ਹਮੀਦਾ ਬਾਨੋ, ਦੋ ਦਹਾਕੇ ਪਹਿਲਾਂ ਗੁਆਚੀ ਭਾਰਤੀ ਔਰਤ ਪਾਕਿਸਤਾਨ ਤੋਂ ਵਤਨ ਪਰਤੀ, 'ਮੈਂ 23 ਸਾਲ ਜ਼ਿੰਦਾ ਲਾਸ਼ ਬਣ ਕੇ ਰਹੀ'

"23 ਸਾਲ ਮੈਂ ਆਪਣੀ ਜ਼ਿੰਦਗੀ ਦੇ ਇਸ ਤਰ੍ਹਾਂ ਬਿਤਾਏ ਜਿਵੇਂ ਮੈਂ ਮਰ ਚੁੱਕੀ ਹੋਵਾਂ ਤੇ ਜ਼ਿੰਦਾ ਲਾਸ਼ ਬਣ ਕੇ ਜੀਵੀ, ਮੈਨੂੰ ਕੋਈ ਪਤਾ ਨਹੀਂ ਸੀ ਕਿ ਮੈਂ ਭਾਰਤ ਪਹੁੰਚ ਵੀ ਸਕਾਂਗੀ।"
ਅੱਖਾਂ ਵਿੱਚ ਖੁਸ਼ੀ ਤੇ ਕੁਝ ਧੁੰਦਲੀਆਂ ਯਾਦਾਂ ਨੂੰ ਪੱਲੇ ਬੰਨ੍ਹ ਕੇ ਦੋ ਦਹਾਕਿਆਂ ਤੋਂ ਵਧ ਸਮਾਂ ਪਾਕਿਸਤਾਨ ਬਿਤਾ ਕੇ ਭਾਰਤ ਆਪਣੇ ਘਰ ਪਹੁੰਚੀ ਹਮੀਦਾ ਬਾਨੋ ਨੇ ਇਹ ਸ਼ਬਦ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਸਾਂਝੇ ਕੀਤੇ।
ਸਾਲ 2002 ਵਿੱਚ ਭਾਰਤ ਤੋਂ ਲਾਪਤਾ ਹੋਏ ਹਮੀਦਾ ਬਾਨੋ ਪਾਕਿਸਤਾਨ ਵਿੱਚ ਮਿਲੇ ਸਨ ਅਤੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਉਨ੍ਹਾਂ ਦੀ ਘਰ ਵਾਪਸੀ ਦੀਆਂ ਆਸਾਂ ਨੂੰ ਬੂਰ 16 ਦਸੰਬਰ ਨੂੰ ਉਸ ਵੇਲੇ ਪਿਆ ਜਦੋਂ ਵਾਹਘਾ-ਅਟਾਰੀ ਬਾਰਡਰ ਰਾਹੀਂ ਵਤਨ ਪਰਤੇ।

ਹਮੀਦਾ ਬਾਨੋ ਦੀ ਉਮਰ ਹੁਣ 75 ਸਾਲ ਹੈ ਅਤੇ ਉਨ੍ਹਾਂ ਨੇ 23 ਸਾਲ ਪਾਕਿਸਤਾਨ ਵਿੱਚ ਬਿਤਾਏ ਹਨ।
ਹਮੀਦਾ ਦਾ ਜਨਮ ਕਰਨਾਟਕ ਵਿੱਚ ਹੋਇਆ ਸੀ ਅਤੇ ਉਹ ਬਚਪਨ ਵਿੱਚ ਹੀ ਮੁੰਬਈ ਆ ਗਏ ਸਨ। ਉਨ੍ਹਾਂ ਦਾ ਭਾਰਤੀ ਨਾਗਰਿਕ ਨਾਲ ਵਿਆਹ ਹੋਇਆ ਸੀ ਅਤੇ ਭਾਰਤ ਵਿੱਚ ਉਨ੍ਹਾਂ ਦੀਆਂ ਦੋ ਧੀਆਂ ਹਨ।
ਭਾਰਤ ਦੀ ਧਰਤੀ ʼਤੇ ਪੈਰ ਰੱਖਦਿਆਂ ਹਮੀਦਾ ਬਾਨੋ ਨੇ ਕਿਹਾ, "ਮੈਂ ਬਹੁਤ ਖੁਸ਼ ਹਾਂ। ਹੁਣ ਆਪਣੇ ਬੱਚਿਆਂ ਵਿੱਚ ਰਹਾਂਗੀ ਖੁਸ਼ੀ ਨਾਲ।

ਤਸਵੀਰ ਸਰੋਤ, AMAN SHAIKH
ਏਜੰਟਾਂ ਦੇ ਧੋਖੇ ਨਾਲ ਪਹੁੰਚੇ ਪਾਕਿਸਤਾਨ
ਸਾਲ 2002 ਵਿੱਚ ਹਮੀਦਾ ਬਾਨੋ ਨੂੰ ਰੁਜ਼ਗਾਰ ਦੀ ਭਾਲ ਵਿੱਚ ਦੋਹਾ (ਕਤਰ) ਅਤੇ ਸਾਊਦੀ ਅਰਬ ਜਾਣਾ ਸੀ ਤੇ ਕੁਝ ਸਮਾਂ ਉੱਥੇ ਬਿਤਾ ਕੇ ਵਾਪਸ ਭਾਰਤ ਪਰਤਣਾ ਸੀ।
ਉਹ ਉਸ ਵੇਲੇ ਇੱਕ ਏਜੰਟ ਦੇ ਸੰਪਰਕ ਵਿੱਚ ਆਏ ਜਿਨ੍ਹਾਂ ਨੇ ਉਨ੍ਹਾਂ ਨਾਲ ਦੁਬਈ ਵਿੱਚ ਰੁਜ਼ਗਾਰ ਦਿਆਉਣ ਦਾ ਵਾਅਦਾ ਕੀਤਾ। ਉਨ੍ਹਾਂ ਨੂੰ ਜਹਾਜ਼ ʼਤੇ ਚੜਾਇਆ ਗਿਆ ਅਤੇ ਦੁਬਈ ਦੀ ਬਜਾਇ ਉਨ੍ਹਾਂ ਨੂੰ ਪਾਕਿਸਤਾਨ ਦੇ ਸੂਬੇ ਸਿੰਧ ਵਿੱਚ ਲੈ ਗਏ।
ਉਨ੍ਹਾਂ ਨੂੰ ਸਿੰਧ ਵਿੱਚ ਤਿੰਨ ਮਹੀਨੇ ਰੱਖਿਆ ਗਿਆ। ਉਹ ਕਿਸੇ ਤਰ੍ਹਾਂ ਸਿੰਧ ਤੋਂ ਨਿਕਲਣ ਵਿੱਚ ਕਾਮਯਾਬ ਰਹੇ ਅਤੇ ਕਰਾਚੀ ਦੇ ਮੰਗੋਫਿਰ ਪਹੁੰਚ ਗਏ ਅਤੇ ਉੱਥੇ ਹੀ ਰਹੇ।
ਮੰਗੋਫਿਰ ਵਿੱਚ ਉਨ੍ਹਾਂ ਨੇ ਇੱਕ ਪਾਕਿਸਤਾਨੀ ਨਾਗਰਿਕ ਸ਼੍ਰੀਅੱਲ੍ਹਾ ਦਾਦ ਦੇ ਘਰ ਸ਼ਰਨ ਲਈ ਅਤੇ ਬਾਅਦ ਵਿੱਚ ਉਨ੍ਹਾਂ ਦਾ ਅੱਲ੍ਹਾ ਦਾਦ ਨਾਲ ਹੀ ਵਿਆਹ ਹੋ ਗਿਆ।
ਅੱਲ੍ਹਾ ਦਾਦ ਦੀ ਕੋਵਿਡ ਮਹਾਮਾਰੀ ਦੌਰਾਨ ਸਾਲ 2019 ਵਿੱਚ ਮੌਤ ਹੋ ਗਈ। ਉਹ ਕਰਾਚੀ ਵਿੱਚ ਆਪਣੇ ਮ੍ਰਿਤਕ ਪਾਕਿਸਤਾਨੀ ਪਤੀ ਦੇ ਬੱਚਿਆਂ ਨਾਲ ਰਹਿ ਰਹੇ ਸਨ।

ਤਸਵੀਰ ਸਰੋਤ, Ravinder Singh Robin/BBC
ਧੀਆਂ ਨੇ ਵੀਡੀਓ ਰਾਹੀਂ ਮਾਂ ਨੂੰ ਪਛਾਣਿਆ
ਭਾਰਤ ਵਿੱਚ ਉਨ੍ਹਾਂ ਦੇ ਪਰਿਵਾਰ (ਧੀਆਂ) ਨੇ ਇੱਕ ਵੀਡੀਓ ਰਾਹੀਂ ਉਨ੍ਹਾਂ ਦੀ ਪਛਾਣ ਕੀਤੀ। ਇਹ ਵੀਡੀਓ ਇੱਕ ਪਾਕਿਸਤਾਨੀ ਯੂਟਿਊਬਰ, ਵਲੀਉੱਲ੍ਹਾ ਮਾਰੂਫ, ਨੇ 31 ਜੁਲਾਈ 2022 ਨੂੰ ਯੂਟਿਊਬ 'ਤੇ ਅੱਪਲੋਡ ਕੀਤੀ ਸੀ।
ਵੀਡੀਓ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਹ ਭਾਰਤ ਤੋਂ ਹਨ ਅਤੇ ਉਨ੍ਹਾਂ ਨੇ ਭਾਰਤ ਵਾਪਸ ਆਉਣ ਦੀ ਅਪੀਲ ਵੀ ਕੀਤੀ।
ਇਸੇ ਤਰ੍ਹਾਂ ਦੀ ਭਾਰਤ ਦੇ ਮੁੰਬਈ ਵਿੱਚ ਰਹਿਣ ਵਾਲੇ ਪੱਤਰਕਾਰ ਖ਼ਾਨਫ਼ਨ ਸ਼ੇਖ਼ ਨੇ ਇਸ ਵੀਡੀਓ ਨੂੰ ਆਪਣੇ ਫੌਲੋਅਰਜ਼ ਨਾਲ ਸਾਂਝਾ ਕੀਤਾ ਅਤੇ ਇਸ ਤਰ੍ਹਾਂ ਇਹ ਵੀਡੀਓ ਹਮੀਦਾ ਬਾਨੋ ਦੇ ਪਰਿਵਾਰ ਤੱਕ ਵੀ ਪਹੁੰਚੀ।
ਉਨ੍ਹਾਂ ਦੀਆਂ ਧੀਆਂ ਨੇ ਵੀਡੀਓ ਰਾਹੀਂ ਹੀ ਆਪਣੀ ਮਾਂ ਦੀ ਪਛਾਣ ਕੀਤੀ।
ਭਾਰਤ ਵਿੱਚ ਰਹਿੰਦੀ ਉਨ੍ਹਾਂ ਦੀ ਧੀ ਯਾਸਮੀਨ ਅਤੇ ਹੋਰ ਰਿਸ਼ਤੇਦਾਰਾਂ ਨੇ ਉਨ੍ਹਾਂ ਨਾਲ ਵੀਡੀਓ ਕਾਲ ਰਾਹੀਂ ਸੰਪਰਕ ਸਾਧਿਆ।

ਤਸਵੀਰ ਸਰੋਤ, Ravinder Singh Robin/BBC
ਮਾਰੂਫ਼ ਨਾਲ ਇੰਟਰਵਿਊ ਵਿੱਚ ਬਾਨੋ ਨੇ ਦੱਸਿਆ ਕਿ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਭਾਰਤ ਵਿੱਚ ਆਪਣੇ ਚਾਰ ਬੱਚਿਆਂ ਦੀ ਆਰਥਿਕ ਸਹਾਇਤਾ ਕਰ ਰਹੇ ਸਨ।
ਉਨ੍ਹਾਂ ਨੇ ਪਹਿਲਾਂ ਦੋਹਾ, ਕਤਰ, ਦੁਬਈ ਅਤੇ ਸਾਊਦੀ ਅਰਬ ਵਿੱਚ ਬਿਨਾਂ ਕਿਸੇ ਸਮੱਸਿਆ ਦੇ ਇੱਕ ਰਸੋਈਏ ਵਜੋਂ ਕੰਮ ਕੀਤਾ ਸੀ।
ਪਰ ਜਦੋਂ ਸਾਲ 2002 ਵਿੱਚ ਦੁਬਈ ਵਿੱਚ ਨੌਕਰੀ ਲਈ ਉਨ੍ਹਾਂ ਨੇ ਇੱਕ ਏਜੰਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੋਲੋਂ 20 ਹਜ਼ਾਰ ਰੁਪਏ ਮੰਗੇ ਗਏ ਪਰ ਉਨ੍ਹਾਂ ਨੂੰ ਦੁਬਈ ਦੀ ਬਜਾਇ ਪਾਕਿਸਤਾਨ ਪਹੁੰਚਾ ਦਿੱਤਾ।
ਹਮੀਦਾ ਦੀ ਧੀ ਯਾਸਮੀਨ ਨੇ ਸਾਲ 2022 ਵਿੱਚ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਸੀ ਕਿ ਪਹਿਲਾਂ ਜਦੋਂ ਉਨ੍ਹਾਂ ਦੇ ਮਾਂ ਵਿਦੇਸ਼ ਵਿੱਚ ਕੰਮ ਕਰਨ ਜਾਂਦੇ ਸਨ ਤਾਂ ਰੋਜ਼ਾਨਾ ਫੋਨ ਕਰਦੇ ਸਨ।
ਪਰ 2002 ਵਿੱਚ ਜਦੋਂ ਉਹ ਨਿਕਲੇ ਤਾਂ ਉਨ੍ਹਾਂ ਨੇ ਕਈ ਮਹੀਨੇ ਫੋਨ ਦਾ ਇੰਤਜ਼ਾਰ ਕੀਤਾ ਅਤੇ ਅਖ਼ੀਰ ਉਨ੍ਹਾਂ ਨੇ ਉਸ ਏਜੰਟ ਕੋਲ ਪਹੁੰਚ ਕੀਤੀ ਜਿਸ ਨੇ ਉਨ੍ਹਾਂ ਨੂੰ ਭੇਜਿਆ ਸੀ।
ਮੁੰਬਈ ਵਿੱਚ ਬੀਬੀਸੀ ਪੱਤਰਕਾਰ ਅਮਰੁਤਾ ਦੁਰਵੇ ਨੇ ਯਾਸਮੀਨ ਨੇ ਦੱਸਿਆ ਸੀ, "ਉਨ੍ਹਾਂ ਦੀ ਮਾਂ ਠੀਕ ਹੈ ਅਤੇ ਸਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ। ਅਸੀਂ ਲਗਾਤਾਰ ਉਸ ਨੂੰ ਆਪਣੀ ਮਾਂ ਬਾਰੇ ਸਵਾਲ ਪੁੱਛਦੇ ਰਹੇ ਅਤੇ ਫਿਰ ਉਹ (ਏਜੰਟ) ਅਚਾਨਕ ਗਾਇਬ ਹੋ ਗਿਆ।"

ਤਸਵੀਰ ਸਰੋਤ, WALIULLAH MAROOF
ਇਸੇ ਹੀ ਸਾਲ ਮਾਰੂਫ਼ ਨਾਲ ਵੀ ਪਾਕਿਸਤਾਨ ਤੋਂ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਗੱਲ ਕੀਤੀ।
ਮਾਰੂਫ਼ ਕਰਾਚੀ ਵਿੱਚ ਇੱਕ ਸਥਾਨਕ ਮਸਜਿਦ ਦੇ ਇਮਾਮ ਹਨ। ਉਨ੍ਹਾਂ ਨੇ ਦੱਸਿਆ ਕਿ ਹਮੀਦਾ ਬਾਨੋ ਨੂੰ ਉਹ ਤਕਰੀਬਨ ਡੇਢ ਦਹਾਕੇ ਪਹਿਲਾਂ ਮਿਲੇ ਸੀ ਜਦੋਂ ਉਨ੍ਹਾਂ ਨੇ ਮੁਹੱਲੇ ਵਿੱਚ ਇੱਕ ਦੁਕਾਨ ਖੋਲ੍ਹੀ ਸੀ।
ਬੀਬੀਸੀ ਨੂੰ ਮਾਰੂਫ਼ ਦੱਸਦੇ ਹਨ,"ਮੈਂ ਹਮੀਦਾ ਨੂੰ ਆਪਣੇ ਬਚਪਨ ਤੋਂ ਦੇਖ ਰਿਹਾ ਹਾਂ, ਉਹ ਹਮੇਸ਼ਾਂ ਪ੍ਰੇਸ਼ਾਨ ਦਿਖਦੀ ਸੀ।"
ਮਾਰੂਫ਼ ਅੱਗੇ ਦੱਸਦੇ ਹਨ ਕਿ ਉਹ ਹਮੀਦਾ ਦੀ ਕਹਾਣੀ ਸੁਣ ਕੇ ਭਾਵੁਕ ਹੋ ਗਏ ਪਰ ਦੋਵਾਂ ਦੇਸ਼ਾਂ ਦਰਮਿਆਨ ਤਣਾਅਪੂਰਨ ਸੰਬੰਧਾਂ ਕਾਰਨ ਝਿਜਕ ਰਹੇ ਸਨ।
ਉਨ੍ਹਾਂ ਨੇ ਉਸ ਵੇਲੇ ਦੱਸਿਆ ਸੀ, "ਮੇਰੇ ਦੋਸਤਾਂ ਨੇ ਮੈਨੂੰ ਭਾਰਤ ਤੋਂ ਦੂਰ ਰਹਿਣ ਲਈ ਆਖਿਆ। ਉਨ੍ਹਾਂ ਨੇ ਕਿਹਾ ਮੈਨੂੰ ਪਰੇਸ਼ਾਨੀਆਂ ਹੋ ਸਕਦੀਆਂ ਸਨ ਪਰ ਮੈਨੂੰ ਹਮੀਦਾ ਦੀ ਹਾਲਤ ਵੇਖ ਕੇ ਬੁਰਾ ਲੱਗਿਆ ਅਤੇ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ।"

ਤਸਵੀਰ ਸਰੋਤ, WALIULLAH MAROOF
ਵਾਪਸੀ ਦਾ ਰਾਹ ਕਿਵੇਂ ਬਣਿਆ
ਜਾਣਕਾਰੀ ਮਿਲਣ 'ਤੇ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਵਲੀਉੱਲ੍ਹਾ ਮਾਰੂਫ਼ ਨਾਲ ਸੰਪਰਕ ਕੀਤਾ ਅਤੇ ਹਮੀਦਾ ਬਾਨੋ ਨਾਲ ਗੱਲ ਕੀਤੀ।
ਮਾਰੂਫ਼ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਤੇ ਹਮੀਦਾ ਬਾਨੋ ਨਾਲ ਗੱਲ ਕਰਾਉਣ ਦੀ ਬੇਨਤੀ ਵੀ ਕੀਤੀ ਹੈ ਤਾਂ ਕਿ ਉਨ੍ਹਾਂ ਨੂੰ ਭਾਰਤ ਭੇਜਣ ਵਿੱਚ ਸਹਾਇਤਾ ਕੀਤੀ ਜਾ ਸਕੇ।
ਹਮੀਦਾ ਨੇ ਦੱਸਿਆ ਕਿ ਉਹ ਕਰਾਚੀ ਵਿੱਚ ਸਨ ਅਤੇ ਉਹ ਭਾਰਤ ਵਾਪਸ ਜਾਣਾ ਚਾਹੁੰਦੇ ਹਨ।
ਹਮੀਦਾ ਬਾਨੋ ਨੇ ਭਾਰਤ ਵਾਪਸੀ ਦੀ ਬੇਨਤੀ ਕੀਤੀ। ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਹਮੀਦਾ ਬਾਨੋ ਨਾਲ ਸਬੰਧਤ ਦਸਤਾਵੇਜ਼ (ਫੋਟੋਆਂ, ਮੁੰਬਈ ਵਿੱਚ ਜਾਰੀ ਰਾਸ਼ਨ ਕਾਰਡ, ਹਮੀਦਾ ਬਾਨੋ ਦੀਆਂ ਦੋ ਧੀਆਂ ਦਾ ਆਧਾਰ ਕਾਰਡ) ਮੰਤਰਾਲੇ ਨਾਲ ਸਾਂਝੇ ਕੀਤੇ।

ਤਸਵੀਰ ਸਰੋਤ, AMAN SHAIKH
ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤੀ ਗ੍ਰਹਿ ਮੰਤਰਾਲੇ ਨੂੰ ਰਾਸ਼ਟਰੀਅਤਾ ਦੀ ਪੁਸ਼ਟੀ ਲਈ ਬੇਨਤੀ ਕੀਤੀ।
ਇਸ ਵਿਚਾਲੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਹਮੀਦਾ ਬਾਨੋ ਪਾਕਿਸਤਾਨੀ ਨਾਗਰਿਕ ਨਹੀਂ ਸਨ।
ਭਾਰਤੀ ਵਿਦੇਸ਼ ਮੰਤਰਾਲੇ ਨੇ ਪੁਲਿਸ ਇੰਸਪੈਕਟਰ, ਆਈ ਬ੍ਰਾਂਚ, ਸੀਆਈਡੀ, ਮੁੰਬਈ ਦੀ ਰਿਪੋਰਟ ਦੇ ਆਧਾਰ 'ਤੇ ਦੱਸਿਆ ਕਿ ਹਮੀਦਾ ਬਾਨੋ ਭਾਰਤੀ ਨਾਗਰਿਕ ਹਨ।
ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ ਭਾਰਤੀ ਵਿਦੇਸ਼ ਮੰਤਰਾਲੇ ਨੇ 18 ਅਕਤੂਬਰ 2024 ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਹਮੀਦਾ ਬਾਨੋ ਦੀ ਭਾਰਤੀ ਨਾਗਰਿਕਤਾ ਦੀ ਪੁਸ਼ਟੀ ਕੀਤੀ।
ਪਾਕਿਸਤਾਨ 'ਚ ਜ਼ਿੰਦਗੀ ਕਿਵੇਂ ਬੀਤੀ ?
ਹਮੀਦਾ ਬਾਨੋ ਦੱਸਦੇ ਹਨ ਕਿ ਜਦੋਂ ਤੱਕ ਉਨ੍ਹਾਂ ਨੇ ਪਤੀ ਜ਼ਿੰਦਾ ਸਨ ਉਨ੍ਹਾਂ ਦਾ ਗੁਜ਼ਾਰਾ ਚੰਗਾ ਹੋ ਰਿਹਾ ਸੀ। ਪਰ ਪਤੀ ਦੇ ਗੁਜ਼ਰ ਜਾਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ।
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਤੀ ਦੇ ਬੱਚੇ ਬੇਰੁਜ਼ਗਾਰ ਹਨ। ਉਨ੍ਹਾਂ ਦਾ ਪਰਿਵਾਰ ਹੈ, ਜਿਸ ਕਾਰਨ ਹੁਣ ਉਹ ਹਮੀਦਾ ਦਾ 'ਬੋਝ' ਨਹੀਂ ਚੁੱਕ ਸਕਦੇ।
"ਮੇਰੇ ਪਤੀ ਰੇਹੜੀ ਚਲਾਉਂਦੇ ਸਨ। ਪਰ ਕਦੇ ਵੀ ਮੈਨੂੰ ਕਿਸੇ ਗੱਲ ਦਾ ਦੁੱਖ ਨਹੀਂ ਹੋਣ ਦਿੱਤਾ। ਪਰ ਬੱਚਿਆਂ 'ਚ ਇਹ ਲਗਾਵ ਨਹੀਂ ਹੈ। ਉਹ ਨਵੀਂ ਨਸਲ ਹੈ, ਸੋਚਦੇ ਹਨ ਕਿ ਅਸੀਂ ਜੋ ਵੀ ਕਮਾਈਏ ਤੇ ਆਪ ਖਾਈਏ ਅਤੇ ਆਪਣਾ ਹੀ ਪਾਲਣ ਪੋਸ਼ਣ ਕਰੀਏ।"
"ਉਨ੍ਹਾਂ ਦੀ ਸੋਚ ਹੈ ਕਿ ਵਿਆਹ ਵਾਲਿਦ ਨੇ ਕੀਤਾ ਸੀ, ਹੁਣ ਅਸੀਂ ਇਨ੍ਹਾਂ ਦਾ ਬੋਝ ਕਿਉਂ ਚੁੱਕੀਏ।"
"ਪਰ ਫਿਰ ਵੀ ਮੈਂ ਉਨ੍ਹਾਂ ਨੂੰ ਦੁਆਵਾਂ ਦਿੰਦੀ ਹਾਂ। ਉਨ੍ਹਾਂ ਨੇ ਮੈਨੂੰ ਘਰੋਂ ਬਾਹਰ ਨਹੀਂ ਕੱਢਿਆ। ਰੱਬ ਉਨ੍ਹਾਂ ਦੀ ਕਮਾਈ 'ਚ ਬਰਕਤ ਪਾਵੇ।"
ਹਮੀਦਾ ਬਾਨੋ ਅੱਗੇ ਕਹਿੰਦੇ ਹਨ ਕਿ ਉਹ ਭਾਰਤ ਜਾਕੇ ਵੀ ਕਿਸੇ ਦੇ ਸਿਰ ਦਾ ਬੋਝ ਬਣ ਕੇ ਨਹੀਂ ਰਹਿਣਾ ਚਾਹੁੰਦੇ।
"ਮੈਂ ਮੁੰਬਈ ਜਾਕੇ ਕੋਈ ਦੁਕਾਨ ਖੋਲ੍ਹ ਲਵਾਂਗੀ ਜਾਂ ਕੋਈ ਕੰਮ ਕਰ ਲਵਾਂਗੀ। ਇੱਥੇ (ਪਾਕਿਸਤਾਨ 'ਚ) ਔਰਤ ਦੇ ਕੰਮ ਕਰਨ ਨੂੰ ਐਬ ਸਮਝਦੇ ਹਨ। ਪਰ ਭਾਰਤ 'ਚ ਮਹਿਲਾਵਾਂ ਵੀ ਕੰਮ ਕਰਦੀਆਂ ਹਨ। ਹਾਲਾਂਕਿ ਉੱਥੇ ਮੇਰੇ ਭਰਾ-ਭੈਣ, ਬੱਚੇ ਹਨ ਪਰ ਮੈਂ ਕਿਸੇ 'ਤੇ ਵੀ ਬੋਝ ਨਹੀਂ ਬਣਨਾ ਚਾਹੁੰਦੀ।”
"ਇਹ ਇਨਸਾਨੀਅਤ ਦੀ ਫਤਿਹ ਹੈ"
ਵਲੀਉੱਲ੍ਹਾ ਮਾਰੂਫ਼ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਡਰ ਸੀ ਕਿ ਹਮੀਦਾ ਬਾਨੋ ਕੀਤੇ ਭਾਰਤ-ਪਾਕਿਸਤਾਨ ਦਰਮਿਆਨ ਚਲਦੀ ਤਲਖ਼ੀ ਦਾ ਸ਼ਿਕਾਰ ਨਾ ਹੋ ਜਾਣ।
ਉਨ੍ਹਾਂ ਦਾ ਕਹਿਣਾ ਹੈ, "ਮੈਂ ਸ਼ੁਕਰਗੁਜ਼ਾਰ ਹਾਂ ਭਾਰਤ ਅਤੇ ਪਾਕਿਸਤਾਨ ਦੀ ਹਕੂਮਤ ਦਾ, ਜਿਨ੍ਹਾਂ ਨੇ ਇਸ ਮਸਲੇ 'ਤੇ ਆਪਣੇ ਸਿਆਸਤ ਦਾ ਅਸਰ ਨਹੀਂ ਪੈਣ ਦਿੱਤਾ। ਉਨ੍ਹਾਂ ਨੇ ਹਮੀਦਾ ਨੂੰ ਇੱਕ ਇਨਸਾਨ ਵਾਂਗ ਦੇਖਿਆ, ਉਸ ਦੇ ਦਰਦ ਨੂੰ ਮਹਿਸੂਸ ਕੀਤਾ ਅਤੇ ਵਾਪਸ ਉਸ ਦੇ ਵਤਨ ਪਹੁੰਚਣ 'ਚ ਰੱਲ ਕੇ ਮਦਦ ਕੀਤੀ। ਇਹ ਇਨਸਾਨੀਅਤ ਦੀ ਫਤਿਹ ਹੈ। "
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












