਾਂ, ਇਸ ਧਰਤੀ ਉੱਤੇ ਆਰੀਆ ਲੋਕਾਂ ਦੇ ਦਬਦਬੇ ਦੀ ਸ਼ੁਰੂਆਤ ਨਾਲ ਮੇਲ ਖਾਂਦਾ ਹੈ। ਆਰੀਆ ਲੋਕਾਂ ਦੇ ਇੱਥੇ ਆਉਣ ਦਾ ਕਾਲ 1500 ਈ.ਪੂ ਦੇ ਨੇੜੇ ਮੰਨਿਆ ਜਾਂਦਾ ਹੈ।

ਹਰਜੇਸ਼ਵਰ ਪਾਲ ਸਿੰਘ ਮੁਤਾਬਕ ਆਰੀਆ ਲੋਕਾਂ ਬਾਰੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਹਨ। ਕੁਝ ਲੋਕ ਮੰਨਦੇ ਹਨ ਕਿ ਇੱਥੋਂ ਦੇ ਵਸਨੀਕ ਅਤੇ ਕੁਝ ਲੋਕ ਇਨ੍ਹਾਂ ਨੂੰ ਵਿਦੇਸ਼ੀ ਮੰਨਦੇ ਹਨ। ਹਰਜੇਸ਼ਵਰਪਾਲ ਸਿੰਘ ਮੁਤਾਬਕ ਜ਼ਿਆਦਾ ਪ੍ਰਚਲਤ ਧਾਰਨਾ ਇਹ ਹੈ ਕਿ ਇਹ ਲੋਕ ਮੱਧ ਏਸ਼ੀਆ (ਅਫਗਾਨਿਸਤਾਨ ਤੋਂ ਉਪਰਲੇ ਇਲਾਕਾ) ਤੋਂ ਆਏ ਸਨ।

ਉਨ੍ਹਾਂ ਦੱਸਿਆ ਕਿ ਇਹ ਲੋਕ ਜ਼ਿਆਦਾਤਰ ਪਸ਼ੂ ਪਾਲਣ 'ਤੇ ਨਿਰਭਰ ਸਨ। ਉਨ੍ਹਾਂ ਇਲਾਕਿਆਂ ਵਿੱਚ ਅਬਾਦੀ ਵਧਣ ਕਾਰਨ ਜਦੋਂ ਸ੍ਰੋਤ ਘਟੇ ਤਾਂ ਉਹ ਪਰਵਾਸ ਕਰਕੇ ਇੱਥੇ ਆਏ।

ਇਸ ਇਲਾਕੇ ਵਿੱਚ ਆਉਣ ਦਾ ਕਾਰਨ ਸੀ ਇੱਥੋਂ ਦੀ ਜ਼ਰਖੇਜ਼ ਧਰਤੀ। ਇਹ ਇਲਾਕਾ ਖੇਤੀਬਾੜੀ ਲਈ ਬੇਹੱਦ ਅਨੁਕੂਲ ਰਿਹਾ ਹੈ, ਇਸ ਲਈ ਆਰੀਆ ਲੋਕ ਇੱਥੇ ਆ ਕੇ ਵਸੇ। ਇਹ ਵੀ ਕਿਹਾ ਜਾਂਦਾ ਹੈ ਕਿ ਆਰੀਆ ਲੋਕਾਂ ਨੇ ਇੱਥੇ ਆ ਕੇ ਵਸਣ ਲਈ ਜੰਗ ਵਿੱਚ ਸਿੰਧੂ ਘਾਟੀ ਦੀ ਸੱਭਿਅਤਾ ਨਸ਼ਟ ਕੀਤੀ।

ਉਸ ਵੇਲੇ ਯਮੁਨਾ ਤੋਂ ਲੈ ਕੇ ਸਿੰਧ ਦਰਿਆ ਵਿਚਕਾਰਲੇ ਇਲਾਕੇ ਨੂੰ 'ਸਪਤ ਸਿੰਧੂ' ਦਾ ਨਾਮ ਦਿੱਤਾ ਗਿਆ। ਇਹੀ ਪੰਜਾਬ ਦਾ ਸਭ ਤੋਂ ਪਹਿਲਾ ਨਾਮ ਮੰਨਿਆ ਜਾਂਦਾ ਹੈ।

ਇਸ ਨਾਮ ਪਿੱਛੇ ਕਾਰਨ ਸੀ ਇੱਥੇ ਸੱਤ ਦਰਿਆਵਾਂ ਦਾ ਵਗਣਾ ਜਿਨ੍ਹਾਂ ਵਿੱਚ ਰਾਵੀ, ਜਿਹਲਮ ,ਸਤਲੁਜ, ਬਿਆਸ, ਚਨਾਬ, ਸਰਸਵਤੀ(ਘੱਗਰ) ਅਤੇ ਸਿੰਧ ਦਰਿਆ ਸ਼ਾਮਲ ਸਨ।

ਪੰਜਾਬ

ਤਸਵੀਰ ਸਰੋਤ, Getty Images

ਜਦਕਿ ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਪ੍ਰੋਫੈਸਰ ਸੁਖਦਿਆਲ ਦੀ ਲਿਖਤ 'ਪੰਜਾਬ-ਆਦਿ ਕਾਲ ਤੋਂ ਆਧੁਨਿਕ ਕਾਲ' ਵਿਚ ਕਈ ਇਤਿਹਾਸਕ ਤੇ ਵੈਦਿਕ ਹਵਾਲਿਆਂ ਨਾਲ ਕਿਹਾ ਗਿਆ ਹੈ ਕਿ ਪੰਜਾਬ ਦਾ ਪੁਰਾਤਨ ਨਾਂ ਸਪਤ ਸਿੰਧੂ ਨਹੀਂ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਉਸ ਵੇਲੇ ਪੰਜਾਬ ਦਾ ਨਾਮ 'ਵਹੀਕ ਦੇਸ' ਹੁੰਦਾ ਸੀ, ਆਰੀਆ ਲੋਕਾਂ ਦੇ ਇੱਥੇ ਰਹਿਣ ਕਾਰਨ ਇਸ ਨੂੰ 'ਅਰੱਟ' ਮੁਲਕ ਵੀ ਕਿਹਾ ਗਿਆ।

ਸਿੰਧ ਘਾਟੀ ਦੀ ਸ਼ਹਿਰੀ ਸੱਭਿਅਤਾ ਦੇ ਉਲਟ, ਆਰੀਆ ਲੋਕਾਂ ਨੇ ਇੱਥੇ ਪੇਂਡੂ ਰਹਿਣ ਸਹਿਣ ਰੱਖਿਆ।

ਇਸ ਕਾਲ ਨੂੰ ਵੈਦਿਕ ਕਾਲ ਵੀ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਪੰਜਾਬ (ਸਪਤ ਸਿੰਧੂ) ਦੇ ਦਰਿਆਵਾਂ ਦੇ ਕੰਢੇ ਹੀ ਰਿਗਵੇਦ ਜਿਹੇ ਗ੍ਰੰਥ ਦੀ ਰਚਨਾ ਹੋਈ।

ਕਿਤਾਬ 'ਸਾਡਾ ਪੰਜਾਬ' ਵਿੱਚ ਮੁਨੀਸ਼ ਜਿੰਦਲ ਲਿਖਦੇ ਹਨ ਕਿ ਆਰੀਆ ਕਾਲ ਦੌਰਾਨ ਹੀ ਰਮਾਇਣ, ਮਹਾਭਾਰਤ ਤੇ ਭਗਵਤ ਗੀਤਾ ਜਿਹੇ ਗ੍ਰੰਥਾਂ ਦੀ ਰਚਨਾ ਹੋਈ।

ਪੰਜਾਬ ਤੋਂ ਪਹਿਲਾਂ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਗਿਆ ?

ਇਤਿਹਾਸਕਾਰ ਦੱਸਦੇ ਹਨ ਕਿ ਵੈਦਿਕ ਕਾਲ ਵਿੱਚ ਪੰਜਾਬ ਦਾ ਨਾਮ 'ਸਪਤ ਸਿੰਧੂ' (ਸੱਤ ਦਰਿਆਵਾਂ ਦੀ ਧਰਤੀ) ਸੀ। ਪ੍ਰੋਫੈਸਰ ਸੁਖਦਿਆਲ ਨੇ ਇਹ ਨਾਮ 'ਅਰੱਟ' ਹੋਣ ਦਾ ਦਾਅਵਾ ਕੀਤਾ ਹੈ।

ਰਮਾਇਣ, ਮਹਾਂਭਾਰਤ ਜਿਹੇ ਗ੍ਰੰਥਾਂ ਵਿੱਚ ਇਸ ਖੇਤਰ ਦਾ ਨਾਮ 'ਪੰਚਨਦ' ਹੋਣ ਦਾ ਵੀ ਹਵਾਲਾ ਮਿਲਦਾ ਹੈ, ਜਿਸ ਦਾ ਵੀ ਮਤਲਬ ਪੰਜ ਦਰਿਆਵਾਂ ਦੀ ਧਰਤੀ ਹੈ।

ਯੁਨਾਨੀਆਂ ਨੇ ਇਸ ਧਰਤੀ ਨੂੰ 'ਪੈਂਟਾਪੋਟਾਮੀਆ' ਨਾਮ ਦਿੱਤਾ ਜਿਸ ਵਿਚ ਪੈਂਟਾ ਦਾ ਅਰਥ ਪੰਜ ਅਤੇ ਪੋਟਾਮੀਆ ਦਾ ਅਰਥ ਨਦੀ ਹੈ।

ਇਸ ਤੋਂ ਬਾਅਦ 14ਵੀਂ ਸਦੀ ਵਿੱਚ ਇੱਥੇ ਆਏ ਇਤਿਹਾਸਕਾਰ ਇਬਨ ਬਤੂਤਾ ਨੇ ਆਪਣੀਆਂ ਲਿਖਤਾਂ ਵਿੱਚ ਇਸ ਧਰਤੀ ਦਾ ਨਾਮ ਪੰਜ-ਆਬ ਦਰਜ ਕੀਤਾ। ਉਸ ਤੋਂ ਬਾਅਦ ਵਿੱਚ ਪੰਜਾਬ ਵਿੱਚ ਮੁਗਲਾਂ ਦਾ ਰਾਜ ਵੀ ਆਉਂਦਾ ਹੈ।

ਇਤਿਹਾਸਕਾਰ ਸੁਰਿੰਦਰ ਸਿੰਘ ਵੀ ਕਹਿੰਦੇ ਹਨ ਕਿ ਕਿਉਂਕਿ ਪੰਜ-ਆਬ ਫ਼ਾਰਸੀ ਦੇ ਲਫਜ਼ਾਂ ਤੋਂ ਆਇਆ ਹੈ, ਇਸ ਲਈ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁਗਲਾਂ ਦੇ ਆਉਣ ਬਾਅਦ ਇਸ ਧਰਤੀ ਨੂੰ ਪੰਜਾਬ ਕਿਹਾ ਜਾਣ ਲੱਗਿਆ ਹੋਏਗਾ।

ਪਟਿਆਲਾ ਦੀ ਪੰਜਾਬੀ ਯੁਨੀਵਰਸਿਟੀ ਦ ਇਤਿਹਾਸ ਵਿਭਾਗ ਦੀ ਮੁਖੀ ਡਾ.ਸੰਦੀਪ ਕੌਰ ਕਹਿੰਦੇ ਹਨ ਕਿ ਮੱਧ-ਕਾਲ ਦੇ ਫ਼ਾਰਸੀ ਰਿਕਾਰਡ ਵਿੱਚ ਇਹ ਨਾਮ ਪੰਜਾਬ (Panjab) ਦਰਜ ਕੀਤਾ ਗਿਆ।

ਪੰਜਾਬਣ ਮੁਟਿਆਰਾਂ

ਤਸਵੀਰ ਸਰੋਤ, Getty Images

ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਇਸ ਨੂੰ 'ਲਾਹੌਰ ਸੂਬਾ' ਵੀ ਕਿਹਾ ਗਿਆ। ਫਿਰ ਜਦੋਂ 1849 ਵਿੱਚ ਅੰਗਰੇਜ਼ਾ ਨੇ ਸਾਰੇ ਪੰਜਾਬ ਨੂੰ ਆਪਣੇ ਰਾਜ ਵਿੱਚ ਮਿਲਾਇਆ ਤਾਂ ਉਨ੍ਹਾਂ ਦੇ ਦਸਤਾਵੇਜ਼ਾਂ ਵਿੱਚ 'ਪੰਜਾਬ' ਸ਼ਬਦ ਦਾ ਹੀ ਜ਼ਿਕਰ ਆਉਂਦਾ ਹੈ।

ਡਾ.ਸੰਦੀਪ ਕੌਰ ਨੇ ਦੱਸਿਆ ਕਿ ਬ੍ਰਿਟਿਸ਼ ਰਿਕਾਰਡ ਵਿਚ ਪੰਜਾਬ ਦਾ ਨਾਮ Panjab, Punjab, Pounjab, Penjab, Panjaub, Pindjab, Pandschab ਮਿਲਦਾ ਹੈ।

ਡਾ.ਸੰਦੀਪ ਕੌਰ ਨੇ ਇਹ ਵੀ ਦੱਸਿਆ ਕਿ ਚੀਨੀ ਰਿਕਾਰਡ ਵਿੱਚ ਪੰਜਾਬ ਦਾ ਨਾਮ ਸੇਕਾਈ (Tsekai) ਦਾ ਜ਼ਿਕਰ ਆਉਂਦਾ ਹੈ ਜਿਸ ਦਾ ਮਤਲਬ ਹੈ ਪੰਜ ਦਰਿਆਵਾਂ ਦੀ ਧਰਤੀ। ਉਨ੍ਹਾਂ ਦੱਸਿਆ ਕਿ ਚੀਨੀ ਯਾਤਰੀ ਹਿਉਨ ਤਸਾਂਗ ਨੇ ਇਹ ਨਾਮ ਵਰਤਿਆ ਸੀ।

ਇਤਿਹਾਸ ਦੀਆਂ ਕੁਝ ਕਿਤਾਬਾਂ ਵਿੱਚ ਕਿਸੇ ਵੇਲੇ ਪੰਜਾਬ ਦਾ ਨਾਮ 'ਟਕੀ' ਪੈਣ ਦਾ ਵੀ ਜ਼ਿਕਰ ਆਉਂਦਾ ਹੈ।

ਪੰਜਾਬ ਦੇ ਬਦਲਦੇ ਸ਼ਾਸਕ ਤੇ ਸੀਮਾਵਾਂ

ਪੰਜਾਬ ਅਜਿਹੇ ਖੇਤਰਾਂ ਵਿੱਚੋਂ ਰਿਹਾ ਹੈ, ਜਿੱਥੇ ਸਮੇਂ-ਸਮੇਂ 'ਤੇ ਵਿਦੇਸ਼ੀ ਧਾੜਵੀਆਂ ਵੱਲੋਂ ਹਮਲੇ ਹੁੰਦੇ ਰਹੇ ਹਨ ਅਤੇ ਬਹੁਤ ਸਾਰੇ ਸ਼ਾਸਕਾਂ ਨੇ ਇਸ ਇਲਾਕੇ ਨੂੰ ਕਬਜ਼ਾਉਣ ਦੀ ਕੋਸ਼ਿਸ਼ ਕੀਤੀ ਹੈ।

ਇਤਿਹਾਸਕਾਰ ਹਰਜੇਸ਼ਵਰਪਾਲ ਸਿੰਘ ਕਹਿੰਦੇ ਹਨ, "ਪੰਜਾਬ ਦੀ ਧਰਤੀ ਦੁਨੀਆ ਦੇ ਸਭ ਤੋਂ ਉਪਜਾਊ ਇਲਾਕਿਆਂ ਵਿੱਚੋਂ ਇੱਕ ਰਹੀ ਹੈ। ਇਹ ਖੇਤਰ ਸਭ ਤੋਂ ਪੁਰਾਣੇ ਚੁਣਿੰਦਾ ਇਲਾਕਿਆਂ ਵਿੱਚੋਂ ਹੈ, ਜਿੱਥੇ ਇੰਨੇ ਪੁਰਾਣੇ ਸਮੇਂ ਤੋਂ ਖੇਤੀਬਾੜੀ ਹੁੰਦੀ ਸੀ। ਜਿੱਥੇ ਜ਼ਿਆਦਾ ਖੇਤੀਬਾੜੀ ਹੋਏਗੀ, ਉੱਥੇ ਵਧੇਰੇ ਸ੍ਰੋਤ ਹੋਣਗੇ ਇਸ ਲਈ ਲੋਕ ਇਸ ਧਰਤੀ ਵੱਲ ਆਕ੍ਰਸ਼ਿਤ ਹੁੰਦੇ ਸਨ।"

ਮਹਾਰਾਜਾ ਰਣਜੀਤ ਸਿੰਘ ਦਾ ਬੁੱਤ

ਤਸਵੀਰ ਸਰੋਤ, Getty Images

ਵੱਖ ਵੱਖ ਲੋਕਾਂ ਦੇ ਇੱਥੇ ਰਾਜ ਕਰਨ ਅਤੇ ਵਸਣ ਕਾਰਨ ਪੰਜਾਬ ਵਿੱਚ ਵੱਖ-ਵੱਖ ਸੱਭਿਅਤਾਵਾਂ ਦਾ ਮੇਲ ਹੁੰਦਾ ਰਿਹਾ ਹੈ।

ਦੱਸ ਦੇਈਏ ਕਿ ਆਰੀਆ ਲੋਕਾਂ ਦਾ ਦਬਦਬਾ ਕਈ ਕਾਰਨਾਂ ਕਰਕੇ ਹੌਲੀ ਹੌਲੀ ਘਟਣਾ ਸ਼ੁਰੂ ਹੋ ਗਿਆ। ਫ਼ਾਰਸੀ ਸਾਮਰਾਜ ਦੇ ਨੇੜੇ ਹੋਣ ਕਾਰਨ, 516 ਈ.ਪੂ ਤੱਕ ਫ਼ਾਰਸੀਆਂ ਨੇ ਇਸ ਇਲਾਕੇ 'ਤੇ ਕਬਜ਼ਾ ਕਰ ਲਿਆ ਸੀ।

ਫ਼ਾਰਸੀਆਂ ਤੋਂ ਬਾਅਦ ਯੁਨਾਨੀ ਆਏ। 321 ਈ.ਪੂ ਵਿੱਚ ਯੁਨਾਨੀ ਸ਼ਾਸਕ ਸਿਕੰਦਰ ਨੇ ਧਾਵਾ ਬੋਲਿਆ ਤੇ ਜ਼ਿਆਦਾਤਰ ਰਾਜ ਉਸ ਅਧੀਨ ਹੋ ਗਿਆ ਸੀ। ਅਗਲੇ ਕਰੀਬ ਦੋ ਸੌ ਸਾਲ ਪੰਜਾਬ ਤੇ ਇੰਡੋ-ਗਰੀਕ ਰਾਜ ਰਿਹਾ। ਇਸ ਧਰਤੀ 'ਤੇ ਯੁਨਾਨੀ ਅਤੇ ਫ਼ਾਰਸੀ ਕਲੋਨੀਆਂ ਬਣੀਆਂ। ਪੱਛਮੀ ਦੇਸ਼ਾਂ ਨਾਲ ਵਪਾਰ ਅਤੇ ਸੰਚਾਰ ਦੇ ਨਵੇਂ ਰਸਤੇ ਖੁੱਲ੍ਹੇ।

ਚੌਥੀ ਸਦੀ ਈ.ਪੂ ਦੇ ਅਖੀਰ ਵਿੱਚ ਭਾਰਤ ਵਿੱਚ ਜਨਮੇ ਮਹਾਨ ਨੀਤੀਕਾਰ ਚਾਣਕਿਆ ਨੇ ਨੌਜਵਾਨ ਚੰਦਰਗੁਪਤ ਮੌਰੀਆ ਨੂੰ ਪ੍ਰੇਰਿਤ ਕੀਤਾ ਕਿ ਧਰਤੀ, ਵਿਦੇਸ਼ੀ ਧਾੜਵੀਆਂ ਤੋਂ ਛੁਡਾਈ ਜਾਵੇ। ਚੰਦਰਗੁਪਤ ਮੌਰੀਆ ਜਿੱਤੇ ਅਤੇ ਮੌਰੀਆ ਰਾਜ ਦੀ ਸਥਾਪਨਾ ਹੋਈ। ਦੱਸਿਆ ਜਾਂਦਾ ਹੈ ਕਿ ਚੰਦਰਗੁਪਤ ਮੌਰੀਆ ਨੇ ਪੱਛਮ ਵਾਲੇ ਪਾਸੇ ਅਫ਼ਗ਼ਾਨਿਸਤਾਨ, ਬਲੋਚਿਸਤਾਨ ਤੱਕ ਆਪਣੇ ਰਾਜ ਦਾ ਵਿਸਥਾਰ ਕਰਕੇ ਪੰਜਾਬ ਦੀਆਂ ਹੱਦਾਂ ਨੂੰ ਹਿੰਦੁਕੁਸ਼ ਦੀਆਂ ਪਹਾੜੀਆਂ ਤੱਕ ਪਹੁੰਚਾਇਆ।

ਮਹਾਨ ਰਾਜਾ ਅਸ਼ੋਕ ਨੇ ਵੀ ਮੌਰੀਆ ਕਾਲ ਵਿੱਚ ਰਾਜ ਕੀਤਾ ਅਤੇ 232 ਈ.ਪੂ ਵਿੱਚ ਅਸ਼ੋਕ ਦੀ ਮੌਤ ਤੋਂ ਬਾਅਦ ਮੌਰੀਆ ਸਾਮਰਾਜ ਖ਼ਾਤਮੇ ਵੱਲ ਵਧਿਆ।

ਮੌਰੀਆ ਸਾਮਰਾਜ ਤੋਂ ਬਾਅਦ, ਪੰਜਾਬ ਵਿੱਚ ਵੱਖ-ਵੱਖ ਕਬੀਲਿਆਂ ਦਾ ਰਾਜ ਰਿਹਾ। ਇਸ ਤੋਂ ਬਾਅਦ ਗੁਪਤ ਸਾਮਰਾਜ ਰਿਹਾ ਜਿਨ੍ਹਾਂ ਵਿੱਚ ਚੰਦਰ ਗੁਪਤ ਸਭ ਤੋਂ ਅਹਿਮ ਸ਼ਾਸਕ ਰਹੇ। ਫਿਰ ਰਾਜਾ ਹਰਸ਼ ਵਰਧਣ ਦੇ ਰਾਜ ਦੇ ਸਮੇਂ ਨੂੰ ਵਰਧਣ ਕਾਲ ਕਿਹਾ ਗਿਆ।

ਵੱਖ ਵੱਖ ਲੋਕਾਂ ਦੇ ਇੱਥੇ ਰਾਜ ਕਰਨ ਅਤੇ ਵਸਣ ਕਾਰਨ ਪੰਜਾਬ ਵਿੱਚ ਵੱਖ-ਵੱਖ ਸੱਭਿਅਤਾਵਾਂ ਦਾ ਮੇਲ ਹੁੰਦਾ ਰਿਹਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੱਖ ਵੱਖ ਲੋਕਾਂ ਦੇ ਇੱਥੇ ਰਾਜ ਕਰਨ ਅਤੇ ਵਸਣ ਕਾਰਨ ਪੰਜਾਬ ਵਿੱਚ ਵੱਖ-ਵੱਖ ਸੱਭਿਅਤਾਵਾਂ ਦਾ ਮੇਲ ਹੁੰਦਾ ਰਿਹਾ ਹੈ।

ਇਸ ਤੋਂ ਬਾਅਦ ਬਾਰ੍ਹਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਨੇ ਘੁਸਪੈਠ ਕਰਨੀ ਸ਼ੁਰੂ ਕੀਤੀ। ਧਾੜਵੀਆਂ ਦੇ ਹਮਲਿਆਂ ਕਾਰਨ ਫਿਰ ਹਿੰਦੂਸ਼ਾਹੀ ਤਾਕਤਾਂ ਜਦੋਂ ਕਮਜ਼ੋਰ ਹੋਣ ਲੱਗੀਆਂ ਤਾਂ ਰਾਜਪੂਤਾਂ ਨੇ ਮੋਰਚਾ ਸੰਭਾਲਿਆ। ਪਰ 1191 ਈਸਵੀ ਵਿੱਚ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਮਾਰ ਕੇ ਸਰਹਿੰਦ ਸਮੇਤ ਦਿੱਲੀ ਤੱਕ ਦਾ ਇਲਾਕਾ ਆਪਣੇ ਕਬਜ਼ੇ ਵਿੱਚ ਲੈ ਲਿਆ।

ਇਤਿਹਾਸਕਾਰ ਸੁਰਿੰਦਰ ਸਿੰਘ ਦੱਸਦੇ ਹਨ ਕਿ ਤੇਰਵ੍ਹੀਂ ਤੋਂ ਸੋਲਵੀਂ ਤੱਕ ਵੱਖ ਵੱਖ ਵੱਖ ਰਾਜਵੰਸ਼ਾਂ ਦਾ ਰਾਜ ਰਿਹਾ ਜਿਵੇਂ ਕਿ ਗੁਲਾਮ ਵੰਸ਼ (ਮੁਹੰਮਦ ਗੌਰੀ), ਖਿਲਜੀ ਵੰਸ਼, ਤੁਗਲਕ ਵੰਸ਼, ਸਈਅਦ ਤੇ ਲੋਧੀ ਵੰਸ਼।। ਸੁਰਿੰਦਰ ਸਿੰਘ ਕਹਿੰਦੇ ਹਨ ਕਿ ਇਨ੍ਹਾਂ ਵੰਸ਼ਾਂ ਦੇ ਨਸਲੀ ਪਿਛੋਕੜ ਬਾਰੇ ਕਈ ਤਰ੍ਹਾਂ ਦੀ ਬਹਿਸ ਚਲਦੀ ਰਹਿੰਦੀ ਹੈ ਪਰ ਮੋਟੇ ਤੌਰ 'ਤੇ ਉਨ੍ਹਾਂ ਨੂੰ ਤੁਰਕ ਕਿਹਾ ਜਾਂਦਾ ਹੈ।

ਸੋਲਵੀਂ ਸਦੀ ਤੱਕ ਇਸ ਰਾਜ ਨੂੰ ਦਿੱਲੀ ਸਲਤਨਤ ਕਿਹਾ ਗਿਆ ਜਿਸ ਦੀ ਸੀਮਾ ਮੋਟੇ ਤੌਰ 'ਤੇ ਸਤਲੁਜ ਤੋਂ ਪੇਸ਼ਾਵਰ ਤੱਕ ਸੀ। ਪ੍ਰਬੰਧਕੀ ਢਾਂਚੇ ਨੂੰ ਧਿਆਨ ਵਿੱਚ ਰੱਖਦਿਆਂ ਸਲਤਨਤ ਨੂੰ ਵੱਖੋ-ਵੱਖ ਹਿੱਸਿਆਂ ਵਿੱਚ ਵੰਡਿਆ ਜਾਂਦਾ ਸੀ, ਪਰ ਉਨ੍ਹਾਂ ਦੀਆਂ ਹੂਬਹੂ ਸਰਹੱਦਾਂ ਸਾਨੂੰ ਸਪੱਸ਼ਟ ਨਹੀਂ ਹਨ।

ਫਿਰ ਸੋਲਵੀਂ ਸਦੀ ਦੇ ਸ਼ੁਰੂਆਤ ਤੋਂ ਮੱਧ ਅਠਾਰਵੀਂ ਤੱਕ ਮੁਗਲਾਂ ਦਾ ਰਾਜ ਰਿਹਾ। 1526 ਈ ਵਿੱਚ ਇਬਰਾਹਿਮ ਲੋਧੀ ਨੂੰ ਹਰਾ ਕੇ ਬਾਬਰ ਪੰਜਾਬ ਅਤੇ ਉੱਤਰੀ ਭਾਰਤ ਦਾ ਪਹਿਲਾ ਮੁਗਲ ਸ਼ਾਸਕ ਬਣਿਆ। ਬਾਬਰ ਤੋਂ ਬਾਅਦ ਹਮਾਯੂ, ਸ਼ੇਰ ਸ਼ਾਹ ਸੂਰੀ, ਅਕਬਰ, ਜਹਾਂਗੀਰ, ਸ਼ਾਹ ਜਹਾਨ, ਔਰੰਗਜ਼ੇਬ ਦਾ ਸ਼ਾਸਨ ਰਿਹਾ।

1707 ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ, ਫਾਰੁਖ ਸਿਆਰ ਅਤੇ ਮੁਹੰਮਦ ਸ਼ਾਹ ਜਿਹੇ ਸ਼ਾਸਕਾਂ ਨੇ ਮੁਗਲ ਸ਼ਾਸਨ ਦਾ ਪਤਨ ਹੁੰਦਾ ਦੇਖਿਆ। ਮੁਗਲ ਕਾਲ ਵਿੱਚ ਹੀ ਪੰਜਾਬ ਅੰਦਰ ਸਿੱਖ ਗੁਰੂ ਹੋਏ ਅਤੇ ਮੁਗਲ ਕਾਲ ਦੇ ਪਤਨ ਤੱਕ ਪੰਜਾਬ ਅੰਦਰ ਸਿੱਖ ਧਰਮ ਦੀ ਸਥਾਪਨਾ ਹੋ ਚੁੱਕੀ ਸੀ।

ਮੁਗਲਾਂ ਨੇ ਭਾਰਤ ਨੂੰ ਸੂਬਿਆਂ ਵਿੱਚ ਵੰਡਿਆ। ਦਿੱਲੀ ਤੋਂ ਪੇਸ਼ਾਵਰ ਤੱਕ ਦੇ ਖੇਤਰ ਦੇ ਤਿੰਨ ਹਿੱਸੇ ਲਾਹੌਰ ਸੂਬਾ, ਮੁਲਤਾਨ ਸੂਬਾ, ਦਿੱਲੀ ਸੂਬਾ ਕਿਹਾ ਗਿਆ। ਸੁਰਿੰਦਰ ਸਿੰਘ ਕਹਿੰਦੇ ਹਨ, "ਵੱਖ-ਵੱਖ ਸਮੇਂ 'ਪੰਜਾਬ' ਦੀਆਂ ਭੂਗੋਲਿਕ ਸਰਹੱਦਾਂ ਬਦਲਦੀਆਂ ਰਹੀਆਂ ਹਨ, ਪਰ ਮੈਂ ਸੱਭਿਆਚਾਰਕ ਪੱਖੋਂ ਮੱਧ ਕਾਲ ਵਿੱਚ ਦਿੱਲੀ ਤੋ ਪੇਸ਼ਾਵਰ ਤੱਕ ਦੇ ਖੇਤਰ ਨੂੰ ਪੰਜਾਬ ਮੰਨਦਾ ਹਾਂ।

ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ

1799- 1839 ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਪੰਜਾਬ ਨੂੰ 'ਲਾਹੌਰ ਦਰਬਾਰ' ਕਿਹਾ ਗਿਆ। ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਕਈ ਸਿੱਖ ਮਿਸਲਾਂ ਸਨ, ਪਰ ਮਹਾਰਾਜਾ ਰਣਜੀਤ ਸਿੰਘ ਨੇ ਬਾਰਾਂ ਮਿਸਲਾਂ ਨੂੰ ਮਿਲਾ ਕੇ ਸਿੱਖ ਰਾਜ ਦੀ ਸਥਾਪਨਾ ਕੀਤੀ।

ਉਨ੍ਹਾਂ ਦੇ ਰਾਜ ਵਿੱਚ ਸਿੰਧ ਤੋਂ ਸਤਲੁਜ ਤੱਕ ਦਾ ਇਲਾਕਾ ਆਉਂਦਾ ਸੀ, ਇਨ੍ਹਾਂ ਵਿੱਚ ਅਟਕ, ਪੇਸ਼ਾਵਰ, ਕਸ਼ਮੀਰ, ਰਾਵਲਪਿੰਡੀ, ਕਾਂਗੜਾ, ਲਾਹੌਰ, ਮੁਲਤਾਨ,ਅੰਮ੍ਰਿਤਸਰ,ਜੰਮੂ, ਗੁਜਰਾਤ, ਸਿਆਲਕੋਟ ਜਿਹੇ ਅਹਿਮ ਇਲਾਕੇ ਸ਼ਾਮਲ ਸੀ। ਸਤਲੁਜ ਤੋਂ ਹੇਠਲੇ ਇਲਾਕੇ ਜਿਵੇਂ ਕਿ ਪਟਿਆਲ਼ਾ, ਨਾਭਾ ਸਮੇਤ ਮੌਜੂਦਾ ਪੰਜਾਬ ਦਾ ਮਾਲਵਾ ਹਿੱਸਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਨਹੀਂ ਸੀ। ਉਹ ਇਲਾਕਾ ਬ੍ਰਿਟਿਸ਼ ਰਾਜ ਵਿੱਚ ਪਹਿਲਾਂ ਹੀ ਆ ਗਿਆ ਸੀ।

ਬ੍ਰਿਟਿਸ਼ ਰਾਜ ਤੋਂ ਮੌਜੂਦਾ ਪੰਜਾਬ

ਫਿਰ ਐਂਗਲੋ-ਸਿੱਖ ਯੁੱਧ ਤੋਂ ਬਾਅਦ, 1849 ਬ੍ਰਿਟਿਸ਼ ਸਰਕਾਰ ਨੇ ਸਾਰੇ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਤੇ 1947 ਤੱਕ ਬ੍ਰਿਟਿਸ਼ ਰਾਜ ਰਿਹਾ। ਬ੍ਰਿਟਿਸ਼ ਰਾਜ ਦੌਰਾਨ ਦਿੱਲੀ ਤੋਂ ਲੈ ਕੇ ਪੇਸ਼ਾਵਰ ਤੱਕ ਦਾ ਇਲਾਕਾ ਪੰਜਾਬ ਅੰਦਰ ਆਉਂਦਾ ਸੀ, ਯਾਨੀ ਸਤਲੁਜ ਤੋਂ ਯਮੁਨਾ ਵਿਚਕਾਰਲਾ ਇਲਾਕਾ ਵੀ ਪੰਜਾਬ ਵਿੱਚ ਸ਼ਾਮਲ ਕਰ ਲਿਆ ਗਿਆ ਸੀ।

ਇਸ ਵਿੱਚ ਮੌਜੂਦਾ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦਾ ਵੱਡਾ ਹਿੱਸਾ ਵੀ ਸ਼ਾਮਲ ਸੀ। ਹਰਜੇਸ਼ਵਰਪਾਲ ਸਿੰਘ ਨੇ ਦੱਸਿਆ ਕਿ ਅੰਗਰੇਜ਼ਾਂ ਵੇਲੇ ਦਾ ਪੰਜਾਬ, ਮੌਜੂਦਾ ਪੰਜਾਬ ਤੋਂ ਤਕਰੀਬਨ ਸੱਤ ਗੁਣਾ ਵੱਡਾ ਸੀ।

ਬ੍ਰਿਟਿਸ਼ ਰਾਜ ਦੇ ਖ਼ਾਤਮੇ ਬਾਅਦ ਪੰਜਾਬ ਦੀ ਵੱਡੀ ਵੰਡ ਹੋਈ ਜਦੋਂ ਇੱਕ ਵੱਡਾ ਹਿੱਸਾ ਪਾਕਿਸਤਾਨ ਵਿੱਚ ਚਲਾ ਗਿਆ ਅਤੇ ਦੂਜਾ ਹਿੱਸਾ ਭਾਰਤ ਵਿੱਚ ਰਿਹਾ। ਦੋਹਾਂ ਹੀ ਹਿੱਸਿਆਂ ਨੂੰ ਪੰਜਾਬ ਕਿਹਾ ਜਾਂਦਾ ਹੈ, ਸਮਝਣ ਲਈ ਪਾਕਿਸਤਾਨ ਵਾਲੇ ਹਿੱਸੇ ਨੂੰ ਲਹਿੰਦਾ ਪੰਜਾਬ ਅਤੇ ਭਾਰਤੀ ਹਿੱਸੇ ਨੂੰ ਚੜ੍ਹਦਾ ਪੰਜਾਬ ਕਹਿ ਦਿੱਤਾ ਜਾਂਦਾ ਹੈ।

ਵੰਡ ਤੋਂ ਬਾਅਦ ਭਾਰਤੀ ਪੰਜਾਬ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਫ਼ਿਰੋਜ਼ਪੁਰ, ਅੰਬਾਲਾ, ਕਰਨਾਲ, ਰੋਹਤਕ, ਹਿਸਾਰ, ਗੁੜਗਾਓਂ, ਕਾਂਗੜਾ ਤੇ ਸ਼ਿਮਲਾ ਦਾ ਖੇਤਰ ਆਇਆ।

ਇਸ ਤੋਂ ਇਲਾਵਾ ਵੱਖ-ਵੱਖ ਰਿਆਸਤਾਂ ਜਿਵੇਂ ਕਿ ਪਟਿਆਲ਼ਾ, ਨਾਭਾ, ਜੀਂਦ, ਫਰੀਦਕੋਟ, ਕਪੂਰਥਲਾ, ਕਲਸੀਆ, ਨਾਲਾਗੜ੍ਹ ਅਤੇ ਮਲੇਰਕੋਟਲਾ ਨੇ ਰਲ ਕੇ ਜੁਲਾਈ 1948 ਪੈਪਸੂ ਸਟੇਟ ਬਣਾਇਆ ਜਿਸ ਦੇ ਰਾਜ ਪ੍ਰਮੁਖ ਪਟਿਆਲ਼ਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਬਣੇ।

ਫਿਰ 1 ਨਵੰਬਰ 1956 ਨੂੰ ਪੈਪਸੂ ਸਟੇਟ ਨੂੰ ਪੰਜਾਬ ਨਾਲ ਰਲ਼ਾ ਦਿੱਤਾ ਗਿਆ ਅਤੇ ਪੰਜਾਬ ਦੇ ਭੂਗੋਲਿਕ ਖੇਤਰ ਦਾ ਫਿਰ ਵਿਸਥਾਰ ਹੋਇਆ।

ਬ੍ਰਿਟਿਸ਼ ਰਾਜ ਦੇ ਖ਼ਾਤਮੇ ਬਾਅਦ ਪੰਜਾਬ ਦੀ ਵੱਡੀ ਵੰਡ ਹੋਈ ਜਦੋਂ ਇੱਕ ਵੱਡਾ ਹਿੱਸਾ ਪਾਕਿਸਤਾਨ ਵਿੱਚ ਚਲਾ ਗਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬ੍ਰਿਟਿਸ਼ ਰਾਜ ਦੇ ਖ਼ਾਤਮੇ ਬਾਅਦ ਪੰਜਾਬ ਦੀ ਵੱਡੀ ਵੰਡ ਹੋਈ ਜਦੋਂ ਇੱਕ ਵੱਡਾ ਹਿੱਸਾ ਪਾਕਿਸਤਾਨ ਵਿੱਚ ਚਲਾ ਗਿਆ

ਮੁੜ ਭਾਸ਼ਾ ਦੇ ਆਧਾਰ 'ਤੇ ਹੋਈ ਵੰਡ ਵੇਲੇ ਪੰਜਾਬ ਦੇ ਹਿੰਦੀ ਬੋਲਦੇ ਇਲਾਕੇ ਹਰਿਆਣਾ ਕੋਲ ਅਤੇ ਪਹਾੜੀ ਬੋਲਦੇ ਇਲਾਕੇ ਹਿਮਾਚਲ ਪ੍ਰਦੇਸ਼ ਕੋਲ ਚਲੇ ਗਿਆ।

ਮੌਜੂਦਾ ਸਮੇਂ ਪੰਜਾਬ ਦੀਆਂ ਭੂਗੋਲਿਕ ਸੀਮਾਵਾਂ ਉਹੀ ਹਨ ਜੋ 1 ਨਵੰਬਰ 1966 ਦੀ ਵੰਡ ਬਾਅਦ ਸਨ। ਹਾਲਾਂਕਿ ਅੰਦਰੂਨੀ ਤੌਰ 'ਤੇ ਸੂਬੇ ਅੰਦਰ ਪ੍ਰਬੰਧਕੀ ਇਕਾਈਆਂ ਦੀ ਗਿਣਤੀ ਅਤੇ ਨਾਮ ਬਦਲਦੇ ਰਹੇ ਹਨ ਜਿਵੇਂ ਕਿ ਜ਼ਿਲ੍ਹਿਆਂ ਦੇ ਨਾਮ ਅਤੇ ਗਿਣਤੀ।

ਮੌਜੂਦਾ ਪੰਜਾਬ ਉੱਤਰ ਵਿੱਚ ਜੰਮੂ-ਕਸ਼ਮੀਰ, ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ ਵਿੱਚ ਹਰਿਆਣਾ ਤੇ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨ ਨਾਲ ਕੌਮਾਂਤਰੀ ਬਾਰਡਰ ਸਾਂਝਾ ਕਰਦਾ ਹੈ। ਪੰਜਾਬ ਦਾ ਕੁੱਲ ਖੇਤਰਫਲ 50,362 ਵਰਗ ਕਿ.ਮੀ ਹੈ, ਜੋ ਕਿ ਭਾਰਤ ਦੇ ਕੁੱਲ ਭੂਗੋਲਿਕ ਖੇਤਰ ਦਾ ਤਕਰੀਬਨ ਡੇਢ ਫੀਸਦ ਬਣਦਾ ਹੈ।

ਇਸ ਵੇਲੇ ਪੰਜਾਬ ਦੇ 13 ਲੋਕ ਸਭਾ, 7 ਰਾਜ ਸਭਾ ਅਤੇ 117 ਵਿਧਾਨ ਸਭਾ ਖੇਤਰ ਹਨ। ਕੁੱਲ੍ਹ 23 ਜ਼ਿਲ੍ਹੇ ਹਨ, ਪੰਜਾਬ ਨੂੰ ਮੁੱਖ ਤੌਰ 'ਤੇ ਤਿੰਨ ਖੇਤਰਾਂ ਮਾਝਾ, ਮਾਲਵਾ ਤੇ ਦੋਆਬਾ ਵਿੱਚ ਵੰਡਿਆ ਜਾਂਦਾ ਹੈ। ਮਾਝੇ ਵਿੱਚ ਚਾਰ ਜ਼ਿਲ੍ਹੇ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਤੇ ਤਰਨ ਤਾਰਨ ਆਉਂਦੇ ਹਨ।

ਦੋਆਬੇ ਵਿੱਚ ਜਲੰਧਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਕਪੂਰਥਲਾ ਅਤੇ ਹੁਸ਼ਿਆਰਪੁਰ ਆਉਂਦੇ ਹਨ। ਮਾਲਵਾ ਖੇਤਰ ਵਿੱਚ ਫ਼ਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਬਠਿੰਡਾ, ਬਰਨਾਲਾ, ਸੰਗਰੂਰ, ਮਾਲੇਰਕੋਟਲਾ, ਮਾਨਸਾ, ਪਟਿਆਲ਼ਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), ਮੋਗਾ, ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਰੂਪਨਗਰ ਅਤੇ ਫਤਿਹਗੜ੍ਹ ਸਾਹਿਬ ਆਉਂਦੇ ਹਨ।

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)