2025 ਵਿੱਚ ਅਮਰੀਕਾ ਤੇ ਜਰਮਨੀ ਸਣੇ ਦੁਨੀਆਂ ਭਰ ਵਿੱਚ ਪਰਵਾਸ ਕਿਵੇਂ ਬਦਲ ਸਕਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਓਨੂਰ ਏਰੇਮ
- ਰੋਲ, ਬੀਬੀਸੀ ਵਰਲਡ ਸਰਵਿਸ
ਦੁਨੀਆਂ ਭਰ ਵਿੱਚ ਪਰਵਾਸ ਹਰ ਸਾਲ ਵਧਦਾ ਜਾ ਰਿਹਾ ਹੈ ਅਤੇ ਇਸ ਗੱਲ ਦਾ ਕੋਈ ਸੰਕੇਤ ਵੀ ਨਹੀਂ ਹੈ ਕਿ ਲੋਕ ਭਵਿੱਖ ਵਿੱਚ ਘੱਟ ਪਰਵਾਸ ਕਰਨਾ ਚਾਹੁਣਗੇ।
ਪਰ ਪਿਛਲੇ ਦਹਾਕੇ ਨੇ ਪਰਵਾਸ ਦੀ ਇੱਛਾ ਰੱਖਣ ਵਾਲਿਆਂ ਲਈ ਗੰਭੀਰ ਰੁਕਾਵਟਾਂ ਪੇਸ਼ ਕੀਤੀਆਂ ਹਨ। ਇਨ੍ਹਾਂ ਵਿੱਚ ਸ਼ਾਮਲ ਹਨ ਡੌਨਲਡ ਟਰੰਪ ਦੀ ਆਪਣੇ ਪਹਿਲੇ ਕਾਰਜਕਾਲ ਵਿੱਚ 'ਕੰਧ ਬਣਾਉਣ' ਦੀ ਬਿਆਨਬਾਜ਼ੀ, ਕੋਵਿਡ ਮਹਾਮਾਰੀ ਅਤੇ ਇਸ ਕਾਰਨ ਯਾਤਰਾ ਦੀਆਂ ਪਾਬੰਦੀਆਂ ਅਤੇ ਬ੍ਰੈਕਜ਼ਿਟ, ਜਿਸ ਨੇ ਯੂਕੇ ਅਤੇ ਯੂਰਪੀ ਸੰਘ ਵਿਚਕਾਰ ਲੋਕਾਂ ਦੀ ਸੁਤੰਤਰ ਆਵਾਜਾਈ ਨੂੰ ਖਤਮ ਕਰ ਦਿੱਤਾ।
ਇਸ ਤੋਂ ਇਲਾਵਾ, 2025 ਦੀ ਸ਼ੁਰੂਆਤ ਵਿੱਚ ਦੁਨੀਆਂ ਦੇ ਦੋ ਸਭ ਤੋਂ ਵੱਡੇ ਪਰਵਾਸ ਦੇ ਦੇਸ਼ਾਂ ਵਿੱਚ ਮਹੱਤਵਪੂਰਨ ਰਾਜਨੀਤਿਕ ਤਬਦੀਲੀਆਂ ਹੋਣ ਦੀ ਉਮੀਦ ਹੈ।
ਅਮਰੀਕਾ ਵਿੱਚ ਡੌਨਲਡ ਟਰੰਪ ਜਨਵਰੀ ਵਿੱਚ ਰਾਸ਼ਟਰਪਤੀ ਵਜੋਂ ਆਪਣਾ ਦੂਜਾ ਕਾਰਜਕਾਲ ਸ਼ੁਰੂ ਕਰਨਗੇ, ਜਦਕਿ ਜਰਮਨੀ ਵਿੱਚ ਫਰਵਰੀ ਦੇ ਅੰਤ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਹੋਣ ਦੀ ਉਮੀਦ ਹੈ। ਇਸ ਦੇ ਚੱਲਦਿਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦਾ ਪੱਖ ਲੈਣ ਵਾਲੀਆਂ ਪਾਰਟੀਆਂ ਨੂੰ ਸਫਲਤਾ ਮਿਲ ਸਕਦੀ ਹੈ।
18 ਦਸੰਬਰ ਨੂੰ ਅੰਤਰਰਾਸ਼ਟਰੀ ਪਰਵਾਸੀ ਦਿਵਸ ਮੌਕੇ, ਆਓ ਦੇਖੀਏ ਕਿ 2025 ਵਿੱਚ ਆਲਮੀ ਪਰਵਾਸ ਰੁਝਾਨ ਕਿਵੇਂ ਬਦਲ ਸਕਦੇ ਹਨ।

ਮੌਜੂਦਾ ਆਲਮੀ ਪਰਵਾਸ ਦਾ ਰੁਝਾਨ ਕੀ ਹਨ?
ਪਿਛਲੇ ਤਿੰਨ ਦਹਾਕਿਆਂ ਵਿੱਚ ਦੁਨੀਆਂ ਭਰ ਵਿੱਚ ਪਰਵਾਸੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਹਾਲਾਂਕਿ, ਦੁਨੀਆਂ ਦੀ ਆਬਾਦੀ ਦੀ ਤੁਲਨਾ ਵਿੱਚ ਕਿਸੇ ਹੋਰ ਦੇਸ਼ ਵਿੱਚ ਜਾਣ ਵਾਲੇ ਲੋਕਾਂ ਦੀ ਗਿਣਤੀ ਅਜੇ ਵੀ ਮੁਕਾਬਲਤਨ ਘੱਟ ਹੈ।
ਸੰਯੁਕਤ ਰਾਸ਼ਟਰ ਦੇ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (ਆਈਓਐੱਮ) ਵਿੱਚ ਮਾਈਗ੍ਰੇਸ਼ਨ ਰਿਸਰਚ ਐਂਡ ਪਬਲੀਕੇਸ਼ਨ ਡਿਵੀਜ਼ਨ ਦੀ ਮੁਖੀ ਮੈਰੀ ਮੈਕਔਲਿਫ ਕਹਿੰਦੇ ਹਨ, ''ਅਸੀਂ 25 ਸਾਲਾਂ ਦੇ ਪਰਵਾਸ ਅੰਕੜਿਆਂ ਦੇ ਨਾਲ-ਨਾਲ ਮਨੁੱਖੀ ਵਿਕਾਸ ਸੂਚਕਾਂਕ ਦੇ ਅੰਕੜਿਆਂ ਦਾ ਵੀ ਅਧਿਐਨ ਕੀਤਾ ਹੈ।
''ਅਸੀਂ ਸਮੇਂ ਦੇ ਨਾਲ ਦੇਖਿਆ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੇ ਲੋਕਾਂ ਲਈ ਦਰਮਿਆਨੇ, ਜ਼ਿਆਦਾ ਅਤੇ ਬਹੁਤ ਜ਼ਿਆਦਾ ਵਿਕਾਸ ਵਾਲੇ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਪਰਵਾਸ ਕਰਨਾ ਲਗਾਤਾਰ ਮੁਸ਼ਕਿਲ ਹੁੰਦਾ ਜਾ ਰਿਹਾ ਹੈ।''
''ਇਹ ਇੱਕ ਬਹੁਤ ਹੀ ਸਪੱਸ਼ਟ ਰੁਝਾਨ ਦਿਖਾਉਂਦਾ ਹੈ। ਪਰਵਾਸ ਕਰਨ ਲਈ ਨਿਯਮਤ ਮਾਰਗ ਤੱਕ ਪਹੁੰਚ ਸਕਣਾ ਲਗਾਤਾਰ ਮੁਸ਼ਕਿਲ ਹੁੰਦਾ ਜਾ ਰਿਹਾ ਹੈ।''
ਮੈਕਔਲਿਫ ਨੇ ਇੱਕ ਉਦਾਹਰਨ ਵਜੋਂ ਯੂਰਪ ਦੇ ਅੰਦਰ ਉੱਚ ਪਰਵਾਸ ਦਾ ਹਵਾਲਾ ਦਿੰਦੇ ਹੋਏ ਕਿਹਾ, ''ਜ਼ਿਆਦਾਤਰ ਅੰਤਰਰਾਸ਼ਟਰੀ ਪਰਵਾਸ ਅਮੀਰ ਦੇਸ਼ਾਂ ਵਿਚਕਾਰ ਹੁੰਦਾ ਹੈ, ਇੱਕ ਅਮੀਰ ਦੇਸ਼ ਤੋਂ ਦੂਜੇ ਅਮੀਰ ਦੇਸ਼ ਵਿੱਚ।''
ਉਨ੍ਹਾਂ ਨੇ ਕਿਹਾ ਕਿ ਪਰਵਾਸ ਉਨ੍ਹਾਂ ਖੇਤਰਾਂ ਵਿੱਚ ਵਧੇਰੇ ਹੈ ਜਿੱਥੇ ਯੂਰਪੀ ਸੰਘ, ਇਕੋਵਾਸ (Economic Community of West African States) ਅਤੇ ਮਾਰਕੋਸੁਰ (ਦੱਖਣੀ ਅਮਰੀਕਾ ਵਿੱਚ ਵਪਾਰ ਅਤੇ ਆਰਥਿਕ ਬਲਾਕ) ਵਰਗੇ ਮੁਕਤ ਯਾਤਰਾ ਪ੍ਰਬੰਧ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੱਖਣੀ ਏਸ਼ੀਆ ਤੋਂ ਖਾੜੀ ਦੇਸ਼ਾਂ ਤੱਕ ਇੱਕ ਪ੍ਰਮੁੱਖ ਇਮੀਗ੍ਰੇਸ਼ਨ ਗਲਿਆਰਾ ਵੀ ਹੈ।
2022 ਵਿੱਚ ਦੁਨੀਆਂ ਵਿੱਚ ਲਗਭਗ 70 ਲੱਖ ਅੰਤਰਰਾਸ਼ਟਰੀ ਵਿਦਿਆਰਥੀ ਸਨ ਅਤੇ ਇਹ ਅੰਕੜਾ ਤਿੰਨ ਦਹਾਕਿਆਂ ਤੋਂ ਵੀ ਘੱਟ ਸਮੇਂ ਵਿੱਚ ਤਿੰਨ ਗੁਣਾ ਤੋਂ ਵੱਧ ਗਿਆ ਹੈ।
ਸੀਰੀਆ ਵਿੱਚ ਅਸਦ ਸਰਕਾਰ ਦੇ ਪਤਨ ਨਾਲ ਦੂਜੇ ਦੇਸ਼ਾਂ ਵਿੱਚ ਰਹਿ ਰਹੇ 60 ਲੱਖ ਤੋਂ ਵੱਧ ਸੀਰੀਆਈ ਪਰਵਾਸੀਆਂ ਨੂੰ ਘਰ ਵਾਪਸ ਆਉਣ ਦਾ ਮੌਕਾ ਮਿਲ ਸਕਦਾ ਹੈ।
ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਰੂਸ ਭੱਜ ਜਾਣ ਤੋਂ ਬਾਅਦ ਦੇ ਸ਼ੁਰੂਆਤੀ ਦਿਨਾਂ ਵਿੱਚ ਤੁਰਕੀ ਦੀ ਸਰਹੱਦ ਵਾਲੇ ਪਾਸੇ ਵਾਪਸ ਆਉਣ ਦੇ ਚਾਹਵਾਨ ਸੀਰੀਆਈ ਲੋਕਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ।
ਹਾਲਾਂਕਿ, ਇਹ ਅਨੁਮਾਨ ਲਗਾਉਣਾ ਮੁਸ਼ਕਿਲ ਹੈ ਕਿ ਕੀ ਇਹ ਰੁਝਾਨ ਜਾਰੀ ਰਹੇਗਾ ਅਤੇ ਸੁਰੱਖਿਆ ਸਥਿਤੀ ਕਿਵੇਂ ਬਦਲੇਗੀ। ਇਸ ਲਈ ਭਵਿੱਖ ਵਿੱਚ ਸੀਰੀਆ ਦਾ ਸ਼ਾਸਨ ਕਿਸ ਤਰ੍ਹਾਂ ਦਾ ਹੋਵੇਗਾ, ਇਸ ਬਾਰੇ ਅਨਿਸ਼ਚਿਤਤਾ ਬਣੀ ਹੋਈ ਹੈ।
ਟਰੰਪ ਦੀ ਵਾਪਸੀ ਨਾਲ ਪਰਵਾਸ 'ਤੇ ਕੀ ਪ੍ਰਭਾਵ ਪਵੇਗਾ?

ਤਸਵੀਰ ਸਰੋਤ, Getty Images
ਡੌਨਲਡ ਟਰੰਪ ਅਤੇ ਉਨ੍ਹਾਂ ਦੇ ਸਮਰਥਕਾਂ ਲਈ ਪਰਵਾਸ ਬਹੁਤ ਮਹੱਤਵਪੂਰਨ ਮੁੱਦਾ ਹੈ।
ਅਮਰੀਕਾ ਪਰਵਾਸੀਆਂ ਲਈ ਦੁਨੀਆਂ ਦਾ ਸਭ ਤੋਂ ਹਰਮਨਪਿਆਰਾ ਸਥਾਨ ਹੈ। 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਇਹ ਵਿਸ਼ਾ ਪ੍ਰਮੁੱਖਤਾ ਨਾਲ ਛਾਇਆ ਰਿਹਾ।
'ਕੰਧ ਬਣਾਉਣਾ' ਇੱਕ ਨਾਅਰਾ ਸੀ ਜੋ ਟਰੰਪ ਦੀਆਂ ਰੈਲੀਆਂ ਵਿੱਚ ਨਿਯਮਿਤ ਤੌਰ 'ਤੇ ਸੁਣਿਆ ਜਾਂਦਾ ਸੀ, ਜਿਸ ਵਿੱਚ ਗੈਰ ਕਾਨੂੰਨੀ ਆਵਾਜਾਈ ਨੂੰ ਰੋਕਣ ਲਈ ਮੈਕਸਿਕੋ ਦੀ ਪੂਰੀ ਸਰਹੱਦ 'ਤੇ ਇੱਕ ਭੌਤਿਕ ਰੁਕਾਵਟ ਦਾ ਨਿਰਮਾਣ ਕਰਨ ਦੇ ਟਰੰਪ ਦੇ ਵਾਅਦੇ ਦਾ ਹਵਾਲਾ ਦਿੱਤਾ ਗਿਆ ਸੀ।
ਆਪਣੇ ਪਹਿਲੇ ਕਾਰਜਕਾਲ ਵਿੱਚ ਟਰੰਪ ਮੈਕਸੀਕੋ ਦੀ ਸਰਹੱਦ 'ਤੇ ਮੁੱਢਲੀ ਰੁਕਾਵਟ ਦੀ ਲੰਬਾਈ ਨੂੰ ਕਾਫ਼ੀ ਹੱਦ ਤੱਕ ਵਧਾਉਣ ਦੇ ਸਮਰੱਥ ਨਹੀਂ ਸੀ, ਪਰ ਉਸ ਨੇ ਹੋਰ ਉਪਾਅ ਕੀਤੇ ਜਿਨ੍ਹਾਂ ਦੇ ਪਰਵਾਸ 'ਤੇ ਵਧੇਰੇ ਠੋਸ ਨਤੀਜੇ ਸਾਹਮਣੇ ਆਏ ਸਨ।
ਜਨਵਰੀ 2017 ਵਿੱਚ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਨੇ ਜੋ ਸਭ ਤੋਂ ਪਹਿਲਾਂ ਕੰਮ ਕੀਤਾ, ਉਹ ਬਹੁ-ਮੁਸਲਿਮ ਆਬਾਦੀ ਵਾਲੇ ਸੱਤ ਦੇਸ਼ਾਂ (ਇਰਾਨ, ਇਰਾਕ, ਲੀਬੀਆ, ਸੋਮਾਲੀਆ, ਸੂਡਾਨ, ਸੀਰੀਆ ਅਤੇ ਯਮਨ) ਦੇ ਲੋਕਾਂ 'ਤੇ ਯਾਤਰਾ ਪਾਬੰਦੀਆਂ ਲਗਾਉਣਾ ਸੀ। ਇਸ ਦੇ ਨਤੀਜੇ ਵਜੋਂ ਇਸ ਨੀਤੀ ਨੂੰ 'ਮੁਸਲਮਾਨਾਂ 'ਤੇ ਰੋਕ' ਕਿਹਾ ਗਿਆ।
ਇਨ੍ਹਾਂ ਦੇਸ਼ਾਂ ਦੇ ਲਗਭਗ 2,000 ਨਾਗਰਿਕ ਜੋ ਟਰੰਪ ਦੇ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕਰਨ ਵੇਲੇ ਅਮਰੀਕਾ ਜਾਣ ਵਾਲੀਆਂ ਉਡਾਣਾਂ 'ਤੇ ਸਵਾਰ ਸਨ, ਉਨ੍ਹਾਂ ਨੂੰ ਅਮਰੀਕਾ ਵਿੱਚ ਉਤਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਇੱਕ ਹੋਰ ਨੀਤੀ ਜਿਸ ਨੂੰ ਰੱਦ ਕੀਤਾ ਸੀ, ਉਹ ਸੀ 'ਡਾਇਵਰਸਿਟੀ ਇਮੀਗ੍ਰੈਂਟ ਵੀਜ਼ਾ' ਪ੍ਰੋਗਰਾਮ। ਇਸ ਰਾਹੀਂ ਅਮਰੀਕਾ ਸਾਲਾਨਾ ਲਾਟਰੀ ਰਾਹੀਂ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਦਿੰਦਾ ਹੈ।
ਡੌਨਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਆਖਰੀ ਸਾਲ ਵਿੱਚ ਇਸ ਪ੍ਰਕਿਰਿਆ ਨੂੰ ਰੋਕਣ ਦਾ ਫੈਸਲਾ ਕੀਤਾ ਸੀ, ਜਿਸ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਦਾ ਉਦੇਸ਼ ਮਹਾਮਾਰੀ ਦੇ ਦੌਰਾਨ 'ਯੂਐੱਸ ਲੇਬਰ ਮਾਰਕੀਟ ਦੀ ਰੱਖਿਆ' ਕਰਨਾ ਸੀ।
ਪਰ ਇਸ ਨੇ ਹਜ਼ਾਰਾਂ ਲਾਟਰੀ ਜੇਤੂਆਂ ਦੀ ਜ਼ਿੰਦਗੀ ਬਦਲ ਦਿੱਤੀ, ਜੋ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਸਨ।
ਤੁਰਕੀ ਦੀ ਇੱਕ 27 ਸਾਲਾ ਔਰਤ ਇਰਮਾਕ (ਬਦਲਿਆ ਹੋਇਆ ਨਾਮ) ਕਹਿੰਦੀ ਹੈ, ''ਮੈਂ 2019 ਵਿੱਚ ਲਾਟਰੀ ਵਿੱਚ ਹਿੱਸਾ ਲਿਆ ਸੀ। ਜੂਨ 2020 ਵਿੱਚ ਨਤੀਜੇ ਐਲਾਨੇ ਗਏ ਅਤੇ ਮੈਂ ਇਹ ਜਿੱਤ ਗਈ ਸੀ।''
''ਬੀਸੈਕਸੁਅਲ (ਔਰਤਾਂ ਅਤੇ ਮਰਦਾਂ ਦੋਵਾਂ ਪ੍ਰਤੀ ਆਕਰਸ਼ਤਿ ਹੋਣ ਵਾਲੇ) ਅਤੇ ਨਾਸਤਿਕ ਔਰਤ ਹੋਣ ਦੇ ਨਾਤੇ, ਮੈਂ ਤੁਰਕੀ ਵਿੱਚ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਅਤੇ ਨਾ ਹੀ ਆਪਣੀ ਗੱਲ ਅੱਗੇ ਰੱਖ ਸਕਦੀ ਹਾਂ।
''ਮੈਨੂੰ ਅਮਰੀਕਾ ਬਾਰੇ ਜੋ ਗੱਲ ਪਸੰਦ ਆਈ, ਉਹ ਹੈ ਨਿੱਜਤਾ ਪ੍ਰਤੀ ਉਨ੍ਹਾਂ ਦਾ ਸਤਿਕਾਰ। ਮੈਨੂੰ ਲੱਗਿਆ ਕਿ ਅਮਰੀਕਾ ਵਿੱਚ ਜ਼ਿੰਦਗੀ ਆਸਾਨ ਹੋ ਸਕਦੀ ਹੈ।''
ਜਦੋਂ ਇਰਮਾਕ ਦੇ ਪਰਵਾਸ 'ਤੇ ਰੋਕ ਲਾ ਦਿੱਤੀ ਗਈ ਤਾਂ ਉਸ ਨੇ ਉਸੇ ਸਥਿਤੀ ਵਿੱਚ ਆਏ ਹੋਰ ਲੋਕਾਂ ਨਾਲ ਕਾਨੂੰਨੀ ਇਤਰਾਜ਼ ਦਰਜ ਕਰਵਾਇਆ, ਪਰ ਅਦਾਲਤ ਵਿੱਚ ਕੇਸ ਅਸਫਲ ਹੋ ਗਿਆ ਅਤੇ ਹਜ਼ਾਰਾਂ ਲੋਕਾਂ ਨੇ ਅਮਰੀਕਾ ਜਾਣ ਦਾ ਮੌਕਾ ਗੁਆ ਦਿੱਤਾ।
ਟਰੰਪ ਪ੍ਰਸ਼ਾਸਨ ਨੇ ਇੱਕ ਵਿਵਾਦਗ੍ਰਸਤ ਕਾਨੂੰਨ ਵੀ ਲਾਗੂ ਕੀਤਾ ਜਿਸ ਨਾਲ ਅਮਰੀਕੀ ਅਧਿਕਾਰੀਆਂ ਨੂੰ ਸਰਹੱਦ 'ਤੇ ਸ਼ਰਣਾਰਥੀਆਂ ਸਮੇਤ ਪਰਵਾਸੀਆਂ ਨੂੰ ਤੁਰੰਤ ਬਾਹਰ ਕੱਢਣ ਦੀ ਆਗਿਆ ਮਿਲ ਗਈ।
ਇਸ ਦੇ ਲਾਗੂ ਹੋਣ ਤੋਂ ਲੈ ਕੇ ਜਨਵਰੀ 2021 ਤੱਕ, ਜਦੋਂ ਟਰੰਪ ਨੇ ਵ੍ਹਾਈਟ ਹਾਊਸ ਛੱਡਿਆ, ਲਗਭਗ ਚਾਰ ਲੱਖ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਦੇਸ਼ ਵਿੱਚੋਂ ਕੱਢ ਦਿੱਤਾ ਗਿਆ।
ਟਰੰਪ ਦੇ ਦੂਜੇ ਕਾਰਜਕਾਲ ਤੋਂ ਕੀ ਉਮੀਦ ਕਰ ਸਕਦੇ ਹਾਂ
ਇਸ ਸਾਲ ਡੌਨਲਡ ਟਰੰਪ ਦੇ ਚੋਣ ਵਾਅਦਿਆਂ ਵਿੱਚੋਂ ਇੱਕ ਗੈਰ-ਕਾਨੂੰਨੀ ਪਰਵਾਸੀਆਂ ਨੂੰ ਵੱਡੇ ਪੱਧਰ 'ਤੇ ਦੇਸ਼ ਨਿਕਾਲਾ ਦੇਣਾ ਸੀ।
ਟਰੰਪ ਨੇ ਕਿਹਾ ਸੀ, ''ਇਹ ਸਾਡੇ ਲਈ ਬਹੁਤ ਜ਼ਰੂਰੀ ਹੈ। ਦਰਅਸਲ, ਸਾਡੇ ਕੋਲ ਕੋਈ ਵਿਕਲਪ ਨਹੀਂ ਹੈ।''
ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਆਪਣੇ ਪ੍ਰਾਜੈਕਟ ਲਈ ਅਮਰੀਕੀ ਫੌਜ ਦੀ ਵਰਤੋਂ ਕਰਨ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਯੋਜਨਾ ਬਣਾ ਰਹੇ ਹਨ।
ਉਪ-ਰਾਸ਼ਟਰਪਤੀ ਲਈ ਟਰੰਪ ਦੀ ਚੋਣ ਜੇਡੀ ਵੈਨਸ ਨੇ ਕਿਹਾ ਕਿ ਦੇਸ਼ ਨਿਕਾਲੇ ਦੀ ਸ਼ੁਰੂਆਤ ਦਸ ਲੱਖ ਲੋਕਾਂ ਨਾਲ 'ਸ਼ੁਰੂ' ਹੋ ਸਕਦੀ ਹੈ, ਹਾਲਾਂਕਿ ਮਾਹਰਾਂ ਨੇ ਇਸ ਗੱਲ 'ਤੇ ਸ਼ੱਕ ਜ਼ਾਹਰ ਕੀਤਾ ਹੈ ਕਿ ਕੀ ਇਹ ਸੰਭਵ ਹੋਵੇਗਾ?
ਅਮਰੀਕਾ ਦੇ ਅੰਦਰੂਨੀ ਹਿੱਸਿਆਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਗਿਣਤੀ ਸਰਹੱਦ 'ਤੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਤੁਲਨਾ ਵਿੱਚ ਇੱਕ ਦਹਾਕੇ ਤੋਂ ਪ੍ਰਤੀ ਸਾਲ ਇੱਕ ਲੱਖ ਤੋਂ ਘੱਟ ਰਹੀ ਹੈ।
ਅਮਰੀਕਨ ਇਮੀਗ੍ਰੇਸ਼ਨ ਕੌਂਸਲ ਦੇ ਨੀਤੀ ਨਿਰਦੇਸ਼ਕ ਆਰੋਨ ਰੀਚਲਿਨ-ਮੇਲਨਿਕ ਨੇ ਬੀਬੀਸੀ ਨੂੰ ਦੱਸਿਆ, ''ਇਸ ਨੂੰ ਇੱਕ ਸਾਲ ਵਿੱਚ ਦਸ ਲੱਖ ਤੱਕ ਵਧਾਉਣ ਲਈ ਵੱਡੇ ਪੱਧਰ 'ਤੇ ਸਰੋਤਾਂ ਦੀ ਲੋੜ ਹੋਵੇਗੀ ਜੋ ਸੰਭਾਵੀ ਤੌਰ 'ਤੇ ਮੌਜੂਦ ਨਹੀਂ ਹਨ।''
ਮਾਹਿਰਾਂ ਦਾ ਅਨੁਮਾਨ ਹੈ ਕਿ ਦਸ ਲੱਖ ਜਾਂ ਇਸ ਤੋਂ ਵੱਧ ਲੋਕਾਂ ਦੇ ਦੇਸ਼ ਨਿਕਾਲੇ ਦਾ ਕੁੱਲ ਖਰਚ ਸੈਂਕੜੇ ਬਿਲੀਅਨ ਡਾਲਰਾਂ ਤੱਕ ਪਹੁੰਚ ਸਕਦਾ ਹੈ।
ਇਸ ਤੋਂ ਇਲਾਵਾ ਇਮੀਗ੍ਰੇਸ਼ਨ ਅਦਾਲਤੀ ਪ੍ਰਣਾਲੀ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ 'ਤੇ ਕਾਰਵਾਈ ਕਰਨ ਵਿੱਚ ਅਸਮਰੱਥ ਹੋਵੇਗੀ ਅਤੇ ਕਿਸੇ ਵੀ ਸਮੂਹਿਕ ਦੇਸ਼ ਨਿਕਾਲੇ ਪ੍ਰੋਗਰਾਮ ਨੂੰ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਾਲਾਂਕਿ, ਟਰੰਪ ਨੂੰ ਕਾਨੂੰਨੀ ਪਰਵਾਸ ਨੂੰ ਘਟਾਉਣ ਲਈ ਉਪਾਵਾਂ ਨੂੰ ਲਾਗੂ ਕਰਨ ਵਿੱਚ ਵਧੇਰੇ ਸਫਲਤਾ ਮਿਲ ਸਕਦੀ ਹੈ, ਜਿਵੇਂ ਕਿ ਉਨ੍ਹਾਂ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਡਾਇਵਰਸਿਟੀ ਵੀਜ਼ਾ ਲਾਟਰੀ ਜੇਤੂਆਂ ਨਾਲ ਕੀਤਾ ਸੀ।

ਤਸਵੀਰ ਸਰੋਤ, Getty Images
ਫਰਵਰੀ 2025 ਵਿੱਚ ਚੋਣਾਂ ਤੋਂ ਬਾਅਦ ਜਰਮਨੀ ਵਿੱਚ ਕੀ ਤਬਦੀਲੀ ਆਵੇਗੀ?
ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਪਰਵਾਸ ਦੇਸ਼ ਜਰਮਨੀ ਵਿੱਚ ਫਰਵਰੀ 2025 ਲਈ ਪ੍ਰਸਤਾਵਿਤ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਬਣਨ ਦੀ ਸੰਭਾਵਨਾ ਹੈ।
ਹਾਲ ਹੀ ਦੇ ਸਾਲਾਂ ਵਿੱਚ ਦੇਸ਼ ਵਿੱਚ ਕਾਰਜਬਲ ਦੀ ਭਰਤੀ ਲਈ ਪਰਵਾਸ ਨੂੰ ਆਸਾਨ ਬਣਾਇਆ ਜਾ ਰਿਹਾ ਹੈ, ਜੇਕਰ ਪਰਵਾਸ ਵਿਰੋਧੀ ਸੱਜੇ-ਪੱਖੀ ਪਾਰਟੀਆਂ ਸੱਤਾ ਵਿੱਚ ਆ ਜਾਣ ਤਾਂ ਕੀ ਇਸ ਵਿੱਚ ਕੋਈ ਤਬਦੀਲੀ ਆਵੇਗੀ?
ਮੌਜੂਦਾ ਸਰਕਾਰ ਨੇ ਮਜ਼ਦੂਰਾਂ ਦੀ ਘਾਟ ਨਾਲ ਨਜਿੱਠਣ ਲਈ ਕੁਝ ਪਰਵਾਸ ਨਿਯਮਾਂ ਵਿੱਚ ਢਿੱਲ ਦਿੱਤੀ ਹੈ, ਪਰ ਪ੍ਰਧਾਨ ਮੰਤਰੀ ਓਲਾਫ ਸਕੋਲਜ਼ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਮੌਜੂਦਾ ਸਮੇਂ ਚੋਣਾਂ ਵਿੱਚ ਤੀਜੇ ਸਥਾਨ 'ਤੇ ਹੈ, ਜਿਸ ਨੂੰ ਦੇਸ਼ ਵਿੱਚ ਲਗਭਗ ਪੰਜ ਵਿੱਚੋਂ ਇੱਕ ਵਿਅਕਤੀ ਦਾ ਸਮਰਥਨ ਪ੍ਰਾਪਤ ਹੈ।
ਸੋਸ਼ਲ ਡੈਮੋਕ੍ਰੇਟਿਕ ਪਾਰਟੀ ਕ੍ਰਿਸ਼ਚੀਅਨ ਡੈਮੋਕਰੇਟਸ (ਡੀਸੀਯੂ/ਸੀਐਸਯੂ) ਅਤੇ ਸੱਜੇ ਪੱਖੀ ਏਐੱਫਡੀ ਤੋਂ ਪਿੱਛੇ ਹੈ।
ਜਰਮਨ ਕੌਂਸਲ ਆਫ ਫਾਰੇਨ ਰਿਲੇਸ਼ਨਜ਼ ਸੈਂਟਰ ਫਾਰ ਮਾਈਗ੍ਰੇਸ਼ਨ ਦੀ ਮੁਖੀ ਵਿਕਟੋਰੀਆ ਰੀਟਿਗ ਨੇ ਕਿਹਾ, ''ਅਨਿਯਮਿਤ ਪਰਵਾਸ ਨੂੰ ਸਖ਼ਤ ਬਣਾਉਣਾ ਜਰਮਨੀ ਦੀਆਂ ਪਾਰਟੀਆਂ ਦੀ ਚੋਣ ਮੁਹਿੰਮ ਦਾ ਹਿੱਸਾ ਹੈ, ਖ਼ਾਸ ਤੌਰ 'ਤੇ ਪ੍ਰਮੁੱਖ ਸੀਡੀਯੂ/ਸੀਐੱਸਯੂ ਪਾਰਟੀ ਦਾ, ਪਰ ਨਾਲ ਹੀ ਅਤਿ ਸੱਜੇ-ਪੱਖੀ ਏਐੱਫਡੀ ਅਤੇ ਅਤਿ-ਖੱਬੇਪੱਖੀ ਬੀਐੱਸਡਬਲਯੂ ਦੀ ਵੀ।''
ਹਾਲਾਂਕਿ ਜਰਮਨੀ ਦੀਆਂ ਪਾਰਟੀਆਂ ਮਜ਼ਦੂਰਾਂ ਦੀ ਘਾਟ ਕਾਰਨ ਨਿਯਮਤ ਪਰਵਾਸ ਦੀ ਘੱਟ ਆਲੋਚਨਾ ਕਰਦੀਆਂ ਹਨ, ਪਰ 10 ਵਿੱਚੋਂ ਲਗਭਗ 6 ਲੋਕ ਇਨ੍ਹਾਂ ਤਿੰਨਾਂ ਪਾਰਟੀਆਂ ਦਾ ਸਮਰਥਨ ਕਰਦੇ ਹਨ।
ਰੀਟਿਗ ਦਾ ਮੰਨਣਾ ਹੈ ਕਿ ''ਇਹ ਲਗਭਗ ਨਿਸ਼ਚਿਤ ਹੈ ਕਿ ਇਹ ਸਿਆਸੀ ਮਾਹੌਲ ਫਰਵਰੀ ਦੀਆਂ ਚੋਣਾਂ ਤੋਂ ਬਾਅਦ ਜਰਮਨੀ ਦੀਆਂ ਪਰਵਾਸ ਨੀਤੀਆਂ ਨੂੰ ਹੋਰ ਜ਼ਿਆਦਾ ਸਖ਼ਤ ਬਣਾ ਦੇਵੇਗਾ ਅਤੇ ਨਵੀਂ ਸਰਕਾਰ ਸੰਭਾਵਿਤ ਤੌਰ 'ਤੇ ਕ੍ਰਿਸ਼ਚੀਅਨ ਡੈਮੋਕਰੇਟਸ ਦੀ ਅਗਵਾਈ ਵਿੱਚ ਬਣੇਗੀ।''
ਪਰਵਾਸ ਦੇ ਹੋਰ ਸਥਾਨ

ਤਸਵੀਰ ਸਰੋਤ, Getty Images
ਹਾਲਾਂਕਿ ਜਰਮਨੀ ਜਾਂ ਅਮਰੀਕਾ ਵਿੱਚ ਪਰਵਾਸ ਵਧੇਰੇ ਗੁੰਝਲਦਾਰ ਹੋ ਸਕਦਾ ਹੈ, ਪਰ ਹੋਰ ਦੇਸ਼ਾਂ ਵਿੱਚ ਵਾਧੂ ਰੁਕਾਵਟਾਂ ਲਾਗੂ ਹੋਣ ਦੀ ਸੰਭਾਵਨਾ ਨਹੀਂ ਹੈ।
ਯੂਰਪੀ ਸੰਘ ਅਤੇ ਈਕੋਵਾਸ ਵਰਗੇ ਖੇਤਰੀ ਢਾਂਚਿਆਂ ਤਹਿਤ ਪਰਵਾਸ ਅਤੇ ਦੱਖਣੀ ਏਸ਼ੀਆ ਤੋਂ ਖਾੜੀ ਤੱਕ ਦੇ ਮੁੱਖ ਮਾਰਗ ਦੇ ਬੇਰੋਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਆਈਓਐੱਮ ਦੀ ਮੈਰੀ ਮੈਕਔਲਿਫ ਕਹਿੰਦੀ ਹੈ, ''ਦੱਖਣੀ ਏਸ਼ੀਆ ਤੋਂ ਖਾੜੀ ਤੱਕ ਦਾ ਵੱਡਾ ਗਲਿਆਰਾ, ਜੋ ਕਿ ਲਗਭਗ ਪੂਰੀ ਤਰ੍ਹਾਂ ਨਾਲ ਵਰਕਰਾਂ ਦਾ ਪਰਵਾਸ ਸਥਾਨ ਹੈ, ਇਹ ਜਾਰੀ ਰਹੇਗਾ ਕਿਉਂਕਿ ਇਸ ਦੀ ਜ਼ਰੂਰਤ ਹੈ।
''ਪਰਵਾਸੀ ਕਾਮੇ ਖਾੜੀ ਦੇ ਬਹੁਤ ਸਾਰੇ ਦੇਸ਼ਾਂ ਲਈ ਬਹੁਤ ਮਹੱਤਵਪੂਰਨ ਹਨ ਅਤੇ ਉਹ ਮਹੱਤਵਪੂਰਨ ਸੇਵਾਵਾਂ ਪ੍ਰਦਾਨ ਕਰਦੇ ਹਨ।''
"ਇਸ ਲਈ ਮੈਨੂੰ ਕੋਈ ਵੱਡੀ ਤਬਦੀਲੀ ਨਜ਼ਰ ਨਹੀਂ ਆ ਰਹੀ। ਨਿਸ਼ਚਤ ਤੌਰ 'ਤੇ ਨਹੀਂ, ਜਦੋਂ ਤੁਸੀਂ ਉਨ੍ਹਾਂ ਵੱਡੇ ਪਰਵਾਸ ਦੇਸ਼ਾਂ ਅਤੇ ਵੱਡੀਆਂ ਮੰਜ਼ਿਲਾਂ ਵਾਲੇ ਦੇਸ਼ਾਂ ਬਾਰੇ ਗੱਲ ਕਰ ਰਹੇ ਹੋ।''
ਉਨ੍ਹਾਂ ਨੇ ਇਸ ਗੱਲ 'ਤੇ ਵੀ ਰੌਸ਼ਨੀ ਪਾਈ ਕਿ ਔਨਲਾਈਨ ਕੁਪ੍ਰਚਾਰ ਅਭਿਆਨ ਵੀ ਚਲਾਏ ਜਾ ਰਹੇ ਹਨ,ਜਿਨ੍ਹਾਂ ਦਾ ਉਪਯੋਗ ਅਤਿ-ਸੱਜੇ ਪੱਖੀ ਸਮੂਹ ਪਰਵਾਸ ਪ੍ਰਣਾਲੀਆਂ ਵਿੱਚ ਵਿਸ਼ਵਾਸ ਨੂੰ ਘੱਟ ਕਰਨ ਲਈ ਕਰਦੇ ਹਨ।
''ਮੇਰੇ ਲਈ, ਅੰਤਰਰਾਸ਼ਟਰੀ ਪਰਵਾਸ ਦੇ ਸਬੰਧ ਵਿੱਚ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਗਲਤ ਜਾਣਕਾਰੀ ਦੇ ਵਿਰੋਧਾਭਾਸ ਕਾਰਨ ਪਰਵਾਸ ਪ੍ਰਤੀ ਵਿਸ਼ਵਾਸ ਘੱਟ ਹੋ ਰਿਹਾ ਹੈ।''
ਮੈਕਔਲਿਫ ਦਾ ਕਹਿਣਾ ਹੈ ਕਿ ਜੰਗਾਂ ਅਤੇ ਆਫ਼ਤਾਂ ਕਾਰਨ ਹੋਣ ਵਾਲੇ ਗੰਭੀਰ ਉਜਾੜੇ ਤੋਂ ਇਲਾਵਾ, ਅੰਤਰਰਾਸ਼ਟਰੀ ਇਮੀਗ੍ਰੇਸ਼ਨ ਰੁਝਾਨ ਮੁਕਾਬਲਤਨ ਅਨੁਮਾਨਯੋਗ ਅਤੇ ਸਥਿਰ ਹਨ ਅਤੇ ਉਨ੍ਹਾਂ 'ਤੇ ਸਿਰਫ਼ ਸਮੇਂ ਦੇ ਨਾਲ ਨੀਤੀਗਤ ਤਬਦੀਲੀਆਂ ਦਾ ਹੀ ਪ੍ਰਭਾਵ ਪੈਂਦਾ ਹੈ।
''ਅਸੀਂ ਜਾਣਦੇ ਹਾਂ ਕਿ ਅੰਤਰਰਾਸ਼ਟਰੀ ਪਰਵਾਸ ਅਪਵਾਦ ਹੈ: ਜ਼ਿਆਦਾਤਰ ਲੋਕ ਉਨ੍ਹਾਂ ਦੇਸ਼ਾਂ ਵਿੱਚ ਹੀ ਰਹਿੰਦੇ ਹਨ ਜਿੱਥੇ ਉਹ ਪੈਦਾ ਹੋਏ ਸਨ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












