'ਅਸੀਂ ਸੋਚਿਆ ਇਹ ਗੇਂਦ ਹੈ', ਬੰਗਾਲ ਵਿੱਚ ਦੇਸੀ ਬੰਬ ਦਾ ਸ਼ਿਕਾਰ ਬਣ ਰਹੇ ਬੱਚੇ

ਪੌਲਮੀ ਹਲਦਰ ਫੁੱਲ ਚੁੱਗ ਰਹੀ ਸੀ ਜਦੋਂ ਉਸ ਨੂੰ ਇੱਕ 'ਗੇਂਦ' ਦਿਸੀ,ਜੋ ਬੰਬ ਸੀ

ਤਸਵੀਰ ਸਰੋਤ, Ronny Sen/BBC

ਤਸਵੀਰ ਕੈਪਸ਼ਨ, ਪੌਲਮੀ ਹਲਦਰ ਫੁੱਲ ਚੁੱਗ ਰਹੀ ਸੀ ਜਦੋਂ ਉਸ ਨੂੰ ਇੱਕ 'ਗੇਂਦ' ਦਿਸੀ,ਜੋ ਬੰਬ ਸੀ
    • ਲੇਖਕ, ਸੌਤਿਕ ਬਿਸਵਾਸ ਅਤੇ ਨੂਪਰ ਸੋਨਾਰ
    • ਰੋਲ, ਬੀਬੀਸੀ ਵਰਲਡ ਸਰਵਿਸ

ਬੀਬੀਸੀ ਆਈ ਦੀ ਜਾਂਚ ਵਿੱਚ ਉਜਾਗਰ ਹੋਇਆ ਹੈ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ ਪੱਛਮੀ ਬੰਗਾਲ ਵਿੱਚ ਦੇਸੀ ਬੰਬਾਂ ਕਾਰਨ ਘੱਟੋ-ਘੱਟ 565 ਬੱਚੇ ਜਾਂ ਤਾਂ ਜ਼ਖਮੀ ਹੋਏ ਹਨ, ਜੋਤਹੀਣ ਹੋਏ ਹਨ ਜਾਂ ਮਾਰੇ ਗਏ ਹਨ।

ਇਹ ਦੇਸੀ ਬੰਬ ਕੀ ਹਨ ਅਤੇ ਇਨ੍ਹਾਂ ਦਾ ਪੱਛਮੀ ਬੰਗਾਲ ਦੀ ਸਿਆਸਤ ਨਾਲ ਕੀ ਸੰਬੰਧ ਹੈ? ਇੰਨੇ ਸਾਰੇ ਬੰਗਾਲੀ ਬੱਚੇ ਇਨ੍ਹਾਂ ਦੀ ਕੀਮਤ ਕਿਉਂ ਤਾਰ ਰਹੇ ਹਨ?

ਸਾਲ 1996 ਦੀਆਂ ਗਰਮੀਆਂ ਦੀ ਇੱਕ ਸਵੇਰ, ਕੋਲਕਾਤਾ ਦੇ ਝੁੱਗੀ-ਝੋਂਪੜੀ ਵਾਲੇ ਇਲਾਕੇ ਵਿੱਚ ਛੇ ਬੱਚੇ ਇੱਕ ਤੰਗ ਗਲੀ ਵਿੱਚ ਕ੍ਰਿਕਟ ਖੇਡਣ ਲਈ ਇਕੱਠੇ ਹੋਏ।

ਆਮ ਚੋਣਾਂ ਲਈ ਵੋਟਾਂ ਦਾ ਦਿਨ ਸੀ ਅਤੇ ਜੋਧਪੁਰ ਪਾਰਕ ਦੀ ਮੱਧ ਵਰਗੀ ਅਬਾਦੀ ਵਿੱਚ ਵਸੀ ਇਨ੍ਹਾਂ ਬੱਚਿਆਂ ਦੀ ਬਸਤੀ ਵਿੱਚ ਪੂਰੀ ਚਹਿਲ-ਪਹਿਲ ਸੀ।

ਉਨ੍ਹਾਂ ਵਿੱਚੋਂ ਇੱਕ ਨੌਂ ਸਾਲਾ ਪੁਚੂ ਸਰਦਾਰ ਕਾਹਲੀ-ਕਾਹਲੀ ਇੱਕ ਬੱਲਾ ਚੁੱਕ ਕੇ ਆਪਣੇ ਸੌਂ ਰਹੇ ਪਿਤਾ ਦੇ ਕੋਲੋਂ ਫੁਰਤੀ ਨਾਲ ਲੰਘ ਗਿਆ। ਜਲਦੀ ਹੀ ਬੱਲੇ ਦੇ ਗੇਂਦ ਨਾਲ ਟਕਰਾਉਣ ਦੀ ਅਵਾਜ਼ ਨਾਲ ਗਲੀ ਗੂੰਜ ਉੱਠੀ।

ਬੱਲੇਬਾਜ਼ ਨੇ ਗੇਂਦ ਬਾਊਂਡਰੀ ਤੋਂ ਪਾਰ ਮਾਰੀ ਸੀ। ਮੁੰਡੇ ਗੇਂਦ ਲੱਭਣ ਲਈ ਨਜ਼ਦੀਕੀ ਪਾਰਕ ਵਿੱਚ ਗਏ।

ਜਿੱਥੇ ਉਨ੍ਹਾਂ ਨੂੰ ਕਾਲੇ ਪਲਾਸਟਿਕ ਦੇ ਥੈਲੇ ਵਿੱਚ ਛੇ ਗੋਲਾਕਾਰ ਚੀਜ਼ਾਂ ਮਿਲੀਆਂ। ਜੋ ਦੇਖਣ ਨੂੰ ਕ੍ਰਿਕਟ ਦੀ ਗੇਂਦ ਵਰਗੀਆਂ ਸਨ।

ਪੁਚੂ ਨੌਂ ਸਾਲ ਦਾ ਸੀ ਜਦੋਂ ਕ੍ਰਿਕਟ ਖੇਡਣ ਸਮੇਂ ਘਾਤਕ ਧਮਾਕਾ ਹੋਇਆ

ਤਸਵੀਰ ਸਰੋਤ, Ronny Sen/BBC

ਤਸਵੀਰ ਕੈਪਸ਼ਨ, ਪੁਚੂ ਨੌਂ ਸਾਲ ਦਾ ਸੀ ਜਦੋਂ ਕ੍ਰਿਕਟ ਖੇਡਣ ਸਮੇਂ ਘਾਤਕ ਧਮਾਕਾ ਹੋਇਆ

ਮੁੰਡੇ ਆਪਣੀ ਖੇਡ ਜਾਰੀ ਰੱਖਣ ਲਈ ਪਰਤ ਆਏ। ਜਿਵੇਂ ਹੀ ਖੇਡਣ ਲਈ "ਗੇਂਦ" ਸਰਕਾਰ ਵੱਲ ਸੁੱਟੀ ਗਈ, ਅਤੇ ਉਸ ਨੇ ਬੱਲੇ ਨਾਲ ਵਾਪਸ ਮੋੜੀ,ਗਲੀ ਵਿੱਚ ਇੱਕ ਉੱਚੀ ਅਵਾਜ਼ ਵਾਲਾ ਧਮਾਕਾ ਹੋਇਆ।

ਬੋਲੇ ਕਰ ਦੇਣ ਵਾਲੇ ਧਮਾਕੇ ਨੇ ਗਲੀ ਦੇ ਸੰਨਾਟੇ ਨੂੰ ਚੀਰ ਦਿੱਤਾ, ਇਹ ਇੱਕ ਬੰਬ ਸੀ।

ਜਦੋਂ ਧੂੰਆਂ ਹਟਿਆ ਅਤੇ ਗੁਆਂਢੀ ਬਾਹਰ ਆਏ। ਉਨ੍ਹਾਂ ਨੇ ਦੇਖਿਆ ਕਿ ਸਰਕਾਰ ਅਤੇ ਉਸਦੇ ਪੰਜ ਦੋਸਤ ਸੜਕ ਵਿੱਚ ਕਾਲੀ ਚਮੜੀ, ਫਟੇ ਕੱਪੜਿਆਂ ਅਤੇ ਜ਼ਖਮੀ ਹਾਲਤ ਵਿੱਚ ਪਏ ਸਨ।

ਲੋਕਾਂ ਦੀਆਂ ਚੀਕਾਂ ਨੇ ਅਸਮਾਨ ਸਿਰ ਉੱਤੇ ਚੁੱਕ ਲਿਆ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸੱਤ ਸਾਲਾਂ ਦੇ ਅਨਾਥ ਰਾਜੂ ਦਾਸ ਨੂੰ ਉਸਦੀ ਆਂਟੀ ਪਾਲ ਰਹੀ ਸੀ। ਇੱਕ ਸੱਤ ਸਾਲਾ ਬੱਚੇ ਗੋਪਾਲ ਬਿਸਵਾਸ ਦੀ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ। ਬਾਕੀ ਚਾਰ ਜ਼ਖਮੀ ਸਨ।

ਪੁਚੂ ਮਸਾਂ ਹੀ ਬਚਿਆ ਪਰ ਉਸਦੀ ਛਾਤੀ, ਚਿਹਰੇ ਅਤੇ ਪੇਟ ਉੱਤੇ ਧਮਾਕੇ ਦੇ ਗੰਭੀਰ ਦਾਗ ਰਹਿ ਗਏ।

ਉਸ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਹਸਪਤਾਲ ਵਿੱਚ ਰਹਿਣਾ ਪਿਆ। ਘਰ ਆ ਕੇ ਪੁਚੂ ਨੂੰ ਆਪਣੇ ਜ਼ਖਮਾਂ ਵਿੱਚੋਂ ਬੰਬ ਦੇ ਛਰ੍ਹੇ ਹਟਾਉਣ ਲਈ ਰਸੋਈ ਵਿਚਲੇ ਸਮਾਨ ਦੀ ਵਰਤੋਂ ਕਰਨੀ ਪਈ ਕਿਉਂਕਿ ਪਰਿਵਾਰ ਕੋਲ ਹੋਰ ਇਲਾਜ ਲਈ ਪੈਸਾ ਨਹੀਂ ਸੀ ਬਚਿਆ।

ਪੁਚੂ ਅਤੇ ਉਸਦੇ ਦੋਸਤ, ਬੱਚਿਆਂ ਦੀ ਉਸ ਲੰਬੀ ਦੁਖਾਂਤਕ ਫਹਿਰਿਸਤ ਦਾ ਹਿੱਸਾ ਹਨ ਜੋ ਜਾਂ ਤਾਂ ਦੇਸੀ ਬੰਬਾਂ ਦੀ ਭੇਂਟ ਚੜ੍ਹ ਗਏ ਹਨ ਜਾਂ ਕਿਸੇ ਅੰਗ ਤੋਂ ਨਕਾਰਾ ਹੋ ਗਏ। ਸੂਬੇ ਦੀ ਹਿੰਸਕ ਸਿਆਸਤ ਉੱਤੇ ਦਬਦਬਾ ਕਾਇਮ ਕਰਨ ਲਈ ਦੇਸੀ ਬੰਬਾਂ ਦੀ ਵਰਤੋਂ ਕਈ ਦਹਾਕਿਆਂ ਤੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:-

ਪੱਛਮੀ ਬੰਗਾਲ ਵਿੱਚ ਦੇਸੀ ਬੰਬਾਂ ਕਾਰਨ ਮਰਨ ਵਾਲੇ ਬੱਚਿਆਂ ਬਾਰੇ ਕੋਈ ਲੇਖਾ-ਜੋਖਾ ਜਨਤਕ ਰੂਪ ਵਿੱਚ ਉਪਲਬਧ ਨਹੀਂ ਹੈ।

ਇਨ੍ਹਾਂ ਕਾਰਨ ਮਾਰੇ ਗਏ ਅਤੇ ਜ਼ਖਮੀ ਹੋਏ ਬੱਚਿਆਂ ਦੀਆਂ ਖ਼ਬਰਾਂ ਦੀ ਭਾਲ ਕਰਨ ਲਈ ਬੀਬੀਸੀ ਨੇ ਸਾਲ 1996-2024 ਤੱਕ ਸੂਬੇ ਦੀਆਂ ਦੋ ਉੱਘੀਆਂ ਅਖ਼ਬਾਰਾਂ ਅਨੰਦ ਬਜ਼ਾਰ ਪੱਤਰਿਕਾ ਅਤੇ ਬਰਤਮਾਨ ਪੱਤਰਿਕਾ ਦੇ ਹਰੇਕ ਅੰਕ ਨੂੰ ਵਾਚਿਆ।

ਸਾਨੂੰ 10 ਨਵੰਬਰ ਤੱਕ ਘੱਟੋ-ਘੱਟ 565 ਬੱਚਿਆਂ ਦੇ ਹਾਦਸੇ ਦਾ ਸ਼ਿਕਾਰ ਹੋਣ ਬਾਰੇ ਪਤਾ ਲੱਗਿਆ ਜਿਨ੍ਹਾਂ ਵਿੱਚ 94 ਮੌਤਾਂ ਅਤੇ 471 ਜ਼ਖਮੀ ਹੋਣ ਬਾਰੇ ਸਨ। ਇਸਦਾ ਮਤਲਬ ਹੈ ਕਿ ਸੂਬੇ ਵਿੱਚ ਔਸਤ 18 ਦਿਨਾਂ ਵਿੱਚ ਇੱਕ ਬੱਚਾ, ਇਨ੍ਹਾਂ ਕੱਚੇ ਬੰਬਾਂ ਦੀ ਭੇਂਟ ਚੜ੍ਹਦਾ ਹੈ।

ਹਾਲਾਂਕਿ ਕੱਚੇ ਬੰਬਾਂ ਦੁਆਰਾ ਬੱਚਿਆਂ ਦੇ ਜ਼ਖਮੀ ਹੋਣ ਦੀਆਂ ਉਨ੍ਹਾਂ ਘਟਨਾਵਾਂ ਬਾਰੇ ਵੀ ਸਾਨੂੰ ਪਤਾ ਲੱਗਿਆ, ਜਿਨ੍ਹਾਂ ਦੀ ਖ਼ਬਰ ਇਨ੍ਹਾਂ ਦੋ ਪ੍ਰਮੁੱਖ ਅਖ਼ਬਾਰਾਂ ਨੇ ਨਹੀਂ ਦਿੱਤੀ ਸੀ। ਇਸ ਲਈ ਅਸਲੀ ਅੰਕੜਾ ਇਸ ਨਾਲੋਂ ਨਿਸ਼ਚਿਤ ਹੀ ਜ਼ਿਆਦਾ ਹੋਵੇਗਾ।

ਇਨ੍ਹਾਂ ਵਿੱਚੋ 60% ਮਾਮਲਿਆਂ ਵਿੱਚ ਬੱਚੇ ਬਾਹਰ ਖੇਡ ਰਹੇ ਸਨ। ਜਿਵੇਂ- ਬਗੀਚਾ, ਗਲੀਆਂ, ਖੇਤ ਜਾਂ ਇੱਥੋਂ ਤੱਕ ਕਿ ਸਕੂਲ ਦੇ ਨੇੜੇ,ਜਿੱਥੇ ਆਮ ਤੌਰ ਉੱਤੇ ਚੋਣਾਂ ਦੌਰਾਨ ਵਿਰੋਧੀਆਂ ਨੂੰ ਡਰਾਉਣ ਲਈ ਇਹ ਬੰਬ ਲਕੋ ਕੇ ਰੱਖੇ ਗਏ ਸਨ।

ਬੀਬੀਸੀ ਨੇ ਜਿਨ੍ਹਾਂ ਪੀੜਤਾਂ ਨਾਲ ਗੱਲ ਕੀਤੀ ਉਨ੍ਹਾਂ ਵਿੱਚੋਂ ਜ਼ਿਆਦਾਤਰ ਗ਼ਰੀਬ, ਘਰੇਲੂ ਮਦਦਗਾਰਾਂ, ਦਿਹਾੜੀ ਮਜ਼ਦੂਰਾਂ ਅਤੇ ਖੇਤ ਮਜ਼ਦੂਰਾਂ ਦੇ ਬੱਚੇ ਹਨ।

ਪੱਛਮੀ ਬੰਗਾਲ ਵਿੱਚ ਬੰਬਾਂ ਦਾ ਕ੍ਰਾਂਤੀਕਾਰੀ ਇਤਿਹਾਸ

10 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਨਾਲ ਪੱਛਮੀ ਬੰਗਾਲ ਅਬਾਦੀ ਦੇ ਪੱਖੋਂ ਭਾਰਤ ਦਾ ਚੌਥਾ ਸਭ ਤੋਂ ਵੱਡਾ ਸੂਬਾ ਹੈ। ਇਸ ਸੂਬੇ ਨੇ ਲੰਬੇ ਸਮੇਂ ਤੋਂ ਸਿਆਸੀ ਹਿੰਸਾ ਨੂੰ ਆਪਣੇ ਪਿੰਡੇ ਉੱਤੇ ਹੰਢਾਇਆ ਹੈ।

ਪਿਛਲੇ ਸਾਲਾਂ ਦੌਰਾਨ, ਜਦੋਂ ਤੋਂ ਸੰਨ 1947 ਵਿੱਚ ਭਾਰਤ ਨੂੰ ਅਜ਼ਾਦੀ ਮਿਲੀ ਹੈ, ਇੱਥੇ ਕਈ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਹਨ। ਜਿਵੇਂ-ਕਾਂਗਰਸ ਨੇ ਦੋ ਦਹਾਕੇ ਸ਼ਾਸਨ ਕੀਤਾ ਹੈ। ਕਮਿਊਨਿਸਟ ਅਗਵਾਈ ਦੇ ਲੈਫਟ ਫਰੰਟ ਨੇ ਤਿੰਨ ਦਹਾਕੇ ਅਤੇ ਮੌਜੂਦਾ ਤ੍ਰਿਣਮੂਲ ਕਾਂਗਰਸ 2011 ਤੋਂ ਸੂਬੇ ਦੀ ਸੱਤਾ ਵਿੱਚ ਹੈ।

1960ਵਿਆਂ ਦੇ ਮਗਰਲੇ ਸਮੇਂ ਵਿੱਚ, ਸੂਬੇ ਦੇ ਅੰਦਰ ਮਾਓਵਾਦੀਆਂ(ਜਿਨ੍ਹਾਂ ਨੂੰ ਨਕਸਲਵਾਦੀ ਵੀ ਕਿਹਾ ਜਾਂਦਾ ਹੈ) ਅਤੇ ਸੁਰੱਖਿਆ ਦਸਤਿਆਂ ਦਰਮਿਆਨ ਹਥਿਆਰਬੰਦ ਸੰਘਰਸ਼ ਦਾ ਸਮਾਂ ਸੀ।

ਸਰਕਾਰਾਂ ਅਤੇ ਬਾਗੀ ਸੰਘਰਸ਼ ਦੀ ਇੱਕ ਸਾਂਝੀ ਕੜੀ, ਬੰਬਾਂ ਦੀ ਵਰਤੋਂ ਹੈ। ਜਿਸਦਾ ਮੁੱਖ ਮਕਸਦ ਵਿਰੋਧੀਆਂ ਨੂੰ ਖ਼ਾਸ ਕਰਕੇ ਚੋਣਾਂ ਦੌਰਾਨ ਚੁੱਪ ਕਰਾਉਣਾ ਰਿਹਾ ਹੈ।

ਪੱਛਮੀ ਬੰਗਾਲ ਦੇ ਸਾਬਕਾ ਇੰਸਪੈਕਟਰ ਜਨਰਲ ਪੰਕਜ ਦੱਤਾ ਮੁਤਾਬਕ, "ਬੰਬ (ਬਦਲਾਖੋਰੀ ਲਈ) ਵਰਤੇ ਜਾਂਦੇ ਰਹੇ ਹਨ। ਬੰਗਾਲ ਵਿੱਚ ਅਜਿਹਾ ਲੰਬੇ ਸਮੇਂ ਤੋਂ ਸੌ ਤੋਂ ਜ਼ਿਆਦਾ ਸਾਲਾਂ ਤੋਂ ਹੋ ਰਿਹਾ ਹੈ।"

ਪੱਛਮੀ ਬੰਗਾਲ ਵਿੱਚ ਅੱਜ ਦੇ ਕੱਚੇ ਬੰਬ ਜੂਟ ਦੀਆਂ ਰੱਸੀਆਂ ਨਾਲ ਬੰਨ੍ਹੇ ਹੁੰਦੇ ਹਨ

ਤਸਵੀਰ ਸਰੋਤ, Ronny Sen/BBC

ਤਸਵੀਰ ਕੈਪਸ਼ਨ, ਪੱਛਮੀ ਬੰਗਾਲ ਵਿੱਚ ਅੱਜ ਦੇ ਕੱਚੇ ਬੰਬ ਜੂਟ ਦੀਆਂ ਰੱਸੀਆਂ ਨਾਲ ਬੰਨ੍ਹੇ ਹੁੰਦੇ ਹਨ

ਬੰਗਾਲ ਵਿੱਚ ਬੰਬ ਬਣਾਉਣ ਦੇ ਇਤਿਹਾਸ ਦੀਆਂ ਜੜਾਂ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਤਤਕਾਲੀ ਬ੍ਰਿਟਿਸ਼ ਰਾਜ ਦੇ ਵਿਰੁੱਧ ਬਗਾਵਤ ਵਿੱਚ ਪਈਆਂ ਹਨ।

ਸ਼ੁਰੂਆਤੀ ਕੋਸ਼ਿਸ਼ਾਂ ਸਿਖਾਂਦਰੂ ਸਨ ਅਤੇ ਹਾਦਸੇ ਆਮ ਸਨ। ਜਦੋਂ ਇੱਕ ਬਾਗ਼ੀ ਬੰਬ ਦੀ ਪਰਖ਼ ਕਰ ਰਿਹਾ ਸੀ ਤਾਂ ਉਹ ਉਸਦੇ ਹੱਥ ਵਿੱਚ ਹੀ ਫੱਟ ਗਿਆ। ਇੱਕ ਬਾਗ਼ੀ ਦਾ ਹੱਥ ਗਿਆ ਅਤੇ ਦੂਜੇ ਦੀ ਜਾਨ।

ਫਿਰ ਇੱਕ ਹੋਰ ਬਾਗ਼ੀ ਫਰਾਂਸ ਤੋਂ ਬੰਬ ਬਣਾਉਣ ਦਾ ਹੁਨਰ ਸਿੱਖ ਕੇ ਆਇਆ।

ਉਸਦੇ 'ਕਿਤਾਬ ਬੰਬ'-ਜੋ ਕੈਡਬਰੀ ਕੋਕਾ ਦੇ ਟੀਨ ਦੇ ਅੰਦਰ ਧਮਾਕਾਖੇਜ਼ ਲਕੋ ਕੇ ਬਣਾਇਆ ਗਿਆ ਸੀ, ਜੇ ਇਸ ਨੂੰ ਇੱਕ ਬ੍ਰਿਟਿਸ਼ ਮੈਜਿਸਟਰੇਟ ਨੇ ਖੋਲ੍ਹ ਲਿਆ ਹੁੰਦਾ ਤਾਂ ਇਸ ਨੇ ਉਸ ਨੂੰ ਮਾਰ ਮੁਕਾਉਣਾ ਸੀ।

ਪਹਿਲੇ ਧਮਾਕੇ ਨੇ ਮਿਦਨਾਪੁਰ ਜ਼ਿਲ੍ਹੇ ਨੂੰ 1907 ਵਿੱਚ ਹਿਲਾਇਆ, ਜਦੋਂ ਕ੍ਰਾਂਤੀਕਾਰੀਆਂ ਨੇ ਸੀਨੀਅਰ ਬ੍ਰਿਟਿਸ਼ ਅਧਿਕਾਰੀਆਂ ਨੂੰ ਲਿਜਾ ਰਹੀ ਇੱਕ ਰੇਲ ਗੱਡੀ ਨੂੰ ਧਮਾਕੇ ਦੀ ਵਰਤੋਂ ਕਰਕੇ ਲੀਹੋਂ ਲਾਹ ਦਿੱਤਾ ਸੀ।

ਇਸ ਤੋਂ ਕੁਝ ਮਹੀਨੇ ਬਾਅਦ ਮੁਜ਼ੱਫਰਪੁਰ ਵਿੱਚ ਇੱਕ ਮੈਜਿਸਟਰੇਟ ਨੂੰ ਮਾਰਨ ਦੀ ਇੱਕ ਕੋਸ਼ਿਸ਼ ਦੌਰਾਨ ਗ਼ਲਤੀ ਨਾਲ ਤਾਂਗੇ ਉੱਤੇ ਸੁੱਟੇ ਗਏ ਬੰਬ ਨੇ ਦੋ ਅੰਗੇਰਜ਼ ਔਰਤਾਂ ਦੀ ਜਾਨ ਲੈ ਲਈ ਸੀ।

ਇਸ ਘਟਨਾ ਵਿੱਚ ਅੱਲੜ੍ਹ ਕ੍ਰਾਂਤੀਕਾਰੀ ਖ਼ੁਦੀਰਾਮ ਬੋਸ "ਸ਼ਹੀਦ" ਹੋ ਗਏ ਅਤੇ ਭਾਰਤ ਦੀ ਅਜ਼ਾਦੀ ਲਹਿਰ ਦੇ ਪਹਿਲੇ "ਅਜ਼ਾਦੀ ਘੁਲਾਟੀਏ" ਮੰਨੇ ਗਏ।

ਰਾਸ਼ਟਰਵਾਦੀ ਆਗੂ ਬਾਲ ਗੰਗਾਧਰ ਤਿਲਕ ਨੇ 1908 ਵਿੱਚ ਲਿਖਿਆ ਬੰਬ ਮਹਿਜ਼ ਹਥਿਆਰ ਨਹੀਂ ਸਨ ਸਗੋਂ ਇੱਕ ਕਾਲਾ ਜਾਦੂ ਸੀ ਜੋ ਬੰਗਾਲ ਤੋਂ ਅੱਗੇ ਪੂਰੇ ਭਾਰਤ ਵਿੱਚ ਫੈਲ ਰਿਹਾ ਸੀ।

ਅੱਜ ਬੰਗਾਲ ਦੇ ਇਨ੍ਹਾਂ ਦੇਸੀ ਬੰਬਾਂ ਨੂੰ ਸਥਾਨਕ ਬੋਲੀ ਵਿੱਚ-ਪੇਟੋ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਮੇਖਾਂ, ਨਟਾਂ ਅਤੇ ਕੱਚ ਨੂੰ ਜੂਟ ਦੀਆਂ ਰੱਸੀਆਂ ਨਾਲ ਬੰਨ੍ਹ ਕੇ ਬਣਾਇਆ ਜਾਂਦਾ ਹੈ।

ਹੋਰ ਰੂਪਾਂ ਵਿੱਚ ਧਮਾਕਾਖੇਜ਼ ਸਮੱਗਰੀ ਨੂੰ ਸਟੀਲ ਦੇ ਡੱਬਿਆਂ ਜਾਂ ਕੱਚ ਦੀਆਂ ਬੋਤਲਾਂ ਵਿੱਚ ਵੀ ਘੁੱਟ ਕੇ ਬੰਦ ਕੀਤਾ ਜਾਂਦਾ ਹੈ, ਜਿਨ੍ਹਾਂ ਦੀ ਵਰਤੋਂ ਆਮ ਤੌਰ ਉੱਤੇ ਸਿਆਸੀ ਪਾਰਟੀਆਂ ਦੇ ਹਿੰਸਕ ਟਕਰਾਵਾਂ ਦੌਰਾਨ ਕੀਤੀ ਜਾਂਦੀ ਹੈ।

ਖ਼ਾਸ ਕਰਕੇ ਪੇਂਡੂ ਇਲਾਕਿਆਂ ਦੇ ਸਿਆਸੀ ਕਾਰਕੁਨ, ਇਨ੍ਹਾਂ ਬੰਬਾਂ ਦੀ ਵਰਤੋਂ ਵਿਰੋਧੀਆਂ ਨੂੰ ਧਮਕਾਉਣ, ਮਤਦਾਨ ਕੇਂਦਰਾਂ ਉੱਤੇ ਵਿਘਨ ਪਾਉਣ, ਜਾਂ ਆਪਣੇ ਵਿਰੋਧੀਆਂ ਨੂੰ ਜਵਾਬ ਦੇਣ ਲਈ ਕਰਦੇ ਹਨ।

ਇਹ ਬੰਬ ਅਕਸਰ ਚੋਣਾਂ ਦੇ ਦਿਨਾਂ ਵਿੱਚ ਪੋਲਿੰਗ ਬੂਥ ਨੂੰ ਨੁਕਸਾਨ ਪਹੁੰਚਾਉਣ ਜਾਂ ਇਲਾਕੇ ਉੱਤੇ ਆਪਣਾ ਕੰਟਰੋਲ ਸਾਬਤ ਕਰਨ ਲਈ ਰੱਖੇ ਜਾਂਦੇ ਹਨ।

ਪੌਲਮੀ ਨੇ ਹੁਣ ਇੱਕ ਹੱਥ ਨਾਲ ਸਾਇਕਲ ਚਲਾਉਣਾ ਸਿੱਖ ਲਿਆ ਹੈ

ਤਸਵੀਰ ਸਰੋਤ, Ronny Sen/BBC

ਤਸਵੀਰ ਕੈਪਸ਼ਨ, ਪੌਲਮੀ ਨੇ ਹੁਣ ਇੱਕ ਹੱਥ ਨਾਲ ਸਾਇਕਲ ਚਲਾਉਣਾ ਸਿੱਖ ਲਿਆ ਹੈ

ਪੌਲਮੀ ਹਲਦਰ ਵਰਗੇ ਬੱਚੇ ਅਜਿਹੀ ਹਿੰਸਾ ਦਾ ਡੰਗ ਝੱਲਦੇ ਹਨ।

ਉੱਤਰੀ 24 ਪਰਗਣਾ ਜ਼ਿਲ੍ਹੇ ਦੇ ਗੋਪਾਲਪੁਰ ਪਿੰਡ ਵਿੱਚ ਤਲਾਬ, ਝੋਨੇ ਦੇ ਖੇਤ ਅਤੇ ਨਾਰੀਅਲ ਦੇ ਰੁੱਖ ਹਨ। ਇੱਥੇ ਸਾਲ 2018 ਦੇ ਅਪ੍ਰੈਲ ਮਹੀਨੇ ਦੀ ਇੱਕ ਸਵੇਰ ਉਸ ਸਮੇਂ ਸੱਤ ਸਾਲ ਦਾ ਬੱਚੀ ਪੌਲਮੀ ਸਵੇਰ ਦੀ ਪੂਜਾ ਲਈ ਫੁੱਲ ਤੋੜ ਰਹੀ ਸੀ। ਪਿੰਡ ਦੀਆਂ ਪੰਚਾਇਤ ਚੋਣਾਂ ਵਿੱਚ ਬਾਮੁਸ਼ਕਲ ਇੱਕ ਮਹੀਨਾ ਰਹਿੰਦਾ ਸੀ।

ਪੌਲਮੀ ਨੂੰ ਗੁਆਂਢੀ ਦੀ ਮੋਟਰ ਕੋਲ ਇੱਕ ਗੇਂਦ ਪਈ ਨਜ਼ਰ ਆਈ।

ਉਹ ਯਾਦ ਕਰਦੀ ਹੈ, "ਮੈਂ ਉਸ ਨੂੰ ਚੁੱਕਿਆ ਅਤੇ ਘਰ ਲੈ ਆਈ।"

ਜਦੋਂ ਉਹ ਘਰ ਦੇ ਅੰਦਰ ਦਾਖਲ ਹੋਈ ਤਾਂ, ਉਸਦੇ ਦਾਦਾ ਜੋ ਚਾਹ ਪੀ ਰਹੇ ਸਨ, ਉਸਦੇ ਹੱਥ ਵਿੱਚ ਫੜੀ ਚੀਜ਼ ਦੇਖ ਕੇ ਜਿਵੇਂ ਉੱਥੇ ਹੀ ਜੰਮ ਗਏ।

"ਉਨ੍ਹਾਂ ਨੇ ਕਿਹਾ, ਇਹ ਕੋਈ ਗੇਂਦ ਨਹੀਂ ਹੈ, ਇਹ ਬੰਬ ਹੈ। ਪਰੇ ਸੁੱਟ ਇਸ ਨੂੰ,ਇਸ ਤੋਂ ਪਹਿਲਾਂ ਕਿ ਮੈਂ ਕੁਝ ਕਰ ਸਕਦੀ, ਇਹ ਮੇਰੇ ਹੱਥ ਵਿੱਚ ਫੱਟ ਗਿਆ।"

ਧਮਾਕੇ ਨੇ ਪਿੰਡ ਦੀ ਸ਼ਾਂਤੀ ਭੰਗ ਕਰ ਦਿੱਤੀ। ਪੌਲਮੀ ਦੀਆਂ "ਅੱਖਾਂ, ਚਿਹਰੇ ਅਤੇ ਹੱਥਾਂ" ਨੂੰ ਨੁਕਸਾਨ ਪਹੁੰਚਿਆ ਸੀ। ਉਹ ਬੇਹੋਸ਼ ਹੋ ਗਈ ਅਤੇ ਉਸਦੇ ਚਾਰੇ ਪਾਸੇ ਹਾਲ ਦੁਹਾਈ ਪੈ ਗਈ।

"ਮੇਰੇ ਯਾਦ ਹੈ ਲੋਕ ਮੇਰੇ ਵੱਲ ਭੱਜ ਰਹੇ ਸਨ ਪਰ ਮੈਂ ਬਹੁਤ ਥੋੜ੍ਹਾ ਦੇਖ ਸਕਦੀ ਸੀ, ਮੇਰੇ ਸਭ ਥਾਂ ਸੱਟਾਂ ਲੱਗੀਆਂ ਸਨ।"

ਪਿੰਡ ਵਾਸੀ ਪੌਲਮੀ ਨੂੰ ਹਸਪਤਾਲ ਲੈ ਕੇ ਗਏ।

ਉਸ ਦੀਆਂ ਸੱਟਾਂ, ਜਾਨਲੇਵਾ ਸਨ,ਉਸਦਾ ਖੱਬਾ ਹੱਥ ਕੱਟ ਦਿੱਤਾ ਗਿਆ ਅਤੇ ਉਸ ਨੂੰ ਲਗਭਗ ਇੱਕ ਮਹੀਨਾ ਹਸਪਤਾਲ ਵਿੱਚ ਰਹਿਣਾ ਪਿਆ।

ਇੱਕ ਆਮ ਸਵੇਰ, ਬੁਰੇ ਸੁਪਨੇ ਵਿੱਚ ਬਦਲ ਗਈ ਅਤੇ ਉਸ ਪਲ ਨੇ ਪੌਲਮੀ ਦੀ ਸਾਰੀ ਜ਼ਿੰਦਗੀ ਬਦਲ ਦਿੱਤੀ।

ਸਬੀਨਾ ਖ਼ਾਤੂਨ ਆਪਣੀਆਂ ਸੱਟਾਂ ਕਾਰਨ ਰੋਜ਼ਾਨਾ ਦੇ ਸਧਾਰਨ ਕੰਮ ਕਰਨ ਲਈ ਸੰਘਰਸ਼ ਕਰਦੀ ਹੈ

ਤਸਵੀਰ ਸਰੋਤ, Ronny Sen/BBC

ਤਸਵੀਰ ਕੈਪਸ਼ਨ, ਸਬੀਨਾ ਖ਼ਾਤੂਨ ਆਪਣੀਆਂ ਸੱਟਾਂ ਕਾਰਨ ਰੋਜ਼ਾਨਾ ਦੇ ਸਧਾਰਨ ਕੰਮ ਕਰਨ ਲਈ ਸੰਘਰਸ਼ ਕਰਦੀ ਹੈ

ਪਰ ਪੌਲਮੀ ਇਕੱਲੀ ਨਹੀਂ ਹੈ। ਸਬੀਨਾ ਖ਼ਾਤੂਨ 10 ਸਾਲ ਦੀ ਸੀ ਜਦੋਂ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਜੀਤਪੁਰ ਵਿੱਚ ਇੱਕ ਦੇਸੀ ਬੰਬ ਅਪ੍ਰੈਲ 2020 ਵਿੱਚ ਉਸਦੇ ਦੇ ਹੱਥ ਵਿੱਚ ਫੱਟ ਗਿਆ।

ਉਹ ਬੱਕਰੀਆਂ ਚਰਾਉਣ ਲਈ ਲੈ ਕੇ ਜਾ ਰਹੀ ਸੀ ਜਦੋਂ ਉਨ੍ਹਾਂ ਨੂੰ ਘਾਹ ਵਿੱਚ ਪਿਆ ਇੱਕ ਦੇਸੀ ਬੰਬ ਮਿਲਿਆ। ਉਤਸੁਕਤਾ ਵੱਸ ਉਸ ਨੇ ਬੰਬ ਨੂੰ ਚੁੱਕ ਕੇ ਖੇਡਣਾ ਸ਼ੁਰੂ ਕਰ ਦਿੱਤਾ।

ਕੁਝ ਪਲਾਂ ਬਾਅਦ ਬੰਬ ਉਸਦੇ ਹੱਥਾਂ ਵਿੱਚ ਫੱਟ ਗਿਆ।

ਸਬੀਨਾ ਦੀ ਮਾਂ ਅਮੀਨਾ ਬੀਬੀ ਭਰੇ ਗਲੇ ਅਤੇ ਹਤਾਸ਼ਾ ਨਾਲ ਦੱਸਦੇ ਹਨ, "ਜਿਵੇਂ ਹੀ ਮੈਂ ਧਮਾਕਾ ਸੁਣਿਆ, ਮੈਨੂੰ ਲੱਗਿਆ ਹੁਣ ਕੌਣ ਅਪਾਹਜ ਹੋਣ ਲੱਗਿਆ ਹੈ? ਕੀ ਸਬੀਨਾ ਜਖ਼ਮੀ ਹੋ ਗਈ ਹੈ?"

"ਮੈਂ ਬਾਹਰ ਨਿਕਲ ਕੇ ਦੇਖਿਆ ਕਿ ਲੋਕ ਸਬੀਨਾ ਨੂੰ ਚੁੱਕ ਕੇ ਲਿਜਾ ਰਹੇ ਸਨ। ਉਸਦੇ ਹੱਥ ਵਿੱਚੋਂ ਨਿਕਲਿਆ ਮਾਸ ਨਜ਼ਰ ਆ ਰਿਹਾ ਸੀ।"

ਡਾਕਟਰਾਂ ਨੂੰ ਮਜਬੂਰੀ ਵੱਸ ਸਬੀਨਾ ਦਾ ਹੱਥ ਕੱਟਣਾ ਪਿਆ।

ਘਰ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਜ਼ਿੰਦਗੀ ਮੁੜ ਉਸਾਰਨ ਲਈ ਸੰਘਰਸ਼ ਕੀਤਾ ਹੈ। ਉਸ ਦੇ ਮਾਪੇ ਆਪਣੀ ਧੀ ਦੇ ਅਨਿਸ਼ਚਿਤ ਭਵਿੱਖ ਤੋਂ ਫਿਕਰਮੰਦ ਹਨ। ਉਨ੍ਹਾਂ ਦੀ ਫਿਕਰ ਬੇਬੁਨਿਆਦ ਨਹੀਂ ਹੈ। ਭਾਰਤ ਵਿੱਚ ਅਪਾਹਜ ਔਰਤਾਂ ਅਕਸਰ ਸਮਾਜਿਕ ਅਪਮਾਨ ਦਾ ਸਾਹਮਣਾ ਕਰਦੀਆਂ ਹਨ, ਜਿਸ ਕਾਰਨ ਉਨ੍ਹਾਂ ਦੀ ਨੌਕਰੀ ਅਤੇ ਵਿਆਹ ਦੀਆਂ ਸੰਭਾਵਨਾਵਾਂ ਵਿੱਚ ਪੇਚੀਦਗੀ ਪੈਦਾ ਹੋ ਜਾਂਦੀ ਹੈ।

ਅਮੀਨਾ ਦੱਸਦੇ ਹਨ, "ਮੇਰੇ ਧੀ ਰੋਂਦੀ ਰਹਿੰਦੀ ਸੀ ਅਤੇ ਕਹਿੰਦੀ ਸੀ ਕੀ ਉਸ ਨੂੰ ਹੁਣ ਕਦੇ ਵੀ ਆਪਣਾ ਹੱਥ ਵਾਪਸ ਨਹੀਂ ਮਿਲੇਗਾ।"

"ਮੈਂ ਉਸ ਨੂੰ ਇਹ ਕਹਿ ਕੇ ਦਿਲਾਸਾ ਦਿੰਦੀ ਕਿ ਤੇਰਾ ਹੱਥ ਵਾਪਸ ਉੱਗ ਆਵੇਗਾ, ਤੇਰੀਆਂ ਉਂਗਲਾਂ ਮੁੜ ਉੱਗ ਆਉਣਗੀਆਂ।"

ਹੁਣ ਸਬੀਨਾ ਬਿਨਾਂ ਹੱਥ ਤੋਂ ਰੋਜ਼ਾਨਾ ਜੀਵਨ ਦੇ ਕੰਮਾਂ ਲਈ ਵੀ ਸੰਘਰਸ਼ ਕਰ ਰਹੀ ਹੈ। "ਮੈਂ ਪਾਣੀ ਪੀਣ, ਖਾਣ, ਨਹਾਉਣ, ਤਿਆਰ ਹੋਣ ਅਤੇ ਪਖਾਨੇ ਜਾਣ ਲਈ ਵੀ ਸੰਘਰਸ਼ ਕਰ ਰਹੀ ਹਾਂ।"

ਬੰਬਾਂ ਕਾਰਨ ਅੰਗ-ਭੰਗ ਹੋਣ ਦੇ ਬਾਵਜੂਦ ਇਹ ਬੱਚੇ ਖ਼ੁਸ਼ਕਿਸਮਤ ਸਨ ਕਿ ਬੱਚ ਗਏ ਪਰ ਇਨ੍ਹਾਂ ਦੀਆਂ ਜ਼ਿੰਦਗੀਆਂ ਹਮੇਸ਼ਾ ਲਈ ਬਦਲ ਗਈਆਂ।

ਪੌਲਮੀ ਹੁਣ 13 ਸਾਲ ਦੀ ਹੈ, ਉਸਦੇ ਨਕਲੀ ਹੱਥ ਦਿੱਤਾ ਗਿਆ ਹੈ ਪਰ ਉਹ ਉਸ ਨੂੰ ਵਰਤ ਨਹੀਂ ਸਕਦੀ। ਇਹ ਬਹੁਤ ਭਾਰਾ ਹੈ ਅਤੇ ਛੋਟਾ ਹੋ ਗਿਆ ਹੈ, 14 ਸਾਲਾ ਦੀ ਸਬੀਨਾ ਦੀ ਨਜ਼ਰ ਲਗਾਤਾਰ ਘਟਦੀ ਜਾ ਰਹੀ ਹੈ।

ਸਬੀਨਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਅੱਖ ਵਿੱਚੋਂ ਬੰਬ ਦੇ ਕਣ ਕੱਢਣ ਲਈ ਉਸਨੂੰ ਇੱਕ ਹੋਰ ਅਪ੍ਰੇਸ਼ਨ ਦੀ ਲੋੜ ਹੈ ਪਰ ਉਹ ਇਹ ਖ਼ਰਚਾ ਨਹੀਂ ਚੁੱਕ ਸਕਦੇ।

ਪੁਚੂ ਹੁਣ 37 ਸਾਲ ਦਾ ਹੈ ਪਰ ਉਸਦੇ ਚਿੰਤਤ ਮਾਪਿਆਂ ਨੇ ਉਸ ਨੂੰ ਸਕੂਲੋਂ ਹਟਾ ਲਿਆ। ਉਹ ਕਈ ਸਾਲ ਘਰੋਂ ਬਾਹਰ ਨਹੀਂ ਨਿਕਲਿਆ ਅਤੇ ਅਕਸਰ ਜ਼ਰਾ ਜਿੰਨਾ ਖੜਾਕ ਸੁਣ ਕੇ ਵੀ ਬੈੱਡ ਹੇਠ ਲੁਕ ਜਾਂਦਾ ਸੀ।

ਉਸਨੇ ਮੁੜ ਕਦੇ ਵੀ ਕ੍ਰਿਕਟ ਦਾ ਬੱਲਾ ਚੁੱਕ ਕੇ ਨਹੀਂ ਦੇਖਿਆ। ਉਸਦਾ ਬਚਪਨ ਖੋਹ ਲਿਆ ਗਿਆ। ਹੁਣ ਉਹ ਉਸਾਰੀ ਦੇ ਕੰਮ ਵਿੱਚ ਦਿਹਾੜੀ-ਮਜ਼ਦੂਰੀ ਕਰ ਰਿਹਾ ਅਤੇ ਆਪਣੇ ਅਤੀਤ ਦੇ ਜ਼ਖਮਾਂ ਨੂੰ ਢੋਅ ਰਿਹਾ ਹੈ।

ਪੌਲਮੀ ਅਤੇ ਸਬੀਨਾ ਦੋਵਾਂ ਨੇ ਇੱਕ-ਇੱਕ ਹੱਥ ਨਾਲ ਸਾਈਕਲ ਚਲਾਉਣੀ ਸਿੱਖ ਲਈ ਹੈ

ਤਸਵੀਰ ਸਰੋਤ, Ronny Sen/BBC

ਤਸਵੀਰ ਕੈਪਸ਼ਨ, ਪੌਲਮੀ ਅਤੇ ਸਬੀਨਾ ਦੋਵਾਂ ਨੇ ਇੱਕ-ਇੱਕ ਹੱਥ ਨਾਲ ਸਾਈਕਲ ਚਲਾਉਣੀ ਸਿੱਖ ਲਈ ਹੈ

ਉਮੀਦ ਅਜੇ ਬਾਕੀ ਹੈ

ਪੌਲਮੀ ਅਤੇ ਸਬੀਨਾ ਦੋਵਾਂ ਨੇ ਇੱਕ-ਇੱਕ ਹੱਥ ਨਾਲ ਸਾਈਕਲ ਚਲਾਉਣੀ ਸਿੱਖ ਲਈ ਹੈ ਅਤੇ ਸਕੂਲ ਵੀ ਜਾ ਰਹੀਆਂ ਹਨ। ਦੋਵੇਂ ਜਣੀਆਂ ਅਧਿਆਪਕ ਬਣਨਾ ਚਾਹੁੰਦੀਆਂ ਹਨ। ਪੁਚੂ ਨੂੰ ਆਪਣੇ ਪੰਜ ਸਾਲਾ ਪੁੱਤਰ ਲਈ ਇੱਕ ਪੁਲਿਸ ਵਾਲੇ ਵਜੋਂ ਸੁਨਹਿਰੀ ਭਵਿੱਖ ਦੀ ਉਮੀਦ ਹੈ।

ਦੇਸੀ ਬੰਬਾਂ ਦੇ ਬੱਚਿਆਂ ਉੱਪਰ ਬੇਹਿਸਾਬ ਕਹਿਰ ਦੇ ਬਾਵਜੂਦ, ਇਨ੍ਹਾਂ ਦੀ ਵਰਤੋਂ ਵਿੱਚ ਕਮੀ ਦੇ ਕੋਈ ਸੰਕੇਤ ਨਹੀ ਹਨ।

ਕੋਈ ਵੀ ਸਿਆਸੀ ਪਾਰਟੀ ਚੋਣਾਂ ਦੌਰਾਨ ਸਿਆਸੀ ਫਾਇਦੇ ਲਈ ਇਨ੍ਹਾਂ ਦੀ ਵਰਤੋਂ ਨੂੰ ਸਵੀਕਾਰ ਨਹੀਂ ਕਰਦੀ।

ਬੀਬੀਸੀ ਨੇ ਸੂਬੇ ਦੀਆਂ ਚਾਰ ਪ੍ਰਮੁੱਖ ਪਾਰਟੀਆਂ ਨੂੰ ਇਨ੍ਹਾਂ ਕੱਚੇ ਬੰਬਾਂ ਨੰ ਬਣਾਉਣ ਜਾਂ ਵਰਤਣ ਵਿੱਚ ਆਪਣੀ ਕਿਸੇ ਵੀ ਤਰ੍ਹਾਂ ਦੀ ਸਿੱਧੀ ਜਾਂ ਵਿਚੋਲਿਆਂ ਰਾਹੀਂ ਸ਼ਮੂਲੀਅਤ ਬਾਰੇ ਪੁੱਛਿਆ। ਸੱਤਾਧਾਰੀ ਤ੍ਰਿਣਮੂਲ ਅਤੇ ਵਿਰੋਧੀ ਧਿਰ ਭਾਜਪਾ ਨੇ ਕੋਈ ਜਵਾਬ ਨਹੀਂ ਦਿੱਤਾ।

"ਸੀਪੀਆਈ (ਐੱਮ) ਨੇ ਇਸਤੋਂ ਸਖ਼ਤੀ ਨਾਲ ਇਨਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ "ਕਨੂੰਨ ਦਾ ਰਾਜ ਕਾਇਮ ਰੱਖਣ ਲਈ ਵਚਨਬੱਧ ਹਨਅਤੇ ਜਦੋਂ ਹੱਕਾਂ ਅਤੇ ਜ਼ਿੰਦਗੀਆਂ, ਬੱਚਿਆਂ ਦੀ ਰਾਖੀ ਦੀ ਗੱਲ ਆਉਂਦੀ ਹੈ ਤਾਂ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਹੈ।"

ਕਾਂਗਰਸ ਨੇ ਚੋਣਾਂ ਵਿੱਚ ਫਾਇਦਾ ਲੈਣ ਲਈ ਦੇਸੀ ਬੰਬਾਂ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਤੇ ਕਿਹਾ, "ਕਦੇ ਵੀ ਕਿਸੇ ਸਿਆਸੀ ਜਾਂ ਨਿੱਜੀ ਫਾਇਦੇ ਲਈ ਹਿੰਸਾ ਵਿੱਚ ਸ਼ਾਮਲ ਨਹੀਂ ਹੋਏ।"

ਭਾਵੇਂ ਕਿ ਕੋਈ ਵੀ ਸਿਆਸੀ ਪਾਰਟੀ ਜ਼ਿੰਮੇਵਾਰੀ ਸਵੀਕਾਰ ਨਹੀਂ ਕਰੇਗੀ। ਪਰ ਬੀਬੀਸੀ ਨੇ ਜਿਨ੍ਹਾਂ ਵੀ ਮਾਹਰਾਂ ਨਾਲ ਗੱਲਬਾਤ ਕੀਤੀ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਕਿ ਇਸ ਖੂਨ-ਖ਼ਰਾਬੇ ਦੀਆਂ ਜੜ੍ਹਾਂ ਸੂਬੇ ਦੇ ਸਿਆਸੀ ਹਿੰਸਾ ਦੇ ਇਤਿਹਾਸ ਵਿੱਚ ਪਈਆਂ ਹਨ।

ਪੰਕਜ ਦੱਤਾ, ਜਿਨ੍ਹਾਂ ਦਾ ਨਵੰਬਰ ਵਿੱਚ ਦੇਹਾਂਤ ਹੋ ਗਿਆ ਸੀ, ਉਨ੍ਹਾਂ ਨੇ ਸਾਨੂੰ ਦੱਸਿਆ,"ਕਿਸੇ ਵੀ ਵੱਡੀ ਚੋਣ ਸਮੇਂ ਤੁਸੀਂ ਬੰਬਾਂ ਦੀ ਖੁੱਲ੍ਹੀ ਵਰਤੋਂ ਦੇਖੋਗੇ। ਬਚਪਨ ਦਾ ਬੇਹੱਦ ਸ਼ੋਸ਼ਣ ਹੋ ਰਿਹਾ ਹੈ। ਇਹ ਸਮਾਜ ਵੱਲੋਂ ਅਣਦੇਖੀ ਹੈ।"

ਪੌਲਮੀ ਨੇ ਅੱਗੇ ਦੱਸਿਆ, "ਜਿਨ੍ਹਾਂ ਨੇ ਬੰਬ ਰੱਖੇ ਉਹ ਅਜੇ ਵੀ ਅਜ਼ਾਦ ਘੁੰਮ ਰਹੇ ਹਨ। ਕਿਸੇ ਨੂੰ ਵੀ ਬੰਬ ਇਸ ਤਰ੍ਹਾਂ ਨਹੀਂ ਰੱਖਣੇ ਚਾਹੀਦੇ ਕਿਸੇ ਵੀ ਬੱਚੇ ਨੂੰ ਕਦੇ ਵੀ ਇਸ ਤਰ੍ਹਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ।"

'ਦੇਖੋ ਉਨ੍ਹਾਂ ਨੇ ਮੇਰੇ ਪੁੱਤਰ ਨਾਲ ਕੀ ਕੀਤਾ ਹੈ'

ਪਰ ਦੁਖਾਂਤ ਜਾਰੀ ਹੈ।

ਹੂਗਲੀ ਜ਼ਿਲ੍ਹੇ ਵਿੱਚ ਮਈ ਮਹੀਨੇ ਦੀ ਇੱਕ ਸਵੇਰ, ਤਿੰਨ ਬੱਚੇ ਇੱਕ ਤਲਾਬ ਦੇ ਕੋਲ ਖੇਡ ਰਹੇ ਸਨ ਜਦੋਂ ਉਨ੍ਹਾਂ ਦਾ ਸਾਹਮਣਾ ਬੰਬਾਂ ਦੀ ਇੱਕ ਖੇਪ ਨਾਲ ਹੋਇਆ। ਧਮਾਕੇ ਵਿੱਚ ਰਾਜ ਬਿਸਵਾਸ (9) ਦੀ ਮੌਤ ਹੋ ਗਈ। ਉਸਦੇ ਦੂਜੇ ਦੋਸਤ ਦੀ ਬਾਂਹ ਉੱਡ ਗਈ ਜਦਕਿ ਤੀਜੇ ਮੁੰਡੇ ਦੀ ਲੱਤ ਦੀਆਂ ਹੱਡੀਆਂ ਟੁੱਟ ਗਈਆਂ।

ਰਾਜ ਦੇ ਪਿਤਾ ਨੇ ਆਪਣੇ ਮਰਹੂਮ ਪੁੱਤਰ ਦੇ ਮੱਥੇ ਉੱਤੇ ਹੱਥ ਫੇਰਦਿਆਂ ਕਿਹਾ, "ਦੇਖੋ ਉਨ੍ਹਾਂ ਨੇ ਮੇਰੇ ਪੁੱਤਰ ਨਾਲ ਕੀਤਾ ਹੈ।"

ਇਹ ਵੀ ਪੜ੍ਹੋ:-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)